ਸਾਈਬਰ ਘੁਟਾਲੇ ’ਚ ਗੁਆਚਿਆ ਪੈਸਾ ਸਿਰਫ਼ ਦੋ ਦਿਨਾਂ ’ਚ ਮੁੜ ਹਾਸਲ ਕੀਤਾ ਜਾ ਸਕਦਾ ਹੈ- ਜਾਣੋ ਕਿਵੇਂ

Sunday, Oct 22, 2023 - 01:29 PM (IST)

ਸਾਈਬਰ ਕ੍ਰਾਈਮ
Getty Images
ਸਾਈਬਰ ਕ੍ਰਾਈਮ ਅਕਸਰ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾਂਦਾ ਹੈ

ਪਾਰਟ ਟਾਈਮ ਕੰਮ ਜਾਂ ਘਰ ਬੈਠੇ ਮਹਿਜ਼ ਇੱਕ ਘੰਟਾ ਕੰਮ ਕਰਕੇ ਪੈਸੇ ਕਮਾਓ। ਅਜਿਹੇ ਇਸ਼ਤਿਹਾਰ ਤੁਸੀਂ ਵੀ ਜ਼ਰੂਰ ਪੜ੍ਹੇ ਹੋਣਗੇ।

ਹਾਲ ਹੀ ਵਿੱਚ ਕੋਇੰਬਟੂਰ ’ਚ ਇੱਕ ਔਰਤ ਵਧੇਰੇ ਕਮਾਈ ਦੇ ਲਾਲਚ ਵਿੱਚ ਆ ਗਈ ਪਰ ਇੱਕ ਆਨਲਾਈਨ ਘੁਟਾਲੇ ਦਾ ਸ਼ਿਕਾਰ ਹੋ ਗਈ।

ਸਾਈਬਰ ਕ੍ਰਾਈਮ ਅਪਰਾਧੀਆਂ ਦੇ ਜਾਲ ’ਚ ਫ਼ਸੀ ਇਸ ਔਰਤ ਦੀ ਕਮਾਈ ਤਾਂ ਨਹੀਂ ਹੋਈ ਪਰ ਉਸ ਨੇ 15 ਲੱਖ ਰੁਪਏ ਦਾ ਨੁਕਸਾਨ ਜ਼ਰੂਰ ਕਰਵਾ ਲਿਆ।

ਅਜਿਹੇ ਸਾਈਬਰ ਕ੍ਰਾਈਮ ਘੁਟਾਲਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਸ ਦਾ ਸ਼ਿਕਾਰ ਹੋਣ ਦੀ ਸੂਰਤ ’ਚ ਕੀ ਕੀਤਾ ਜਾਵੇ?

ਸਵਿਤਾ (ਬਦਲਿਆ ਹੋਇਆ ਨਾਮ) ਕੋਇੰਬਟੂਰ ਤੋਂ ਗ੍ਰੈਜੂਏਟ ਹਨ। ਤਿੰਨ ਹਫ਼ਤੇ ਪਹਿਲਾਂ ਸਵਿਤਾ ਦੇ ਟੈਲੀਗ੍ਰਾਮ ’ਤੇ ਆਰਾਧਿਆ ਵੱਲੋਂ ਇੱਕ ਸੁਨੇਹਾ ਆਇਆ, ਜਿਸ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਕੋਲ ‘ਮੇਕ ਮਾਈ ਟ੍ਰਿਪ’ ’ਚ ਪਾਰਟ ਟਾਈਮ ਨੌਕਰੀ ਹੈ।

ਇਸ ਵਿੱਚ ਕਿਹਾ ਗਿਆ ਕਿ ਜੇਕਰ ਉਹ ਇਸ਼ਤਿਹਾਰਬਾਜ਼ੀ ਅਤੇ ਹੋਟਲਾਂ ਦੀ ਸਮੀਖਿਆ ਦੇ 30 ਟਾਸਕ ਮੁਕੰਮਲ ਕਰ ਲੈਂਦੀ ਹੈ ਤਾਂ ਉਹ ਪ੍ਰਤੀ ਦਿਨ 900-4000 ਰੁਪਏ ਕਮਾ ਸਕੇਗੀ।

ਪਾਰਟ ਟਾਈਮ ਕੰਮ ਦੇ ਜ਼ਰੀਏ ਆਮਦਨੀ ਕਮਾਉਣ ਦੀ ਉਮੀਦ ’ਚ ਸਵਿਤਾ ਨੇ ਮੈਸੇਜ ’ਚ ਦੱਸੀ ਵੈਬਸਾਈਟ ’ਤੇ ਜਾ ਕੇ ਰਜਿਸਟ੍ਰੇਸ਼ਨ ਕੀਤੀ।

ਇਸ ਤੋਂ ਬਾਅਦ ਆਰਾਧਿਆ ਦੇ ਨਾਮ ਤੋਂ ਟੈਲੀਗ੍ਰਾਮ ’ਤੇ ਜਾਅਲੀ ਗੈਂਗ ਨੇ ਹੋਟਲ ਦੀ ਸਮੀਖਿਆ ਕਿਵੇਂ ਕਰਨੀ ਹੈ ਅਤੇ ਟਾਸਕ ਕਿਵੇਂ ਪੂਰਾ ਕਰਨਾ ਹੈ, ਵਰਗੇ ਦਿਸ਼ਾ ਨਿਰਦੇਸ਼ ਦਿੱਤੇ।

ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਧੋਖਾਧੜੀ ਗਿਰੋਹ ਨੇ ਸਵਿਤਾ ਨੂੰ 20,274 ਰੁਪਏ ਦਾ ਭੁਗਤਾਨ ਕੀਤਾ, ਜਿਸ ’ਚ 11,000 ਦਾ ਨਿਵੇਸ਼ ਕੀਤਾ ਗਿਆ ਅਤੇ ਪਾਰਟ ਟਾਈਮ ਨੌਕਰੀ ਸ਼ੁਰੂ ਹੋਈ।

ਸਵਿਤਾ ਨੇ ਸੋਚਿਆ ਕਿ ਪੈਸੇ ਵਾਪਸ ਆਉਣ ’ਤੇ ਉਹ ਅਗਲੇ ਪੱਧਰ ’ਤੇ ਜਾਵੇਗੀ। ਹੁਣ ਸਵਿਤਾ ਨੇ 17,324 ਰੁਪਏ ਦਾ ਨਿਵੇਸ਼ ਕੀਤਾ ਅਤੇ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੂੰ 40,456 ਰੁਪਏ ਦਿੱਤੇ ਗਏ।

ਇਸ ਤਰ੍ਹਾਂ ਨਾਲ ਸਵਿਤਾ ਅੱਖਾਂ ਬੰਦ ਕਰਕੇ ਉਸ ਜਾਅਲੀ ਗਿਰੋਹ ’ਤੇ ਵਿਸ਼ਵਾਸ ਕਰਨ ਲੱਗੀ ਅਤੇ ਮੰਨਣ ਲੱਗੀ ਕਿ ਉਸ ਨੂੰ ਅਸਲ ’ਚ ਕੰਮ ਦੀ ਪੇਸ਼ਕਸ਼ ਹੋ ਰਹੀ ਹੈ।

ਸਾਈਬਰ ਕ੍ਰਾਈਮ
Getty Images
ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਫ਼ਸਾਇਆ ਜਾਂਦਾ ਹੈ

‘ਡੀਲਕਸ ਟਾਸਕ- ਉੱਚ ਆਮਦਨ’

ਜਦੋਂ ਉਸ ਜਾਅਲੀ ਗਿਰੋਹ ਨੇ ਸਵਿਤਾ ਨੂੰ ‘ਡੀਲਕਸ ਟਾਸਕ’ ਅਜ਼ਮਾਉਣ ਲਈ ਕਿਹਾ, ਜਿਸ ’ਚ ਉਨ੍ਹਾਂ ਨੂੰ ਵੱਧ ਕਮਿਸ਼ਨ ਮਿਲੇਗਾ ਅਤੇ ਆਮਦਨ ਵੀ ਵੱਧ ਹੋਵੇਗੀ ਤਾਂ ਸਵਿਤਾ ਨੇ ਇਸ ਟਾਸਕ ਨੂੰ ਵੀ ਅਜ਼ਮਾਇਆ।

ਧੋਖਾਧੜੀ ਗਿਰੋਹ ਨੇ ਦੱਸਿਆ ਕਿ ਇਸ ਟਾਸਕ ਲਈ ਸਵਿਤਾ ਨੇ ਲਗਾਤਾਰ 6 ਬੈਂਕ ਖਾਤਿਆਂ ’ਚ 15.74 ਲੱਖ ਰੁਪਏ ਭੇਜੇ ਅਤੇ ਨਿਵੇਸ਼ ਕਰਵਾਇਆ।

ਹੁਣ ਸਵਿਤਾ ਹੈਰਾਨ ਸੀ ਕਿਉਂਕਿ ਜਿਸ ਗਰੁੱਪ ਨੇ ਪਹਿਲਾਂ ਪੈਸੇ ਦਿੱਤੇ ਸਨ, ਉਸ ਨੇ ਇਸ ਵਾਰ ਕਿਸੇ ਵੀ ਤਰ੍ਹਾਂ ਦੇ ਪੈਸੇ ਨਹੀਂ ਭੇਜੇ।

ਫਿਰ ਜਦੋਂ ਸਵਿਤਾ ਨੇ ਉਸ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਆਰਾਧਿਆ ਦੇ ਨਾਮ ਤੋਂ ਕੰਮ ਕਰ ਰਹੀ ਇਹ ਕੰਪਨੀ ਹੁਣ ਬੰਦ ਹੋ ਚੁੱਕੀ ਹੈ।

ਇਸ ਘਟਨਾ ਤੋਂ ਪਰੇਸ਼ਾਨ ਸਵਿਤਾ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾਧੜੀ ਹੋਈ ਹੈ ਅਤੇ ਫਿਰ ਉਨ੍ਹਾਂ ਨੇ ਕੋਇੰਬਟੂਰ ਸਾਈਬਰ ਕ੍ਰਾਈਮ ਸ਼ਾਖਾ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਜਾਅਲੀ ਗਰੁੱਪ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਸਵਿਤਾ ਦੇ ਪੈਸੇ ਵਾਪਸ ਹਾਸਿਲ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋਗਈਆਂ।

ਜਿਵੇਂ ਕਿ ਸਵਿਤਾ ਨੂੰ ਸਕੈਮਰਸ ਨੇ ਬਹੁਤ ਹੀ ਚਲਾਕੀ ਨਾਲ ਧੋਖਾ ਦਿੱਤਾ ਸੀ, ਉਸੇ ਤਰ੍ਹਾਂ ਹਰ ਰੋਜ਼ ਤਾਮਿਲਨਾਡੂ ’ਚ ਇੱਕ ਨਾ ਇੱਕ ਵਿਅਕਤੀ ਸਾਈਬਰ ਸਕੈਮਰਜ਼ ਦੇ ਜਾਲ ’ਚ ਫਸਦਾ ਹੈ ਅਤੇ ਆਪਣਾ ਪੈਸਾ ਅਤੇ ਜਾਨ ਗੁਆ ਬੈਠਦਾ ਹੈ।

ਸਵਾਲ ਹੈ ਕਿ ਅਜਿਹੀਆਂ ਘਟਨਾਵਾਂ ਵਾਪਰਨ ’ਤੇ ਕੀ ਕਰਨਾ ਚਾਹੀਦਾ ਹੈ ?

ਬੀਬੀਸੀ ਤਾਮਿਲ ਨੇ ਕੁਝ ਮਾਹਰਾਂ ਨਾਲ ਗੱਲਬਾਤ ਕੀਤੀ। ਉਹ ਦੱਸਦੇ ਹਨ ਕਿ ਕਿਵੇਂ ਸਾਈਬਰ ਕ੍ਰਾਈਮ ਰਾਹੀਂ ਆਮ ਲੋਕਾਂ ਨੂੰ ਠੱਗਿਆ ਜਾਂਦਾ ਹੈ।

‘ਪਾਰਟ ਟਾਈਮ ਕੰਮ ਦੀ ਆੜ ਹੇਠ ਅਪਰਾਧ’

ਅਰੁਣ
BBC
ਕੋਇੰਬਟੂਰ ਦੇ ਸਾਈਬਰ ਕ੍ਰਾਈਮ ਇੰਸਪੈਕਟਰ ਅਰੁਣ

ਕੋਇੰਬਟੂਰ ਦੇ ਸਾਈਬਰ ਕ੍ਰਾਈਮ ਇੰਸਪੈਕਟਰ ਅਰੁਣ ਨੇ ਸਵਿਤਾ ਦੇ ਮਾਮਲੇ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਆਧੁਨਿਕ ਧੋਖਾਧੜੀ ਦੇ ਮਾਮਲਿਆਂ ਬਾਰੇ ਬੀਬੀਸੀ ਤਾਮਿਲ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ, “ਕੋਇੰਬਟੂਰ ’ਚ ਸਵਿਤਾ ਦੇ ਖ਼ਿਲਾਫ਼ ਕੀਤਾ ਗਿਆ ਅਪਰਾਧ ਇੱਕ ਕੰਮ-ਅਧਾਰਿਤ ਸਾਈਬਰ ਅਪਰਾਧ ਸੀ। ਉਹ ਪਾਰਟ ਟਾਈਮ ਕੰਮ ਦੀ ਆੜ ਹੇਠ ਅਜਿਹੇ ਘੁਟਾਲਿਆਂ ਨੂੰ ਅੰਜਾਮ ਦਿੰਦੇ ਹਨ।”

“ਸਭ ਤੋਂ ਪਹਿਲਾਂ ਉਹ ਟੈਲੀਗ੍ਰਾਮ ਸਮੂਹ ’ਚ ਸ਼ਾਮਲ ਹੁੰਦੇ ਹਨ ਅਤੇ ਗੂਗਲ ਮੈਪ ’ਤੇ ਹੋਟਲਾਂ ਅਤੇ ਵਿਦਿਅਕ ਅਦਾਰਿਆਂ ਨੂੰ ਇੱਕ ਟਾਸਕ ਦੇ ਰੂਪ ’ਚ ਸਕਾਰਾਤਮਕ ਰਿਵਿਊ ਦੇਣਗੇ।”

“ਇਸ ਟਾਸਕ ’ਚ ਸ਼ਾਮਲ ਲੋਕਾਂ ਨੂੰ 2000-4000 ਰੁਪਏ ਦਿੱਤੇ ਜਾਣਗੇ ਅਤੇ ਫਿਰ ਉਹ ਵੱਖਰੇ ਤੌਰ ’ਤੇ ਇੱਕ ਹੋਰ ਟੈਲੀਗ੍ਰਾਮ ਗਰੁੱਪ ’ਚ ਸ਼ਾਮਲ ਹੋ ਜਾਣਗੇ। ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਇਹ ਇੱਕ ਡੀਲਕਸ ਟਾਸਕ ਹੈ।”

“ਉਸ ਟਾਸਕ ’ਚ ਕਈ ਲੋਕ ਪਹਿਲਾਂ ਹੀ ਪੈਸੇ ਦੇ ਚੁੱਕੇ ਹਨ। ਅਸਲ ਵਿੱਚ ਲੋਕਾਂ ਨੂੰ ਮਨਾਉਣ ਲਈ ਕੁਝ ਸਕਰੀਨਸ਼ਾਟ ਸਾਂਝੇ ਕੀਤੇ ਜਾਂਦੇ ਹਨ, ਜਿਸ ’ਚ ਦਰਸਾਇਆ ਜਾਂਦਾ ਹੈ ਕਿ ਉਹ ਦੁੱਗਣਾ ਪੈਸਾ ਕਮਾ ਚੁੱਕੇ ਹਨ। ਇਸ ਤਰ੍ਹਾਂ ਕਰਨ ਨਾਲ ਨਵੇਂ ਮੈਂਬਰ ਦਾ ਭਰੋਸਾ ਜਿੱਤਣਾ ਸੌਖਾ ਹੋ ਜਾਂਦਾ ਹੈ।”

ਸਾਈਬਰ ਕ੍ਰਾਈਮ
BBC

ਅਰੁਣ ਅੱਗੇ ਦੱਸਦੇ ਹਨ, “ਫਿਰ ਉਹ ਕਹਿਣਗੇ ਕਿ ਤੁਸੀਂ 2 ਹਜ਼ਾਰ, 10 ਹਜ਼ਾਰ, 20 ਹਜ਼ਾਰ ਜਾਂ 1 ਲੱਖ ਰੁਪਏ ਦੇ ਕੇ ਦੁਗਣਾ ਕਮਾ ਸਕਦੇ ਹੋ।”

“ਜੇਕਰ ਗਰੁੱਪ ’ਚ ਸ਼ਾਮਲ ਲੋਕ ਪੈਸੇ ਨਿਵੇਸ਼ ਕਰਨ ਲਈ ਤਿਆਰ ਹੋ ਜਾਂਦੇ ਹਨ ਤਾਂ ਉਹ ਉਨ੍ਹਾਂ ਦਾ ਟਾਸਕ ਸ਼ੁਰੂ ਕਰਵਾਉਂਦੇ ਹਨ ਅਤੇ ਉਨ੍ਹਾਂ ਦਾ ਭਰੋਸਾ ਜਿੱਤਣ ਲਈ ਕੁਝ ਦਿਨਾਂ ਤੱਕ ਉਨ੍ਹਾਂ ਦਾ ਪੈਸਾ ਦੁੱਗਣਾ ਕਰਦੇ ਵੀ ਹਨ।”

“ਫਿਰ ਜਦੋਂ ਲੋਕਾਂ ਦਾ ਉਨ੍ਹਾਂ ’ਤੇ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਤਾਂ ਉਹ ਵਧੇਰੇ ਨਿਵੇਸ਼ ਕਰਨ ਦੀ ਗੱਲ ਕਹਿੰਦੇ ਹਨ। ਫਿਰ ਜਦੋਂ ਲੋਕ ਵੱਡੀ ਰਕਮ ਨਿਵੇਸ਼ ਕਰਦੇ ਹਨ ਤਾਂ ਉਹ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ।”

“ਧੋਖਾਧੜੀ ਕਰਨ ਵਾਲੇ ਸਮੂਹ ਪਹਿਲਾਂ ਲੋਕਾਂ ਦਾ ਭਰੋਸਾ ਜਿੱਤਦੇ ਹਨ ਅਤੇ ਲੋਕ ਲੱਖਾਂ ਰੁਪਏ ਸਕੈਮਰਾਂ ਨੂੰ ਭੇਜ ਕੇ ਉਨ੍ਹਾਂ ਦੀ ਜਾਅਲਸਾਜ਼ੀ ਦਾ ਸ਼ਿਕਾਰ ਹੋ ਜਾਂਦੇ ਹਨ।”

ਆਈਟੀ ਕੰਪਨੀ ਦੇ ਕਰਮਚਾਰੀ ਅਤੇ ਪੜ੍ਹੇ-ਲਿਖੇ ਲੋਕ ਜ਼ਿਆਦਾਤਰ ਅਜਿਹੇ ਘਪਲਿਆਂ ਦਾ ਸ਼ਿਕਾਰ ਹੁੰਦੇ ਹਨ।

ਇਹ ਬਹੁਤ ਹੀ ਦੁੱਖ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਪੜ੍ਹੇ-ਲਿਖੇ ਲੋਕ ਬਿਨ੍ਹਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਹੀ ਇਸ ਜਾਅਲਸਾਜ਼ੀ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਸਕੈਮਰ ਪਹਿਲਾਂ ਤਾਂ ਲੋਕਾਂ ਦੇ ਵਧੇਰੇ ਪੈਸੇ ਕਮਾਉਣ ਦੀ ਇੱਛਾ ਨੂੰ ਵਧਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਸਾਈਬਰ ਕ੍ਰਾਈਮ
Getty Images
ਜੇ ਕੋਈ ਧੋਖਾਧੜੀ ਦਾ ਸ਼ਿਕਾਰ ਹੋਵੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਬੈਂਕ ਨੂੰ ਸੋਚਿਤ ਕਰਨਾ ਚਾਹੀਦਾ ਹੈ

ਕੀ ਸਾਈਬਰ ਕ੍ਰਾਈਮ ’ਚ ਗੁਆਚੇ ਪੈਸਿਆਂ ਨੂੰ ਮੁੜ ਹਾਸਲ ਕੀਤਾ ਜਾ ਸਕਦਾ ਹੈ ?

ਇੰਸਪੈਕਟਰ ਅਰੁਣ ਦਾ ਕਹਿਣਾ ਹੈ ਕਿ ਸਾਈਬਰ ਕ੍ਰਾਈਮ ਦੇ ਮਾਮਲਿਆਂ ’ਚ ਲੋਕਾਂ ਦੇ ਜਾ ਚੁੱਕੇ ਪੈਸਿਆਂ ਦੀ ਵਸੂਲੀ ਕਰਨਾ ਬਹੁਤ ਹੀ ਮੁਸ਼ਕਲ ਭਰਿਆ ਕੰਮ ਹੈ।

ਉਹ ਅੱਗੇ ਕਹਿੰਦੇ ਹਨ , “ਸਾਈਬਰ ਕ੍ਰਾਈਮ ਜਾਅਲੀ ਸਮੂਹ 1200 ਬੈਂਕ ਖਾਤਿਆਂ ’ਚ 1 ਘੰਟੇ ’ਚ 5 ਲੱਖ ਰੁਪਏ ਵੰਡਦੇ ਹਨ ਅਤੇ ਮਿਲੇ ਪੈਸਿਆਂ ਦੀ ਵਰਤੋਂ ਧੋਖਾਧੜੀ ਲਈ ਕਰਦੇ ਹਨ।”

ਇਸੇ ਲਈ ਜਾਅਲਸਾਜ਼ ਅਣਜਾਣ ਲੋਕਾਂ ਦੇ ਨਾਵਾਂ ਦੀ ਵਰਤੋਂ ਕਰਕੇ ਉਨ੍ਹਾਂ ਦੇ ਨਾਮ ’ਤੇ ਬੈਂਕ ਖਾਤੇ ਖੋਲ੍ਹਦੇ ਹਨ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੇ ਬਿਨ੍ਹਾਂ ਹੀ ਉਨ੍ਹਾਂ ਖਾਤਿਆਂ ਦਾ ਪ੍ਰਬੰਧਨ ਕਰਦੇ ਹਨ। ਖ਼ਾਸ ਕਰਕੇ ਉੱਤਰੀ ਸੂਬਿਆਂ ’ਚ ਇਸ ਕੰਮ ਲਈ ਕੁਝ ਗਿਰੋਹ ਬਹੁਤ ਸਰਗਰਮ ਹਨ।

ਉਹ ਆਮ ਗਰੀਬ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ 1 ਹਜ਼ਾਰ ਤੋਂ 5 ਹਜ਼ਾਰ ਰੁਪਏ ਤੱਕ ਦੀ ਰਕਮ ਦਿੰਦੇ ਹਨ ਅਤੇ ਫਿਰ ਉਨ੍ਹਾਂ ਦੇ ਨਾਮ ’ਤੇ ਇੱਕ ਬੈਂਕ ਖਾਤਾ ਖੋਲ੍ਹਦੇ ਹਨ।

ਹਾਲ ਹੀ ’ਚ ਅਸੀਂ ਅਜਿਹੇ ਸਾਈਬਰ ਕ੍ਰਾਈਮ ਅਪਰਾਧੀਆਂ ਨੂੰ ਹਿਰਾਸਤ ’ਚ ਲਿਆ ਹੈ ਜਿਨ੍ਹਾਂ ਨੇ ਸਰਕਾਰੀ ਮਦਦ ਦਵਾਉਣ ਦਾ ਦਾਅਵਾ ਕਰਕੇ ਆਮ ਲੋਕਾਂ ਦੇ ਨਾਮ ’ਤੇ ਬੈਂਕ ਖਾਤੇ ਖੋਲ੍ਹੇ ਸਨ।

ਕਿਉਂਕਿ ਪੈਸਾ ਇੱਕ ਖਾਤੇ ਤੋਂ ਹੋਰ ਕਈ ਖਾਤਿਆਂ ’ਚ ਟਰਾਂਸਫਰ ਕੀਤਾ ਜਾਂਦਾ ਹੈ, ਇਸ ਲਈ ਸਭ ਤੋਂ ਵੱਡੀ ਚੁਣੌਤੀ ਉਸ ਪੈਸੇ ਨੂੰ ਟਰੇਸ ਕਰਨਾ, ਉਨ੍ਹਾਂ ਨੂੰ ਫ੍ਰੀਜ਼ ਕਰਨਾ ਅਤੇ ਪੈਸੇ ਦੀ ਮੁੜ ਵਸੂਲੀ ਕਰਨਾ ਹੈ।

ਇੰਸਪੈਕਟਰ ਅਰੁਣ ਕਹਿੰਦੇ ਹਨ,“ਅਜਿਹੀ ਸੂਰਤ ’ਚ ਹੀ ਸਾਈਬਰ ਕ੍ਰਾਈਮ ਘੁਟਾਲਿਆਂ ’ਚ ਜ਼ਬਤ ਹੋਏ ਪੈਸਿਆ ਦੀ ਵਸੂਲੀ ਦੇਰੀ ਨਾਲ ਸੰਭਵ ਹੁੰਦੀ ਹੈ ਅਤੇ ਕਈ ਵਾਰ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਪੂਰੀ ਰਕਮ ਦੀ ਰਿਕਵਰੀ ਨਹੀਂ ਹੋ ਪਾਉਂਦੀ ਹੈ। ਜਿੰਨੀ ਮਰਜ਼ੀ ਜਾਗਰੂਕਤਾ ਦੀ ਕੋਸ਼ਿਸ਼ ਕੀਤੀ ਜਾਵੇ, ਫਿਰ ਵੀ ਅਪਰਾਧ ਵਧਦੇ ਹਨ।”

ਉਨ੍ਹਾਂ ਨੇ ਅੱਗੇ ਕਿਹਾ ਕਿ, “ਲੋਕ ਸੁਚੇਤ ਰਹਿ ਕੇ ਹੀ ਅਜਿਹੇ ਘਪਲਿਆਂ ਤੋਂ ਬਚ ਸਕਦੇ ਹਨ।”

“ਸਾਈਬਰ ਧੋਖਾਧੜੀ ਕਾਰਨ ਜ਼ਬਤ ਹੋਇਆ ਪੈਸਾ 2 ਦਿਨਾਂ ’ਚ ਵਾਪਸ ਮਿਲ ਸਕਦਾ ਹੈ।”

ਸਾਈਬਰ ਕ੍ਰਾਈਮ
Getty Images

ਬੀਬੀਸੀ ਤਮਿਲ ਨਾਲ ਗੱਲਬਾਤ ਕਰਦੇ ਹੋਏ ਸਾਈਬਰ ਅਪਰਾਧ ਮਾਹਰ ਵਿਨੋਦ ਅਰੁਮੁਗਮ ਨੇ ਕਿਹਾ, “ਦਿਨ-ਪ੍ਰਤੀਦਿਨ ਕੰਮ ’ਤੇ ਅਧਾਰਿਤ ਸਾਈਬਰ ਕ੍ਰਾਈਮ ਵਧਦਾ ਹੀ ਜਾ ਰਿਹਾ ਹੈ। ਪਾਰਟ ਟਾਈਮ ਕੰਮ, ਤੋਹਫ਼ੇ ਅਤੇ ਆਨਲਾਈਨ ਉਤਪਾਦ ਵੇਚਣ ਦੇ ਨਾਮ ’ਤੇ ਅਪਰਾਧ ਕੀਤੇ ਜਾ ਰਹੇ ਹਨ।”

“ਜੇਕਰ ਅਸੀਂ ਕਿਸੇ ਨੂੰ ਪੈਸੇ ਭੇਜਦੇ ਹਾਂ ਜਾਂ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਾਂ ਤਾਂ ਪੈਸਾ ਤੁਰੰਤ ਹੀ ਸਾਡੇ ਖਾਤੇ ’ਚੋਂ ਜਾਅਲਸਾਜ਼ ਕੋਲ ਚਲਿਆ ਜਾਂਦਾ ਹੈ।”

“ਪਰ ਸਾਡੇ ਬੈਂਕ ਤੋਂ ਧੋਖੇਬਾਜ਼ ਦੇ ਬੈਂਕ ਤੱਕ, ਭਾਵ ਬੈਕਾਂ ਦੇ ਅੰਦਰ ਪੈਸਿਆਂ ਦਾ ਲੈਣ-ਦੇਣ ਹੋਣ ’ਚ ਦੋ ਦਿਨ ਜਾਂ ਫਿਰ 48 ਘੰਟਿਆਂ ਦਾ ਸਮਾਂ ਲੱਗਦਾ ਹੈ। ਇਸ ਲਈ ਜੇਕਰ ਧੋਖਾਧੜੀ ਦਾ ਸ਼ਿਕਾਰ ਹੋਇਆ ਵਿਅਕਤੀ ਤੁਰੰਤ ਆਪਣੇ ਬੈਂਕ ਨੂੰ ਸੂਚਿਤ ਕਰਦਾ ਹੈ ਤਾਂ ਬੈਂਕ ਲੈਣ-ਦੇਣ ਨੂੰ ਰੱਦ ਕਰ ਦੇਵੇਗਾ ਅਤੇ ਪੈਸੇ ਦੀ ਵਸੂਲੀ ਲਈ ਅਗਲੀ ਕਾਰਵਾਈ ਕਰੇਗਾ।”

ਉਨ੍ਹਾਂ ਕਿਹਾ, “ਜੇਕਰ ਲੋਕ ਕਿਸੇ ਵੀ ਤਰ੍ਹਾਂ ਨਾਲ ਸਾਈਬਰ ਕ੍ਰਾਈਮ ਦੇ ਕਾਰਨ ਆਪਣੇ ਪੈਸੇ ਗੁਆ ਲੈਂਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਥਾਣੇ , ਜ਼ਿਲ੍ਹਾ ਸਾਈਬਰ ਅਪਰਾਧ ਦਫ਼ਤਰ ਜਾਂ 1930 ’ਤੇ ਕਾਲ ਕਰਕੇ ਰਿਪੋਰਟ ਦਰਜ ਕਰਵਾਉਣੀ ਚਾਹੀਦੀ ਹੈ। ਜਿੰਨੀ ਜਲਦੀ ਅਸੀਂ ਘਟਨਾ ਦੀ ਰਿਪੋਰਟ ਕਰਾਗੇ, ਓਨੀ ਜਲਦੀ ਹੀ ਅਸੀਂ ਆਪਣੇ ਪੈਸੇ ਮੁੜ ਹਾਸਲ ਕਰ ਸਕਾਂਗੇ।”

“ਪੈਸੇ ਗੁਆਉਣ ਤੋਂ ਬਾਅਦ ਪੈਸੇ ਵਾਪਸ ਆਉਣ ਦਾ ਇੰਤਜ਼ਾਰ ਕਰਨਾ ਅਤੇ ਇਸ ਦੀ ਸੂਚਨਾ ਦੇਣ ’ਚ ਦੇਰੀ ਕਰਨਾ, ਪੈਸੇ ਵਾਪਸ ਪਾਉਣ ਦੀ ਸੰਭਾਵਨਾ ਨੂੰ ਬਹੁਤ ਮੁਸ਼ਕਲ ਪ੍ਰਕਿਰਿਆ ਬਣਾ ਦਿੰਦਾ ਹੈ।”

ਥਾਮਸ ਫ੍ਰੈਂਕੋ
BBC
ਆਲ ਇੰਡੀਆ ਬੈਂਕ ਆਫ਼ੀਸਰਜ਼ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਥਾਮਸ ਫ੍ਰੈਂਕੋ

ਰੀਫੰਡ ’ਚ ਕੀ ਦਿੱਕਤ ਹੈ ?

ਬੀਬੀਸੀ ਨਾਲ ਗੱਲ ਕਰਦੇ ਹੋਏ ਆਲ ਇੰਡੀਆ ਬੈਂਕ ਆਫ਼ੀਸਰਜ਼ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਥਾਮਸ ਫ੍ਰੈਂਕੋ ਨੇ ਕਿਹਾ, “ਸਾਈਬਰ ਕ੍ਰਾਈਮ ਦਾ ਸ਼ਿਕਾਰ ਲੋਕਾਂ ਨੂੰ ਪੈਸੇ ਨਿਕਲਣ ਤੋਂ 48 ਘੰਟਿਆਂ ਦੇ ਅੰਦਰ-ਅੰਦਰ ਸਬੰਧਤ ਬੈਂਕ ਨੂੰ ਸੂਚਿਤ ਕਰਨਾ ਚਾਹੀਦਾ ਹੈ।''''''''

''''''''ਜੇਕਰ ਅਜਿਹੀ ਜਾਣਕਾਰੀ ਸਮਾਂ ਰਹਿੰਦਿਆਂ ਦੇ ਦਿੱਤੀ ਜਾਵੇ ਤਾਂ ਬੈਂਕ ਲੈਣ-ਦੇਣ ਰੱਦ ਕਰ ਸਕਦਾ ਹੈ ਅਤੇ ਗਾਹਕ ਵੱਲੋਂ ਗੁਆਏ ਗਏ ਪੈਸੇ ਦੀ ਵਸੂਲੀ ਕਰ ਸਕਦਾ ਹੈ।”

ਉਨ੍ਹਾਂ ਨੇ ਅੱਗੇ ਦੱਸਿਆ ਕਿ “ਕੇਂਦਰੀ ਰਿਜ਼ਰਵ ਬੈਂਕ ਨੇ ਹੁਕਮ ਦਿੱਤਾ ਹੈ ਕਿ ਜੇਕਰ 48 ਘੰਟਿਆਂ ਦੇ ਅੰਦਰ-ਅੰਦਰ ਗਾਹਕ ਆਪਣੇ ਬੈਂਕ ਨੂੰ ਸੂਚਿਤ ਕਰਦਾ ਹੈ ਤਾਂ ਬੈਂਕ ਉਸ ਦੇ ਪੈਸਿਆਂ ਦੀ ਵਸੂਲੀ ਕਰੇਗਾ।”

ਇਸ ਤੋਂ ਇਲਾਵਾ ਥਾਮਸ ਫ੍ਰੈਂਕੋ ਦੀ ਰਿਪੋਰਟ ਹੈ ਕਿ ਬੈਂਕਾਂ ਨੂੰ ਪੈਸੇ ਵਸੂਲਣ ਅਤੇ ਗਾਹਕਾਂ ਨੂੰ ਵਾਪਸ ਦੇਣ ’ਚ ਮੁਸ਼ਕਲਾਂ ਆ ਰਹੀਆਂ ਹਨ।

ਥਾਮਸ ਫ੍ਰੈਂਕੋ ਅੱਗੇ ਕਹਿੰਦੇ ਹਨ, “ਜਿਨ੍ਹਾਂ ਲੋਕਾਂ ਦਾ ਪੈਸਾ ਡੁੱਬ ਗਿਆ ਹੈ, ਜੇਕਰ ਉਹ 48 ਘੰਟਿਆਂ ਦੇ ਅੰਦਰ ਸਬੰਧਤ ਬੈਂਕ ਨੂੰ ਸੂਚਿਤ ਕਰ ਦਿੰਦੇ ਹਨ, ਭਾਵੇਂ ਕਿ ਉਨ੍ਹਾਂ ਨੂੰ ਪੈਸੇ ਵਾਪਸ ਮਿਲਣ ਦੇ ਹੁਕਮ ਦੇ ਦਿੱਤੇ ਗਏ ਹਨ, ਪਰ ਫਿਰ ਵੀ ਜ਼ਿਆਦਾਤਰ ਬੈਂਕ ਪੈਸਿਆਂ ਦੀ ਵਸੂਲੀ ਨਹੀਂ ਕਰਦੇ ਹਨ ਅਤੇ ਗਾਹਕਾਂ ਨੂੰ ਨਹੀਂ ਦਿੰਦੇ ਹਨ।”

“ਕਿਉਂਕਿ ਰੀਫੰਡ ਦੀ ਪ੍ਰਕਿਰਿਆ ’ਚ ਕਈ ਪ੍ਰਸ਼ਾਸਨਿਕ ਮੁੱਦੇ ਸ਼ਾਮਲ ਹੁੰਦੇ ਹਨ, ਇਸ ਲਈ ਬੈਂਕ ਟਾਲ-ਮਟੋਲ ਕਰਨ ਦੀ ਕੋਸ਼ਿਸ਼ ਕਰਦੇ ਹਨ।”

ਥਾਮਸ ਫ੍ਰੈਂਕੋ ਦੱਸਦੇ ਹਨ, “ਬੈਂਕਾਂ ਦੇ ਅੰਦਰ ਨਕਦੀ ਲੈਣ-ਦੇਣ ਨਾਲ ਸਬੰਧਤ ਬੀਮਾ ਹੋਣ ਦੇ ਬਾਵਜੂਦ, ਬੈਂਕ ਗਾਹਕਾਂ ਨੂੰ ਪੈਸਾ ਨਹੀਂ ਦੇ ਰਹੇ ਹਨ। ਜਿੱਥੋਂ ਤੱਕ ਮੇਰੇ ਧਿਆਨ ’ਚ ਹੈ, ਤਿਰੂਨੇਲਵੇਲੀ ਇਲਾਕੇ ’ਚ ਇੱਕ ਸੁਤੰਤਰਤਾ ਸੈਲਾਨੀ ਦੇ ਸਾਈਬਰ ਕ੍ਰਾਈਮ ''''ਚ 50 ਹਜ਼ਾਰ ਰੁਪਏ ਡੁੱਬ ਗਏ ਸਨ ਅਤੇ 3 ਸਾਲ ਬਾਅਦ ਵੀ ਉਨ੍ਹਾਂ ਦੇ ਪੈਸਿਆਂ ਦੀ ਰਿਕਵਰੀ ਨਹੀਂ ਹੋਈ ਹੈ।”

ਥਾਮਸ ਫ੍ਰੈਂਕੋ ਨੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, “ਅਸੀਂ ਇੱਕ ਸਾਲ ਪਹਿਲਾਂ ਕੇਂਦਰੀ ਰਿਜ਼ਰਵ ਬੈਂਕ ਨੂੰ ਸੂਚਿਤ ਕੀਤਾ ਸੀ ਕਿ ਇਨ੍ਹਾਂ ਮਾਮਲਿਆਂ ’ਚ ਪੈਸੇ ਵਸੂਲਣ ’ਚ ਕਈ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ।”

“ਇਸ ਦੇ ਨਾਲ ਹੀ ਆਰਬੀਆਈ ਦੇ ਹੁਕਮਾਂ ਮੁਤਾਬਕ ਬੈਂਕਾਂ ਨੂੰ ਪ੍ਰਭਾਵਿਤ ਗਾਹਕਾਂ ਨੂੰ ਪੈਸੇ ਵਾਪਸ ਕਰਨੇ ਚਾਹੀਦੇ ਹਨ। ਰਿਜ਼ਰਵ ਬੈਂਕ ਨੇ ਹਾਲੇ ਤੱਕ ਉਸ ਸ਼ਿਕਾਇਤ ਦਾ ਜਵਾਬ ਨਹੀਂ ਦਿੱਤਾ ਹੈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News