ਮੁਹੰਮਦ ਸਦੀਕ ਨੇ ਉਸ ਵੇਲੇ ਦੀਆਂ ਬਾਤਾਂ ਸੁਣਾਈਆਂ ਜਦੋਂ ਉਹ ਸਤੀਸ਼ ਕੁਮਾਰ ਬਣ ਕੇ ਸਟੇਜ ’ਤੇ ਚੜ੍ਹਦੇ ਸੀ

Saturday, Oct 21, 2023 - 06:44 PM (IST)

ਮੁਹੰਮਦ ਸਦੀਕ
BBC
ਮੁਹੰਮਦ ਸਦੀਕ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਵਿੱਚ ਵਾਇਲਨ ਵਜਾਉਂਦੇ ਸਨ

ਮੁਹੰਮਦ ਸਦੀਕ ਉਨ੍ਹਾਂ ਚੋਣਵੇਂ ਕਲਾਕਾਰਾਂ ਵਿੱਚੋਂ ਹਨ ਜਿਨ੍ਹਾਂ ਨੇ ਕਰੀਬ ਪੰਜ ਦਹਾਕਿਆਂ ਤੱਕ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ।

ਉਮਰ ਦੇ 80 ਸਾਲ ਪਾਰ ਕਰ ਚੁੱਕੇ ਮੁਹੰਮਦ ਸਦੀਕ ਹਾਲੇ ਵੀ ਸੰਗੀਤ ਨਾਲ ਜੁੜੇ ਹੋਏ ਹਨ ਅਤੇ ਸਟੇਜ ’ਤੇ ਗਾਉਣ ਨੂੰ ਮਾਣਦੇ ਹਨ। ਉਨ੍ਹਾਂ ਨੇ ਸਿਆਸਤ ਨੂੰ ਅਪਣਾਇਆ ਪਰ ਉਨ੍ਹਾਂ ਅੰਦਰਲਾ ਕਲਾਕਾਰ ਹਾਲੇ ਵੀ ਜਿਉਂਦਾ ਹੈ।

ਦੋਰਾਹੇ ਨੇੜੇ ਪਿੰਡ ਰਾਮਪੁਰ ਕੁਟਾਣੀ ਵਿੱਚ ਜੰਮੇ ਸਦੀਕ ਨੇ ਬਚਪਨ ਕੁੱਪ ਕਲਾਂ ਵਿੱਚ ਗੁਜ਼ਾਰਿਆ।

ਆਪਣੇ ਬਚਪਨ ਦੇ ਘਰ ਨੂੰ ਯਾਦ ਕਰਦਿਆਂ ਮੁਹੰਮਦ ਸਦੀਕ ਕਹਿੰਦੇ ਹਨ, “ਕੱਚਾ ਕੋਠਾ ਸੀ ਜਿਹੜਾ ਗਰਮੀਆਂ ਵਿੱਚ ਠੰਢਾ ਰਹਿੰਦਾ ਸੀ ਅਤੇ ਸਿਆਲਾਂ ਵਿੱਚ ਨਿੱਘਾ ਰਹਿੰਦਾ ਸੀ। ਗਰੀਬੀ ਜ਼ਰੂਰ ਸੀ, ਪਰ ਅਸੀਂ ਖੁਸ਼ ਰਹਿੰਦੇ ਸੀ।”

ਸਦੀਕ ਦੇ ਪਿਤਾ ਮਿਲਟਰੀ ਦੀ ਇੱਕ ਡਰਾਮਾ ਯੁਨਿਟ ਵਿੱਚ ਕੰਮ ਕਰਦੇ ਸੀ।

ਸਦੀਕ ਨੂੰ ਪੰਜ ਕੁ ਸਾਲ ਦੀ ਉਮਰ ਵਿੱਚ ਚੇਚਕ ਹੋਇਆ।

ਉਨ੍ਹਾਂ ਦਿਨਾਂ ਬਾਰੇ ਸਦੀਕ ਦੱਸਦੇ ਹਨ, “ਜਦੋਂ ਤੱਕ ਮੈਂ ਠੀਕ ਨਾ ਹੋਇਆ, ਮੇਰੀ ਮਾਂ ਰਾਤ ਨੂੰ ਸੌਂਦੀ ਨਹੀਂ ਸੀ ਹੁੰਦੀ ਤੇ ਸਾਰੀ ਰਾਤ ਅਰਦਾਸਾਂ ਕਰਦੀ ਸੀ। ਮੈਨੂੰ ਮਾਂ ਦੀ ਦੁਆ ਲੱਗ ਗਈ ਅਤੇ ਮੈਂ ਠੀਕ ਹੋ ਗਿਆ।”

ਤਿੰਨ ਭਰਾ ਅਤੇ ਤਿੰਨ ਭੈਣਾਂ ਵਿੱਚੋਂ ਸਦੀਕ ਸਭ ਤੋਂ ਵੱਡੇ ਸਨ, ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਜ਼ਿੰਮੇਵਾਰੀ ਉਨ੍ਹਾਂ ਸਿਰ ਸੀ, ਜਿਸ ਕਰਕੇ ਉਹ ਦਸਵੀਂ ਤੱਕ ਦੀ ਪੜ੍ਹਾਈ ਵੀ ਪੂਰੀ ਨਾ ਕਰ ਸਕੇ।

ਉਹ ਕਹਿੰਦੇ ਹਨ ਕਿ ਇਸੇ ਲਈ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਨੌਕਰੀ ਕਰਨੀ ਪਈ, ਪਰ ਉਨ੍ਹਾਂ ਦੀ ਕਮਾਈ ਨੇ ਵਫ਼ਾ ਕੀਤੀ ਹੈ।

ਵੰਡ ਵੇਲੇ ਭਾਰਤੀ ਪੰਜਾਬ ਦੀ ਚੋਣ

ਮੁਹੰਮਦ ਸਦੀਕ ਦਾ ਜਨਮ 1947 ਤੋਂ ਪਹਿਲਾਂ ਦਾ ਹੈ।

ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਵੰਡ ਵੇਲੇ ਦਾ ਕੁਝ ਯਾਦ ਹੈ?

ਉਹ ਦੱਸਦੇ ਹਨ, “ਰਾਮਪੁਰ ਪਿੰਡ ਵਿੱਚ ਮੁਸਲਮਾਨਾਂ ਦੇ ਕਈ ਘਰ ਸਨ। ਕਈਆਂ ਨੂੰ ਮਾਰ ਮੁਕਾਇਆ ਗਿਆ।”

“ਸਾਡੇ ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਹੈ ਉੱਥੇ ਸੰਤ ਭਗਵਾਨ ਸਿੰਘ ਜੀ ਰਹਿੰਦੇ ਹੁੰਦੇ ਸੀ। ਮੇਰੇ ਬਾਬਾ (ਦਾਦਾ) ਜੀ ਉਨ੍ਹਾਂ ਦੇ ਨਾਲ ਕੀਰਤਨ ਕਰਦੇ ਹੁੰਦੇ ਸੀ।”

“ਜਦੋਂ ਸੰਤ ਜੀ ਨੂੰ ਪਤਾ ਲੱਗਿਆ ਕਿ ਕਤਲੇਆਮ ਸਾਡੇ ਪਿੰਡ ਤੱਕ ਪਹੁੰਚ ਚੁੱਕਿਆ ਹੈ, ਤਾਂ ਉਨ੍ਹਾਂ ਸਾਨੂੰ ਗੁਰਦੁਆਰਾ ਸਾਹਿਬ ਵਿੱਚ ਪਨਾਹ ਦਿੱਤੀ। ਅਸੀਂ 10-15 ਦਿਨ ਗੁਰਦੁਆਰਾ ਸਾਹਿਬ ਵਿੱਚ ਰਹੇ ਸੀ। ਇਹ ਮੈਨੂੰ ਯਾਦ ਹੈ।”

ਮੁਹੰਮਦ ਸਦੀਕ
BBC
ਮੁਹੰਮਦ ਸਦੀਕ

‘ਤੇਰਾ ਪੁੱਤ ਤਾਂ ਜੰਮਦਾ ਹੀ ਕਮਾਊ ਹੈ’

ਸਦੀਕ ਨੇ ਦੱਸਿਆ ਕਿ 1951-52 ਵਿੱਚ ਇੱਕ ਵਾਰ ਉਨ੍ਹਾਂ ਦੇ ਪਿੰਡ ਕੁੱਪ ਵਿੱਚ ਪੈਪਸੂ ਦੇ ਮੁੱਖ ਮੰਤਰੀ ਬ੍ਰਿਜ ਭਾਨ ਆਏ ਅਤੇ ਪੰਚਾਇਤ ਨੇ ਸਦੀਕ ਨੂੰ ਉਨ੍ਹਾਂ ਦੇ ਸਾਹਮਣੇ ਗਾਉਣ ਲਈ ਕਹਿ ਦਿੱਤਾ।

ਉਹ ਦੱਸਦੇ ਹਨ, “ਮੈਂ ਰਫ਼ੀ ਸਾਹਿਬ ਦਾ ਗੀਤ ਗਾਇਆ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’। ਲੋਕਾਂ ਨੇ ਗੀਤ ਪਿਆਰ ਨਾਲ ਸੁਣਿਆ ਅਤੇ ਮੁੱਖ ਮੰਤਰੀ ਵੀ ਬੜੇ ਭਾਵੁਕ ਹੋਏ।”

“ਉਨ੍ਹਾਂ ਨੇ ਮੈਨੂੰ ਸੌ ਰੁਪਇਆ ਇਨਾਮ ਦਾ ਦਿੱਤਾ ਤੇ ਉਸ ਸੌ ਰੁਪਏ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ।”

“ਮੇਰੀ ਮਾਂ ਨੂੰ ਪਿੰਡ ਦੀਆਂ ਬੀਬੀਆਂ ਸਾਰੀ ਰਾਤ ਵਧਾਈਆਂ ਦੇਣ ਆਉਂਦੀਆਂ ਰਹੀਆਂ ਤੇ ਕਹਿੰਦੀਆਂ ਸੀ, ‘ਨੀ ਤੇਰਾ ਪੁੱਤ ਤਾਂ ਜੰਮਦਾ ਈ ਕਮਾਊ ਹੈ’। ਇਸ ਤੋਂ ਬਾਅਦ ਮੇਰੇ ਘਰ ਦਿਆਂ ਨੇ ਮੈਨੂੰ ਸੰਗੀਤ ਸਿੱਖਣ ਲਾਇਆ ਸੀ।”

ਗਾਇਕੀ ਤੋਂ ਲੈ ਕੇ ਸਿਆਸਤ ਤੱਕ ਦਾ ਸਫ਼ਰ

ਮੁਹੰਮਦ ਸਦੀਕ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ਕੁੱਪ ਵਿੱਚ ਉਸ ਵੇਲੇ ਸਕੂਲ ਨਾ ਹੋਣ ਕਰਕੇ ਉਹ ਗੁਰਦੁਆਰਾ ਸਾਹਿਬ ਵਿਖੇ ਦਰਖ਼ਤਾਂ ਹੇਠ ਪੜ੍ਹਦੇ ਸੀ।

ਸਦੀਕ ਆਪਣੇ ਪ੍ਰਾਇਮਰੀ ਸਕੂਲ ਦੀ ਬਾਲ ਸਭਾ ਵਿੱਚ ਗਾਉਂਦੇ ਸੀ। ਸੰਗੀਤ ਸਿੱਖਣ ਲਈ ਪਟਿਆਲਾ ਘਰਾਣੇ ਦੇ ਖ਼ਾਨ ਬਾਕਰ ਹੂਸੈਨ ਕੋਲ ਮਲੇਰਕੋਟਲਾ ਜਾਂਦੇ ਸਨ।

ਇਸ ਦੌਰਾਨ ਸਦੀਕ ਨੇ ਇੱਕ ਨਾਟਕ ਮੰਡਲੀ ਨਾਲ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਪੰਦਰਾਂ ਰੁਪਏ ਪ੍ਰਤੀ ਮਹੀਨਾ ’ਤੇ ਨੌਕਰੀ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕੀਤੀ।

ਸਦੀਕ ਦੱਸਦੇ ਹਨ, “ਛੇ ਕੁ ਸਾਲ ਨੌਕਰੀ ਕਰਨ ਬਾਅਦ 1966 ਵਿੱਚ ਮੇਰੇ ਇੱਕ ਅਫਸਰ ਨੇ ਹੀ ਮੈਨੂੰ ਸਲਾਹ ਦਿੱਤੀ ਕਿ ਨੌਕਰੀ ਛੱਡ ਕੇ ਗਾਇਕੀ ਨੂੰ ਸਮਾਂ ਦੇਵਾਂ। ਪੰਜ-ਛੇ ਮਹੀਨੇ ਛੁੱਟੀ ਲੈ ਕੇ ਕੰਮ ਕੀਤਾ ਫਿਰ ਜਦੋਂ ਲੱਗਿਆ ਕਿ ਲੋਕ ਪਿਆਰ ਕਰਨ ਲੱਗ ਗਏ ਹਨ, ਨੌਕਰੀ ਛੱਡ ਦਿੱਤੀ ਅਤੇ ਪ੍ਰੋਫੈਸ਼ਨਲ ਗਾਇਕੀ ਸ਼ੁਰੂ ਕਰ ਦਿੱਤੀ।”

ਮੁਹੰਮਦ ਸਦੀਕ ਕਹਿੰਦੇ ਹਨ, “ਪੰਜਾਬੀਆਂ ਨੇ ਮੈਨੂੰ ਮੇਰੇ ਪੇਸ਼ੇ ਕਰਕੇ ਇੰਨਾ ਪਿਆਰ ਦਿੱਤਾ ਕਿ ਜਦੋਂ ਪਾਰਟੀ ਨੇ ਟਿਕਟ ਦਿੱਤੀ ਤਾਂ ਮੈਨੂੰ ਵਿਧਾਇਕ ਤੇ ਫਿਰ ਐੱਮਪੀ ਵੀ ਬਣਾ ਦਿੱਤਾ।”

ਮੁਹੰਮਦ ਸਦੀਕ
BBC
ਮੁਹੰਮਦ ਸਦੀਕ ਨੇ ਕਿਸਾਨ ਸੰਘਰਸ਼ ਲਈ "ਦਿੱਲੀ ਵੱਲ ਚੱਲੇ ਕਾਫਲੇ ਕਿਸਾਨਾਂ ਦੇ" ਗਾ ਕੇ ਲੋਕਾਂ ਦੇ ਮਨਾਂ ਵਿੱਚ ਮੁੜ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ

ਜਦੋਂ ਸਦੀਕ ਤੋਂ ਬਣ ਗਏ ਸਤੀਸ਼ ਕੁਮਾਰ

ਜਿਸ ਨਾਟਕ ਮੰਡਲੀ ਨਾਲ ਸਦੀਕ ਕੰਮ ਕਰਦੇ ਸਨ ਉਹ ਪਿੰਡਾਂ, ਕਸਬਿਆਂ ਵਿੱਚ ਧਾਰਮਿਕ ਅਤੇ ਕਿੱਸਿਆਂ ’ਤੇ ਅਧਾਰਿਤ ਨਾਟਕ ਕਰਨ ਜਾਂਦੀ ਸੀ ਜਿਵੇਂ ਕਿ ਪੂਰਨ ਭਗਤ, ਸਰਵਣ ਕੁਮਾਰ, ਰੂਪ ਬਸੰਤ, ਰਾਜਾ ਹਰੀਸ਼ਚੰਦਰ ਆਦਿ।

ਪਿੰਡਾਂ ਵਿੱਚ ਜ਼ਿਆਦਾਤਾਰ ਰਾਮਲੀਲਾ ਕਰਦੇ ਸੀ।

ਸਦੀਕ ਦੱਸਦੇ ਹਨ, “ਨਾਟਕ ਮੰਡਲੀ ਵਾਲੇ ਉੱਤਰ ਪ੍ਰਦੇਸ਼ ਤੋਂ ਆਏ ਹੋਏ ਬ੍ਰਾਹਮਣ ਭਾਈਚਾਰੇ ਦੇ ਲੋਕ ਸਨ, ਸੰਨ 47 ਦਾ ਸਮਾਂ ਹਾਲੇ ਸਭ ਦੇ ਚੇਤਿਆਂ ਵਿੱਚ ਸੀ। ਕੋਈ ਇਤਰਾਜ਼ ਨਾ ਕਰੇ ਕਿ ਰਾਮ-ਲੀਲਾ ਦੀ ਸਟੇਜ ’ਤੇ ਮੁਹੰਮਦ ਸਦੀਕ ਲਈ ਫਿਰਦੇ ਹੋ ਇਸ ਲਈ ਉਨ੍ਹਾਂ ਨੇ ਮੇਰਾ ਨਾਮ ਮੁਹੰਮਦ ਸਦੀਕ ਤੋਂ ਬਦਲ ਕੇ ਸਤੀਸ਼ ਕੁਮਾਰ ਰੱਖ ਦਿੱਤਾ।”

ਇਹ ਕਹਿੰਦਿਆਂ ਮੁਹੰਮਦ ਸਦੀਕ ਕਿੰਨਾ ਸਮਾਂ ਹੱਸਦੇ ਰਹੇ।

ਮੁਹੰਮਦ ਸਦੀਕ
BBC

ਸਦੀਕ ਦੀ ਤੂੰਬੀ ਨਾਲ ਸਾਂਝ ਕਿਵੇਂ ਪਈ ?

ਮੁਹੰਮਦ ਸਦੀਕ ਨੂੰ ਤੂੰਬੀ ਵਜਾਉਂਦਿਆਂ ਹੀ ਦੇਖਿਆ ਗਿਆ ਹੈ, ਪਰ ਤੂੰਬੀ ਤੋਂ ਪਹਿਲਾਂ ਉਨ੍ਹਾਂ ਦਾ ਸਾਜ ਵਾਇਲਨ ਸੀ।

ਵਾਇਲਨ ਛੱਡ ਕੇ ਤੂੰਬੀ ਫੜਨ ਦਾ ਕਿੱਸਾ ਵੀ ਬੜਾ ਦਿਲਚਸਪ ਹੈ।

ਮੁਹੰਮਦ ਸਦੀਕ ਦੱਸਦੇ ਹਨ ਕਿ ਲੋਕ ਸੰਪਰਕ ਵਿਭਾਗ ਵਿੱਚ ਉਨ੍ਹਾਂ ਦੀ ਤਨਖਾਹ 80 ਰੁਪਏ ਮਹੀਨਾ ਸੀ।

“ਚੀਨ ਨਾਲ ਜੰਗ ਵੇਲੇ, ਮੁਲਕ ਨੂੰ ਜੰਗੀ ਸਮਾਨ ਲਈ ਸੋਨੇ, ਚਾਂਦੀ ਦੀ ਲੋੜ ਪਈ ਤਾਂ ਸਰਕਾਰ ਦੇ ਨੁਮਾਇੰਦੇ ਲੋਕਾਂ ਕੋਲੋਂ ਸੋਨਾ ਇਕੱਠਾ ਕਰ ਰਹੇ ਸੀ।”

ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਕੌੜੀਆਂ ਪਿੰਡ ਵਿੱਚ ਆਉਣਾ ਸੀ।

ਉਨ੍ਹਾਂ ਦੱਸਿਆ, “ਮੇਰੀ ਡਿਊਟੀ ਹੁੰਦੀ ਸੀ ਕਿ ਉਲੀਕੇ ਪ੍ਰੋਗਰਾਮ ਬਾਰੇ ਲੋਕਾਂ ਵਿੱਚ ਪ੍ਰਚਾਰ ਕਰਾਂ। ਰਾਤ ਨੂੰ ਅਸੀਂ ਗੀਤ-ਸੰਗੀਤ ਦਾ ਪ੍ਰੋਗਰਾਮ ਰੱਖਦੇ ਸੀ ਤਾਂ ਜੋ ਲੋਕ ਸੁਨਣ ਤੇ ਸਵੇਰੇ ਵੀ ਇੱਥੇ ਆ ਜਾਣ। ਮੈਂ ਉਦੋਂ ਵਾਇਲਨ ਵਜਾਉਂਦਾ ਹੁੰਦਾ ਸੀ।”

“ਵਾਇਲਨ ਕੋਈ ਪੇਂਡੂ ਸਾਜ ਨਹੀਂ ਹੈ। ਪਰ ਇੱਕ ਪ੍ਰੋਗਰਾਮ ਵਿੱਚ ਮੈਂ ਇੱਕ ਧੁਨ ਵਜਾਈ, ਲੋਕਾਂ ਨੇ ਬਹੁਤ ਪਿਆਰ ਨਾਲ ਸੁਣੀ। ਮੈਂ ਵੀ 10-15 ਮਿੰਟ ਵਜਾਉਂਦਾ ਹੀ ਰਿਹਾ। ਮੇਰੇ ਤੋਂ ਬਾਅਦ ਇੱਕ ਹੋਰ ਮੁੰਡੇ ਨੇ ਗਾਉਣਾ ਸੀ।”

“ਉਸ ਨੇ ਸਿਲਵਰ ਦੀ ਗੜਵੀ ਦੇ ਵਿੱਚ ਲੱਕੜੀ ਜਿਹੀ ਫਸਾ ਕੇ ਤੂੰਬੀ ਬਣਾ ਕੇ ਗੀਤ ਗਾਇਆ। ਉਸ ਮੁੰਡੇ ਨੂੰ 25-26 ਰੁਪਏ ਇਨਾਮ ਬਣ ਗਿਆ। ਮੈਂ ਤਾਂ ਉਦੋਂ ਬਹੁਤ ਗਰੀਬੀ ’ਚ ਜੀਅ ਰਿਹਾ ਸੀ। ਮੈਂ ਸੋਚੀ ਜਾਵਾਂ ਲੋੜ ਤਾਂ ਮੈਨੂੰ ਸੀ, ਮਿਲ ਇਹਨੂੰ ਗਏ।”

ਸਦੀਕ ਨੇ ਇਹ ਕਿੱਸਾ ਯਾਦ ਕਰਦਿਆਂ ਦੱਸਿਆ, “ਮੈਂ ਆਪਣੇ ਬਕਸੇ ਵਿੱਚੋਂ ਵਾਇਲਨ ਕੱਢੀ ਅਤੇ ਉਹਦੀ ਤਾਰ ਤੁਣਕਾਈ। ਫਿਰ ਸਾਡੇ ਅਫਸਰ ਨੇ ਮੈਨੂੰ ਪੁੱਛਿਆ ਕਿ ਸਦੀਕ ਹੁਣ ਕਿਹੜੀ ਧੁਨ ਵਜਾਏਂਗਾ?”

“ਮੈਂ ਕਿਹਾ ਜੀ ਹੁਣ ਮੈਂ ਧੁਨ ਨਹੀਂ ਵਜਾਉਂਦਾ, ਮੈਂ ਗੀਤ ਗਾਉਂਗਾ। ਉਦੋਂ ਮੈਂ ਗੀਤ ਗਾਇਆ, ਇੰਦਰਜੀਤ ਹਸਨਪੁਰੀ ਲਿਖਿਆ, ‘ਮੈਂ ਗੱਬਰੂ ਪੰਜਾਬ ਦਾ, ਮੇਰੀਆਂ ਰੀਸਾਂ ਕੌਣ ਕਰੇ’ ਮੈਨੂੰ 76-77 ਰੁਪਏ ਬਣ ਗਏ।”

“ਮੈਂ ਸਟੇਜ ਤੋਂ ਥੱਲੇ ਆ ਕੇ ਵਾਇਲਨ ਨੂੰ ਬਕਸੇ ਵਿੱਚ ਪਾ ਕੇ ਮੱਥਾ ਟੇਕ ਦਿੱਤਾ ਅਤੇ ਅਗਲੇ ਦਿਨ ਆਪਣੇ ਭਰਾ ਨੂੰ 10 ਰੁਪਏ ਦੇ ਕੇ ਤੂੰਬੀ ਲਿਆਉਣ ਨੂੰ ਕਿਹਾ। ਉਹ ਚਾਰ ਰੁਪਏ ਦੀ ਤੂੰਬੀ ਖਰੀਦ ਕੇ ਲਿਆਇਆ ਤੇ ਫਿਰ ਮੈਂ ਅੱਜ ਤੱਕ ਤੂੰਬੀ ਹੀ ਵਜਾ ਰਿਹਾ ਹਾਂ।”

ਮੁਹੰਮਦ ਸਦੀਕ
BBC

ਜਦੋਂ ਅਖਾੜਿਆਂ ਵਿੱਚ ਤਾੜੀਆਂ ਮਾਰਨਾ ਪਸੰਦ ਨਹੀਂ ਸੀ ਕੀਤਾ ਜਾਂਦਾ

ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਸਰੋਤਿਆਂ ਦਾ ਕਲਾਕਾਰਾਂ ਨਾਲ ਜਿਸ ਤਰ੍ਹਾਂ ਦਾ ਰਿਸ਼ਤਾ ਜਾਂ ਕਲਾਕਾਰਾਂ ਬਾਰੇ ਜੋ ਸਮਝ ਹੈ, ਉਸ ਦੌਰ ਵਿੱਚ ਅਜਿਹਾ ਨਹੀਂ ਸੀ।

ਸਦੀਕ ਦੱਸਦੇ ਹਨ ਕਿ ਉਨ੍ਹਾਂ ਦੇ ਗਾਇਕੀ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਸਰੋਤੇ ਹੈਰਾਨ ਬੜੇ ਹੁੰਦੇ ਸੀ ਕਿ ਕੋਈ ਕੁੜੀ ਜਾਂ ਕੋਈ ਮੁੰਡਾ ਸਟੇਜ ਤੋਂ ਗਾਉਂਦਾ ਹੈ।

ਕਿਉਂਕਿ ਉਸ ਵੇਲੇ ਨਾ ਨੇੜੇ ਤੇੜੇ ਕੋਈ ਥੀਏਟਰ ਹੁੰਦਾ ਸੀ, ਨਾ ਸਿਨੇਮਾ ਅਤੇ ਰੇਡੀਓ ਵੀ ਹਰ ਕਿਸੇ ਕੋਲ ਨਹੀਂ ਸੀ ਹੁੰਦਾ।

ਮੁਹੰਮਦ ਸਦੀਕ 1965-66 ਦੇ ਦੌਰ ਦੀ ਗੱਲ ਕਰ ਰਹੇ ਸਨ।

“ਲੋਕਾਂ ਨੇ ਬੜਾ ਦੂਰੋਂ-ਦੂਰੋਂ ਆ ਕੇ ਸੁਣਨਾ। ਲੋਕ ਬੜੇ ਅਚੰਬੇ ਨਾਲ ਸੁਣਦੇ ਸੀ ਅਤੇ ਅਨੰਦ ਮਾਣਦੇ ਸੀ। ਬਾਕੀ ਹੈਰਾਨੀ ਬੜੀ ਹੁੰਦੀ ਸੀ ਲੋਕਾਂ ਨੂੰ ਕਿ ਕੁੜੀ ਗਾ ਰਹੀ ਹੈ, ਇਹ ਕਿਉਂ ਗਾ ਰਹੀ ਹੈ, ਇਹ ਕਿਨ੍ਹਾਂ ਦੀ ਕੁੜੀ ਹੈ, ਕਿੱਥੋਂ ਆਈ ਹੈ, ਇਹ ਪੰਜ-ਛੇ ਬੰਦੇ ਨੇ ‘ਕੱਲੀ ਕੁੜੀ ਹੈ, ਇਹ ਕਿੱਥੋਂ ਲੈ ਕੇ ਆਏ ਨੇ, ਕੌਣ ਨੇ।”

ਉਨ੍ਹਾਂ ਦੱਸਿਆ ਕਿ ਜਦੋਂ ਉਹ ਬੀਬਾ ਰਣਜੀਤ ਕੌਰ ਜੀ ਨਾਲ ਗਾਉਣ ਲੱਗੇ, ਰਣਜੀਤ ਕੌਰ ਜੀ ਦੇ ਪਿਤਾ ਜੀ ਉਨ੍ਹਾਂ ਦੇ ਨਾਲ ਜਾਂਦੇ ਸਨ। “ਨਰਿੰਦਰ ਬੀਬਾ ਜੀ ਜਦੋਂ ਗਾਉਂਦੇ ਸੀ, ਉਨ੍ਹਾਂ ਦਾ ਵੀ ਭਰਾ ਨਾਲ ਹੁੰਦਾ ਸੀ , ਫਿਰ ਲੋਕਾਂ ਨੂੰ ਪਤਾ ਲੱਗਣ ਲੱਗਿਆ ਵੀ ਇਹ ਵੀ ਪਰਿਵਾਰਕ ਕੁੜੀਆਂ ਹਨ।”

ਮੁਹੰਮਦ ਸਦੀਕ
BBC

‘ਰਣਜੀਤ ਕੌਰ ਜੀ ਦੇ ਪਿਤਾ ਸਾਨੂੰ ਲੁਕੋ ਕੇ ਰੱਖਦੇ ਸੀ’

ਮੁਹੰਮਦ ਸਦੀਕ ਨੇ ਬਹੁਤਾ ਸਮਾਂ ਬੀਬਾ ਰਣਜੀਤ ਕੌਰ ਜੀ ਨਾਲ ਗਾਇਆ ਹੈ। ਸਦੀਕ ਦੱਸਦੇ ਹਨ ਕਿ ਰਣਜੀਤ ਕੌਰ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਬਹੁਤ ਪਰਦੇ ਵਿੱਚ ਰੱਖਦੇ ਸਨ।

“ਕਾਰ ਨੂੰ ਪਰਦੇ ਲੱਗੇ ਹੁੰਦੇ ਸੀ, ਅਸੀਂ ਪਰਦੇ ਵਿੱਚੋਂ ਉੱਤਰੇ ਕੇ ਆਪਣੀ ਬੈਠਕ ਵਿੱਚ ਚਲੇ ਜਾਣਾ, ਚਾਹ ਪਾਣੀ ਪਿਆਉਣ ਵਾਲਿਆਂ ਤੋਂ ਬਾਹਰੋਂ ਹੀ ਸਮਾਨ ਫੜ ਕੇ ਸਾਨੂੰ ਦੇ ਦਿੰਦੇ ਸਨ।”

“ਅਸੀਂ ਤਿਆਰ ਹੋ ਕੇ ਕਾਰ ਵਿੱਚ ਬੈਠ ਜਾਣਾ ਅਤੇ ਲੋਕਾਂ ਨੂੰ ਸਟੇਜ ’ਤੇ ਹੀ ਦਿਸਦੇ ਸੀ। ਲੋਕ ਬੜੇ ਹੈਰਾਨ ਹੁੰਦੇ ਸੀ ਕਿ ਕੌਣ ਹਨ, ਕਿੱਥੋਂ ਆਏ ਨੇ। ਦੂਰ ਦੇ ਢੋਲ ਸੁਹਾਣੇ ਹੁੰਦੇ ਨੇ ਅਤੇ ਅਸੀਂ ਮੇਕਅੱਪ ਵੀ ਕੀਤਾ ਹੁੰਦਾ ਸੀ ਲੋਕ ਕਹਿੰਦੇ ਸੀ ਕਮਾਲ ਹੈ। ਇਹ ਇੰਨੇ ਸੋਹਣੇ ਬੰਦੇ ਕਿੱਥੋਂ ਆਏ ਨੇ।”

ਸਦੀਕ ਨੇ ਦੱਸਿਆ ਕਿ ਰਣਜੀਤ ਕੌਰ ਜੀ ਦੇ ਪਿਤਾ ਅਜਿਹਾ ਇਸ ਲਈ ਕਰਦੇ ਸਨ ਤਾਂ ਕਿ ਸਟਾਰਡਮ ਬਣਿਆ ਰਹੇ।

ਰਣਜੀਤ ਕੌਰ ਬਾਰੇ ਮੁਹੰਮਦ ਸਦੀਕ ਨੇ ਕੀ ਕਿਹਾ ?

ਰਣਜੀਤ ਕੌਰ ਜੀ ਦੀ ਤਾਰੀਫ਼ ਕਰਦਿਆਂ ਸਦੀਕ ਨੇ ਕਿਹਾ, “ਉਹ ਅਜਿਹੀ ਕੁੜੀ ਸੀ, ਜਿਸ ਉੱਤੇ ਜ਼ਮਾਨੇ ਦਾ ਅਸਰ ਹੀ ਨਹੀਂ ਪਿਆ। ਸਿਰ ਢਕ ਕੇ ਰੱਖਣਾ, ਗਾਉਣ ਵਿੱਚ ਖੋਹ ਜਾਣਾ। ਅਵਾਜ਼ ਪ੍ਰਾਮਤਮਾ ਨੇ ਚੰਗੀ ਦਿੱਤੀ ਸੀ।”

“ਜਿਸ ਤਰ੍ਹਾਂ ਮੈਂ ਸਾਰੇ ਭੈਣ-ਭਰਾਵਾਂ ਵਿੱਚੋਂ ਵੱਡਾ ਸੀ, ਉਸੇ ਤਰ੍ਹਾਂ ਉਹ ਵੀ ਸਾਰੇ ਭੈਣ-ਭਰਾਵਾਂ ਵਿੱਚੋਂ ਵੱਡੇ ਸਨ ਅਤੇ ਉਨ੍ਹਾਂ ਉੱਤੇ ਵੀ ਜ਼ਿੰਮੇਵਾਰੀ ਸੀ। ਇੱਕ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਾਡੇ ਵਿੱਚ ਕਦੇ ਵੀ ਹਊਮੈ ਨਹੀਂ ਆਈ। ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਮੇਰੀ ਅਵਾਜ਼ ਚੰਗੀ ਹੈ, ਮੈਂ ਖ਼ੂਬਸੂਰਤ ਹਾਂ, ਲੋਕ ਮੈਨੂੰ ਪਸੰਦ ਕਰਦੇ ਹਨ।”

“ਉਨ੍ਹਾਂ ਦੇ ਵਰਤਾਰੇ ਵਿੱਚੋਂ ਕਦੇ ਵੀ ਹਊਮੈ ਨਹੀਂ ਝਲਕੀ। ਮੇਰੀ ਸਥਿਤੀ ਇਹ ਸੀ ਕਿ ਮੈਂ ਵੀ ਕਬੀਲਦਾਰ ਸੀ, ਮੈਨੂੰ ਚੰਗਾ ਸਾਥੀ ਮਿਲਿਆ ਹੋਇਆ ਸੀ ਜੋ ਗਾਇਕੀ ਵਿੱਚ ਖੁੱਭ ਕੇ ਕੰਮ ਕਰਦੀ ਸੀ। ਪੇਸ਼ਕਾਰੀ ਇੰਨੀ ਵਧੀਆ ਸੀ ਕਿ ਲੋਕ ਅਸ਼-ਅਸ਼ ਕਰ ਉੱਠਦੇ ਸੀ। ਇਸੇ ਲਈ ਸਾਡੀ ਜੋੜੀ ਲੰਬਾ ਸਮਾਂ ਨਿਭੀ।”

ਉਨ੍ਹਾਂ ਕਿਹਾ, “ਵੱਧ ਤੋਂ ਵੱਧ ਵਿਗੜਦੀ ਹੁੰਦੀ ਹੈ ਪੈਸੇ ਕਰਕੇ, ਸਾਡਾ ਕਦੇ ਅਜਿਹਾ ਰੌਲਾ ਨਹੀਂ ਪਿਆ। ਨਾ ਮੈਂ ਕਦੇ ਕਿਸੇ ਕਿਸਮ ਦਾ ਲਾਲਚ ਕੀਤਾ, ਨਾ ਉਨ੍ਹਾਂ ਨੇ ਕਦੇ ਪੁੱਛਿਆ। ਪੰਦਰਾਂ ਸਾਲ ਤਾਂ ਉਨ੍ਹਾਂ ਦੇ ਪਿਤਾ ਜੀ ਹੀ ਨਾਲ ਰਹੇ ਹਨ। ਇੰਨੇ ਸਮੇਂ ਵਿੱਚ ਰੂਟੀਨ ਵੀ ਬਣ ਜਾਂਦਾ ਹੈ।”

ਮੁਹੰਮਦ ਸਦੀਕ
BBC
ਮੁਹੰਮਦ ਸਦੀਕ ਨੂੰ ਮਿਲੇ ਮਾਣ-ਸਨਮਾਣ

‘ਪਤਾ ਨਹੀਂ ਲੋਕ ਇਹਨੂੰ ਕਿਉਂ ਸੱਦ ਲੈਂਦੇ ਨੇ’

ਮੁਹੰਮਦ ਸਦੀਕ ਆਪਣੀ ਪਤਨੀ ਨੂੰ ਯਾਦ ਕਰਦਿਆਂ ਦੱਸਦੇ ਹਨ, “ਮੇਰੀ ਹਮਸਫ਼ਰ ਬਹੁਤ ਚੰਗੀ ਸੀ। ਉਹ ਆਪ ਭਾਵੇਂ ਅਨਪੜ੍ਹ ਸੀ, ਪਰ ਮੇਰੀਆਂ ਛੇਆਂ ਧੀਆਂ ਨੂੰ ਉਸ ਨੇ ਪੜ੍ਹਾਇਆ। ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਲੀ ਉਹ ਹੀ ਹੈ।”

“ਲੁਧਿਆਣਾ ਵਰਗੇ ਸ਼ਹਿਰ ਵਿੱਚ ਉਸ ਨੇ ਦੋ ਮੱਝਾਂ ਰੱਖ ਲਈਆਂ। ਕਿਉਂਕਿ ਉਹ ਕਹਿੰਦੀ ਸੀ ਕਿ ਤੁਹਾਡਾ ਗਾਉਣ ਦਾ ਕੰਮ ਹੈ, ਜ਼ੋਰ ਵਾਲਾ ਕੰਮ ਹੈ।”

“ਜਦੋਂ ਮੈਂ ਗੰਗਾਨਗਰ ਪ੍ਰੋਗਰਾਮ ਲਾਉਣ ਜਾਣਾ, ਅਸੀਂ ਸੱਤ-ਅੱਠ ਜਾਣੇ ਹੁੰਦੇ ਸੀ ਤਾਂ ਉਸ ਨੇ 16-17 ਫੁਲਕੇ ਡੱਬੇ ਵਿੱਚ ਪਾ ਕੇ ਨਾਲ ਦੇ ਦੇਣੇ ਵੀ ਰਸਤੇ ਵਿੱਚ ਰੁਕੋਗੇ ਤਾਂ ਅੱਧਾ ਘੰਟਾ ਖਰਾਬ ਹੋ ਜਾਊ। ਗੱਡੀ ਵਿੱਚ ਬੈਠ ਕੇ ਖਾ ਲੈਣਾ।”

ਗਾਇਕੀ ਵਿੱਚ ਹੋਣ ਕਰਕੇ ਸਦੀਕ ਨੂੰ ਬਹੁਤਾ ਸਮਾਂ ਘਰੋਂ ਬਾਹਰ ਰਹਿਣਾ ਪੈਂਦਾ ਸੀ, ਕੁੜੀਆਂ ਨਾਲ ਸਟੇਜ ਵੀ ਸਾਂਝੀ ਕਰਦੇ ਰਹੇ ਹਨ।

ਸਦੀਕ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਸੀਂ ਵੇਲੇ-ਕੁਵੇਲੇ ਆਉਂਦੇ ਜਾਂਦੇ ਹੋ, ਕੀ ਗੱਲ ਹੈ।

“ਮੈਂ ਉਹਨੂੰ ਕਿਹਾ ਆਪਾਂ ਗਰੀਬ ਬੰਦੇ ਸੀ। ਜੇ ਰੱਜ ਕੇ ਰੋਟੀ ਖਾਣੀ ਹੈ ਨਾ ਤਾਂ ਅੱਜ ਤੋਂ ਬਾਅਦ ਮੈਨੂੰ ਇਹ ਸਵਾਲ ਨਾ ਕਰੀਂ। ਉਸ ਤੋਂ ਬਾਅਦ ਉਹਨੇ ਮੈਨੂੰ ਕਦੇ ਨਹੀਂ ਪੁੱਛਿਆ।”

ਸਦੀਕ ਨੇ ਬਹੁਤ ਪਿਆਰ ਤੇ ਸਨਮਾਨ ਨਾਲ ਆਪਣੀ ਪਤਨੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

ਮੁਹੰਮਦ ਸਦੀਕ
Captain Amarinder Singh/FB

ਅੱਤਵਾਦ ਦੇ ਦੌਰ ਦਾ ਸਦੀਕ ਦੀ ਗਾਇਕੀ ’ਤੇ ਅਸਰ

ਪੰਜਾਬ ਅੰਦਰ 1980ਵਿਆਂ ਤੋਂ ਲੈ ਕੇ 1992-93 ਤੱਕ ਦੇ ਦੌਰ ਦੇ ਅਣਸੁਖਾਵੇਂ ਮਾਹੌਲ ਦਾ ਅਸਰ ਬਾਕੀ ਲੋਕਾਂ ਦੀ ਤਰ੍ਹਾਂ ਕਲਾਕਾਰਾਂ ਉੱਤੇ ਵੀ ਪਿਆ ਸੀ।

ਮਾਹੌਲ ਠੀਕ ਕਰਨ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਵੀ ਕਲਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਮੁਹੰਮਦ ਸਦੀਕ ਦੱਸਦੇ ਹਨ, “ਇੱਕ ਵਾਰ ਮੁੱਖ ਮੰਤਰੀ ਬੇਅੰਤ ਸਿੰਘ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਲੋਕ ਇਕੱਠੇ ਨਹੀਂ ਹੁੰਦੇ, ਤੁਹਾਡੇ ਨਾਮ ’ਤੇ ਹੋ ਜਾਂਦੇ ਹਨ ਤੁਸੀਂ ਸਟੇਜ ਲਾ ਲਿਆ ਕਰੋ, ਅਸੀਂ ਉਨ੍ਹਾਂ ਦੇ ਨਾਲ ਜਾਣ ਲੱਗ ਪਏ।”

“ਸਾਡਾ ਇੰਨਾਂ ਯੋਗਦਾਨ ਹੁੰਦਾ ਸੀ ਕਿ ਇਕੱਠ ਕਰ ਦਿੰਦੇ ਸੀ, ਲੀਡਰ ਆਪਣੀ ਗੱਲ ਕਰ ਲੈਂਦੇ ਸੀ। ਫਿਰ ਹੌਲੀ-ਹੌਲੀ ਮਾਹੌਲ ਸ਼ਾਂਤ ਹੋਇਆ। ਅਸੀਂ ਤਾਂ ਗੀਤ ਗਾ ਕੇ ਲੋਕ ਹੀ ਇਕੱਠੇ ਕਰਨੇ ਹੁੰਦੇ ਸੀ। ਪਰ ਫਿਰ ਵੀ ਕਈ ਵਾਰ ਫ਼ੋਨ ਆ ਜਾਂਦੇ ਸੀ ਕਿ ਕਾਂਗਰਸ ਦੀਆਂ ਸਟੇਜਾਂ ’ਤੇ ਨਾ ਜਾਓ।”

“ਮੇਰੇ ਦਿਮਾਗ਼ ਵਿੱਚ ਇਹ ਗੱਲ ਸੀ ਕਿ ਪੰਜਾਬ ਵਿੱਚ ਚੰਗੇ ਦਿਨ ਆਉਣੇ ਚਾਹੀਦੇ ਹਨ, ਸ਼ਾਂਤੀ ਹੋਣੀ ਚਾਹੀਦੀ ਹੈ।”

ਮੁਹੰਮਦ ਸਦੀਕ
BBC

ਇੱਕ ਜਾਨਲੇਵਾ ਹਮਲਾ ਜਿਸ ਦੇ ਨਿਸ਼ਾਨ ਹਾਲੇ ਵੀ ਸਦੀਕ ਤੇ ਸਰੀਰ ’ਤੇ ਹਨ

ਸਾਲ 1980 ਵਿੱਚ ਮੁਹੰਮਦ ਸਦੀਕ ’ਤੇ ਇੱਕ ਜਾਨਲੇਵਾ ਹਮਲਾ ਹੋਇਆ ਸੀ।

ਸਦੀਕ ਦੱਸਦੇ ਹਨ ਕਿ ਉਨ੍ਹਾਂ ਦਾ ਪਹਿਲਾਂ ਤੋਂ ਇੱਕ ਪ੍ਰੋਗਰਾਮ ਬੁੱਕ ਸੀ, ਅਤੇ ਕੁਝ ਲੋਕ ਉਹ ਪ੍ਰੋਗਰਾਮ ਰੱਦ ਕਰਕੇ ਸਦੀਕ ਨੂੰ ਆਪਣੇ ਪ੍ਰੋਗਰਾਮ ਵਿੱਚ ਆਉਣ ਲਈ ਕਹਿ ਰਹੇ ਸੀ ਪਰ ਸਦੀਕ ਨੇ ਮਨ੍ਹਾ ਕਰ ਦਿੱਤਾ।

“ਮੈਂ ਉਨ੍ਹਾਂ ਨੂੰ ਕਿਹਾ ਕਿ ਜੋ ਡੇਢ ਮਹੀਨਾ ਪਹਿਲਾਂ ਪ੍ਰੋਗਰਾਮ ਬੁੱਕ ਕਰਵਾ ਕੇ ਗਿਆ ਹੈ, ਮੈਂ ਉਸ ਦਾ ਪ੍ਰੋਗਰਾਮ ਰੱਦ ਨਹੀਂ ਕਰ ਸਕਦਾ। ਇਹ ਮੇਰੀ ਫ਼ਿਤਰਤ ਨਹੀਂ। ਉਨ੍ਹਾਂ ਨੇ ਵੱਧ ਪੈਸੇ ਲੈਣ ਦੀ ਪੇਸ਼ਕਸ਼ ਕੀਤੀ ਪਰ ਮੈਂ ਠੁਕਰਾ ਦਿੱਤੀ। ਉਸ ਤੋਂ ਬਾਅਦ, ਉਨ੍ਹਾਂ ਨੇ ਰਾਤ ਨੂੰ ਆ ਕੇ ਡਾਂਗਾਂ-ਸੋਟੀਆਂ ਨਾਲ ਅਜਿਹਾ ਹਮਲਾ ਕੀਤਾ ਕਿ ਮੈਂ ਮਰਨੋ ਬਚਿਆ।”

ਉਸ ਹਮਲੇ ਦੇ ਨਿਸ਼ਾਨ ਹਾਲੇ ਵੀ ਸਦੀਕ ਦੀਆਂ ਲੱਤਾਂ-ਬਾਹਵਾਂ ’ਤੇ ਹਨ, ਜੋ ਉਨ੍ਹਾਂ ਨੇ ਸਾਨੂੰ ਦਿਖਾਏ।

ਸਦੀਕ ਨੇ ਅੱਗੇ ਦੱਸਿਆ, “ਮੈਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲੈ ਗਏ।”

“ਰਣਜੀਤ ਕੌਰ ਦੀ ਛੋਟੀ ਭੈਣ ਨਰਸਿੰਗ ਕਰਦੀ ਸੀ, ਨੇੜਲੇ ਪਿੰਡਾਂ ਦੀਆਂ ਹੋਰ ਕੁੜੀਆਂ ਜਿਹੜੀਆਂ ਉਨ੍ਹਾਂ ਨਾਲ ਨਰਸਿੰਗ ਕਰਦੀਆਂ ਸੀ ਅਤੇ ਮੈਨੂੰ ਭਰਾ ਵਜੋਂ ਜਾਣਦੀਆਂ ਸੀ।”

ਉਨ੍ਹਾਂ ਨੇ ਮੇਰੀ ਇਲਾਜ ਵਿੱਚ ਕਾਫ਼ੀ ਮਦਦ ਕੀਤੀ।

ਮੁਹੰਮਦ ਸਦੀਕ ਦੱਸਦੇ ਹਨ ਕਿ ਸੱਟਾਂ ਕਰਕੇ ਉਨ੍ਹਾਂ ਦੇ 80 ਪ੍ਰੋਗਰਾਮ ਰੱਦ ਕੀਤੇ ਸਨ।

“ਪਰਿਵਾਰ ਵੀ ਡਰ ਗਿਆ ਸੀ ਅਤੇ ਇਹ ਕੰਮ ਛੱਡਣ ਨੂੰ ਕਿਹਾ। ਮੈਂ ਕਿਹਾ ਨਾ ਖੇਤੀ ਕਰਦੇ ਹਾਂ, ਨਾ ਟਰਾਂਸਪੋਰਟਰ ਹਾਂ, ਕੰਮ ਛੱਡ ਦੇਵਾਂਗੇ ਤਾਂ ਰੋਟੀ ਕਿੱਥੋਂ ਖਾਵਾਂਗੇ।”

ਕੀ ਸਦੀਕ ਸ਼ੁਰੂ ਤੋਂ ਹੀ ਸਿਆਸਤ ਵਿੱਚ ਆਉਣਾ ਚਾਹੁੰਦੇ ਸਨ ?

ਮੁਹੰਮਦ ਸਦੀਕ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਬਣੇ ਅਤੇ ਹੁਣ ਸੰਸਦ ਮੈਂਬਰ ਹਨ।

“ਮੈਂ ਸਿਆਸਤ ਵਿੱਚ ਆਉਣਾ ਨਹੀਂ ਚਾਹੁੰਦਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਪਤਾ ਨਹੀਂ ਕੀ ਸੋਚ ਕੇ 2007 ਵਿੱਚ ਭਦੌੜ ਤੋਂ ਟਿਕਟ ਦਿਵਾ ਦਿੱਤੀ। ਪਰ ਫਿਰ ਕਿਸ ਨੇ ਕਟਵਾ ਦਿੱਤੀ। ਫਿਰ ਮੈਂ ਆਸ ਛੱਡ ਦਿੱਤੀ, ਉਨ੍ਹਾਂ ਨੇ ਫਿਰ 2012 ਵਿੱਚ ਮੈਨੂੰ ਭਦੌੜ ਤੋਂ ਟਿਕਟ ਦਵਾ ਦਿੱਤੀ ਅਤੇ ਲੋਕਾਂ ਨੇ ਮੈਨੂੰ ਜਿਤਾ ਦਿੱਤਾ। ਹੁਣ 2019 ਫਿਰ ਮੈਨੂੰ ਕੈਪਟਨ ਸਾਹਿਬ ਨੇ ਐੱਮਪੀ ਦੀ ਟਿਕਟ ਦਵਾ ਦਿੱਤੀ ਅਤੇ ਮੈਂ ਜਿੱਤ ਗਿਆ।”

ਮੁਹੰਮਦ ਸਦੀਕ ਨੇ ਜ਼ਿੰਦਗੀ ਵਿੱਚ ਗ਼ੁਰਬਤ ਵੀ ਹੰਢਾਈ, ਫਿਰ ਮਿਹਨਤ ਤੋਂ ਬਾਅਦ ਕਾਮਯਾਬੀ ਦੇਖੀ।

ਪੰਜਾਬ ਦੀ ਵੰਡ ਵੀ ਆਪਣੇ ਪਿੰਡੇ ’ਤੇ ਹੰਢਾਈ, ਪੈਪਸੂ ਤੇ ਪੰਜਾਬ ਦੇ ਇਕੱਠੇ ਹੋਣ ਤੋਂ ਲੈ ਕੇ, ਭਾਸ਼ਾ ਦੇ ਅਧਾਰ ’ਤੇ ਪੰਜਾਬ ਦੀ ਮੁੜ ਵੰਡ ਦੇ ਵੀ ਗਵਾਹ ਬਣੇ ਅਤੇ ਅੱਤਵਾਦ ਦਾ ਦੌਰ ਵੀ ਦੇਖਿਆ।

ਆਪਣੇ ਜੀਵਨ ਵਿੱਚ ਸੂਬੇ ਦਾ ਬਦਲਦਾ ਨਕਸ਼ਾ ਦੇਖਣ ਦੇ ਨਾਲ-ਨਾਲ, ਇਸ ਨੂੰ ਸਿਆਸੀ, ਧਾਰਮਿਕ ਤੇ ਸਮਾਜਿਕ ਪੱਖੋਂ ਬਦਲਦਿਆਂ ਦੇਖਿਆ ਤੇ ਹੁਣ ਹਰ ਪੱਖੋਂ ਕਾਮਯਾਬ, ਖ਼ੂਬਸੂਰਤ ਜ਼ਿੰਦਗੀ ਜੀਅ ਰਹੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News