ਅਮਰੀਕਾ ’ਚ ਪੱਗ ਲਈ ਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ ’ਚ ਗ੍ਰਿਫ਼ਤਾਰੀ ਹੋਈ, ਪੁਲਿਸ ਨੇ ਮੁਲਜ਼ਮ ਬਾਰੇ ਕੀ ਦੱਸਿਆ
Saturday, Oct 21, 2023 - 05:44 PM (IST)
ਅਮਰੀਕਾ ਵਿੱਚ ਇੱਕ ਸਿੱਖ ਨੌਜਵਾਨ ਉੱਤੇ 15 ਅਕਤੂਬਰ ਨੂੰ, ਉਸ ਦੇ ਪਹਿਰਾਵੇ ਖ਼ਾਸਕਰ ਦਸਤਾਰ ਬੰਨਣ ਨੂੰ ਲੈ ਕੇ ਕਥਿਤ ਤੌਰ ਉੱਤੇ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪੁਲਿਸ ਨੇ ਇਸ ਘਟਨਾ ਦੀ ਜਾਂਚ ਨਫ਼ਰਤੀ ਹਿੰਸਾ ਦੇ ਮਾਮਲੇ ਵਜੋਂ ਸ਼ੁਰੂ ਕੀਤੀ ਸੀ ਅਤੇ ਵੀਰਵਾਰ ਨੂੰ ਕ੍ਰਿਸਟੋਫਰ ਫਿਲੀਪੀਓਕਸ ਨਾ ਦੇ ਇੱਕ ਵਿਅਕਤੀ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਕ੍ਰਿਸਟੋਫ਼ਰ ਪਹਿਲਾਂ ਹੀ ਸਜ਼ਾਯਾਫ਼ਤਾ ਹਨ। ਦੋ ਸਾਲ ਤੋਂ ਵੱਧ ਦੀ ਸਜ਼ਾ ਕੱਟਣ ਤੋਂ ਬਾਅਦ ਕ੍ਰਿਸਟੋਫ਼ਰ ਜੁਲਾਈ 2021 ਵਿੱਚ ਪੈਰੋਲ ’ਤੇ ਬਾਹਰ ਆਏ ਸਨ।
ਆਪਣੇ ਪੈਰੋਲ ਦੇ ਸਮੇਂ ਦੌਰਾਨ ਹੀ 15 ਅਕਤੂਬਰ ਨੂੰ ਕੁਈਨਜ਼ ਵਿੱਚ ਇੱਕ ਬੱਸ ’ਚ ਸਫ਼ਰ ਦੌਰਾਨ ਉਨ੍ਹਾਂ ਨੇ ਕਥਿਤ ਤੌਰ ਉੱਤੇ 19 ਸਾਲਾ ਸਿੱਖ ਨੌਜਵਾਨ ਉੱਤੇ ਹਮਲਾ ਕੀਤਾ। ਇਸ ਮਾਮਲੇ ਵਿੱਚ ਕ੍ਰਿਸਟੋਫ਼ਰ ਉੱਤੇ ਨਫ਼ਰਤੀ ਅਪਰਾਧ ਦੇ ਇਲਜ਼ਾਮ ਲਾਏ ਗਏ ਹਨ।
ਕੀ ਸੀ ਮਾਮਲਾ
ਪੀਟੀਆਈ ਦੀ ਰਿਪੋਰਟ ਮੁਤਾਬਕ ਬੀਤੇ ਐਤਵਾਰ, ਨਿਊਯਾਰਕ ਸ਼ਹਿਰ ਦੇ ਉਪਨਗਰ ਕੁਈਨਜ਼ ਵਿੱਚ ਇੱਕ ਸ਼ਟਲ ਬੱਸ ਵਿੱਚ ਸਫ਼ਰ ਕਰ ਰਹੇ 19 ਸਾਲਾ ਸਿੱਖ ਵਿਅਕਤੀ ’ਤੇ ਦਸਤਾਰ ਬੰਨਣ ਕਰ ਕੇ ਕਥਿਤ ਤੌਰ ਉੱਤੇ ਹਮਲਾ ਕੀਤਾ ਗਿਆ ਸੀ।
ਹਮਲੇ ਵਿੱਚ ਨੌਜਵਾਨ ਜ਼ਖ਼ਮੀ ਹੋਇਆ ਸੀ।
ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹਮਲਾਵਰ ਨੇ ਪਹਿਲਾਂ ਪੀੜਤ ਨੂੰ ਦਸਤਾਰ ਲਾਹੁਣ ਲਈ ਕਿਹਾ ਸੀ।
ਪੁਲਿਸ ਮੁਤਾਬਕ, ਕ੍ਰਿਸਟੋਫ਼ਰ ਨਿਊਯਾਰਕ ਸਿਟੀ ਐੱਮਟੀਏ ਬੱਸ ਵਿੱਚ 19 ਸਾਲਾ ਸਿੱਖ ਲੜਕੇ ਕੋਲ ਗਿਆ ਅਤੇ ਉਸ ਦੀ ਪੱਗ ਦਾ ਹਵਾਲਾ ਦਿੰਦੇ ਹੋਏ ਉਹ ਲੜਕੇ ਨੂੰ ਸੰਬੋਧਿਤ ਹੋਇਆ, "ਅਸੀਂ ਇਸ ਦੇਸ਼ ਵਿੱਚ ਅਜਿਹਾ ਨਹੀਂ ਪਹਿਨਦੇ।”
ਕ੍ਰਿਸਟੋਫ਼ਰ ਨੇ ਪੱਗ ਨੂੰ ਨਿਕਾਬ ਦੱਸਦਿਆਂ ਉਸ ਨੂੰ ਉਤਾਰਨ ਨੂੰ ਕਿਹਾ ਸੀ।
ਪੁਲਿਸ ਦੇ ਮੁਤਾਬਕ ਸ਼ੱਕੀ ਨੇ ਪੀੜਤ ਦੇ ਚਿਹਰੇ, ਪਿੱਠ ਅਤੇ ਸਿਰ ਦੇ ਪਿਛਲੇ ਪਾਸੇ ਮੁੱਕੇ ਮਾਰੇ, ਜਿਸ ਨਾਲ ਉਸ ਦੇ ਸੱਟਾਂ ਲੱਗੀਆਂ।
ਪੁਲਿਸ ਨੇ ਕਿਹਾ ਕਿ ਵਿਅਕਤੀ ਨੇ ਬੱਸ ਤੋਂ ਉਤਰਨ ਅਤੇ ਉਸ ਤੋਂ ਪਹਿਲਾਂ ਨੌਜਵਾਨ ਦੇ ਸਿਰ ਤੋਂ ਪੱਗ ਉਤਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਫ਼ਿਰ ਉਹ ਲਿਬਰਟੀ ਐਵੇਨਿਊ ਵੱਲ ਪੈਦਲ ਹੀ ਚਲਾ ਗਿਆ।
ਮੁਲਜ਼ਮ ਦਾ ਅਪਰਾਧਿਕ ਰਿਕਾਰਡ
ਪੀਟੀਆਈ ਵਲੋਂ ਨਿਊਯਾਰਕ ਡੇਲੀ ਨਿਊਜ਼ ਦੇ ਹਵਾਲੇ ਨਾਲ ਰਿਪੋਰਟ ਕੀਤਾ ਗਿਆ ਹੈ ਕਿ ਪੁਲਿਸ ਨੇ ਰਿਕਾਰਡ ਦਿਖਾਉਂਦੇ ਹੋਏ ਦੱਸਿਆ ਹੈ ਕਿ ਕ੍ਰਿਸਟੋਫ਼ਰ ਨੂੰ ਮੈਨਹਟਨ ਵਿੱਚ ਇੱਕ ਡਕੈਤੀ ਦੀ ਕੋਸ਼ਿਸ਼ ਦੇ ਇਲਜ਼ਾਮਾਂ ਲਈ ਦੋਸ਼ੀ ਪਾਇਆ ਗਿਆ ਸੀ।
ਉਸ ਨੂੰ ਸੂਬੇ ਦੀ ਜੇਲ੍ਹ ਵਿੱਚ ਦੋ ਸਾਲ ਤੋਂ ਵੱਧ ਦੀ ਸਜ਼ਾ ਕੱਟਣ ਤੋਂ ਬਾਅਦ ਜੁਲਾਈ 2021 ਵਿੱਚ ਪੈਰੋਲ ਦੀਆਂ ਸ਼ਰਤਾਂ ’ਤੇ ਰਿਹਾਅ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਉਹ ਕਈ ਹੋਰ ਮਾਮਲਿਆਂ ਵਿੱਚ ਵੀ ਲੋੜੀਂਦਾ ਹੈ। ਬੀਤੇ ਮਹੀਨੇ ਬਰੁਕਲਿਨ ਵਿੱਚ ਸਰਕਾਰੀ ਪ੍ਰਸ਼ਾਸਨਿਕ ਕੰਮਕਾਜ ਵਿੱਚ ਰੁਕਾਵਟ ਪਾਉਣ ਲਈ ਵੀ ਕ੍ਰਿਸਟੋਫ਼ਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
‘ਕਿਸੇ ਨੂੰ ਉਸ ਦੀ ਦਿੱਖ ਲਈ ਤੰਗ ਨਹੀਂ ਕੀਤਾ ਜਾਣਾ ਚਾਹੀਦਾ’
ਸਿੱਖ ਨੌਜਵਾਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਹਮਲੇ ਨੇ ਉਨ੍ਹਾਂ ਨੂੰ ‘ਝੰਜੋੜ’ ਕੇ ਰੱਖ ਦਿੱਤਾ ਹੈ ਅਤੇ ਉਸ ਅੰਦਰ ‘ਗੁੱਸਾ’ ਭਰ ਦਿੱਤਾ ਹੈ।
ਉਸ ਨੇ ਕਿਹਾ ਕਿ ਕਿਸੇ ਨੂੰ ਵੀ ਉਸ ਦੀ ਦਿੱਖ ਬਦਲੇ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
ਪੀਟੀਆਈ ਨੇ ਏਬੀਸੀ ਨਿਊਜ਼ ਦੇ ਹਵਾਲੇ ਨਾਲ ਰਿਪੋਰਟ ਕੀਤਾ ਹੈ ਕਿ ਭਾਈਚਾਰੇ ਲਈ ਕੰਮ ਕਰਨ ਵਾਲੇ ਕਾਰਕੁਨ ਜਪਨੀਤ ਸਿੰਘ ਨੇ ਕਿਹਾ, “ਇਸ ਸਮੇਂ, ਪੀੜਤ ਬਹੁਤ ਸਦਮੇ ਵਿੱਚ ਹੈ। ਉਸ ਦਾ ਪਰਿਵਾਰ ਵੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹੈ।"
ਬੀਬੀਸੀ ਵੱਲੋਂ ਵੀ ਪਰਿਵਾਰ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਹਾਲਾਂਕਿ ਸਿੱਖ ਨੌਜਵਾਨ ਨੇ ਮੌਕੇ ''''ਤੇ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ। ਪਰ ਜਪਨੀਤ ਸਿੰਘ ਮੁਤਾਬਕ ਪੀੜਤ ਇੰਨਾ ਬੁਰੀ ਤਰ੍ਹਾਂ ਜ਼ਖਮੀ ਸੀ ਕਿ ਉਹ ਅਗਲੇ ਕੁਝ ਦਿਨਾਂ ਤੱਕ ਕੰਮ ਕਰਨ ਦੇ ਯੋਗ ਨਹੀਂ ਹੋ ਸਕੇਗਾ।
ਐੱਮਟੀਏ ਦੇ ਕਾਰਜਕਾਰੀ ਮੁੱਖ ਗਾਹਕ ਅਧਿਕਾਰੀ ਸ਼ਨੀਫਾਹ ਰਿਆਰਾ ਨੇ ਕਿਹਾ ਹੈ, “ਮੈਂ ਵੀਡੀਓ ਦੇਖੀ ਅਤੇ ਇਸ ਤੋਂ ਮੈਨੂੰ ਗੁੱਸਾ ਆਇਆ ਹੈ। ਪੀੜਤ ਨਾਲ ਜੋ ਹੋਇਆ ਉਸ ਤੋਂ ਮੈਂ ਚਿੰਤਿਤ ਹਾਂ।”
"ਨਿਊਯਾਰਕ ਸਿਟੀ ਇੱਕ ਚੰਗਾ ਸ਼ਹਿਰ ਹੈ ਅਤੇ ਇਹ ਮੇਰੀ ਸਮਝ ਮੁਤਾਬਕ ਇਹ ਵਿਅਕਤੀ ਇਸ ਸ਼ਹਿਰ ਵਿੱਚ ਕਰੀਬ ਇੱਕ ਸਾਲ ਤੋਂ ਸੀ ਅਤੇ ਆਪਣੇ ਸ਼ਹਿਰ ਵਿੱਚ ਲੋਕਾਂ ਦਾ ਸਵਾਗਤ ਕਰਨ ਦਾ ਇਹ ਤਰੀਕਾ ਨਹੀਂ ਹੈ।"
ਅਮਰੀਕਾ ਵਿੱਚ ਨਫ਼ਰਤੀ ਹਿੰਸਾ ਬਾਰੇ ਅੰਕੜੇ ਕੀ ਕਹਿੰਦੇ ਹਨ
ਐੱਫਬੀਆਈ ਮੁਤਾਬਕ, ਪਿਛਲੇ ਸਾਲ ਅਮਰੀਕਾ ਵਿੱਚ ਨਫ਼ਰਤੀ ਹਿੰਸਾ ਦੇ ਅੰਕੜੇ ਸਭ ਤੋਂ ਉੱਚੇ ਪੱਧਰ ''''ਤੇ ਪਹੁੰਚ ਗਏ ਸਨ।
ਐੱਫਬੀਆਈ ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ਮੁਤਾਬਕ, ਸਾਲ 2022 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਨਫ਼ਰਤੀ ਹਿੰਸਾ ਦੇ ਕੇਸ ਸਾਹਮਣੇ ਆਏ ਹਨ, ਜੋ 2021 ਦੇ ਮੁਕਾਬਲੇ ਲਗਭਗ 7 ਫੀਸਦ ਵੱਧ ਹਨ।
ਜੇਕਰ ਇਨ੍ਹਾਂ ਅੰਕੜਿਆਂ ਵਿੱਚ ਧਰਮ ਵਿਰੁੱਧ ਹੋਏ ਨਫ਼ਰਤੀ ਅਪਰਾਧਾਂ ਦੀ ਗੱਲ ਕਰੀਏ ਤਾਂ ਸਿੱਖ ਧਰਮ ਦਾ ਨੰਬਰ ਦੂਜਾ ਹੈ।
ਇਸ ਵਿੱਚ ਪਹਿਲੇ ਸਥਾਨ ''''ਤੇ ਯਹੂਦੀ, ਫਿਰ ਕ੍ਰਮਵਾਰ, ਸਿੱਖ, ਇਸਲਾਮ, ਕੈਥੋਲਿਕ ਅਤੇ ਬੁੱਧ ਮਤ ਹੈ।
ਬੀਬੀਸੀ ਨਾਲ ਗੱਲ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਹਮਲਾਵਰ ਰਾਜਨੀਤਿਕ ਬਿਆਨਬਾਜ਼ੀ ਅਤੇ ਸੋਸ਼ਲ ਮੀਡੀਆ ਸਣੇ ਕਈ ਕਾਰਕਾਂ ਨੇ ਹਿੰਸਾ ਵਿੱਚ ਇਸ ਵਾਧੇ ਵਿੱਚ ਯੋਗਦਾਨ ਪਾਇਆ ਹੈ।
ਉਨ੍ਹਾਂ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਆਗਾਮੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਅਤੇ ਮੱਧ ਪੂਰਬ ਵਿੱਚ ਚੱਲ ਰਹੀ ਹਿੰਸਾ ਕਾਰਨ ਇਹ ਹੋਰ ਭਖ ਸਕਦਾ ਹੈ।
ਬੀਤੇ ਸਾਲਾਂ ਵਿੱਚ ਘਟਨਾਵਾਂ ਤੇਜ਼ੀ ਨਾਲ ਵਧੀਆਂ
ਐੱਫਬੀਆਈ ਨੇ 1991 ਵਿੱਚ ਨਫ਼ਰਤੀ ਅਪਰਾਧਾਂ ਬਾਰੇ ਡੇਟਾ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਉਦੋਂ ਤੋਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।
ਐੱਫਬੀਆਈ ਦੇ ਅਨੁਸਾਰ, 2022 ਵਿੱਚ, ਸ਼ਿਆਹ ਫਾਮ-ਵਿਰੋਧੀ ਜਾਂ ਅਫ਼ਰੀਕੀ-ਵਿਰੋਧੀ-ਅਮਰੀਕੀ ਨਫ਼ਰਤ ਹਿੰਸਾ ਸਭ ਤੋਂ ਵੱਧ ਆਮ ਤੌਰ ''''ਤੇ ਰਿਪੋਰਟ ਕੀਤੇ ਗਏ ਸਨ।
ਇਸ ਤੋਂ ਬਾਅਦ ਯਹੂਦੀ ਵਿਰੋਧੀ ਅਤੇ ਸਮਲਿੰਗੀ ਵਿਰੋਧੀ ਘਟਨਾਵਾਂ ਸਨ। ਕੁਲ ਮਿਲਾ ਕੇ, ਅਮਰੀਕਾ ਨੇ ਇਸ ਸਾਲ 11,643 ਕੇਸ ਨਫ਼ਰਤੀ ਹਿੰਸਾ ਦੇ ਦਰਜ ਕੀਤੇ, ਜਿਸ ਵਿੱਚ ਹਿੰਸਾ, ਧਮਕਾਉਣ ਅਤੇ ਹਮਲੇ ਦੀਆਂ ਘਟਨਾਵਾਂ ਸ਼ਾਮਲ ਹਨ।
ਮਾਹਿਰਾਂ ਨੇ ਕਿਹਾ ਕਿ ਵਾਧੇ ਦੇ ਹਿੱਸੇ ਵਜੋਂ ਹਰ ਸਾਲ ਰਿਪੋਰਟਿੰਗ ਵਿੱਚ ਸੁਧਾਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਕਿਉਂਕਿ ਅਮਰੀਕੀਆਂ ਨੇ ਘਟਨਾਵਾਂ ਬਾਰੇ ਬੋਲਣਾ ਸਿੱਖਿਆ ਅਤੇ ਹੋਰ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕੀਤੀ।
ਪਰ ਡੇਟਾ ਅਜੇ ਵੀ ਕਈ ਵਾਰ ਗ਼ਲਤ ਸਾਬਤ ਹੋਇਆ ਹੈ।
ਇਸ ਦੀ ਜਾਣਕਾਰੀ ਲਈ, ਐੱਫਬੀਆਈ ਸਵੈ-ਇੱਛਾ ਨਾਲ ਰਿਪੋਰਟਾਂ ਜਮ੍ਹਾਂ ਕਰਾਉਣ ਲਈ ਹਜ਼ਾਰਾਂ ਸੰਘੀ, ਰਾਜ, ਸਥਾਨਕ, ਕਬਾਇਲੀ ਅਤੇ ਯੂਨੀਵਰਸਿਟੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ''''ਤੇ ਨਿਰਭਰ ਕਰਦੀ ਹੈ।
ਪਰ 2022 ਵਿੱਚ, ਮਿਸਾਲ ਵਜੋਂ, ਲਗਭਗ 18,000 ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚੋਂ ਸਿਰਫ 14,631 ਨੇ ਐੱਫਬੀਆਈ ਨੂੰ ਨਫ਼ਰਤ ਹਿੰਸਾ ਦਾ ਡੇਟਾ ਸੌਂਪਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)