ਕੀ ਗਲੂਟਨ ਰਹਿਤ ਖਾਣਾ ਵਾਕਈ ਤੁਹਾਡੀ ਸਿਹਤ ਲਈ ਠੀਕ ਹੈ
Friday, Oct 20, 2023 - 05:14 PM (IST)
ਬ੍ਰਿਟੇਨ ਦੇ ਇੱਕ ਖੋਜ ਅਦਾਰੇ ਮਿੰਟੈਲ ਮੁਤਾਬਕ ਅੱਠ ਫੀਸਦੀ ਬਾਲਗਾਂ ਦੀ ਰਾਇ ਸੀ ਕਿ ਉਹ “ਸਿਹਤਮੰਦ ਤਰਜ਼ੇ ਜ਼ਿੰਦਗੀ” ਦੇ ਹਿੱਸੇ ਵਜੋਂ ਗਲੂਟਨ ਵਾਲੀ ਖੁਰਾਕ ਤੋਂ ਪਰਹੇਜ਼ ਕਰਦੇ ਹਨ।
ਇਹ ਸਹੀ ਹੈ ਕਿ ਗਲੂਟਨ ਖਾਣ ਨਾਲ ਸੀਲੀਆਕ ਰੋਗ ਤੋਂ ਪੀੜਤ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਕੀ ਗਲੂਟਨ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ?
ਗਲੂਟਨ ਦਾ ਸਾਡੇ ਸਰੀਰ ਉੱਤੇ ਕੀ ਪ੍ਰਭਾਵ ਹੋ ਸਕਦਾ ਹੈ?
ਗਲੂਟਨ ਤੋਂ ਰਿਐਕਸ਼ਨ ਦੇ ਸੰਭਾਵੀ ਕਾਰਨਾਂ ਵਿੱਚ ਅਲਰਜੀ, ਅਸਹਿਣਸ਼ੀਲਤਾ ਅਤੇ ਆਟੋਇਮਿਊਨ ਰੋਗ ਹਨ।
ਸੀਲੀਆਕ ਰੋਗ, ਜੋ ਔਰਤਾਂ ਲਈ ਵੱਧ ਖ਼ਤਰਨਾਕ ਹੈ
ਸੀਲੀਆਕ ਰੋਗ ਪਾਚਣ ਪ੍ਰਣਾਲੀ ਨਾਲ ਜੁੜਿਆ ਇੱਕ ਗੰਭੀਰ ਰੋਗ ਹੈ ਜਿਸ ਦੇ ਪ੍ਰਭਾਵ ਤਾਉਮਰ ਰਹਿ ਸਕਦੇ ਹਨ।
ਇਸ ਨਾਲ ਪ੍ਰਭਾਵਿਤ ਲੋਕ ਜਦੋਂ ਗਲੂਟਨ ਖਾਂਦੇ ਹਨ ਤਾਂ ਉਨ੍ਹਾਂ ਦਾ ਇਮਊਨ ਸਿਸਟਮ (ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੀ ਪ੍ਰਕਿਰਿਆ) ਹੀ ਆਪਣੇ ਉੱਤੇ ਹਮਲਾ ਕਰ ਦਿੰਦਾ ਹੈ। ਜਿਵੇਂ ਕਿਸੇ ਦੇਸ ਦੀ ਫੌਜ ਬਗਾਵਤ ਕਰਕੇ ਆਪਣੇ ਹੀ ਦੇਸ ’ਤੇ ਹਮਲਾ ਕਰ ਦੇਵੇ।
ਇਸ ਨਾਲ ਛੋਟੀ ਆਂਦਰ ਦੀ ਅੰਦਰੂਨੀ ਝਿੱਲੀ ਨੂੰ ਨੁਕਸਾਨ ਪਹੁੰਚਦਾ ਹੈ।
ਨਤੀਜੇ ਵਜੋਂ ਸਰੀਰ ਭੋਜਨ ਵਿੱਚ ਜ਼ਰੂਰੀ ਪੋਸ਼ਕ ਤੱਤ ਚੂਸਣ ਤੋਂ ਨਕਾਰਾ ਹੋ ਜਾਂਦਾ ਹੈ। ਸੀਲੀਆਕ ਰੋਗ ਖਾਣੇ ਤੋਂ ਹੋਣ ਵਾਲੀ ਐਲਰਜੀ ਨਹੀਂ, ਸਗੋਂ ਇੱਕ ਆਟੋਇਮੀਊਨ ਰੋਗ ਹੈ।
ਇਹ ਲਾਇਲਾਜ ਹੈ। ਇਸ ਦਾ ਇੱਕੋ ਹੱਲ ਸਾਰੀ ਉਮਰ ਗਲੂਟਨ-ਰਹਿਣ ਖੁਰਾਕ ਹੈ। ਬੇਸ਼ੱਕ ਤੁਹਾਡੇ ਲੱਛਣ ਮੱਧਮ ਹੀ ਕਿਉਂ ਨਾ ਹੋਣ ਤੁਹਾਨੂੰ ਗਲਟਨ ਤੋਂ ਪਰਹੇਜ਼ ਹੀ ਕਰਨਾ ਪਵੇਗਾ।
ਸੀਲੀਆਕ ਰੋਗ ਦੇ ਰਿਪੋਰਟ ਹੋਏ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਇਹ ਰੋਗ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਦੋ-ਤਿੰਨ ਗੁਣਾ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਭਾਵ ਇੱਕ ਮਰਦ ਪਿੱਛੇ ਦੋ ਜਾਂ ਤਿੰਨ ਔਰਤਾਂ ਨੂੰ ਇਹ ਰੋਗ ਹੁੰਦਾ ਹੈ।
ਕਣਕ ਤੋਂ ਅਲਰਜੀ
ਕਣਕ ਤੋਂ ਹੋਣ ਵਾਲਾ ਰਿਐਕਸ਼ਨ ਇਸ ਵਿੱਚ ਮੌਜੂਦ ਤੱਤਾਂ ਕਾਰਨ ਪੈਦਾ ਹੁੰਦਾ ਹੈ। ਉਹ ਤੱਤ ਗਲੂਟਨ ਨਹੀਂ ਹੈ।
ਇਹ ਰਿਐਕਸ਼ਨ ਆਮ ਕਰਕੇ ਕਣਕ ਖਾਣ ਤੋਂ ਕੁਝ ਪਲਾਂ ਵਿੱਚ ਹੀ ਸਾਹਮਣੇ ਆ ਜਾਂਦਾ ਹੈ। ਜੇਕਰ ਤੁਹਾਨੂੰ ਕਣਕ ਤੋਂ ਅਲਰਜੀ ਹੋਵੇ ਫਿਰ ਵੀ ਤੁਸੀਂ ਬਾਜਰਾ ਅਤੇ ਰਾਈ ਖਾ ਸਕਦੇ ਹੋ।
ਦਿਲਚਸਪ ਗੱਲ ਕਿ ਇਹ ਜੇ ਤੁਹਾਡੀ ਖ਼ੁਰਾਕ ਵਿੱਚ ਕਣਕ ਦੇ ਦੂਜੇ ਤੱਤ ਮੌਜੂਦ ਹੋਣ ਤਾਂ ਇਹ ਅਲਰਜੀ ਤੁਹਾਨੂੰ ਗਲੂਟਨ-ਰਹਿਤ ਖਾਣੇ ਤੋਂ ਵੀ ਹੋ ਸਕਦੀ ਹੈ।
ਗਲੂਟਨ ਪ੍ਰਤੀ ਅਸਹਿਣਸ਼ੀਲਤਾ
ਗਲੂਟਨ ਪ੍ਰਤੀ ਅਸਹਿਣਸ਼ੀਲਤਾ ਦੇ ਮਾਮਲੇ ਸੀਲੀਆਕ ਰੋਗ ਜਾਂ ਕਣਕ ਤੋਂ ਐਲਰਜੀ ਤੋਂ ਜ਼ਿਆਦਾ ਹਨ। ਕਿਸੇ ਖੁਰਾਕੀ ਤੱਤ ਪ੍ਰਤੀ ਅਸਹਿਣਸ਼ੀਲਤਾ ਦਾ ਅਰਥ ਹੈ, ਸਰੀਰ ਨੂੰ ਉਸ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
ਅਜਿਹੀ ਹਾਲਤ ਵਿੱਚ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਹੱਥ ਨਹੀਂ ਹੈ, ਇਹ ਵਿਰਾਸਤ ਵਿੱਚ ਨਹੀਂ ਮਿਲਦੀ। ਇਸ ਲਈ ਸ਼ਾਇਦ ਇਹ ਪੇਟ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ।
ਇਸ ਲਈ ਇਕੱਲਾ ਗਲੂਟਨ ਜ਼ਿੰਮੇਵਾਰ ਹੈ ਜਾਂ ਇਹ ਖਾਣੇ ਵਿੱਚੋਂ ਗਲੂਟਨ ਦੇ ਨਾਲ ਕੱਢੇ ਜਾਣ ਵਾਲੇ ਬਾਕੀ ਤੱਤਾਂ ਕਾਰਨ ਹੁੰਦੀ ਹੈ। ਇਸ ਬਾਰੇ ਅਜੇ ਸਾਇੰਸਦਾਨ ਇੱਕ ਰਾਇ ਨਹੀਂ ਹਨ।
ਮਿਸਾਲ ਵਜੋਂ ਜਦੋਂ ਪ੍ਰੋਸੈਸਿੰਗ ਦੌਰਾਨ (ਛਾਣ-ਛਾਣ ਕੇ) ਗਲੂਟਨ ਕੱਢਿਆ ਜਾਂਦਾ ਹੈ ਤਾਂ ਉਸ ਦੇ ਨਾਲ ਹੋਰ ਸੂਖਮ ਕਾਰਬੋਹਾਈਡਰੇਟ ਵੀ ਨਿਕਲ ਜਾਂਦੇ ਹਨ। ਇੰਝ ਤੁਸੀਂ ਉਨ੍ਹਾਂ ਤੋਂ ਮਿਲਣ ਵਾਲੇ ਪੋਸ਼ਣ ਤੋਂ ਵਾਂਝੇ ਰਹਿ ਜਾਂਦੇ ਹੋ।
ਖਾਣੇ ਪ੍ਰਤੀ ਅਸਹਿਣਸ਼ੀਲਤਾ (ਜਾਂ ਗੈਰ-ਸੀਲੀਆਕ ਗਲੂਟਨ ਸੰਵੇਦਨਾਸ਼ੀਲਤਾ) ਦੇ ਲੱਛਣਾਂ ਦੇ ਮੁਕਾਬਲੇ ਐਲਰਜੀ ਦੇ ਲੱਛਣ ਵਧੇਰੇ ਜਲਦੀ ਨਜ਼ਰ ਆਉਣੇ ਸ਼ੁਰੂ ਹੁੰਦੇ ਹਨ। ਜਦਕਿ ਇਸ ਵਿੱਚ ਤਾਂ ਕਈ ਵਾਰ ਕੁਝ ਘੰਟੇ ਵੀ ਲੱਗ ਸਕਦੇ ਹਨ।
ਕਿਸ ਨੂੰ ਵਾਕਈ ਖ਼ੁਰਾਕ ਐਲਰਜੀ ਹੈ?
ਹਾਲਾਂਕਿ ਬਹੁਤ ਸਾਰੇ ਲੋਕ ਆਪਣੇ-ਆਪ ਹੀ ਉਨ੍ਹਾਂ ਨੂੰ ਸੀਲੀਆਕ ਰੋਗ, ਕਣਕ ਤੋਂ ਅਲਰਜੀ ਜਾਂ ਗਲੂਟਨ ਪ੍ਰਤੀ ਅਸਹਿਣਸ਼ੀਲਤਾ ਹੋਣ ਦਾ ਐਲਾਨ ਕਰ ਦਿੰਦੇ ਹਨ। ਜਦਕਿ ਮਾਹਰਾਂ ਦੀ ਰਾਇ ਹੈ ਕਿ ਸੀਲੀਆਕ ਰੋਗ ਦੇ ਮੱਧਮ ਲੱਛਣਾਂ ਦੀ ਤਾਂ ਅਕਸਰ ਜਾਂਚ ਹੀ ਨਹੀਂ ਕੀਤੀ/ਕਰਵਾਈ ਜਾਂਦੀ।
ਜੇ ਤੁਹਾਨੂੰ ਲੱਛਣ ਆ ਰਹੇ ਹਨ ਤਾਂ ਜਾਂਚ ਕਰਕੇ ਸੀਲੀਆਕ ਰੋਗ ਦਾ ਸ਼ੱਕ ਦੂਰ ਕਰ ਲਿਆ ਜਾਣਾ ਚਾਹੀਦਾ ਹੈ। ਖ਼ਾਸ ਕਰਕੇ ਜਦੋਂ ਇਹ ਤੁਹਾਡੇ ਪਰਿਵਾਰ ਵਿੱਚ ਹੋਵੇ।
ਬ੍ਰਿਟੇਨ ਦੀ ਨੈਸ਼ਨਲ ਹੈਲਥ ਸਿਸਟਮਜ਼ (ਬ੍ਰਿਟੇਨ ਦੀ ਜਨਤਕ ਸਿਹਤ ਪ੍ਰਣਾਲੀ) ਮੁਤਾਬਕ ਸੀਲੀਆਕ ਰੋਗ ਦੇ ਮਰੀਜ਼ ਜੇ ਗਲੂਟਨ ਵਰਤਦੇ ਰਹਿਣ ਤਾਂ ਗੰਭੀਰ ਨਤੀਜੇ ਪੈਦਾ ਹੋ ਸਕਦੇ ਹਨ।
ਇਨ੍ਹਾਂ ਨਤੀਜਿਆਂ ਵਿੱਚ ਓਸਟਿਓਪੋਰੋਸਿਸ (ਹੱਡੀਆਂ ਦੀ ਕਮਜ਼ੋਰੀ), ਖੂਨ ਵਿੱਚ ਲੋਹੇ ਦੀ ਕਮੀ, ਵਿਟਾਮਿਨ ਬੀ12 ਅਤੇ ਖੂਨ ਵਿੱਚ ਫੋਲੇਟ ਦੀ ਕਮੀ ਹੋ ਸਕਦੀ ਹੈ।
ਘੱਟ ਸਧਾਰਣ ਅਤੇ ਜ਼ਿਆਦਾ ਗੰਭੀਰ ਨਤੀਜਿਆਂ ਵਿੱਚ ਕੁਝ ਕਿਸਮ ਦੇ ਕੈਂਸਰ ਵੀ ਸ਼ਾਮਲ ਹਨ। ਸੀਲੀਆਕ ਯੂਕੇ ਰਿਸਰਚ ਮੁਤਾਬਕ ਇਸ ਦੀ ਜਾਂਚ ਵਿਚ ਔਸਤ 13 ਸਾਲ ਲੱਗ ਜਾਂਦੇ ਹਨ।
ਗਲੂਟਨ ਰਹਿਤ ਖ਼ੁਰਾਕ ਦੇ ਖ਼ਤਰੇ
ਜ਼ਿਆਦਾਤਰ ਲੋਕਾਂ ਨੂੰ ਗਲੂਟਨ ਰਹਿਤ ਖਾਣਾ, ਖਾਣ ਨਾਲ ਕੋਈ ਲਾਭ ਨਹੀਂ ਹੋਣ ਵਾਲਾ। ਸਗੋਂ ਜੇ ਤੁਸੀਂ ਪੋਸ਼ਕ ਤੱਤਾਂ ਵੱਲ ਬਾਰੀਕੀ ਨਾਲ ਧਿਆਨ ਨਹੀਂ ਦਿਓਗੇ ਤਾਂ ਉਲਟਾ ਤੁਹਾਡੀ ਸਿਹਤ ਦਾ ਨੁਕਸਾਨ ਹੀ ਹੋਵੇਗਾ।
ਸਾਬਤ ਕਣਕ, ਬਾਜਰੇ ਵਿੱਚ ਬੀਜ ਦਾ ਛਾਣ-ਬੂਰਾ ਅੰਕੁਰ (ਜਰਮ), ਭਰੂਣ-ਪੋਸ਼ਕ (ਐਂਡੋ-ਸਪਰਮ) ਮੌਜੂਦ ਹੁੰਦਾ ਹੈ। ਉਸ ਵਿੱਚ ਗਲੂਟਨ ਵੀ ਹੁੰਦਾ ਹੈ। ਇਹ ਪੋਸ਼ਣ, ਰੇਸ਼ਿਆਂ, ਲੋਹਾ, ਬੀ ਵਰਗ ਦੇ ਵਿਟਾਮਿਨਾਂ ਅਤੇ ਕੈਲਸ਼ੀਅਮ ਦਾ ਵੀ ਸਰੋਤ ਹਨ।
ਗਲੂਟਨ ਰਹਿਤ ਉਤਪਾਦ ਮਹੀਨ ਛਾਣੇ ਅਨਾਜਾਂ ਤੋਂ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਸਿਰਫ਼ ਭਰੂਣ-ਪੋਸ਼ਕ ਹੁੰਦਾ ਹੈ ਜਦਕਿ ਬਾਕੀ ਪੋਸ਼ਕ ਤੱਤ ਬਹੁਤ ਥੋੜ੍ਹੇ ਰਹਿ ਜਾਂਦੇ ਹਨ।
ਜੇ ਤੁਸੀਂ ਗਲੂਟਨ ਰਹਿਤ ਖੁਰਾਕ ਅਪਨਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਨ੍ਹਾਂ ਰਿਫਾਈਨਡ-ਖੁਰਾਕਾਂ ਦੀ ਥਾਂ ਗਲੂਟਨ ਰਹਿਤ ਅਨਾਜ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ। ਜਿਵੇਂ - ਕਿਨੂਆ, ਕੋਟੂ ਵਗੈਰਾ। ਇੰਟਰਨੈੱਟ ਤੋਂ ਤੁਸੀਂ ਅਜਿਹੇ ਹੋਰ ਅਨਾਜਾਂ ਅਤੇ ਉਨ੍ਹਾਂ ਦੇ ਸਥਾਨਕ ਨਾਵਾਂ ਬਾਰੇ ਪੜ੍ਹ ਸਕਦੇ ਹਨ।
ਕਹਿਣ ਦਾ ਭਾਵ ਇਹ ਕਿ ਬਜ਼ਾਰੀ ਖੁਰਾਕ ਜਿਸ ਵਿੱਚੋਂ ਛਾਣ-ਛਾਣ ਕੇ ਗਲੂਟਨ ਕੱਢਿਆ ਗਿਆ ਹੋਵੇ ਉਸ ਦੀ ਥਾਂ ਉਹ ਖੁਰਾਕ ਵੱਲ ਲੱਗ ਜਾਣਾ ਜ਼ਿਆਦਾ ਬਿਹਤਰ ਹੈ ਜਿਸ ਵਿੱਚ ਕੁਦਰਤੀਓਂ ਹੀ ਗਲੂਟਨ ਨਹੀਂ ਮਿਲਦਾ।
ਗਲੂਨਟ ਰਹਿਤ-ਗਲੂਟਨ ਰਹਿਤ ਦਾ ਰੌਲਾ ਪਾ ਕੇ ਕਾਰੋਬਾਰੀਆਂ ਨੇ ਵੱਡੇ ਮੁਨਾਫ਼ੇ ਕਮਾਏ ਹਨ ਅਤੇ ਕੁਝ ਉਤਪਾਦਾਂ ਉੱਪਰ ਚਰਬੀ(ਫੈਟ) ਅਤੇ ਕੈਲੋਰੀਜ਼ ਦੀ ਬਹੁਤ ਜ਼ਿਆਦਾ ਮਾਤਰਾ ਹੋਣ ਦੇ ਇਲਜ਼ਾਮ ਵੀ ਲੱਗਦੇ ਹਨ।
ਗਲੂਟਨ ਕਿੱਥੇ ਲੁਕਿਆ ਹੁੰਦਾ ਹੈ?
ਪੇਸਟਰੀਆਂ, ਕੇਕ, ਬਿਸਕੁਟ ਅਤੇ ਬਰੈਡ ਗਲੂਟਨ ਲਈ ਬਦਨਾਮ ਹਨ ਪਰ ਇਹ ਤਾਂ ਸਾਡੀ ਰੁਜ਼ਾਨਾ ਖੁਰਾਕ ਦੀਆਂ ਕਈ ਚੀਜ਼ਾਂ ਵਿੱਚ ਚੋਰ ਵਾਂਗ ਲੁਕਿਆ ਹੁੰਦਾ ਹੈ।
ਸਵੇਰ ਦਾ ਨਾਸ਼ਤਾ— ਜ਼ਿਆਦਾਤਰ ਨਾਸ਼ਤੇ ਦੇ ਸੀਰੀਅਲਜ਼ ਵਿੱਚ ਕੁਝ ਕਣਕ ਅਤੇ ਗਲੂਟਨ ਹੋਵੇਗਾ ਹੀ। ਇਸ ਦੀ ਥਾਂ ਓਟਸ ਦਾ ਦਲੀਆ, ਕੋਰਨ ਫਲੇਕਸ ਲਿਆ ਜਾ ਸਕਦਾ ਹੈ। ਹਾਂ ਪੋਸ਼ਕ ਤੱਤਾਂ ਲਈ ਲੇਬਲ ਜ਼ਰੂਰ ਪੜ੍ਹ ਲਓ।
ਚਟਣੀਆਂ— ਗਲੂਟਨ ਮੁਰਗੀ, ਬੀਫ਼ ਜਾਂ ਸ਼ਾਕਾਹਾਰੀ ਉਤਪਾਦਾਂ ਜਿਵੇਂ ਸੌਇਆ ਸੌਸ ਸਮੇਤ ਹੋਰ ਚਟਣੀਆਂ ਵਿੱਚ, ਗਰੇਵੀਆਂ ਵਿੱਚ, ਮੁਰੱਬਿਆਂ ਵਿੱਚ, ਕੈਚਪ ਚਟਣੀਆਂ ਵਿੱਚ, ਮਾਇਓਨੀਜ਼ ਅਤੇ ਸਲਾਦ ਵਿੱਚ ਪਾਈਆਂ ਜਾਣ ਵਾਲੀਆਂ ਹੋਰ ਚੀਜ਼ਾਂ ਵਿੱਚ ਹੋ ਸਕਦਾ ਹੈ। ਲੇਬਲ ਹਮੇਸ਼ਾ ਪੜ੍ਹੋ। ਰਸੋਈ ਵਿੱਚ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇੱਕ ਤੋਂ ਦੂਜੀ ਚੀਜ਼ ਦੂਸ਼ਿਤ (ਕਰਾਸ-ਕੰਟੈਮੀਨੇਟ) ਨਾ ਹੋਵੇ।
ਕਈ ਸਾਰੇ ਸਨੈਕਸ ਵਿੱਚ ਗਲੂਟਨ ਹੁੰਦਾ ਹੈ। ਇਸ ਵਿੱਚ ਕਈ ਕਿਸਮ ਦੇ ਚਿਪਸ ਸ਼ਾਮਲ ਹਨ। ਮੱਕੀ ਦੇ ਫੁੱਲੇ, ਗਿਰੀਆਂ ਤੇ ਬੀਜ, ਗਲੂਟਨ ਰਹਿਤ ਚਿਪਸ ਵੀ, ਪਰ ਲੇਬਲ ਹਮੇਸ਼ਾ ਪੜ੍ਹੋ।
ਕੁਝ ਕਿਸਮ ਦੀਆਂ ਸ਼ਰਾਬਾਂ ਜਿਵੇਂ ਕਿ ਬੀਅਰ, ਏਲ, ਲਾਈਟ ਬੀਅਰ ਅਤੇ ਗਲੂਟਨ ਵਾਲੇ ਅਨਾਜ ਤੋਂ ਤਿਆਰ ਕੀਤੀਆਂ ਜਾਂਦੀਆਂ ਸ਼ਰਾਬਾਂ ਹਨ।
ਸ਼ੈਰੀ, ਪੋਰਟ ਅਤੇ ਸ਼ਰਾਬਾਂ ਸੀਲੀਆਕ ਰੋਗ ਵਾਲਿਆਂ ਲਈ ਠੀਕ ਹਨ। ਗਲੂਟਨ ਰਹਿਤ ਬੀਅਰ ਵੀ ਮਿਲਦੀ ਹੈ। ਫਿਰ ਕਹਾਂਗੇ ਲੇਬਲ ਜ਼ਰੂਰ ਪੜ੍ਹੋ।
ਅਨਾਜਾਂ ਜਿਵੇਂ ਕਿ ਕੂਸਕੂਸ, ਸੂਜੀ ਅਤੇ ਬਲਗਰ-ਵ੍ਹੀਟ ਆਦਿ ਵਿੱਚ ਗਲੂਟਨ ਹੁੰਦਾ ਹੈ। ਇਸ ਲਈ ਬਲਗਰ-ਵ੍ਹੀਟ ਤੇ ਕੂਸਕੂਸ ਦੀ ਥਾਂ ਕਿੰਨੂਆ ਅਤੇ ਸੂਜੀ ਨਾਲੋਂ ਮੱਕੀ ਦਾ ਦਲੀਆ ਅਤੇ ਗਰਾਊਂਡ ਰਾਈਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)