ਫਾਜ਼ਿਲਕਾ: ਫ੍ਰੀ ਬਸ ਸੇਵਾ ਨੇ ਕਿਵੇਂ ਪਿੰਡ ਦੇ ਇਸ ਸਰਕਾਰੀ ਸਕੂਲ ਦੇ ਬੱਚਿਆਂ ਦੀ ਬਦਲ ਦਿੱਤੀ ਜ਼ਿੰਦਗੀ

Thursday, Oct 19, 2023 - 09:59 AM (IST)

ਫਾਜ਼ਿਲਕਾ
BBC

ਸਰਹੱਦੀ ਖੇਤਰ ਜ਼ਿਲ੍ਹਾ ਫਾਜ਼ਿਲਕਾ ਵਿੱਚ ਪੈਂਦਾ ਪਿੰਡ ਚਾਨਣ ਵਾਲੇ ਦੇ ਸਰਕਾਰੀ ਸਕੂਲ ਦੇ ਚਰਚੇ ਹੋ ਰਹੇ ਹਨ ਕਿ ਨੇੜਲੇ ਪਿੰਡਾਂ ਤੋਂ ਇਲਾਵਾ ਸ਼ਹਿਰ ਦੇ ਬੱਚੇ ਵੀ ਇੱਥੇ ਪੜ੍ਹਨ ਲਈ ਆ ਰਹੇ ਹਨ।

ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਇੱਕ ਅਜਿਹਾ ਸਕੂਲ ਹੈ, ਜਿਸ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਬੱਚੇ ਇਸ ਸਕੂਲ ਵਿੱਚ ਪੜ੍ਹਣ ਲਈ ਆਪਣੀ ਇੱਛਾ ਜ਼ਾਹਿਰ ਕਰਦੇ ਹਨ।

ਇਹ ਸਕੂਲ ਵਿਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਵਿੱਚ ਵੀ ਬੱਚਿਆਂ ਦੇ ਵਿਕਾਸ ਨੂੰ ਦੇਖਦਾ ਹੈ।

ਹੈੱਡ ਟੀਚਰ ਲਵਜੀਤ ਗਰੇਵਾਲ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਇਸ ਸਕੂਲ ਵਿੱਚ 150 ਦੇ ਕਰੀਬ ਬੱਚੇ ਪੜ੍ਹਦੇ ਸਨ।

ਉਹ ਕਹਿੰਦੇ ਹਨ, "ਕੁੜੀਆਂ ਦੇ ਮਾਪੇ ਹਮੇਸ਼ਾ ਹੀ ਫਿਕਰਮੰਦ ਹੁੰਦੇ ਸਨ ਅਤੇ ਹੁਣ ਜਦੋਂ ਬੱਚਿਆਂ ਨੂੰ ਸਕੂਲ ਵੈਨ ਘਰ ਦੇ ਮੂਹਰੋਂ ਚੁੱਕਦੀ ਹੈ ਅਤੇ ਸਕੂਲ ਛੱਡਦੀ ਹੈ ਤਾਂ ਮਾਪੇ ਵੀ ਬੇਫਿਕਰੇ ਹੋ ਜਾਂਦੇ ਹਨ।"

ਉਹ ਅੱਗੇ ਦੱਸਦੇ ਹਨ ਪਹਿਲਾਂ ਵੈਨਾਂ ਦੀ ਸ਼ੁਰੂਆਤ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਵਿਭਾਗ ਨੇ ਮਦਦ ਕੀਤੀ।

ਵਿਭਾਗ ਦੇ ਸਹਿਯੋਗ ਨਾਲ ਚੱਲਦਿਆਂ ਹੁਣ ਵੈਨਾਂ ਨੂੰ ਤੀਜਾ ਸਾਲ ਹੋ ਗਿਆ ਹੈ। ਇਸ ਵੇਲੇ ਸਵਾ ਤਿੰਨ ਸੋ ਬੱਚਾ ਸਕੂਲੀ ਟਰਾਂਸਪੋਰਟ ਦੀ ਸੁਵਿਧਾ ਲੈ ਰਿਹਾ ਹੈ।

ਲਵਜੀਤ ਗਰੇਵਾਲ
Kulbir Brar/BBC

ਸਕੂਲ ਵਿੱਚ ਕਰੀਬ ਇਸ ਵੇਲੇ 463 ਬੱਚੇ ਪੜ੍ਹ ਰਹੇ ਹਨ। ਗਰੇਵਾਲ ਦੱਸਦੇ ਹਨ ਕਿ ਕਰੀਬ 11 ਪਿੰਡਾਂ ਦੇ ਬੱਚੇ ਇੱਥੇ ਪੜ੍ਹਨ ਆ ਰਹੇ ਹਨ।

2019 ਵਿੱਚ ਸਰਹੱਦੀ ਇਲਾਕੇ ਵਿੱਚ ਖੁੱਲ੍ਹਿਆ ਇਹ ਏਸੀ ਸਕੂਲ ਅਤੇ ਪਹਿਲਾ ਸਮਾਰਟ ਸਕੂਲ ਸੀ। ਇਥੋਂ ਦਾ ਮਿਹਨਤੀ ਸਟਾਫ ਹੋਣ ਕਰਕੇ ਇਸ ਸਕੂਲ ਵਿੱਚ ਸ਼ਹਿਰ ਫਾਜ਼ਿਲਕਾ ਤੋਂ ਵੀ ਬੱਚੇ ਪਿੰਡ ਵਿੱਚ ਪੜ੍ਹਣ ਲਈ ਆਉਂਦੇ ਹਨ।

ਸਰਕਾਰੀ ਸਕੂਲ
Kulbir Brar/BBC

ਸਕੂਲ ਡਿਪਟੀ ਡੀਓ ਐਲੀਮੈਂਟਰੀ ਅੰਜੂ ਰਾਣੀ ਦਾ ਕਹਿਣਾ ਹੈ ਕਿ ਪਿੰਡ ਚਾਨਣ ਵਾਲੇ ਦਾ ਪ੍ਰਾਇਮਰੀ ਸਕੂਲ ਸਾਡੇ ਜ਼ਿਲ੍ਹੇ ਦਾ ਸਭ ਤੋਂ ਵਧੀਆ ਸਕੂਲ ਹੈ।

ਉਨ੍ਹਾਂ ਨੇ ਕਿਹਾ, "ਲੋਕਾਂ ਦੀ ਮੰਗ ਸੀ ਕਿ ਉਹ ਪਿੰਡ ਚਾਨਣ ਵਾਲਾ ਸਕੂਲ ਵਿੱਚ ਬੱਚੇ ਪੜ੍ਹਾਉਣਾ ਚਾਹੁੰਦੇ ਸਨ। ਪਰ ਬਾਰਡਰ ਪੱਟੀ ''''ਤੇ ਸਕੂਲ ਹੋਣ ਕਾਰਨ ਇਥੇ ਬੱਚਿਆਂ ਦੇ ਆਉਣ ਜਾਣ ਲਈ ਕੋਈ ਸੁਵਿਧਾ ਨਹੀਂ ਸੀ।"

"ਇਸ ਲਈ ਬੱਚਿਆਂ ਦੇ ਮਾਪਿਆਂ ਦੀ ਇਹ ਮੰਗ ਸੀ ਕਿ ਇੱਥੇ ਵੈਨਾਂ ਲਗਾਈਆਂ ਜਾਣ। ਹੁਣ ਇੱਥੇ 10 ਤੋਂ 12 ਪਿੰਡਾਂ ਦੇ ਬੱਚੇ ਅਤੇ ਫਾਜ਼ਿਲਕਾ ਸ਼ਹਿਰ ਦੇ ਬੱਚੇ ਵੀ ਪੜ੍ਹਨ ਲਈ ਆਉਂਦੇ ਹਨ। ਬੱਚਿਆਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਇਸੇ ਕਾਰਨ ਬੱਚਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।"

ਪਰਵਿੰਦਰ ਕੁਮਾਰੀ
Kulbir Brar/BBC
ਪਰਵਿੰਦਰ ਕੁਮਾਰੀ ਦੇ ਦੋ ਬੱਚੇ ਇਸ ਸਕੂਲ ਵਿੱਚ ਪੜ੍ਹਦੇ ਹਨ

ਮਾਪਿਆਂ ਦੀ ਪ੍ਰਤੀਕਿਰਿਆ

ਘੜੁੰਮੀ ਪਿੰਡ ਦੀ ਰਹਿਣ ਵਾਲੀ ਪਰਵਿੰਦਰ ਕੁਮਾਰੀ ਦਾ ਕਹਿਣਾ ਹੈ ਕਿ ਮੇਰੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਨਾਲੋਂ ਇਹ ਜ਼ਿਆਦਾ ਵਧੀਆ ਲੱਗਿਆ ਹੈ।

ਪਰਵਿੰਦਰ ਕੁਮਾਰੀ ਦੇ ਤਿੰਨੋਂ ਬੱਚੇ ਇਸੇ ਸਕੂਲ ਵਿੱਚ ਪੜ੍ਹਦੇ ਹਨ। ਉਹ ਦੱਸਦੇ ਹਨ, "ਅਸੀਂ ਪੰਜ ਤੋਂ ਛੇ ਕਿਲੋਮੀਟਰ ਦੀ ਦੂਰੀ ਤੋਂ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਪੜ੍ਹਨ ਲਈ ਭੇਜਦੇ ਹਾਂ, ਜੇਕਰ ਅਸੀਂ ਕਿਸੇ ਹੋਰ ਪ੍ਰਾਈਵੇਟ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਹਾਂ ਤਾਂ ਉੱਥੇ ਆਉਣ-ਜਾਣ ਦਾ ਖਰਚਾ ਸਕੂਲ ਦੇ ਖਰਚੇ ਨਾਲੋਂ ਵੀ ਕਈ ਗੁਣਾ ਵੱਧ ਹੁੰਦਾ ਹੈ।"

"ਇੱਥੇ ਇਹ ਸੁਵਿਧਾ ਬਿਲਕੁਲ ਮੁਫ਼ਤ ਹੈ। ਮੇਰੇ ਬੱਚਿਆਂ ਦਾ ਆਤਮ-ਵਿਸ਼ਵਾਸ਼ ਵੀ ਵਧਿਆ ਹੈ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਹਿੱਸਾ ਲੈ ਰਹੇ ਹਨ।"

ਚਾਨਣ ਵਾਲਾ ਸਕੂਲ ਵਿੱਚ ਪੜ੍ਹਣ ਵਾਲੇ ਬੱਚਿਆਂ ਦੇ ਪਿਤਾ ਵਿਕਾਸ ਕੁਮਾਰ ਦਾ ਕਹਿਣਾ ਹੈ ਕਿ ਸਕੂਲ ਵਿੱਚ ਫ੍ਰੀ ਵੈਨ ਲੱਗੀ ਹੋਈ ਹੈ, ਜਿਸ ਦੀ ਕਾਫੀ ਸਹੂਲਤ ਹੈ। ਸਕੂਲ ਦੀ ਪੜ੍ਹਾਈ ਵੀ ਬਹੁਤ ਵਧੀਆ ਹੈ।

ਗੁਰਵਿੰਦਰ ਸਿੰਘ
Kulbir Brar/BBC
ਵੈਨ ਦੇ ਡਰਾਈਵਰ ਗੁਰਵਿੰਦਰ ਸਿੰਘ

ਵੈਨ ਦੇ ਡਰਾਈਵਰ ਗੁਰਵਿੰਦਰ ਸਿੰਘ ਡਰਾਈਵਰ ਦਾ ਕਹਿਣਾ ਹੈ, "ਮੇਰੀ ਅਤੇ ਦੋ ਹੋਰ ਵੈਨਾਂ ਫਾਜ਼ਿਲਕਾ ਸ਼ਹਿਰ ਤੋਂ ਚਲਦੀਆਂ ਹਨ ਜੋ ਕਿ 125 ਦੇ ਕਰੀਬ ਬੱਚੇ ਲੈ ਕੇ ਸਕੂਲ ਜਾਂਦੀਆਂ ਹਨ। ਇਸ ਸਕੂਲ ਵਿੱਚ ਪ੍ਰਾਈਵੇਟ ਸਕੂਲਾਂ ਵਾਲੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਜਿਸ ਕਾਰਨ ਮਾਪੇ ਅਤੇ ਬੱਚੇ ਖੁਸ਼ ਹਨ।"

ਇਸ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਖ਼ਾਸੇ ਖੁਸ਼ ਨਜ਼ਰ ਆ ਰਹੇ ਸਨ। ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਕਈ ਗਤੀਵਿਧੀਆਂ ਹੁੰਦੀਆਂ ਹਨ।

ਪਿੰਡ ਓਡੀਆਂ ਤੋਂ ਸਕੂਲ ਪੜ੍ਹਨ ਵਾਲੇ ਇੱਕ ਵਿਦਿਆਰਥੀ ਸੁਖਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲਾਂ ਸ਼ਹਿਰ ਵਿੱਚ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਸੀ।

ਬੱਚੇ
Kulbir Brar/BBC

ਉਹ ਦੱਸਦਾ ਹੈ ਕਿ ਇੱਥੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵੀ ਹੁੰਦੀਆਂ ਰਹਿੰਦੀਆਂ ਹਨ। "ਮੇਰੇ ਮਾਤਾ ਪਿਤਾ ਨੇ ਪ੍ਰਾਈਵੇਟ ਸਕੂਲ ਵਿੱਚੋਂ ਹਟਾ ਕੇ ਮੈਨੂੰ ਪਿੰਡ ਚਾਨਣ ਵਾਲਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਲਗਾ ਦਿੱਤਾ ਹੈ। ਜਿੱਥੇ ਮੈਂ ਕਾਫੀ ਖੁਸ਼ ਹਾਂ।"

ਇੱਕ ਹੋਰ ਵਿਦਿਆਰਥਣ ਰੂਹਾਨੀ ਨੇ ਦੱਸਿਆ, "ਇਸ ਸਕੂਲ ਵਿੱਚ ਚੰਗੀ ਪੜ੍ਹਾਈ ਹੋਣ ਕਾਰਨ ਮੇਰੇ ਮਾਪਿਆਂ ਨੇ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਮੈਨੂੰ ਇਸ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ ਹੈ। ਇਸ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਵਿਦਿਅਕ ਟੂਰ ਵੀ ਲਗਾਏ ਜਾਂਦੇ ਹਨ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News