ਡਰੀਮ-11 ਰਾਹੀਂ ਡੇਢ ਕਰੋੜ ਜਿੱਤਣ ਵਾਲੇ ਸਬ-ਇੰਸਪੈਕਟਰ ਖ਼ਿਲਾਫ਼ ਸ਼ਿਕਾਇਤ ਕਿਉਂ ਹੋਈ

Wednesday, Oct 18, 2023 - 04:59 PM (IST)

ਮਹਾਰਾਸ਼ਟਰ ਦੇ ਪਿੰਪੜੀ ਛਿੰਛਵਾੜ ਨਾਲ ਸਬੰਧਤ ਪੁਲਿਸ ਸਬ-ਇੰਸਪੈਕਟਰ ਸੋਮਨਾਥ ਜ਼ੇਂਡੇ ਨੇ ਡਰੀਮ ਇਲੈਵਨ ਵਿੱਚ ਡੇਢ ਕਰੋੜ ਰੁਪਏ ਜਿੱਤੇ ਹਨ।

ਸੋਮਨਾਥ ਜ਼ੇਂਡੇ ਨੇ ਡਰੀਮ-11 ਮੋਬਾਈਲ ਐਪਲੀਕੇਸ਼ਨ ਰਾਹੀਂ ਬੰਗਲਾਦੇਸ਼ ਬਨਾਮ ਇੰਗਲੈਂਡ ਕ੍ਰਿਕਟ ਮੈਚ ਦੀ ਫੈਨਟਸੀ ਗੇਮ ਵਿੱਚ ਪੈਸੇ ਲਗਾ ਕੇ ਡੇਢ ਕਰੋੜ ਜਿੱਤਿਆ ਹੈ।

ਉਹ ਪਿਛਲੇ ਡੇਢ ਮਹੀਨੇ ਤੋਂ ਇਸ ਐਪਲੀਕੇਸ਼ਨ ਰਾਹੀਂ ਦਾਅ ਲਗਾ ਰਹੇ ਸਨ।

ਹੁਣ ਭਾਜਪਾ ਦੇ ਇੱਕ ਬੁਲਾਰੇ ਅਮੋਲ ਥੋਰਾਟ ਨੇ ਸੋਮਨਾਥ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਹੈ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਅਤੇ ਕਈ ਸੰਸਥਾਵਾਂ ਨੌਜਵਾਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ ਜਦਕਿ ਦੂਜੇ ਪਾਸੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਅਜਿਹੀ ਗਤੀਵਿਧੀ ਨੌਜਵਾਨਾਂ ਵਿੱਚ ਜੂਏ ਦੀ ਪ੍ਰਵਿਰਤੀ ਨੂੰ ਵਧਾਵਾ ਦੇਵੇਗੀ।

ਇਲਜ਼ਾਮ ਲਗਾਇਆ ਗਿਆ ਹੈ ਕਿ ਸੋਮਨਾਥ ਜ਼ੇਂਡੇ ਨੇ ਜਦੋਂ ਡਰੀਮ-11 ਐਪਲੀਕੇਸ਼ਨ ਰਾਹੀਂ ਦਾਅ ਖੇਡਿਆ, ਉਹ ਉਸ ਵੇਲੇ ਡਿਊਟੀ ’ਤੇ ਸਨ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਖ਼ਾਕੀ ਵਰਦੀ ਵਾਲੀਆਂ ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ ਜਿਵੇਂ ਉਨ੍ਹਾਂ ਨੇ ਕੋਈ ਬਹੁਤ ਮਹਾਨ ਕੰਮ ਕੀਤਾ ਹੋਵੇ, ਇਸ ਲਈ ਸੂਬੇ ਦੀ ਪੁਲਿਸ ਫੋਰਸ ਬਾਰੇ ਗ਼ਲਤ ਸੰਦੇਸ਼ ਜਾ ਰਿਹਾ ਹੈ।

ਮੋਬਾਈਲ
SAJJAD HUSSAIN

ਸੋਮਨਾਥ ਜ਼ੇਂਡੇ ਨੇ ਕੀ ਕਿਹਾ ?

ਸਬ-ਇੰਸਪੈਕਟਰ ਸੋਮਨਾਥ ਜ਼ੇਂਡੇ ਨੇ ਵੀ ਇਸ ਬਾਰੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਕਿਹਾ, “ਮੈਂ ਪਿਛਲੇ ਮਹੀਨੇ ਤੋਂ ਡਰੀਮ-11 ਵਿੱਚ ਪੈਸੇ ਲਾਉਣੇ ਸ਼ੁਰੂ ਕੀਤੇ ਸਨ। ਮੇਰੇ ਕਈ ਦੋਸਤ ਵੀ ਅਜਿਹਾ ਕਰ ਰਹੇ ਹਨ। ਮੈਂ ਬੰਗਲਾਦੇਸ਼ ਅਤੇ ਇੰਗਲੈਂਡ ਦੀ ਟੀਮ ‘ਤੇ ਦਾਅ ਖੇਡਿਆ ਸੀ। ਮੈਂ ਡੇਢ ਕਰੋੜ ਰੁਪਏ ਜਿੱਤੇ ਹਨ, ਮੈਂ ਬਹੁਤ ਖੁਸ਼ ਹਾਂ।”

“ਮੈਂ ਤੁਰੰਤ ਆਪਣੀ ਪਤਨੀ ਨੂੰ ਫ਼ੋਨ ਕੀਤਾ। ਉਹ ਵੀ ਬਹੁਤ ਖੁਸ਼ ਹੈ। ਮੈਂ ਘਰ ਦਾ ਲੋਨ ਚੁਕਾਵਾਂਗਾ ਅਤੇ ਬੱਚਿਆਂ ਦੇ ਨਾਮ ’ਤੇ ਫਿਕਸਡ ਡਿਪਾਜ਼ਿਟ ਕਰਾਵਾਂਗਾ।”

ਮਾਹਿਰ ਕਹਿੰਦੇ ਹਨ ਕਿ ਡਿਊਟੀ ਦੌਰਾਨ ਕਿਸੇ ਮੁਲਾਜ਼ਮ ਦਾ ਅਜਿਹੀਆਂ ਆਨਲਾਈਨ ਗੇਮਜ਼ ਖੇਡਣਾ, ਕਾਨੂੰਨ ਦੇ ਖ਼ਿਲਾਫ਼ ਹੈ ਅਤੇ ਅਜਿਹੇ ਮੁਲਾਜ਼ਮ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜ਼ੇਂਡੇ ਕਹਿੰਦੇ ਹਨ ਕਿ ਉਹ ਖਾਲੀ ਸਮੇਂ ਵਿੱਚ ਗੇਮ ਖੇਡਦੇ ਸਨ।

ਇਹ ਜਾਣਕਾਰੀ, ਪੂਣੇ ਮਿਰਰ ਅਖ਼ਬਾਰ ਦੇ ਹਵਾਲੇ ਤੋਂ ਹੈ। ਬੀਬੀਸੀ ਮਰਾਠੀ ਨੇ ਜ਼ੇਂਡੇ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕਿਆ।

ਬੀਬੀਸੀ
BBC

ਡਰੀਮ-11 ਕੀ ਹੈ ?

ਡਰੀਮ-11 ਇੱਕ ਆਨਲਾਈਨ ਫੈਂਟਸੀ ਸਪੋਰਟਸ ਕੰਪਨੀ ਹੈ। ਇਸ ਰਾਹੀਂ ਪ੍ਰਸ਼ੰਸਕ ਕੁਝ ਪੈਸੇ ਭਰ ਕੇ ਕ੍ਰਿਕਟ, ਹਾਕੀ, ਫ਼ੁੱਟਬਾਲ ਅਤੇ ਬਾਸਕਿਟਬਾਲ ਜਿਹੀਆਂ ਖੇਡਾਂ ਆਨਲਾਈਨ ਖੇਡਦੇ ਹਨ।

ਇਹ ਕੰਪਨੀ ਹਰਸ਼ ਜੈਨ ਅਤੇ ਭਾਵੇਸ਼ ਸੇਠ ਨਾਮੀ ਕਾਰੋਬਾਰੀਆਂ ਵੱਲੋਂ 2008 ਵਿੱਚ ਬਣਾਈ ਗਈ ਸੀ। ਸਾਲ 2018 ਵਿੱਚ, ਡਰੀਮ-11 ਦੇ 40 ਲੱਖ ਯੂਜ਼ਰ ਸਨ। ਕ੍ਰਿਕਟਰ ਮਹਿੰਦਰ ਸਿੰਘ ਧੋਨੀ, ਇਸ ਦੇ ਬਰੈਂਡ ਅੰਬੈਸਡਰ ਹਨ।

ਡਰੀਮ-11 ਇੱਕ ਫੈਂਟਸੀ ਗੇਮਿੰਗ ਪਲੇਟਫ਼ਾਰਮ ਹੈ। ਇਸ ਰਾਹੀਂ ਯੂਜ਼ਰ, ਕ੍ਰਿਕਟ, ਫ਼ੁੱਟਬਾਲ, ਬਾਸਕਿਟਬਾਲ, ਕਬੱਡੀ, ਹਾਕੀ ਜਿਹੀਆਂ ਖੇਡਾਂ ਖੇਡ ਸਕਦੇ ਹਨ ਅਤੇ ਵਰਚੂਅਲ ਟੀਮਾਂ ਵੀ ਬਣਾ ਸਕਦੇ ਹਨ।

ਜਿਸ ਯੂਜ਼ਰ ਨੂੰ ਸਭ ਤੋਂ ਵੱਧ ਨੰਬਰ ਮਿਲਦੇ ਹਨ, ਉਸ ਨੂੰ ਵੱਧ ਇਨਾਮ ਮਿਲਦਾ ਹੈ। ਡਰੀਮ-11 ਵਿੱਚ ਮੁਫ਼ਤ ਅਤੇ ਪੈਸੇ ਦੇ ਕੇ, ਦੋਵੇਂ ਤਰੀਕਿਆਂ ਨਾਲ ਖੇਡਾਂ ਖੇਡਣ ਦਾ ਬਦਲ ਹੈ।

ਇਹ ਆਨਲਾਈਨ ਗੇਮ ਖੇਡਣ ਲਈ ਯੂਜ਼ਰ ਦੀ ਉਮਰ ਅਠਾਰਾਂ ਸਾਲ ਜਾਂ ਇਸ ਤੋਂ ਉੱਤੇ ਹੋਣੀ ਚਾਹੀਦੀ ਹੈ। ਡਰੀਮ-11 ਗੇਮ ਖੇਡਣ ਲਈ, ਕਸਟਮਰ ਨੂੰ ਪੈਨ ਕਾਰਡ ਰਾਹੀਂ ਆਪਣਾ ਖਾਤਾ ਵੈਰੀਫਾਈ ਕਰਨਾ ਪੈਂਦਾ ਹੈ।

ਫੈਂਟਸੀ ਖੇਡ ਕੀ ਹੈ ?

ਸਮਾਰਟਫੋਨਜ਼, ਟੈਬਲਿਟ ਜਾਂ ਕੰਪਿਊਟਰ ਰਾਹੀਂ ਖੇਡੀਆਂ ਜਾਂਦੀਆਂ ਗੇਮਜ਼ ਨੂੰ ਆਨਲਾਈਨ ਗੇਮਜ਼ ਕਹਿੰਦੇ ਹਨ। ਇਸ ਦੀਆਂ ਮੁੱਖ ਤਿੰਨ ਕਿਸਮਾਂ ਹਨ।

ਇਨ੍ਹਾਂ ਵਿੱਚ ਲੋਕ ਅਸਲੀ ਪੈਸੇ ਰਾਹੀਂ ਖੇਡ ਸਕਦੇ ਹਨ। ਜਿਵੇਂ ਕਿ ਕ੍ਰਿਕਟ, ਫ਼ੁਟਬਾਲ, ਬਾਸਕਿਟਬਾਲ, ਕਬੱਡੀ ਦੀਆਂ ਫੈਂਟਸੀ ਲੀਗਜ਼। ਇਸ ਵਿੱਚ ਰੰਮੀ ਅਤੇ ਪੋਕਰ ਵੀ ਸ਼ਾਮਿਲ ਹਨ।

ਆਮ ਮੋਬਾਈਲ ਗੇਮਜ਼ ਜਿਵੇਂ ਕਿ ਕੈਂਡੀ ਕਰੱਸ਼, ਸਬਵੇਅ ਸਰਫਰ ਅਤੇ ਟੇਂਪਲਾਰਨ ਵਗੈਰਾ ਵੀ ਖੇਡੀਆਂ ਜਾਂਦੀਆਂ ਹਨ।

ਫੈਂਟਸੀ ਖੇਡਾਂ ਕਿਵੇਂ ਖੇਡੀਆਂ ਜਾਂਦੀਆਂ ਹਨ

ਭਾਰਤ ਵਿੱਚ ਇਹ 2001 ਵਿੱਚ ਸ਼ੁਰੂ ਹੋਈਆਂ। ਈਐੱਸਪੀਐੱਨ ਸਟਾਰ ਸਪੋਰਟਸ ਗਰੁਪ ਵੱਲੋਂ ਦਿ ਸੁਪਰ ਸਿਲੈਕਟਰ ਫੈਂਟੇਸੀ ਗੇਮ ਸ਼ੁਰੂ ਕੀਤੀ ਗਈ।

ਵੀਹ ਸਾਲ ਪਹਿਲਾਂ ਆਨਲਾਈਨ ਸਾਖਰਤਾ, ਤੇਜ਼ ਇੰਟਰਨੈਟ ਦੀ ਉਪਲਭਧਤਾ ਅਤੇ ਆਨਲਾਈਨ ਬੈਂਕਿੰਗ ਸਹੂਲਤਾਂ ਬਹੁਤ ਘੱਟ ਸਨ।

ਭਾਰਤ ਵਿੱਚ ਕਰੀਬ 70 ਆਨਲਾਈਨ ਫੈਂਟੇਸੀ ਗੇਮਜ਼ ਚੱਲ ਰਹੀਆਂ ਹਨ।

ਹਰ ਗੇਮ ਥੋੜ੍ਹੀ ਵੱਖਰੀ ਹੈ, ਪਰ ਖੇਡਣ ਦਾ ਤਰੀਕਾ ਲਗਭਗ ਇੱਕੋ ਜਿਹਾ ਹੈ। ਯੂਜ਼ਰ ਨੇ ਆਪਣਾ ਨਾਮ, ਈਮੇਲ ਆਈਡੀ, ਬੈਂਕ ਖਾਤੇ ਦੀ ਜਾਣਕਾਰੀ, ਅਧਾਰ ਕਾਰਡ ਅਤੇ ਪੈਨ ਕਾਰਡ ਦੇਣਾ ਹੁੰਦਾ ਹੈ। ਮਾਮੂਲੀ ਜਿਹੀ ਰਜਿਸਟਰੇਸ਼ਨ ਫ਼ੀਸ ਦੇਣੀ ਹੁੰਦੀ ਹੈ। ਖੇਡਣ ਵਾਲਾ ਸ਼ਖ਼ਸ ਅਠਾਰਾਂ ਸਾਲ ਤੋਂ ਉੱਤੇ ਹੋਣਾ ਚਾਹੀਦਾ ਹੈ।

ਤੁਸੀਂ ਆਈਪੀਐੱਲ ਦੀ ਤਰ੍ਹਾਂ ਕੌਮਾਂਤਰੀ ਲੀਗ ਜਾਂ ਕੌਮਾਂਤਰੀ ਕ੍ਰਿਕਟ ਮੈਚ ਖੇਡ ਸਕਦੇ ਹੋ। ਤੁਸੀਂ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਬਹਿਤਰੀਨ ਗਿਆਰਾਂ ਖਿਡਾਰੀ ਚੁਣਨੇ ਹੁੰਦੇ ਹਨ।

ਫੋਨ
MINT

ਤੁਸੀਂ ਆਪਣੇ ਦੋਸਤਾਂ, ਸਹਿਕਰਮੀਆਂ ਅਤੇ ਕ੍ਰਿਕਟ ਪ੍ਰੇਮੀਆਂ ਨਾਲ ਮਿਲ ਕੇ ਲੀਗ ਬਣਾ ਸਕਦੇ ਹੋ, ਤੁਸੀਂ ਅਜਨਬੀਆਂ ਨਾਲ ਵੀ ਖੇਡ ਸਕਦੇ ਹੋ।

ਇਸ ਵਿਚ ਪ੍ਰਾਈਵੇਟ ਅਤੇ ਪਬਲਿਕ ਕੰਪੀਟੀਸ਼ਨ ਹੁੰਦਾ ਹੈ। ਪਬਲਿਕ ਮੁਕਾਬਲੇ ਵਿੱਚ ਤੁਸੀਂ ਵੱਡੇ ਮੁਕਾਬਲੇ ਦਾ ਹਿੱਸਾ ਬਣ ਜਾਂਦੇ ਹੋ, ਹਿੱਸਾ ਲੈਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੁੰਦੀ ਹੈ।

ਦੂਜੇ ਪ੍ਰਤੀਭਾਗੀਆਂ ਬਾਰੇ ਜਾਣਨਾ ਔਖਾ ਹੁੰਦਾ ਹੈ। ਪ੍ਰਾਈਵੇਟ ਮੁਕਾਬਲੇ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਲੋਕਾਂ ਨਾਲ ਖੇਡ ਸਕਦੇ ਹੋ।

ਤੁਹਾਡੇ ਚੁਣੇ ਹੋਏ ਖਿਡਾਰੀ ਨੂੰ ਉਨ੍ਹਾਂ ਦੀ ਅਸਰ ਪਰਫਾਰਮੈਂਸ ਦੇ ਹਿਸਾਬ ਨਾਲ ਅੰਕ ਮਿਲਦੇ ਹਨ।

ਸੈਂਕੜਾ, ਪੰਜ ਵਿਕਟਾਂ ਲੈਣਾਂ, ਕੈਚ ਫੜਣ ਜਿਹੀਆਂ ਪ੍ਰਾਪਤੀਆਂ ਤੇ ਯੂਜ਼ਰ ਨੂੰ ਵਾਧੂ ਅੰਕ ਮਿਲਦੇ ਹਨ। ਹਰ ਸਕੋਰ, ਹਰ ਵਿਕਟ ਲਈ ਅੰਕ ਮਿਲਦੇ ਹਨ।

ਅੰਕਾਂ ਦੇ ਅਧਾਰ ‘ਤੇ ਜੇਤੂ ਚੁਣਿਆ ਜਾਂਦਾ ਹੈ। ਜੇਤੂ ਦੇ ਖਾਤੇ ਵਿੱਚ ਪੈਸੇ ਟਰਾਂਸਫ਼ਰ ਕੀਤੇ ਜਾਂਦੇ ਹਨ।

ਫੈਂਟਸੀ ਲੀਗ ਵਿੱਚ ਕਈ ਮੁਫ਼ਤ ਅਤੇ ਕਈ ਪੈਸੇ ਦੇ ਕੇ ਖੇਡਣ ਵਾਲੇ ਮੁਕਾਬਲੇ ਹੁੰਦੇ ਹਨ। ਇਸ ਲਈ ਜੇਤੂਆਂ ਦੀ ਗਿਣਤੀ ਵੱਧ ਹੁੰਦੀ ਹੈ।

ਗੇਮਜ਼
Getty Images
ਸੰਕੇਤਕ ਤਸਵੀਰ

ਫੈਂਟਸੀ ਖੇਡਾਂ ਰਾਹੀਂ ਜਿੱਤੀ ਰਕਮ ਉੱਤੇ ਟੈਕਸ ਲਗਦਾ ਹੈ ?

ਹਾਂ, ਫੈਂਟਸੀ ਲੀਗਜ਼ ਰਾਹੀਂ ਹੋਈ ਕਮਾਈ ‘ਤੇ ਟੈਕਸ ਲੱਗਦਾ ਹੈ। ਇਹ ਆਮਦਨ ਕਰ ਨਿਯਮਾਂ ਤਹਿਤ ਕਮਾਈ ਦੇ ਹੋਰ ਸ੍ਰੋਤਾਂ ਦੇ ਅਧੀਨ ਆਉਂਦਾ ਹੈ।

ਇਨਕਮ ਟੈਕਸ ਐਕਟ ਦੇ ਸੈਕਸ਼ਨ 115BB ਦੇ ਤਹਿਤ ਇਸ ਕਮਾਈ ਉੱਤੇ ਟੈਕਸ ਲਗਦਾ ਹੈ ਭਾਵੇਂ ਉਹ ਫੈਂਟਸੀ ਲੀਗਜ਼ ਰਾਹੀਂ ਹੋਵੇ, ਲਾਟਰੀ, ਕਰੌਸਵਰਡ ਪਜ਼ਲਜ਼, ਰੇਸ ਜਾਂ ਹੋਰ ਕਾਰਡ ਗੇਮਜ਼ ਹੋਣ।

ਜਿੱਤੀ ਗਈ ਰਕਮ ਦੇ ਅਧਾਰ ‘ਤੇ ਟੈਕਸ ਤੈਅ ਹੁੰਦਾ ਹੈ।

ਉਦਾਹਰਨ ਵਜੋਂ, ਜੇ ਗੇਮ ਖੇਡਣ ਲਈ ਤੁਸੀਂ 100 ਰੁਪਏ ਰਜਿਸਟਰੇਸ਼ਨ ਫ਼ੀਸ ਦਿੱਤੀ ਅਤੇ 10,000 ਰੁਪਏ ਜਿੱਤੇ ਤਾਂ ਟੈਕਸ 10,000 ਰੁਪਏ ਦੇ ਮੁਤਾਬਕ ਲੱਗੇਗਾ।

ਪੈਸਾ
Getty Images
ਸੰਕੇਤਕ ਤਸਵੀਰ

ਜੂਏ ਅਤੇ ਫੈਂਟਸੀ ਖੇਡਾਂ ਵਿੱਚ ਕੀ ਫਰਕ ਹੈ ?

ਜੂਏ ਅਤੇ ਫੈਂਟਸੀ ਖੇਡਾਂ ਵਿੱਚ ਇੱਕ ਫਰਕ ਇਹ ਹੈ ਕਿ ਫੈਂਟਸੀ ਖੇਡਾਂ ਲਈ ਡਿਜੀਟਲ ਟਰਾਂਜ਼ੈਂਕਸ਼ਨਜ਼ ਹੁੰਦੀਆਂ ਹਨ ਜਦਕਿ ਜੂਏ ਵਿੱਚ ਟਰਾਂਜ਼ੈਕਸ਼ਨਜ਼ ਦਾ ਰਿਕਾਰਡ ਨਹੀਂ ਹੁੰਦਾ।

ਫੈਂਟਸੀ ਗੇਮਜ਼ ਵਿੱਚ, ਬਹੁਤ ਥੋੜ੍ਹੇ ਪੈਸਾ ਲਗਾਉਣਾ ਪੈਂਦਾ ਹੈ। ਜਿਵੇਂ ਕਿ ਹੋਰ ਕੋਈ ਆਪਣੀ ਸਹੂਲਤ ਮੁਤਾਬਕ, ਪੈਸੇ ਲਗਾ ਕੇ ਖੇਡ ਸਕਦਾ ਹੈ। ਜਦਕਿ ਜੂਏ ਵਿੱਚ, ਵੱਡੀ ਰਕਮ ਹੁੰਦੀ ਹੈ।

ਫੈਂਟਸੀ ਖੇਡਾਂ ਵਿੱਚ ਹੋਇਆ ਪੈਸੇ ਦਾ ਲੈਣ-ਦੇਣ ਆਮਦਨ ਕਰ, ਟੀਡੀਐੱਸ ਅਤੇ ਜੀਐੱਸਟੀ ਦੇ ਅਧੀਨ ਆਉਂਦਾ ਹੈ। ਜੂਏ ਵਿੱਚ ਲੱਗਿਆ ਪੈਸਾ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੈ।

ਫੈਂਟਸੀ ਖੇਡਾਂ ਵਿੱਚ ਵਨ-ਟਾਈਮ ਪਾਸਵਰਡ, ਈਮੇਲ ਵਗੈਰਾ ਜਿਹੇ ਆਨਲਾਈਨ ਸਕਿਉਰਟੀ ਸਿਸਟਮ ਹੁੰਦਾ ਹੈ ਤਾਂ ਕਿ ਖੇਡਣ ਵਾਲਿਆਂ ਨੂੰ ਧੋਖੇ ਤੋ ਬਚਾਇਆ ਜਾ ਸਕੇ ਜਦਕਿ ਜੂਏ ਵਿਚ ਲੱਗਿਆ ਪੈਸਾ ਮੁੜਨ ਦੀ ਕੋਈ ਗਾਰੰਟੀ ਨਹੀਂ ਹੁੰਦੀ।

ਆਨਲਾਈਨ ਫੈਂਟਸੀ ਗੇਮ ਖੇਡਣ ਵਾਲੇ ਯੂਜ਼ਰ ਦਾ ਫ਼ੈਸਲਾ, ਅਸਲੀ ਮੈਚ ਦੇ ਨਤੀਜੇ ਨੂੰ ਪ੍ਰਭਾਵਿਤ ਨਹੀਂ ਕਰਦਾ। ਨਾ ਹੀ ਇਸ ਨੂੰ ਕੰਟਰੋਲ ਕਰ ਸਕਦਾ ਹੈ। ਜਦਕਿ ਜੂਏ, ਵਿੱਚ ਉਲਟਾ ਹੈ।

ਦੇਸ਼ ਦੀਆਂ ਕਈ ਅਦਾਲਤਾਂ ਨੇ ਇਨ੍ਹਾਂ ਫੈਂਟਸੀ ਗੇਮਜ਼ ਦੀ ਕਾਨੂੰਨੀ ਮਾਨਤਾ ਬਾਰੇ ਵੱਖੋ-ਵੱਖਰੇ ਫ਼ੈਸਲੇ ਦਿੱਤੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਰੀਮ-11 ਨੂੰ ਕਾਨੂੰਨੀ ਦੱਸਿਆ ਹੈ।

ਸੁਪਰੀਮ ਕੋਰਟ ਨੇ ਵੀ ਇਸ ਫ਼ੈਸਲੇ ਨੂੰ ਬਰਕਰਾਰ ਰੱਖਿਆ। ਜਦਕਿ ਦੂਜੇ ਪਾਸੇ ਜੂਆ, ਭਾਰਤ ਵਿੱਚ ਗੈਰ-ਕਾਨੂੰਨੀ ਅਤੇ ਸਜ਼ਾ ਯੋਗ ਅਪਰਾਧ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News