ਗੁਰਿੰਦਰ ਪਾਲ ਸਿੰਘ: ਲੋੜਵੰਦ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇ ਕੇ ਜੱਜ ਬਣਾਉਣ ਵਾਲੇ ਵਕੀਲ ਲਈ ਸਭ ਤੋਂ ਔਖਾ ਸਮਾਂ ਕਿਹੜਾ ਸੀ

Wednesday, Oct 18, 2023 - 08:29 AM (IST)

ਗੁਰਿੰਦਰ ਪਾਲ ਸਿੰਘ
BBC
ਗੁਰਿੰਦਰ ਪਾਲ ਸਿੰਘ ਪੰਜਾਬੀ-ਹਰਿਆਣਾ ਹਾਈ ਕੋਰਟ ਦੇ ਵਕੀਲ ਹਨ

ਪੀਸੀਐੱਸ ਦੇ ਨਤੀਜਿਆਂ ਵਿੱਚ ਮਲੇਰਕੋਟਲਾ ਦੀ ਗੁਲਫ਼ਾਮ ਸਈਦ, ਕਪੂਰਥਲਾ ਦੀ ਸ਼ਿਵਾਨੀ, ਬਟਾਲਾ ਦੀ ਮਨਮੋਹਨ ਪ੍ਰੀਤ, ਬਰਨਾਲਾ ਦੀ ਅੰਜਲੀ ਅਤੇ ਕਿਰਨਜੀਤ ਕੌਰ ਨੇ ਜੱਜ ਬਣ ਕੇ ਸਫ਼ਲਤਾ ਦੀ ਪੁਲਾਂਘ ਪੁੱਟੀ ਹੈ।

ਪਰ ਇਨ੍ਹਾਂ ਕੁੜੀਆਂ ਲਈ ਇੱਥੋਂ ਤੱਕ ਪਹੁੰਚਣਾ ਆਮ ਗੱਲ ਨਹੀਂ ਸੀ, ਘਰ ਦੇ ਆਰਥਿਕ ਹਾਲਾਤ ਨਾਲ ਸੰਘਰਸ਼ ਕਰ ਕੇ ਇਹ ਸਫ਼ਲਤਾ ਤੱਕ ਪੁੱਜੀਆਂ ਹਨ।

ਇਨ੍ਹਾਂ ਵਿੱਚੋਂ ਕਿਸੇ ਦੇ ਪਿਤਾ ਡਰਾਈਵਰ, ਕਿਸੇ ਦੇ ਕਿਸਾਨ ਸਨ ਪਰ ਇਹ ਪੰਜੇ ਕੁੜੀਆਂ ਆਪਣੀ ਸਫ਼ਲਤਾ ਦਾ ਸਿਹਰਾ ਇੱਕ ਸ਼ਖ਼ਸ ਦੇ ਸਿਰ ''''ਤੇ ਬੰਨ੍ਹਦੀਆਂ ਹਨ, ਜਿਨ੍ਹਾਂ ਦਾ ਨਾਮ ਗੁਰਿੰਦਰ ਪਾਲ ਸਿੰਘ ਹੈ।

ਗੁਰਿੰਦਰ ਪਾਲ ਸਿੰਘ ਪੰਜਾਬ-ਹਰਿਆਣਾ ਹਾਈਕੋਰਟ ’ਚ ਵਕੀਲ ਹਨ। ਇਸ ਵਾਰ ਉਨ੍ਹਾਂ ਦੇ ਪੜਾਏ ਹੋਏ ਬੱਚਿਆਂ ਵਿੱਚੋਂ 13 ਬੱਚੇ ਪ੍ਰੀਖਿਆ ਪਾਸ ਕਰ ਕੇ ਜੱਜ ਲੱਗਣ ਜਾ ਰਹੇ ਹਨ।

ਹਾਲਾਂਕਿ, ਉਨ੍ਹਾਂ ਨੇ 2-3 ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ ਤੇ ਅੱਜ ਉਹ 60-65 ਬੱਚਿਆਂ ਨੂੰ ਪੜ੍ਹਾ ਰਹੇ ਹਨ।

ਮਨਮੋਹਨ ਪ੍ਰੀਤ ਕੌਰ, ਅੰਜਲੀ ਕੌਰ, ਗੁਲਫਾਮ ਸਈਦ ਅਤੇ ਕਿਰਨਜੀਤ ਕੌਰ
BBC
ਮਨਮੋਹਨ ਪ੍ਰੀਤ ਕੌਰ, ਅੰਜਲੀ ਕੌਰ, ਗੁਲਫਾਮ ਸਈਦ ਅਤੇ ਕਿਰਨਜੀਤ ਕੌਰ

ਕੌਣ ਹਨ ਗੁਰਿੰਦਰ ਪਾਲ ਸਿੰਘ

ਬੀਬੀਸੀ ਸਹਿਯੋਗੀ ਮਯੰਕ ਮੋਂਗੀਆਂ ਨਾਲ ਗੱਲ ਕਰਦਿਆਂ ਵਕੀਲ ਗੁਰਿੰਦਰ ਪਾਲ ਸਿੰਘ ਦੱਸਦੇ ਹਨ ਉਹ 1988-89 ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਆਏ ਸਨ ਅਤੇ ਉਦੋਂ ਤੋਂ ਹੀ ਇੱਥੇ ਹਨ।

ਉਹ ਤਿੰਨ ਵਾਰ ਬਾਰ ਕੌਂਸਲ ਦੇ ਮੈਂਬਰ ਅਤੇ ਇੱਕ ਵਾਰ ਚੇਅਰਮੈਨ ਵੀ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਐਡੀਨਸ਼ਲ ਜਨਰਲ ਵਜੋਂ ਸੇਵਾ ਵੀ ਨਿਭਾਈ ਹੈ। ਉਹ ਦੱਸਦੇ ਹਨ ਕਿ ਉਹ ਜੁਡੀਸ਼ੀਅਰੀ ਦੀ ਤਿਆਰੀ ਕਰ ਰਹੇ ਬੱਚਿਆਂ ਲਈ ਕੋਚਿੰਗ ਕਲਾਸਾਂ ਚਲਾਉਂਦੇ ਹਨ।

ਉਨ੍ਹਾਂ ਮੁਤਾਬਕ, "ਇਸ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਸੂਬੇ ਦੇ ਹਿਸਾਬ ਨਾਲ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ। ਇਸ ਵਿੱਚ ਕਿਸੇ ਵੀ ਸੂਬੇ ਦੇ ਬੱਚੇ ਆ ਸਕਦੇ ਹਨ ਪਰ ਸਾਡਾ ਮੁੱਖ ਧਿਆਨ ਪੰਜਾਬ-ਹਰਿਆਣਾ ''''ਤੇ ਹੀ ਰਹਿੰਦਾ ਹੈ ਤੇ ਇਸੇ ਦੀ ਤਿਆਰੀ ਕਰਵਾਈ ਜਾਂਦੀ ਹੈ।"

ਬੀਬੀਸੀ
BBC

ਗੁਰਿੰਦਰ ਪਾਲ ਸਿੰਘ ਕਹਿੰਦੇ ਹਨ, "ਸ਼ੁਰੂਆਤ ਵੇਲੇ 2-3 ਬੱਚਿਆਂ ਬਾਰੇ ਪਤਾ ਲੱਗਾ ਕਿ ਉਨ੍ਹਾਂ ਨੂੰ ਆਰਥਿਕ ਤੰਗੀ ਕਾਰਨ ਆਪਣੀ ਕੋਚਿੰਗ ਅੱਧ-ਵਿਚਾਲੇ ਛੱਡਣੀ ਪਈ ਜਾਂ ਸ਼ਾਇਦ ਪਹਿਲੀ ਕਿਸ਼ਤ ਤੋਂ ਬਾਅਦ ਉਹ ਅਗਲੀ ਕਿਸ਼ਤ ਨਹੀਂ ਭਰ ਸਕੇ।"

"ਉਦੋਂ ਕੁ ਹੀ ਮੈਂ ਫ਼ੈਸਲਾ ਕੀਤਾ ਸੀ ਕਿ ਮੈਂ ਬਾਰ ਕੌਂਸਲ ਛੱਡਣੀ ਹੈ ਤਾਂ ਜੋ ਨਵੇਂ ਬੱਚਿਆਂ ਨੂੰ ਬਾਰ ਕੌਂਸਲ ਵਿੱਚ ਆਉਣ ਦਾ ਮੌਕਾ ਮਿਲ ਸਕੇ ਕਿਉਂਕਿ ਮੈਂ ਤਿੰਨ ਵਾਰ ਮੈਂਬਰ ਰਹਿ ਚੁੱਕਿਆ ਸੀ।"

ਉਹ ਅੱਗੇ ਦੱਸਦੇ ਹਨ, "ਜਦੋਂ ਇਨ੍ਹਾਂ ਬਾਰੇ ਮੈਨੂੰ ਪਤਾ ਲੱਗਾ ਤਾਂ ਮੈਂ ਸੋਚਿਆ ਬਾਰ ਕੌਂਸਲ ਵਿੱਚ ਵੀ ਤਾਂ ਸਮਾਂ ਦਈਦਾ ਹੀ ਸੀ ਤੇ ਮੈਂ ਇਨ੍ਹਾਂ ਨੂੰ ਪੜ੍ਹਾਉਣ ਦਾ ਫ਼ੈਸਲਾ ਲਿਆ। ਮੈਂ ਕੋਰਟ ਵਿੱਚ ਆਪਣੇ ਕਮਰੇ ਵਿੱਚ ਆਪਣੇ ਇੱਕ-ਦੋ ਮਿੱਤਰਾਂ ਨਾਲ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।"

"ਜਦੋਂ ਦੋ-ਤਿੰਨ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਲੱਗਾ ਕਿ ਇਨ੍ਹਾਂ ਨੂੰ ਪੜ੍ਹਾਉਣ ਲਈ ਵੀ ਅਸੀਂ ਓਨੀ ਹੀ ਮਿਹਨਤ ਕਰਦੇ ਹਾਂ ਤਾਂ ਕਿਉਂ ਨਾ ਵੱਧ ਬੱਚਿਆਂ ਨੂੰ ਪੜ੍ਹਾਇਆ ਜਾਵੇ। ਮੇਰੇ ਦਫ਼ਤਰ ਵਿੱਚ 20 ਕੁ ਕੁਰਸੀਆਂ ਲੱਗ ਜਾਂਦੀਆਂ ਹਨ ਤਾਂ ਅਸੀਂ ਵੱਧ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।"

ਸਭ ਤੋਂ ਭਾਵੁਕ ਪਲ਼

ਗੁਰਿੰਦਰ ਪਾਲ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਬਾਰ ਕੌਂਸਲ ਰਾਹੀਂ ਇੱਕ ਸੰਦੇਸ਼ ਜਾਰੀ ਕੀਤਾ, ਜਿੰਨ੍ਹਾਂ ਦੇ ਜਵਾਬ ਵਿੱਚ ਕੋਈ 40-45 ਪ੍ਰਤੀਕਿਰਿਆਵਾਂ ਆਈਆਂ।

ਗੁਰਿੰਦਰ ਪਾਲ ਸਿੰਘ ਆਖਦੇ ਹਨ, "ਮੇਰੇ ਲਈ ਮੇਰੇ ਪੇਸ਼ੇ ਵਿੱਚ ਰਹਿਣ ਦੌਰਾਨ ਸਭ ਤੋਂ ਵੱਧ ਭਾਵੁਕ ਕਰਨ ਵਾਲਾ ਜਾਂ ਰੋਣ ਵਾਲਾ ਪਲ਼ ਉਦੋਂ ਸੀ, ਜਦੋਂ ਮੈਂ 40 ਵਿੱਚੋਂ 20 ਨੂੰ ਚੁਣਨਾ ਸੀ। ਮੇਰੇ ਕੋਲ 20 ਬੱਚਿਆਂ ਨੂੰ ਪੜ੍ਹਾਉਣ ਦੀ ਹੀ ਸਮਰੱਥਾ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ 40 ਬੰਦਿਆਂ ਵਿੱਚ ਆਸ ਪੈਦਾ ਕੀਤੀ ਸੀ।"

"ਮੇਰੇ ਲਈ 20 ਬੱਚੇ ਚੁਣਨੇ ਬਹੁਤ ਔਖੇ ਸੀ। ਮੈਂ ਦੋ ਤਰ੍ਹਾਂ ਦੇ ਬੱਚਿਆਂ ਨੂੰ ਤਰਜੀਹ ਦਿੱਤੀ ਜਿਨ੍ਹਾਂ ਵਿੱਚ ਜਿਹੜੇ ਕਿਸੇ ਤਰ੍ਹਾਂ ਵੀ ਕੋਚਿੰਗ ਲੈਣ ਵਿੱਚ ਅਸਮਰੱਥ ਸਨ ਅਤੇ ਦੂਜੇ ਜਿਨ੍ਹਾਂ ਵਿੱਚ ਹੁਨਰ ਸੀ, ਪਰ ਉਨ੍ਹਾਂ ਦੇ ਨੰਬਰ ਘੱਟ ਸਨ ਕਿਉਂਕਿ ਉਨ੍ਹਾਂ ਨੂੰ ਕਦੇ ਮੌਕਾ ਹੀ ਨਹੀਂ ਮਿਲਿਆ।"

"ਇਨ੍ਹਾਂ ਵਿੱਚੋਂ 10 ਕੁ ਬੱਚੇ ਮੈਂ ਇਸ ਤਰ੍ਹਾਂ ਦੇ ਚੁਣੇ, ਜਿਨ੍ਹਾਂ ਵਿੱਚੋਂ ਕਿਸੇ ਦੇ ਪਿਤਾ ਰਿਕਸ਼ਾ ਚਾਲਕ ਸਨ, ਕਿਸੇ ਦੇ ਅਪਾਹਜ, ਕਿਸੇ ਦੇ ਪਿਤਾ ਹੀ ਨਹੀਂ ਸਨ ਤੇ ਬਾਕੀ 10 ਉਹ ਚੁਣੇ ਜਿਨ੍ਹਾਂ ਦੇ ਨੰਬਰ ਠੀਕ-ਠਾਕ ਸਨ ਤੇ ਉਹ ਆਰਥਿਕ ਪੱਖੋਂ ਕਮਜ਼ੋਰ ਸਨ।"

ਉਹ ਆਖਦੇ ਹਨ ਕਿ ਹੋ ਸਕਦਾ ਹੈ ਕਈ ਉਹ ਬੱਚੇ ਰਹਿ ਗਏ ਹੋਣਗੇ ਜਿਹੜੇ ਇਨ੍ਹਾਂ ਨਾਲੋਂ ਜ਼ਿਆਦਾ ਲੋੜਵੰਦ ਸਨ।

ਵਕੀਲ ਗੁਰਿੰਦਰਪਾਲ ਸਿੰਘ ਆਪਣੀ ਵਿਦਿਆਰਥਣ ਗੁਲਫਾਮ ਸਈਦ ਨਾਲ
GURINDERPAL SINGH
ਵਕੀਲ ਗੁਰਿੰਦਰਪਾਲ ਸਿੰਘ ਆਪਣੀ ਵਿਦਿਆਰਥਣ ਗੁਲਫਾਮ ਸਈਦ ਨਾਲ

ਪ੍ਰੇਰਨ ਸਰੋਤ ਕੀ ਹੈ

ਗੁਰਿੰਦਰ ਪਾਲ ਸਿੰਘ ਦੱਸਦੇ ਹਨ ਕਿ ਜਦੋਂ ਹੋਰਨਾਂ ਨੂੰ ਪਤਾ ਲੱਗਦਾ ਸੀ ਤਾਂ ਉਹ ਵੀ ਪੜ੍ਹਣ ਲਈ ਆਉਂਦੇ ਸਨ।

ਉਹ ਕਹਿੰਦੇ ਹਨ, "ਮਨ੍ਹਾਂ ਤਾਂ ਨਹੀਂ ਕੀਤਾ ਜਾ ਸਕਦਾ ਸੀ ਅਤੇ ਇਸ ਵਿੱਚ ਕੁਝ ਬੱਚੇ ਅਜਿਹੇ ਵੀ ਸਨ ਜੋ ਕਹਿੰਦੇ ਸਨ ਕਿ ਸਾਨੂੰ ਪੜ੍ਹਾ ਦਿਓ, ਅਸੀਂ ਖਰਚਾ ਦੇ ਦਿਆਂਗੇ। ਇਨ੍ਹਾਂ ਵਿੱਚ ਮੇਰੇ ਜਾਣਕਾਰਾਂ ਦੇ ਬੱਚੇ ਸਨ, ਜਿਨ੍ਹਾਂ ਨੇ ਆ ਕੇ ਦੇਖਿਆ ਇੱਥੇ ਬੈਠਣ ਲਈ ਵੀਂ ਮੁਕੰਮਲ ਥਾਂ ਨਹੀਂ ਹੈ।"

"ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਨ੍ਹਾਂ ਬੱਚਿਆਂ ਦੇ ਹਾਲਾਤ ਤਾਂ ਠੀਕਠਾਕ ਹਨ ਪਰ ਅਸੀਂ (ਬੱਚੇ) ਤਾਂ ਖਰਚਾ ਚੁੱਕ ਸਕਦੇ ਹਾਂ। ਫਿਰ ਉਨ੍ਹਾਂ ਨੇ ਹੀ ਮੈਨੂੰ ਕਲਾਸ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਉਹ ਖਰਚਾ ਚੁੱਕ ਲੈਣਗੇ ਕਿਉਂਕਿ ਉਹ ਮੇਰੇ ਕੋਲੋਂ ਹੀ ਪੜ੍ਹਣਾ ਚਾਹੁੰਦੇ ਸੀ।"

"ਇਸੇ ਤਰ੍ਹਾਂ ਫਿਰ ਕਲਾਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਬੱਚੇ ਵਧਣੇ ਸ਼ੁਰੂ ਹੋ ਗਏ।"

ਪਰ ਕਲਾਸ ਵਿੱਚ ਆਰਥਿਕ ਹਾਲਾਤ ਬਾਰੇ ਬੱਚਿਆਂ ਦੇ ਮਨਾਂ ''''ਤੇ ਅਸਰ ਨਾ ਹੋਵੇ ਇਸ ਲਈ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਕੌਣ ਕਿੱਥੋਂ ਹੈ ਤੇ ਕਿਸ ਤਰ੍ਹਾਂ ਦੇ ਘਰੋਂ ਹੈ।

ਗੁਰਿੰਦਰ ਪਾਲ ਸਿੰਘ
GURINDERPAL SINGH

ਗੁਰਿੰਦਰ ਪਾਲ ਸਿੰਘ ਬੱਚਿਆਂ ਦੇ ਘਰ ਦੇ ਹਾਲਾਤ ਬਾਰੇ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਹਨ ਅਤੇ ਕਹਿੰਦੇ ਹਨ, "ਜਦੋਂ ਮਾਪੇ 20-40 ਰੁਪਏ ਬਚਾ ਕੇ ਵੀ ਆਪਣੇ ਬੱਚਿਆਂ ਨੂੰ ਭੇਜਦੇ ਹਨ ਤਾਂ ਤੁਹਾਨੂੰ ਉਦੋਂ ਲੱਗਦਾ ਹੈ ਕਿ ਤੁਸੀਂ ਬਹੁਤ ਕੁਝ ਕਰ ਸਕਦੇ ਹੋ।"

ਉਹ ਦੱਸਦੇ ਹਨ ਕਿ ਇਨ੍ਹਾਂ ਤੋਂ ਹੀ ਪ੍ਰੇਰਨਾ ਲੈ ਕੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਤੇ ਬਾਕੀ ਸਭ ਤੋਂ ਵੱਡੀ ਪ੍ਰੇਰਨਾ ਉਹ ਉਦੋਂ ਮੰਨਦੇ ਹਨ ਜਦੋਂ ਪਹਿਲੀ ਵਾਰ 5-6 ਬੱਚੇ ਨਿਕਲ ਗਏ ਸਨ।

ਅਗਲੇਰੀਆਂ ਮੁਸ਼ਕਲਾਂ ਬਾਰੇ ਉਹ ਕਹਿੰਦੇ ਹਨ, "ਲੋਕਾਂ ਦੀ ਆਸ ਬਹੁਤ ਵਧ ਗਈ ਹੈ। ਪੈਸਿਆਂ ਦੀ ਤਾਂ ਤੰਗੀ ਨਹੀਂ ਹੈ ਪਰ ਕੋਸ਼ਿਸ਼ ਕਰਾਂਗੇ ਜਿੰਨੀ ਕੁ ਵਾਹ ਲੱਗ ਸਕੀ, ਪੂਰੀ ਲਾਵਾਂਗੇ। ਅੱਗੇ ਹਰਿਆਣਾ ''''ਚ ਪ੍ਰੀਖਿਆ ਹੈ। ਆਸ ਹੈ ਉਸ ਵਿੱਚ ਵੀ ਕੁਝ ਬੱਚੇ ਨਿਕਲ ਜਾਣ।"

ਜੱਜ ਬਣਨ ਵਾਲੇ ਵਿਦਿਆਰਥੀਆਂ ਦੀ ਪ੍ਰਤੀਕਿਰਿਆ

ਜੱਜ ਬਣੀ ਮਲੇਰਕੋਟਲਾ ਦੀ ਰਹਿਣ ਵਾਲੀ ਗੁਲਫ਼ਾਮ ਦਾ ਕਹਿਣਾ ਹੈ, "ਮੇਰੇ ਕੋਲ ਕੋਈ ਵਾਹਨ ਵੀ ਨਹੀਂ ਹੈ ਤੇ ਸਾਡੇ ਘਰ ਤੋਂ ਕਚਹਿਰੀ ਵੀ ਦੂਰ ਹੈ। ਇੱਕ ਦਿਨ ਮੇਰੇ ਫ਼ੋਨ ''''ਤੇ ਮੈਸੇਜ ਆਇਆ, ਜਿਸ ਵਿੱਚ ਪੀਸੀਐੱਸ ਦੀ ਮੁਫ਼ਤ ਕੋਚਿੰਗ ਬਾਰੇ ਲਿਖਿਆ ਸੀ।"

"ਮੈਨੂੰ ਲੱਗਿਆ ਕਿ ਕੋਈ ਮਜ਼ਾਕ ਜਾਂ ਫਰੌਡ ਹੈ ਪਰ ਮੈਂ ਉਸ ਨੰਬਰ ''''ਤੇ ਕਾਲ ਕੀਤੀ, ਉਹ ਮੈਸੇਜ ਸਹੀ ਸੀ। ਚੰਡੀਗੜ੍ਹ ਵਿੱਚ ਇੱਕ ਵਕੀਲ ਆਰਥਿਕ ਤੌਰ ''''ਤੇ ਕਮਜ਼ੋਰ 20 ਬੱਚਿਆਂ ਨੂੰ ਕੋਚਿੰਗ ਦੇ ਰਹੇ ਸਨ।"

"ਮੈਂ ਉਨ੍ਹਾਂ ਨੂੰ ਨਾ ਕਰਨ ਵਾਸਤੇ ਫ਼ੋਨ ਕੀਤਾ ਤਾਂ ਅੱਗੋਂ ਕੋਚਿੰਗ ਦੇਣ ਵਾਲੇ ਵਕੀਲ ਗੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਤੁਸੀਂ ਆ ਜਾਓ। ਜੇ ਇੱਕ- ਦੋ ਮਹੀਨੇ ਰਹਿਣ ਵਾਸਤੇ ਵੀ ਪੈਸੇ ਹਨ ਤਾਂ ਆ ਕੇ ਪੜ੍ਹਾਈ ਸ਼ੁਰੂ ਕਰੋ।"

"ਉਨ੍ਹਾਂ ਦੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਉਨ੍ਹਾਂ ਦੀ ਵਕੀਲ ਪਤਨੀ ਅਤੇ ਛੋਟੀ ਜਿਹੀ 8-9 ਸਾਲ ਦੀ ਬੇਟੀ ਨੇ ਵੀ ਸਾਥ ਦਿੱਤਾ।"

ਇਸੇ ਤਰ੍ਹਾਂ ਹੀ ਜੱਜ ਬਣਨ ਵਾਲੀ ਸ਼ਿਵਾਨੀ ਦੇ ਮਾਮਾ ਬਲਜੀਤ ਸਿੰਘ ਨੇ ਵੀ ਕਿਹਾ ਕਿ ਸ਼ਿਵਾਨੀ ਨੂੰ ਕੋਚਿੰਗ ਦਵਾਉਣ ਲਈ ਵੀ ਪੈਸੇ ਨਹੀਂ ਸਨ। ਪਰ ਵਕੀਲ ਗੁਰਿੰਦਰ ਪਾਲ ਸਿੰਘ ਨੇ ਹਮੇਸ਼ਾ ਸਾਨੂੰ ਅਤੇ ਬੇਟੀ ਨੂੰ ਹੌਂਸਲਾ ਦਿੱਤਾ, ਜਿਸ ਸਦਕਾ ਅੱਜ ਬੇਟੀ ਜੱਜ ਬਣ ਸਕੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News