ਨਿਠਾਰੀ ਕਾਂਡ: ਮੋਨਿੰਦਰ ਸਿੰਘ ਪੰਧੇਰ ਅਤੇ ਸੁਰੇਂਦਰ ਕੋਲੀ ਨੂੰ ਹਾਈ ਕੋਰਟ ਨੇ ਕੀਤਾ ਬਰੀ, ਜਾਣੋ ਕੀ ਸੀ ਮਾਮਲਾ
Tuesday, Oct 17, 2023 - 06:14 PM (IST)
ਇਲਾਹਾਬਾਦ ਹਾਈ ਕੋਰਟ ਨੇ ਨਿਠਾਰੀ ਮਾਮਲੇ ''''ਚ ਮੁੱਖ ਮੁਲਜ਼ਮਾਂ ਮੋਨਿੰਦਰ ਸਿੰਘ ਪੰਧੇਰ ਅਤੇ ਸੁਰੇਂਦਰ ਕੋਲੀ ਨੂੰ ਬਰੀ ਕਰ ਦਿੱਤਾ ਹੈ।
ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ 2006 ਦੇ ਚਰਚਿਤ ਨਿਠਾਰੀ ਕਾਂਡ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਬੰਦ ਮੋਨਿੰਦਰ ਸਿੰਘ ਪੰਧੇਰ ਅਤੇ ਉਸ ਦੇ ਘਰੇਲੂ ਸਹਾਇਕ ਸੁਰਿੰਦਰ ਕੋਲੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ ਹੈ।
ਸੁਰਿੰਦਰ ਕੋਲੀ ਅਤੇ ਉਸ ਦੇ ਕਾਰੋਬਾਰੀ ਮਾਲਕ ਮੋਨਿੰਦਰ ਸਿੰਘ ਪੰਧੇਰ ਨੂੰ 2009 ਵਿੱਚ ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਹੋਈ ਸੀ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਨੋਇਡਾ ਦੇ ਨਿਠਾਰੀ ''''ਚ ਮੋਨਿੰਦਰ ਸਿੰਘ ਪੰਧੇਰ ਦੇ ਘਰ ਦੇ ਪਿਛਲੇ ਪਾਸੇ ਕੁਝ ਇਨਸਾਨੀ ਪਿੰਜਰ ਮਿਲੇ ਸਨ।
ਉਸ ਸਮੇਂ ਮੋਨਿੰਦਰ ਸਿੰਘ ਪੰਧੇਰ ਦੇ ਘਰ ਦੇ ਸਾਹਮਣੇ ਤੋਂ ਲੰਘਦੇ ਸੀਵਰੇਜ ''''ਚੋਂ ਵੀ ਮਨੁੱਖੀ ਸਰੀਰ ਦੇ ਕੁਝ ਅੰਗ ਅਤੇ ਬੱਚਿਆਂ ਦੇ ਕੱਪੜੇ ਮਿਲੇ ਸਨ।
ਪੁਲਿਸ ਮੁਤਾਬਕ, ਇਸ ਕਾਂਡ ਵਿੱਚ ਘੱਟੋ-ਘੱਟ 19 ਨੌਜਵਾਨ ਮਹਿਲਾਵਾਂ ਨਾਲ ਬਲਾਤਕਾਰ ਕੀਤਾ ਗਿਆ ਸੀ, ਉਨ੍ਹਾਂ ਦਾ ਕਤਲ ਕੀਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰ ਦਿੱਤੇ ਗਏ ਸਨ।
ਪੁਲਿਸ ਨੇ ਉਸ ਸਮੇਂ ਕਿਹਾ ਸੀ ਕਿ ਕਤਲ ਪੰਧੇਰ ਦੇ ਘਰ ਦੇ ਅੰਦਰ ਹੋਏ ਸਨ, ਜਿੱਥੇ ਕੋਲੀ ਨੌਕਰ ਵਜੋਂ ਕੰਮ ਕਰਦਾ ਸੀ।
ਪੁਲਿਸ ਨੇ ਹੋਰ ਕੀ-ਕੀ ਦੱਸਿਆ ਸੀ
ਪੁਲਿਸ ਨੇ ਇਲਜ਼ਾਮ ਲਾਇਆ ਕਿ ਜਿਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਬੋਰੀਆਂ ਵਿੱਚ ਛੁਪਾਈਆਂ ਹੋਈਆਂ ਮਿਲੀਆਂ ਸਨ, ਉਨ੍ਹਾਂ ਨੂੰ ਕੋਲੀ ਨੇ ਮਠਿਆਈਆਂ ਅਤੇ ਚਾਕਲੇਟਾਂ ਦਾ ਲਾਲਚ ਦੇ ਕੇ ਕਤਲ ਕਰ ਦਿੱਤਾ ਸੀ।
ਪੁਲਿਸ ਨੇ ਦੱਸਿਆ ਸੀ ਕਿ ਜਾਂਚ ਦੌਰਾਨ ਕੋਲੀ ਨੇ ਮਨੁੱਖੀ ਮਾਸ ਖਾਣ ਅਤੇ ਨੈਕਰੋਫਿਲੀਆ (ਲਾਸ਼ਾਂ ਨਾਲ ਸਰੀਰਕ ਸਬੰਧ ਬਣਾਉਣ) ਦਾ ਇਕਬਾਲ ਕੀਤਾ ਸੀ।
ਹਾਲਾਂਕਿ, ਬਾਅਦ ਵਿੱਚ ਕੋਲੀ ਨੇ ਅਦਾਲਤ ਵਿੱਚ ਆਪਣਾ ਇਕਬਾਲੀਆ ਬਿਆਨ ਇਹ ਕਹਿੰਦੇ ਹੋਏ ਵਾਪਸ ਲੈ ਲਿਆ ਸੀ ਕਿ ਇਹ ਬਿਆਨ ਉਸ ਤੋਂ ਜ਼ਬਰਦਸਤੀ ਲਈ ਗਿਆ ਸੀ।
ਸੀਬੀਆਈ ਨੇ ਸੁਰਿੰਦਰ ਕੋਲੀ ਅਤੇ ਪੰਧੇਰ ਖ਼ਿਲਾਫ਼ 19 ਕੇਸ ਦਰਜ ਕੀਤੇ ਸਨ। ਕੋਲੀ ''''ਤੇ ਕਤਲ ਕਰਨ, ਅਗਵਾ ਕਰਨ, ਬਲਾਤਕਾਰ, ਸਬੂਤ ਨਸ਼ਟ ਕਰਨ ਦੇ ਇਲਜ਼ਾਮ ਸਨ, ਜਦਕਿ ਪੰਧੇਰ ''''ਤੇ ਅਨੈਤਿਕ ਤਸਕਰੀ ਦਾ ਇਲਜ਼ਾਮ ਸੀ।
:-
ਗਾਜ਼ੀਆਬਾਦ ਅਦਾਲਤ ਨੇ ਸੁਣਾਈ ਸੀ ਮੌਤ ਸਜ਼ਾ
ਇਹ ਮਾਮਲਾ ਕਈ ਸਾਲਾਂ ਤੱਕ ਦੇਸ਼ ਭਰ ਵਿੱਚ ਗੂੰਜਦਾ ਰਿਹਾ। ਲੋਕਾਂ ਨੇ ਪੁਲਿਸ ’ਤੇ ਲਾਪਰਵਾਹੀ ਦੇ ਇਲਜ਼ਾਮ ਲਾਏ। ਸਥਾਨਕ ਲੋਕਾਂ ਨੇ ਉਸ ਸਮੇਂ ਕਿਹਾ ਸੀ ਕਿ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕਰ ਸਕੀ ਕਿਉਂਕਿ ਲਾਪਤਾ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ।
ਇਹ ਬੱਚੇ ਨੇੜਲੇ ਬਸਤੀ ਨਿਠਾਰੀ ਵਿੱਚ ਰਹਿੰਦੇ ਸਨ ਅਤੇ ਇਸ ਕਰਕੇ ਹੀ ਇਸ ਮਾਮਲੇ ਨੂੰ ‘ਨਿਠਾਰੀ ਕਾਂਡ’ ਕਿਹਾ ਜਾਂਦਾ ਹੈ।
ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ''''ਤੇ ਇਲਾਹਾਬਾਦ ਹਾਈ ਕੋਰਟ ਵਿੱਚ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਐਸਐਚਏ ਰਿਜ਼ਵੀ ਦੀ ਬੈਂਚ ਨੇ ਸੁਣਵਾਈ ਦੀ ਇਜਾਜ਼ਤ ਦਿੱਤੀ ਸੀ।
ਹੁਣ ਅਦਾਲਤ ਨੇ ਕੀ ਕਿਹਾ
ਹੁਣ, ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਇਸਤਗਾਸਾ ਪੱਖ ਸ਼ੱਕ ਤੋਂ ਪਰ੍ਹੇ ਆਪਣਾ ਕੇਸ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ।
ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਫ਼ੋਨ ''''ਤੇ ਦੱਸਿਆ, "ਇਲਾਹਾਬਾਦ ਹਾਈ ਕੋਰਟ ਦਾ ਹੁਕਮ ਪੰਧੇਰ ਦੀ ਜੇਲ੍ਹ ਤੋਂ ਰਿਹਾਈ ਦਾ ਰਾਹ ਪੱਧਰਾ ਕਰ ਸਕਦਾ ਹੈ।"
ਹਾਲਾਂਕਿ, ਕੋਲੀ ਦੇ ਅਜੇ ਵੀ ਜੇਲ੍ਹ ਵਿੱਚ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਉਹ ਇੱਕ ਹੋਰ ਕੇਸ ਵਿੱਚ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਇਸ ਦੌਰਾਨ ਸੀਬੀਆਈ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲਣ ਦੀ ਉਡੀਕ ਕਰ ਰਹੀ ਹੈ। ਇਸ ਨੂੰ ਦੇਖ ਕੇ ਹੀ ਅਗਲਾ ਕਦਮ ਤੈਅ ਕੀਤਾ ਜਾਵੇਗਾ।
ਇਨ੍ਹਾਂ ਮਾਮਲਿਆਂ ਵਿੱਚ ਬਰੀ
ਗਾਜ਼ੀਆਬਾਦ ਜੇਲ੍ਹ ਵਿੱਚ ਬੰਦ ਕੋਲੀ ਨੂੰ ਇਲਾਹਾਬਾਦ ਹਾਈ ਕੋਰਟ ਵੱਲੋਂ ਸੁਣਵਾਈ ਕੀਤੇ ਜਾ ਰਹੇ 12 ਮਾਮਲਿਆਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦੂਜੇ ਪਾਸੇ, ਪੰਧੇਰ ਨੋਇਡਾ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਦੋ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਪੰਧੇਰ ਅਤੇ ਕੋਲੀ ''''ਤੇ ਕੁੜੀਆਂ ਨੂੰ ਅਗਵਾ ਕਰਨ, ਬਲਾਤਕਾਰ ਕਰਨ ਅਤੇ ਕਤਲ ਕਰਨ ਦੇ ਦੋਸ਼ ਹਨ।
ਇਨ੍ਹਾਂ ਦੋਵਾਂ ਖ਼ਿਲਾਫ਼ ਸਾਲ 2007 ਵਿੱਚ 19 ਕੇਸ ਦਰਜ ਹੋਏ ਸਨ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ ਵਿੱਚ ਸੀਬੀਆਈ ਨੇ ਸਬੂਤਾਂ ਦੀ ਘਾਟ ਕਾਰਨ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਸੀ।
ਬਾਕੀ 16 ਮਾਮਲਿਆਂ ''''ਚੋਂ ਕੋਲੀ ਨੂੰ ਤਿੰਨ ਮਾਮਲਿਆਂ ''''ਚ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਸੀ। ਇੱਕ ਕੇਸ ਵਿੱਚ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ।
ਉੱਤਰ ਪ੍ਰਦੇਸ਼ ਸਰਕਾਰ ਨੇ ਕੋਲੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੇ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਫਿਲਹਾਲ ਇਹ ਮਾਮਲਾ ਸੁਪਰੀਮ ਕੋਰਟ ''''ਚ ਵਿਚਾਰ ਅਧੀਨ ਹੈ।
ਸੋਮਵਾਰ ਨੂੰ ਬਾਕੀ 12 ਮਾਮਲਿਆਂ ''''ਚ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ।
ਪੰਧੇਰ ਦੀ ਵਕੀਲ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ ਛੇ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਸੀਬੀਆਈ ਨੇ ਦਰਜ ਕੀਤਾ ਸੀ ਤੇ ਬਾਕੀ ਪੰਜ ਕੇਸਾਂ ਵਿੱਚ ਉਸ ਨੂੰ ਪੀੜਤ ਪਰਿਵਾਰਾਂ ਵੱਲੋਂ ਨਾਮਜ਼ਦ ਕੀਤਾ ਗਿਆ ਸੀ।
ਐਡਵੋਕੇਟ ਮਨੀਸ਼ਾ ਭੰਡਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਤਿੰਨ ਕੇਸਾਂ ਵਿੱਚ ਸੈਸ਼ਨ ਅਦਾਲਤਾਂ ਪਹਿਲਾਂ ਹੀ ਉਸ ਨੂੰ ਬਰੀ ਕਰ ਚੁੱਕੀਆਂ ਹਨ।
ਬਾਕੀ ਤਿੰਨ ਕੇਸਾਂ ਵਿੱਚ ਉਸ ਨੂੰ ਇਲਾਹਾਬਾਦ ਹਾਈ ਕੋਰਟ ਨੇ ਬਰੀ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਉਹ 2009 ਵਿੱਚ ਹੀ ਬਰੀ ਹੋ ਗਿਆ ਸੀ ਅਤੇ ਬਾਕੀ ਦੋ ਕੇਸਾਂ ਵਿੱਚ ਉਹ ਸੋਮਵਾਰ ਨੂੰ ਬਰੀ ਹੋ ਗਿਆ ਹੈ।
ਕੀ ਸੀ ਮਾਮਲਾ?
ਇਹ ਸਨਸਨੀਖੇਜ਼ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 29 ਦਸੰਬਰ 2006 ਨੂੰ ਪੰਧੇਰ ਦੇ ਘਰ ਨੇੜਿਓਂ ਲੰਘਦੀ ਡਰੇਨ ਵਿੱਚੋਂ ਅੱਠ ਬੱਚਿਆਂ ਦੇ ਪਿੰਜਰ ਮਿਲੇ ਸਨ।
ਮਾਮਲੇ ਦੀ ਜਾਂਚ ਕਰਨ ਅਤੇ ਪੰਧੇਰ ਦੇ ਘਰ ਨੇੜੇ ਨਾਲੀਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੂੰ ਹੋਰ ਪਿੰਜਰ ਮਿਲੇ। ਇਨ੍ਹਾਂ ਵਿੱਚੋਂ ਬਹੁਤੇ ਅਵਸ਼ੇਸ਼ ਉਨ੍ਹਾਂ ਗਰੀਬ ਬੱਚਿਆਂ ਅਤੇ ਮੁਟਿਆਰਾਂ ਦੇ ਸਨ, ਜੋ ਇਲਾਕੇ ਵਿੱਚੋਂ ਲਾਪਤਾ ਸਨ।
10 ਦਿਨਾਂ ਦੇ ਅੰਦਰ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਅਤੇ ਉਨ੍ਹਾਂ ਦੀ ਤਲਾਸ਼ੀ ਦੌਰਾਨ ਹੋਰ ਹੱਡੀਆਂ ਮਿਲੀਆਂ।
ਪੰਧੇਰ ਅਤੇ ਕੋਲੀ 2006 ਤੋਂ ਜੇਲ੍ਹ ਵਿੱਚ ਹਨ। ਦੋਵਾਂ ਨੇ ਸੀਬੀਆਈ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈਕੋਰਟ ਨੇ ਇਸੇ ਅਰਜ਼ੀ ''''ਤੇ ਆਪਣਾ ਫੈਸਲਾ ਸੁਣਾਇਆ ਹੈ।
:-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)