ਕੀ ਸੱਪ ਡੰਗ ਮਾਰਨ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ, ਸੱਪ ਡੰਗ ਮਾਰੇ ਤਾਂ ਇੰਝ ਜ਼ਿੰਦਗੀ ਬਚ ਸਕਦੀ ਹੈ
Tuesday, Oct 17, 2023 - 05:14 PM (IST)
ਕੀ ਸੱਪ ਤੁਹਾਨੂੰ ਡੰਗਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਚੇਤਵਾਨੀ ਦਿੰਦਾ ਹੈ? ਜੇਕਰ ਅਸੀਂ ਉਸ ਚੇਤਾਵਨੀ ਨੂੰ ਸਮਾਂ ਰਹਿੰਦੇ ਭਾਂਪ ਜਾਈਏ ਤਾਂ ਕੀ ਅਸੀਂ ਸੱਪ ਦੇ ਡੰਗ ਤੋਂ ਬੱਚ ਸਕਦੇ ਹਾਂ?
ਕਈ ਲੋਕ ਇਸ ਤਰ੍ਹਾਂ ਦੀਆਂ ਕਈ ਗੱਲਾਂ ਦੇ ਜਵਾਬ ਲੱਭਣ ਦਾ ਯਤਨ ਕਰ ਰਹੇ ਹਨ।
ਸੱਪ ਫੜ੍ਹਨ ਵਾਲੇ ਧਰਮਿੰਦਰ ਤ੍ਰਿਵੇਦੀ ਦਾ ਕਹਿਣਾ ਹੈ ਕਿ “ਸਾਨੂੰ ਸੱਪਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।”
ਗੁਜਰਾਤ ਦੇ 38 ਸਾਲਾ ਧਰਮਿੰਦਰ ਤ੍ਰਿਵੇਦੀ ਕਈ ਸਾਲਾਂ ਤੋਂ ਮਨੁੱਖੀ ਬਸਤੀਆਂ ’ਚ ਦਾਖਲ ਹੋਏ ਸੱਪਾਂ ਨੂੰ ਫੜ੍ਹਨ ਅਤੇ ਫਿਰ ਉਨ੍ਹਾਂ ਨੂੰ ਸੁਰੱਖਿਅਤ ਜੰਗਲੀ ਖੇਤਰਾਂ ’ਚ ਛੱਡਣ ਦਾ ਕੰਮ ਰਹੇ ਹਨ।
ਇਸ ਦੇ ਨਾਲ ਹੀ ਉਹ ਲੋਕਾਂ ਨੂੰ ਸੱਪਾਂ ਪ੍ਰਤੀ ਜਾਗਰੂਕ ਕਰਨ ਦਾ ਵੀ ਕੰਮ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੱਪ ਦੇ ਵਿਵਹਾਰ ਨੂੰ ਚੰਗੀ ਤਰ੍ਹਾਂ ਨਾਲ ਸਮਝਿਆ ਜਾਵੇ ਤਾਂ ਤੁਸੀਂ ਉਸ ਦੇ ਡੰਗਣ ਦੇ ਖਤਰੇ ਤੋਂ ਕਿਸੇ ਹੱਦ ਤੱਕ ਬਚ ਸਕਦੇ ਹੋ।
ਉਹ ਕਹਿੰਦੇ ਹਨ, “ਸੱਪ ਆਪਣੇ ਜ਼ਹਿਰ ਦੀ ਵਰਤੋਂ ਸ਼ਿਕਾਰ ਕਰਨ ਲਈ ਕਰਦੇ ਹਨ। ਇਸੇ ਨਾਲ ਉਨ੍ਹਾਂ ਨੂੰ ਆਪਣਾ ਭੋਜਨ ਮਿਲਦਾ ਹੈ। ਇਸ ਲਈ ਉਹ ਜ਼ਹਿਰ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਦੇ ਹਨ।''''''''
''''''''ਸੱਪ ਮਨੁੱਖ ਨੂੰ ਉਦੋਂ ਹੀ ਡੰਗਦਾ ਹੈ ਜਦੋਂ ਉਸ ਕੋਲ ਆਪਣੇ ਬਚਾਅ ਦਾ ਕੋਈ ਰਸਤਾ ਨਹੀਂ ਬਚਦਾ।”
ਉਨ੍ਹਾਂ ਅੱਗੇ ਕਿਹਾ ਕਿ “ਜੇਕਰ ਤੁਹਾਡਾ ਸਾਹਮਣਾ ਕਿਸੇ ਸੱਪ ਨਾਲ ਹੁੰਦਾ ਹੈ ਤਾਂ ਬਿਨ੍ਹਾਂ ਡਰੇ ਸਾਵਧਾਨ ਆਪਣੀ ਹੀ ਥਾਂ ’ਤੇ ਖੜ੍ਹੇ ਰਹੋ, ਤਾਂ ਉਹ ਸੱਪ ਆਪਣੇ ਆਪ ਹੀ ਤੁਹਾਡੇ ਤੋਂ ਦੂਰ ਚਲਾ ਜਾਵੇਗਾ।”
ਕੀ ਬਰਸਾਤੀ ਮੌਸਮ ਦੌਰਾਨ ਸੱਪ ਜ਼ਿਆਦਾ ਬਾਹਰ ਨਿਕਲਦੇ ਹਨ?
ਭਾਰਤ ’ਚ ਸੱਪਾਂ ਵੱਲੋਂ ਡੰਗਣ ਦੀਆਂ ਘਟਨਾਵਾਂ ਜ਼ਿਆਦਾਤਰ ਬਰਸਾਤੀ ਮੌਸਮ ’ਚ, ਖਾਸ ਕਰਕੇ ਪੇਂਡੂ ਖੇਤਰਾਂ ’ਚ ਹੁੰਦੀਆਂ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਮੌਤ ਦਾ ਖਤਰਾ ਵਧ ਜਾਂਦਾ ਹੈ।
ਤ੍ਰਿਵੇਦੀ ਦੱਸਦੇ ਹਨ, “ਸੱਪ ਸਰਦੀਆਂ ''''ਚ ਆਪਣੀ ਸਰਗਰਮੀ ਨਾ ਦੇ ਬਰਾਬਰ ਕਰ ਦਿੰਦੇ ਹਨ। ਉਹ ਗਰਮੀਆਂ ’ਚ ਬਾਹਰ ਨਿਕਲਦੇ ਹਨ ਅਤੇ ਅੰਡੇ ਦਿੰਦੇ ਹਨ। ਬਰਸਾਤੀ ਮੌਸਮ ਦੌਰਾਨ ਸੱਪ ਦੇ ਅੰਡਿਆਂ ’ਚੋਂ ਬੱਚੇ ਨਿਕਲਦੇ ਹਨ।''''''''
''''''''ਇਸ ਸਮੇਂ ਹੀ ਸੱਪ ਸਰਦੀਆਂ ’ਚ ਜ਼ਿੰਦਾ ਰਹਿਣ ਲਈ ਲੋੜੀਂਦੇ ਭੋਜਨ ਦਾ ਬੰਦੋਬਸਤ ਕਰਨ ਲਈ ਆਪਣੇ ਸ਼ਿਕਾਰ ਦੀ ਭਾਲ ’ਚ ਇੱਧਰ-ਉੱਧਰ ਨਿਕਲਦੇ ਹਨ। ਉਹ ਪੂਰੀ ਸਰਗਰਮੀ ਨਾਲ ਘੁੰਮਦੇ ਹਨ ਅਤੇ ਡੱਡੂ, ਚੂਹੇ ਅਤੇ ਕੀੜੇ-ਮਕੌੜਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।''''''''
''''''''ਇਹੀ ਕਾਰਨ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਸੱਪ ਜ਼ਿਆਦਾਤਰ ਆਬਾਦੀ ਵਾਲੇ ਇਲਾਕਿਆਂ ’ਚ ਆਉਂਦੇ ਹਨ।''''''''
ਜੈਪੁਰ ਦੇ ਵਸਨੀਕ ਵਿਵੇਕ ਸ਼ਰਮਾ ਜੋ ਕਿ ਪੇਸ਼ੇ ਵੱਜੋਂ ਸੱਪ ਫੜ੍ਹਨ ਦਾ ਕੰਮ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ’ਚ ਸੱਪਾਂ ਦੇ ਡੰਗਣ ਦੀਆ ਘਟਨਾਵਾਂ ਜ਼ਿਆਦਾ ਦਰਜ ਹੁੰਦੀਆਂ ਹਨ।
ਉਨ੍ਹਾਂ ਨੇ ਸੱਪਾਂ ਦੇ ਵਿਵਹਾਰ ਸਬੰਧੀ ਆਪਣੇ ਅਧਿਐਨ ਦਾ ਵਰਣਨ ਕਰਦਿਆਂ ਦੱਸਿਆ, “ਅਸੀਂ ਵੇਖਿਆ ਹੈ ਕਿ ਸੱਪ ਦੇ ਡੰਗਣ ਦੀਆਂ ਇਹ ਘਟਨਾਵਾਂ ਘਰਾਂ ਦੇ ਘੱਟ ਰੌਸ਼ਨੀ ਵਾਲੇ ਕਮਰਿਆਂ ’ਚ ਜ਼ਿਆਦਾ ਵਾਪਰੀਆਂ ਹਨ।''''''''
''''''''ਮਤਲਬ ਕਿ ਭੰਡਾਰਣ ਵਾਲਾ ਕਮਰਾ, ਰਸੋਈ, ਬੈੱਡਰੂਮ ਆਦਿ ਘੱਟ ਰੌਸ਼ਨੀ ਵਾਲੇ ਕਮਰਿਆਂ ਦੇ ਨਾਲ-ਨਾਲ ਸੱਪ ਉਨ੍ਹਾਂ ਕਮਰਿਆਂ ’ਚ ਵੀ ਚਲੇ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਭੋਜਨ ਮਿਲ ਸਕਦਾ ਹੈ।''''''''
''''''''ਆਮ ਤੌਰ ’ਤੇ ਤੁਸੀਂ ਸੱਪਾਂ ਨੂੰ ਇੱਕ ਕਮਰੇ ਤੋਂ ਦੂਜੇ ਕਮਰੇ ’ਚ ਜਾਂਦੇ ਹੋਏ ਨਹੀਂ ਵੇਖਦੇ ਹੋ। ਅਜਿਹਾ ਇਸ ਲਈ ਕਿਉਂਕਿ ਸੱਪ ਹਨ੍ਹੇਰੇ ਵਾਲੀਆਂ ਥਾਵਾਂ ’ਚ ਲੁਕਦੇ ਹਨ ਅਤੇ ਰੌਸ਼ਨੀ ’ਚ ਰਹਿਣਾ ਪਸੰਦ ਨਹੀਂ ਕਰਦੇ ਹਨ।”
ਸਾਡੇ ਦੇਸ਼ ’ਚ ਮੁੱਖ ਤੌਰ ’ਤੇ ਚਾਰ ਕਿਸਮ ਦੇ ਜ਼ਹਿਰੀਲੇ ਸੱਪ ਪਾਏ ਜਾਂਦੇ ਹਨ ਅਤੇ ਉਹ ਹਨ:-
ਕੈਟਲਾ ਪਾਮੂ (ਭਾਰਤੀ ਕ੍ਰੇਟ) : ਇਹ ਦੇਸ਼ ਦਾ ਮੁੱਖ ਜ਼ਹਿਰੀਲਾ ਸੱਪ ਹੈ। ਇਸ ਜਾਤੀ ਦੇ ਸੱਪ ਦੀਆਂ ਕੁਝ ਉਪ-ਜਾਤੀਆਂ ਵੀ ਹਨ। ਭਾਰਤ ’ਚ ਇਸ ਨੂੰ ਕਟਲਾਪਾਮੂ ਕਿਹਾ ਜਾਂਦਾ ਹੈ।
ਦਿਨ ਵੇਲੇ ਖੂੰਖਾਰ ਵਿਖਾਈ ਦੇਣ ਵਾਲਾ ਇਹ ਸੱਪ ਰਾਤ ਵੇਲੇ ਬਹੁਤ ਹੀ ਹਮਲਾਵਰ ਢੰਗ ਨਾਲ ਹਮਲਾ ਕਰਦਾ ਹੈ। ਇਸ ਸੱਪ ਦਾ ਜ਼ਹਿਰ ਦਿਮਾਗੀ ਪ੍ਰਣਾਲੀ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦਾ ਹੈ।
ਕੋਬਰਾ (ਭਾਰਤੀ ਕੋਬਰਾ) : ਕੋਬਰਾ ਪੂਰੇ ਭਾਰਤੀ ਉਪ ਮਹਾਂਦੀਪ ’ਚ ਪਾਇਆ ਜਾਂਦਾ ਹੈ। ਇਸ ਨੂੰ ਏਸ਼ੀਅਨ ਕੋਬਰਾ ਵੀ ਕਿਹਾ ਜਾਂਦਾ ਹੈ। ਇਹ ਕਾਲੇ ਅਤੇ ਭੂਰੇ ਰੰਗ ਦੇ ਹੁੰਦੇ ਹਨ।
ਕੋਬਰਾ ਸੱਪ ਜ਼ਿਆਦਾਤਰ ਹਨ੍ਹੇਰੇ ’ਚ ਹਮਲਾ ਕਰਦੇ ਹਨ। ਇਸ ਦਾ ਜ਼ਹਿਰ ਦਿਮਾਗੀ ਪ੍ਰਣਾਲੀ ’ਤੇ ਗੰਭੀਰ ਪ੍ਰਭਾਵ ਪਾਉਂਦਾ ਹੈ। ਭਾਰਤ ’ਚ ਇਨ੍ਹਾਂ ਸੱਪਾਂ ਦੀ ਪੂਜਾ ਕਰਨ ਦੀ ਪਰੰਪਰਾ ਹੈ।
ਬਲੱਡ ਕੇਜ (ਰਸੇਲਸ ਵਾਈਪਰ) : ਇਹ ਆਮ ਤੌਰ ’ਤੇ ਹਮਲਾਵਰ ਸੁਭਾਅ ਦਾ ਮਾਲਕ ਹੁੰਦਾ ਹੈ। ਪੂਰੇ ਭਾਰਤ ਅਤੇ ਦੱਖਣੀ ਏਸ਼ੀਆ ’ਚ ਇਹ ਪਾਏ ਜਾਂਦੇ ਹਨ।
ਇਹ ਸੱਪ ਚੂਹਿਆਂ ਨੂੰ ਖਾਂਦਾ ਹੈ। ਇਸ ਲਈ ਇਹ ਅਕਸਰ ਹੀ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਮਨੁੱਖੀ ਬਸਤੀਆਂ ਦੇ ਨੇੜੇ ਵੇਖਿਆ ਜਾਂਦਾ ਹੈ। ਇਸ ਸੱਪ ਦੇ ਡੰਗਣ ਨਾਲ ਅੰਦਰੂਨੀ ਤੌਰ ’ਤੇ ਖੂਨ ਵਗ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ।
ਚਿੰਨੀਪਿੰਜਰਾ (ਸਾਅ ਸਕੇਲਡ ਵਾਈਪਰ) : ਇਹ ਸੱਪ ਲਗਭਗ ਦੇਸ਼ ਦੇ ਸਾਰੇ ਹਿੱਸਿਆਂ ’ਚ ਪਾਏ ਜਾਂਦੇ ਹਨ। ਭਾਵੇਂ ਇਨ੍ਹਾਂ ਦਾ ਆਕਾਰ ਛੋਟਾ ਹੁੰਦਾ ਹੈ ਪਰ ਇਹ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ।
ਇਸ ਨੂੰ ਲਿਟਲ ਇੰਡੀਅਨ ਵਾਈਪਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸੱਪ ਦਾ ਜ਼ਹਿਰ ਸਰੀਰ ’ਚ ਅੰਦਰੂਨੀ ਖੂਨ ਦੇ ਵਹਾਅ ਦਾ ਕਾਰਨ ਬਣ ਸਕਦਾ ਹੈ।
:-
ਕੀ ਸੱਪ ਡੰਗਣ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ?
ਮਾਹਰਾਂ ਦਾ ਕਹਿਣਾ ਹੈ ਕਿ ਇੱਕ ਸੱਪ ਨੂੰ ਛੱਡ ਕੇ ਸਾਰੇ ਸੱਪ ਡੰਗ ਮਾਰਨ ਤੋਂ ਪਹਿਲਾਂ ਚੇਤਾਵਨੀ ਦਿੰਦੇ ਹਨ।
ਧਰਮਿੰਦਰ ਤ੍ਰਿਵੇਦੀ ਕਹਿੰਦੇ ਹਨ ਕਿ ਜੇਕਰ ਤੁਸੀਂ ਸੱਪ ਦੇ ਵਿਵਹਾਰ ਨੂੰ ਚੰਗੀ ਤਰ੍ਹਾਂ ਨਾਲ ਸਮਝ ਜਾਓ ਤਾਂ ਤੁਸੀਂ ਉਸ ਦੇ ਡੰਗ ਤੋਂ ਬਚ ਸਕਦੇ ਹੋ।
ਉਹ ਕਹਿੰਦੇ ਹਨ “ਤੁਸੀਂ ਇਸ ਗੱਲ ਦਾ ਅੰਦਾਜ਼ਾ ਕਦੇ ਵੀ ਨਹੀਂ ਲਗਾ ਸਕਦੇ ਹੋ ਕਿ ਕੋਬਰਾ ਕਦੋਂ ਡੰਗ ਮਾਰੇਗਾ ਪਰ ਦੂਜੇ ਪਾਸੇ ਬਾਕੀ ਸੱਪ ਡੰਗ ਮਾਰਨ ਤੋਂ ਪਹਿਲਾਂ ਡੂੰਘਾ ਸਾਹ ਲੈਂਦੇ ਹਨ ਅਤੇ ‘ਸਸਸਸਸ’ ਦੀ ਆਵਾਜ਼ ਵੀ ਕੱਢਦੇ ਹਨ। ਇਹ ਜ਼ਮੀਨ ’ਤੇ ਆਪਣੇ ਸਰੀਰ ਨੂੰ ਜ਼ੋਰ-ਜ਼ੋਰ ਨਾਲ ਹਿਲਾਉਂਦੇ ਹਨ ਅਤੇ ਆਵਾਜ਼ ਵੀ ਕਰਦੇ ਹਨ।”
“ਜਦੋਂ ਕੋਬਰਾ ਦੀ ਗੱਲ ਆਉਂਦੀ ਹੈ ਤਾਂ ਉਹ ਰਾਤ ਦੇ ਸਮੇਂ ਸਰਗਰਮ ਹੁੰਦੇ ਹਨ। ਕੋਬਰਾ ਰਾਤ ਤੋਂ ਸਵੇਰ ਹੋਣ ਤੱਕ ਆਪਣੇ ਭੋਜਨ ਦੀ ਭਾਲ ’ਚ ਇੱਧਰ-ਉੱਧਰ ਫਿਰਦਾ ਹੈ। ਇਸ ਲਈ ਹੀ ਸੱਪ ਦੇ ਡੰਗਣ ਦੀਆਂ ਜ਼ਿਆਦਾਤਰ ਘਟਨਾਵਾਂ ਰਾਤ ਦੇ ਸਮੇਂ ਹੀ ਵਾਪਰਦੀਆਂ ਹਨ।''''''''
''''''''ਬਾਕੀ ਸੱਪ ਫਸਲਾਂ ਵਾਲੇ ਖੇਤਾਂ ਅਤੇ ਨਿਰਮਾਣ ਅਧੀਨ ਥਾਵਾਂ ’ਤੇ ਪਾਏ ਜਾਂਦੇ ਹਨ। ਕਿਉਂਕਿ ਉਹ ਸਲੇਟੀ ਅਤੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਥਾਵਾਂ ’ਤੇ ਆਸਾਨੀ ਨਾਲ ਲੁਕ ਸਕਦੇ ਹਨ ਅਤੇ ਭੋਜਨ ਦੀ ਭਾਲ ਕਰ ਸਕਦੇ ਹਨ।”
ਸੱਪ ਦੇ ਡੰਗਣ ਤੋਂ ਬਾਅਦ ਸਰੀਰ ’ਚ ਕੀ ਹੁੰਦਾ ਹੈ?
ਡਾਕਟਰ ਹੇਮਾਂਗ ਦੋਸ਼ੀ ਦੱਸਦੇ ਹਨ ਕਿ ਚਾਰ ਜ਼ਹਿਰੀਲੇ ਸੱਪਾਂ ਦੇ ਡੰਗਣ ਨਾਲ ਸਰੀਰ ਦੇ ਦੋ ਸਿਸਟਮ ਪ੍ਰਭਾਵਿਤ ਹੁੰਦੇ ਹਨ।
ਦੇਸ਼ ਦੇ ਚਾਰ ਪ੍ਰਮੁੱਖ ਜ਼ਹਿਰੀਲੇ ਸੱਪਾਂ ’ਚੋਂ ਵਾਈਪਰ ਅਤੇ ਕੋਬਰਾ ਦਾ ਜ਼ਹਿਰ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਸੱਪਾਂ ਦੇ ਜ਼ਹਿਰ ਨੂੰ ਨਿਊਰੋਟੌਕਸਿਕ ਕਿਹਾ ਜਾਂਦਾ ਹੈ।
ਜਦੋਂ ਵਾਈਪਰ ਅਤੇ ਪਿਰ ਵਾਈਪਰ ਡੰਗ ਮਾਰਦੇ ਹਨ ਤਾਂ ਉਨ੍ਹਾਂ ਦਾ ਜ਼ਹਿਰ ਸਿੱਧਾ ਖੂਨ ’ਚ ਮਿਲ ਜਾਂਦਾ ਹੈ, ਜਿਸ ਨਾਲ ਸਰੀਰ ’ਚ ਅੰਦਰੂਨੀ ਖੂਨ ਦਾ ਵਹਾਅ ਹੁੰਦਾ ਹੈ। ਇਸ ਜ਼ਹਿਰ ਨੂੰ ਹੈਮੇਟੋਟੌਕਸਿਕ ਕਿਹਾ ਜਾਂਦਾ ਹੈ।
“ਨਿਊਰੋਟੌਕਸਿਕ ਸਿੱਧਾ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਧਰੰਗ ਅਤੇ ਸਾਹ ਲੈਣ ’ਚ ਮੁਸ਼ਕਲ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ। ਹੈਮੇਟੋਟੌਕਸਿਕ ਸਿੱਧਾ ਖੂਨ ’ਚ ਰਲ ਜਾਂਦਾ ਹੈ ਅਤੇ ਅੰਦਰੂਨੀ ਖੂਨ ਦੇ ਵਹਾਅ ਦਾ ਕਾਰਨ ਬਣਦਾ ਹੈ।”
“ਸੱਪ ਦੇ ਡੰਗ ਮਾਰਨ ਤੋਂ 15-20 ਮਿੰਟ ਬਾਅਦ ਸਰੀਰ ’ਚ ਜ਼ਹਿਰ ਦਾ ਅਸਰ ਵਿਖਾਈ ਦੇਣ ਲੱਗ ਜਾਂਦਾ ਹੈ। 30-40 ਮਿੰਟਾ ’ਚ ਜ਼ਹਿਰ ਪੂਰੇ ਸਰੀਰ ’ਚ ਫੈਲ ਜਾਂਦਾ ਹੈ। ਜ਼ਹਿਰ ਦੇ ਲੱਛਣ ਵਿਖਾਈ ਦੇਣ ’ਚ 2 ਤੋਂ ਢਾਈ ਘੰਟੇ ਦਾ ਸਮਾਂ ਲੱਗ ਸਕਦਾ ਹੈ।''''''''
''''''''4-6 ਘੰਟਿਆਂ ’ਚ ਤੀਬਰਤਾ ਆਪਣੇ ਸਿਖਰ ’ਤੇ ਪਹੁੰਚ ਜਾਂਦੀ ਹੈ। ਸੱਪ ਨੇ ਸਰੀਰ ਦੇ ਜਿਸ ਹਿੱਸੇ ’ਚ ਡੰਗ ਮਾਰਿਆ ਹੁੰਦਾ ਹੈ ਉੱਥੇ ਦਰਦ ਤੇਜ਼ ਹੋ ਜਾਂਦਾ ਹੈ। ਹਾਲਾਂਕਿ, ਜੇਕਰ ਸੱਪ ਡੰਗ ਮਾਰਦਾ ਹੈ ਤਾਂ ਉਸ ਦੇ ਲੱਛਣ ਤੁਰੰਤ ਸਾਹਮਣੇ ਨਹੀਂ ਆਉਂਦੇ ਹਨ।”
ਸੱਪ ਦੇ ਡੰਗਣ ਦੀ ਸਥਿਤੀ ’ਚ ਕੀ ਕੀਤਾ ਜਾਵੇ ਅਤੇ ਕੀ ਨਹੀਂ?
ਧਰਮਿੰਦਰ ਤ੍ਰਿਵੇਦੀ ਨੂੰ ਸਾਲ 2008 ’ਚ ਇੱਕ ਸੱਪ ਨੇ ਉਸ ਸਮੇਂ ਡੰਗ ਮਾਰਿਆ ਸੀ ਜਦੋਂ ਉਹ ਸੱਪ ਫੜ੍ਹ ਰਹੇ ਸਨ।
ਤ੍ਰਿਵੇਦੀ ਉਸ ਹਾਦਸੇ ਨੂੰ ਯਾਦ ਕਰਦੇ ਹੋਏ ਦੱਸਦੇ ਹਨ, “ਸੱਪ ਦੇ ਦੰਦ ਇੱਕ ਟੀਕੇ ਵਾਂਗ ਹੁੰਦੇ ਹਨ। ਭਾਵੇਂ ਟੀਕਾ ਸਿੱਧਾ ਮਾਸਪੇਸ਼ੀਆਂ ’ਚ ਲਗਾਇਆ ਜਾਵੇ ਜਾਂ ਕਿਸੇ ਨਸ ’ਚ ਜਾਂ ਫਿਰ ਚਮੜੀ ਦੀ ਕਿਸੇ ਪਰਤ ਦੇ ਵਿਚਾਲੇ, ਸੱਪ ਦਾ ਜ਼ਹਿਰ ਵੀ ਤਿੰਨ ਤਰੀਕਿਆਂ ਨਾਲ ਸਰੀਰ ’ਚ ਦਾਖਲ ਹੁੰਦਾ ਹੈ।''''''''
''''''''ਸੱਪ ਦੇ ਡੰਗਣ ਦੀ ਸੂਰਤ ’ਚ ਬਿਨ੍ਹਾਂ ਕਿਸੇ ਦੇਰੀ ਦੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਅਤੇ ਸਬੰਧਤ ਡਾਕਟਰ ਕੋਲ ਪਹੁੰਚ ਕਰਨੀ ਲਾਜ਼ਮੀ ਹੈ ਤਾਂ ਜੋ ਤੁਰੰਤ ਇਲਾਜ ਸ਼ੁਰੂ ਹੋ ਸਕੇ।''''''''
ਧਿਆਨ ਦੇਣ ਵਾਲੀ ਗੱਲ ਹੈ ਕਿ ਅਜਿਹੀ ਸਥਿਤੀ ’ਚ ਬਾਬਿਆਂ, ਟੂਣੇ-ਟੋਟਕੇ ਕਰਨ ਵਾਲਿਆਂ ਕੋਲ ਨਹੀਂ ਜਾਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਦਾ ਦਾਅਵਾ ਕਿ ਉਹ ਮੰਤਰਾਂ ਨਾਲ ਜ਼ਹਿਰ ਕੱਢ ਸਕਦੇ ਹਨ, ਬਿਲਕੁਲ ਹੀ ਝੂਠਾ ਹੈ।”
ਉਨ੍ਹਾਂ ਅੱਗੇ ਦੱਸਿਆ, “ਜਦੋਂ ਸੱਪ ਨੇ ਮੈਨੂੰ ਡੰਗ ਮਾਰਿਆ ਤਾਂ 10 ਮਿੰਟਾਂ ਦੇ ਅੰਦਰ ਹੀ ਮੈਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਸਮੇਂ ਸਿਰ ਇਲਾਜ ਮਿਲਣ ਕਰਕੇ ਹੀ ਮੇਰੀ ਜਾਨ ਬਚ ਸਕੀ। ਹਾਲਾਂਕਿ ਜੇਕਰ ਮੈਂ ਪੂਰੀ ਸਾਵਧਾਨੀ ਵਰਤਦਾ ਤਾਂ ਮੈਂ ਸੱਪ ਦੇ ਡੰਗ ਤੋਂ ਬਚ ਸਕਦਾ ਸੀ।”
ਕੀ ਸੱਪ ਦਾ ਡੰਗਣਾ ਉਸ ਦਾ ਕੁਦਰਤੀ ਸੁਭਾਅ ਨਹੀਂ ਹੈ?
ਡਾਕਟਰ ਹੇਮਾਂਗ ਦੋਸ਼ੀ ਨੇ ਕਿਹਾ, “ਮੌਜੂਦਾ ਸਮੇਂ 108 ਐਂਬੂਲੈਂਸ ਸੇਵਾਵਾਂ ਦਿਹਾਤੀ ਖੇਤਰਾਂ ’ਚ ਉਪਲੱਬਧ ਹਨ। ਸੱਪ ਦੇ ਡੰਗਣ ’ਤੇ ਤੁਰੰਤ ਨਜ਼ਦੀਕੀ ਹਸਪਤਾਲ ਜਾਓ।''''''''
''''''''ਕਿਉਂਕਿ ਇਸ ਦੀ ਦਵਾਈ ਉਪਲੱਬਧ ਹੈ, ਇਸ ਲਈ ਸੱਪਾਂ ਨੂੰ ਮਾਰਨ ਦੀ ਲੋੜ ਨਹੀਂ ਹੈ। ਸੱਪ ਦੇ ਜ਼ਹਿਰ ਨੂੰ ਤੋੜਨ ਲਈ ਐਂਟੀਡੋਟਸ ਉਪਲੱਬਧ ਹਨ।”
ਸੱਪ ਦੇ ਡੰਗਣ ਤੋਂ ਬਾਅਦ ਕੀ ਕੀਤਾ ਜਾਵੇ?
ਜੇਕਰ ਸੱਪ ਕਿਸੇ ਵਿਅਕਤੀ ਨੂੰ ਡੰਗ ਦਿੰਦਾ ਹੈ ਤਾਂ ਉਸ ਵਿਅਕਤੀ ਨੂੰ ਮਾਨਸਿਕ ਹਿੰਮਤ ਦੇਣੀ ਚਾਹੀਦੀ ਹੈ ਅਤੇ ਉਸ ਦਾ ਮਨੋਬਲ ਟੁੱਟਣ ਨਾ ਦਿਓ।
ਜਿੰਨੀ ਜਲਦੀ ਹੋ ਸਕੇ ਨਜ਼ਦੀਕੀ ਸਰਕਾਰੀ ਹਸਪਤਾਲ ਜਾਂ ਕਿਸੇ ਸਬੰਧਤ ਡਾਕਟਰ ਕੋਲ ਪਹੁੰਚ ਕਰੋ।
ਅਜਿਹੀ ਸਥਿਤੀ ’ਚ ਕੀ ਨਹੀਂ ਕਰਨਾ ਚਾਹੀਦਾ ਹੈ?
ਸੱਪ ਦੇ ਡੰਗੇ ਵਿਅਕਤੀ ਨੂੰ ਬਿਲਕੁਲ ਵੀ ਨਾ ਹਿਲਾਓ, ਕਿਉਂਕਿ ਇਸ ਨਾਲ ਜ਼ਹਿਰ ਤੇਜ਼ੀ ਨਾਲ ਪੂਰੇ ਸਰੀਰ ’ਚ ਫੈਲ ਸਕਦਾ ਹੈ।
ਜ਼ਖਮ ’ਤੇ ਪੱਟੀ ਨਾ ਬੰਨ੍ਹੀ ਜਾਵੇ। ਸਭ ਤੋਂ ਅਹਿਮ ਗੱਲ ਕਿ ਸੱਪ ਦੇ ਡੰਗ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਉਸ ਸਮੇਂ ਹਰ ਪਲ ਕੀਮਤੀ ਹੁੰਦਾ ਹੈ।
ਸਮੇਂ ਸਿਰ ਇਲਾਜ ਜ਼ਰੂਰੀ…
ਗੁਜਰਾਤ ਦੇ ਵਿਪੁਲ ਨੂੰ ਹਾਲ ਹੀ ’ਚ ਸੱਪ ਨੇ ਡੰਗ ਲਿਆ ਸੀ ਅਤੇ ਹਸਪਤਾਲ ਦੇਰ ਨਾਲ ਲੈ ਕੇ ਜਾਣ ਕਰਕੇ ਉਸ ਦੀ ਹਾਲਤ ਵਿਗੜ ਗਈ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਵਿਪੁਲ ਦੇ ਭਰਾ ਸਾਗਰ ਕੋਲੀ ਦਾ ਕਹਿਣਾ ਹੈ, “ਮੇਰੇ ਭਰਾ ਨੂੰ ਦੁਪਹਿਰ ਦੇ ਤਕਰੀਬਨ 12-12:30 ਵਜੇ ਸੱਪ ਨੇ ਡੰਗਿਆ ਸੀ। ਇੱਕ ਘੰਟੇ ਬਾਅਦ ਵੀ ਸਾਨੂੰ ਪਤਾ ਨਹੀਂ ਲੱਗਿਆ ਕਿ ਉਸ ਨੂੰ ਸੱਪ ਨੇ ਡੰਗ ਲਿਆ ਹੈ। ਉਨ੍ਹਾਂ ਨੂੰ ਸਾਹ ਲੈਣ ’ਚ ਦਿੱਕਤ ਹੋ ਰਹੀ ਸੀ। ਸਾਨੂੰ ਹਸਪਤਾਲ ਪਹੁੰਚਣ ’ਚ ਲਗਭਗ ਤਿੰਨ ਘੰਟੇ ਲੱਗ ਗਏ। ਉਦੋਂ ਤੱਕ ਬਹੁਤ ਦੇਰ ਹੋ ਗਈ ਸੀ।”
ਉਨ੍ਹਾਂ ਅੱਗੇ ਕਿਹਾ, “ਜੇਕਰ ਮੇਰੇ ਭਰਾ ਨੂੰ ਸਮਾਂ ਰਹਿੰਦਿਆਂ ਇਲਾਜ ਮਿਲ ਜਾਂਦਾ ਤਾਂ ਉਹ ਬਚ ਜਾਂਦੇ।”
ਗੁਜਰਾਤ ਦੇ ਕੈਲਾਸ਼ ਨਗਰ ਦੇ ਵਸਨੀਕ ਲਾਲਾਭਾਈ ਭਾਟੀਆ ਨੇ ਆਪਣੇ ਭਤੀਜੇ ਨੂੰ ਸੱਪ ਦੇ ਡੰਗਣ ਦੀ ਘਟਨਾ ਦੱਸੀ।
ਉਨ੍ਹਾਂ ਦੱਸਿਆ ਕਿ ''''''''ਮੇਰਾ ਭਤੀਜਾ ਕਾਂਜੀ ਭਾਟੀਆ 19-20 ਸਾਲ ਦਾ ਹੈ। ਉਹ ਆਪਣੇ ਪਿਤਾ ਜੀ ਨਾਲ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਇੱਕ ਵਾਰ ਇੱਕ ਸੱਪ ਦੁਕਾਨ ਅੰਦਰ ਵੜ ਗਿਆ ਅਤੇ ਕਾਂਜੀ ਨੂੰ ਡੰਗ ਲਿਆ।''''''''
''''''''ਅਸੀਂ ਤੁਰੰਤ ਉੱਥੋਂ ਲਗਭਗ 10 ਕਿਲੋਮੀਟਰ ਦੂਰ ਇੱਕ ਹਸਪਤਾਲ ’ਚ ਉਸ ਨੂੰ ਲੈ ਗਏ। ਸਮੇਂ ਸਿਰ ਇਲਾਜ ਮਿਲਣ ਕਰਕੇ ਉਹ ਠੀਕ ਹੋ ਗਿਆ। 4-5 ਦਿਨਾਂ ’ਚ ਉਹ ਬਿਲਕੁਲ ਠੀਕ ਹੋ ਗਿਆ।''''''''
''''''''ਪਰ ਸਾਡੇ ਤੋਂ ਇੱਕ ਗਲਤੀ ਹੋ ਗਈ ਸੀ ਕਿ ਅਸੀਂ ਉਸ ਨੂੰ ਪੀਣ ਲਈ ਤਾਜ਼ਾ ਪਾਣੀ ਦੇ ਦਿੱਤਾ ਸੀ, ਜੋ ਕਿ ਨਹੀਂ ਦੇਣਾ ਚਾਹੀਦਾ ਸੀ। ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਹੁਣ ਉਹ ਆਪਣੇ ਘਰ ਖੁਸ਼ ਹਨ।''''''''
ਸੱਪ ਦੇ ਡੰਗ ਤੋਂ ਬਚਣ ਲਈ…
ਸੱਪ ਫੜ੍ਹਨ ਵਾਲੇ ਵਿਵੇਕ ਸ਼ਰਮਾ ਦਾ ਕਹਿਣਾ ਹੈ ਕਿ ਜਿਹੜੇ ਲੋਕ ਉਨ੍ਹਾਂ ਇਲਾਕਿਆਂ ’ਚ ਰਹਿੰਦੇ ਹਨ ਜਿੱਥੇ ਸੱਪ ਬਹੁਤ ਸਰਗਰਮ ਹੁੰਦੇ ਹਨ, ਉਨ੍ਹਾਂ ਲੋਕਾਂ ਨੂੰ ਲੋੜੀਂਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਸੱਪ ਦੇ ਡੰਗ ਤੋਂ ਬਚਣ ਦਾ ਯਤਨ ਕਰਨਾ ਚਾਹੀਦਾ ਹੈ।
ਉਹ ਕਹਿੰਦੇ ਹਨ, “ਜੋ ਲੋਕ ਬਾਹਰ ਸੌਂਦੇ ਹਨ, ਉਨ੍ਹਾਂ ਨੂੰ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਨਾ ਸਿਰਫ ਮੱਛਰਾਂ ਤੋਂ ਬਚਾਅ ਕਰਦੀ ਹੈ ਸਗੋਂ ਤੁਹਾਨੂੰ ਸੱਪ ਦੇ ਹਮਲੇ ਤੋਂ ਵੀ ਬਚਾਉਂਦੀ ਹੈ।''''''''
''''''''ਹਨ੍ਹੇਰੇ ਵਾਲੇ ਕਮਰਿਆਂ ਜਾਂ ਥਾਵਾਂ ’ਚ ਜਾਂਦੇ ਸਮੇਂ ਟਾਰਚ ਦੀ ਵਰਤੋਂ ਕਰੋ। ਟਾਰਚ ਦੀ ਰੌਸ਼ਨੀ ਨਾਲ ਆਲੇ-ਦੁਆਲੇ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਅੱਗੇ ਵਧਣਾ ਚਾਹੀਦਾ ਹੈ। ਜੇਕਰ ਕਿਸੇ ਹਨ੍ਹੇਰੇ ਵਾਲੀ ਥਾਂ ’ਤੇ ਹੱਥ ਨਾਲ ਛੂਹਣਾ ਹੋਵੇ ਤਾਂ ਆਪਣੇ ਹੱਥ ’ਤੇ ਇੱਕ ਮੋਟਾ ਕੱਪੜਾ ਜ਼ਰੂਰ ਲਪੇਟ ਲਓ।''''''''
''''''''ਬਗੀਚੇ ਅਤੇ ਘਾਹ ਵਾਲੇ ਖੇਤਰਾਂ ’ਚ ਜਾਂਦੇ ਸਮੇਂ ਗੱਮ ਬੂਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਉਸ ਸਮੇਂ ਕੋਈ ਵੀ ਚੀਜ਼ ਹੱਥੋਂ ਡਿੱਗ ਜਾਵੇ ਤਾਂ ਤੁਰੰਤ ਆਪਣਾ ਹੱਥ ਜ਼ਮੀਨ ’ਤੇ ਨਾ ਰੱਖੋ ਅਤੇ ਪਹਿਲਾਂ ਧਿਆਨ ਨਾਲ ਵੇਖੋ ਕਿ ਹੇਠਾਂ ਕੀ ਪਿਆ ਹੈ।''''''''
ਉਹ ਕਹਿੰਦੇ ਹਨ ਕਿ ''''''''ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਨ ’ਚ ਧੇਲੀ ਜਿੰਨਾਂ ਵੀ ਖਰਚਾ ਨਹੀਂ ਹੁੰਦਾ ਹੈ। ਜੇਕਰ ਛੋਟੀਆਂ-ਛੋਟੀਆਂ ਗੱਲਾਂ ਜਾਂ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ ਤਾਂ ਸੱਪ ਦੇ ਡੰਗ ਤੋਂ ਬਚਿਆ ਜਾ ਸਕਦਾ ਹੈ।”
ਦੇਸ਼ ’ਚ ਸੱਪ ਦੇ ਡੰਗਣ ਦਾ ਖਤਰਾ
ਮੁੰਬਈ ਦੇ ਰਹਿਣ ਵਾਲੇ ਪ੍ਰਿਅੰਕਾ ਕਦਮ ਨੇ ਸੱਪ ਦੇ ਡੰਗਣ ਦੇ ਖ਼ਤਰਿਆਂ ’ਤੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਮਿਲ ਕੇ ਕੰਮ ਕੀਤਾ ਹੈ। ਇਸ ਸਮੇਂ ਉਹ ਸਨੇਕ ਬਾਈਟ ਹੀਲਿੰਗ ਐਂਡ ਅੇਜੂਕੇਸ਼ਨ ਇੰਡੀਆ (ਸ਼ੀ ਇੰਡੀਆ) ਦੀ ਸੰਸਥਾਪਕ ਮੈਂਬਰ ਹਨ।
ਉਨ੍ਹਾਂ ਦਾ ਕਹਿਣਾ ਹੈ, “ਜਿਸ ਵਿਅਕਤੀ ਨੂੰ ਸੱਪ ਨੇ ਡੰਗਿਆ ਹੋਵੇ ਉਸ ਨੂੰ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ, ਕਿਉਂਕਿ ਹਰ ਪਲ ਕੀਮਤੀ ਹੁੰਦਾ ਹੈ। ਬਦਕਿਸਮਤੀ ਨਾਲ ਸਾਡੇ ਦੇਸ਼ ’ਚ ਪ੍ਰਾਇਮਰੀ ਸਿਹਤ ਕੇਂਦਰਾਂ ’ਚ ਮੁਢਲੇ ਢਾਂਚੇ, ਸਿੱਖਿਅਤ ਸਟਾਫ ਅਤੇ ਦਵਾਈਆਂ ਦੀ ਘਾਟ ਹੈ। ਇਸ ਕਰਕੇ ਉਥੋਂ ਦਾ ਸਟਾਫ ਪੀੜਤਾਂ ਨੂੰ ਜ਼ਿਲ੍ਹਾ ਹਸਪਤਾਲ ਲੈ ਜਾਣ ਦੀ ਸਲਾਹ ਦਿੰਦਾ ਹੈ।''''''''
''''''''ਜਦੋਂ ਤੱਕ ਪੀੜਤ ਦੂਰ ਦੇ ਹਸਪਤਾਲ ’ਚ ਪਹੁੰਚਦਾ ਹੈ, ਉਸ ਦੀ ਸਥਿਤੀ ਵਿਗੜ ਚੁੱਕੀ ਹੁੰਦੀ ਹੈ । ਜਿਸ ਕਰਕੇ ਅਪਾਹਜਤਾ ਜਾਂ ਮੌਤ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਉਂਦੇ ਹਨ।”
“ਰਾਸ਼ਟਰੀ ਸਿਹਤ ਯੋਜਨਾ ’ਚ ਸੱਪ ਦੇ ਡੰਗ ਦੇ ਇਲਾਜ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਪ੍ਰਾਇਮਰੀ ਸਿਹਤ ਕੇਂਦਰਾਂ ਲਈ ਲੋੜੀਂਦੇ ਫੰਡਾਂ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।''''''''
''''''''ਹਸਪਤਾਲਾਂ ’ਚ ਵਿਸ਼ੇਸ਼ ਸਟਾਫ ਦੀ ਨਿਯੁਕਤੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮਿਹਨਤਾਨ ਦਿੱਤਾ ਜਾਵੇ। ਇਸ ਦੇ ਨਾਲ ਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵਿੱਢ ਕੇ ਲੋਕਾਂ ਨੂੰ ਸੱਪ ਦੇ ਡੰਗਣ ਸਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।''''''''
ਉਹ ਕਹਿੰਦੇ ਹਨ ਕਿ ਇਨ੍ਹਾਂ ਜਾਗਰੂਕ ਮੁਹਿੰਮਾਂ ਨਾਲ ਲੋਕਾਂ ਦਰਮਿਆਨ ਸੱਪਾਂ ਸਬੰਧੀ ਵਹਿਮਾਂ-ਭਰਮਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਸੱਪ ਦੇ ਡੰਗਣ ਦੀ ਸਥਿਤੀ ’ਚ ਇਲਾਜ ਕਰਵਾਉਣ ਪ੍ਰਤੀ ਜਾਗਰੂਕਤਾ ’ਚ ਵਾਧਾ ਹੋਵੇਗਾ।
:-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)