‘ਭਾਰਤ-ਪਾਕਿਸਤਾਨ ਦਾ ਟਾਕਰਾ ਸਭ ਤੋਂ ਵੱਡਾ ਧੰਦਾ ਹੈ, ਜੋ ਸੋਦਾ ਵੇਚਣਾ ਹੈ ਇਸ ਦੇ ਨਾਮ ''''ਤੇ ਵੇਚ ਦਿਓ’- ਹਨੀਫ਼ ਦਾ ਵਲੌਗ

Tuesday, Oct 17, 2023 - 09:59 AM (IST)

ਭਾਰਤ-ਪਾਕਿਸਤਾਨ ਦਾ ਮੈਚ ਹੋਵੇ ਤਾਂ ਟੈਂਸ਼ਨ ਤਾਂ ਹੋਵੇਗੀ, ਮੈਚ ਵਰਲਡ ਕੱਪ ਵਿੱਚ ਹੋਵੇ, ਹੋਰ ਟੈਂਸ਼ਨ ਹੋਵੇਗੀ। ਮੈਚ ਜਦੋਂ ਭਾਰਤ ਵਿੱਚ ਹੋਵੇ ਤਾਂ ਇੰਝ ਲੱਗੇਗਾ ਕਿ ਜਿਵੇਂ ਮਹਾਂਯੁੱਧ ਪੈ ਗਿਆ।

ਭਾਵੇਂ ਕ੍ਰਿਕਟ ਦੇ ਸਿਆਣੇ ਸਾਨੂੰ ਸਮਝਾਉਂਦੇ ਰਹਿਣ ਕਿ ਪਾਕਿਸਤਾਨ ਵਰਲਡ ਕੱਪ ਵਿੱਚ ਭਾਰਤ ਤੋਂ ਕਦੇ ਵੀ ਨਹੀਂ ਜਿੱਤਿਆ। ਫਿਰ ਵੀ ਸ਼ੌਕੀਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।

ਜਿਹੜਾ ਮੈਚ ਹੋਇਆ ਉਸ ਨੂੰ ਦੇਖਣ ਲਈ ਕੋਈ ਡੇਢ ਅਰਬ ਬੰਦਾ ਟੀਵੀ ਦੇ ਸਾਹਮਣੇ ਬੈਠਾ ਸੀ ਤੇ ਸਟੇਡੀਅਮ ਵਿੱਚ ਵੀ ਸਵਾ ਲੱਖ ਬੰਦਾ ਮੌਜੂਦ ਸੀ। ਇਸ ਸਵਾ ਲੱਖ ਬੰਦੇ ਵਿੱਚ ਕੋਈ ਢਾਈ-ਤਿੰਨ ਹੀ ਪਾਕਿਸਤਾਨੀ ਹੋਣਗੇ, ਉਹ ਵੀ ਉਹ ਸਾਫ਼ੀ ਜਿਨ੍ਹਾਂ ਦੀ ਲਾਟਰੀ ਨਿਕਲ ਆਈ ਤੇ ਆਖ਼ਰੀ ਵੇਲੇ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਮਿਲ ਗਿਆ।

ਪਾਕਿਸਤਾਨ-ਭਾਰਤ ਦਾ ਇੱਕ ਮੈਚ ਸਟੇਡੀਅਮ ਤੋਂ ਬਾਹਰ ਵੀ ਹੁੰਦਾ ਹੈ। ਇਹ ਮੈਚ ਟੌਸ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਪਾਕਿਸਤਾਨ ਦੇ ਹਾਰਨ ਨਾਲ ਵੀ ਨਹੀਂ ਮੁਕਦਾ।

ਇਹ ਮੈਚ ਹੁੰਦਾ ਹੈ ਲਤੀਫ਼ੇ ਦਾ, ਜੁਗਤਾ ਦਾ, ਤਾਨਿਆ-ਮੇਣਿਆ ਦਾ, ਕਿਸੇ ਪੁਰਾਣੀ ਜਿੱਤ ਦੀ ਯਾਦ ਦਾ, ਕਿਸੇ ਨਾ ਭੁੱਲਣ ਵਾਲੀ ਹਾਰ ਦਾ।

ਬਾਬਰ ਆਜ਼ਮ
Getty Images

ਭਾਰਤ-ਪਾਕਿਸਤਾਨ ਵਾਲਿਆਂ ਦੇ ਮਿਲਣ ''''ਤੇ ਇੰਨੀਆਂ ਪਾਬੰਦੀਆਂ ਹਨ, ਮੈਨੂੰ ਸ਼ੱਕ ਹੁੰਦਾ ਹੈ ਕਿ ਇੰਨੀ ਖ਼ਲਕਤ ਮੈਚ ਇਸ ਲਈ ਦੇਖਦੀ ਹੈ ਕਿ ਜਦੋਂ 11 ਪਾਕਿਸਤਾਨੀ ਅਤੇ 11 ਹਿੰਦੁਸਤਾਨੀ ਇਕੱਠੇ ਹੋਣਗੇ ਤਾਂ ਕੀ ਤਮਾਸ਼ਾ ਲੱਗੇਗਾ।

ਕਿੰਨੇ ਕਿਸ ਨਾਲ ਹੱਥ ਮਿਲਾਇਆ, ਕਿੰਨੇ ਜੱਫ਼ੀ ਪਾਈ, ਕਿੰਨੇ ਥਾਪੀ ਮਾਰੀ, ਕਿਹੜਾ ਹੱਸਿਆ ਤੇ ਕਿਹੜਾ ਘੂਰਿਆ।

ਪਾਕਿਸਤਾਨ ਦੇ ਗੇਂਦਬਾਜ਼ ਸ਼ਾਹੀਦ ਅਫ਼ਰੀਦੀ ਨੇ ਭਾਰਤ ਦੇ ਗੇਂਦਬਾਜ਼ ਜਸਪ੍ਰੀਤ ਬੁੰਮਰਾਹ ਨੂੰ ਪਿਤਾ ਬਣਨ ਉੱਤੇ ਛੋਟਾ ਜਿਹਾ ਤੋਹਫ਼ਾ ਦੇ ਛੱਡਿਆ। ਸਾਡੀ ਸਾਰੀ ਕੌਮ ਸਦਕੇ ਵਾਰੀ।

ਹੋਟਲ ਦਾ ਇਸ਼ਤਿਹਾਰ

ਕ੍ਰਿਕਟ ਖੇਡ ਦੇ ਨਾਲ-ਨਾਲ ਧੰਦਾ ਵੀ ਹੈ ਤੇ ਜ਼ਾਹਿਰ ਹੈ ਕਿ ਭਾਰਤ-ਪਾਕਿਸਤਾਨ ਦਾ ਟਾਕਰਾ ਸਭ ਤੋਂ ਵੱਡਾ ਧੰਦਾ ਹੈ। ਜੋ ਸੋਦਾ ਵੇਚਣਾ ਹੈ ਇਸ ਦੇ ਨਾਮ ''''ਤੇ ਵੇਚ ਦਿਓ।

ਭਾਰਤ ਦੇ ਇੱਕ ਹੋਟਲ, ਮੇਰਾ ਖ਼ਿਆਲ ਉਸ ਦਾ ਨਾਮ ਹੋਮ ਸਟੇਅਸ ਐਂਡ ਵਿਲਾਜ਼ ਹੈ, ਨੇ ਇੱਕ ਪੂਰੇ ਸਫ਼ੇ ਦਾ ਇਸ਼ਤਿਹਾਰ ਦੇ ਛੱਡਿਆ ਕਿ ''''ਪਾਕਿਸਤਾਨੀਓਂ ਤੁਸੀਂ ਹਾਰਨਾ ਹੀ ''''ਤੇ ਹੈ ਪਰ ਜਿੰਨੀ ਬੁਰੀ ਤਰ੍ਹਾਂ ਹਾਰੋਗੇ, ਅਸੀਂ ਤੁਹਾਨੂੰ ਓਡਾ-ਵੱਡਾ ਡਿਸਕਾਊਂਟ ਦਿਆਂਗੇ।''''

ਹਰ ਮੈਚ ਤੋਂ ਪਹਿਲਾਂ ਜੁਗਤਾ ਲੱਗਦੀਆਂ ਹਨ ਅਤੇ ਲੱਗਦੀਆਂ ਵੀ ਰਹਿਣੀਆਂ ਚਾਹੀਦੀਆਂ ਹਨ। ਪਾਕਿਸਤਾਨ ਕਿੰਨੇ ਹੀ ਚਿਰਾਂ ਤੋਂ ''''ਮੌਕਾ-ਮੌਕਾ'''' ਦੇ ਇਸ਼ਤਿਹਾਰ ਦੇਖਦਾ ਆ ਰਿਹਾ ਹੈ ਤੇ ਮਜ਼ੇ ਵੀ ਲੈਂਦਾ ਆਉਂਦਾ ਹੈ ਪਰ ਪਾਕਿਸਤਾਨੀਆਂ ਨੂੰ ਹਾਰਨ ਵਾਲੇ ਡਿਸਕਾਊਂਟ ''''ਤੇ ਕੁਝ ਲੋਕਾਂ ਨੂੰ ਜ਼ਿਆਦਾ ਚੰਗਾ ਨਹੀਂ ਲੱਗਾ।

ਕਈਆਂ ਨੇ ਕਿਹਾ ਕਿ, ''''ਇਹ ਬੈਡ ਟੇਸਟ ਹੈ, ਮਹਿਮਾਨਾਂ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ। ਲਤੀਫ਼ੇ ''''ਤੇ ਹਾਸਾ ਤਾਂ ਆਉਂਦਾ ਪਰ ਲਤੀਫ਼ੇ ਦੇ ਅੰਦਰ ਲਤੀਫ਼ਾ ਜਿਹੜਾ ਨਾ ਡਿਸਕਾਊਂਟ ਦੇਣ ਵਾਲਿਆਂ ਨੂੰ ਸਮਝ ਆਇਆ, ਨਾ ਉਸ ''''ਤੇ ਇਤਰਾਜ਼ ਕਰਨ ਵਾਲਿਆਂ ਨੂੰ।

ਉਹ ਇਹ ਸੀ ਕਿ ਕਿਹੜੇ ਪ੍ਰਾਹੁਣੇ ਤੇ ਕਿਹੜੇ ਬੈਡ ਟੇਸਟ, ਭਾਰਤ ਹਕੂਮਤ ਨੇ ਤਾਂ ਕਿਸੇ ਪਾਕਿਸਤਾਨੀ ਨੂੰ ਵੀਜ਼ਾ ਹੀ ਨਹੀਂ ਦਿੱਤਾ। ਨਾ ਕੋਈ ਵਜ੍ਹਾ ਦੱਸੀ ਤੇ ਨਾ ਕੁਝ ਸਮਝ ਆਈ।

ਬੀਬੀਸੀ
BBC

ਦੋ-ਚਾਰ ਸੌ-ਹਜ਼ਾਰ ਪਾਕਿਸਤਾਨੀ ਝੰਡੇ ਲੈ ਕੇ ਜੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਹੁੰਚ ਜਾਂਦੇ ਤਾਂ ਉਨ੍ਹਾਂ ਨੇ ਕਿਹੜਾ ਪਾਕਿਸਤਾਨ ਵੱਲੋਂ ਸੈਂਚੁਰੀਆਂ (ਸੈਂਕੜੇ) ਬਣਾ ਲੈਣੀਆਂ ਸੀ, ਜਾਂ ਕੋਈ ਕੈਚ ਫੜ੍ਹ ਲੈਣਾ ਸੀ।

ਜਿੱਤਣ ਵਾਲਿਆਂ ਨੂੰ ਵੀ ਜ਼ਿਆਦਾ ਚਸ ਆਉਂਦੀ ਹੈ ਕਿ ਹਾਰਨ ਵਾਲਿਆਂ ਨੂੰ ਸਾਹਮਣੇ ਬਿਠਾ ਕੇ ਹਲਾ-ਲਾਲਾ ਕਰਦੇ ਪਰ ਇੱਥੇ ਗੱਲ ਡਿਸਕਾਊਂਟ ਵਿੱਚ ਫਸ ਗਈ।

ਉੱਥੇ ਵੀ ਨਹੀਂ ਰੁਕੀ ਅਤੇ ਹੋਮ ਸਟੇਅਸ ਐਂਡ ਵਿਲਾਅ ਵਾਲਿਆਂ ਨੇ ਆਖਿਆ ਕਿ ''''ਅਸੀਂ ਤਾਂ ਇਸ਼ਤਿਹਾਰ ਦਿੱਤਾ ਹੀ ਨਹੀਂ। ਅਸੀਂ ਤਾਂ ਇੰਨੇ ਵੱਡੇ ਦੇਸ਼ਭਗਤ ਹਾਂ ਕਿ ਅਸੀਂ ਕਿਸੇ ਪਾਕਿਸਤਾਨੀ ਨੂੰ ਆਪਣੀ ਪ੍ਰੋਪਰਟੀ ਵਿੱਚ ਵੜਨ ਹੀ ਨਾ ਦਈਏ।''''

ਜਿਵੇਂ ਲਾਹੌਰ ਦੇ ਭਰਾ ਕਹਿੰਦੇ ਹਨ, ''''ਗੁੱਡ ਹੋ ਗਿਆ।''''

ਰੋਹਿਤ ਸ਼ਰਮਾ ਅਤੇ ਬਾਬਰ ਆਜ਼ਮ
Getty Images

ਧਰਮ ਵੀ ਇੱਥੇ ਤੇ ਭਰਮ ਵੀ ਇੱਥੇ

ਪਹਿਲਾਂ ਭਾਰਤ ਬਾਰੇ ਕਿਹਾ ਜਾਂਦਾ ਸੀ ਕਿ ਇੰਨਾ ਵੱਡਾ ਮੁਲਕ ਹੈ ਇੱਥੇ ਬਹੁਤ ਮਜ਼੍ਹਬ ਨੇ ਪਰ ਸਭ ਤੋਂ ਵੱਡਾ ਧਰਮ ਕ੍ਰਿਕਟ ਹੈ। ਹੁਣ ਧਰਮ ਵੀ ਕੋਈ ਧਰਮ ਨਹੀਂ।

ਮੈਚ ਵਿੱਚ ਨਾਅਰੇ ਸੁਣ ਕੇ ਤਾਂ ਇੰਝ ਹੀ ਲੱਗਾ ਹੈ ਕਿ ਧ੍ਰੋਹ ਹੀ ਸਭ ਤੋਂ ਵੱਡਾ ਧਰਮ ਹੈ। ਭਾਰਤ ਦੀ ਟੀਮ ਵੀ ਤਗੜੀ ਤੇ ਭਾਰਤ ਦਾ ਕ੍ਰਿਕਟ ਬੋਰਡ ਸਭ ਤੋਂ ਤਗੜਾ।

ਪਰ ਜਿਸ ਤਰ੍ਹਾਂ ਵਰਲਡ ਕੱਪ ਹੋ ਰਿਹਾ ਹੈ, ਉਸ ਨਾਲ ਬਚਪਨ ਦੀ ਕ੍ਰਿਕਟ ਯਾਦ ਆ ਜਾਂਦੀ ਹੈ।

ਤੁਸੀਂ ਵੀ ਗਲ਼ੀ-ਮੁਹੱਲੇ ਵਿੱਚ ਕ੍ਰਿਕਟ ਖੇਡੀ ਹੋਣੀ, ਇੱਕ ਥੋੜ੍ਹਾ ਜਿਹਾ ਸ਼ੋਦਾ, ਥੋੜ੍ਹਾ ਜਿਹਾ ਅਮੀਰ ਮੁੰਡਾ ਹੁੰਦਾ ਹੈ।

ਬੈਟ-ਬੌਲ ਤੇ ਵਿਕਟਾਂ ਉਹ ਲੈ ਕੇ ਆਉਂਦਾ ਹੈ। ਕਹਿੰਦਾ ਹੈ ਪਹਿਲਾਂ ਵਾਰੀ ਮੈਂ ਲਵਾਂਗਾ, ਜੇ ਆਊਟ ਹੋ ਜਾਵੇ ਤਾਂ ਮੰਨਦਾ ਨਹੀਂ ਤੇ ਜਦੋਂ ਵਾਰੀ ਦੇਣ ਦੀ ਵਾਰੀ ਆਉਂਦੀ ਹੈ ਤਾਂ ਬੈਟ-ਬੌਲ ਤੇ ਵਿਕਟਾਂ ਲੈ ਕੇ ਘਰ ਨੱਸ ਜਾਂਦਾ ਹੈ ਤੇ ਕਹਿੰਦਾ ਹੈ ਕਿ ਹੁਣ ਖੇਡ ਕੇ ਦਿਖਾਓ।

ਬੈਟ-ਬੱਲਾ ਵੀ ਭਾਰਤ ਦਾ, ਸਟੇਡੀਅਮ ਵੀ ਭਾਰਤ ਦੇ ਉਤੋਂ ਭਰਮ ਇੰਨਾ ਹੈ ਕਿ ਵਰਲਡ ਵੀ ਸਾਡਾ।

ਪਰ ਬਾਕੀ ਟੀਮਾਂ ਵੀ ਖੇਡਣ ਆਈਆਂ ਹਨ, ਡਿਸਕਾਊਂਟ ਲੈਣ ਨਹੀਂ ਆਈਆਂ। ਅਫ਼ਗਾਨਿਸਤਾਨ ਨੇ ਕ੍ਰਿਕਟ ਦੇ ਮਾਂ-ਪਿਉ ਇੰਗਲੈਂਡ ਨੂੰ ਹਰਾ ਛੱਡਿਆ ਹੈ। ਬਾਕੀ ਮੈਚ ਵੇਖੋ, ਮਜ਼ੇ ਲਓ। ਬਾਕੀ ਧਰਮ ਵੀ ਇੱਥੇ ਤੇ ਭਰਮ ਵੀ ਇੱਥੇ।

ਰੱਬ ਰਾਖਾ!

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News