ਪੰਜਾਬ ’ਚ ਇਕੱਲਾਪਾ ਹੰਢਾ ਰਹੇ ਬਜ਼ੁਰਗਾਂ ਦੇ ‘ਨੌਜਵਾਨ ਆੜੀ’ ਕਿਵੇਂ ਬਣ ਰਹੇ ਉਨ੍ਹਾਂ ਦਾ ‘ਸਹਾਰਾ’

Sunday, Oct 15, 2023 - 09:29 AM (IST)

ਆੜੀ
BBC
ਆੜੀ-ਆੜੀ ਗਰੁੱਪ ਦੇ ਮੈਂਬਰ ਹਰਦਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਬਜ਼ੁਰਗ ਜੋੜੇ ਰਜਿੰਦਰ ਸਿੰਘ ਅਤੇ ਸੁਰਿੰਦਰ ਕੌਰ ਨਾਲ

“ਸਾਡੇ ਬਜ਼ੁਰਗ, ਇਤਿਹਾਸ ਅਤੇ ਸੱਭਿਆਚਾਰ, ਸਾਡਾ ਸਰਮਾਇਆ ਹਨ"

ਇਹ ਸ਼ਬਦ ਟੈਲੀਕਾਮ ਸੈਕਟਰ ਵਿੱਚ ਕੰਮ ਕਰਨ ਵਾਲੇ ਬਠਿੰਡਾ ਦੇ ਹਰਦਵਿੰਦਰ ਸਿੰਘ ਦੇ ਹਨ। ਹਰਦਵਿੰਦਰ ਸਿੰਘ ਨੇ ਆਪਣੇ ਦੋ ਮਿੱਤਰ - ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਨਾਲ ਮਿਲ ਕੇ, ਨੌਜਵਾਨ ਤੇ ਬੁਜ਼ਰਗਾਂ ਵਿਚਲੇ ਪਾੜੇ ਨੂੰ ਪੂਰਾ ਕਰਨ ਲਈ ਇੱਕ ਆੜੀ - ਆੜੀ ਗਰੁੱਪ ਬਣਾਇਆ ਹੈ।

ਇਹਨਾਂ ਤਿੰਨੇ ਮਿੱਤਰਾਂ ਨੇ ਸਕੂਲ ਅਤੇ ਕਾਲਜ ਵਿੱਚ ਪੜ੍ਹਾਈ ਇਕੱਠਿਆਂ ਕੀਤੀ ਹੈ। ਇਹ ਤਿੰਨੇ ਬਠਿੰਡਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਇਕੱਲੇ ਰਹਿੰਦੇ ਬਜ਼ੁਰਗ ਜੋੜਿਆਂ ਨੂੰ ਮਿਲਦੇ ਹਨ ਤਾਂ ਜੋ ਬਜ਼ੁਰਗਾਂ ਨੂੰ ਇਕੱਲੇਪਣ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ ਵਿੱਚ ਇਕੱਲਤਾ ਇੱਕ ਉਭਰਦੀ ਹੋਈ ਸਮੱਸਿਆ ਹੈ, ਖਾਸ ਕਰਕੇ ਬਜ਼ੁਰਗ ਲੋਕਾਂ ਵਿੱਚ। ਇਹ ਬਜ਼ੁਰਗ ਹਨ ਜਿੰਨ੍ਹਾਂ ਦੇ ਬੱਚੇ ਸ਼ਹਿਰ ਜਾਂ ਦੇਸ਼ ਤੋਂ ਪਰਵਾਸ ਕਰ ਗਏ ਹਨ।

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਬਠਿੰਡਾ ਨੇ ਵੀ ਇਕੱਲਤਾ ਨੂੰ ਖਿੱਤੇ ਦੀ ਗੰਭੀਰ ਉੱਭਰ ਰਹੀ ਸਮੱਸਿਆ ਕਰਾਰ ਦਿੱਤਾ ਹੈ।

ਲੋਕ ਸਭਾ ਵਿੱਚ ਸਾਲ 2021 ’ਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ 2016 ਤੋਂ 2021 ਤੱਕ ਪੰਜਾਬ ਵਿੱਚੋਂ ਤਕਰੀਬਨ 4.78 ਲੱਖ ਲੋਕ ਰੁਜ਼ਗਾਰ ਲਈ ਦੇਸ਼ ਛੱਡ ਗਏ ਸਨ ਅਤੇ ਇਸੇ ਸਮੇਂ ਦੌਰਾਨ 2.62 ਲੱਖ ਵਿਦਿਆਰਥੀ ਪੜ੍ਹਾਈ ਲਈ ਬਾਹਰ ਗਏ ਸਨ ।

ਆੜੀਆਂ ਦੇ ਸਫ਼ਰ ਦਾ ਆਗਾਜ਼

ਹਰਦਵਿੰਦਰ ਸਿੰਘ
BBC
ਹਰਦਵਿੰਦਰ ਸਿੰਘ ਨੇ ਹੀ ਆਪਣੇ ਮਿੱਤਰਾਂ ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਨਾਲ ਮਿਲ ਕੇ ਆੜੀ-ਆੜੀ ਗਰੁੱਪ ਬਣਾਇਆ ਹੈ

ਹਰਦਵਿੰਦਰ ਦੱਸਦੇ ਹਨ ਕਿ ਉਨ੍ਹਾਂ ਨੂੰ ਸਾਲ 2019 ਵਿੱਚ ਸੀਨੀਅਰ ਸਿਟੀਜ਼ਨ ਦਿਵਸ ਮਨਾਉਣ ਦਾ ਵਿਚਾਰ ਆਇਆ।

ਉਹ ਦੱਸਦੇ ਹਨ, ‘‘ਬਾਅਦ ਵਿੱਚ ਅਸੀਂ ਇਸ ਨੂੰ 21 ਅਗਸਤ ਨੂੰ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਦੇ ਪ੍ਰੋਗਰਾਮ ਦੇ ਤੌਰ ਉੱਤੇ ਮਨਾਇਆ। ਇਸ ਦੌਰਾਨ ਲਗਭਗ 600 ਤੋਂ 700 ਬਜ਼ੁਰਗਾਂ ਨੇ ਸ਼ਿਰਕਤ ਕੀਤੀ ਸੀ।’’

‘‘ਅਸੀਂ ਇਹ ਨਹੀਂ ਕਹਿ ਰਹੇ ਕਿ ਪਰਵਾਸ ਗਲਤ ਹੈ, ਪਰ ਸਾਨੂੰ ਮੌਜੂਦਾ ਪਰਵਾਸ ਦੇ ਤਰੀਕੇ ਬਾਰੇ ਸੋਚਣ ਦੀ ਲੋੜ ਹੈ।’’

ਹਰਦਵਿੰਦਰ ਕਹਿੰਦੇ ਹਨ ਕਿ ਪਹਿਲਾਂ 70 ਅਤੇ 80 ਦੇ ਦਹਾਕੇ ਦੌਰਾਨ ਮਾਪਿਆਂ ਦੇ 3 ਜਾਂ 4 ਬੱਚੇ ਹੁੰਦੇ ਸਨ ਅਤੇ ਇੱਕ ਜਾਂ ਦੋ ਬੱਚੇ ਪਰਵਾਸ ਕਰ ਜਾਣ ''''ਤੇ ਵੀ ਉਨ੍ਹਾਂ ਨੂੰ ਇਕੱਲੇਪਣ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ, ਜਦਕਿ ਮੌਜੂਦਾ ਸਮੇਂ ਇੱਕ ਜਾਂ ਦੋ ਬੱਚੇ ਹਨ ਅਤੇ ਉਹ ਵੀ ਪਰਵਾਸ ਨੂੰ ਤਰਜੀਹ ਦਿੰਦੇ ਹਨ।

ਹਰਦਵਿੰਦਰ ਸਿੰਘ ਨੇ ਅੱਗੇ ਕਿਹਾ, "ਅਸੀਂ ਬਜ਼ੁਰਗਾਂ ਦੇ ਇਕੱਲੇਪਣ ਨੂੰ ਦੂਰ ਕਰਨ ਲਈ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਾਂ ਤੇ ਉਨ੍ਹਾਂ ਦੇ ਖਾਸ ਦਿਨ ਜਿਵੇਂ ਕਿ ਜਨਮ ਦਿਨ ਵੀ ਮਨਾਉਂਦੇ ਹਾਂ।’’

ਬਜ਼ੁਰਗਾਂ ਨਾਲ ਰਾਬਤਾ ਕਿਵੇਂ ਕਾਇਮ ਹੋਇਆ

ਗੁਰਮੀਤ ਸਿੰਘ
BBC
ਆੜੀ-ਆੜੀ ਗਰੁੱਪ ਦੇ ਮੈਂਬਰ ਗੁਰਮੀਤ ਸਿੰਘ

ਇਸ ਗਰੁੱਪ ਦੇ ਇੱਕ ਹੋਰ ਮੈਂਬਰ ਗੁਰਮੀਤ ਸਿੰਘ ਹਨ, ਜੋ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਹਨ।

ਗੁਰਮੀਤ ਸਿੰਘ ਦੱਸਦੇ ਹਨ, “ਅਸੀਂ 2019 ਵਿੱਚ ਸੀਨੀਅਰ ਸਿਟੀਜ਼ਨ ਲੋਕਾਂ ਦੇ ਸੰਪਰਕ ਵਿੱਚ ਆਏ ਸੀ ਜਦੋਂ ਸੀਨੀਅਰ ਸਿਟੀਜ਼ਨ ਡੇਅ ਮੌਕੇ ਇੱਕ ਵੱਡਾ ਪ੍ਰੋਗਰਾਮ ਮਨਾਇਆ ਗਿਆ।’’

‘‘ਅਸੀਂ ਬਠਿੰਡਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਇਕੱਲੇ ਰਹਿ ਰਹੇ ਬਜ਼ੁਰਗ ਜੋੜਿਆਂ ਨੂੰ ਮਿਲਣ ਜਾਂਦੇ ਹਾਂ। ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਾਂ ਅਤੇ ਖਾਣਾ ਵੀ ਖਾਂਦੇ ਹਾਂ।’’

"ਉਹ ਸਾਡੇ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕਰਦੇ ਹਨ ਅਤੇ ਆਪਣੀਆਂ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਹਨ। ਅਸੀਂ ਇਕੱਲੇਪਣ ਨਾਲ ਲੜਨ ਵਿੱਚ ਉਨ੍ਹਾਂ ਦੀ ਮਦਦ ਕਰਕੇ ਮਾਣ ਮਹਿਸੂਸ ਕਰਦੇ ਹਾਂ।"

ਗੁਰਮੀਤ ਸਿੰਘ ਦੱਸਦੇ ਹਨ ਕਿ ਉਹ ਅਜਿਹੇ ਬਜ਼ੁਰਗ ਜੋੜਿਆਂ ਨੂੰ ਮਿਲਦੇ ਹਨ, ਜਿੰਨ੍ਹਾਂ ਦੇ ਬੱਚੇ ਵਿਦੇਸ਼ਾਂ ''''ਚ ਸੈਟਲ ਹੁੰਦੇ ਹਨ ਅਤੇ ਉਹ ਸਾਰਾ ਦਿਨ ਉਨ੍ਹਾਂ ਦੇ ਗਰੁੱਪ ਨਾਲ ਗੱਲਾਂ ਕਰਦੇ ਹਨ।

ਗੁਰਮੀਤ ਅੱਗੇ ਦੱਸਦੇ ਹਨ, ‘‘ਕੁਝ ਪਰਿਵਾਰ ਤਾਂ ਸਾਨੂੰ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਖਾਣ ਲਈ ਵੀ ਮਜਬੂਰ ਕਰਦੇ ਹਨ। ਸਾਡੇ ਸਮਾਜ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਲੋੜ ਹੈ।"

ਆੜੀਆਂ ਦੇ ਇਸ ਗਰੁੱਪ ਦੇ ਤੀਜੇ ਮੈਂਬਰ ਹਰਜਿੰਦਰ ਸਿੰਘ ਵੀ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੇ ਹਨ।

ਹਰਜਿੰਦਰ ਸਿੰਘ ਦੱਸਦੇ ਹਨ, ‘‘ਅਸੀਂ ਲਗਭਗ 20-25 ਬਜ਼ੁਰਗ ਜੋੜਿਆਂ ਦੇ ਸੰਪਰਕ ਵਿੱਚ ਹਾਂ ਜਿਨ੍ਹਾਂ ਦੇ ਬੱਚੇ ਸ਼ਹਿਰ ਜਾਂ ਦੇਸ਼ ਤੋਂ ਬਾਹਰ ਰਹਿੰਦੇ ਹਨ। ਜਦੋਂ ਵੀ ਸਾਨੂੰ ਵਿਹਲਾ ਸਮਾਂ ਮਿਲਦਾ ਹੈ ਤਾਂ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ।’’

ਨੌਜਵਾਨਾਂ ਨੂੰ ਮਿਲ ਕੇ ਬਜ਼ੁਰਗ ਜੋੜੇ ਕਿਵੇਂ ਮਹਿਸੂਸ ਕਰਦੇ ਹਨ?

ਰਜਿੰਦਰ ਸਿੰਘ ਅਤੇ ਸੁਰਿੰਦਰ ਕੌਰ
BBC
ਰਜਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੀ ਵਰ੍ਹੇਗੰਢ ਮਨਾਉਣ ਲਈ ਆੜੀ-ਆੜੀ ਗਰੁੱਪ ਕੇਕ ਲਿਆਇਆ ਸੀ

10 ਅਕਤੂਬਰ (ਮੰਗਲਵਾਰ) ਨੂੰ ਇੱਕ ਭਾਵਨਾਤਮਕ ਮਾਹੌਲ ਸੀ ਜਦੋਂ ਹਰਦਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਬਠਿੰਡਾ ਦੇ ਇੱਕ ਬਜ਼ੁਰਗ ਜੋੜੇ ਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਨੂੰ ਮਿਲਣ ਗਏ।

ਦਰਅਸਲ ਰਜਿੰਦਰ ਅਤੇ ਸੁਰਿੰਦਰ ਦੀ 9 ਅਕਤੂਬਰ (ਸੋਮਵਾਰ) ਨੂੰ ਵਿਆਹ ਦੀ 45ਵੀਂ ਵਰ੍ਹੇਗੰਢ ਸੀ।

ਇਹ ਤਿੰਨੇ ਨੌਜਵਾਨ ਇਸ ਜੋੜੇ ਦੀ ਵਰ੍ਹੇਗੰਢ ਮਨਾਉਣ ਲਈ ਕੇਕ ਲੈ ਕੇ ਗਏ ਸਨ ਤੇ ਸੁਰਿੰਦਰ ਕੌਰ ਕੇਕ ਨੂੰ ਦੇਖ ਕੇ ਭਾਵੁਕ ਹੋ ਗਏ। ਪਰ ਉਨ੍ਹਾਂ ਨੇ ਜਸ਼ਨ ਦਾ ਆਨੰਦ ਲੈਣ ਲਈ ਤੁਰੰਤ ਹੀ ਆਪਣੇ ਚਿਹਰੇ ''''ਤੇ ਮੁਸਕਰਾਹਟ ਲਿਆ ਦਿੱਤੀ।

ਸੁਰਿੰਦਰ ਅਤੇ ਰਜਿੰਦਰ ਦੀਆਂ ਤਿੰਨੇ ਧੀਆਂ ਵਿਆਹੀਆਂ ਹੋਈਆਂ ਹਨ।

ਸੁਰਿੰਦਰ ਕੌਰ ਕਹਿੰਦੇ ਹਨ, ‘‘ਸਾਡੇ ਕੋਲ ਆੜੀ-ਆੜੀ ਗਰੁੱਪ ਦੇ ਮੈਂਬਰਾਂ ਦਾ ਸੰਪਰਕ ਨੰਬਰ ਹੈ, ਜਦੋਂ ਵੀ ਸਾਨੂੰ ਦਵਾਈ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੁੰਦੀ ਹੈ ਤਾਂ ਅਸੀਂ ਤੁਰੰਤ ਉਨ੍ਹਾਂ ਨੂੰ ਫ਼ੋਨ ਕਰਦੇ ਹਾਂ।’’

‘‘ਸਾਡੀ ਵਰ੍ਹੇਗੰਢ ਸੀ ਅਤੇ ਉਹ ਸਾਡੇ ਲਈ ਕੇਕ ਲਿਆਏ ਸਨ ਕਿਉਂਕਿ ਉਹ ਜਾਣਦੇ ਸਨ ਕਿ ਅਸੀਂ ਇਕੱਲੇ ਹਾਂ। ਮੈਂ ਉਸ ਪਲ ਖੁਸ਼ੀ ਅਤੇ ਜਜ਼ਬਾਤ ਵੀ ਮਹਿਸੂਸ ਕੀਤੇ ਜਦੋਂ ਉਨ੍ਹਾਂ ਨੇ ਸਾਡੀ ਵਿਆਹ ਦੀ ਵਰ੍ਹੇਗੰਢ ਬਾਰੇ ਜਾਣਦੇ ਹੋਏ ਸਾਨੂੰ ਸਰਪ੍ਰਾਈਜ਼ ਦਿੱਤਾ।’’

ਸੁਰਿੰਦਰ ਕੌਰ ਯਾਦ ਕਰਦਿਆਂ ਕਹਿੰਦੇ ਹਨ, "ਮੈਂ ਡਿਪਰੈਸ਼ਨ ਵਿੱਚ ਚਲੀ ਗਈ ਸੀ ਜਦੋਂ ਮੈਨੂੰ ਆੜੀ-ਆੜੀ ਗਰੁੱਪ ਬਾਰੇ ਪਤਾ ਨਹੀਂ ਸੀ। ਪਰ ਹੁਣ ਉਹ ਸਾਨੂੰ ਨਿਯਮਿਤ ਤੌਰ ''''ਤੇ ਫ਼ੋਨ ਕਰਦੇ ਹਨ ਅਤੇ ਸਾਡਾ ਹਾਲ-ਚਾਲ ਪੁੱਛਦੇ ਹਨ।"

ਰਜਿੰਦਰ ਸਿੰਘ ਅਤੇ ਸੁਰਿੰਦਰ ਕੌਰ
BBC
ਰਜਿੰਦਰ ਸਿੰਘ ਅਤੇ ਸੁਰਿੰਦਰ ਕੌਰ

ਸੁਰਿੰਦਰ ਕੌਰ ਬੱਚਿਆਂ ਦੇ ਘਰੋਂ ਦੂਰ ਰਹਿਣ ਬਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ।

ਉਹ ਕਹਿੰਦੇ ਹਨ, ‘‘ਮੈਂ ਕਹਾਂਗੀ ਕਿ ਨੌਜਵਾਨਾਂ ਨੂੰ ਹਰ ਪਿੰਡ ਤੇ ਸ਼ਹਿਰ ਵਿੱਚ ਅਜਿਹੇ ਗਰੁੱਪ ਬਣਾਉਣੇ ਚਾਹੀਦੇ ਹਨ ਤਾਂ ਜੋ ਬਜ਼ੁਰਗ ਨਾਗਰਿਕਾਂ ਦੀ ਮਦਦ ਕੀਤੀ ਜਾ ਸਕੇ।’’

ਉਧਰ ਸੁਰਿੰਦਰ ਕੌਰ ਦੇ ਪਤੀ ਰਜਿੰਦਰ ਸਿੰਘ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਤੋਂ ਸਾਲ 2016 ਵਿੱਚ ਸੇਵਾਮੁਕਤ ਹੋਏ ਸਨ।

ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੂਰੇ ਆਰਾਮ ਨਾਲ ਜ਼ਿੰਦਗੀ ਜੀ ਰਹੇ ਸਨ, ਪਰ ਇਕੱਲਾਪਣ ਮਹਿਸੂਸ ਕਰਦੇ ਸਨ ।

ਰਜਿੰਦਰ ਸਿੰਘ ਕਹਿੰਦੇ ਹਨ, ‘‘ਮੈਂ ਦਿਲ ਅਤੇ ਸ਼ੂਗਰ ਦਾ ਮਰੀਜ਼ ਹਾਂ ਅਤੇ ਜਦੋਂ ਵੀ ਹਰਦਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਹ ਹਮੇਸ਼ਾ ਸਾਡੇ ਲਈ ਉਪਲਬਧ ਰਹਿੰਦੇ ਹਨ। ਅਸੀਂ ਇਕੱਲੇ ਮਹਿਸੂਸ ਨਹੀਂ ਕਰਦੇ, ਪਹਿਲਾਂ ਡਿਪਰੈਸ਼ਨ ਵਿਚ ਸੀ ਅਤੇ ਹੁਣ ਸਾਨੂੰ ਉਨ੍ਹਾਂ ਦਾ ਸਮਰਥਨ ਮਿਲਿਆ ਹੈ।’’

ਆੜੀ-ਆੜੀ ਗਰੁੱਪ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਰਜਿੰਦਰ ਸਿੰਘ ਨੇ ਇੱਕ ਅਦਾਕਾਰ ਹੋਣ ਦੇ ਆਪਣੇ ਰਚਨਾਤਮਕ ਪੱਖ ਦੀ ਖੋਜ ਕੀਤੀ ਅਤੇ ਗਰੁੱਪ ਵੱਲੋਂ ਸੀਨੀਅਰ ਸਿਟੀਜ਼ਨ ਲਈ ਕਰਵਾਏ ਗਏ ਸਮਾਗਮ ਵਿੱਚ ਵੀ ਪ੍ਰਦਰਸ਼ਨ ਕੀਤਾ।

ਰਜਿੰਦਰ ਸਿੰਘ ਕਹਿੰਦੇ ਹਨ, ‘‘ਹੁਣ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਮੈਂ 70 ਸਾਲ ਦਾ ਨੌਜਵਾਨ ਹਾਂ।"

ਰਜਿੰਦਰ ਅਤੇ ਸੁਰਿੰਦਰ ਤੋਂ ਬਾਅਦ, ਹਰਦਵਿੰਦਰ, ਗੁਰਮੀਤ ਅਤੇ ਹਰਜਿੰਦਰ ਸ਼ਾਮ ਨੂੰ ਬਠਿੰਡਾ ਸ਼ਹਿਰ ਵਿੱਚ ਇੱਕ ਹੋਰ ਜੋੜੇ ਨੂੰ ਮਿਲਣ ਗਏ, ਜਿੱਥੇ ਉਹ ਇਕੱਲੇਪਣ ਦੀ ਸਮੱਸਿਆ ਨੂੰ ਜਨਤਕ ਤੌਰ ''''ਤੇ ਸਵੀਕਾਰ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਸਮੱਸਿਆ ਤੋਂ ਜਾਣੂ ਹੋਣ ਤੋਂ ਬਾਅਦ ਪਰੇਸ਼ਾਨ ਹੋ ਜਾਣਗੇ।

ਰਵਾਇਤੀ ਜੜ੍ਹਾਂ ਵੱਲ ਵਾਪਸ ਜਾਣਾ

ਤਿਰਲੋਕ ਸਿੰਘ ਅਤੇ ਗੁਰਵਿੰਦਰ ਕੌਰ
BBC
ਤਿਰਲੋਕ ਸਿੰਘ ਅਤੇ ਗੁਰਵਿੰਦਰ ਕੌਰ

ਇਸੇ ਤਰ੍ਹਾਂ ਹਰਦਵਿੰਦਰ ਅਤੇ ਉਨ੍ਹਾਂ ਦੇ ਦੋਸਤ 11 ਅਕਤੂਬਰ (ਬੁੱਧਵਾਰ) ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਕਸਬੇ ਵਿੱਚ ਇੱਕ ਜੋੜੇ - ਤਿਰਲੋਕ ਸਿੰਘ ਬਰਾੜ ਅਤੇ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ ਨੂੰ ਮਿਲਣ ਗਏ।

ਤਿਰਲੋਕ ਸਿੰਘ ਮਾਰਕੀਟ ਕਮੇਟੀ ਅਬੋਹਰ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਗੁਰਵਿੰਦਰ ਕੌਰ ਸਰਕਾਰੀ ਅਧਿਆਪਕ ਵਜੋਂ ਸੇਵਾਮੁਕਤ ਹੋਏ ਸਨ। ਇਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਸੈਟਲ ਹੋ ਗਏ ਹਨ।

ਜਦੋਂ ਤਿੰਨੇ ਆੜੀ ਤਿਰਲੋਕ ਸਿੰਘ ਦੇ ਘਰ ਅੰਦਰ ਦਾਖਲ ਹੋਏ ਤਾਂ ਮੁੱਖ ਗੇਟ ''''ਤੇ ਉਨ੍ਹਾਂ ਦਾ ਉਚੇਚਾ ਸਵਾਗਤ ਕਰਨ ਲਈ ਦੋਵੇਂ ਜੀਅ ਖੜੇ ਸਨ।

ਗੁਰਵਿੰਦਰ ਕੌਰ ਨੇ ਤਾਜ਼ੇ ਲਾਲ ਗੁਲਾਬ ਦੇ ਫੁੱਲ ਦੇ ਕੇ ਆੜੀਆਂ ਦਾ ਸਵਾਗਤ ਕੀਤਾ|

ਇਸ ਤੋਂ ਬਾਅਦ ਗੁਰਵਿੰਦਰ ਕੌਰ ਨੇ ਸਾਰੇ ਮਹਿਮਾਨਾਂ ਨੂੰ ਚਾਹ ਦੇ ਨਾਲ ਪਕੌੜੇ ਪਰੋਸੇ ਅਤੇ ਇਸ ਤੋਂ ਬਾਅਦ ਸਪੈਸ਼ਲ ਮਿੱਠਾ ਪਕਵਾਨ ਦਿੱਤਾ।

ਆਪਣੇ ਅਹਿਸਾਸ ਸਾਂਝੇ ਕਰਦਿਆਂ ਗੁਰਵਿੰਦਰ ਕੌਰ ਕਹਿੰਦੇ ਹਨ, ‘‘ਸਾਨੂੰ ਚੰਗਾ ਜੀਵਨ ਜਿਉਣ ਲਈ ਖੁਸ਼ ਰਹਿਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਮਨ ਨੂੰ ਆਰਾਮ ਦੇਣ ਲਈ ਦੋਸਤਾਂ ਕੋਲ ਜਾਣਾ ਚਾਹੀਦਾ ਹੈ ਅਤੇ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ।’’

‘‘ਜਦੋਂ ਵੀ ਆੜੀ-ਆੜੀ ਗਰੁੱਪ ਦੇ ਮੈਂਬਰ ਸਾਨੂੰ ਮਿਲਣ ਆਉਂਦੇ ਹਨ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਉਹ ਹੁਣ ਮੇਰੇ ਬੱਚਿਆਂ ਵਾਂਗ ਹਨ।’’

‘‘ਅਸੀਂ ਉਨ੍ਹਾਂ ਵੱਲੋਂ ਕਰਵਾਏ ਸਮਾਗਮ ਵਿੱਚ ਗਏ ਅਤੇ ਬਹੁਤ ਆਨੰਦ ਮਾਣਿਆ। ਸਾਨੂੰ ਉਭਰ ਰਹੀ ਸਮੱਸਿਆ ਦਾ ਮੁਕਾਬਲਾ ਕਰਨ ਲਈ ਯੋਗਾ ਜਾਂ ਕਿਟੀ ਵਰਗੇ ਸਮੂਹ ਬਣਾਉਣੇ ਚਾਹੀਦੇ ਹਨ।’’

ਗੁਰਵਿੰਦਰ ਕੌਰ ਅੱਗੇ ਕਹਿੰਦੇ ਹਨ ਕਿ ਪਰਿਵਾਰ ਅਤੇ ਪਤੀ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਇਕੱਲੇ ਰਹਿ ਜਾਵਾਂਗੇ ਕਿਉਂਕਿ ਸਾਡੇ ਬੱਚਿਆਂ ਨੂੰ ਨੌਕਰੀ ਲਈ ਦੂਰ ਜਾਣਾ ਪੈਂਦਾ ਹੈ।

ਉਧਰ ਗੁਰਵਿੰਦਰ ਕੌਰ ਦੇ ਪਤੀ ਤਿਰਲੋਕ ਸਿੰਘ ਬਰਾੜ ਨੇ ਦੱਸਿਆ ਕਿ ਕਈ ਵਾਰ ਸਰਜਰੀਆਂ ਕਰਵਾਉਣ ਤੋਂ ਬਾਅਦ ਸਰੀਰਕ ਤਕਲੀਫ਼ਾਂ ਵਿੱਚੋਂ ਲੰਘਣ ਦੇ ਬਾਵਜੂਦ ਉਹ ਇਕੱਲਾਪਣ ਮਹਿਸੂਸ ਨਹੀਂ ਕਰਦੇ ਸਨ।

ਉਹ ਕਹਿਦੇ ਹਨ, ‘‘ਸਾਡੇ ਬਜ਼ੁਰਗਾਂ ਨੂੰ ਇਕੱਲੇਪਣ ਦਾ ਮੁਕਾਬਲਾ ਕਰਨ ਲਈ ਸਾਡੀਆਂ ਰਵਾਇਤੀ ਜੜ੍ਹਾਂ ਨਾਲ ਮੁੜ ਜੁੜਨ ਦੀ ਜ਼ਰੂਰਤ ਹੈ, ਜਿਵੇਂ ਕਿ ਸਾਡੇ ਦੋਸਤਾਂ ਨਾਲ ਜੁੜਨਾ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਜਾਂ ਖੇਤੀਬਾੜੀ ਲਈ ਖੇਤਾਂ ਵਿੱਚ ਜਾਣਾ ਚਾਹੀਦਾ ਹੈ।’’

ਪੰਜਾਬ ''''ਚ ਉੱਭਰ ਰਹੀ ਗੰਭੀਰ ਸਮੱਸਿਆ - ਏਮਜ਼

ਜਿਤੇਂਦਰ ਅਨੇਜਾ
BBC
ਏਮਜ਼ ਬਠਿੰਡਾ ਦੇ ਡਾਕਟਰ ਜਤਿੰਦਰ ਅਨੇਜਾ

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਬਠਿੰਡਾ ਦੇ ਮਨੋਵਿਗਿਆਨ ਵਿਭਾਗ ਦੇ ਵਧੀਕ ਪ੍ਰੋਫ਼ੈਸਰ ਡਾ. ਜਿਤੇਂਦਰ ਅਨੇਜਾ ਨੇ "ਇਕੱਲਤਾ" ਨੂੰ ਪੰਜਾਬ ਵਿੱਚ ਉੱਭਰ ਰਹੀ ਇੱਕ ਗੰਭੀਰ ਸਮੱਸਿਆ ਦੱਸਿਆ ਹੈ।

ਉਹ ਦੱਸਦੇ ਹਨ ਕਿ ਇਸ ਨੂੰ ‘ਐਂਪਟੀ ਨੇਸਟ ਸਿੰਡਰੋਮ’ ਵੀ ਕਿਹਾ ਜਾਂਦਾ ਹੈ।

ਡਾ. ਜਤਿੰਦਰ ਅਨੇਜਾ ਕਹਿੰਦੇ ਹਨ, ‘‘ਅੱਜ ਕੱਲ ਸਾਡੇ ਬਜ਼ੁਰਗ ਇਕੱਲੇਪਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਪਿੱਛੇ ਮੁੱਖ ਕਾਰਨ ਉਨ੍ਹਾਂ ਨੂੰ ਆਪਣੀਆਂ ਇੱਛਾਵਾਂ ਦੇ ਹਿਸਾਬ ਨਾਲ ਸਹਾਇਤਾ ਨਾ ਮਿਲਣਾ ਹੈ।’’

‘‘ਇੱਥੇ ਦੋ ਕਿਸਮ ਦੇ ਲੋਕ ਹਨ - ਕੁਝ ਆਪਣੀ ਰਚਨਾਤਮਕਤਾ ਜਿਵੇਂ ਕਿ ਕਵਿਤਾ ਆਦਿ ਦੀ ਖੋਜ ਕਰਨ ਲਈ ਇਕੱਲਤਾ ਦੀ ਵਰਤੋਂ ਕਰਦੇ ਹਨ ਜਦਕਿ ਕੁਝ ਲੋਕ ਇਕੱਲਤਾ ਕਰਕੇ ਉਦਾਸੀ ਵੱਲ ਮੁੜ ਜਾਂਦੇ ਹਨ।’’

ਡਾ. ਅਨੇਜਾ ਅੱਗੇ ਕਹਿੰਦੇ ਹਨ ਕਿ ਭਾਰਤ ਵਿੱਚ ਹੋਈ ਖੋਜ ਅਨੁਸਾਰ 40-60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ 50 ਫੀਸਦੀ ਵਿੱਚ ਇਕੱਲੇਪਣ ਦੀ ਸਮੱਸਿਆ ਪਾਈ ਜਾਂਦੀ ਹੈ।

ਉਨ੍ਹਾਂ ਮੁਤਾਬਕ ਇਹ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ, ਜੋ ਕਿ ਹੋਰ ਦੇਸ਼ਾਂ ਵੱਧ ਤੋਂ ਵੱਧ 40 ਫੀਸਦੀ ਤੱਕ ਹੈ।

ਇਕੱਲਾਪਣ
BBC

ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਇਹ ਅੰਕੜੇ ਬਹੁਤ ਜ਼ਿਆਦਾ ਹਨ।

ਡਾ. ਅਨੇਜਾ ਅੱਗੇ ਦੱਸਦੇ ਹਨ, ‘‘ਸਾਡੇ ਬਜ਼ੁਰਗ ਪੰਜਾਬ ਵਿਚ ਇਕੱਲੇ ਰਹਿ ਰਹੇ ਹਨ। ਜਿਹੜੇ ਬੱਚੇ ਪੱਛਮੀ ਦੇਸ਼ਾਂ ਵਿੱਚ ਪਰਵਾਸ ਕਰ ਗਏ ਹਨ, ਉਹ ਨਵੀਂ ਥਾਂ ''''ਤੇ ਜਲਦੀ ਐਡਜਸਟ ਹੋ ਜਾਂਦੇ ਹਨ ਪਰ ਬਜ਼ੁਰਗਾਂ ਨੂੰ ਉੱਥੇ ਜ਼ਿਆਦਾ ਕੰਮ ਨਹੀਂ ਮਿਲਦਾ ਜਾਂ ਵੀਜ਼ਾ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਜਿਸ ਕਾਰਨ ਉਹ ਡਿਪਰੈਸ਼ਨ ਅਤੇ ਚਿੰਤਾ ਦਾ ਸ਼ਿਕਾਰ ਹੁੰਦੇ ਹਨ।’’

ਏਮਜ਼ ਦੇ ਡਾਕਟਰ ਅਨੇਜਾ ਨੇ ਕਿਹਾ ਕਿ ਮਰਦਾਂ ਦੀ ਬਜਾਏ ਔਰਤਾਂ ਵਿੱਚ ਇਕੱਲਤਾ ਵਧੇਰੇ ਪ੍ਰਚਲਿਤ ਹੈ ਕਿਉਂਕਿ ਮਰਦ ਕਈ ਵਾਰ ਨਸ਼ੇ ਦਾ ਸਹਾਰਾ ਲੈ ਲੈਂਦੇ ਹਨ।

ਡਾ. ਅਨੇਜਾ ਸਲਾਹ ਦਿੰਦੇ ਹਨ, ‘‘ਸਾਨੂੰ ਇਕੱਲੇਪਣ ਦਾ ਮੁਕਾਬਲਾ ਕਰਨ ਲਈ ਆਪਣੇ ਰਵਾਇਤੀ ਤਰੀਕਿਆਂ ਦੀ ਚੋਣ ਕਰਨ ਦੀ ਲੋੜ ਹੈ, ਜਿਵੇਂ ਕਿ ਸਮਾਜ, ਰਿਸ਼ਤੇਦਾਰਾਂ ਨਾਲ ਜੁੜਨਾ ਅਤੇ ਪਵਿੱਤਰ ਸਥਾਨਾਂ ਦੀ ਯਾਤਰਾ। ਅਸੀਂ ਦਵਾਈਆਂ ਨਾਲ ਵੀ ਇਸਦਾ ਇਲਾਜ ਕਰ ਸਕਦੇ ਹਾਂ।’’

ਖਾਲ੍ਹੀ ਆਲ੍ਹਣੇ: ਪਰਵਾਸ ਕੀਤੇ ਬੱਚਿਆਂ ਦੇ ਪਿੱਛੇ ਰਹਿ ਗਏ ਮਾਪਿਆਂ ਬਾਰੇ ਅਧਿਐਨ

ਆੜੀ
BBC

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਹਾਲ ਹੀ ਵਿੱਚ ਇੱਕ ਅਧਿਐਨ ਕੀਤਾ ਹੈ। ਇਸ ਅਧਿਐਨ ਦਾ ਸਿਰਲੇਖ ਹੈ - "ਖਾਲੀ ਆਲ੍ਹਣੇ: ਪੰਜਾਬ ਤੋਂ ਪਰਵਾਸ ਕੀਤੇ ਬੱਚਿਆਂ ਦੇ ਪਿੱਛੇ ਰਹਿ ਗਏ ਮਾਪਿਆਂ ਬਾਰੇ ਅਧਿਐਨ।’’

ਇਸ ਅਧਿਐਨ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅੰਤਰ-ਰਾਸ਼ਟਰੀ ਪਰਵਾਸ ਨੇ ਪੰਜਾਬ ਦੇ ਪਿੰਡ ਖਿਜ਼ਰਾਬਾਦ ਦੇ ਬੱਚਿਆਂ ਦੇ ਪਰਵਾਸ ਨੇ ਮਾਪਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ।

ਇਸ ਅਧਿਐਨ ਵਿੱਚ 30 ਮਾਪਿਆਂ ਨਾਲ ਡੂੰਘਾਈ ਵਿੱਚ ਗੱਲਬਾਤ ਅਤੇ ਨਿਰੀਖਣ ਵਿਧੀਆਂ ਦੀ ਵਰਤੋਂ ਕਰਕੇ ਜਾਣਕਾਰੀ ਇਕੱਤਰ ਕੀਤੀ ਗਈ ਸੀ।

ਇਸ ਅਧਿਐਨ ਵਿੱਚ ਸਾਹਮਣੇ ਆ ਕਿ ਪਿੱਛੇ ਰਹਿਣ ਵਾਲੇ ਮਾਪਿਆਂ ਦੀ ਜ਼ਿੰਦਗੀ ਉਨ੍ਹਾਂ ਦੇ ਬੱਚਿਆਂ ਦੇ ਪਰਵਾਸ ਤੋਂ ਬਾਅਦ ਵੱਖ-ਵੱਖ ਪੱਖਾਂ ''''ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।

ਜਦੋਂ ਬੱਚੇ ਬਾਹਰ ਚਲੇ ਜਾਂਦੇ ਹਨ ਤਾਂ ਉਹ ਭਾਵਨਾਤਮਕ ਉਥਲ-ਪੁਥਲ ਨਾਲ ਜੂਝਦੇ ਹਨ। ਉਨ੍ਹਾਂ ਨੂੰ ਉਦਾਸੀ ਅਤੇ ਇਕੱਲੇਪਣ ਦੀਆਂ ਭਾਵਨਾਵਾਂ ਕਈ ਵਾਰ ਜਕੜਦੀਆਂ ਹਨ। ਲੰਬੇ ਸਮੇਂ ਤੋਂ ਵੱਖ ਹੋਣ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਿਗਾੜ ਸਕਦਾ ਹੈ।

ਕੀ ਭਾਰਤ ਬੁਢਾਪੇ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ?

ਦੀਪਿਕਾ ਕਾਂਤ ਸਿੰਘ
Deepika Kant Singh
ਇੰਡੀਅਨ ਸਕੂਲ ਆਫ ਬਿਜ਼ਨਸ, ਮੋਹਾਲੀ ਦੇ ਪ੍ਰੋਗਰਾਮ ਮੈਨੇਜਰ ਦੀਪਿਕਾ ਕਾਂਤ ਸਿੰਘ

ਇੰਡੀਅਨ ਸਕੂਲ ਆਫ ਬਿਜ਼ਨਸ, ਮੋਹਾਲੀ ਦੇ ਪ੍ਰੋਗਰਾਮ ਮੈਨੇਜਰ ਦੀਪਿਕਾ ਕਾਂਤ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਇਕੱਲਾਪਣ ਇੱਕ ਗੰਭੀਰ ਸਮੱਸਿਆ ਹੈ।

ਉਹ ਕਹਿੰਦੇ ਹਨ, ‘‘ਸਾਨੂੰ ਭਵਿੱਖ ਵਿੱਚ ਬਜ਼ੁਰਗ ਲੋਕਾਂ ਲਈ ਬੁਨਿਆਦੀ ਢਾਂਚੇ ਦੀ ਲੋੜ ਹੈ। ਪੰਜਾਬ ਦੀ ਕੁੱਲ ਆਬਾਦੀ ਵਿੱਚ 10% ਬਜ਼ੁਰਗ ਆਬਾਦੀ ਹੈ ਜਦਕਿ ਰਾਸ਼ਟਰੀ ਔਸਤ 8% ਹੈ। ਕਿਸੇ ਬਜ਼ੁਰਗ ਕੋਲ ਅਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਸ ਨਾਲ ਉਹ ਗੱਲ ਕਰ ਸਕਣ।’’

ਦੀਪਿਕਾ ਦੇ ਪੇਪਰ ਦਾ ਸਿਰਲੇਖ ਹੈ – ‘ਕੀ ਭਾਰਤ ਬੁਢਾਪੇ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ?’ – ਇਸ ਵਿੱਚ ਦੀਪਿਕਾ ਨੇ ਕਿਹਾ ਹੈ ਕਿ ਨਵੀਂ ਜਾਰੀ ਕੀਤੀ ਗਈ UNFPA, ਇੰਡੀਆ ਏਜਿੰਗ ਰਿਪੋਰਟ 2023, ਇਸ ਤੱਥ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਦੁਨੀਆ ਦੀ ਤਰ੍ਹਾਂ, ਭਾਰਤ ਵੀ ਪਹਿਲਾਂ ਨਾਲੋਂ ਤੇਜ਼ੀ ਨਾਲ ਬੁਢਾਪੇ ਵੱਲ ਜਾ ਰਿਹਾ ਹੈ।

ਇਸ ਰਿਪੋਰਟ ਵਿਚ ਦੇਖਿਆ ਗਿਆ ਹੈ ਕਿ ਬੁਢਾਪਾ ਆਬਾਦੀ ਵਿੱਚ ਵਾਧੇ ਦੀ ਭਵਿੱਖਬਾਣੀ ਦੇ ਬਾਵਜੂਦ, ਭਾਰਤ ਸਮੇਤ ਦੁਨੀਆ ਪੂਰੀ ਤਰ੍ਹਾਂ ਇਸ ਲਈ ਤਿਆਰ ਨਹੀਂ ਹੈ।

ਇਸ ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਭਾਰਤ ਦੀ ਬਜ਼ੁਰਗ ਆਬਾਦੀ 10.5% (14.9 ਕਰੋੜ) ਦੀ ਮੌਜੂਦਾ ਸਥਿਤੀ ਤੋਂ 2050 ਤੱਕ 21% (34.7 ਕਰੋੜ) ਹੋ ਜਾਵੇਗੀ। ਇਸ ਵਿੱਚ ਦੱਖਣੀ ਸੂਬੇ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਰਗੇ ਸੂਬੇ ਆਬਾਦੀ ਤਬਦੀਲੀ ਵਿੱਚ ਬਾਕੀਆਂ ਨਾਲੋਂ ਅੱਗੇ ਹਨ ਅਤੇ ਜਲਦੀ ਬੁੱਢੇ ਹੋ ਜਾਣਗੇ।

ਦੀਪਿਕਾ ਕਹਿੰਦੇ ਹਨ, ‘‘ਸਾਨੂੰ ਸਮਾਵੇਸ਼ੀ ਅਤੇ ਉਮਰ ਦੇ ਅਨੁਕੂਲ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਨੌਜਵਾਨ ਪਰਵਾਸ ਕਰ ਰਹੇ ਹਨ ਤੇ ਕੁਝ ਨਸ਼ਿਆਂ ਵਿੱਚ ਫਸ ਰਹੇ ਹਨ ਤਾਂ ਹੀ ਪੰਜਾਬ ਵਿੱਚ ਬਜ਼ੁਰਗ ਲੋਕਾਂ ਵਿੱਚ ਇਕੱਲੇਪਣ ਦੀ ਸਮੱਸਿਆ ਆ ਰਹੀ ਹੈ।’’

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News