ਇਜ਼ਰਾਈਲ -ਫਲਸਤੀਨ ਵਿਵਾਦ : ''''ਹਮਾਸ ਲੜਾਕੇ ਜਿਸ ਕੁੜੀ ਨੂੰ ਗੱਡੀ ਵਿੱਚ ਘੁੰਮਾ ਰਹੇ ਸਨ, ਉਹ ਮੇਰੀ ਧੀ ਹੈ, ਸਾਡੀ ਮਦਦ ਕਰੋ''''
Monday, Oct 09, 2023 - 03:47 PM (IST)
ਜਰਮਨੀ ਦੀ ਵਸਨੀਕ ਮਾਂ ਆਪਣੀ ਧੀ ਬਾਰੇ ਜਾਣਕਾਰੀ ਲਈ ਤਰਲੇ ਕੱਢ ਰਹੀ ਹੈ।
ਉਨ੍ਹਾਂ ਨੂੰ ਇਹ ਯਕੀਨ ਹੈ ਕਿ ਉਨ੍ਹਾਂ ਦੀ ਧੀ ਨੂੰ ਫ਼ਲਸਤੀਨੀ ਲੜਾਕਿਆਂ ਵੱਲੋਂ ਇੱਕ ਸੰਗੀਤਕ ਪ੍ਰੋਗਰਾਮ ਵਿੱਚੋਂ ਅਗਵਾ ਕਰ ਲਿਆ ਗਿਆ ਸੀ ਅਤੇ ਇੱਕ ਪਿੱਕ-ਅਪ ਟਰੱਕ ਪਿੱਛੇ ਲੱਦ ਕੇ ਗਲੀਆਂ ਵਿੱਚ ਮਾਰਚ ਕੱਢਿਆ ਗਿਆ ਸੀ।
ਜਰਮਨੀ ਤੋਂ ਇਜ਼ਰਾਈਲ ਘੁੰਮਣ ਲਈ ਆਈ ਸ਼ੈਨੀ ਲੌਕ ਗਾਜ਼ਾ ਸਰਹੱਦ ਦੇ ਨੇੜੇ ਇੱਕ ਪ੍ਰੋਗਰਾਮ ਵਿੱਚ ਮੌਜੂਦ ਸੀ, ਜਦੋਂ ਹਮਾਸ ਦੇ ਲੜਾਕਿਆਂ ਵੱਲੋਂ ਇਲਾਕੇ ਉੱਤੇ ਹਮਲਾ ਕਰ ਦਿੱਤਾ ਗਿਆ।
ਉਨ੍ਹਾਂ ਵੱਲੋਂ ਉੱਥੇ ਮੌਜੂਦ ਲੋਕਾਂ ਉੱਤੇ ਗੋਲੀਆਂ ਚਲਾਈਆਂ ਗਈਆਂ, ਜਿਸ ਮਗਰੋਂ ਡਰੇ ਹੋਏ ਲੋਕ ਰੇਗਿਸਤਾਨ ਵੱਲ ਨੂੰ ਭੱਜੇ।
ਸ਼ਾਨੀ ਦੀ ਮਾਂ ਰਿਕਾਰਡਾ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਨੀ ਦੀ ਇੱਕ ਵੀਡੀਓ ਦੇਖੀ ਹੈ, ਜਿਸ ਵਿੱਚ ਉਹ ਅਗਵਾ ਕੀਤੇ ਜਾਣ ਤੋਂ ਬਾਅਦ “ਗੱਡੀ ਵਿੱਚ ਬੇਸੁੱਧ” ਹੋਈ ਪਈ ਹੈ।
ਆਪਣੀ 20 ਸਾਲ ਦੇ ਕਰੀਬ ਉਮਰ ਦੀ ਧੀ ਦੀ ਤਸਵੀਰ ਆਪਣੇ ਮੋਬਾਈਲ ਫੋਨ ਉੱਤੇ ਦਿਖਾਉਂਦੇ ਹੋਏ, ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਅਪੀਲ ਕੀਤੀ ਕਿ ਉਨ੍ਹਾਂ ਦੀ ਧੀ ਨੂੰ “ਦੱਖਣੀ ਇਜ਼ਰਾਈਲ ਵਿੱਚ ਫ਼ਲਸਤੀਨੀ ਹਮਾਸ ਵੱਲੋਂ ਹੋਰ ਸੈਨਾਨੀਆਂ ਦੇ ਸਮੂਹ ਨਾਲ ਅਗਵਾ ਕਰ ਲਿਆ ਗਿਆ ਸੀ।”
ਜਟਾਵਾਂ ਅਤੇ ਟੈਟੂਆਂ ਤੋਂ ਹੋਈ ਪਛਾਣ
ਉਨ੍ਹਾਂ ਕਿਹਾ, “ਸਾਨੂੰ ਇੱਕ ਵੀਡੀਓ ਭੇਜੀ ਗਈ ਸੀ, ਜਿਸ ਵਿੱਚ ਮੈਂ ਸਾਫ਼-ਸਾਫ਼ ਦੇਖ ਸਕਦੀ ਸੀ ਕਿ ਮੇਰੀ ਧੀ ਬੇਸੁੱਧ ਹਾਲਤ ਵਿੱਚ ਫ਼ਲਸਤੀਨੀਆਂ ਨਾਲ ਇੱਕ ਗੱਡੀ ਵਿੱਚ ਹੈ, ਅਤੇ ਉਹ ਗਾਜ਼ਾ ਪੱਟੀ ਵਿੱਚ ਗੱਡੀ ਚਲਾ ਰਹੇ ਸੀ।”
“ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਸਾਡੀ ਮਦਦ ਕਰੋ ਜਾਂ ਕੋਈ ਜਾਣਕਾਰੀ ਭੇਜੋ, ਧੰਨਵਾਦ।”
ਜਿਵੇਂ ਹੀ ਸ਼ਨੀਵਾਰ ਨੂੰ ਹਮਾਸ ਦੇ ਇਜ਼ਰਾਇਲੀ ਇਲਾਕਿਆਂ ਵਿੱਚ ਹਮਲੇ ਦੀ ਖ਼ਬਰ ਆਈ ਤਾਂ ਲਾਊਕ ਦੇ ਪਰਿਵਾਰ ਨੇ ਉਨ੍ਹਾਂ ਤੱਕ ਪਹੁੰਚ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਇਹ ਉਨ੍ਹਾਂ ਲਈ ਬਹੁਤ ਡਰਾਉਣਾ ਸੀ, ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਫੈਲਾਈ ਜਾ ਰਹੀ ਇੱਕ ਵੀਡੀਓ ਵਿੱਚ ਆਪਣੀ ਧੀ ਨੂੰ ਪਛਾਣਿਆ।
ਇਸ ਵੀਡੀਓ ਵਿੱਚ ਇੱਕ ਨੌਜਵਾਨ ਕੁੜੀ ਨੂੰ ਇੱਕ ਟਰੱਕ ਦੇ ਪਿੱਛੇ ਲੱਦ ਕੇ ਗਲੀਆਂ ਵਿੱਚ ਘੁਮਾਇਆ ਜਾ ਰਿਹਾ ਹੈ, ਟਰੱਕ ਉੱਤੇ ਹਥਿਆਰਬੰਦ ਲੜਾਕੇ ਵੀ ਹਨ ਅਤੇ ਹੋਰ ਲੋਕ ‘ਅੱਲਾ ਹੂ ਅਕਬਰ” ਦੇ ਨਾਅਰੇ ਲਾ ਰਹੇ ਹਨ।
ਵੀਡੀਓ ਵਿੱਚ ਕੁੜੀ ਦਾ ਚਿਹਰਾ ਨਜ਼ਰ ਨਹੀਂ ਆਉਂਦਾ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਦੀਆਂ ਜਟਾਵਾਂ ਅਤੇ ਟੈਟੂਆਂ ਤੋਂ ਉਸਦੀ ਪਛਾਣ ਕੀਤੀ ਹੈ।
''''100 ਤੋਂ ਵੱਧ ਫੌਜੀ ਅਤੇ ਨਾਗਰਿਕ ਅਗਵਾ''''
ਸ਼ਾਨੀ ਦੇ ਰਿਸ਼ਤੇਦਾਰ ਟੌਮ ਵਾਈਨਟ੍ਰੋਬ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ, “ਸਾਨੂੰ ਉਮੀਦ ਹੈ, ਇਸ ਦੀ ਜ਼ਿੰਮੇਵਾਰੀ ਹਮਾਸ ਅਤੇ ਹੋਰਾਂ ਦੇ ਸਿਰ ਉੱਤੇ ਹੈ।”
ਇਜ਼ਰਾਈਲ ਦੀ ਸਰਕਾਰ ਦਾ ਕਹਿਣਾ ਹੈ ਕਿ ਹਮਾਸ ਨੇ ਹਮਲੇ ਵਿੱਚ ਘੱਟੋ-ਘੱਟ 100 ਇਜ਼ਰਾਇਲੀ ਫੌਜੀਆਂ ਅਤੇ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ ਸੀ।
ਇੱਕ ਬਰਤਾਨਵੀ ਨਾਗਰਿਕ ਜੇਕ ਮਾਰਲੋਵ ਸਮੇਤ ਸੰਗੀਤਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਈ ਲੋਕ ਲਾਪਤਾ ਹਨ, ਹਾਲਾਂਕਿ ਯੂਕੇ ਵਿਚਲੀ ਇਜ਼ਰਾਈਲੀ ਅੰਬੈਸੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਨ੍ਹਾ(ਜੇਕ) ਨੂੰ ਅਗਵਾ ਕੀਤਾ ਗਿਆ ਹੈ ਕਿ ਨਹੀਂ।
ਉਨ੍ਹਾਂ ਦੀ ਮਾਂ ਨੇ ‘ਜਿਊਇਸ਼ ਨਿਊਜ਼’ ਨੂੰ ਦੱਸਿਆ ਕਿ ਉਹ ਓਫਾਕਿਮ ਸ਼ਹਿਰ ਦੇ ਇੱਕ ਕਸਬੇ ਕਿਬੁੱਟਜ਼ ਰਿਅਮ ਵਿੱਚ ਸੰਗੀਤਕ ਪ੍ਰੋਗਰਾਮ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਵੱਜੋਂ ਤੈਨਾਤ ਸੀ। ਇਹ ਕਸਬਾ ਗਾਜ਼ਾ ਦੇ ਨੇੜੇ ਹੈ।
ਹੁਣ ਤੱਕ ਦਾ ਅਹਿਮ ਘਟਨਾਕ੍ਰਮ-
- ਸ਼ਨੀਵਾਰ ਨੂੰ ਫਲਸਤੀਨੀ ਇਸਲਾਮੀ ਕੱਟੜਪੰਥੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ''''ਤੇ ਅਚਾਨਕ ਹਮਲਾ ਬੋਲ ਦਿੱਤਾ।
- ਇਸ ਦੌਰਾਨ ਦਰਜਨਾਂ ਹਥਿਆਰਬੰਦ ਲੜਾਕੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ ਤੇ ਇਜ਼ਰਾਈਲ ''''ਤੇ ਹਜ਼ਾਰਾਂ ਰਾਕੇਟ ਦਾਗੇ ਗਏ।
- ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਹਿਦਾਇਤ ਜਾਰੀ ਕੀਤੀ।
- ਹੁਣ ਤੱਕ ਇਸ ਹਿੰਸਾ ''''ਚ 700 ਤੋਂ ਵੱਧ ਇਜ਼ਰਾਇਲੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਵੀ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
- ਸੁਰੱਖਿਆ ਕਰਮਚਾਰੀਆਂ ਮੁਤਾਬਕ, ਉਨ੍ਹਾਂ ਨੂੰ ਸੁਪਰਨੋਵਾ ਮਿਊਜ਼ਿਕ ਫੈਸਟੀਵਲ ਦੀ ਥਾਂ ਤੋਂ 250 ਤੋਂ ਵੱਧ ਲਾਸ਼ਾਂ ਮਿਲੀਆਂ ਹਨ।
- ਰਿਪੋਰਟਾਂ ਮੁਤਾਬਕ, ਮਰਨ ਵਾਲਿਆਂ ਵਿੱਚ ਕੁਝ ਅਮਰੀਕੀ ਅਤੇ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।
- ਹਮਾਸ ਦੇ ਆਗੂ ਮੁਹੰਮਦ ਜ਼ੈਫ ਨੇ ਕਿਹਾ, "ਅਸੀਂ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ ਹੈ।"
- ਇਜ਼ਰਾਇਲੀ ਪੀਐਮ ਨੇਤਨਯਾਹੂ ਨੇ ਕਿਹਾ, "ਇਹ ਸਿਰਫ਼ ਭੜਕਾਉਣ ਵਾਲੀ ਗੱਲ ਨਹੀਂ ਬਲਕਿ ਇੱਕ ਜੰਗ ਹੈ ਤੇ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"
- ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ ਲੈ ਕੇ ਜਾਇਆ ਗਿਆ ਹੈ।
- ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਦੀ ਬੈਠਕ ''''ਚ ਪੀਐੱਮ ਨੇਤਨਯਾਹੂ ਨੇ ਘੁਸਪੈਠੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
- ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਜੰਗ ਹੈ ਅਤੇ ਅਸੀਂ ਇਸ ਜੰਗ ਨੂੰ ਜਿੱਤਾਂਗੇ।"
- ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ "ਵੱਡੀ ਗਲਤੀ" ਕਰ ਦਿੱਤੀ ਹੈ।
- ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਹੈ ਕਿ ਦਰਜਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ''''ਚੋਂ ਕਈਆਂ ਦੀ ਹਾਲਤ ਗੰਭੀਰ ਹੈ।
- ਅਮਰੀਕਾ ਨੇ ਕਿਹਾ ਕਿ ਉਹ ਇਜ਼ਰਾਈਲ ਦੀ ਮਦਦ ਲਈ ਪੂਰਵੀ ਭੂਮੱਧ ਸਾਗਰ ''''ਚ ਇੱਕ ਬੇੜਾ, ਮਿਜ਼ਾਈਲ ਕਰੂਜ਼ਰ, ਜਹਾਜ਼ ਤੇ ਜੈੱਟ ਭੇਜ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਪਾਈਆਂ ਗਈਆਂ ਵੀਡੀਓਜ਼ ਵਿੱਚ ਇੱਕ ਇਜ਼ਰਾਇਲੀ ਔਰਤ, ਜਿਸਦੀ ਪਛਾਣ ਨੋਆ ਅਰਗਾਮਾਨੀ ਵਜੋਂ ਹੋਈ ਹੈ ਅਤੇ ਜੋ ਇਸ ਪ੍ਰੋਗਰਾਮ ਵਿੱਚ ਹਾਜ਼ਰ ਸੀ, ਨੂੰ ਇੱਕ ਮੋਟਰਸਾਈਕਲ ਉੱਤੇ ਦੋ ਲੋਕਾਂ ਵੱਲੋਂ ਗ੍ਰਿਫ਼ਤਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਇਸ ਪ੍ਰੋਗਰਾਮ ਵਿੱਚ ਹਾਜ਼ਰ ਗਿਲੀ ਯੋਸਕੋਵਿਚ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਹਥਿਆਰਬੰਦ ਲੜਾਕੇ ਹਰੇਕ ਨੂੰ ਦੇਖਦਿਆਂ ਸਾਰ ਗੋਲ਼ੀਆਂ ਮਾਰ ਰਹੇ ਸਨ, ਉਹ ਖੇਤਾਂ ਵਿੱਚ ਇੱਕ ਦਰੱਖ਼ਤ ਹੇਠ ਲੁਕ ਗਏ।
ਪਿਛਲੇ ਸ਼ਨੀਵਾਰ ਹਮਾਸ ਵੱਲੋਂ ਅਚਨਚੇਤ ਇਜ਼ਰਾਈਲ ਉੱਤੇ ਹਮਲਾ ਕੀਤੇ ਜਾਣ ਤੋਂ ਬਾਅਦ ਲੜਾਈ ਜਾਰੀ ਹੈ।
ਫ਼ਲਸਤੀਨੀ ਲੜਾਕੂ ਸ਼ਨੀਵਾਰ ਦੀ ਸਵੇਰ ਨੂੰ ਇਜ਼ਰਾਈਲ ਵਿੱਚ ਦਾਖ਼ਲ ਹੋ ਗਏ ਅਤੇ ਵੱਡੀ ਗਿਣਤੀ ਵਿੱਚ ਰਾਕੇਟ ਦਾਗ਼ੇ।ਇਸ ਨਾਲ ਕਈ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹਨ।
ਹਮਾਸ ਵਲੋਂ ਚਲਾਏ ਜਾਂਦੇ ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ, ਇਜ਼ਰਾਈਲੀ ਹਵਾਈ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ।
ਹਮਾਸ ਕੀ ਹੈ?
ਹਮਾਸ ਫਲਸਤੀਨੀ ਕੱਟੜਪੰਥੀ ਇਸਲਾਮਿਕ ਜਥੇਬੰਦੀਆਂ ਵਿੱਚ ਸਭ ਤੋਂ ਵੱਡੀ ਖਾੜਕੂ ਜਥੇਬੰਦੀ ਹੈ।
ਇਸ ਦਾ ਨਾਮ ‘ਇਸਲਾਮਿਕ ਰਜ਼ਿਸਟੈਂਟ ਮੂਵਮੈਂਟ’ ਦਾ ਸੰਖੇਪ ਹੈ, ਜੋ 1987 ਇਜ਼ਰਾਈਲ ਵੱਲੋਂ ਵੈਸਟ ਬੈਂਕ ਤੇ ਗਾਜ਼ਾ ਪੱਟੀ ਉਪਰ ਕਬਜ਼ੇ ਤੋਂ ਬਾਅਦ ਸ਼ੁਰੂ ਹੋਇਆ ਸੀ।
ਸ਼ੁਰੂਆਤ ਵਿੱਚ ਹਮਾਸ ਦੇ ਦੋ ਮੁੱਖ ਮਕਸਦ ਸੀ - ਪਹਿਲਾ ਇਜ਼ਰਾਈਲ ਦੇ ਖ਼ਿਲਾਫ਼ ਇਸ ਦੇ ਮਿਲਟਰੀ ਵਿੰਗ- ਅਜ਼ਦੀਨ ਅਲ ਕਾਸਮ ਨਾਲ ਹਥਿਆਰਬੰਦ ਲੜਾਈ ਅਤੇ ਦੂਜਾ ਸਮਾਜਿਕ ਭਲਾਈ ਦੇ ਕੰਮ।
ਪਰ 2005 ਤੋਂ ਬਾਅਦ ਇਹ ਫਲਸਤੀਨ ਦੇ ਰਾਜਨੀਤਿਕ ਮਾਮਲਿਆਂ ਵਿੱਚ ਵੀ ਸਰਗਰਮ ਹੋਇਆ ਹੈ। ਇਹ ਅਰਬ ਸੰਸਾਰ ਦਾ ਪਹਿਲਾ ਇਸਲਾਮਿਕ ਗਰੁੱਪ ਹੈ, ਜਿਸ ਨੇ ਬੈਲੇਟ ਬਾਕਸ ਰਾਹੀਂ ਚੋਣਾਂ ਜਿੱਤੀਆਂ।
ਇਜ਼ਰਾਈਲ, ਅਮਰੀਕਾ, ਯੂਰਪੀਅਨ ਯੂਨੀਅਨ, ਯੂਕੇ ਅਤੇ ਹੋਰ ਕਈ ਦੇਸ਼ਾਂ ਵੱਲੋਂ ਹਮਾਸ ਨੂੰ ਇੱਕ ''''''''ਅੱਤਵਾਦੀ ਗਰੁੱਪ'''''''' ਕਰਾਰ ਦਿੱਤਾ ਗਿਆ ਹੈ।
ਮੋਸਾਦ ਕੀ ਹੈ?
ਮੋਸਾਦ, ਇਜ਼ਰਾਈਲ ਦੀ ਖੂਫ਼ੀਆ ਏਜੰਸੀ ਹੈ, ਜਿਸ ਦੀ ਸਥਾਪਨਾ 1949 ਵਿੱਚ ਹੋਈ ਸੀ। ਬਹੁਤ ਹੀ ਗੁਪਤ ਤਰੀਕੇ ਨਾਲ ਕੰਮ ਕਰਨ ਵਾਲੀ ਮੋਸਾਦ ਆਪਣੀਆਂ ਬਹਾਦਰੀ ਵਾਲੀਆਂ ਕਾਰਵਾਈਆਂ ਲਈ ਜਾਣੀ ਜਾਂਦੀ ਹੈ।
ਮੋਸਾਦ ''''ਤੇ ਕਈ ਕਤਲਾਂ ਦੇ ਇਲਜ਼ਾਮ ਵੀ ਹਨ।
ਮੋਸਾਦ ਦੇ ਸਾਬਕਾ ਏਜੰਟ ਗੈਡ ਸ਼ਿਮਰੋਨ ਨੇ ਬੀਬੀਸੀ ਨੂੰ ਦੱਸਿਆ ਸੀ, "ਉਹ ਇਮਾਨਦਾਰ ਧੋਖੇਬਾਜ਼ਾਂ ਦੀ ਤਲਾਸ਼ ਕਰ ਰਹੇ ਹਨ। ਉਹ ਮੇਰੇ ਵਰਗੇ ਲੋਕਾਂ ਨੂੰ ਲੈ ਜਾਂਦੇ ਹਨ। ਮੈਂ ਕੋਈ ਧੋਖੇਬਾਜ਼ ਨਹੀਂ ਸਗੋਂ ਇਜ਼ਰਾਈਲ ਦਾ ਆਗਿਆਕਾਰ ਨਾਗਰਿਕ ਹਾਂ। ਉਹ ਉਨ੍ਹਾਂ ਨੂੰ ਚੋਰੀ ਕਰਨਾ ਸਿਖਾਉਂਦੇ ਹਨ, ਕਈ ਵਾਰ ਕਤਲ ਕਰਨਾ ਵੀ। ਇਹ ਸਭ ਕੁਝ ਆਮ ਲੋਕ ਨਹੀਂ ਕਰਦੇ, ਸਿਰਫ ਅਪਰਾਧੀ ਕਰਦੇ ਹਨ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)