ਇਜ਼ਰਾਈਲ ਫਲਸਤੀਨ ਵਿਵਾਦ: ਹਮਾਸ ਨੇ ਉਹ ਕਿਵੇਂ ਕੀਤਾ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ
Monday, Oct 09, 2023 - 01:02 PM (IST)
ਇਜ਼ਰਾਈਲ ਦੇ ਬਹੁਤੇ ਲੋਕ ਉਸ ਵੇਲੇ ਸੁੱਤੇ ਪਏ ਹੋਣਗੇ ਜਦੋਂ ਇਹ ਸ਼ੁਰੂ ਹੋਇਆ।
ਸ਼ਨੀਵਾਰ ਦੇ ਦਿਨ ਇੱਕ ਧਾਰਮਿਕ ਤਿਓਹਾਰ -ਯਹੂਦੀ ਸੈਬਥ ਸੀ। ਲੋਕਾਂ ਨੇ ਇਹ ਦਿਨ ਕਿਸੇ ਯਹੂਦੀ ਧਾਰਮਿਕ ਸਥਾਨ ਵਿੱਚ ਜਾਂ ਆਪਣੇ ਸਬੰਧੀਆਂ ਨਾਲ ਇਕੱਠੇ ਮਨਾਉਣਾ ਸੀ।
ਪਰ ਜਿਵੇਂ ਹੀ ਦਿਨ ਚੜ੍ਹਿਆ, ਹਮਾਸ ਵੱਲੋਂ ਛੱਡੇ ਗਏ ਰਾਕੇਟ ਦੀ ਵਾਛੜ ਇੰਨੇ ਵੱਡੇ ਪੱਧਰ ਉੱਤੇ ਸ਼ੁਰੂ ਹੋਈ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੀ ਸੀ। ਇਹ ਹਮਲਾ ਬੇਮਿਸਾਲ ਤਾਲਮੇਲ ਨਾਲ ਕੀਤਾ ਗਿਆ ਸੀ।
ਕਈ ਸਾਲਾਂ ਤੋਂ ਇਜ਼ਰਾਈਲ ਆਪਣੇ ਅਤੇ ਫ਼ਲਸਤੀਨੀਆਂ ਦੇ ਗੜ੍ਹ ਗਾਜ਼ਾ ਪੱਟੀ ਵਿਚਲੀ ਸਰਹੱਦ ਨੂੰ ਮਜ਼ਬੂਤ ਕਰਦਾ ਆ ਰਿਹਾ ਹੈ। ਪਰ ਘੰਟਿਆਂ ਵਿੱਚ ਹੀ ਇਸ ਵਿਚਲੇ ਨੁਕਸ ਜਗਜ਼ਾਹਰ ਹੋ ਗਏ।
ਇਹ ਜਾਣਨ ਲਈ ਕਿ ਫਲਸਤੀਨੀ ਸਮੂਹ ਹਮਾਸ ਨੇ ਗਾਜ਼ਾ ਵਿੱਚੋਂ ਇੰਨੇ ਆਧੁਨਿਕ ਢੰਗ ਅਤੇ ਤਾਲਮੇਲ ਨਾਲ ਹਮਲਾ ਕਿਵੇਂ ਕੀਤਾ ਗਿਆ, ਬੀਬੀਸੀ ਨਿਊਜ਼ ਵੱਲੋਂ ਹਥਿਆਰਬੰਦ ਲੜਾਕਿਆਂ ਅਤੇ ਆਮ ਨਾਗਰਿਕਾਂ ਵੱਲੋਂ ਰਿਕਾਰਡ ਕੀਤੀ ਗਈ ਫੁਟੇਜ ਦੀ ਜਾਂਚ ਕੀਤੀ ਗਈ।
ਸਵੇਰੇ ਸਾਢੇ ਛੇ ਵਜੇ ਸ਼ੁਰੂ ਹੋਇਆ ਹਮਲਾ
ਇਜ਼ਰਾਈਲ ਵਿੱਚ 6:30 ਵਜੇ ਤੋਂ ਰਾਕੇਟ ਦਾ ਹਮਲਾ ਸ਼ੁਰੂ ਹੋਇਆ।
ਹਮਾਸ ਇੱਕ ਇਸਲਾਮੀ ਹਥਿਆਰਬੰਦ ਸੰਸਥਾ ਹੈ, ਗਾਜ਼ਾ ਇਸਦੇ ਅਧੀਨ ਹੈ। ਇਸ ਸੰਸਥਾ ਨੂੰ ਯੂਕੇ ਅਤੇ ਸੰਸਾਰ ਦੀਆਂ ਹੋਰਨਾਂ ਥਾਵਾਂ ‘ਤੇ ਇੱਕ ਅੱਤਵਾਦੀ ਸੰਸਥਾ ਮੰਨਿਆਂ ਜਾਂਦਾ ਹੈ। ਇਸ ਸੰਸਥਾ ਵੱਲੋਂ ਅਜਿਹੀਆਂ ਕਾਰਵਾਈਆਂ ਪਹਿਲਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ।
ਹਮਾਸ ਵੱਲੋਂ ਦਾਗੇ ਜਾਂਦੇ ਰਾਕੇਟ, ਜੋ ਕਿ ਬਹੁਤੇ ਵਿਕਸਿਤ ਨਹੀਂ ਹੁੰਦੇ, ਇਜ਼ਰਾਈਲ ਦੀ ਰਾਕੇਟ ਵਿਰੋਧੀ ਤਕਨੀਕ ‘ਆਇਰਨ ਡੋਮ ਮਿਸਾਈਲ ਡਿਫੈਂਸ ਸਿਸਟਮ’ ਦੇ ਅੱਗੇ ਨਕਾਰਾ ਹੋ ਜਾਂਦੇ ਹਨ। ਪਰ ਹਮਾਸ ਵੱਲੋਂ ਇੰਨੇ ਵੱਡੀ ਗਿਣਤੀ ਵਿੱਚ ਰਾਕੇਟ ਦਾਗੇ ਗਏ ਤਾਂ ਜੋ ਇਜ਼ਰਾਈਲੀ ਸੁਰੱਖਿਆ ਤਕਨੀਕ ਉੱਤੇ ਦਬਾਅ ਪਾਇਆ ਜਾ ਸਕੇ।
ਇੰਨੀ ਵੱਡੀ ਗਿਣਤੀ ਵਿੱਚ ਰਾਕੇਟ ਦਾਗੇ ਜਾਣੇ ਇਹ ਦਰਸਾਉਂਦਾ ਹੈ ਕਿ ਹਮਲੇ ਲਈ ਕਈ ਮਹੀਨੇ ਪਹਿਲਾਂ ਤਿਆਰੀ ਕੀਤੀ ਗਈ ਸੀ ਅਤੇ ਅਸਲਾ ਇਕੱਠਾ ਕੀਤਾ ਗਿਆ ਸੀ। ਹਮਾਸ ਦਾ ਕਹਿਣਾ ਹੈ ਕਿ ਇਸ ਵੱਲੋਂ ਪਹਿਲੇ ਪੜਾਅ ਵਿੱਚ 5,000 ਰਾਕੇਟ ਦਾਗੇ ਗਏ (ਇਜ਼ਰਾਈਲ ਦਾ ਕਹਿਣਾ ਹੈ ਕਿ ਗਿਣਤੀ ਇਸ ਨਾਲੋਂ ਅੱਧੀ ਸੀ)।
ਅਤਿ ਸੁਰੱਖਿਆ ਪ੍ਰਬੰਧਾਂ ਵਾਲੀ ਸਰਹੱਦ
ਗਾਜ਼ਾ ਤੋਂ 60 ਕਿਲੋਮੀਟਰ ਦੂਰ ਪੈਂਦੇ ਤਲ ਅਵੀਵ ਵਿੱਚ ਵੀ ਹਵਾਈ ਹਮਲੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ ਅਤੇ ਪੱਛਮੀ ਜੇਰੂਸਲਮ ਵਿੱਚ ਹਮਲੇ ਨਾਲ ਪ੍ਰਭਾਵਤ ਹੋਏ ਇਲਾਕਿਆਂ ਵਿੱਚੋਂ ਧੂਆਂ ਨਿਕਲਦਾ ਦਿਖਾਈ ਦੇ ਰਿਹਾ ਸੀ।
ਇੱਕ ਪਾਸੇ ਲਗਾਤਾਰ ਰਾਕੇਟ ਦਾਗੇ ਜਾ ਰਹੇ ਸਨ ਦੂਜੇ ਪਾਸੇ ਲੜਾਕੇ ਉਨ੍ਹਾਂ ਥਾਵਾਂ ਉੱਤੇ ਇਕੱਠੇ ਹੋ ਰਹੇ ਸਨ ਜਿੱਥੋਂ ਉਹ ਇਜ਼ਰਾਈਲ ਅਤੇ ਗਾਜ਼ਾ ਦੀ ਸਰਹੱਦ ਉੱਤੇ ਰੋਕਾਂ ਤੋੜ ਕੇ ਅੰਦਰ ਵੜਨਾ ਚਾਹੁੰਦੇ ਸਨ।
ਹਾਲਾਂਕਿ ਇਜ਼ਰਾਈਲ ਵੱਲੋਂ ਆਪਣੇ ਫੌਜੀ ਦਸਤਿਆਂ ਅਤੇ ਉੱਥੇ ਰਹਿੰਦੇ ਨਾਗਰਿਕਾਂ ਨੂੰ 2005 ਵਿੱਚ ਉੱਥੋਂ ਬਾਹਰ ਕੱਢ ਲਿਆ ਗਿਆ।ਪਰ ਵੀ ਇੱਥੋਂ ਦਾ ਹਵਾਈ ਖੇਤਰ, ਸਾਂਝੀ ਸਰਹੱਦ ਅਤੇ ਸਮੁੰਦਰੀ ਕਿਨਾਰੇ ਇਜ਼ਰਾਈਲ ਦੇ ਕਾਬੂ ਹੇਠ ਹਨ।
ਇਜ਼ਰਾਈਲ ਅਤੇ ਗਾਜ਼ਾ ਦੀ ਸਰਹੱਦ ਉੱਤੇ ਫੌਜੀਆਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾਂਦੀ ਹੈ, ਇਸ ਸਰਹੱਦ ਉੱਤੇ ਕਈ ਥਾਵਾਂ ਉੱਤੇ ਕੰਕਰੀਟ ਦੀਆਂ ਕੰਧਾ ਬਣਾਈਆਂ ਗਈਆਂ ਅਤੇ ਹੋਰ ਥਾਵਾਂ ਉੱਤੇ ਵਾੜ ਕੀਤੀ ਗਈ ਹੈ।
ਇਸਦੇ ਨਾਲ ਹੀ ਘੁਸਪੈਠ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਕੈਮਰੇ ਅਤੇ ਸੈਂਸਰ ਲਾਏ ਗਏ ਹਨ।
ਪਰ ਘੰਟਿਆਂ ਵਿੱਚ ਹੀ ਇਸ ਵਿੱਚ ਕਈ ਵਾਰੀ ਪਾੜ ਪਾਏ ਗਏ।
ਹਮਾਸ ਨੇ ਇਜ਼ਰਾਈਲੀ ਸੁਰੱਖਿਆ ਵਿੱਚ ਪਾੜ ਕਿਵੇਂ ਪਾਇਆ
ਹਮਾਸ ਦੇ ਕੁਝ ਲੜਾਕਿਆਂ ਵੱਲੋਂ ਇਨ੍ਹਾਂ ਰੋਕਾਂ ਨੂੰ ਹਵਾਈ ਅਤੇ ਸਮੁੰਦਰੀ ਰਸਤਿਆਂ ਰਾਹੀਂ ਪਾਰ ਕੀਤਾ ਗਿਆ। ਕਈ ਲੜਾਕਿਆਂ ਨੇ ਪੈਰਾਗਲਾਈਡਿੰਗ ਰਾਹੀਂ ਇਨ੍ਹਾਂ ਰੋਕਾਂ ਨੂੰ ਪਾਰ ਕੀਤਾ। (ਅਣਪ੍ਰਮਾਣਿਤ ਫੁਟੇਜ ਵਿੱਚ ਘੱਟੋ-ਘੱਟ ਸੱਤ ਜਣਿਆਂ ਨੂੰ ਇਜ਼ਰਾਈਲ ਉੱਤੇ ਉੱਡਦਿਆਂ ਦੇਖਿਆ ਜਾ ਸਕਦਾ ਹੈ।)
ਇਜ਼ਰਾਈਲੀ ਸੁਰੱਖਿਆ ਬਲਾਂ ਮੁਤਾਬਕ ਉਨ੍ਹਾਂ ਨੇ ਹਮਾਸ ਵੱਲੋਂ ਆਪਣੇ ਜਹਾਜ਼ਾਂ ਨੂੰ ਸਮੁੰਦਰੀ ਕਿਨਾਰੇ ਉੱਤੇ ਪਹੁੰਚਣ ਦੇ ਦੋ ਯਤਨਾਂ ਨੂੰ ਨਕਾਰਾ ਕੀਤਾ।
ਪਰ ਇਸ ਹਮਲੇ ਦੀ ਵਿਲੱਖਣ ਗੱਲ ਇਹ ਹੈ ਕਿ ਰੋਕਾਂ ਵਿੱਚੋਂ ਲੰਘਣ ਲਈ ਬਣਾਏ ਗਏ ਸੁਰੱਖਿਅਤ ਰਸਤਿਆਂ ਉੱਤੇ ਵੀ ਸਿੱਧੇ ਹਮਲੇ ਕੀਤੇ ਹਨ।
ਸਥਾਨਕ 5:50 ਵਜੇ, ਹਮਾਸ ਦੇ ਹਥਿਆਰਬੰਦ ਵਿੰਗ ਨਾਲ ਜੁੜੇ ਇੱਕ ਟੈਲੀਗ੍ਰਾਮ ਅਕਾਊਂਟ ਤੋਂ ਹਮਲੇ ਦੀਆਂ ਪਹਿਲੀਆਂ ਤਸਵੀਰਾਂ ਪਾਈਆਂ ਗਈਆਂ। ਇਹ ਤਸਵੀਰਾ ਗਾਜ਼ਾ ਦੇ ਦੱਖਣੀ ਇਲਾਕੇ ਕੇਰਮ ਸ਼ਲੌਮ ਵਿਖੇ ਖਿੱਚੀਆਂ ਗਈਆਂ ਸਨ।
ਇਨ੍ਹਾਂ ਤਸਵੀਰਾਂ ਵਿੱਚ ਲੜਾਕਿਆਂ ਵੱਲੋਂ ਇੱਕ ਨਾਕੇ ਨੂੰ ਤੋੜੇ ਜਾਣਾ ਅਤੇ ਦੋ ਇਜ਼ਰਾਈਲੀ ਫੌਜੀਆਂ ਦੀਆਂ ਲਾਸ਼ਾਂ ਧਰਤੀ ਉੱਤੇ ਪਈਆਂ ਵੇਖੀਆਂ ਜਾ ਸਕਦੀਆਂ ਹਨ।
ਹਮਲਾਵਰਾਂ ਨੇ ਪਾਈਆਂ ਸਨ ਬੁਲਟਪਰੂਫ ਜੈਕਟਾਂ
ਇੱਕ ਹੋਰ ਤਸਵੀਰ ਵਿੱਚ ਪੰਜ ਮੋਟਰਸਾਈਕਲ ਵੇਖੇ ਜਾ ਸਕਦੇ ਹਨ, ਹਰ ਇੱਕ ਮੋਟਰਸਾਈਕਲ ਉੱਤੇ ਦੋ ਹਥਿਆਰਬੰਦ ਲੜਾਕੇ ਵੇਖੇ ਜਾ ਸਕਦੇ ਹਨ। ਇਹ ਮੋਟਰਸਾਈਕਲ ਤਾਰਾਂ ਵਾਲੀ ਵਾੜ ਵਿੱਚ ਪਾਏ ਇੱਕ ਪਾੜ ਵਿੱਚੋਂ ਲੰਘਦੇ ਵੇਖੇ ਜਾ ਸਕਦੇ ਹਨ।
ਇੱਕ ਹੋਰ ਤਸਵੀਰ ਵਿੱਚ, ਇੱਕ ਘੱਟ ਸੁਰੱਖਿਆ ਵਾਲੇ ਪਾਸੇ ਇੱਕ ਬੁਲਡੋਜ਼ਰ ਵੱਲੋਂ ਕੰਡਿਆਂਲੀ ਤਾਰ ਵਾਲੀ ਇੱਕ ਵਾੜ ਨੂੰ ਤੋੜਦਿਆਂ ਹੋਏ ਵੇਖਿਆ ਜਾ ਸਕਦਾ ਹੈ।
ਦਰਜਨਾਂ ਦੀ ਗਿਣਤੀ ਵਿੱਚ ਬਿਨਾਂ ਹਥਿਆਰਾਂ ਤੋਂ ਲੋਕਾਂ ਨੂੰ ਉੱਥੇ ਇਕੱਠੇ ਹੋਏ ਵੇਖੇ ਜਾ ਸਕਦੇ ਹਨ ਅਤੇ ਕੁਝ ਇਸ ਥਾਂ ਵਿੱਚੋਂ ਲੰਘਣਾ ਸ਼ੁਰੂ ਕਰ ਦਿੰਦੇ ਹਨ।
ਕਰੇਮ ਸ਼ਲੋਮ ਤੋਂ 43.4 ਕਿਲੋਮੀਟਰ ਦੂਰ ਗਾਜ਼ਾ ਦੇ ਉੱਤਰੀ ਇਲਾਕੇ ਵਿੱਚ ਪੈਂਦੇ ਏਰੇਜ਼ ਹਮਾਸ ਇੱਕ ਹੋਰ ਬੈਰੀਅਰ ਰਾਹੀਂ ਹਮਾਸ ਇਜ਼ਰਾਈਲ ਵਿੱਚ ਦਾਖ਼ਲ ਹੋ ਰਹੀ ਸੀ।
ਇੱਕ ਫੁਟੇਜ ਵਿੱਚ ਇੱਕ ਕੰਕਰੀਟ ਬੈਰੀਅਰ ਨੇੜੇ ਬੰਬ ਧਮਾਕਾ ਹੁੰਦਾ ਵੇਖਿਆ ਜਾ ਸਕਦਾ ਹੈ। ਇਹ ਫੁਟੇਜ ਹਮਾਸ ਦੇ ਇੱਕ ਪ੍ਰੋਪੈਗੰਡਾ ਚੈਨਲ ਉੱਤੇ ਪਾਈ ਗਈ ਸੀ। ਇੱਹ ਧਮਾਕਾ ਹਮਲਾ ਸ਼ੁਰੂ ਕਰਨ ਦਾ ਇੱਕ ਇਸ਼ਾਰਾ ਸੀ, ਇੱਥੇ ਨਾਲ ਹੀ ਇੱਕ ਲੜਾਕੇ ਨੂੰ ਲੜਾਕਿਆਂ ਦੇ ਸਮੂਹ ਨੂੰ ਧਮਾਕੇ ਵਾਲੀ ਥਾਂ ਵੱਲ ਜਾਣ ਦਾ ਇਸ਼ਾਰਾ ਕਰਦਿਆਂ ਵੇਖਿਆ ਜਾ ਸਕਦਾ ਹੈ{
ਅੱਠ ਬੰਦੂਕਧਾਰੀ ਲੜਾਕੂ ਜਿਨ੍ਹਾਂ ਨੇ ਬੁਲਟਪਰੂਫ ਜੈਕਟਾਂ ਪਾਈਆਂ ਹੋਇਆ ਇਜ਼ਰਾਈਲ ਦੇ ਇੱਕ ਮਜ਼ਬੂਤ ਨਾਕੇ ਵੱਲ ਦੌੜਦੇ ਹਨ ਅਤੇ ਇਜ਼ਰਾਈਲੀ ਫੌਜੀਆਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ।
ਇਸ ਮਗਰੋਂ ਵੀਡੀਓ ਵਿੱਚ ਇਜ਼ਰਾਈਲੀ ਫੌਜੀਆਂ ਨੂੰ ਜ਼ਮੀਨ ਉੱਤੇ ਲੇਟੇ ਹੋਏ ਵੇਖਿਆ ਜਾ ਸਕਦਾ ਹੈ। ਇਸਦੇ ਨਾਲ ਹੀ ਪੂਰੀ ਤਰ੍ਹਾ ਸੰਗਠਿਤ ਅਤੇ ਸਿੱਖਿਅਤ ਹਥਿਆਰਬੰਦ ਲੜਾਕਿਆਂ ਨੂੰ ਵੱਖ-ਵੱਖ ਕਮਰਿਆਂ ਵਿੱਚ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ।
ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਸਰਹੱਦ ਪਾਰ ਕਰਨ ਦੇ 7 ਅਧਿਕਾਰਤ ਰਾਹ ਹਨ, ਜਿਨ੍ਹਾਂ ਵਿੱਚੋਂ ਛੇ ਇਜ਼ਰਾਈਲ ਦੇ ਅਧਿਕਾਰ ਹੇਠ ਹਨ ਜਦਕਿ ਇੱਕ ਮਿਸਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਪਰ ਕੁਝ ਹੀ ਘੰਟਿਆਂ ਦੇ ਵਿੱਚ ਹਮਾਸ ਨੇ ਸਰਹੱਦ ਦੇ ਨਾਲ ਰੋਕਾਂ ਤੋੜਨ ਦਾ ਤਰੀਕਾ ਲੱਭ ਲਿਆ।
ਇਜ਼ਰਾਈਲੀ ਸਰਹੱਦ ਵਿੱਚ ਹਮਲੇ
ਹਮਾਸ ਦੇ ਲੜਾਕੇ ਗਾਜ਼ਾ ਵਿੱਚੋਂ ਚਾਰੇ ਦਿਸ਼ਾਵਾਂ ਉੱਤੇ ਚਲੇ ਗਏ। ਹੁਣ ਅਸੀਂ ਇਜ਼ਰਾਈਲੀ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਉਨ੍ਹਾਂ ਨੇ 27 ਵੱਖਰੀਆਂ ਥਾਵਾਂ ਉੱਤੇ ਹਮਲਾ ਕੀਤਾ, ਏਦਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਦੇਖਦਿਆਂ ਹੀ ਮਾਰਨ ਦੇ ਹੁਕਮ ਦਿੱਤੇ ਗਏ ਹਨ।
ਹਮਾਸ ਇਜ਼ਰਾਈਲ ਦੇ 22.5 ਕਿਲੋਮੀਟਰ ਅੰਦਰ, ਗਾਜ਼ਾ ਦੇ ਪੂਰਬ ਵੱਲ ਪੈਂਦੇ ਓਫਾਕਿਮ ਤੱਕ ਦਾਖ਼ਲ ਹੋ ਗਈ ਸੀ। ਇਸ ਨਕਸ਼ੇ ਵਿੱਚ ਉਹ ਇਲਾਕੇ ਵੇਖੇ ਜਾ ਸਕਦੇ ਹਨ।
ਗਾਜ਼ਾ ਤੋਂ 3 ਕਿਲੋਮੀਟਰ ਪੂਰਬ ਵੱਲ ਪੈਂਦੇ ਸਦੇਰੋਟ ਵਿੱਚ ਲੜਾਕਿਆਂ ਨੂੰ ਇੱਕ ਟਰੱਕ ਪਿੱਛੇ ਖੜ੍ਹੇ ਵੇਖਿਆ ਜਾ ਸਕਦਾ ਹੈ।
ਏਰੇਜ਼ ਦੇ ਬਿਲਕੁਲ ਨੇੜੇ ਉੱਤਰ ਵਾਲੇ ਪਾਸੇ ਦਰਜਨ ਦੇ ਕਰੀਬ ਹਥਿਆਰਬੰਦ ਅਸ਼ਕੇਲੋਨ ਦੀਆਂ ਖਾਲੀ ਗਲੀਆਂ ਵਿੱਚੋਂ ਲੰਘਦੇ ਵੇਖੇ ਜਾ ਸਕਦੇ ਹਨ, ਇੱਥੇ ਰੋਕਾਂ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਤੋੜਿਆ ਗਿਆ ਸੀ।
ਇਹੋ ਹੀ ਕੁਝ ਦੱਖਣੀ ਇਜ਼ਰਾਈਲ ਵਿੱਚ ਹੋਇਆ, ਇੱਥੇ ਦੇ ਵਸਨੀਕਾਂ ਨੂੰ ਫੌਜ ਦੇ ਵੱਲੋਂ ਅੰਦਰ ਲੁਕਣ ਲਈ ਕਿਹਾ ਗਿਆ ਸੀ।
ਰਿਅਮ ਨੇਵੇ ਹੋ ਰਹੇ ਇੱਕ ਸੰਗੀਤਕ ਪ੍ਰੋਗਰਾਮ ਵਿੱਚ ਹਥਿਆਰਬੰਦ ਲੜਾਕਿਆਂ ਨੇ ਰੇਗਿਸਤਾਨ ਵਿੱਚ ਨੌਜਵਾਨਾਂ ਦੇ ਇੱਕ ਸਮੂਹ ਉੱਤੇ ਗੋਲੀਆਂ ਚਲਾਈਆਂ।
ਮੌਕੇ ‘ਤੇ ਮੌਜੂਦ ਇੱਕ ਗਵਾਹ ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਲੜਾਕੂ ਹਥਿਆਰਾਂ ਨਾਲ ਲੱਦੀ ਹੋਈ ਵੈਨ ਉੱਤੇ ਇਲਾਕੇ ਵਿੱਚ ਘੁੰਮ ਰਹੇ ਸਨ, ਉਨ੍ਹਾਂ ਨੇ ਇਜ਼ਰਾਈਲੀਆਂ ਨੂੰ ਲੱਭਣ ਲਈ ਤਿੰਨ ਘੰਟੇ ਗੁਜ਼ਾਰੇ ਤਾਂ ਜੋ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਣ।
ਫੌਜੀ ਅਤੇ ਨਾਗਰਿਕ ਅਗਵਾ ਕੀਤੇ ਗਏ
ਸਾਨੂੰ ਇਹ ਜਾਣਕਾਰੀ ਹੈ ਕਿ ਇਸ ਸੰਗੀਤਕ ਪ੍ਰੋਗਰਾਮ ਵਿੱਚੋਂ ਅਤੇ ਹੋਰ ਥਾਵਾਂ ਤੋਂ ਬੰਦੀਆਂ ਨੂੰ ਗਾਜ਼ਾ ਲਿਆਂਦਾ ਗਿਆ ਸੀ। ਇਜ਼ਰਾਈਲ ਦਾ ਕਹਿਣਾ ਹੈ ਫੌਜੀਆਂ ਅਤੇ ਨਾਗਰਿਕਾਂ ਸਮੇਤ ਕੁਲ 100 ਲੋਕਾਂ ਨੂੰ ਅਗਵਾ ਕੀਤਾ ਗਿਆ ਹੈ।
ਬੇਰੀ ਕਸਬਾ ਵਿੱਚ ਬਣਾਈ ਗਈ ਫੁਟੇਜ ਜਿਸਨੂੰ ਕਿ ਬੀਬੀਸੀ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ ਵਿੱਚ ਚਾਰ ਨਾਗਰਿਕਾਂ ਨੂੰ ਲੜਾਕੂਆਂ ਨੂੰ ਧੱਕੇ ਨਾਲ ਲਿਜਾਂਦੇ ਹੋਏ ਵੇਖਿਆ ਜਾ ਸਕਦਾ ਹੈ।
ਅਜਿਹੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਇਜ਼ਰਾਈਲੀ ਨਾਗਰਿਕਾਂ, ਜਿਨ੍ਹਾਂ ਵਿੱਚੋਂ ਕਈ ਬਹੁਤ ਜ਼ਖ਼ਮੀ ਹਨ, ਨੂੰ ਗਾਜ਼ਾ ਦੀਆਂ ਭੀੜੀਆਂ ਗਲ਼ੀਆਂ ਵਿੱਚੋਂ ਪਰੇਡ ਕਰਵਾਉਂਦੇ ਹੋਏ ਲਿਜਾਂਦੇ ਵੇਖਿਆ ਜਾ ਸਕਦਾ ਹੈ।
ਇੱਕ ਅਣਪ੍ਰਮਾਣਿਤ ਵੀਡੀਓ ਜਿਸ ਵਿੱਚ ਇੱਕ ਕਾਰ ਸਵਾਰ ਵਿਅਕਤੀ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਉਸਦਾ ਗਲਾ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ ਸਮੇਤ ਹੋਰ ਵੀ ਕਈ ਅਣਪ੍ਰਮਾਣਿਤ ਅੱਤਿਆਚਾਰ ਵੀਡੀਓ ਸਾਹਮਣੇ ਆਈਆਂ ਹਨ. ਜਿਨ੍ਹਾਂ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਨਾਗਰਿਕਾਂ ਅਤੇ ਫੌਜੀਆਂ ਦੇ ਮ੍ਰਿਤਕ ਸਰੀਰਾਂ ਦਾ ਨਿਰਾਦਰ ਕਰਨ ਦੀਆ ਵੀਡੀਓਜ਼ ਵੀ ਸਾਹਮਣੇ ਆਈਆਂ।
‘ਜੰਗ ਸ਼ੁਰੂ ਹੋ ਗਈ ਹੈ’
ਇਜ਼ਰਾਈਲੀ ਵਸਨੀਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਨਾਲ-ਨਾਲ, ਹਮਾਸ ਵੱਲੋਂ ਰਿਅਮ ਅਤੇ ਜ਼ਿਕਿਮ ਸਮੇਤ ਦੋ ਫੌਜੀ ਟਿਕਾਣਿਆਂ ਉੱਤੇ ਵੀ ਹਮਲਾ ਕੀਤਾ ਗਿਆ।
ਰਿਅਮ ਦੇ ਨੇੜਲੇ ਇਲਾਕੇ ਦੀ ਫੁਟੇਜ ਵਿੱਚ ਹਮਲੇ ਤੋਂ ਬਾਅਦ ਦੇ ਹਾਲਾਤ ਦਿਖਾਈ ਦਿੰਦੇ ਹਨ, ਇੱਥੋਂ ਲੈ ਕੇ ਫੌਜੀ ਟਿਕਾਣੇ ਦੇ ਰਾਹ ਤੱਕ ਕਈ ਸਣੀਆਂ ਹੋਈਆਂ ਕਾਰਾਂ ਖਿੱਲਰੀਆਂ ਹੋਈਆਂ ਸਨ।ਇੱਥੇ ਲੜਾਈ ਦੌਰਾਨ ਹੋਈਆਂ ਮੌਤਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ।
ਹਮਾਸ ਦੇ ਸੋਸ਼ਲ ਮੀਡੀਆ ਚੈਨਲਾਂ ਉੱਤੇ ਲਗਾਤਾਰ ਮਾਰੇ ਗਏ ਇਜ਼ਰਾਈਲੀ ਫੌਜੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਬੀਬੀਸੀ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਪ੍ਰਮਾਣਿਤ ਨਹੀਂ ਕੀਤਾ ਗਿਆ।
ਰਾਕੇਟ ਹਮਲਾ ਸ਼ੁਰੂ ਹੋਣ ਦੇ ਕੁਝ ਘੰਟਿਆਂ ਅੰਦਰ ਹੀ ਸੈਂਕੜੇ ਇਜ਼ਰਾਈਲੀਆਂ ਦੀ ਮੌਤ ਹੋ ਗਈ ਸੀ, ਅਤੇ ਇਹ ਇਸ ਤਰ੍ਹਾ ਹੋਇਆ ਜਿਹੋ ਜਿਹਾ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਦੱਖਣੀ ਇਲਾਕੇ ਵੱਲ ਮਦਦ ਪਹੁੰਚਣੀ ਕੁਝ ਹੀ ਘੰਟਿਆਂ ਵਿੱਚ ਸ਼ੁਰੂ ਹੋ ਗਈ ਸੀ ਪਰ ਕੁਝ ਸਮੇਂ ਲਈ ਗਾਜ਼ਾ ਦੇ ਬਾਹਰ ਦੇ ਇਲਾਕਿਆਂ ਦੇ ਕਈ ਟੁੱਕੜੇ ਹਮਾਸ ਦੇ ਕਬਜ਼ੇ ਵਿੱਚ ਸਨ।
ਇਸ ਅਚਨਚੇਤ ਹਮਲੇ ਦੀ ਰਫ਼ਤਾਰ ਅਤੇ ਭਿਆਨਕਤਾ ਨੇ ਇਜ਼ਰਾਈਲ ਨੂੰ ਹੈਰਾਨ ਕਰ ਦਿੱਤਾ ਹੈ। ਆਉਂਦੇ ਕਈ ਸਾਲਾਂ ਤੱਕ ਇਸ ਬਾਰੇ ਸੁਆਲ ਪੁੱਛੇ ਜਾਣਗੇ ਕਿ ਇਹ ਕਿਵੇਂ ਹੋ ਗਿਆ।
ਸਵੇਰ ਦੇ ਅੱਧ ਤੱਕ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਐਲਾਨ ਕੀਤਾ, “ਜੰਗ ਸ਼ੁਰੂ ਹੋ ਗਈ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)