ਇਜ਼ਰਾਈਲ ''''ਤੇ ਹਮਾਸ ਦੇ ਇੰਨੇ ਵੱਡੇ ਪੱਧਰ ''''ਤੇ ਹਮਲੇ ਤੋਂ ਬਾਅਦ ਅੱਗੇ ਕੀ ਹੋਵੇਗਾ?
Monday, Oct 09, 2023 - 10:47 AM (IST)
1973 ''''ਚ ਇਜ਼ਰਾਈਲ ''''ਤੇ ਮਿਸਰ ਅਤੇ ਸੀਰੀਆ ਵੱਲੋਂ ਕੀਤੇ ਗਏ ਅਚਾਨਕ ਹਮਲੇ ਦੇ ਕਰੀਬ ਪੰਜ ਦਹਾਕਿਆਂ ਬਾਅਦ ਫ਼ਲਸਤੀਨੀ ਲੜਾਕਿਆਂ ਨੇ ਸ਼ਨੀਵਾਰ ਨੂੰ ਇਜ਼ਰਾਈਲ ''''ਤੇ ਵੱਡਾ ਹਮਲਾ ਕਰ ਦਿੱਤਾ।
ਫ਼ਲਸਤੀਨੀ ਕੱਟੜਪੰਥੀ ਸਮੂਹ ਹਮਾਸ ਵਲੋਂ ਇਹ ਹਮਲਾ ਵੀ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਕਿਸੇ ਨੂੰ ਇਸ ਦੀ ਉਮੀਦ ਨਹੀਂ ਸੀ, ਇਹ ਦਿਨ ਸੀ ਸ਼ਬਾਤ ਦਾ ਯਾਨੀ ਯਹੂਦੀਆਂ ਦੀ ਛੁੱਟੀ ਦਾ ਦਿਨ।
1973 ਵਿੱਚ ਹੋਈ ਇਸ ਲੜਾਈ ਨੂੰ ਅਕਤੂਬਰ ਯੁੱਧ, ਪਹਿਲੀ ਅਰਬ-ਇਜ਼ਰਾਈਲੀ ਜੰਗ ਜਾਂ ਯੋਮ ਕਿਪੁੱਰ ਜੰਗ ਵਜੋਂ ਜਾਣਿਆ ਜਾਂਦਾ ਹੈ।
ਇਸ ਲੜਾਈ ਵਿੱਚ ਸੀਰੀਆ ਨੇ ਗੋਲਾਨ ਹਾਈਟਸ ਤੋਂ ਇਜ਼ਰਾਈਲ ''''ਤੇ ਹਮਲਾ ਕੀਤਾ ਅਤੇ ਮਿਸਰ ਨੇ ਸੁਏਜ਼ ਨਹਿਰ ਤੋਂ ਇਜ਼ਰਾਈਲ ''''ਤੇ ਹਮਲਾ ਕੀਤਾ ਅਤੇ ਤੇਜ਼ੀ ਨਾਲ ਇਜ਼ਰਾਈਲ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ।
ਜਦੋਂ ਇਜ਼ਰਾਈਲ ਨੇ ਅਮਰੀਕਾ ਦੀ ਮਦਦ ਮੰਗੀ ਤਾਂ ਸੋਵੀਅਤ ਯੂਨੀਅਨ ਮਿਸਰ ਅਤੇ ਸੀਰੀਆ ਦੇ ਪੱਖ ਵਿੱਚ ਖੜਾ ਹੋ ਗਿਆ ਅਤੇ ਜੰਗ ਹੋਰ ਤਿੱਖ਼ੀ ਹੋ ਗਈ।
ਕਈ ਦਿਨਾਂ ਤੱਕ ਚੱਲੇ ਇਸ ਸੰਘਰਸ਼ ਤੋਂ ਬਾਅਦ ਇਜ਼ਰਾਈਲ ਨੂੰ ਸਿਨਾਈ ਸੂਬੇ ਤੋਂ ਆਪਣੀ ਫੌਜ ਪੂਰੀ ਤਰ੍ਹਾਂ ਪਿੱਛੇ ਹਟਾਉਣੀ ਪਈ ਸੀ।
ਸ਼ਨੀਵਾਰ ਨੂੰ ਹਮਾਸ ਨੇ ਇਜ਼ਰਾਈਲ ਦੇ ਖ਼ਿਲਾਫ਼ ''''ਅਲ-ਅਕਸਾ ਸਟ੍ਰਾਮ'''' ਮੁਹਿੰਮ ਦੀ ਸ਼ੁਰੂਆਤ ਕੀਤੀ।
ਇੱਕ ਪਾਸੇ ਹਮਾਸ ਨੇ ਇਜ਼ਰਾਈਲ ''''ਤੇ ਹਜ਼ਾਰਾਂ ਰਾਕੇਟ ਦਾਗੇ, ਜਦਕਿ ਦੂਜੇ ਪਾਸੇ ਇਸ ਦੇ ਲੜਾਕੇ ਕਈ ਥਾਵਾਂ ਤੋਂ ਸਰਹੱਦ ਪਾਰ ਕਰਕੇ ਜ਼ਮੀਨੀ ਰਸਤੇ ਰਾਹੀਂ ਇਜ਼ਰਾਈਲ ''''ਚ ਦਾਖਲ ਹੋ ਗਏ।
ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਇਸ ਹਮਲੇ ਕਾਰਨ ਇਜ਼ਰਾਈਲ ਵਿੱਚ 250 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਮਾਸ ਨੇ ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਲਿਆ ਹੈ।
ਗਾਜ਼ਾ ਵਿੱਚ ਅਧਿਕਾਰੀਆਂ ਮੁਤਾਬਕ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿੱਚ ਹੁਣ ਤੱਕ 250 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਸ਼ਨੀਵਾਰ ਸਵੇਰੇ ਅਚਾਨਕ ਹੋਇਆ ਹਮਲਾ
ਹਾਲ ਹੀ ਦੇ ਦਿਨਾਂ ਵਿੱਚ ਗਾਜ਼ਾ ਪੱਟੀ ''''ਤੇ ਤਣਾਅ ਵਧਣਾ ਸ਼ੁਰੂ ਹੋ ਗਿਆ ਸੀ, ਪਰ ਲੋਕਾਂ ਦਾ ਮੰਨਣਾ ਸੀ ਕਿ ਨਾ ਤਾਂ ਫਲਸਤੀਨੀ ਕੱਟੜਪੰਥੀ ਸਮੂਹ ਹਮਾਸ, ਨਾ ਹੀ ਗਾਜ਼ਾ ਦਾ ਪ੍ਰਸ਼ਾਸਨ ਦੇਖ ਰਹੇ ਇਸਲਾਮੀ ਸਮੂਹ ਅਤੇ ਨਾ ਹੀ ਇਜ਼ਰਾਈਲ ਇਸ ਨੂੰ ਵਧਾ ਕਿ ਹਥਿਆਰੀ ਜੰਗ ਦਾ ਰੂਪ ਦੇਣਾ ਚਾਹੁੰਦੇ ਹਨ।
ਪਰ ਹਮਾਸ ਇਸ ਸਬੰਧੀ ਇੱਕ ਬਹੁਤ ਹੀ ਗੁੰਝਲਦਾਰ ਅਤੇ ਯੋਜਨਾਬੱਧ ਮੁਹਿੰਮ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ। ਉਸ ਨੇ ਸ਼ਨੀਵਾਰ ਸਵੇਰੇ ਇਸ ਯੋਜਨਾ ਨੂੰ ਅੰਜਾਮ ਦਿੱਤਾ ਅਤੇ ਇਜ਼ਰਾਈਲ ''''ਤੇ ਰਾਕਟਾਂ ਦੀ ਬਾਰਿਸ਼ ਕੀਤੀ।
ਇਸ ਨੇ ਇਜ਼ਰਾਈਲ ''''ਤੇ 7 ਹਜ਼ਾਰ ਤੋਂ ਵੱਧ ਰਾਕੇਟ ਦਾਗ਼ੇ ਜਾਣ ਦਾ ਦਾਅਵਾ ਕੀਤਾ ਹੈ।
ਕੁਝ ਰਾਕੇਟ ਯੇਰੂਸ਼ਲਮ ਅਤੇ ਤੇਲ ਅਵੀਵ ਤੱਕ ਪਹੁੰਚ ਗਏ। ਦੂਜੇ ਪਾਸੇ ਫ਼ਲਸਤੀਨੀ ਲੜਾਕੇ ਜ਼ਮੀਨ ਅਤੇ ਸਮੁੰਦਰ ਰਾਹੀਂ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ।
ਕਈ ਘੰਟਿਆਂ ਤੱਕ ਇਨ੍ਹਾਂ ਲੜਾਕਿਆਂ ਨੇ ਇਜ਼ਰਾਈਲੀ ਸ਼ਹਿਰਾਂ ਅਤੇ ਫ਼ੌਜ ਦੀਆਂ ਚੌਕੀਆਂ ''''ਤੇ ਕਬਜ਼ਾ ਕਰ ਲਿਆ।
ਉਨ੍ਹਾਂ ਨੇ ਇਜ਼ਰਾਈਲ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਮਾਰ ਮੁਕਾਇਆ ਅਤੇ ਬਹੁਤ ਸਾਰੇ ਆਮ ਇਜ਼ਰਾਈਲੀਆਂ ਅਤੇ ਫੌਜੀਆਂ ਨੂੰ ਬੰਧਕ ਬਣਾ ਲਿਆ ਅਤੇ ਗਾਜ਼ਾ ਆਪਣੇ ਨਾਲ ਲੈ ਗਏ।
ਸ਼ਨੀਵਾਰ ਨੂੰ ਦਿਨ ਭਰ ਹਮਾਸ ਦੇ ਹਮਲੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ''''ਤੇ ਘੁੰਮਦੇ ਰਹੇ ਅਤੇ ਮੁੱਖ ਧਾਰਾ ਮੀਡੀਆ ’ਤੇ ਇਸ ਖਬਰ ਨੂੰ ਲਾਈਵ ਕਵਰ ਕੀਤਾ ਜਾ ਰਿਹਾ ਸੀ।
ਹਜ਼ਾਰਾਂ ਇਜ਼ਰਾਈਲੀ ਨਾਗਰਿਕ ਜੋ ਰਾਤ ਨੂੰ ਗਾਜ਼ਾ ਨਾਲ ਲੱਗਦੀ ਸਰਹੱਦ ਨੇੜੇ ਇੱਕ ਪਾਰਟੀ ਲਈ ਇਕੱਠੇ ਹੋਏ ਸਨ, ਉਸ ਵੇਲੇ ਹੈਰਾਨ ਰਹਿ ਗਏ ਜਦੋਂ ਅਚਾਨਕ ਹਮਲੇ ਹੇਠ ਆ ਗਏ।
ਸੋਸ਼ਲ ਮੀਡੀਆ ''''ਤੇ ਪੋਸਟ ਕੀਤੀ ਗਈ ਵੀਡੀਓ ''''ਚ ਦੇਖਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਖੁੱਲ੍ਹੇ ਮੈਦਾਨ ''''ਚ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਹਨ।
ਗਿਲੀ ਯੋਸਕੋਵਿਚ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹਥਿਆਰਬੰਦ ਲੜਾਕਿਆਂ ਤੋਂ ਆਪਣੀ ਜਾਨ ਬਚਾਉਣ ਲਈ ਦਰੱਖਤਾਂ ਦੇ ਪਿੱਛੇ ਲੁਕ ਗਈ ਸੀ ਅਤੇ ਉਸ ਦੇ ਸਾਥੀ ਉਨ੍ਹਾਂ ਨੂੰ ਲੱਭ ਰਹੇ ਸਨ।
ਉਨ੍ਹਾਂ ਨੇ ਕਿਹਾ, "ਉਹ ਇੱਕ ਦਰੱਖਤ ਤੋਂ ਦੂਜੇ ਦਰੱਖਤ ਵੱਲ ਜਾ ਰਹੇ ਸਨ ਅਤੇ ਗੋਲੀਆਂ ਚਲਾ ਰਹੇ ਸਨ। ਉਹ ਦੋਵੇਂ ਪਾਸਿਓਂ ਗੋਲੀਆਂ ਚਲਾ ਰਹੇ ਸਨ। ਮੈਂ ਹਰ ਪਾਸੇ ਲਾਸ਼ਾਂ ਪਈਆਂ ਦੇਖੀਆਂ।"
"ਮੈਂ ਆਪਣੇ ਆਪ ਨੂੰ ਕਿਹਾ ''''ਕੋਈ ਗੱਲ ਨਹੀਂ, ਮੈਂ ਮਰਨ ਵਾਲੀ ਹਾਂ। ਬੱਸ ਸਾਹ ਲਓ ਅਤੇ ਆਪਣੀਆਂ ਅੱਖਾਂ ਬੰਦ ਕਰੋ।''''
"ਉਹ ਹਰ ਪਾਸੇ ਗੋਲੀਆਂ ਚਲਾ ਰਹੇ ਸਨ। ਉਹ ਮੇਰੇ ਬਹੁਤ ਨੇੜੇ ਸਨ।"
ਇਜ਼ਰਾਈਲ ਦੇ ਹਾਯੋਮ ਅਖ਼ਬਾਰ ਨੇ ਕਿਬੁਤਜ਼ ਬੇਰੀ ਵਿੱਚ ਰਹਿਣ ਵਾਲੀ ਇੱਕ ਔਰਤ ਏਲਾ ਨਾਲ ਗੱਲ ਕੀਤੀ।
ਏਲਾ ਦਾ ਕਹਿਣਾ ਹੈ ਕਿ ਜਦੋਂ ਰਾਕੇਟ ਹਮਲੇ ਦਾ ਸਾਇਰਨ ਵੱਜਿਆ ਤਾਂ ਉਸ ਦੇ ਪਿਤਾ ਨੇ ਸੁਰੱਖਿਅਤ ਥਾਂ ''''ਤੇ ਪਨਾਹ ਲਈ ਸੀ।
ਉਹ ਕਹਿੰਦੇ ਹਨ, "ਉਨ੍ਹਾਂ ਨੇ ਮੈਨੂੰ ਸੁਨੇਹਾ ਭੇਜਿਆ ਕਿ ਅੱਤਵਾਦੀ ਪਨਾਹਗਾਹ ਵਿੱਚ ਦਾਖਲ ਹੋ ਗਏ ਹਨ। ਮੈਂ ਟੈਲੀਗ੍ਰਾਮ ''''ਤੇ ਉਨ੍ਹਾਂ ਦੀਆਂ ਤਸਵੀਰਾਂ ਦੇਖੀਆਂ, ਜੋ ਗਾਜ਼ਾ ਦੇ ਅੰਦਰ ਲਈਆਂ ਗਈਆਂ ਸਨ। ਮੈਂ ਅਜੇ ਵੀ ਗੋਲੀਬਾਰੀ ਦੀ ਆਵਾਜ਼ ਸੁਣ ਰਹੀ ਸੀ।"
ਗਾਜ਼ਾ ਵਿੱਚ ਸ਼ੁਰੂਆਤੀ ਪ੍ਰਤੀਕਿਰਿਆ ਕੀ ਸੀ?
ਬਹੁਤ ਸਾਰੇ ਇਜ਼ਰਾਈਲੀਆਂ ਨੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਇਜ਼ਰਾਈਲ ਰੱਖਿਆ ਬਲਾਂ ਨੇ ਘਟਨਾ ''''ਤੇ ਓਨੀ ਜਲਦੀ ਪ੍ਰਤੀਕਿਰਿਆ ਨਹੀਂ ਦਿੱਤੀ, ਜਿੰਨੀ ਉਮੀਦ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੀ ਮਦਦ ਲਈ ਜਲਦੀ ਨਹੀਂ ਆਏ।
ਇਸ ਦੌਰਾਨ ਹਮਾਸ ਦੇ ਚੈਨਲ ''''ਤੇ ਪੋਸਟ ਕੀਤੀ ਜਾ ਰਹੀ ਫੁਟੇਜ ''''ਚ ਦੇਖਿਆ ਜਾ ਸਕਦਾ ਹੈ ਕਿ ਫਲਸਤੀਨੀ ਲੜਾਕਿਆਂ ਨੇ ਇਜ਼ਰਾਈਲੀ ਫ਼ੌਜ ਦੀਆਂ ਚੌਕੀਆਂ ਅਤੇ ਟੈਂਕਾਂ ''''ਤੇ ਕਬਜ਼ਾ ਕਰ ਲਿਆ ਹੈ ਅਤੇ ਉਹ ਇਜ਼ਰਾਈਲੀ ਫ਼ੌਜੀਆਂ ਨੂੰ ਮਾਰ ਰਹੇ ਹਨ।
ਗਾਜ਼ਾ ਤੋਂ ਪ੍ਰਾਪਤ ਸ਼ੁਰੂਆਤੀ ਤਸਵੀਰਾਂ ਵਿੱਚ ਹਮਲੇ ਤੋਂ ਬਾਅਦ ਲੋਕ ਜਸ਼ਨ ਮਨਾ ਰਹੇ ਹਨ, ਫਲਸਤੀਨੀ ਲੜਾਕੇ ਇਜ਼ਰਾਈਲੀ ਫ਼ੌਜ ਦੇ ਵਾਹਨਾਂ ਨੂੰ ਲੁੱਟ ਰਹੇ ਹਨ ਅਤੇ ਉਨ੍ਹਾਂ ਵਿੱਚ ਘੁੰਮ ਰਹੇ ਹਨ।
ਗਾਜ਼ਾ ਸ਼ਹਿਰ ਦੇ ਇੱਕ ਨੌਜਵਾਨ ਨੇ ਬੀਬੀਸੀ ਨੂੰ ਦੱਸਿਆ, "ਹਮਾਸ ਨੇ ਜੋ ਕੀਤਾ, ਉਸ ਤੋਂ ਮੈਂ ਖੁਸ਼ ਹਾਂ। ਹਮਾਸ ਨੇ ਅਲ-ਅਕਸਾ ਵਿੱਚ ਇਜ਼ਰਾਈਲ ਨੇ ਜੋ ਕੀਤਾ ਹੈ, ਉਸ ਦਾ ਬਦਲਾ ਲਿਆ ਹੈ।"
ਇਹ ਨੌਜਵਾਨ ਇਜ਼ਰਾਈਲ ਦੇ ਕਬਜ਼ੇ ਵਾਲੇ ਪੂਰਬੀ ਯੇਰੂਸ਼ਲਮ ਦੇ ਨਾਲ ਲੱਗਦੀ ਅਲ-ਅਕਸਾ ਮਸਜਿਦ ਕੰਪਲੈਕਸ ਦਾ ਹਵਾਲਾ ਦੇ ਰਹੇ ਹਨ, ਜਿੱਥੇ ਹਾਲ ਹੀ ਵਿੱਚ ਯਹੂਦੀ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ।
ਅਲ-ਅਕਸਾ ਮਸਜਿਦ ਨੂੰ ਇਸਲਾਮ ਵਿੱਚ ਤੀਜਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ, ਜਦੋਂ ਕਿ ਯਹੂਦੀ ਵੀ ਇਸਨੂੰ ਆਪਣਾ ਸਭ ਤੋਂ ਪਵਿੱਤਰ ਸਥਾਨ ਮੰਨਦੇ ਹਨ, ਉਹ ਇਸਨੂੰ ਟੈਂਪਲ ਮਾਉਂਟ ਕਹਿੰਦੇ ਹਨ।
ਗਾਜ਼ਾ ''''ਚ ਪ੍ਰਸ਼ਾਸਨ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਇਜ਼ਰਾਈਲ ਨੇੜਲੇ ਇਲਾਕਿਆਂ ''''ਤੇ ਹਮਲਾ ਕਰ ਸਕਦਾ ਹੈ ਪਰ ਇਹ ਨੌਜਵਾਨ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ।
ਉਹ ਕਹਿੰਦਾ ਹੈ, "ਅਸੀਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਾਂ। 2021 ਵਿੱਚ ਇਜ਼ਰਾਈਲ ਵਿੱਚ ਸ਼ੌਰੋਕ ਟਾਵਰ ਉੱਤੇ ਹਮਲਾ ਹੋਇਆ ਸੀ, ਉਸ ਸਮੇਂ ਮੇਰੇ ਪਰਿਵਾਰ ਦੀ ਦੁਕਾਨ ਤਬਾਹ ਹੋ ਗਈ ਸੀ।”
“ਇਸ ਵਾਰ ਹਮਾਸ ਦਾ ਹਮਲਾ ਪਹਿਲਾਂ ਦੇ ਮੁਕਾਬਲੇ ਵੱਡੀ ਕਾਰਵਾਈ ਹੈ, ਇਸ ਲਈ ਅਸੀਂ ਇਜ਼ਰਾਈਲ ਤੋਂ ਉਸੇ ਤਰ੍ਹਾਂ ਦੀ ਵੱਡੀ ਜਵਾਬੀ ਕਾਰਵਾਈ ਦੀ ਉਮੀਦ ਕਰ ਸਕਦੇ ਹਾਂ।"
ਇਜ਼ਰਾਈਲੀ ਹਵਾਈ ਹਮਲਿਆਂ ਨੇ ਫ਼ਲਸਤੀਨੀ ਇਲਾਕਿਆਂ ''''ਚ ਭਾਰੀ ਨੁਕਸਾਨ ਕੀਤਾ ਹੈ।
ਇਨ੍ਹਾਂ ਹਮਲਿਆਂ ਦਾ ਨਤੀਜਾ ਇਹ ਨਿਕਲਿਆ ਹੈ ਕਿ ਫ਼ਲਸਤੀਨ ਦੇ ਹਸਪਤਾਲਾਂ ਵਿੱਚ ਜ਼ਖਮੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।
ਤਕਰਬੀਨ 23 ਲੱਖ ਫਲਸਤੀਨੀ ਨਾਗਰਿਕਾਂ ਦੀ ਰਿਹਾਇਸ਼ ਦਾ ਟਿਕਾਣਾ ਬਣੀ ਗਾਜ਼ਾ ਪੱਟੀ ’ਤੇ ਹਮਾਸ ਨੇ ਸਾਲ 2007 ਵਿੱਚ ਕਬਜ਼ਾ ਕਰ ਲਿਆ ਸੀ। ਇਸ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਇੱਥੇ ਸੰਸਦੀ ਚੋਣਾਂ ਵਿੱਚ ਜਿੱਤ ਹਾਸਿਲ ਕਰ ਲਈ ਸੀ।
ਇਸ ਸਮੇਂ ਇਜ਼ਰਾਈਲ ਅਤੇ ਮਿਸਰ ਨੇ ਇਸ ਖੇਤਰ ਨਾਲ ਲੱਗਦੀ ਸਰਹੱਦ ''''ਤੇ ਨਾਕਾਬੰਦੀ ਸਖ਼ਤ ਕਰ ਦਿੱਤੀ ਸੀ। ਇਸ ਇਲਾਕੇ ਵਿੱਚ ਬੇਰੁਜ਼ਗਾਰੀ ਦੀ ਦਰ 50 ਫ਼ੀਸਦੀ ਦੇ ਕਰੀਬ ਹੈ।
2021 ਵਿੱਚ, ਇਜ਼ਰਾਈਲ ਅਤੇ ਹਮਾਸ ਵਿਚਕਾਰ ਤਣਾਅ ਵਧ ਗਿਆ, ਜਿਸ ਤੋਂ ਬਾਅਦ ਮਿਸਰ, ਕਤਰ ਅਤੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਦੋਵਾਂ ਵਿਚਕਾਰ ਸਮਝੌਤਾ ਹੋਇਆ। ਦੋਵੇਂ ਇਸ ਗੱਲ ''''ਤੇ ਸਹਿਮਤ ਹੋਏ ਕਿ ਗਾਜ਼ਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਜ਼ਰਾਈਲ ਵਿੱਚ ਕੰਮ ਕਰਨ ਲਈ ਪਰਮਿਟ ਮਿਲਣਗੇ ਅਤੇ ਕੁਝ ਪਾਬੰਦੀਆਂ ਹਟਾਈਆਂ ਜਾਣਗੀਆਂ, ਬਦਲੇ ਵਿਚ ਹਮਾਸ ਨੂੰ ਸਰਹੱਦ ''''ਤੇ ਸ਼ਾਂਤੀ ਬਣਾਈ ਰੱਖਣੀ ਪਵੇਗੀ।
ਅੱਗੇ ਕੀ ਹੋਵੇਗਾ?
ਪਿਛਲੇ ਮਹੀਨੇ ਜਦੋਂ ਪੰਜ ਸਾਲ ਪਹਿਲਾਂ ਵਾਂਗ ਸੈਂਕੜੇ ਫਲਸਤੀਨੀ ਸਰਹੱਦੀ ਵਾੜ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਹਮਾਸ ਇਸ ਲਈ ਸਹਿਮਤ ਹੋਵੇਗਾ।
ਮੰਨਿਆ ਜਾ ਰਿਹਾ ਸੀ ਕਿ ਅਜਿਹਾ ਕਰਕੇ ਹਮਾਸ ਇਜ਼ਰਾਈਲ ਤੋਂ ਹੋਰ ਰਿਆਇਤਾਂ ਚਾਹੁੰਦਾ ਸੀ ਅਤੇ ਚਾਹੁੰਦਾ ਸੀ ਕਿ ਕਤਰ ਵੀ ਆਪਣੀ ਸਹਾਇਤਾ ਰਾਸ਼ੀ ਵਿੱਚ ਵਾਧਾ ਕਰੇ।
ਪਰ ਇਹ ਛੋਟੀਆਂ ਰੈਲੀਆਂ ਹੁਣ ਖ਼ਤਰੇ ਦੀ ਘੰਟੀ ਵਾਂਗ ਜਾਪਦੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵਾੜ ਦਾ ਸਰਵੇਖਣ ਤਾਂ ਨਹੀਂ ਸੀ ਕਿ ਪਤਾ ਲਗਾਇਆ ਜਾ ਸਕੇ ਕਿ ਵਾੜ ਦੀ ਉਲੰਘਣਾ ਕਿੱਥੋਂ ਸੰਭਵ ਹੋ ਸਕਦੀ ਹੈ।
ਅਜਿਹਾ ਲੱਗਦਾ ਹੈ ਕਿ ਆਪਣੀ ਤਾਜ਼ਾ ਮੁਹਿੰਮ ਨਾਲ ਹਮਾਸ ਇੱਕ ਵਾਰ ਫਿਰ ਤੋਂ ਆਪਣਾ ਅਕਸ ਸਾਫ਼ ਕਰਨਾ ਚਾਹੁੰਦਾ ਹੈ ਕਿ ਇਹ ਬਾਗ਼ੀ ਸਮੂਹ ਹੈ ਅਤੇ ਇਸ ਦਾ ਮੁੱਖ ਮਕਸਦ ਇਜ਼ਰਾਈਲ ਨੂੰ ਖ਼ਤਮ ਕਰਨਾ ਹੈ।
ਸ਼ਨੀਵਾਰ ਨੂੰ ਅਲ-ਅਕਸਾ ਸਟ੍ਰਾਮ ਮੁਹਿੰਮ ਦੀ ਸ਼ੁਰੂਆਤ ਵਿੱਚ, ਹਮਾਸ ਦੇ ਫੌਜੀ ਕਮਾਂਡਰ ਮੁਹੰਮਦ ਦਾਇਫ਼ ਨੇ ਫ਼ਲਸਤੀਨੀਆਂ ਅਤੇ ਹੋਰ ਅਰਬ ਭਾਈਚਾਰਿਆਂ ਨੂੰ ਕਿਹਾ ਕਿ ਉਹ ਇਸਰਾਈਲੀ ਕਬਜ਼ੇ ਨੂੰ ਹਟਾਉਣ ਲਈ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਪਰ ਇੱਕ ਵੱਡਾ ਸਵਾਲ ਇਹ ਹੈ ਕਿ ਕੀ ਪੂਰਬੀ ਕੰਢੇ ਦੇ ਕਬਜ਼ੇ ਵਾਲੇ ਇਲਾਕੇ, ਪੂਰਬੀ ਯੇਰੂਸ਼ਲਮ ਜਾਂ ਫ਼ਿਰ ਕਿਸੇ ਹੋਰ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਰਹਿ ਰਹੇ ਫਲਸਤੀਨੀ ਹਮਾਸ ਦੀ ਇਸ ਅਪੀਲ ਨੂੰ ਸੁਣਨਗੇ ਜਾਂ ਨਹੀਂ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਇਸ ਘਟਨਾ ਵਿਚ ਕਈ ਮੋਰਚਿਆਂ ''''ਤੇ ਲੜੇ ਜਾ ਸਕਣ ਵਾਲੀ ਜੰਗ ਦੀ ਸੰਭਾਵਨਾ ਨੂੰ ਦੇਖਦਾ ਹੈ।
ਇਹ ਵੀ ਸੰਭਾਵਨਾ ਹੈ ਕਿ ਲਿਬਨਾਨ ਦਾ ਸ਼ਕਤੀਸ਼ਾਲੀ ਕੱਟੜਪੰਥੀ ਸਮੂਹ ਹਿਜ਼ਬੁੱਲਾ ਤਣਾਅ ਵਿੱਚ ਆ ਸਕਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ।
ਐਤਵਾਰ ਨੂੰ ਇਜ਼ਰਾਈਲ ਨੇ ਕਿਹਾ ਕਿ ਹਿਜ਼ਬੁੱਲਾ ਨੂੰ ਹਮਾਸ ਨਾਲ ਲੜਾਈ ਦੌਰਾਨ ਦਖ਼ਲ ਨਹੀਂ ਦੇਣਾ ਚਾਹੀਦਾ। ਹਿਜ਼ਬੁੱਲਾ ਇੱਕ ਸ਼ੀਆ ਇਸਲਾਮੀ ਸਿਆਸੀ, ਫ਼ੌਜੀ ਅਤੇ ਸਮਾਜਿਕ ਸੰਗਠਨ ਹੈ।
ਲੇਬਨਾਨ ''''ਤੇ ਇਸ ਦਾ ਕਾਫੀ ਪ੍ਰਭਾਵ ਹੈ ਅਤੇ ਹਮਾਸ ਵਾਂਗ ਇਸ ਨੂੰ ਈਰਾਨ ਦਾ ਸਮਰਥਨ ਵੀ ਹਾਸਲ ਹੈ।
ਇਸ ਦੌਰਾਨ ਇਜ਼ਰਾਈਲ ਨੇ ਵੱਡੇ ਪੱਧਰ ''''ਤੇ ਫੌਜ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।
ਇਜ਼ਰਾਈਲ ਨੇ ਗਾਜ਼ਾ ''''ਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਸੰਕੇਤ ਦਿੱਤਾ ਹੈ ਕਿ ਉਹ ਉੱਥੇ ਜ਼ਮੀਨੀ ਪੱਧਰ ਦੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ।
ਪਰ ਹਮਾਸ ਨੇ ਹਮਲੇ ਦੌਰਾਨ ਵੱਡੀ ਗਿਣਤੀ ਵਿੱਚ ਇਜ਼ਰਾਈਲੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ, ਜਿਨ੍ਹਾਂ ਨੂੰ ਉਹ ਮਨੁੱਖੀ ਢਾਲ ਵਜੋਂ ਜਾਂ ਸੌਦੇਬਾਜ਼ੀ ਲਈ ਵਰਤ ਸਕਦੇ ਹਨ।
ਇਹ ਸਮੱਸਿਆ ਖ਼ੁਦ-ਬਖ਼ੁਦ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਰਹੀ ਹੈ।
ਇਜ਼ਰਾਈਲ ਡਿਫੈਂਸ ਫੋਰਸਿਜ਼ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਰੀ ਨੇ ਕਿਹਾ, "ਅਸੀਂ ਇਸ ਸਮੇਂ ਇਲਾਕੇ ''''ਤੇ ਮੁੜ ਤੋਂ ਕਾਬੂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
“ਅਸੀਂ ਵਿਆਪਕ ਪੱਧਰ ''''ਤੇ ਹਮਲਾ ਕਰ ਰਹੇ ਹਾਂ ਅਤੇ ਖ਼ਾਸ ਤੌਰ ''''ਤੇ ਗਾਜ਼ਾ ਪੱਟੀ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਕੰਟਰੋਲ ਕਰਨ ਵਿੱਚ ਰੁੱਝੇ ਹੋਏ ਹਾਂ। ਅਸੀਂ ਇਸਦੀ ਗੰਭੀਰਤਾ ਨਾਲ ਸਮੀਖਿਆ ਕਰਾਂਗੇ।"
ਇਸ ਘਟਨਾ ਦੀ ਪੂਰੀ ਸਮੀਖਿਆ ਹੋਣ ਵਿੱਚ ਹਾਲੇ ਕੁਝ ਸਮਾਂ ਲੱਗ ਸਕਦਾ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਦੀਆਂ ਖੁਫ਼ੀਆ ਏਜੰਸੀਆਂ ਅਤੇ ਸੁਰੱਖਿਆ ਸੰਸਥਾਵਾਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਰਹੀਆਂ ਹੋਣਗੀਆਂ ਕਿ ਹਮਾਸ ਨੇ ਬਿਨ੍ਹਾਂ ਕਿਸੇ ਨੋਟਿਸ ਦੇ ਇੰਨੀ ਵੱਡੀ ਕਾਰਵਾਈ ਨੂੰ ਕਿਵੇਂ ਅੰਜਾਮ ਦਿੱਤਾ ਅਤੇ ਉਹ ਇੰਨੀ ਵੱਡੀ ਤਬਾਹੀ ਨੂੰ ਰੋਕਣ ਵਿੱਚ ਅਸਫਲ ਕਿਉਂ ਰਹੀ?
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)