ਗੈਂਗਸਟਰਾਂ ਦਾ ਗੜ੍ਹ ਬਣੀ ਜੇਲ੍ਹ, ਜਿਸ ਵਿੱਚ ਸਵੀਮਿੰਗ ਪੂਲ, ਨਾਈਟ ਕਲੱਬ ਵਰਗੀਆਂ ਅੱਯਾਸ਼ੀ ਦੀਆਂ ਹਰ ਸਹੂਲਤਾਂ ਸਨ

Sunday, Oct 08, 2023 - 06:32 PM (IST)

ਗੈਂਗਸਟਰਾਂ ਦਾ ਗੜ੍ਹ ਬਣੀ ਜੇਲ੍ਹ, ਜਿਸ ਵਿੱਚ ਸਵੀਮਿੰਗ ਪੂਲ, ਨਾਈਟ ਕਲੱਬ ਵਰਗੀਆਂ ਅੱਯਾਸ਼ੀ ਦੀਆਂ ਹਰ ਸਹੂਲਤਾਂ ਸਨ
ਵੈਨੇਜ਼ੁਏਲਾ ਜੇਲ੍ਹ  ਦਾ ਦ੍ਰਿਸ਼
GLENN REQUENA
ਸ਼ੁਰੂਆਤ ਵਿੱਚ ਇਸ ਜੇਲ੍ਹ ਵਿੱਚ 750 ਕੈਦੀਆਂ ਨੂੰ ਰੱਖਣ ਦੀ ਥਾਂ ਸੀ, ਪਰ ਇੱਥੇ 7000 ਤੋਂ ਵੱਧ ਕੈਦੀ ਰੱਖੇ ਗਏ

ਵੈਨੇਜ਼ੁਏਲਾ ਅਤੇ ਲਾਤੀਨੀ ਅਮਰੀਕਾ ਦੇ ਸਭ ਤੋਂ ਖ਼ਤਰਨਾਕ ਅਪਰਾਧਿਕ ਗਿਰੋਹ ਦਾ ਗੜ੍ਹ ਇੱਕ ਜੇਲ੍ਹ ਵਿੱਚ ਸੀ, ਜੋ ਕਿ ਹੈਰਾਨੀਜਨਕ ਲਗਜ਼ਰੀ ਸੁਵਿਧਾਵਾਂ ਨਾਲ ਲੈੱਸ ਸੀ।

ਇਸ ਗਿਰੋਹ ਦਾ ਨਾਂਅ ‘ਟ੍ਰੇਨ ਡੇ ਅਰਾਗੁਆ’ ਸੀ। ਇਸ ਦਾ ਕੇਂਦਰ ਟੋਕੋਰੋਨ ਨਾਂਅ ਦੀ ਇੱਕ ਜੇਲ੍ਹ ਵਿੱਚ ਸੀ। ਇਸ ਜੇਲ੍ਹ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਡੂਰੋ ਦੀ ਸਰਕਾਰ ਦੇ ਹੁਕਮਾਂ ਤਹਿਤ ਢਾਹ ਦਿੱਤਾ ਗਿਆ।

ਇਸਦਾ ਅਸਰ ਜੇਲ੍ਹ ਦੇ ਆਲੇ-ਦੁਆਲੇ ਦੇਖਿਆ ਜਾ ਸਕਦਾ ਹੈ।ਇੱਥੇ ਤੁਹਾਨੂੰ ਹੁਣ ਜੇਲ੍ਹ ਵਿੱਚ ਕੈਦ ਆਪਣੇ ਰਿਸ਼ਤੇਦਾਰਾਂ ਲਈ ਖਾਣਾ ਅਤੇ ਕੱਪੜਿਆਂ ਦੇ ਬੈਗ ਫੜੀ ਖੜ੍ਹੀਆਂ ਔਰਤਾਂ ਨਹੀਂ ਦਿਖਦੀਆਂ।

ਨਾਂ ਹੀ ਆਪਣੀਆਂ ਮਾਵਾਂ ਕੋਲ ਪੂਲ ਵੱਲ ਜਾਣ ਲਈ ਜ਼ਿੱਦ ਕਰਦੇ ਬੱਚੇ ਨਜ਼ਰ ਆਉਂਦੇ ਹਨ।

ਅਰਾਗੁਆ ਸੂਬੇ ਦੇ ਟੋਕੋਰੋਨ ਸ਼ਹਿਰ ਵਿਚ ਬੀਅਰ ਅਤੇ ਹੋਰ ਚੀਜ਼ਾਂ ਦਾ ਵਪਾਰ ਬਿਲਕੁਲ ਠੱਪ ਹੋ ਗਿਆ ਹੈ।

ਜੇਲ੍ਹ ਦੇ ਬਾਹਰ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਜਿੱਥੇ ਵੀ ਸੁੰਨਸਾਨ ਹਨ, ਇੱਥੇ ਜੇਲ੍ਹ ਵਿੱਚ ਆਉਣ ਵਾਲੇ ਲੋਕਾਂ ਦੇ ਫੋਨ ਜਮ੍ਹਾ ਕਰਨ ਲਈ 1 ਡਾਲਰ ਲਿਆ ਜਾਂਦਾ ਸੀ।

ਇਸੇ ਦੌਰਾਨ ਜੇਲ੍ਹ ਦੇ ਅੰਦਰ ਬਣੀਆਂ ਇਮਾਰਤਾਂ ਢਾਹੁਣ ਦਾ ਕੰਮ ਜਾਰੀ ਹੈ।

ਵੈਨੇਜ਼ੁਏਲਾ ਜੇਲ੍ਹ
Getty Images
ਇਹ ਜੇਲ੍ਹ ਖ਼ਤਰਨਾਕ ਅਪਰਾਧਕ ਗਿਰੋਹ ‘ਟ੍ਰੇਨ ਡੇ ਅਰਾਗੁਆ’ ਦਾ ਗੜ੍ਹ ਹੈ

ਮੈਨੂੰ ਇਸ ਗੱਲ ਦਾ ਯਕੀਨ ਨਹੀਂ ਹੋਇਆ ਜਦੋਂ ਸਰਕਾਰ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਨੇ ਟੋਕੋਰਨ ਦੀ ਇਸ ਜੇਲ੍ਹ ਉੱਤੇ ਫੇਰ ਆਪਣਾ ਕਬਜ਼ਾ ਮੁੜ ਸਥਾਪਿਤ ਕਰ ਲਿਆ ਹੈ।

ਮੈਂ ਇੱਕ ਸਾਲ ਤੋਂ ਘੱਟ ਸਮਾਂ ਪਹਿਲਾਂ ਇੱਥੇ ਆਈ ਸੀ, ਉਸ ਵੇਲੇ ਮੈਂ ਇਸ ਸੰਗਠਿਤ ਅਪਰਾਧਿਕ ਸਮੂਹ ਬਾਰੇ ਕਿਤਾਬ ਲਿਖ ਰਹੀ ਸੀ।ਮੈਂ ਜਾਣਨਾ ਚਾਹੁੰਦੀ ਸੀ ਕਿ ਇਹ ਸੰਗਠਨ ਜਿਸਦੀ ਤਾਕਤ ਸਾਰੇ ਮਹਾਦੀਪ ਵਿੱਚ ਫੈਲੀ ਹੋਈ ਹੈ, ਉਸਦਾ ਗੜ੍ਹ ਕਿਹੋ ਜਿਹਾ ਲੱਗਦਾ ਹੈ।

ਜਦੋਂ ਮੈਂ ਇੱਥੇ ਗਿਰੋਹ ਦੇ ਆਗੂ ਨੀਨੋ ਗੁਏਰੇਰੋ ਦੇ ਘਰ ਗਈ ਤਾਂ ਮੈਂ ਜੋ ਵੇਖਿਆ ਉਹ ਬਹੁਤ ਹੈਰਾਨੀ ਭਰਿਆ ਸੀ। ਇਹ ਆਗੂ ਹੁਣ ਲਾਤੀਨੀ ਅਮਰੀਕਾ ਦਾ ਸਭ ਤੋਂ ਲੋੜੀਂਦਾ ਅਪਰਾਧੀ ਹੈ।

‘ਕੀ ਤੁਸੀਂ ਘੁੰਮਣਾ ਚਾਹੁੰਦੇ ਹੋ?’

ਟੋਕੋਰੋਨ ਨਾਂਅ ਨਾਲ ਜਾਣੀ ਜਾਂਦੀ ਇਸ ਜੇਲ੍ਹ ਨੂੰ ਕੈਦੀ ‘ਦ ਬਿੱਗ ਹਾਊਸ’ ਕਹਿ ਕੇ ਬੁਲਾਉਂਦੇ ਹਨ, ਜੇਲ੍ਹ ਦਾ ਪੂਰਾ ਨਾਂਅ ‘ਅਰਾਗੁਆ ਪੇਨੀਟੇਨਸ਼ੀਅਰੀ ਕੇਂਦਰ’ ਹੈ।

ਉਸ ਐਤਵਾਰ ਨੂੰ ਜਦੋਂ ਮੈਂ ਇਸ ਜੇਲ੍ਹ ਵਿੱਚ ਆਈ ਤਾਂ ਮੈਨੂੰ ਜੂਲੀਓ ਨਾਂਅ ਦਾ ਕੈਦੀ ਮਿਲਿਆ, ਜਿਸਨੇ ਮੈਨੂੰ ਇੱਥੇ ਮੌਜੂਦਾ ਸਹੂਲਤਾਂ ਬਾਰੇ ਦੱਸਿਆ।ਉਸ ਨੇ ਮੈਨੂੰ ਪੁੱਛਿਆ, ਕੀ ਤੁਸੀਂ ਇੱਥੇ ਪਹਿਲੀ ਵਾਰੀ ਆਏ ਹੋ?

ਵੈਨੇਜ਼ੁਏਲਾ ਜੇਲ੍ਹ ਦਾ ਦ੍ਰਿਸ਼
Reuters
ਇਹ ਜੇਲ੍ਹ ਐਚਬੀਓ ਦੀ ਵੈਸਟ ਵਰਲਡ ਸੀਰੀਜ਼ ਜਿਹੀ ਸੀ

ਇਹ ਜੇਲ੍ਹ 1983 ਵਿੱਚ ਟੋਕੋਰੋਨ ਨਾਂ ਦੇ ਸ਼ਹਿਰ ਵਿੱਚ ਬਣਾਈ ਗਈ ਸੀ, ਇਹ ਵੈਨੇਜ਼ੂਏਲਾ ਦੀ ਰਾਜਧਾਨੀ ਕਾਰਾਕਸ ਤੋਂ ਦੱਖਣ ਪੱਛਮ ਵਾਲੇ ਪਾਸੇ 140 ਕਿਲੋਮੀਟਰ ਦੂਰ ਹੈ।

2.25 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਬਣੀ ਇਸ ਜੇਲ੍ਹ ਵਿੱਚ 750 ਕੈਦੀਆਂ ਨੂੰ ਰੱਖਣ ਦੀ ਥਾਂ ਹੈ, ਪਰ ਇੱਥੇ 2015 ਤੋਂ 2018 ਦੇ ਸਮੇਂ ਵਿੱਚ 7000 ਕੈਦੀਆਂ ਨੂੰ ਰੱਖਿਆ ਗਿਆ ਸੀ।ਇਸੇ ਸਮੇਂ ਦੌਰਾਨ ਇਸ ਗਿਰੋਹ ਦੀ ਤਾਕਤ ਹੋਰ ਵਧੀ।

ਜੂਲੀਓ ਨੇ ਕਿਹਾ, “ਕੀ ਤੁਸੀਂ ਘੁੰਮਣਾ ਚਾਹੁੰਦੇ ਹੋ?” ਜਿਵੇਂ ਕਿ ਜੇਲ੍ਹ ਵਿੱਚਲੀਆਂ ਸਹੁਲਤਾਂ ਨੂੰ ਵੇਖਣਾ ਬਹੁਤ ਜ਼ਰੂਰੀ ਗੱਲ ਹੋਵੇ।ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਮੈਂ ਅੱਗੇ ਕੀ ਦੇੇਖਣ ਵਾਲੀ ਸੀ।

ਜੋ ਮੈਂ ਅੱਗੇ ਦੇਖਿਆ ਮੈਨੂੰ ਉਸ ਉੱਤੇ ਬਿਲਕੁਲ ਯਕੀਨ ਨਹੀਂ ਹੋਇਆ।ਟੋਕੋਰੋਨ ਕੋਈ ਆਮ ਜੇਲ੍ਹ ਨਹੀਂ ਸੀ, ਇਹ ਇੱਕ ‘ਥੀਮ ਪਾਰਕ’ ਸੀ।ਜਿਹੋ ਜਿਹੀ ਐਚਬੀਓ ਦੀ ਸੀਰੀਜ਼ ਵੈਸਟਵਰਲਡ ਵਿੱਚ ਸੀ।

ਸਵਿਮਿੰਗ ਪੂਲ, ਚਿੜੀਆਘਰ, ਖੇਡ ਮੈਦਾਨ, ਟੀਨ ਦੀ ਛੱਤ ਵਾਲੇ ਨਿੱਕੇ ਘਰ, ਰੈਸਚੁਰੈਂਟ, ਬੇਸਬਾਲ ਸਟੇਡੀਅਮ, ਕੁੱਕੜਾਂ ਦੇ ਖੇਡ ਲਈ ਥਾਂ, ਡ੍ਰਗ ਸਟੋਰ, ਮੋਟਰਸਾਈਕਲ, ਅਤੇ ਹਥਿਆਰ, ਇਸ ਜੇਲ੍ਹ ਨੂੰ ਢਾਹੇ ਜਾਣ ਤੋਂ ਬਾਅਦ ਜਿਹੜੀਆਂ ਵੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਘੁੰਮ ਰਹੀਆਂ ਸਨ ਸਭ ਅਸਲੀ ਹਨ।

ਵੈਨੇਜ਼ੁਏਲਾ ਜੇਲ੍ਹ ਦਾ ਸਵੀਮਿੰਗ ਪੂਲ
GLENN REQUENA
ਇਸ ਜੇਲ੍ਹ ਵਿੱਚ ਸਵਿਮਿੰਗ ਪੂਲ, ਚਿੜੀਆਘਰ, ਖੇਡ ਮੈਦਾਨ ਵੀ ਸੀ

ਜੂਲੀਓ ਨੇ ਇਸ ਅਪਰਾਧਕ ਗਿਰੋਹ ਦੇ ਮੁੱਖ ਆਗੂ ਹੈਕਟਰ ਰੁਸਥੇਨਫੋਰਡ ਗੁਏਰੋਰੋ ਫਲੋਰਸ ਉਰਫ ਐੱਲ ਨੀਨੋ ਗੁਏਰੇਰੋ ਬਾਰੇ ਦੱਸਦਿਆਂ ਕਿਹਾ, “ਗੁਏਰੇਰੋ ਹਮੇਸ਼ਾ ਕਹਿੰਦੇ ਹਨ ਉਹ ਉਦੋਂ ਤੱਕ ਆਰਾਮ ਨਾਲ ਨਹੀਂ ਬੈਠਣਗੇ ਜਦੋਂ ਤੱਕ ਉਹ ਜੇਲ੍ਹ ਨੂੰ ਇੱਕ ਛੋਟੇ ਸ਼ਹਿਰ ਦਾ ਰੂਪ ਨਹੀਂ ਦੇ ਦਿੰਦੇ।

ਅਸੀਂ ਇਸ ਵੇਲੇ ਜੇਲ੍ਹ ਵਿੱਚ ਆਉਣ ਵਾਲੇ ਲੋਕਾਂ ਲਈ ਬਣੀ ਥਾਂ, ਜਿੱਥੇ ਟੈਲੀਵਿਜ਼ਨ, ਲੱਕੜ ਦੀਆਂ ਕੁਰਸੀਆਂ, ਅਤੇ ਟੇਬਲ ਸਨ, ‘ਤੇ ਗੱਲਾਂ ਕਰ ਰਹੇ ਸਨ।

ਵੈਨੇਜ਼ੁਏਲਾ ਵਿੱਚ ਰਿਹਾਇਸ਼ੀ ਇਲਾਕੇ ਜਿੱਥੇ ਮੱਧਵਰਗੀ ਅਤੇ ਅਮੀਰ ਲੋਕ ਰਹਿੰਦੇ ਹਨ, ਉਨ੍ਹਾਂ ਨੂੰ ਸ਼ਹਿਰ ਕਿਹਾ ਜਾਂਦਾ ਹੈ। ਪਰ ਟੋਕੋਰੋਨ ਇੱਕ ਛੋਟਾ ਸ਼ਹਿਰ ਬਣਨ ਦੇ ਨੇੜੇ ਸੀ।

ਇਸ ਜੇਲ੍ਹ ਵਿੱਚ ਇੱਕ ਵੱਡਾ ਬਿਜਲੀ ਪਲਾਂਟ ਸੀ ਜੋ ਬਿਜਲੀ ਦੀ ਸਪਲਾਈ ਠੱਪ ਹੋਣ ਵੇਲੇ ਬਿਜਲੀ ਪ੍ਰਦਾਨ ਕਰਨ ਦਾ ਕੰਮ ਕਰਦਾ ਸੀ। ਵੈਨੇਜ਼ੁਏਲਾ ਵਿੱਚ ਬਿਜਲੀ ਠੱਪ ਹੋਣਾ ਬਹੁਤ ਆਮ ਹੈ।

ਇਸ ਵਿੱਚ ਜੀਨ ਅਤੇ ਰੰਗਦਾਰ ਸ਼ਰਟਾਂ ਵਾਲੀ ਵਰਦੀ ਵਾਲੇ ਤਕਨੀਕੀ ਮਾਹਰਾਂ(ਕੈਦੀਆਂ) ਦੀ ਟੀਮ ਵੀ ਸੀ, ਇਹ ਲੋਕ ਜੇਲ੍ਹ ਦੀ ਬਿਜਲੀ ਸਪਲਾਈ ਦੀ ਨਿਗਰਾਨੀ ਰੱਖਦੇ ਸਨ।

ਜੂਲੀਓ ਨੇ ਦੱਸਿਆ, ਇੱਥੇ ਤਕਨੀਕੀ ਮਾਹਰ ਇੰਨੇ ਚੰਗੇ ਹਨ ਕਿ ਉਹ ਨੇੜਲੇ ਕਸਬਿਆਂ ਵਿੱਚ ਰਿਪੇਅਰ ਲਈ ਜਾਂਦੇ ਸਨ।“

ਅਸਲਾ
Getty Images
ਇਸ ਜੇਲ੍ਹ ਦੀ ਰਾਖੀ ਏਆਰ-15 ਰਾਇਫਲ, ਏਕੇ-103, ਅਤੇ 9 ਮਿਲੀਮੀਟਰ ਕੈਲੀਬਰ ਪਿਸਤੌਲਾਂ ਨਾਲ ਲੈਸ ਵਿਅਕਤੀਆਂ ਵੱਲੋਂ ਕੀਤੀ ਜਾਂਦੀ ਸੀ

ਏਆਰ-15 ਰਾਇਫਲ, ਏਕੇ-103 ਵਾਲੇ ਗਾਰਡ

ਗੁਏਰੇਰੋ ਟੋਕੋਰੋਨ ਨੂੰ ਇੱਕ ਚੰਗੇ ਸ਼ਹਿਰ ਵਜੋਂ ਵਿਕਸਿਤ ਕਰਨਾ ਚਾਹੁੰਦਾ ਸੀ। ਇਸੇ ਲਈ ਉਸਨੇ ਇੱਥੇ ਮਨੋਰੰਜਨ, ਸੁਰੱਖਿਆ ਅਤੇ ਸਹੂਲਤਾਂ ਦੇ ਲਿਹਾਜ਼ ਨਾਲ ਕਈ ਇਮਾਰਤਾਂ ਬਣਾਈਆਂ।

ਇਸ ਪੂਰੀ ਜੇਲ੍ਹ ਦੀ ਸੁਰੱਖਿਆ ਲਈ ਏਅਰ-15 ਅਤੇ ਏਕੇ 103 ਅਸਾਲਟ ਰਾਇਫਲਾਂ, ਸ਼ਾਟਗਨ ਅਤੇ 9ਮਮ ਹੈਂਡਗਨ ਨਾਲ ਲੈਸ ਮੁਲਾਜ਼ਮ ਤੈਨਾਤ ਸਨ।ਇਨ੍ਹਾਂ ਗਾਰਡਾਂ ਨੂੰ ਜੇਲ੍ਹ ਵਿੱਚ ‘ਗੈਰੀਟੇਰੋਸ’ ਵਜੋਂ ਜਾਣਿਆ ਜਾਂਦਾ ਸੀ॥

ਇੱਕ ਵੱਡੇ ਪਹਾੜ, ਜਿਸ ਉੱਤੇ ਬਹੁਤ ਹਰਿਆਲੀ ਸੀ, ਦੇ ਸਾਹਮਣੇ ਬਣੇ ਚਿੜੀਆਘਰ ਵਿੱਚ ਵੀ ਜਾਨਵਰਾਂ ਦੀ ਦੇਖਰੇਖ ਲਈ ਦੋ ਸੁਰੱਖਿਆ ਮੁਲਾਜ਼ਮ ਤੈਨਾਤ ਸਨ।

ਇਹ ਕਿਹਾ ਜਾਂਦਾ ਹੈ ਕਿ ਗੁਏਰੇਰੋ ਇੱਕ ਸੱਪ, ਜੋ ਕਿ ਗੁਏਰੇਰੋ ਨੂੰ ਪਸੰਦ ਸੀ, ਦੇ ਗੁੰਮ ਜਾਣ ਤੋਂ ਬਾਅਦ ਇੱਥੇ ਗਾਰਡਾਂ ਦੀ ਤੈਨਾਤੀ ਕੀਤੀ ਗਈ ਸੀ, ਤਾਂ ਜੋ ਇਹ ਦੁਬਾਰਾ ਨਾ ਹੋਵੇ।

ਇੱਥੇ ਪੰਛੀਆਂ, ਬਾਂਦਰਾਂ, ਸ਼ਤਰਮੁਗਾਂ, ਬਿੱਲੀਆਂ, ਮੁਰਗੀਆਂ, ਘੋੜਿਆਂ, ਅਤੇ ਹੋਰ ਪਸ਼ੂਆਂ ਨੂੰ ਰੱਖਣ ਲਈ ਖ਼ਾਸ ਪਿੰਜਰੇ ਸਨ। ਉਨ੍ਹਾਂ ਬਾਰੇ ਜਾਣਕਾਰੀ ਦਿੰਦੇ ਛੋਟੇ ਕਾਰਡ ਵੀ ਲਗਾਏ ਗਏ ਸਨ।

ਵੈਨੇਜ਼ੁਏਲਾ ਵਿੱਚ ਜੇਲ੍ਹ ਦੇ ਆਗੂਆਂ ਨੂੰ ਪ੍ਰਾਨ ਕਿਹਾ ਜਾਂਦਾ ਹੈ।

ਇਸੇ ਇਲਾਕੇ ਵਿੱਚ ਕੁੱਕੜਾਂ ਦੀ ਲੜਾਈ ਦੇ ਖੇਡ ਉੱਤੇ ਦਾਅ ਲਾਉਣ ਲਈ ਕੰਕਟਰੀਟ ਦਾ ਇੱਕ ਢਾਂਚਾ ਬਣਾਇਆ ਗਿਆ ਸੀ।ਇਸਦੇ ਨਾਲ ਇੱਕ ਬੇਸਬਾਲ ਸਟੇਡੀਅਮ ਸੀ, ਜਿਸ ਉੱਤੇ ਬਣਾਉਟੀ ਘਾਹ ਉੱਗਿਆ ਹੋਇਆ ਸੀ, ਇਸ ਦਾ ਡਿਜ਼ਾਇਨ ਗੁਏਰੇਰੋ ਨੇ ਬਣਾਇਆ ਸੀ।

ਜੇਲ੍ਹ ਵਿਚਲਾ ਚਿੜੀਆਘਰ
GLENN REQUENA
ਇਸ ਜੇਲ੍ਹ ਵਿੱਚ ਵੱਖ-ਵੱਖ ਜਾਨਵਰਾਂ ਨੂੰ ਰੱਖਣ ਲਈ ਖ਼ਾਸ ਪਿੰਜਰੇ ਸਨ।

ਜੇਲ੍ਹ ਦੇ ਅੰਤ ਦੀ ਸ਼ੁਰੂਆਤ

ਜਦੋਂ ਮੈਂ ਇਸ ਜੇਲ੍ਹ ਵਿੱਚ ਗਈ ਸੀ ਉਸ ਵੇਲੇ ਇੱਕ ਪਿਸਟਲ ਅਤੇ ਸ਼ਾਟਗਨ ਨਾਲ ਲੈਸ ਦੋ ਬੰਦੇ ਮੇਰੇ ਹਰ ਕਦਮ ਉੱਤੇ ਨਜ਼ਰ ਰੱਖ ਰਹੇ ਸਨ।

ਹਰ 100 ਮੀਟਰ ਦੀ ਦੂਰੀ ਉੱਤੇ ਹਥਿਆਰਬੰਦ ਵਿਅਕਤੀ ਖੜ੍ਹੇ ਸਨ, ਇਸਦੇ ਨਾਲ ਹੀ ਮੋਟਰਸਾਈਕਲ ਸਵਾਰ ਲੋਕ ਵੀ ਸਨ।

ਹਰ ਕਦਮ ਉੱਤੇ ਮੈਂ ਉਨ੍ਹਾਂ ਥਾਵਾਂ ਦੀ ਪਛਾਣ ਕੀਤੀ ਜੋ ਮੈਂ 2016 ਤੋਂ ਬਾਹਰ ਆਈਆਂ ਤਸਵੀਰਾਂ ਅਤੇ ਵੀਡੀਓ ਵਿੱਚ ਜਾਣ-ਪਛਾਣ ਦੇ ਲੋਕਾਂ ਕੋਲੋਂ ਸੁਣੀਆਂ ਸਨ।

ਜਦੋਂ ਅਸੀਂ ਉਸ ਮਸ਼ਹੂਰ ਥਾਂ ਕੋਲੋਂ ਲੰਘੇ ਤਾਂ ਮੈਂ ਕਿਹਾ “ਇਹ ਹੈ, ਟੋਕੀਓ ਨਾਈਟਕਲੱਬ” ਜਿੱਥੇ ਟੋਕੋਰੋਨ ਦੀਆਂ ਮਸ਼ਹੂਰ ਪਾਰਟੀਆਂ ਹੁੰਦੀਆਂ ਹਨ।

ਇਸਦੀ ਪਛਾਣ ਕਰਨੀ ਸੌਖੀ ਨਹੀਂ ਸੀ ਕਿਉਂਕਿ ਇਸ ਨੂੰ ਇੱਕ ਕਾਲੀ ਤਰਪਾਲ ਨਾਲ ਢਕਿਆ ਹੋਇਆ ਸੀ।ਜੇਲ੍ਹ ਵਿੱਚੋਂ ਬਾਹਰ ਜਾਣ ਤੋਂ ਬਾਅਦ, ਇਸ ਗਿਰੋਹ ਦੇ ਇੱਕ ਮੈਂਬਰ ਨੇ ਮੈਨੂੰ ਦੱਸਿਆ ਕਿ 2022 ਦੇ ਵਿਚਕਾਰ ਇੱਥੇ ਦੇ ਆਗੂਆਂ ਨੂੰ ਸਰਕਾਰ ਵੱਲੋਂ ਇਹ ਹੁਕਮ (ਬਿਨਾ ਦੱਸੇ ਕਿ ਕਿੱਥੇ ਅਤੇ ਕਿਸ ਨੇ) ਹੋਇਆ ਸੀ ਕਿ ਇਸ ਨਾਈਟਕਲੱਬ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਜਾਵੇ।

ਟੋੋਕੀਓ ਨਾਈਟਕਲੱਬ
GLENN REQUENA
ਟੋੋਕੀਓ ਨਾਈਟਕਲੱਬ 2022 ਤੱਕ ਲੋਕਾਂ ਲਈ ਖੁੱਲ੍ਹਾ ਸੀ।

ਇਹ ਫ਼ੈਸਲਾ ਇਸ ਲਈ ਨਹੀਂ ਲਿਆ ਗਿਆ ਕਿ ਇਹ ਲੋਕਾਂ ਨੂੰ ਆਕਰਸ਼ਿਤ ਨਾ ਕਰੇ, ਕਿਉਂਕਿ ਜੇਲ੍ਹ ਦੇ ਅੰਦਰ ਪਾਰਟੀਆਂ ਚੱਲਦੀਆਂ ਰਹਿਣ।

ਇਸ ਤੋਂ ਬਾਅਦ ਇਸ ਜੇਲ੍ਹ ਦੇ ਅੰਤ ਦੀ ਸ਼ੁਰੂਆਤ ਹੋ ਗਈ।

ਉਸ ਮੌਕੇ, ਗੁਏਰਰੇਰੋ ਨੇ ਆਪਣੇ ਸਾਥੀਆਂ ਨੂੰ ਇਹ ਵੀ ਹੁਕਮ ਕੀਤਾ ਕਿ ਉਹ ਫੇਸਬੁੱਕ ਦੇ ਮਾਰਕਟਪਲੇਸ ਪੇਜ ਰਾਹੀਂ ਵੱਖ-ਵੱਖ ਜੇਲਾਂ ਵਿੱਚੋਂ ਚਲਾਏ ਜਾਂਦੇ ਵਾਹਨਾਂ ਨੂੰ ਵੇਚਣ ਦੇ ਸਕੈਮ ਨੂੰ ਬੰਦ ਕਰ ਦੇਣ।

ਇਸ ਸਕੈਂਡਲ ਵਿੱਚ ਸਮਾਜ ਦੇ ਕਈ ਹਿੱਸੇ ਇਸ ਵਿੱਚ ਉਲਝ ਗਏ ਸਨ, ਇਸ ਨਾਲ ਕਈ ਅਧਿਕਾਰੀ ਵੀ ਪ੍ਰਭਾਵਿਤ ਹੋਏ ਸਨ।

“ਇਹ ਜੇਲ੍ਹ ਲੱਖਪਤੀਆਂ ਲਈ ਹੈ”

ਜੂਲੀਓ ਨਾਲ ਗੱਲਬਾਤ ਬਰੈੱਡ ਖਾਂਦੇ ਹੋਏ ਹੋਈ, ਜਿਹੜੀ ਮੈਂ ਉਸ ਲਈ ਲੈ ਕੇ ਆਈ ਸੀ। ਉਸ ਨੂੰ ਹਮੇਸ਼ਾ ਬਰੈੱਡ ਅਤੇ ਕੋਲਡ ਡ੍ਰਿੰਕ ਨਹੀਂ ਮਿਲਦੇ ਹਨ। ਕਿਉਂਕਿ ਉਸ ਨੂੰ ਮਿਲਣ ਵਾਲੇ ਲੋਕ ਕਦੇ-ਕਦੇ ਹੀ ਆਉਂਦੇ ਸਨ।

ਹਾਲਾਂਕਿ, ਉਨ੍ਹਾਂ ਕਿਹਾ ਕਿ ਟੋਕੋਰੋਨ ਵਿੱਚ ਇੱਹ ਕੈਦੀ ਮਾੜੇ ਹਾਲਾਤਾਂ ਵਿੱਚ ਹਨ।

ਇਨ੍ਹਾਂ ਵਿੱਚੋਂ ਕੁਝ ਨੂੰ ਭੇਡਾਂ ਕਿਹਾ ਜਾਂਦਾ ਸੀ, ਇਹ ਜੇਲ੍ਹ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਸਨ।ਇਹ ਉਹ ਕੈਦੀ ਸਨ, ਜਿਨ੍ਹਾਂ ਦਾ ਕੋਈ ਪਰਿਵਾਰ ਨਹੀਂ ਸੀ ਅਤੇ ਜਿਨ੍ਹਾਂ ਨੇ ਗਿਰੋਹ ਦੇ ਆਗੂ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੋਵੇ।

ਉਹ ਜੇਲ੍ਹ ਵਿੱਚ ਇੱਕ ਪਾਸੇ ਹੀ ਰਹਿੰਦੇ ਸਨ ਅਤੇ ਉਹ ਸਵਿਮਿੰਗ ਪੂਲ, ਨਾਈਟਕਲੱਬ ਅਤੇ ਰੈਸਚੁਰੈਂਟ ਵਿੱਚ ਨਹੀਂ ਜਾ ਸਕਦੇ ਸੀ।

ਆਪਣੀ ਪਛਾਣ ਲਈ ਉਨ੍ਹਾਂ ਨੂੰ ਪੂਰੀਆਂ ਬਾਹਵਾਂ ਵਾਲੀਆਂ ਡੱਬੇਦਾਰ ਜਾਂ ਧਾਰੀਆਂ ਵਾਲੀਆਂ ਕਮੀਜ਼ਾਂ ਅਤੇ ਟਾਈ ਬੰਨ੍ਹਣੀ ਪੈਂਦੀ ਸੀ।

ਇਨ੍ਹਾਂ ਵਿੱਚੋਂ ਬਹੁਤੇ ਲੋਕ ਭੁੱਖ ਦੇ ਸ਼ਿਕਾਰ ਸਨ ਅਤੇ ‘ਜ਼ੋਂਬੀਆਂ’ ਵਾਂਗੂੰ ਤੁਰਦੇ ਸਨ।

ਵੈਨੇਜ਼ੁਏਲਾ ਜੇਲ
Getty images
ਇਸ ਜੇਲ੍ਹ ਵਿੱਚ ਅਜਿਹੀਆਂ ਦੁਕਾਨਾਂ ਵੀ ਸਨ ਜਿੱਥੇ ਤੁਸੀਂ ਮਹਿੰਗੇ ਬ੍ਰਾਂਡ ਵੀ ਖਰੀਦ ਸਕਦੇ ਸੀ

ਜੂਲੀਓ ਨੇ ਚੇਤਾਵਨੀ ਅਤੇ ਉਦਾਸੀ ਭਰੇ ਲਹਿਜ਼ੇ ਵਿੱਚ ਕਿਹਾ, “ਇਹ ਜੇਲ੍ਹ ਲੱਖਪਤੀਆਂ ਲਈ ਹੈ, ਇੱਥੇ ਸਾਰਾ ਕੁਝ ਪੈਸਾ ਹੈ, ਸਾਨੂੰ ਸਾਰਿਆਂ ਨੂੰ ਹਰ ਹਫ਼ਤੇ 15 ਡਾਲਰ ਭਰਨੇ ਪੈਂਦੇ ਹਨ (ਜੇਲ੍ਹ ਵਿਚਲੇ ਕੈਦੀ ਆਗੂ ਨੂੰ ਇਹ ਪੈਸੇ ਇਸ ਲਈ ਦਿੰਦੇ ਹਨ ਤਾਂ ਜੋ ਉਹ ਜੇਲ੍ਹ ਵਿੱਚ ਬਿਨਾਂ ਕੁੱਠ ਖਾਧੇ ਰਹਿ ਸਕਣ)।”

ਹੋਰ ‘ਸੇਵਾਵਾਂ’ ਲਈ ਵੱਖਰੇ-ਵੱਖਰੇ ਮੁੱਲ ਸਨ, 2*2 ਮੀਟਰ ਦੀ ਸੌਣ ਲਈ ਜਗ੍ਹਾ ਲਈ 20 ਡਾਲਰ, ਉਨ੍ਹਾਂ ਸਾਥੀਆਂ ਦੇ ਹਫ਼ਤੇ ਦੇ ਅਖੀਰ ਤੱਕ ਰਹਿਣ ਲਈ 30 ਡਾਲਰ ਅਤੇ ਹੋਰ।

ਜੇਲ੍ਹ ਵਿੱਚ ਮਹਿੰਗੇ ਬ੍ਰਾਂਡ

ਇੱਕ ਹੋਰ ਦ੍ਰਿਸ਼ ਨੇ ਮੈਨੂੰ ਬਹੁਤ ਹੈਰਾਨ ਕਰ ਦਿੱਤਾ ਕਿ ਜੇਲ੍ਹ ਦੀਆਂ ਖਿੜਕੀਆਂ ਉੱਤੇ ਮਹਿੰਗੇ ਬ੍ਰਾਂਡਾਂ - ਬੈਲੇਨਸੀਆਗਾ, ਗੁੱਚੀ ਅਤੇ ਨਾਈਕੀ ਦੇ ਇਸ਼ਤਿਹਾਰ ਸਨ।ਇਹ ਇਸ ਬਾਰੇ ਦੱਸਦਾ ਹੈ ਕਿ ਜੇਲ੍ਹ ਵਿੱਚ ਕਿੰਨਾ ਪੈਸਾ ਹੈ।

ਮੈਂ ਜੋ ਨਹੀਂ ਵੇਖ ਸਕੀ ਉਹ ਸਨ ਇੱਥੋਂ ਦੇ ਆਗੂਆਂ ਦੇ ਘਰ, ਕਿਉਂਕਿ ਉਹ ਇੱਕ ਅਜਿਹੇ ਇਲਾਕੇ ਵਿੱਚ ਸਨ ਜਿੱਥੇ ਇਸ ਗਿਰੋਹ ਦੇ ਆਗੂਆਂ ਦੇ ਨੇੜਲੇ ਲੋਕ ਹੀ ਜਾ ਸਕਦੇ ਸਨ। ਮੈਨੂੰ ਇਹ ਵੀ ਪਤਾ ਲੱਗਾ ਕਿ ਉੱਥੇ ਆਗੂਆਂ ਲਈ ਸਵਿਮਿੰਗ ਪੂਲ ਅਤੇ ਖਾਣ-ਪੀਣ ਦੇ ਇੰਤਜ਼ਾਮ ਸਨ।

ਇਸ ਸੰਸਾਰ ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਢਾਹ ਦਿੱਤਾ ਗਿਆ ਹੈ, ਇਸ ਵਿੱਚ 11,000 ਸੁਰੱਖਿਆ ਕਰਮੀਆਂ ਨੇ ਭਾਗ ਲਿਆ ਸੀ।

ਵੈਨੇਜ਼ੁਏਲਾ ਦੇ ਅੰਦਰੂਨੀ ਸਬੰਧਾਂ ਬਾਰੇ ਮਹਿਕਮੇ ਦੇ ਮੰਤਰੀ ਐਡਮਿਰਲ ਰੇਮਿਗੀਓ ਸੈਬਾਲੋਸ, ਜਿਨ੍ਹਾਂ ਨੇ ਇਸ ਜੇਲ੍ਹ ਨੂੰ ਕਬਜ਼ੇ ਵਿੱਚ ਲੈਣ ਦੀ ਫੌਜੀ ਕਾਰਵਾਈ ਦੀ ਅਗਵਾਈ ਕੀਤੀ, ਨੇ ਦੱਸਿਆਂ ਕਿ, “ਸਾਨੂੰ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਲੱਭੀਆਂ ਹਨ ਜਿਹੜੀਆਂ ਕਿ ਅਜਿਹੀ ਇਮਾਰਤ(ਜੇਲ) ਵਿੱਚ ਲੋੜੀਂਦੀਆਂ ਨਹੀਂ ਹਨ।

ਇਸ ਜੇਲ੍ਹ ਵਿਚਲੇ ਦਰਜਨਾਂ ਕੈਦੀਆਂ ਅਤੇ ਜੂਲੀਓ ਦੇ ਭਵਿੱਖ ਬਾਰੇ ਕੋਈ ਜਾਣਕਾਰੀ ਨਹੀਂ ਹੈ।ਗਿਰੋਹ ਦਾ ਆਗੂ ਐਲ ਨੀਨੋ ਗੁਏਰੇਰੋ ਇਸ ਵੇਲੇ ਭਗੌੜਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਜੇਲ੍ਹ ਨੂੰ ਕਬਜ਼ੇ ਵਿੱਚ ਲਏ ਜਾਣ ਤੋਂ ਬਾਅਦ ਇਸ ਅਪਰਾਧਕ ਸਮੂਹ ਨੂੰ ਵੱਡਾ ਧੱਕਾ ਲੱਗਾ। ਪਰ ਇਹ ਸਪਸ਼ਟ ਨਹੀਂ ਹੈ ਕਿ ਇਹ ਉਸ ‘ਮੈਗਾ ਗੈਂਗ’ ਦਾ ਅੰਤ ਹੈ ਜਿਸਨੇ ਆਪਣੀਆਂ ਅਪਰਾਧਕ ਕਾਰਵਾਈਆਂ ਨੂੰ ਵੈਨੇਜ਼ੁਏਲਾ ਦੀ ਇਸ ਜੇਲ੍ਹ ਵਿੱਚੋਂ ਕੋਲੰਬੀਆ, ਬ੍ਰਾਜ਼ੀਲ, ਪੇਰੂ, ਇਕੁਆਡੋਰ, ਬੋਲਿਵੀਆ, ਚਿੱਲੀ ਅਤੇ ਸੰਭਵ ਤੌਰ ‘ਤੇ ਅਮਰੀਕਾ ਤੱਕ ਵਧਾਇਆ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News