ਪੰਜਾਬੀ ਫਿਲਮਾਂ ਦਾ ਕੈਨੇਡਾ ਅਤੇ ਬਰਤਾਨੀਆ ਨਾਲ ਕੀ ਰਿਸ਼ਤਾ ਹੈ ?
Sunday, Oct 08, 2023 - 01:02 PM (IST)
ਜੱਟ ਐਂਡ ਜੂਲੀਅਟ, ਹੌਂਸਲਾ ਰੱਖ, ਲਵ ਪੰਜਾਬ, ਜੀ ਆਇਆਂ ਨੂੰ, ਸਰਦਾਰ ਜੀ, ਚੱਲ ਮੇਰਾ ਪੁੱਤ, ਅਸ਼ਕੇ, ਜਿੰਦੂਆ, ਛੱਲਾ ਮੁੜਕੇ ਨਹੀਂ ਆਇਆ, ਆਜਾ ਮੈਕਸੀਕੋ ਚੱਲੀਏ….ਇਹ ਪੰਜਾਬੀ ਫ਼ਿਲਮਾਂ ਪਿਛਲੇ ਕੁਝ ਸਾਲਾਂ ਵਿੱਚ ਵੱਡੇ ਪਰਦੇ ਉੱਤੇ ਆਈਆਂ ਸਫ਼ਲ ਫਿਲਮਾਂ ਵਿੱਚ ਸ਼ੁਮਾਰ ਹਨ।
ਹਾਲਾਂਕਿ ਪਿਛਲੇ ਸਮੇਂ ਵਿੱਚ ਪੰਜਾਬ, ਕੈਨੇਡਾ, ਬਰਤਾਨੀਆ ਸਮੇਤ ਪੰਜਾਬੀ ਵਸੋਂ ਵਾਲੇ ਮੁਲਕਾਂ ਵਿੱਚ ਹਿੱਟ ਹੋਈਆਂ ਫਿਲਮਾਂ ਦੀ ਫਹਿਰਿਸਤ ਇਸ ਤੋਂ ਕਿਤੇ ਲੰਬੀ ਹੈ, ਪਰ ਇਨ੍ਹਾਂ ਕੁਝ ਫਿਲਮਾਂ ਦੀ ਚੋਣ ਇੱਕ ਖ਼ਾਸ ਵਜ੍ਹਾ ਕਰਕੇ ਕੀਤੀ ਗਈ ਹੈ।
ਇਨ੍ਹਾਂ ਫਿਲਮਾਂ ਦੀ ਕਹਾਣੀ ਬਾਹਰ ਰਹਿੰਦੇ ਪੰਜਾਬੀਆਂ, ਖ਼ਾਸ ਕਰਕੇ ਬਰਤਾਨੀਆ ਅਤੇ ਕੈਨੇਡਾ ਜਾ ਕੇ ਵਸੇ ਲੋਕਾਂ ਨਾਲ ਜੁੜੀ ਹੈ।
ਮਾਹਰਾਂ ਮੁਤਾਬਕ ਪਿਛਲੇ ਦੋ ਦਹਾਕਿਆਂ ਵਿੱਚ ਜਿਵੇਂ-ਜਿਵੇਂ ਕੈਨੇਡਾ, ਬਰਤਾਨੀਆ ਅਤੇ ਅਮਰੀਕਾ ਵਰਗੇ ਮੁਲਕਾਂ ’ਚ ਪੰਜਾਬੀਆਂ ਦੀ ਗਿਣਤੀ ਵਧੀ, ਓਵੇਂ-ਓਵੇਂ ਹੀ ਪੰਜਾਬੀ ਸਿਨੇਮਾ ਦੇ ਵਿਸ਼ਿਆਂ, ਮਿਆਰ ਅਤੇ ਦਰਸ਼ਕਾਂ ਦੀ ਪਸੰਦ ਵਿੱਚ ਬਦਲਾਅ ਆਇਆ ਹੈ।
ਪੰਜਾਬੀ ਫਿਲਮਾਂ ਦੇ ਇਤਿਹਾਸ ਉੱਤੇ ਕੰਮ ਕਰਦੇ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਸ਼ਿਆਂ ਉੱਤੇ ਫਿਲਮਾਂ 80ਵਿਆਂ ਤੋਂ ਹੀ ਸ਼ੁਰੂ ਹੋ ਗਈਆਂ, ਪਰ 2010 ਤੋਂ ਲੈ ਕੇ ਅੱਜ ਤੱਕ ਦਰਜਨਾਂ ਫਿਲਮਾਂ ਪ੍ਰਵਾਸ ਜਾਂ ਬਾਹਰ ਰਹਿੰਦੇ ਪੰਜਾਬੀਆਂ ਬਾਰੇ ਬਣ ਚੁੱਕੀਆਂ ਹਨ ਅਤੇ ਬਣ ਰਹੀਆਂ ਹਨ।
ਫਿਲਮ ਹਿਦਾਇਤਕਾਰ ਅਤੇ ਲੇਖਕ ਸਿਮਰਜੀਤ ਸਿੰਘ ਦੱਸਦੇ ਹਨ ਕਿ ਪਿਛਲੇ ਸਮੇਂ ਵਿੱਚ ਪੰਜਾਬੀ ਫਿਲਮਾਂ ਦੇ ਵਿਸ਼ਾ-ਵਸਤੂ ਵਿੱਚ ਆਈਆਂ ਤਬਦੀਲੀਆਂ ਨੇ ਪੰਜਾਬੀ ਫਿਲਮਾਂ ਦਾ ਦਾਇਰਾ ਵਧਾਇਆ ਹੈ।
‘80ਵਿਆਂ ਤੋਂ ਹੀ ਹੋ ਗਈ ਸੀ ਸ਼ੁਰੂਆਤ’
ਮਨਦੀਪ ਸਿੰਘ ਸਿੱਧੂ ਦੱਸਦੇ ਹਨ ਕਿ ਵਿਦੇਸ਼ੀ ਧਰਤੀ ਉੱਤੇ ਪੰਜਾਬੀ ਫਿਲਮਾਂ ਬਣਨੀਆਂ 80 ਦੇ ਦਹਾਕੇ ਤੋਂ ਹੀ ਸ਼ੁਰੂ ਹੋ ਗਈਆਂ ਸਨ।
ਉਹ ਦੱਸਦੇ ਹਨ, “ਪਹਿਲੀ ਅਜਿਹੀ ਕੋਸ਼ਿਸ਼ ਕਮਲ ਰਾਜ ਭਸੀਨ ਨੇ 1985 ਵਿੱਚ ਕੀਤੀ ਸੀ।”
“ਇਸ ਫਿਲਮ ਦਾ ਨਾਂਅ ਸੀ ‘ਮੌਜਾਂ ਦੁਬਈ ਦੀਆਂ’ ਇਸ ਫਿਲਮ ਵਿੱਚ ਇੱਕ ਪੰਜਾਬ ਨੌਜਵਾਨ ਦੇ ਦੁਬਈ ਵਿੱਚ ਪਹਿਲੀ ਵਾਰੀ ਜਾਣ ਅਤੇ ਗਲਤ ਏਜੰਟਾਂ ਦੇ ਜਾਲ ਵਿੱਚ ਫਸਣ ਬਾਰੇ ਹੈ।”
ਉਹ ਦੱਸਦੇ ਹਨ, “ਸਾਲ 1987 ਵਿੱਚ ਵਰਿੰਦਰ ਦੀ ਮੁੱਖ ਭੂਮਿਕਾ ਵਾਲੀ ‘ਯਾਰੀ ਜੱਟ ਦੀ’ ਫਿਲਮ ਆਈ ਸੀ।”
ਵਰਿੰਦਰ ਉਸ ਵੇਲੇ ਦੇ ਮਕਬੂਲ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਸਨ।
“ਇਸ ਫਿਲਮ ਵਿੱਚ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਦਾ ਰਹਿਣ-ਸਹਿਣ ਦਰਸਾਇਆ ਗਿਆ ਸੀ। ਉਨ੍ਹਾਂ ਨੇ ਉਸ ਵੇਲੇ ਲੰਡਨ ਵਿੱਚ ਮਸ਼ਹੂਰ ਪੰਜਾਬ ਪੌਪ ਬੈਂਡ ਗਰੁੱਪ, ਜਿਨ੍ਹਾਂ ਦੇ ਗੀਤਾਂ ਉੱਤੇ ਗੋਰੇ ਵੀ ਨੱਚਿਆ ਕਰਦੇ ਸਨ, ਨੂੰ ਆਪਣੀਆਂ ਫਿਲਮਾਂ ਵਿੱਚ ਦਿਖਾਇਆ ਸੀ।”
ਇਸ ਦੇ ਨਾਲ ਹੀ ਉਹ ਇਸ ਗੱਲ ਵਿੱਚ ਵੀ ਦਿਲਚਸਪੀ ਰੱਖਦੇ ਸਨ ਕਿ ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਕੀ ਕੰਮ ਕਰਦੇ ਹਨ, ਜਿਸ ਬਾਰੇ ਉਨ੍ਹਾਂ ਫਿਲਮਾਂ ਵੀ ਬਣਾਈਆਂ।
ਪੰਜਾਬ ਰਹਿੰਦੇ ਬਹੁਤੇ ਲੋਕਾਂ ਨੂੰ ਵੀ ਨਹੀਂ ਪਤਾ ਸੀ ਕਿ ਪੰਜਾਬੀ ਉੱਥੇ ਪਹੁੰਚ ਕੇ ਕੀ ਕੰਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਫਿਲਮ ਵਿੱਚ ਇਹ ਦਿਖਾਇਆ ਗਿਆ ਕਿ ਕਿਵੇਂ ਬਾਹਰਲੇ ਮੁਲਕ ਤੋਂ ਆਇਆ ਇੱਕ ਅਮੀਰਜ਼ਾਦਾ ਪੈਸਿਆਂ ਦੇ ਜ਼ੋਰ ਉੱਤੇ ਇੱਕ ਕੁੜੀ ਨਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਹਦਾਇਤਕਾਰ ਮਨਮੋਹਨ ਸਿੰਘ ਨੇ ਆਪਣੀਆਂ ਫਿਲਮਾਂ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਕੰਮ ਜਾਂ ਪੜ੍ਹਾਈ ਲਈ ਬਾਹਰਲੇ ਮੁਲਕਾਂ ਵਿੱਚ ਜਾਣ ਅਤੇ ਉੱਥੇ ਜਾ ਕੇ ਵਸਣ ਦੇ ਸੁਪਨਿਆਂ ਨੂੰ ਆਪਣੀ ਫਿਲਮ ‘ਜੀ ਆਇਆਂ ਨੂੰ’ ਰਾਹੀਂ ਪੇਸ਼ ਕੀਤਾ ਸੀ।
ਪੰਜਾਬੀ ਫਿਲਮਾਂ ਵਿੱਚ ਇੰਨਾ ਕੈਨੇਡਾ, ਬਰਤਾਨੀਆ ਕਿਉਂ?
ਮਾਹਰਾਂ ਮੁਤਾਬਕ ਪੰਜਾਬੀ ਫਿਲਮਾਂ ਵਿੱਚ ਕੈਨੇਡਾ ਜਾਂ ਬਰਤਾਨੀਆਂ ਜਾ ਵਸੇ ਪੰਜਾਬੀਆਂ ਦੇ ਅਸਰ ਦਾ ਮੁੱਖ ਕਾਰਨ ਕਹਾਣੀ ਦੀ ਮੰਗ, ਦਰਸ਼ਕਾਂ ਦੇ ਨਾਲ-ਨਾਲ ਬਾਹਰਲੇ ਮੁਲਕਾਂ, ਖ਼ਾਸ ਕਰਕੇ ਬਰਤਾਨੀਆ, ਵਿੱਚ ਮਿਲਦੀ ਆਰਥਿਕ ਛੋਟ(ਸਬਸਿਡੀ) ਵੀ ਹੈ।
ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ ਸਮੇਤ ਵੱਡੇ ਕਲਾਕਾਰਾਂ ਨੇ ਇਨ੍ਹਾਂ ਵਿਸ਼ਿਆਂ ਉੱਤੇ ਫਿਲਮਾਂ ਬਣਾਈਆਂ ਹਨ ਅਤੇ ਬਣਾ ਰਹੇ ਹਨ।
ਪੰਜਾਬੀ ਫਿਲਮਾਂ ਦੇ ਇਤਿਹਾਸ ਬਾਰੇ ਕਿਤਾਬ ਲਿਖ ਚੁੱਕੇ ਮਨਦੀਪ ਸਿੰਘ ਸਿੱਧੂ ਦੱਸਦੇ ਹਨ, ਫਿਲਮਾਂ ਪੰਜਾਬ ਵਿੱਚ ਰਹਿੰਦੇ ਲੋਕਾਂ ਬਾਰੇ ਬਾਹਰਲੇ ਲੋਕਾਂ ਨੂੰ ਦੱਸਣ ਅਤੇ ਉੱਥੇ ਰਹਿੰਦੇ ਲੋਕਾਂ ਲਈ ਪੰਜਾਬ ਬਾਰੇ ਜਾਣਨ ਦਾ ਸਾਧਨ ਵੀ ਬਣਦੀਆਂ ਹਨ।
ਉਹ ਦੱਸਦੇ ਹਨ, ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਬਹੁਤ ਬੇਸਬਰੀ ਨਾਲ ਪੰਜਾਬੀ ਫਿਲਮਾਂ ਦੇ ਸਿਨੇਮਾ ਘਰਾਂ ਵਿੱਚ ਲੱਗਣ ਦੀ ਉਡੀਕ ਕਰਦੇ ਹਨ।
“ਪੰਜਾਬ ਦੇ ਪਿੰਡਾਂ ਉੱਤੇ ਆਧਾਰਤ ਫਿਲਮਾਂ ਰਾਹੀਂ ਵਿਦੇਸ਼ ਰਹਿੰਦੀ ਪੰਜਾਬੀਆਂ ਦੀ ਨੌਜਵਾਨ ਪੀੜ੍ਹੀ ਪੰਜਾਬ ਬਾਰੇ ਜਾਣਦੀ ਹੈ। ਸਿਨੇਮਾ ਇਹ ਕੰਮ ਕਾਫ਼ੀ ਚੰਗੇ ਤਰੀਕੇ ਨਾਲ ਕਰ ਰਿਹਾ ਹੈ।”
ਸਿਨੇਮਾ ਦੋਵਾਂ (ਪ੍ਰਵਾਸੀ ਪੰਜਾਬੀਆਂ ਅਤੇ ਪੰਜਾਬ ਰਹਿੰਦੇ ਲੋਕਾਂ ਨੂੰ) ਇੱਕ ਦੂਜੇ ਨਾਲ ਜੋੜਦਾ ਹੈ।
‘ਫਿਲਮਾਂ ਦਾ ਦਾਇਰਾ ਵਧਿਆ’
ਪੰਜਾਬੀ ਫਿਲਮ ਇੰਡਸਟਰੀ ਦੇ ਵਿਕਾਸ ਬਾਰੇ ਫਿਲਮਕਾਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹ ਇਸ ਗੱਲ ਨਾਲ ਸਿਹਮਤ ਹਨ ਕਿ ਜੇਕਰ ਪੰਜਾਬੀ ਸਿਨਮਾ ਦਾ ਫੈਲਾਅ ਬਾਹਰਲੇ ਮੁਲਕਾਂ ਤੱਕ ਨਾ ਹੁੰਦਾ ਤਾਂ “ਸ਼ਾਇਦ ਇਸ ਨੂੰ ਵਿਕਸਿਤ ਹੋਣ ਵਿੱਚ ਥੋੜ੍ਹਾ ਸਮਾਂ ਲੱਗਦਾ।”
“ਫਿਲਮਾਂ ਦਾ ਇਹ ਇਤਿਹਾਸ ਰਿਹਾ ਹੈ ਕਿ ਜਿਹੜੇ ਮੁੱਦੇ ਸਮਾਜ ਵਿੱਚ ਚੱਲ ਰਹੇ ਹੁੰਦੇ ਹਨ ਉਹ ਸਿਨੇਮਾ ਦੇ ਵਿੱਚ ਵੀ ਆਉਂਦੇ ਹਨ, ਚਾਹੇ ਉਹ ਮਹਿੰਗਾਈ ਵਰਗਾ ਆਮ ਮੁੱਦਾ ਹੀ ਹੋਵੇ।”
ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਸਿਨੇਮਾ ਬਾਹਰ ਰਹਿੰਦੇ ਲੋਕਾਂ ਨੂੰ ਪੰਜਾਬ ਰਹਿੰਦੇ ਲੋਕਾਂ ਨਾਲ ਜੋੜਦਾ ਹੈ।
“ਪਹਿਲਾਂ ਐਕਸ਼ਨ ਜੌਨਰ ਦੀਆਂ ਪੰਜਾਬੀ ਫਿਲਮਾਂ ਵਿਦੇਸ਼ਾਂ ਵਿੱਚ ਘੱਟ ਚੱਲਦੀਆਂ ਸਨ, ਪਰ ਹੁਣ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਬਾਹਰ ਜਾਣ ਨਾਲ ਇਨ੍ਹਾਂ ਦੇ ਦਰਸ਼ਕ ਬਾਹਰਲੇ ਮੁਲਕਾਂ ਵਿੱਚ ਵਧੇ ਹਨ।”
“ਬਾਹਰ ਜਾ ਕੇ ਲੋਕ ਸੰਸਾਰ ਵਿੱਚ ਵੱਖਰੇ-ਵੱਖਰੇ ਵਿਸ਼ਿਆਂ ਬਾਰੇ ਬਣੀਆਂ ਫਿਲਮਾਂ ਵੇਖਦੇ ਹਨ, ਜਿਸ ਨਾਲ ਉਨ੍ਹਾਂ ਦੀ ਨਵੇਂ ਵਿਸ਼ਿਆਂ ਪ੍ਰਤੀ ਰੁਚੀ ਵੱਧਦੀ ਹੈ, ਜੋ ਕਿ ਚੰਗੀ ਗੱਲ ਹੈ।”
ਉਹ ਦੱਸਦੇ ਹਨ, “ਫਿਲਮਾਂ ਦਾ ਸੰਸਾਰ, ਸੰਗੀਤ ਨਾਲੋਂ ਥੋੜ੍ਹਾ ਵੱਖਰਾ ਹੈ, ਹਰ ਫਿਲਮ ਸੈਂਸਰ ਤੋਂ ਪਹਿਲਾਂ ਪ੍ਰਵਾਨ ਹੁੰਦੀ ਹੈ ਤੇ ਸਾਰੇ ਸੰਸਾਰ ਵਿੱਚ ਫਿਲਮਾਂ ਰਿਲੀਜ਼ ਹੁੰਦੀਆਂ ਹਨ।”
ਵਿਦੇਸ਼ਾਂ ’ਚ ਬਣਦੀਆਂ ਪੰਜਾਬੀ ਫ਼ਿਲਮਾਂ ਅਤੇ ਪਰਵਾਸ
- ਮਾਹਰਾਂ ਮੁਤਾਬਕ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਦੀ ਜ਼ਿੰਦਗੀ ਬਾਰੇ ਪੰਜਾਬ ਫ਼ਿਲਮਾਂ ਬਣਨ ਦਾ ਸਿਲਸਿਲਾ 80ਵਿਆਂ ਤੋਂ ਸ਼ੁਰੂ ਹੋਇਆ ਸੀ
- ਬਰਤਾਨੀਆਂ ਜਾਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਫ਼ਿਲਮਾਂ ਬਣਨ ਦਾ ਇੱਕ ਵੱਡਾ ਕਾਰਨ ਉਨ੍ਹਾਂ ਮੁਲਕਾਂ ਦੀ ਫਿਲਮਾਂ ਲਈ ਆਰਥਿਕ ਛੋਟ(ਸਬਸਿਡੀ) ਨੀਤੀ ਵੀ ਹੈ
- ਜਾਣਕਾਰ ਮੰਨਦੇ ਹਨ ਕਿ ਵਿਦੇਸ਼ੀ ਪੈਸਾ ਨਾ ਲੱਗਿਆ ਹੁੰਦਾ ਤਾਂ ਸ਼ਾਇਦ ਪੰਜਾਬੀ ਸਿਨੇਮਾ ਦਾ ਵਿਕਾਸ ਨਾ ਹੁੰਦਾ
- 2000 ਤੋਂ ਬਾਅਦ ਬਣੀਆਂ ਬਹੁਤੀਆਂ ਫਿਲਮਾਂ ਵਿੱਚ ਵਿਦੇਸਾਂ ਵਿੱਚ ਵਸੇ ਲੋਕਾਂ ਦੀ ਅਮੀਰੀ ਹੀ ਵਿਖਾਈ ਗਈ ਸੀ ਜਦਕਿ ਹੁਣ ਫ਼ਿਲਮਾਂ ਦੇ ਵਿਸ਼ਿਆਂ ਵਿੱਚ ਬਦਲਾਅ ਆਇਆ ਹੈ
ਸਿਮਰਜੀਤ ਸਿੰਘ ਨੇ ਹਾਲ ਹੀ ਵਿੱਚ ਆਪਣੀ ਅਗਲੀ ਫਿਲਮ ‘ਕਾਮਾਗਾਟਾਮਾਰੂ’ ਦਾ ਐਲਾਨ ਕੀਤਾ ਹੈ।
ਇਹ ਫਿਲਮ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਪਹੁੰਚੇ ‘ਕਾਮਾਗਾਟਾਮਾਰੂ’ ਜਹਾਜ਼, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਸਨ, ਬਾਰੇ ਹੈ।
ਇਸ ਜਹਾਜ਼ ਵਿਚਲੇ ਲੋਕਾਂ ਨੂੰ ਕੈਨੇਡਾ ਦੀ ਵੇਲੇ ਦੀ ਸਰਕਾਰ ਵੱਲੋਂ ਬੰਦਰਗਾਹ ਉੱਤੇ ਉਤਰਨ ਨਹੀਂ ਦਿੱਤਾ ਗਿਆ ਸੀ।
ਇਹ ਜਹਾਜ਼ ਕਲਕੱਤੇ ਤੋਂ ਤੁਰਿਆ ਸੀ ਜਦੋਂ ਇਹ ਵਾਪਸ ਪਹੁੰਚਿਆ ਤਾਂ ਬਜਬਜ ਘਾਟ ਉੱਤੇ ਬਰਤਾਨਵੀ ਸਰਕਾਰ ਵੱਲੋਂ ਇਸ ਵਿੱਚ ਸਵਾਰ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ।
ਕੁਲ 22 ਲੋਕਾਂ ਦੀ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਕੈਨੇਡਾ ਰਹਿੰਦੇ ਪੰਜਾਬੀ, ਜਿਨ੍ਹਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਕੈਨੇਡਾ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਕੀਤੇ ਸੰਘਰਸ਼ ਬਾਰੇ ਜਾਣਨਗੇ ।
“ਉਹ ਇਸ ਬਾਰੇ ਜਾਣਨਗੇ ਕਿ ਕੈਨੇਡਾ ਪਹੁੰਚਣ ਵਾਲੇ ਪਹਿਲੇ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ ਸੀ।”
ਬਾਹਰ ਫਿਲਮਾਂ ਬਣਾਉਣ ਪਿੱਛੇ ਆਰਥਿਕ ਪੱਖ ਵੀ ਜ਼ਿੰਮੇਵਾਰ
ਸਿਮਰਜੀਤ ਸਿੰਘ ਨੇ ਦੱਸਿਆ ਕਿ ਹਰ ਮੁਲਕ ਦੀ ਫਿਲਮਾਂ ਲਈ ਆਰਥਿਕ ਛੋਟ(ਸਬਸਿਡੀ) ਸਬੰਧੀ ਆਪੋ-ਆਪਣੀ ਨੀਤੀ ਹੈ। ਕੈਨੇਡਾ, ਇਟਲੀ, ਨੌਰਵੇ ਤੇ ਬਰਤਾਨੀਆਂ ਵਿੱਚ ਵੀ ਹੈ। ਆਸਟ੍ਰੇਲੀਆ ਨੇ ਵੀ ਆਪਣੀ ਨੀਤੀ ਸ਼ੁਰੂ ਕੀਤੀ ਹੈ।
ਭਾਰਤ ਵਿੱਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਅਜਿਹੀ ਨੀਤੀ ਲਾਗੂ ਕੀਤੀ ਹੈ।
ਉਹ ਦੱਸਦੇ ਹਨ ਕਿ, “ਇੰਗਲੈਂਡ ਵਰਗੇ ਮੁਲਕਾਂ ਵੱਲੋਂ ਸਬਸਿਡੀ ਸੈਰ ਸਪਾਟੇ ਨੂੰ ਵਧਾਉਣ ਲਈ ਦਿੱਤੀ ਜਾਂਦੀ ਹੈ।”
ਉਨ੍ਹਾਂ ਦੱਸਿਆ ਕਿ ਟੈਕਸ ਵਿੱਚ ਰਿਆਇਤ ਦੇ ਨਾਲ-ਨਾਲ ਫਿਲਮ ਉੱਤੇ ਲੱਗਣ ਵਾਲੀ ਕੁੱਲ ਲਾਗਤ ਵਿੱਚੋਂ ਵੀ ਸਰਕਾਰ ਕੁਝ ਫੀਸਦ ਵਾਪਸ ਕਰ ਦਿੰਦੀ ਹੈ।
ਪੰਜਾਬੀ ਫਿਲਮਾਂ ਹੀ ਨਹੀਂ ਹਾਲੀਵੁੱਡ ਦੀਆਂ ਫਿਲਮਾਂ ਵੀ ਸਬਸਿਡੀ ਕਾਰਨ ਸਹੂਲਤਾਂ ਦੇਣ ਵਾਲੇ ਦੇਸ਼ਾਂ ਵਿੱਚ ਬਣਦੀਆਂ ਹਨ।
ਉਹ ਕਹਿੰਦੇ ਹਨ, “ਮੇਰਾ ਮੰਨਣਾ ਹੈ ਕਿ ਸਬਸਿਡੀ ਪੰਜਾਬੀ ਫਿਲਮਾਂ ਲਈ ਸਾਜ਼ਗਾਰ ਸਾਬਤ ਹੋਈ ਹੈ।”
ਕੈਨੇਡਾ ਅਤੇ ਬਰਤਾਨੀਆ ਵਿੱਚ ਵੱਸ ਚੁੱਕੇ ਪੰਜਾਬੀ ਵੀ ਉੱਥੇ ਆਪਣੇ ਪ੍ਰੋਡਕਸ਼ਨ ਹਾਊਸ ਬਣਾ ਰਹੇ ਹਨ, ਦੁਬਈ ਦੀ ਸਰਕਾਰ ਦਫ਼ਤਰ ਖੋਲ੍ਹਣ ਲਈ ਫ਼ਿਲਮ ਪ੍ਰੋਡਕਸ਼ਨ ਕੰਪਨੀਆਂ ਨੂੰ ਸੱਦਾ ਦੇ ਰਹੀ ਹੈ।
ਫਿਲਮਾਂ ਦੇ ਵਿਸ਼ਿਆਂ ਵਿੱਚ ਬਦਲਾਅ
ਮਨਦੀਪ ਸਿੰਘ ਸਿੱਧੂ ਦੱਸਦੇ ਹਨ ਕਿ ‘ਦੇਸੋਂ ਪ੍ਰਦੇਸ’ ਫ਼ਿਲਮ 1996 ਵਿੱਚ ਬਣੀ, ਫ਼ੇਰ ਇਸ ਤੋਂ ਦੋ ਸਾਲ ਬਾਅਦ, 1998 ਵਿੱਚ ‘ਜਾਅਲੀ ਪਾਸਪੋਰਟ’ ਅਤੇ ‘ਤੇਰੀਆਂ ਮੁਹੱਬਤਾਂ’ ਨਾਵਾਂ ਹੇਠ ਫ਼ਿਲਮਾਂ ਆਈਆਂ ਜਿਹੜੀਆਂ ਵਿਦੇਸ਼ਾਂ ’ਚ ਜਾ ਵਸੇ ਪੰਜਾਬੀਆਂ ਨਾਲ ਸਬੰਧ ਰੱਖਦੀਆਂ ਸਨ।
ਇਸੇ ਤਰ੍ਹਾਂ 1999 ਵਿੱਚ ਦਰਸ਼ਕਾਂ ਨੇ ‘ਦਰਦ ਪ੍ਰਦੇਸਾਂ ਦੇ’ ਫ਼ਿਲਮ ਦੇਖੀ।
ਇਹ ਸਾਰੀਆਂ ਫਿਲਮਾਂ ਸਾਲ 2000 ਤੋਂ ਪਹਿਲਾਂ ਬਣੀਆਂ ਸਨ।
“ਇਨ੍ਹਾਂ ਫਿਲਮਾਂ ਦੇ ਵਿਸ਼ਿਆਂ ਬਾਰੇ ਇਨ੍ਹਾਂ ਦੇ ਨਾਵਾਂ ਤੋਂ ਹੀ ਪਤਾ ਲੱਗ ਜਾਂਦਾ ਹੈ।”
ਉਨ੍ਹਾਂ ਦੱਸਿਆ ਕਿ ਇਨ੍ਹਾਂ ਫਿਲਮਾਂ ਦੇ ਵਿਸ਼ੇ ਸਮਾਜ ਵਿੱਚ ਜਾਗਰੁਕਤਾ, ਆਪਣਾ ਮੁਲਕ ਛੱਡ ਕੇ ਜਾਣ ਦੇ ਦੁੱਖਅਤੇ ਪਰਿਵਾਰ ਤੋਂ ਵਿਛੋੜੇ ਦੁਆਲੇ ਘੁੰਮਦੇ ਸਨ।
“ਪਰ 2000 ਤੋਂ ਬਾਅਦ ਬਣੀਆਂ ਬਹੁਤੀਆਂ ਫਿਲਮਾਂ ਵਿੱਚ ਸਿਰਫ ਬਾਹਰਲੇ ਲੋਕਾਂ ਦੀ ਅਮੀਰੀ ਹੀ ਵਿਖਾਈ ਗਈ ਹੈ ਨਾ ਕਿ ਪੰਜਾਬ ਦੇ ਹੋਰ ਪਹਿਲੂਆਂ ਨੂੰ ਚੁੱਕਿਆ ਗਿਆ।”
“ਇਨ੍ਹਾਂ ਫਿਲਮਾਂ ਵਿੱਚ ਪ੍ਰਵਾਸ ਨਾਲ ਜੁੜੀਆਂ ਮਾੜੀਆਂ ਗੱਲਾਂ, ਜਾਂ ਬਾਹਰ ਰਹਿੰਦੇ ਪੰਜਾਬੀ ਲੋਕਾਂ ਨੂੰ ਆਉਂਦੀਆਂ ਔਂਕੜਾਂ ਬਾਰੇ ਬਹੁਤ ਘੱਟ ਗੱਲ ਕੀਤੀ ਗਈ।”
ਇਸ ਦਾ ਦਰਸ਼ਕਾਂ ਉੱਤੇ ਵੀ ਬਹੁਤ ਅਸਰ ਪੈਂਦਾ ਹੈ।
ਕੈਨੇਡਾ-ਪੰਜਾਬ ਵਿਸ਼ੇ ਵਾਲੀਆਂ ਕੁਝ ਫਿਲਮਾਂ ਦੀ ਕਹਾਣੀ
2002 ਵਿੱਚ ਪੰਜਾਬੀ ਗਾਇਕ ਹਰਭਜਨ ਮਾਨ ਦੀ ਮੁੱਖ ਭੂਮਿਕਾ ਵਾਲੀ ‘ਜੀ ਆਇਆਂ ਨੂੰ’ ਫਿਲਮ ਰਿਲੀਜ਼ ਹੋਈ ਸੀ।
ਇਹ ਇਸ ਵਿਸ਼ੇ ਬਾਰੇ ਬਣੀਆਂ ਵੱਡੀਆਂ ਅਤੇ ਸ਼ੁਰੂਆਤੀ ਫਿਲਮਾਂ ਵਿੱਚੋਂ ਇੱਕ ਹੈ।
ਇਸ ਕਹਾਣੀ ਵਿੱਚ ਕੈਨੇਡਾ ਵਿੱਚ ਜੰਮੀ ਪਲੀ ਇੱਕ ਕੁੜੀ ਆਪਣੇ ਮਾਪਿਆਂ ਨਾਲ ਪੰਜਾਬ ਆਉਂਦੀ ਹੈ। ਇੱਥੇ ਉਸਦੀ ਮੁਲਾਕਾਤ ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦੇ ਮੁੰਡੇ ਨਾਲ ਹੁੰਦੀ ਹੈ।
ਦੋਵਾਂ ਦੇ ਵਿਆਹ ਦੀ ਗੱਲ ਇਸ ਕਰਕੇ ਸਿਰੇ ਨਹੀਂ ਚੜ੍ਹਦੀ ਕਿਉਂਕਿ ਮੁੰਡਾ ਵਿਆਹ ਤੋਂ ਬਾਅਦ ਕੈਨੇਡਾ ਨਹੀਂ ਜਾਣਾ ਚਾਹੁੰਦਾ।
ਇਹ ਫਿਲਮ ਦੋਵਾਂ ਦੇ ਮੁੜ ਮਿਲਾਪ ਦੇ ਨਾਲ-ਨਾਲ ਪੰਜਾਬ ਅਤੇ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਦੇ ਜੀਵਨ ਢੰਗ ਬਾਰੇ ਵੀ ਦੱਸਦੀ ਹੈ।
2016 ਵਿੱਚ ਆਈ ਅਮਰਿੰਦਰ ਗਿੱਲ ਅਤੇ ਸਰਗੁਨ ਮਹਿਤਾ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਲਵ ਪੰਜਾਬ’ ਕੈਨੇਡਾ ਰਹਿੰਦੇ ਪੰਜਾਬੀ ਜੋੜੇ ਦੁਆਲੇ ਘੁੰਮਦੀ ਹੈ।
ਦੋਵੇਂ ਆਪਣੇ ਛੋਟੀ ਉਮਰ ਦੇ ਪੁੱਤ ਨੂੰ ਪੰਜਾਬ ਵੀ ਲੈ ਕੇ ਆਉਂਦੇ ਹਨ।
ਇਸ ਫਿਲਮ ਵਿੱਚ ਉਨ੍ਹਾਂ ਦੇ ਪੁੱਤ ਨੂੰ ਕੈਨੇਡਾ ਦੇ ਸਕੂਲ ਵਿੱਚ ਪੜ੍ਹਦੇ ਸਮੇਂ ਆਉਂਦੀਆਂ ਮੁਸ਼ਕਲਾਂ ਵੀ ਦਿਖਾਈਆਂ ਗਈਆਂ ਹਨ।
2012 ਵਿੱਚ ਆਈ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਜੱਟ ਐਂਡ ਜੂਲੀਅਟ’ ਪੰਜਾਬ ਤੋਂ ਕੈਨੇਡਾ ਗਏ ਇੱਕ ਕੁੜੀ-ਮੁੰਡੇ ਦੇ ਪਿਆਰ ਦੀ ਕਹਾਣੀ ਹੈ।
ਹਾਲ ਹੀ ਵਿੱਚ ਆਈ ਅਮਰਿੰਦਰ ਗਿੱਲ ਦੀ ਫਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਵਿੱਚ 20ਵੀਂ ਸਦੀ ਦੇ ਸ਼ੁਰੂ ਵਿੱਚ ਕੈਨੇਡਾ ਗਏ ਪੰਜਾਬੀਆਂ ਦੀ ਕਹਾਣੀ ਵਿਖਾਈ ਗਈ ਹੈ।
ਇਸ ਫਿਲਮ ਨੇ ਕੈਨੇਡਾ ਵਿੱਚ ਵੀ ਚੰਗੀ ਕਮਾਈ ਕੀਤੀ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)