ਰਣਜੀਤ ਕੌਰ: ਜਦੋਂ ਭਰੇ ਅਖਾੜੇ ''''ਚ ਲੋਕ ਆਪਣੇ ਪਰਸਾਂ ਵਿੱਚੋਂ ਇਸ ਗਾਇਕਾ ਦੀ ਫੋਟੋ ਦਿਖਾਉਣ ਲੱਗੇ
Saturday, Oct 07, 2023 - 05:02 PM (IST)
ਅਖ਼ਾੜਿਆਂ ਅਤੇ ਦੋਗਾਣਿਆਂ ਦੇ ਦੌਰ ਵਿੱਚ ਆਪਣੇ ਵੱਖਰੇ ਅੰਦਾਜ਼ ਨਾਲ ਸਰੋਤਿਆਂ ਨੂੰ ਬੰਨ੍ਹਣ ਦੀ ਕਲਾ ਵਿੱਚ ਸ਼ਾਇਦ ਹੀ ਰਣਜੀਤ ਕੌਰ ਦਾ ਕੋਈ ਮੁਕਾਬਲਾ ਕਰ ਸਕਦਾ ਹੋਵੇ।
ਉਨ੍ਹਾਂ ਵੱਲੋਂ ਦਹਾਕਿਆਂ ਪਹਿਲਾਂ ਗਾਏ ਗੀਤ ''''ਤੈਨੂੰ ਮਿਲੂੰ ਪਹਿਰ ਦੇ ਤੜਕੇ’, ‘ਲਾਹ ਲਈ ਓ ਮੁੰਦਰੀ ਮੇਰੀ’, ‘ਮੈਨੂੰ ਭੰਗ ਚੜ੍ਹ ਗਈ’ ਅਤੇ ‘ਆਜਾ ਭਾਬੀ ਝੂਟ ਲੈ'''' ਅੱਜ ਵੀ ਲੋਕਾਂ ਦੀ ਜ਼ੁਬਾਨ ਉੱਤੇ ਹਨ।
ਉਨ੍ਹਾਂ ਵੱਲੋਂ ਇਕੱਲਿਆਂ ਅਤੇ ਮੁਹੰਮਦ ਸਦੀਕ ਨਾਲ ਜੋੜੀ ਵਿੱਚ ਗਾਏ ਗੀਤ ਅੱਜ ਵੀ ਹਜ਼ਾਰਾਂ ਲੋਕ ਸੁਣਦੇ ਹਨ।
ਰਣਜੀਤ ਕੌਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਆਪਣੀ ਸ਼ੁਰੂਆਤ ਗੁਰਦੁਆਰਾ ਸਹਿਬ ਵਿੱਚ ਧਾਰਮਿਕ ਗੀਤ ਗਾਉਣ ਤੋਂ ਕੀਤੀ ਸੀ।
ਸ਼ੁਰੂ ਵਿੱਚ ਉਨ੍ਹਾਂ ਦੇ ਪਿਤਾ, ਜਿਨ੍ਹਾਂ ਨੂੰ ‘ਗਿਆਨੀ’ ਜੀ ਕਿਹਾ ਜਾਂਦਾ ਸੀ, ਨੇ ਉਨ੍ਹਾਂ ਨੂੰ ਪੇਸ਼ੇਵਰ ਗਾਇਕ ਬਣਨ ਤੋਂ ਮਨ੍ਹਾ ਕਰ ਦਿੱਤਾ ਸੀ।
ਪਰ ਉਹ ਥੋੜ੍ਹੇ ਸਮੇਂ ਬਾਅਦ ਇਸਦੇ ਲਈ ਰਾਜ਼ੀ ਹੋ ਗਏ ਅਤੇ ਰਣਜੀਤ ਕੌਰ ਸਾਲ 1965 ਵਿੱਚ ਗਾਇਕੀ ਦੇ ਖ਼ੇਤਰ ਵਿੱਚ ਆਏ, ਤੇ ਫਿਰ ਉਨ੍ਹਾਂ ਕਦੇ ਪਿੱਛੇ ਮੁੜਕੇ ਨਹੀਂ ਵੇਖਿਆ।
ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਇੰਨੀ ਚੰਗੀ ਨਹੀਂ ਸੀ, ਉਨ੍ਹਾਂ ਆਪਣੇ ਹੁਨਰ ਦੇ ਦਮ ‘ਤੇ ਆਪਣੇ ਪਰਿਵਾਰ ਨੂੰ ਉੱਚਾ ਚੁੱਕਿਆ ਤੇ ਜ਼ਿੰਮੇਵਾਰੀਆਂ ਨਿਭਾਈਆਂ।
ਧਾਰਮਿਕ ਗਾਇਕੀ ਤੋਂ ਦੋਗਾਣਿਆਂ ਤੱਕ
ਰਣਜੀਤ ਕੌਰ 14 ਕੁ ਸਾਲ ਦੇ ਸਨ, ਜਦੋਂ ਰੋਜ਼ੀ ਰੋਟੀ ਖਾਤਰ ਉਨ੍ਹਾਂ ਦੇ ਪਰਿਵਾਰ ਨੂੰ ਰੋਪੜ ਜ਼ਿਲ੍ਹੇ ਦਾ ਆਪਣਾ ਪਿੰਡ ਛੱਡ ਕੇ ਲੁਧਿਆਣਾ ਆਉਣਾ ਪਿਆ ਸੀ।
ਰਣਜੀਤ ਕੌਰ ਆਪਣੇ ਸਾਰੇ ਭੈਣ-ਭਰਾਵਾਂ ਵਿੱਚੋਂ ਵੱਡੇ ਹਨ। ਘਰ ਵਿੱਚ ਉਨ੍ਹਾਂ ਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ।
ਰਣਜੀਤ ਕੌਰ ਨੇ ਬੀਬੀਸੀ ਨੂੰ ਦੱਸਿਆ, “ਉਦੋਂ ਸਾਡੇ ਲਈ ਲੁਧਿਆਣੇ ਆਉਣਾ ਹੀ ਕੈਨੇਡਾ ਜਾਣ ਵਰਗਾ ਸੀ, ਕਿਉਂਕਿ ਰੋਪੜ ਦਾ ਆਪਣਾ ਘਰ ਛੱਡਣਾ ਔਖਾ ਲੱਗਿਆ ਸੀ।”
ਉਨ੍ਹਾਂ ਦੇ ਪਿਤਾ ਇੱਥੇ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦੇ ਸੀ। ਰਣਜੀਤ ਕੌਰ ਨੇ ਦਸਵੀਂ ਤੱਕ ਦੀ ਪੜ੍ਹਾਈ ਵੀ ਕੀਤੀ ਸੀ, ਪਰ ਉਹ ਦੱਸਦੇ ਹਨ ਕਿ ਘਰ ਦੀ ਆਰਥਿਕ ਹਾਲਤ ਬਿਹਤਰ ਹੁੰਦੀ ਤਾਂ ਸ਼ਾਇਦ ਉਹ ਪੜ੍ਹਾਈ ਜਾਰੀ ਰੱਖਦੇ।
ਰਣਜੀਤ ਕੌਰ ਦੱਸਦੇ ਹਨ ਕਿ ਉਹ ਪਹਿਲਾਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਗੀਤ ਗਾਉਂਦੇ ਹੁੰਦੇ ਸਨ।
“ਇੱਥੇ ਹੀ ਕਰਨੈਲ ਗਿੱਲ ਜੀ ਨੇ ਮੈਨੂੰ ਸੁਣਿਆ ਸੀ ਅਤੇ ਡੈਡੀ ਨੂੰ ਸਲਾਹ ਦਿੱਤੀ ਸੀ ਕਿ ਕੁੜੀ ਨੂੰ ਗਾਇਕੀ ਵਿੱਚ ਲੈ ਆਓ, ਪਹਿਲਾਂ ਪਹਿਲਾਂ ਡੈਡੀ ਨੇ ਇੰਨੀ ਗ਼ੌਰ ਨਹੀਂ ਕੀਤੀ।”
ਉਨ੍ਹਾਂ ਅੱਗੇ ਦੱਸਿਆ, “ਫਿਰ ਹੋਰ ਵੀ ਕਈ ਜਣੇ ਘਰ ਆਉਣ ਲੱਗ ਗਏ ਕਿ ਆਪਣੀ ਕੁੜੀ ਨੂੰ ਸਾਡੇ ਨਾਲ ਗਵਾ ਦਿਓ, ਪਹਿਲਾਂ ਡੈਡੀ ਮਨ੍ਹਾ ਕਰਦੇ ਸੀ ਫਿਰ ਹੌਲੀ ਹੌਲੀ ਉਨ੍ਹਾਂ ਨੇ ਮਨ ਬਣਾ ਲਿਆ।”
ਉਹ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਵੀ ਉਨ੍ਹਾਂ ਦੇ ਪਿਤਾ ਜੀ ਦਾ ਫ਼ੈਸਲਾ ਬਦਲਣ ਵਿੱਚ ਭੂਮਿਕਾ ਨਿਭਾਈ ਸੀ।
ਰਣਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਸਖ਼ਤ ਸੁਭਾਅ ਦੇ ਸਨ।
“ਭਾਵੇਂ ਮੈਂ ਸਟੇਜਾਂ ਲਾਉਣ ਲੱਗ ਗਈ ਸੀ, ਫਿਰ ਵੀ ਸਾਨੂੰ ਕਿਸੇ ਵੀ ਭੈਣ ਨੂੰ ਫ਼ੋਨ ਚੁੱਕਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਹੁਣ ਵੀ ਮੈਨੂੰ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਜੇ ਮੈਂ ਇਹ ਕੀਤਾ ਤਾਂ ਡੈਡੀ ਕੀ ਕਹਿਣਗੇ”, ਇਹ ਕਹਿੰਦਿਆਂ ਹੀ ਉਹ ਫਿਰ ਹੱਸਣ ਲੱਗ ਗਏ।
ਪਹਿਲੇ ਗਾਣੇ ਨਾਲ ਹੀ ਬਣਾਈ ਆਪਣੀ ਥਾਂ
ਰਣਜੀਤ ਕੌਰ ਨੇ ਦੱਸਿਆ, “1966 ਵਿੱਚ ਮੇਰਾ ਪਹਿਲਾ ਗੀਤ ਰਿਕਾਰਡ ਹੋਇਆ ਸੀ। ਉਹ ਗੀਤ ਸੀ ‘ਮਾਹੀ ਵੇ ਮਾਹੀ ਮੈਨੂੰ ਭੰਗ ਚੜ੍ਹ ਗਈ’। ਉਹ ਗੀਤ ਟੌਪ ਸੇਲ ’ਤੇ ਆ ਗਿਆ ਸੀ। ਸਾਰੇ ਕਲਾਕਾਰ ਵੀ ਹੈਰਾਨ ਸੀ ਵੀ ਇਹ ਰਣਜੀਤ ਕੌਰ ਕੌਣ ਹੈ।”
“ਉਹ ਪਹਿਲੀ ਰਿਕਾਰਡਿੰਗ ਇੱਕੋ ਟੇਕ ਵਿੱਚ ਓਕੇ ਹੋ ਗਈ ਸੀ।”
“ਮੈਂ ਬੱਸ ਗੀਤ ਯਾਦ ਕਰਕੇ ਗਾ ਦਿੱਤਾ ਸੀ। ਗੀਤ ਇੰਨਾਂ ਚੱਲਿਆ ਅਸੀਂ ਖੁਦ ਹੈਰਾਨ ਸੀ। ਜਿਹੜੇ ਗਾਇਕ ਨਾਲ ਉਹ ਗੀਤ ਰਿਕਾਰਡ ਹੋਇਆ ਸੀ ਉਨ੍ਹਾਂ ਦੇ ਉਸਤਾਦ ਮੇਰੇ ਡੈਡੀ ਨੂੰ ਜਾਣਦੇ ਸੀ। ਉਨ੍ਹਾਂ ਨੇ ਮੇਰੇ ਡੈਡੀ ਨਾਲ ਗੱਲ ਕੀਤੀ ਸੀ ਗੀਤ ਰਿਕਾਰਡ ਕਰਵਾਉਣ ਬਾਰੇ।”
ਰਣਜੀਤ ਕੌਰ ਜੀ ਦੱਸਦੇ ਹਨ ਕਿ ਉਨ੍ਹਾਂ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਲਈ ਵੀ ਕਈ ਸਟੇਜਾਂ ਤੋਂ ਗਾਇਆ।
ਉਨ੍ਹਾਂ ਦੱਸਿਆ, “ ਵੀਹ ਰੁਪਏ ਫ਼ੀਸ ਸੀ ਉਦੋਂ, ਕਈ ਵਾਰ ਕੈਸ਼ ਦਿੰਦੇ ਸੀ ਕਈ ਵਾਰ ਚੈੱਕ ਵੀ ਦਿੰਦੇ ਸੀ। ਚੈੱਕ ਮੇਰੇ ਡੈਡੀ ਨੇ ਚੱਕੀ ਫਿਰਨਾ। ਬੈਂਕ ਦਾ ਖਾਤਾ ਵੀ ਖੁਲ੍ਹਵਾ ਲਿਆ ਸੀ ਫਿਰ। ਮੇਰੇ ਡੈਡੀ ਪਬਲਿਕ ਰਿਲੇਸ਼ਨ ਵਾਲਿਆਂ ਨੂੰ ਕਹਿੰਦੇ ਸੀ ਚੈੱਕ ਨਾਲ ਖੱਜਲ ਖੁਆਰੀ ਹੁੰਦੀ ਹੈ ਸਾਡੀ, ਫਿਰ ਉਹ ਕੈਸ਼ ਹੀ ਦੇਣ ਲੱਗ ਗਏ ਸੀ।”
ਮੁਹੰਮਦ ਸਦੀਕ ਨਾਲ ਜੋੜੀ
ਬਾਅਦ ਵਿੱਚ ਉਨ੍ਹਾਂ ਦੀ ਮੁਹੰਮਦ ਸਦੀਕ ਨਾਲ ਦੋਗਾਣਾ ਜੋੜੀ ਬਣ ਗਈ। ਉਹ ਦੱਸਦੇ ਹਨ ਕਿ ਮੁਹੰਮਦ ਸਦੀਕ ਨਾਲ ਪਹਿਲਾ ਅਖਾੜਾ ਉਨ੍ਹਾਂ ਨੇ ਪਿੰਡ ਰਾਜੇਆਣਾ ਵਿੱਚ ਲਾਇਆ ਸੀ।
ਉਨ੍ਹਾਂ ਕਿਹਾ, “ਮੈਂ ਜਦੋਂ ਸਾਬਰ ਹੁਸੈਨ ਜੀ ਨਾਲ ਪ੍ਰੋਗਰਾਮ ਕਰਦੀ ਹੁੰਦੀ ਸੀ ਤਾਂ ਉੱਥੋਂ ਸਾਨੂੰ ਪਤਾ ਲੱਗਿਆ ਸੀ ਕਿ ਸਦੀਕ ਭਾਜੀ ਦੀ ਪਾਰਟੀ ਟੁੱਟ ਗਈ। ਸਦੀਕ ਭਾਜੀ ਨੇ ਵੀ ਮੇਰੇ ਬਾਰੇ ਸੁਣਿਆ ਹੋਇਆ ਸੀ। ਫਿਰ ਮੇਰੇ ਡੈਡੀ ਦੀ ਸਦੀਕ ਭਾਜੀ ਨਾਲ ਮੁਲਾਕਾਤ ਹੋਈ ਅਤੇ ਅਸੀਂ ਇਕੱਠੇ ਗਾਉਣ ਲੱਗੇ।“
ਰਣਜੀਤ ਕੌਰ ਨੇ ਦੱਸਿਆ, “ਪ੍ਰੋਗਰਾਮ ਤੋਂ ਪਹਿਲਾਂ ਸਦੀਕ ਭਾਜੀ ਸਾਡੇ ਘਰ ਆਉਂਦੇ ਸੀ, ਇੱਥੋਂ ਹੀ ਅਸੀਂ ਪ੍ਰੋਗਰਾਮ ਲਈ ਜਾਂਦੇ ਸੀ। ਪੇਮੈਂਟ ਵੰਡ ਕੇ ਫਿਰ ਆਪੋ-ਆਪਣੇ ਘਰ ਨੂੰ ਆ ਜਾਂਦੇ ਸੀ।”
ਰਣਜੀਤ ਕੌਰ ਅਤੇ ਮੁਹੰਮਦ ਸਦੀਕ ਨੇ ਕਰੀਬ ਤੀਹ ਸਾਲ ਇਕੱਠਿਆਂ ਗਾਇਆ ਹੈ। ਉਨ੍ਹਾਂ ਦੇ ਅਖਾੜੇ ਅਤੇ ਗੀਤ ਲੋਕਾਂ ਨੇ ਬਹੁਤ ਪਸੰਦ ਕੀਤੇ ਅਤੇ ਬਹੁਤ ਮਕਬੂਲ ਹੋਏ।
ਜਦੋਂ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦੀ ਪੱਕੀ ਪਾਰਟੀ ਬਣੀ, ਰਣਜੀਤ ਕੌਰ ਜੀ ਦੇ ਪਿਤਾ ਜਿਨ੍ਹਾਂ ਨੂੰ ਗਿਆਨੀ ਜੀ ਕਿਹਾ ਜਾਂਦਾ ਸੀ, ਉਹ ਮੈਨੇਜਰ ਦੀ ਭੂਮਿਕਾ ਨਿਭਾਉਂਦੇ ਰਹੇ ਅਤੇ ਕਾਫੀ ਸਮਾਂ ਅਖਾੜਿਆਂ ਵਿੱਚ ਉਨ੍ਹਾਂ ਦੇ ਨਾਲ ਜਾਂਦੇ ਰਹੇ।
ਜਦੋਂ ਅਖਾੜੇ ਵਿੱਚ ਖਾੜਕੂ ਆ ਗਏ
ਰਣਜੀਤ ਕੌਰ ਨੇ ਪੰਜਾਬ ਵਿੱਚ ਅੱਤਵਾਦ ਦੇ ਦਿਨਾਂ ਵਿੱਚ ਉਨ੍ਹਾਂ ਨਾਲ ਵਾਪਰੀ ਇੱਕ ਘਟਨਾ ਬਾਰੇ ਦੱਸਿਆ।
“ਇਸ ਦੌਰਾਨ ਕਲਾਕਾਰਾਂ ‘ਤੇ ਅਸਰ ਤਾਂ ਪਿਆ ਸੀ। ਫਿਰ ਵੀ ਅਖਾੜੇ ਅਸੀਂ ਲਾਉਂਦੇ ਰਹੇ ਹਾਂ, ਮਜਬੂਰੀਆਂ ਵੀ ਸੀ। ਅਸੀਂ ਇੱਕ ਵਾਰ ਫ਼ਿਰੋਜ਼ਪੁਰ ਵੱਲ ਪ੍ਰੋਗਰਾਮ ਲਾਉਣ ਗਏ ਉੱਥੇ ਕੁਝ ਖਾੜਕੂ ਆ ਗਏ, ਨਾਮ ਤਾਂ ਨਹੀਂ ਮੈਂ ਹੁਣ ਲੈਂਦੀ। ਉਹ ਕੋਠੇ ‘ਤੇ ਬੈਠ ਕੇ ਸਾਡਾ ਪ੍ਰੋਗਰਾਮ ਦੇਖਣ ਲੱਗ ਗਏ।”
ਉਹ ਦੱਸਦੇ ਹਨ, “ਸਰਦੀਆਂ ਵਿੱਚ ਰਾਤ ਦਾ ਪ੍ਰੋਗਰਾਮ ਸੀ। ਸਾਨੂੰ ਉਸ ਵੇਲੇ ਕੁਝ ਨਹੀਂ ਸੀ ਪਤਾ। ਜਦੋਂ ਗਾ ਕੇ ਅਸੀਂ ਸਟੇਜ ਤੋਂ ਥੱਲੇ ਆਏ ਤਾਂ ਘਰ ਵਾਲਿਆਂ ਨੇ ਸਾਨੂੰ ਕਿਹਾ ਕਿ ਖਾਣਾ ਖਾ ਕੇ ਜਾਇਓ। ਵਿਹੜੇ ਵਿੱਚ ਹੀ ਉਨ੍ਹਾਂ ਦਾ ਚੁੱਲ੍ਹਾ ਸੀ, ਮੈਂ ਵੀ ਕੋਲ ਬਹਿ ਕੇ ਸੇਕਣ ਲੱਗ ਗਈ ਤੇ ਉਨ੍ਹਾਂ ਦੇ ਨਾਲ ਹੀ ਰੋਟੀਆਂ ਪਕਾਉਣ ਲੱਗ ਗਈ।”
“ਕੋਲ ਹੀ ਮੰਜੇ ‘ਤੇ ਬਹਿ ਕੇ ਸਾਡੇ ਨਾਲਦੇ ਮੁੰਡਿਆਂ ਨੇ ਰੋਟੀ ਖਾ ਲਈ, ਤੇ ਸਦੀਕ ਭਾਜੀ ਨੂੰ ਉਹ ਅੰਦਰ ਲੈ ਗਏ। ਦਸ-ਪੰਦਰਾਂ ਮਿੰਟ ਬਾਅਦ ਭਾਜੀ ਨੇ ਬਾਹਰ ਆ ਕੇ ਰੋਟੀ ਖਾ ਲਈ। ਰਸਤੇ ਵਿੱਚ ਫਿਰ ਭਾਜੀ ਨੇ ਉਨ੍ਹਾਂ ਦਾ ਨਾਮ ਲੈ ਕੇ ਦੱਸਿਆ ਕਿ ਅੰਦਰ ਫਲਾਣੇ ਸੀ, ਕਹਿੰਦੇ ਸੀ ਅਖਾੜਾ ਚੰਗਾ ਸੀ ਤੁਹਾਡਾ।”
ਜਦੋਂ ਲੋਕ ਬਟੂਏ ਵਿੱਚੋਂ ਫੋਟੋ ਵਿਖਾਉਣ ਲੱਗ ਪਏ
ਰਣਜੀਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਮਨ ਵਿੱਚ ਕਦੇ ਵੀ ਸੈਲੀਬ੍ਰਿਟੀ ਹੋਣ ਦਾ ਅਹਿਸਾਸ ਨਹੀਂ ਆਇਆ। ਹੱਸਦਿਆਂ ਉਨ੍ਹਾਂ ਨੇ ਕਿਹਾ, “ਜਦੋਂ ਤੁਹਾਡੇ ਵਾਂਗ ਕੋਈ ਆਉਂਦਾ ਹੈ ਤਾਂ ਲਗਦਾ ਹੈ ਕਿ ਕੁਝ ਹੋਵਾਂਗੇ ਹੀ ਤਾਂ ਹੀ ਆਉਂਦੇ ਨੇ।”
ਆਪਣੇ ਸਟਾਰਡਮ ਦੇ ਦੌਰ ਦਾ ਇੱਕ ਕਿੱਸਾ ਸੁਣਾਉਂਦਿਆਂ ਰਣਜੀਤ ਕੌਰ ਪਹਿਲਾਂ ਹੱਸਣ ਲੱਗੇ ਤੇ ਸ਼ਰਮਾਏ, ਫਿਰ ਬੋਲੇ, “ਇੱਕ ਵਾਰ ਸਟੇਜ ਤੋਂ ਮੈਂ ਗੀਤ ਗਾਇਆ ‘ਵਿਆਹ ਵਾਲੇ ਦਿਨ ਮਿੱਤਰਾ ਤੈਨੂੰ ਮਿਲੂੰ ਪਹਿਰ ਦੇ ਤੜਕੇ’।”
“ਲੋਕ ਇੱਕ ਦਮ ਜੋਸ਼ ਵਿੱਚ ਆ ਗਏ। ਮੈਂ ਵੀ ਸੋਚਿਆ ਕਿਤੇ ਮੈਂ ਕੁਝ ਗਲਤ ਤਾਂ ਨਹੀਂ ਕਹਿ ਦਿੱਤਾ। ਤੇ ਆਪਣੇ-ਆਪਣੇ ਪਰਸਾਂ ਵਿੱਚੋਂ ਮੇਰੀ ਫੋਟੋ ਕੱਢ ਕੇ ਦਿਖਾਉਣ ਲੱਗ ਗਏ।''''''''
''''''''ਮੈਂ ਸ਼ਰਮ ਨਾਲ ਚੁੰਨੀ ਆਪਣੇ ਮੂੰਹ ’ਤੇ ਲੈ ਲਈ ਵੀ ਆਹ ਕੀ ਹੋ ਗਿਆ। ਇਹ ਦੇਖ ਕੇ ਇੰਨੇ ਲੋਕਾਂ ਨੇ ਮੇਰੀ ਫੋਟੋ ਆਪਣੇ ਪਰਸਾਂ ਵਿੱਚ ਰੱਖੀ ਹੈ, ਮੈਨੂੰ ਘਬਰਾਹਟ ਵੀ ਹੋਈ ਤੇ ਪਿਆਰ ਵੀ ਆਇਆ।”
ਰਣਜੀਤ ਕੌਰ ਦੱਸਦੇ ਹਨ ਕਿ ਉਦੋਂ ਰਾਬਤੇ ਦੇ ਇੰਨੇ ਸਾਧਨ ਨਹੀਂ ਸਨ ਅਤੇ ਉਹ ਵੀ ਪ੍ਰੋਗਰਾਮ ਤੋਂ ਬਾਅਦ ਸਿੱਧੇ ਉੱਥੋਂ ਘਰ ਆ ਜਾਂਦੇ ਸੀ। “ਲੋਕ ਚਿੱਠੀਆਂ ਬਹੁਤ ਲਿਖਦੇ ਸੀ, ਸਾਡਾ ਲੈਟਰ ਬੌਕਸ ਭਰ ਜਾਂਦਾ ਸੀ।”
ਰਣਜੀਤ ਕੌਰ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ਨੂੰ ਵੀ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲੇ ਦੌਰੇ ਵਿੱਚ ਉਨ੍ਹਾਂ ਨੇ ਥਾਈਲੈਂਡ, ਸਿੰਗਾਪੁਰ ਤੇ ਇੰਗਲੈਂਡ ਸਮੇਤ ਕਈ ਦੇਸਾਂ ਵਿੱਚ ਪ੍ਰੋਗਰਾਮ ਲਗਾਏ।
“ਜਦੋਂ ਗਿਆਰਾਂ ਕੁ ਮਹੀਨੇ ਹੋ ਗਏ ਅਤੇ ਦੀਵਾਲੀ ਨੇੜੇ ਆ ਗਈ ਫਿਰ ਅਸੀਂ ਕਿਹਾ ਕਿ ਦੀਵਾਲੀ ਤਾਂ ਅਸੀਂ ਘਰੇ ਹੀ ਮਨਾਵਾਂਗੇ।”
ਜਿਨ੍ਹਾਂ ਲੋਕਾਂ ਨੇ ਰਣਜੀਤ ਕੌਰ ਦੀ ਗਾਇਕੀ ਪਸੰਦ ਕੀਤੀ, ਓਨੀ ਹੀ ਉਨ੍ਹਾਂ ਦੀ ਸ਼ਖਸੀਅਤ ਅਤੇ ਦਿੱਖ ਨੂੰ ਪਸੰਦ ਕੀਤਾ।
ਰਣਜੀਤ ਕੌਰ ਖੁਦ ਕਹਿੰਦੇ ਹਨ, “ਮੈਨੂੰ ਸੂਟਾਂ ਦਾ ਸ਼ੌਕ ਰਿਹਾ ਹੈ। ਮੈਂ ਸੂਟ ਬਹੁਤ ਵਧੀਆ ਪਾਉਂਦੀ ਸੀ। ਮੈਨੂੰ ਲਗਦਾ ਸੀ ਵੀ ਕੋਈ ਨੁਕਸ ਨਾ ਕੱਢ ਦੇਵੇ।”
ਸਟਾਰਡਮ ਵਾਲੇ ਦੌਰ ਦੀ ਇੱਕ ਹੋਰ ਗੱਲ ਸੁਣਾਉਂਦਿਆਂ ਉਨ੍ਹਾਂ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੂੰ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ।
“ਮੈਂ ਕਿਹਾ ਮੈਂ ਹਾਲੇ ਨਹੀਂ ਕਰਵਾਉਣਾ। ਫਿਰ ਜਦੋਂ ਮੈਂ ਚਾਲੀ ਕੁ ਸਾਲ ਦੀ ਹੋ ਗਈ ਫਿਰ ਇਹ ਸਵਾਲ ਕਿਸੇ ਨੇ ਪੁੱਛਿਆ। ਮੈਂ ਕਿਹਾ ਦੇਖੋ ਕਿਸੇ ਨੌਜਵਾਨ ਨੇ ਮੇਰੇ ਨਾਲ ਨਹੀਂ ਕਰਾਉਣਾ, ਬਜ਼ੁਰਗ ਨਾਲ ਮੈਂ ਨਹੀਂ ਕਰਵਾਉਂਦੀ, ਮੇਰਾ ਇਹ ਜਵਾਬ ਸੁਣ ਕੇ ਇੰਟਰਵਿਊ ਲੈਣ ਵਾਲਾ ਵੀ ਬਹੁਤ ਹੱਸਿਆ।”
ਨਿਮਰਤਾ ਅਤੇ ਮੋਹ ਭਰੀ ਸ਼ਖ਼ਸੀਅਤ ਦੇ ਮਾਲਕ
ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਪਹਿਲੀ ਵਾਰ ਮਿਲਣ ’ਤੇ ਹੀ ਇੰਝ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨਾਲ ਕੋਈ ਬਹੁਤ ਪੁਰਾਣੀ ਸਾਂਝ ਹੋਵੇ।
ਉਹ ਬਹੁਤ ਸਹਿਜੇ ਹੀ ਸਾਹਮਣੇ ਵਾਲੇ ਨੂੰ ਆਪਣੇ-ਪਣ ਦਾ ਅਹਿਸਾਸ ਕਰਵਾ ਦਿੰਦੇ ਹਨ।
ਰਣਜੀਤ ਕੌਰ ਅਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਹਨ।
ਜਦੋਂ ਮਿਲਣ ਤੋਂ ਪਹਿਲਾਂ ਇੰਟਰਵਿਊ ਕਰਨ ਬਾਰੇ ਉਨ੍ਹਾਂ ਨਾਲ ਫ਼ੋਨ ‘ਤੇ ਗੱਲ ਹੋਈ ਤਾਂ ਉਨ੍ਹਾਂ ਦੀ ਅਵਾਜ਼ ਵਿੱਚ ‘ਜੀ ਆਇਆਂ’ ਦਾ ਅਹਿਸਾਸ ਸੀ।
ਉਨ੍ਹਾਂ ਦੇ ਦੱਸੇ ਪਤੇ ’ਤੇ ਲੁਧਿਆਣਾ ਪਹੁੰਚੇ ਤਾਂ ਉਨ੍ਹਾਂ ਦੇ ਘਰ ਦੀ ਗਲੀ ਤੋਂ ਕੁਝ ਪਿੱਛੇ ਹੀ ਰੁਕ ਕੇ ਗੱਡੀ ਵਿੱਚੋਂ ਉਤਰ ਗਏ।
ਪੈਦਲ ਹੀ ਉਨ੍ਹਾਂ ਦਾ ਘਰ ਲੱਭਣ ਦੀ ਕੋਸ਼ਿਸ਼ ਵਿੱਚ ਅਸੀਂ ਉਨ੍ਹਾਂ ਦੇ ਮੁਹੱਲੇ ਤੋਂ ਇੱਕ ਅੰਕਲ ਜੀ ਨੂੰ ਪੁੱਛ ਲਿਆ ਕਿ ਇੱਥੇ ਰਣਜੀਤ ਕੌਰ ਜੀ ਦਾ ਘਰ ਕਿਹੜਾ ਹੈ।
ਰਣਜੀਤ ਕੌਰ ਦਾ ਨਾਮ ਸੁਣ ਕੇ ਜਿਵੇਂ ਉਨ੍ਹਾਂ ਨੂੰ ਚਾਅ ਚੜ੍ਹ ਗਿਆ। ਉਨ੍ਹਾਂ ਨੇ ਬੜਾ ਮਾਣ ਮਹਿਸੂਸ ਕਰਦਿਆਂ ਕਿਹਾ, “ਆਓ ਮੈਂ ਤੁਹਾਨੂੰ ਰਣਜੀਤ ਭੈਣ ਜੀ ਦੇ ਘਰ ਛੱਡ ਕੇ ਆਉਂਦਾ ਹੈ।”
ਉਨ੍ਹਾਂ ਦੀਆਂ ਗੱਲਾਂ ਵਿੱਚੋਂ ਇਸ ਗੱਲ ਦਾ ਮਾਣ ਝਲਕ ਰਿਹਾ ਸੀ ਕਿ ਰਣਜੀਤ ਕੌਰ ਜੀ ਇੰਨੇ ਸਮੇਂ ਤੋਂ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਹਨ।
ਘਰ ਪਹੁੰਚ ਕੇ ਡਰਾਇੰਗ ਰੂਮ ਵਿੱਚ ਬੈਠੇ ਹੀ ਸੀ ਕਿ ਉਨ੍ਹਾਂ ਨੇ ਆਪਣੇ ਕਮਰੇ ਵਿੱਚ ਸੱਦ ਕੇ ਕਿਹਾ, “ਬਾਹਰ ਗਰਮੀ ਲੱਗਦੀ ਹੋਣੀ ਐ, ਮੇਰੇ ਕੋਲ ਹੀ ਆ ਬਹੋ।”
ਉਹ ਇੰਟਰਵਿਊ ਲਈ ਤਿਆਰ ਹੋਣਾ ਸ਼ੁਰੂ ਹੀ ਹੋਏ ਸੀ। “ਸੂਟ ਕਿਹੜਾ ਪਾਵਾਂ, ਕੰਨਾਂ ਵਿੱਚ ਕਾਂਟੇ ਕਿਹੜੇ ਪਾਵਾਂ?” ਨਾਲ-ਨਾਲ ਪੁੱਛਦੇ ਰਹੇ। ਸਾਡੇ ਨਾਲ ਗੱਲਾਂ ਕਰਦੇ ਕਰਦੇ ਤਿਆਰ ਹੋ ਗਏ। ਨਾਲ-ਨਾਲ ਆਪਣੇ-ਆਪ ਨੂੰ ਵਧਦੀ ਉਮਰ ਦੀਆਂ ਟਿੱਚਰਾਂ ਕਰੀ ਗਏ।
ਉਨ੍ਹਾਂ ਦੀ ਉਮਰ 80 ਸਾਲ ਤੋਂ ਉੱਤੇ ਹੋ ਚੁੱਕੀ ਹੈ। ਵੱਡੀ ਉਮਰ ਹੋਣ ਦੇ ਨਾਤੇ, ਕੁਝ ਸਿਹਤ ਸਬੰਧੀ ਸਮੱਸਿਆਵਾਂ ਵੀ ਹਨ, ਗੱਲ ਵੀ ਭੁੱਲ ਜਾਂਦੇ ਨੇ, ਪਰ ਰੂਹ ਤੋਂ ਪੂਰੀ ਤਰ੍ਹਾਂ ਜਵਾਨ ਹੀ ਜਾਪੇ।
ਦੂਰੋਂ-ਦੂਰੋਂ ਦੇਖੀਏ ਤਾਂ ਹਸਮੁਖ ਚਿਹਰਾ, ਕੋਲ ਬਹਿ ਕੇ ਦਿਲ ਫਰੋਲੀਏ ਤਾਂ ਕੁਝ ਗਿਲੇ-ਸ਼ਿਕਵੇ, ਤੇ ਦੁੱਖ-ਸੁੱਖ ਦੇ ਕਿੱਸੇ।
ਉਹ ਆਪਣੇ ਭਰਾ ਦੇ ਪਰਿਵਾਰ ਨਾਲ ਰਹਿੰਦੇ ਹਨ, ਲੁਧਿਆਣਾ ਦੇ ਉਸੇ ਘਰ ਵਿੱਚ ਜੋ ਰਣਜੀਤ ਜੀ ਨੇ ਆਪਣੀ ਕਮਾਈ ਨਾਲ ਬਣਾਇਆ। ਬਹੁਤੇ ਸੀਨੀਅਰ ਕਲਾਕਾਰਾਂ ਦੇ ਮੁਕਾਬਲੇ ਬਿਹਤਰ ਆਰਥਿਕ ਹਾਲਤ ਵਿੱਚ ਹਨ, ਪਰ ਉਸ ਮੁਤਾਬਕ ਨਹੀਂ ਜਿਨ੍ਹਾਂ ਉਨ੍ਹਾਂ ਦਾ ਸਟਾਰਡਮ ਰਿਹਾ। ਉਨ੍ਹਾਂ ਦਾ ਪਰਿਵਾਰ ਵੀ ਪਿਆਰਾ ਜਾਪਿਆ।
ਜ਼ਿੰਦਗੀ ਦੀਆਂ ਖਵਾਹਿਸ਼ਾਂ
ਆਪਣੇ ਸ਼ੌਕ ਪੁਗਾਉਣ ਬਾਰੇ ਉਹ ਕਹਿੰਦੇ ਹਨ, “ਆਪਣੇ ਬਾਰੇ ਤਾਂ ਸੋਚਣ ਦਾ ਟਾਈਮ ਹੀ ਨਹੀਂ ਮਿਲਿਆ।ਘਰ ਦੀਆਂ ਜ਼ਿੰਮੇਵਾਰੀਆਂ ਸੀ। ਭੈਣ-ਭਰਾਵਾਂ ਦੇ ਵਿਆਹ ਕਰਨੇ ਸੀ, ਘਰ ਬਣਾਉਣਾ ਸੀ, ਇਹ ਅਹਿਸਾਸ ਹੀ ਨਹੀਂ ਹੋਇਆ ਕਿ ਮੇਰਾ ਵਿਆਹ ਨਹੀਂ ਹੋਇਆ। ਕਿਉਂਕਿ ਮੈਂ ਹੀ ਕਬੀਲਦਾਰ ਸੀ।”
ਉਨ੍ਹਾਂ ਕਿਹਾ, “ਖਵਾਹਿਸ਼ਾਂ ਤਾਂ ਇਨਸਾਨ ਦੀਆਂ ਮੁੱਕਦੀਆਂ ਨਹੀਂ, ਪਰ ਮੈਂ ਬਹੁਤ ਸੰਤੁਸ਼ਟ ਹਾਂ। ਮੈਨੂੰ ਕੋਈ ਪਛਤਾਵਾ ਨਹੀਂ ਕਿ ਬਾਹਰ ਨਹੀਂ ਗਏ, ਕੁਝ ਪਾਇਆ ਹੰਢਾਇਆ ਨਹੀਂ। ਮੈਂ ਸਭ ਕੁਝ ਕੀਤਾ, ਸਭ ਕੁਝ ਵਧੀਆ ਰਿਹਾ ਹੈ। ਮੈਨੂੰ ਲੋਕਾਂ ਦਾ ਇੰਨਾਂ ਪਿਆਰ ਮਿਲਿਆ ਹੈ।”
ਇਹ ਕਹਿੰਦਿਆਂ ਉਹ ਰੋਣ ਲੱਗ ਪਏ ਤੇ ਕਿਹਾ, “ਮੈਨੂੰ ਮੇਰੇ ਸ੍ਰੋਤਿਆਂ ਨੇ ਹੀ ਸਾਂਭਿਆ ਹੋਇਆ ਹੈ ਹੁਣ ਤੱਕ, ਮੈਨੂੰ ਬਹੁਤ ਪਿਆਰ ਮਿਲਿਆ ਹੈ, ਮੈਨੂੰ ਵੀ ਆਪਣੇ ਸੁਣਨ ਵਾਲਿਆਂ ਨਾਲ ਬਹੁਤ ਪਿਆਰ ਹੈ, ਮੈਂ ਇੰਨੇ ਜੋਗੀ ਹੈ ਨਹੀਂ ਸੀ, ਜਿਨ੍ਹਾਂ ਉਨ੍ਹਾਂ ਨੇ ਮੈਨੂੰ ਸਮਝਿਆ ਹੈ।”
ਉਹ ਕਹਿੰਦੇ ਹਨ, “ਮੈਨੂੰ ਹੁਣ ਵੀ ਕਈ ਵਾਰ ਸੁਫਨਾ ਆ ਜਾਂਦੈ ਕਿ ਮੈਂ ਪੜ੍ਹ ਰਹੀ ਹਾਂ, ਰੋ ਵੀ ਰਹੀ ਹਾਂ ਕਿ ਪੜ੍ਹਾਈ ਸਮਝ ਨਹੀਂ ਆ ਰਹੀ।” ਇਹ ਕਹਿ ਕੇ ਰਣਜੀਤ ਕੌਰ ਹੱਸਣ ਲੱਗ ਗਏ।
ਲੁਧਿਆਣਾ ਆਉਣ ਬਾਅਦ ਉਹ ਕੁਝ ਸਮਾਂ ਇੱਥੋਂ ਦੇ ਪਿੰਡ ਜਮਾਲਪੁਰ ਵੀ ਰਹੇ।
ਇੰਟਰਵਿਊ ਦੌਰਾਨ ਜਦੋਂ ਰੋਣ ਲੱਗ ਪਏ ਰਣਜੀਤ ਕੌਰ
ਲੋਕਾਂ ਤੋਂ ਮਿਲੇ ਪਿਆਰ ਬਾਰੇ ਬੋਲਦਿਆਂ ਉਹ ਰੋਣ ਲੱਗ ਗਏ।
ਕਾਫੀ ਸਮਾਂ ਉਨ੍ਹਾਂ ਅੱਖਾਂ ਵਿੱਚੋਂ ਅੱਥਰੂ ਡਿਗਦੇ ਰਹੇ ਅਤੇ ਉਹ ਬੋਲਦੇ ਰਹੇ।
ਉਨ੍ਹਾਂ ਕਿਹਾ, “ਮੈਂ ਸਵੇਰੇ ਉੱਠ ਕੇ ਅਰਦਾਸ ਕਰਦੀ ਹਾਂ ਕਿ ਮੇਰ ਪੰਜਾਬੀਆਂ ਨੂੰ ਤੱਤੀ ਵਾ ਨਾ ਲੱਗੇ। ਪਰ ਅਸੀਂ ਆਪ ਹੀ ਕਮਲ਼ੇ ਹਾਂ, ਆਪਸ ਵਿੱਚ ਲੜਦੇ ਰਹਿੰਦੇ ਹਾਂ। ਮੈਨੂੰ ਪੰਜਾਬ ਦੀਆਂ ਖ਼ਬਰਾਂ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇੱਕ ਦੂਜੇ ਦੀ ਵੱਢਾ-ਟੁੱਕੀ ਕਰਦੇ ਹਾਂ, ਦੇਖ ਕੇ ਮੇਰਾ ਮਨ ਬਹੁਤ ਉਦਾਸ ਹੋ ਜਾਂਦਾ ਹੈ।”
ਉਹ ਪੰਜਾਬ ਵਿੱਚ ਗੈਂਗਸਟਰ-ਵਾਦ ਬਾਰੇ ਗੱਲ ਕਰ ਰਹੇ ਸੀ। ਲਗਾਤਾਰ ਰੋ ਵੀ ਰਹੇ ਸੀ।
ਫਿਰ ਚੁੰਨੀ ਦੇ ਪੱਲੇ ਨਾਲ ਅੱਥਰੂ ਪੂੰਝਣ ਬਾਅਦ ਭਰੇ ਗਲੇ ਨਾਲ ਬੋਲੇ, “ਮੈਂ ਤਾਂ ਉਨ੍ਹਾਂ ਬੱਚਿਆਂ ਨੂੰ ਵੀ ਕਹਿੰਦੀ ਹਾਂ ਇਨ੍ਹਾਂ ਕੰਮਾਂ ਨੂੰ ਛੱਡੋ। ਆਪ ਵੀ ਦੁਖੀ ਨਾਲ ਸਾਡੇ ਵਰਗਿਆਂ ਨੂੰ ਵੀ ਦੁਖੀ ਕਰਦੇ ਨੇ। ਜਿਨ੍ਹਾਂ ਦੇ ਚਲੇ ਜਾਂਦੇ ਨੇ ਉਹ ਤਾਂ ਦੁਖੀ ਹੈ ਹੀ ਨੇ।”
ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ, “ਇਹ ਵੀ ਸਾਰੇ ਬੱਚੇ ਸਾਡੇ ਪੰਜਾਬ ਦੀ ਮਿੱਟੀ ਦੇ ਹੀ ਨੇ। ਮੈਂ ਕਹਿਨੀਂ ਆ ਜੇ ਕੋਈ ਵਧਦੈ ਅੱਗੇ ਉਸ ਨੂੰ ਵਧਣ ਦਿਓ, ਲੱਤਾਂ ਨਾ ਖਿੱਚੋ। ਸਿੱਧੂ ਚੰਗਾ ਕਲਾਕਾਰ ਸੀ, ਬੱਚਾ ਬੱਚਾ ਉਸ ਨੂੰ ਜਾਣਦਾ ਸੀ। ਸਿਰਫ਼ ਕਲਾਕਾਰ ਕਰਕੇ ਨਹੀਂ ਕਹਿ ਰਹੀ, ਜੇ ਕਲਾਕਾਰ ਨਾ ਵੀ ਹੁੰਦਾ ਫਿਰ ਵੀ ਕਿਸੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ। ਇੰਨੀ ਵੱਡੀ ਦੇਹ ਨੂੰ ਖਤਮ ਕਰ ਦਿੱਤਾ। ਕੀ ਕਹਿੰਦਾ ਸੀ ਕਿਸੇ ਨੂੰ। ਹੁਣ ਆਪ ਵੀ ਕੋਈ ਜੇਲ੍ਹਾਂ ਵਿੱਚ ਬੈਠਾ, ਕੋਈ ਲੁਕਿਆ ਫਿਰਦਾ।”
ਉਨ੍ਹਾਂ ਅੱਗੇ ਕਿਹਾ, “ਜੇ ਤੁਹਾਨੂੰ ਨਹੀਂ ਕੋਈ ਚੰਗਾ ਲਗਦਾ ਤੁਸੀਂ ਨਾ ਸੁਣੋ, ਨਾ ਬੋਲੋ। ਹੋਰ ਵੀ ਬਥੇਰੇ ਹੱਲ ਨੇ, ਇਹ ਤਾਂ ਨਹੀਂ ਕਿ ਕਿਸੇ ਨੂੰ ਜਾਨੋਂ ਹੀ ਮਾਰ ਦਿਓ। ਹੁਣ ਤੁਸੀਂ ਆਪਣਾ ਵੀ ਅੱਗਾ ਮਾਰਿਆ ਹੋਇਆ ਹੈ। ਕਿਤੇ ਟਿਕ ਕੇ ਬਹਿ ਨਹੀਂ ਸਕੇ, ਸਕੂਨ ਨਹੀਂ ਤੁਹਾਡੇ ਦਿਮਾਗ਼ ਨੂੰ।”
ਰਣਜੀਤ ਕੌਰ ਜੀ ਕਹਿਣ ਲੱਗੇ ਜੇ ਮੇਰੇ ਕੋਲ ਫ਼ਿਲਮ ਬਣਾਉਣ ਜੋਗੇ ਪੈਸੇ ਹੋਣ ਤਾਂ ਇਸ ਵਿਸ਼ੇ ਬਾਰੇ ਫ਼ਿਲਮ ਜ਼ਰੂਰ ਬਣਾਵਾਂ।
ਕਲਾਕਾਰਾਂ ਲਈ ਕੀ ਕਰ ਸਕਦੀ ਹੈ ਸਰਕਾਰ ?
ਉਨ੍ਹਾਂ ਕਿਹਾ ਕਿ ਕਈ ਕਲਾਕਾਰ ਵੱਡੀ ਉਮਰ ਵਿੱਚ, ਜਾਂ ਕੰਮ ਘੱਟ ਜਾਣ ਦੀ ਸੂਰਤ ਵਿੱਚ ਮਾੜੀ ਆਰਥਿਕ ਹਾਲਾਤਾਂ ਵੱਲ ਧੱਕੇ ਜਾਂਦੇ ਹਨ। ਕਈ ਵਾਰ ਸੀਨੀਅਰ ਕਲਾਕਾਰਾਂ ਲਈ ਸਰਕਾਰਾਂ ਵੱਲੋਂ ਕਿਸੇ ਪਹਿਲ ਬਾਰੇ ਚਰਚਾਵਾਂ ਹੋਈਆਂ ਹਨ।
ਰਣਜੀਤ ਕੌਰ ਮੰਨਦੇ ਹਨ ਕਿ ਸਰਕਾਰ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਆਰਥਿਕ ਸਹਾਇਤਾ ਸੀਨੀਅਰ ਕਲਾਕਾਰਾਂ ਦੀ ਕਰਨੀ ਚਾਹੀਦੀ ਹੈ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਲਾਕਾਰ ਰਹੇ ਹੋਣ ਕਰਕੇ ਰਣਜੀਤ ਕੌਰ ਨੇ ਉਨ੍ਹਾਂ ਤੋਂ ਹੋਰ ਸਰਕਾਰਾਂ ਦੇ ਮੁਕਾਬਲੇ ਵਧੇਰੇ ਉਮੀਦ ਜਤਾਈ।
ਉਨ੍ਹਾਂ ਮੁੱਖ ਮੰਤਰੀ ਬਾਰੇ ਵੀ ਕਿਹਾ,” ਸਰਕਾਰ ਹੁਣ ਸਾਡੇ ਭਗਵੰਤ ਮਾਨ ਦੀ ਹੈ, ਆਰਟਿਸਟ ਹੈ। ਭਗਵੰਤ ਦੀ ਸੋਚ ਬਹੁਤ ਚੰਗੀ ਹੈ। ਮੈਂ ਹੁਣ ਉਹਨੂੰ ਮਿਲੀ ਨਹੀਂ ਜਦ ਮੈਂ ਮਿਲੂੰਗੀ ਉਹਨੂੰ ਕਹੂੰਗੀ ਤੂੰ ਹੋਰਾਂ ਦੀ ਪਰਵਾਹ ਛੱਡ ਕੇ ਆਪਣੇ ਮਨ ਦੀ ਕਰ।”
ਉਨ੍ਹਾਂ ਅੱਗੇ ਕਿਹਾ, “ ਜੇ ਭਗਵੰਤ ਸੁਣ ਰਿਹੈ ਤਾਂ ਇਹੀ ਕਹੂੰਗੀ ਕਿ ਪਿਛਲੀਆਂ ਸਰਕਾਰਾਂ ਨੇ ਕਲਾਕਾਰਾਂ ਲਈ ਇੱਕ ਐਲਾਨ ਕੀਤਾ ਸੀ। ਸਾਡੇ ਤੋਂ ਜੂਨੀਅਰ ਕਲਾਕਾਰਾਂ ਨੂੰ ਮਿਲ ਗਏ ਸੀ, ਸਾਨੂੰ ਨਹੀਂ ਮਿਲੇ। ਚਿੱਠੀ ਵੀ ਮੇਰੇ ਕੋਲ ਪਈ ਹੈ।''''''''
''''''''ਮੇਰੇ ਇੱਕ ਜਾਣਕਾਰ ਕਹਿੰਦੇ ਸੀ ਇਹ ਚਿੱਠੀ ਤੁਸੀਂ ਭਗਵੰਤ ਮਾਨ ਨੂੰ ਦਿਖਾ ਦਿਓ ਤੇ ਦੱਸੋ ਵੀ ਇਹ ਹਾਲਾਤ ਹੈ, ਹੁਣ ਕੰਮਕਾਰ ਹੈ ਨਹੀਂ, ਤੁਹਾਡਾ ਕੁਝ ਸੋਚਣਗੇ। ਮੈਂ ਕਿਹਾ ਉਹ ਤਾਂ ਸੋਚ ਲਊਗਾ, ਇਹ ਹੈ ਬੱਸ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)