ਇਜ਼ਰਾਇਲ ’ਤੇ ਰਾਕੇਟ ਹਮਲਾ, ਹਮਾਸ ਗਰੁੱਪ ਦਾ ਦਾਅਵਾ 20 ਮਿੰਟਾਂ ’ਚ ਦਾਗੇ 5000 ਰਾਕੇਟ
Saturday, Oct 07, 2023 - 01:17 PM (IST)
ਇਜ਼ਰਾਇਲ ਦੇ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਗਜ਼ਾ ਪੱਟੀ ਤੋਂ ਰਾਕੇਟ ਹਮਲਾ ਕੀਤਾ ਗਿਆ।
ਗਜ਼ਾ ਵਾਲੇ ਪਾਸਿਓਂ ਇਜ਼ਰਾਇਲ ਉੱਤੇ ਕੀਤੇ ਗਏ ਅਚਾਨਕ ਹਮਲਿਆਂ ਵਿੱਚ ਦਰਜਨਾਂ ਕੱਟੜਪੰਥੀ ਗਜ਼ਾ ਪੱਟੀ ਰਾਹੀਂ ਇਜ਼ਰਾਇਲ ਵਿੱਚ ਦਾਖ਼ਲ ਹੋ ਗਏ ਹਨ।
ਇਸ ਤੋਂ ਬਾਅਦ ਪੂਰੇ ਇਜ਼ਰਾਇਲ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਨੂੰ ਕਹਿ ਦਿੱਤਾ ਗਿਆ ਹੈ।
ਫ਼ਲਸਤੀਨੀ ਲੜਾਕਿਆਂ ਨੇ ਗ਼ਜ਼ਾ ਪੱਟੀ ਤੋਂ ਇਜ਼ਰਾਇਲ ਵੱਲ ਰਾਕੇਟ ਵੀ ਦਾਗੇ ਹਨ।
ਇਨ੍ਹਾਂ ਰਾਕੇਟ ਹਮਲਿਆਂ ਤੋਂ ਬਾਅਦ ਇਜ਼ਰਾਇਲ ਦੇ ਵੱਡੇ ਇਲਾਕੇ ਵਿੱਚ ਚੇਤਾਵਨੀ ਦੇ ਸਾਇਰਨ ਵੀ ਸੁਣੇ ਗਏ ਹਨ।
ਤੇਲ ਅਵੀਵ ਅਤੇ ਦੱਖਣੀ ਗਜ਼ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਧਮਾਕੇ ਹੋਣ ਦੀਆਂ ਵੀ ਖ਼ਬਰਾਂ ਹਨ।
ਰਿਪੋਰਟਾਂ ਮੁਤਾਬਕ ਫ਼ਿਲਹਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਫ਼ਲਸਤੀਨੀ ਕੱਟੜਪੰਥੀ ਸਮੂਹ ਹਮਾਸ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਹਮਾਸ ਹੀ ਗਜ਼ਾ ਉੱਤੇ ਸ਼ਾਸਨ ਚਲਾਉਂਦਾ ਹੈ।
ਹਮਾਸ ਨੇ 20 ਮਿੰਟਾਂ ਅੰਦਰ 5000 ਰਾਕੇਟ ਦਾਗੇ ਜਾਣ ਦਾ ਦਾਅਵਾ ਕੀਤਾ ਹੈ।
ਹਮਾਸ ਦੇ ਕਮਾਂਡਰ ਨੇ ਲੇਬਨਾਨ ਦੇ ਲੜਾਕਿਆਂ ਨੂੰ ਇਜ਼ਰਾਇਲ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।
ਖ਼ਬਰ ਏਜੰਸੀ ਰਾਇਟਰਜ਼ ਨੇ ਇਜ਼ਰਾਇਲ ਦੇ ਸ਼ਹਿਰ ਏਸ਼ਕੇਲੋਨ ਵਿੱਚ ਅੱਗ ਬੁਝਾਊ ਦਸਤੇ ਵੱਲੋਂ ਅੱਗ ਬੁਝਾਉਂਦਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਇਸੇ ਵਿਚਾਲੇ ਇਜ਼ਰਾਇਲ ਦੇ ਪ੍ਰਧਾਨ ਮੰਤੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਰਾਕੇਟ ਹਮਲੇ ਤੋਂ ਬਾਅਦ ਸੁਰੱਖਿਆ ਮੁਖੀਆਂ ਦੀ ਬੈਠਕ ਸੱਦੀ ਗਈ ਹੈ।
ਹਾਲੇ ਤੱਕ ਦੀਆਂ ਰਿਪੋਰਟਾਂ ਮੁਤਾਬਕ ਹਮਲੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਜਦਕਿ ਦੋ ਲੋਕ ਜ਼ਖ਼ਮੀ ਹਨ। ਇਜ਼ਰਾਇਲ ਦੀ ਬਚਾਅ ਏਜੰਸੀ ਮੁਤਾਬਕ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)