ਕ੍ਰਿਕਟ ਵਿਸ਼ਵ ਕੱਪ 2023: ਸਿੱਧੂ ਮੂਸੇਵਾਲਾ ਦੇ ਫੈਨ ਇਸ਼ ਸੋਢੀ ਸਣੇ 5 ਭਾਰਤੀ ਮੂਲ ਦੇ ਖਿਡਾਰੀ ਜੋ ਵੱਖ-ਵੱਖ ਮੁਲਕਾਂ ਦੀਆਂ ਟੀਮਾਂ ’ਚ ਖੇਡ ਰਹੇ
Saturday, Oct 07, 2023 - 08:17 AM (IST)
![ਕ੍ਰਿਕਟ ਵਿਸ਼ਵ ਕੱਪ 2023: ਸਿੱਧੂ ਮੂਸੇਵਾਲਾ ਦੇ ਫੈਨ ਇਸ਼ ਸੋਢੀ ਸਣੇ 5 ਭਾਰਤੀ ਮੂਲ ਦੇ ਖਿਡਾਰੀ ਜੋ ਵੱਖ-ਵੱਖ ਮੁਲਕਾਂ ਦੀਆਂ ਟੀਮਾਂ ’ਚ ਖੇਡ ਰਹੇ](https://static.jagbani.com/multimedia/2023_10image_08_16_482730065e71afa.jpg)
![ਇਸ਼ ਸੋਢੀ ਤੇ ਵਿਕਰਮਜੀਤ ਸਿੰਘ](https://ichef.bbci.co.uk/news/raw/cpsprodpb/6b5b/live/3f051f90-646c-11ee-a0c8-ab8a89e71afa.jpg)
ਤੁਸੀਂ ਜਦੋਂ ਨਿਊਜ਼ੀਲੈਂਡ ਦੇ ਫਿਰਕੀ ਗੇਂਦਬਾਜ਼ ਇਸ਼ ਸੋਢੀ ਬਾਰੇ ਗੂਗਲ ਉੱਤੇ ਸਰਚ ਕਰਦੇ ਹੋ ਤਾਂ ਇੱਕ ਵੀਡੀਓ ਪਹਿਲੇ ਆਪਸ਼ਨਜ਼ ਵਿੱਚੋਂ ਹੀ ਨਜ਼ਰ ਆਉਂਦਾ ਹੈ।
ਉਸ ਵੀਡੀਓ ਨੂੰ ਇਸ਼ ਸੋਢੀ ਨੇ ਆਈਸੀਸੀ ਲਈ ਸ਼ੂਟ ਕੀਤਾ ਸੀ। ਇਸ਼ ਉਸ ਵੀਡੀਓ ਵਿੱਚ ਪੰਜਾਬੀ ਕਮੈਂਟਰੀ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ।
ਉਹ ਵੀਡੀਓ ਵਿੱਚ ਕਹਿੰਦੇ ਹਨ, “ਮੇਰਾ ਨਾਂ ਇੰਦਰਬੀਰ ਸਿੰਘ ਸੋਢੀ ਹੈ। ਮੈਨੂੰ ਲਗਦਾ ਹੈ ਕਿ ਪੰਜਾਬੀ ਵਿੱਚ ਕਮੈਂਟਰੀ ਹੋਣੀ ਚਾਹੀਦੀ ਹੈ।”
ਇਸ਼ ਫਿਰ ਪੰਜਾਬੀ ਵਿੱਚ ਥੋੜ੍ਹੀ ਕਮੈਂਟਰੀ ਕਰਦੇ ਹਨ। ਇਸ ਦੇ ਨਾਲ ਹੀ ਇਸ਼ ਦਾ ਇੱਕ ਹੋਰ ਵੀਡੀਓ ਵੀ ਕਾਫੀ ਵਾਰ ਸੋਸ਼ਲ ਮੀਡੀਆ ਉੱਤੇ ਵੇਖਿਆ ਗਿਆ ਹੈ ਜਿਸ ਵਿੱਚ ਉਹ ਬੈਟ ਫੜ੍ਹ ਕੇ ਪੰਜਾਬੀ ਗਾਣਾ ਗਾ ਰਹੇ ਹੁੰਦੇ ਹਨ।
ਰੰਗੀਨ ਅੰਦਾਜ਼ ਵਾਲੇ ਇਸ ਪੰਜਾਬੀ ਮੂਲ ਦੇ ਖਿਡਾਰੀ ਨੇ ਕ੍ਰਿਕਟ ਦੀ ਪਿੱਚ ਉੱਤੇ ਵੀ ਕਾਰਨਾਮੇ ਕੀਤੇ ਹਨ।
ਭਾਰਤੀ ਮੂਲ ਦੇ ਖਿਡਾਰੀਆਂ ਦਾ ਵਿਦੇਸ਼ਾਂ ’ਚ ਦਬਦਬਾ
![ਇਸ਼ ਸੋਢੀ](https://ichef.bbci.co.uk/news/raw/cpsprodpb/f628/live/1fb78ec0-6462-11ee-b587-1db24604b46d.jpg)
ਭਾਰਤ ਵਿਸ਼ਵ ਕ੍ਰਿਕਟ ਵਿੱਚ ਇਸ ਵੇਲੇ ਇੱਕ ਵੱਡੀ ਤਾਕਤ ਹੈ। ਉਹ ਤਾਕਤ ਖੇਡ ਦੇ ਮੈਦਾਨ ਵਿੱਚ, ਮੈਚਾਂ ਵਿੱਚ ਦਰਸ਼ਕਾਂ ਦੀ ਗਿਣਤੀ ਵਿੱਚ ਅਤੇ ਪੈਸੇ ਦੇ ਜ਼ੋਰ ਵਿੱਚ ਵੀ ਦਿਖਾਈ ਦਿੰਦੀ ਹੈ।
ਭਾਰਤ ਵਿੱਚ ਕ੍ਰਿਕਟ ਦੇ ਜਨੂੰਨ ਬਾਰੇ ਹਰ ਕੋਈ ਜਾਣੂ ਹੈ। ਇਸ ਜਨੂੰਨ ਨੂੰ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਪਰਵਾਸੀ ਭਾਰਤੀ ਵੀ ਲੈ ਕੇ ਗਏ ਹਨ। ਇਹੀ ਕਾਰਨ ਹੈ ਕਿ ਭਾਰਤ ਵਿੱਚ ਹੋ ਰਹੇ ਕ੍ਰਿਕਟ ਵਿਸ਼ਵ ਕੱਪ 2023 ਦੀਆਂ ਵੱਖ-ਵੱਖ ਟੀਮਾਂ ਵਿੱਚ ਭਾਰਤੀ ਮੂਲ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ।
ਕਈ ਟੀਮਾਂ ਜੋ ਵਿਸ਼ਵ ਕੱਪ ਵਿੱਚ ਕੁਆਲੀਫਾਈ ਵੀ ਨਹੀਂ ਕਰ ਸਕੀਆਂ ਉਨ੍ਹਾਂ ਵਿੱਚ ਵੀ ਭਾਰਤੀ ਮੂਲ ਦੇ ਕਈ ਖਿਡਾਰੀ ਹਨ।
ਕੈਨੇਡਾ ਨੇ ਵਿਸ਼ਵ ਕੱਪ ਵਿੱਚ ਕੁਆਲੀਫਾਈ ਹੋਣ ਲਈ ਪੂਰੀ ਵਾਹ ਲਾਈ ਸੀ ਪਰ ਉਹ ਸਫ਼ਲ ਨਾ ਹੋ ਸਕੇ। ਕੈਨੇਡਾ ਦੀ ਟੀਮ ਵਿੱਚ ਵੀ 6 ਖਿਡਾਰੀ ਭਾਰਤੀ ਮੂਲ ਦੇ ਹਨ।
ਏਸ਼ੀਆਈ ਗੇਮਾਂ ਵਿੱਚ ਖੇਡ ਰਹੀ ਸਿੰਗਾਪੁਰ ਦੀ ਕ੍ਰਿਕਟ ਟੀਮ ਦੇ 15 ਖਿਡਾਰੀਆਂ ਵਿੱਚੋਂ 12 ਖਿਡਾਰੀ ਭਾਰਤੀ ਮੂਲ ਦੇ ਹਨ।
ਰਿਟਾਇਰ ਹੋ ਚੁੱਕੇ ਖਿਡਾਰੀਆਂ ਦੀ ਜੇ ਗੱਲ ਕਰੀਏ ਤਾਂ ਇਹ ਲਿਸਟ ਕਾਫੀ ਵੱਡੀ ਹੋ ਜਾਵੇਗੀ।
ਉਨ੍ਹਾਂ ਵਿੱਚ ਨਾਸਿਰ ਹੁਸੈਨ, ਜੀਤਨ ਪਟੇਲ, ਮੌਂਟੀ ਪਨੇਸਰ ਵਰਗੇ ਖਿਡਾਰੀ ਹਨ ਜੋ ਭਾਰਤੀ ਮੂਲ ਦੇ ਹੋ ਕੇ ਹੋਰ ਟੀਮਾਂ ਲਈ ਕ੍ਰਿਕਟ ਖੇਡ ਚੁੱਕੇ ਹਨ।
ਅਸੀਂ ਇਸ ਰਿਪੋਰਟ ਵਿੱਚ ਅਜਿਹੇ ਭਾਰਤੀ ਮੂਲ ਦੇ ਪੰਜ ਖਿਡਾਰੀਆਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਇਸ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਵੱਖ-ਵੱਖ ਟੀਮਾਂ ਲਈ ਖੇਡ ਰਹੇ ਹਨ।
ਇਸ਼ ਸੋਢੀ
![ਇਸ਼ ਸੋਢੀ](https://ichef.bbci.co.uk/news/raw/cpsprodpb/9a8d/live/56bf3c10-6462-11ee-bca9-f9c6720e4c14.jpg)
ਨਿਊਜ਼ੀਲੈਂਡ ਟੀਮ ਵਿੱਚ ਲੈਗ ਬ੍ਰੇਕ ਗੇਂਦਬਾਜ਼ ਵਜੋਂ ਖੇਡਦੇ ਇਸ਼ ਸੋਢੀ ਦਾ ਪੂਰਾ ਨਾਂ ਇੰਦਰਬੀਰ ਸਿੰਘ ਸੋਢੀ ਹੈ। ਉਨ੍ਹਾਂ ਦਾ ਜਨਮ 31 ਅਕਤੂਬਰ 1992 ਨੂੰ ਲੁਧਿਆਣਾ ਵਿੱਚ ਹੋਇਆ ਸੀ।
ਪਾਕਿਸਤਾਨ ਕ੍ਰਿਕਟ ਬੋਰਡ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ਼ ਸੋਢੀ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਕਿਆਂ ਤੇ ਨਾਨਕਿਆਂ ਦੋਹਾਂ ਦਾ ਪਿਛੋਕੜ ਪਾਕਿਸਤਾਨ ਦੇ ਲਾਹੌਰ ਤੋਂ ਹੈ।
ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਇਸ਼ ਦੇ ਮਾਪੇ ਨਿਊਜ਼ੀਲੈਂਡ ਦੇ ਸਾਊਥ ਅਕਲੈਂਡ ਵਿੱਚ ਆ ਕੇ ਵਸ ਗਏ ਸੀ।
ਇਸ਼ ਨੇ ਅਕਲੈਂਡ ਦੇ ਪਾਪਾਟੋਏਟੋਏ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਇਸ਼ ਦਾ ਇਹ ਸਕੂਲ ਕ੍ਰਿਕਟ ਲਈ ਨਹੀਂ ਜਾਣਿਆ ਜਾਂਦਾ ਸੀ। ਇਹੀ ਕਾਰਨ ਸੀ ਕਿ ਇਸ਼ ਨੂੰ ਖੇਤਰੀ ਕਲੱਬ ਟੀਮਾਂ ਵਿੱਚ ਥਾਂ ਬਣਾਉਣ ਵਿੱਚ ਦਿੱਕਤ ਆਈ।
ਇਸ ਦੇ ਨਾਲ ਹੀ ਇਸ਼ ਨੂੰ ਇੱਕ ਹੋਰ ਦਿੱਕਤ ਵੀ ਦਰਪੇਸ਼ ਆਈ ਸੀ। ਅਕਲੈਂਡ ਵਿੱਚ ਜੋ ਪਿੱਚਾਂ ਸਨ ਉਹ ਫਿਰਕੀ ਗੇਂਦਬਾਜ਼ਾਂ ਲਈ ਬਿਲਕੁਲ ਵੀ ਮਦਦਗਾਰ ਨਹੀਂ ਸਨ। ਇਸ ਦੇ ਨਾਲ ਹੀ ਖੇਤਰੀ ਟੀਮਾਂ ਦੇ ਕਪਤਾਨਾਂ ਨੂੰ ਵੀ ਸਮਝ ਨਹੀਂ ਸੀ ਕਿ ਸੋਢੀ ਵਰਗੇ ਗੇਂਦਬਾਜ਼ਾਂ ਦਾ ਇਸਤੇਮਾਲ ਕਿਵੇਂ ਕਰਨਾ ਹੈ।
![ਇਸ਼ ਸੋਢੀ](https://ichef.bbci.co.uk/news/raw/cpsprodpb/5b7e/live/9730db20-6465-11ee-a0c8-ab8a89e71afa.jpg)
ਮੂਸੇਵਾਲਾ ਦੇ ਫੈਨ ਹਨ ਸੋਢੀ
ਪਾਕਿਸਤਾਨ ਕ੍ਰਿਕਟ ਬੋਰਡ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ਼ ਦੱਸਦੇ ਹਨ ਕਿ ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।
ਉਹ ਕਹਿੰਦੇ ਹਨ, “ਮੈਂ ਜਦੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਯੂਟਿਊਬ ਉੱਤੇ ਮਹਾਨ ਲੈਗ ਸਪਿਨਰ ਸ਼ੇਨ ਵਾਰਨ ਤੇ ਅਬਦੁੱਲ ਕਾਦਿਰ ਵਰਗੇ ਗੇਂਦਬਾਜ਼ਾਂ ਦੇ ਵੀਡੀਓ ਵੇਖਣੇ ਸ਼ੁਰੂ ਕੀਤੇ। ਇਸ ਮਗਰੋਂ ਨਿਊਜ਼ੀਲੈਂਡ ਦੇ ਦੀਪਕ ਪਟੇਲ ਤੋਂ ਫਿਰਕੀ ਗੇਂਦਬਾਜ਼ੀ ਦੇ ਗੁਰ ਵੀ ਸਿੱਖੇ।”
ਇਸ਼ ਨੇ ਨਿਊਜ਼ੀਲੈਂਡ ਲਈ ਆਪਣਾ ਪਹਿਲਾ ਟੈਸਟ ਮੈਚ ਸਾਲ 2013 ਵਿੱਚ ਖੇਡਿਆ ਸੀ ਤੇ ਪਹਿਲਾ ਵਨਡੇਅ ਮੈਚ ਸਾਲ 2015 ਵਿੱਚ ਖੇਡਿਆ ਸੀ। ਇਸ਼ ਸੋਢੀ ਨੇ ਵਨਡੇਅ ਕ੍ਰਿਕਟ ਵਿੱਚ 60 ਤੋਂ ਵੱਧ ਵਿਕਟਾਂ ਲਈਆਂ ਹਨ।
ਟੀ-20 ਫਾਰਮੇਟ ਵਿੱਚ ਇਸ਼ ਸੋਢੀ ਵੱਧ ਕਾਮਯਾਬ ਹੋਏ ਹਨ। ਉਨ੍ਹਾਂ ਨੇ ਟੀ-20 ਫਾਰਮੈਟ ਵਿੱਚ 126 ਵਿਕਟਾਂ ਲਈਆਂ ਹਨ।
ਇਸ਼ ਭਾਰਤ ਦੇ ਖਿਲਾਫ਼ ਕਾਫੀ ਕਾਮਯਾਬ ਹੋਏ ਹਨ। ਉਨ੍ਹਾਂ ਨੇ ਟੀ-20 ਵਿੱਚ ਭਾਰਤ ਦੀਆਂ 25 ਵਿਕਟਾਂ ਲਈਆਂ ਹਨ।
ਇਸ਼ ਸੋਢੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਹਨ ਤੇ ਹਿਪ-ਹਾਪ ਸੰਗੀਤ ਸੁਣਨਾ ਉਨ੍ਹਾਂ ਨੂੰ ਪਸੰਦ ਹੈ। ਇਸ਼ ਸੋਢੀ ਨੇ ਆਪਣੇ ਇੰਸਟਾਗ੍ਰਾਮ ਦੇ ਬਾਇਓ ਵਿੱਚ ਲਿਖਿਆ ਹੈ ਕਿ ਉਹ ਇੱਕ ਰੈਪਰ ਵੀ ਹਨ।
ਇਸ਼ ਸੋਢੀ ਦੇ ਮਨਪਸੰਦ ਖਿਡਾਰੀ ਵੀਵੀਐੱਸ ਲਕਸ਼ਮਣ ਹਨ। ਇਸੇ ਲਈ ਉਨ੍ਹਾਂ ਨੇ ਆਪਣੀ ਇੱਕ ਧੀ ਦਾ ਨਾਂ ਦਾਹਲੀਆ ਲਕਸ਼ਮੀ ਸੋਢੀ ਰੱਖਿਆ ਹੈ।
ਰਚਿਨ ਰਵਿੰਦਰ
![ਰਚਿਨ ਰਵਿੰਦਰ](https://ichef.bbci.co.uk/news/raw/cpsprodpb/23d8/live/a0f13900-6462-11ee-bca9-f9c6720e4c14.jpg)
ਹੁਣ ਅਸੀਂ ਇੱਕ ਅਜਿਹੇ ਖਿਡਾਰੀ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਦਾ ਨਾਂ, ਉਸ ਦੇ ਮਾਪਿਆਂ ਨੇ ਕ੍ਰਿਕਟ ਹਸਤੀਆਂ ਦੇ ਉੱਤੇ ਰੱਖਿਆ ਸੀ।
ਅਸੀਂ ਗੱਲ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਇੱਕ ਹੋਰ ਭਾਰਤੀ ਮੂਲ ਦੇ ਸਿਤਾਰੇ ਰਚਿਨ ਰਵਿੰਦਰ ਦੀ।
ਰਚਿਨ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਨਾਮ ਵਿੱਚ ‘ਰਾ’ ਭਾਰਤ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਾਵਿੜ ਤੋਂ ਲਿਆ ਗਿਆ ਹੈ ਜਦਕਿ ‘ਚਿਨ’ ਨੂੰ ਸਚਿਨ ਤੋਂ ਲਿਆ ਗਿਆ ਹੈ।
ਇਸ ਬਾਰੇ ਇੱਕ ਇੰਟਰਵਿਊ ਵਿੱਚ ਜਦੋਂ ਰਚਿਨ ਨੂੰ ਪੁੱਛਿਆ ਸੀ ਤਾਂ ਉਨ੍ਹਾਂ ਨੇ ਇਸ ਦੀ ਤਸਦੀਕ ਕੀਤੀ ਸੀ।
ਰਚਿਨ ਰਵਿੰਦਰ ਦਾ ਜਨਮ 18 ਨਵੰਬਰ 1999 ਵਿੱਚ ਵਲਿੰਗਟਨ ਵਿੱਚ ਹੋਇਆ ਸੀ।
ਸਾਲ 2018 ਵਿੱਚ ਜਦੋਂ ਰਚਿਨ ਇੱਕ ਬੈਟਿੰਗ ਆਲ ਰਾਊਂਡਰ ਵਜੋਂ ਅੰਡਰ-19 ਦਾ ਵਿਸ਼ਵ ਕੱਪ ਖੇਡ ਰਹੇ ਸੀ ਤਾਂ ਉਸ ਵੇਲੇ ਈਐੱਸਪੀਐੱਨ ਕ੍ਰਿਕ ਇਨਫੋ ਨਾਲ ਉਨ੍ਹਾਂ ਦੇ ਪਿਤਾ ਰਵੀ ਕ੍ਰਿਸ਼ਨਮੂਰਤੀ ਨੇ ਗੱਲਬਾਤ ਕੀਤੀ ਸੀ।
ਉਸ ਵੇਲੇ ਰਵੀ ਕਹਿੰਦੇ ਹਨ, “ਮੇਰੀ ਕੋਸ਼ਿਸ਼ ਸੀ ਕਿ ਮੈਂ ਆਪਣੀ ਧੀ ਨੂੰ ਕ੍ਰਿਕਟ ਵਿੱਚ ਲੈ ਕੇ ਆਵਾਂ ਪਰ ਉਸ ਨੇ ਕ੍ਰਿਕਟ ਨਹੀਂ ਖੇਡੀ। ਰਚਿਨ ਲਈ ਮੈਂ ਕੋਸ਼ਿਸ਼ ਵੀ ਨਹੀਂ ਕੀਤੀ ਪਰ ਉਸ ਨੇ ਇਸ ਗੇਮ ਨੂੰ ਖੇਡਿਆ।”
ਰਚਿਨ ਦੇ ਮਾਤਾ-ਪਿਤਾ ਬੈਂਗਲੁਰੂ ਤੋਂ ਸਬੰਧ ਰੱਖਦੇ ਹਨ ਤੇ ਰਚਿਨ ਦੇ ਜਨਮ ਤੋਂ ਪਹਿਲਾਂ ਹੀ ਉਹ ਨਿਊਜ਼ੀਲੈਂਡ ਵਿੱਚ ਜਾ ਕੇ ਵਸ ਗਏ ਸੀ।
ਰਚਿਨ ਦੇ ਪਿਤਾ ਨੇ ਬੈਂਗਲੁਰੂ ਵਿੱਚ ਕਲੱਬ ਕ੍ਰਿਕਟ ਖੇਡੀ ਹੈ। ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਵੀ ਉਨ੍ਹਾਂ ਦੇ ਚੰਗੇ ਮਿੱਤਰ ਮੰਨੇ ਜਾਂਦੇ ਹਨ।
ਰਚਿਨ ਮੁਤਾਬਕ ਜਵਾਗਲ ਸ਼੍ਰੀਨਾਥ ਨੇ ਉਨ੍ਹਾਂ ਨਾਲ ਕ੍ਰਿਕਟ ਦੇ ਕਈ ਗੁਰ ਤੇ ਤਜਰਬੇ ਸਾਂਝੇ ਕੀਤੇ ਹਨ।
ਰਚਿਨ ਅਜੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹਨ ਤੇ ਅਜੇ ਜ਼ਿਆਦਾ ਕਾਮਯਾਬੀਆਂ ਦੀਆਂ ਕਹਾਣੀਆਂ ਉਨ੍ਹਾਂ ਬਾਰੇ ਦੱਸਣ ਨੂੰ ਨਹੀਂ ਹਨ।
ਕ੍ਰਿਕਟ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਉਨ੍ਹਾਂ ਨੇ 96 ਗੇਂਦਾਂ ਉੱਤੇ 123 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਮੈਨ ਆਫ ਦਿ ਮੈਚ ਵੀ ਰਹੇ। ਰਚਿਨ ਨੂੰ ਨਿਊਜ਼ੀਲੈਂਡ ਦੇ ਚੰਗੇ ਭਵਿੱਖ ਵਜੋਂ ਦੇਖਿਆ ਜਾ ਸਕਦਾ ਹੈ।
ਵਿਕਰਮਜੀਤ ਸਿੰਘ
![ਵਿਕਰਮਜੀਤ ਸਿੰਘ](https://ichef.bbci.co.uk/news/raw/cpsprodpb/a2e5/live/fadffd20-6462-11ee-bca9-f9c6720e4c14.jpg)
ਵਿਕਰਮਜੀਤ ਸਿੰਘ ਨੀਦਰਲੈਂਡਜ਼ ਦੀ ਟੀਮ ਵਿੱਚ ਹਨ। ਭਾਰਤੀ ਪੰਜਾਬ ਦੇ ਜਲੰਧਰ ਨਾਲ ਸਬੰਧਤ 20 ਸਾਲਾ ਵਿਕਰਮਜੀਤ ਸਿੰਘ ਖੱਬੇ ਹੱਥ ਦੇ ਬੱਲੇਬਾਜ਼ ਹਨ।
ਉਨ੍ਹਾਂ ਨੇ ਵਨਡੇਅ ਮੈਚਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਨਿਊਜ਼ੀਲੈਂਡ ਦੇ ਖ਼ਿਲਾਫ਼ ਕੀਤੀ ਸੀ।
ਵਿਕਰਮਜੀਤ ਸਿੰਘ ਦਾ ਜਨਮ 2003 ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਵਿੱਚ ਹੋਇਆ ਸੀ।
ਸਾਲ 1980ਵਿਆਂ ਵਿੱਚ ਪੰਜਾਬ ਤੋਂ ਵਿਕਰਮਜੀਤ ਦੇ ਦਾਦਾ ਖੁਸ਼ੀ ਚੀਮਾ ਨੀਦਰਲੈਂਡਜ਼ ਚਲੇ ਗਏ ਸਨ।
ਉਸ ਵੇਲੇ ਵਿਕਰਮਜੀਤ ਦੇ ਪਿਤਾ ਹਰਪ੍ਰੀਤ ਸਿੰਘ ਸਿਰਫ਼ 5 ਸਾਲ ਦੇ ਸਨ।
ਵਿਦੇਸ਼ ਜਾਣ ਤੋਂ ਬਾਅਦ ਵੀ ਵਿਕਰਮਜੀਤ ਦੇ ਪਰਿਵਾਰ ਦਾ ਪੰਜਾਬ ਨਾਲ ਨਾਤਾ ਜੁੜਿਆ ਰਿਹਾ। ਵਿਕਰਮਜੀਤ ਨੇ ਮੁੱਢਲੀ ਸਿੱਖਿਆ ਜਲੰਧਰ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ।
2008 ਵਿੱਚ ਵਿਕਰਮਜੀਤ ਸਿੰਘ ਪੰਜ ਸਾਲ ਦੀ ਉਮਰ ਵਿੱਚ ਨੀਦਰਲੈਂਡਜ਼ ਚਲੇ ਗਏ ਸੀ।
ਵਿਕਰਮਜੀਤ ਦੇ ਪਿਤਾ ਵੀ ਕ੍ਰਿਕਟ ਪ੍ਰੇਮੀ ਹਨ ਅਤੇ ਉਨ੍ਹਾਂ ਨੇ ਪੁੱਤਰ ਨੂੰ ਖੇਡ ਪ੍ਰਤੀ ਉਤਸ਼ਾਹਿਤ ਕੀਤਾ। ਵਿਕਰਮਜੀਤ ਸਿੰਘ ਨੇ 11 ਸਾਲ ਦੀ ਉਮਰ ਵਿੱਚ ਅੰਡਰ-12 ਕ੍ਰਿਕਟ ਟੂਰਨਾਮੈਂਟ ਖੇਡਣਾ ਸ਼ੁਰੂ ਕੀਤਾ ਸੀ।
![ਵਿਕਰਮਜੀਤ ਸਿੰਘ](https://ichef.bbci.co.uk/news/raw/cpsprodpb/691a/live/342d54b0-6463-11ee-bca9-f9c6720e4c14.jpg)
ਵਿਕਰਮ ਸਲਾਮੀ ਬੱਲੇਬਾਜ਼ੀ ਕਰਦੇ ਹਨ
ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਨੂੰ ਵਿਕਰਮਜੀਤ ਦੇ ਦਾਦਾ ਖੁਸ਼ੀ ਚੀਮਾ ਨੇ ਦੱਸਿਆ, ''''''''2016 ਤੋਂ 2018 ਤੱਕ ਵਿਕਰਮਜੀਤ ਨੇ ਚੰਡੀਗੜ੍ਹ ਦੀ ਗੁਰੂ ਸਾਗਰ ਕ੍ਰਿਕਟ ਅਕੈਡਮੀ ਵਿਖੇ ਕ੍ਰਿਕਟ ਸਿੱਖੀ ਅਤੇ ਬਾਅਦ ਵਿੱਚ ਜਲੰਧਰ ਦੇ ਨੇੜੇ ਬਾਜਰੇ ਪਿੰਡ ਵਿਖੇ ਇੱਕ ਕ੍ਰਿਕਟ ਅਕੈਡਮੀ ਵਿੱਚ ਟ੍ਰੇਨਿੰਗ ਲਈ।''''''''
ਵਿਕਰਮਜੀਤ ਸਿੰਘ ਦੇ ਦਾਦੇ ਦੇ ਵੱਡੇ ਭਰਾ ਲਾਲ ਸਿੰਘ ਕਹਿੰਦੇ ਹਨ ਕਿ ਵਿਕਰਮ ਨੂੰ ਕ੍ਰਿਕਟ ਦਾ ਸ਼ੁਰੂ ਤੋਂ ਹੀ ਸ਼ੌਕ ਸੀ ਅਤੇ ਭਾਰਤ ਜਦੋਂ ਵੀ ਆਉਣਾ ਉਨ੍ਹਾਂ ਨੇ ਪ੍ਰੈਕਟਿਸ ਵਿੱਚ ਜ਼ਰੂਰ ਸਮਾਂ ਬਿਤਾਉਣਾ ਹੁੰਦਾ ਸੀ।
ਵਿਕਰਮਜੀਤ ਸਿੰਘ ਦਾ ਇੱਕ ਛੋਟਾ ਭਰਾ ਵੀ ਹੈ ਜਿਸ ਦਾ ਜਨਮ ਨੀਦਰਲੈਂਡਜ਼ ਵਿੱਚ ਹੀ ਹੋਇਆ ਸੀ। ਸਾਰਾ ਪਰਿਵਾਰ ਨੀਦਰਲੈਂਡਜ਼ ਵਿੱਚ ਹੀ ਰਹਿੰਦਾ ਹੈ ਅਤੇ ਪਰਿਵਾਰ ਦਾ ਟਰਾਂਸਪੋਰਟ ਨਾਲ ਸਬੰਧਤ ਕੰਮਕਾਰ ਹੈ।
ਵਿਕਰਮਜੀਤ ਸਿੰਘ ਹੁਣ ਨੀਦਰਲੈਂਡਜ਼ ਲਈ ਸਲਾਮੀ ਬੱਲੇਬਾਜ਼ ਵਜੋਂ ਖੇਡਦੇ ਹਨ। ਖੱਬੇ ਹੱਥ ਦੇ ਬੱਲੇਬਾਜ਼ ਵਿਕਰਮਜੀਤ ਹੁਣ ਤੱਕ 25 ਮੈਚਾਂ ਵਿੱਚ 800 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ।
ਉਨ੍ਹਾਂ ਨੇ ਹੁਣ ਤੱਕ ਵਨਡੇ ਵਿੱਚ ਇੱਕ ਸੈਂਕੜਾ ਤੇ 5 ਅਰਧ ਸੈਂਕੜੇ ਲਗਾਏ ਹਨ। ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ਼ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਅਨਿਲ ਤੇਜਾ ਨਿਦਾਮਨੁਰੂ
![ਅਨਿਲ ਤੇਜਾ ਨਿਦਾਮਨੂਰੂ](https://ichef.bbci.co.uk/news/raw/cpsprodpb/3908/live/a00005c0-6463-11ee-bca9-f9c6720e4c14.jpg)
ਵਿਸ਼ਵ ਕੱਪ 2023 ਦੇ ਕੁਆਲੀਫਾਇਰ ਮੁਕਾਬਲੇ ਚੱਲ ਰਹੇ ਸਨ। ਨੀਦਰਲੈਂਡ ਦਾ ਮੁਕਾਬਲਾ ਦੋ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਵੈਸਟ ਇੰਡੀਜ਼ ਨਾਲ ਸੀ।
ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 374 ਦੌੜਾਂ ਬਣਾਈਆਂ। ਜਵਾਬ ਵਿੱਚ ਨੀਦਰਲੈਂਡਜ਼ ਨੇ ਵੀ ਬਾਖੂਬੀ ਖੇਡ ਦਿਖਾਇਆ।
ਨੀਂਦਰਲੈਂਡਜ਼ ਦੇ ਭਾਰਤੀ ਮੂਲ ਦੇ ਅਨਿਲ ਤੇਜਾ ਨਿਦਾਮਨੁਰੂ ਨੇ ਸ਼ਾਨਦਾਰ ਸੈਂਕੜਾ ਮਾਰਿਆ ਸੀ। ਉਨ੍ਹਾਂ ਨੇ 76 ਗੇਦਾਂ ਉੱਤੇ 111 ਦੌੜਾਂ ਬਣਾਈਆਂ। ਮੈਚ ਟਾਈ ਹੋਇਆ ਤੇ ਨੀਦਰਲੈਂਡਜ਼ ਦੀ ਸੁਪਰ ਓਵਰ ਵਿੱਚ ਜਿੱਤ ਹੋਈ।
ਇਸ ਮੈਚ ਤੋਂ ਬਾਅਦ ਤੇਜਾ ਬਹੁਤ ਜਜ਼ਬਾਤੀ ਹੋ ਗਏ ਕਿਉਂਕਿ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਸੀ।
ਤੇਜਾ ਆਂਧਰ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਜੰਮੇ ਹਨ। ਈਐੱਸਪੀਐੱਨ ਕ੍ਰਿਕਇਨਫੋ ਅਨੁਸਾਰ 6 ਸਾਲ ਦੀ ਉਮਰ ਵਿੱਚ ਤੇਜਾ ਆਪਣੀ ਮਾਂ ਦੇ ਨਾਲ ਨਿਊਜ਼ੀਲੈਂਡ ਆ ਕੇ ਵਸ ਗਏ ਸਨ।
ਉਨ੍ਹਾਂ ਨੇ ਸਕੂਲ ਤੋਂ ਬਾਅਦ ਸਪੋਰਟਸ ਮੈਨੇਜਮੈਂਟ ਤੇ ਮਾਰਕਟਿੰਗ ਵਿੱਚ ਆਪਣੀ ਪੜ੍ਹਾਈ ਕੀਤੀ ਪਰ ਨਾਲ ਹੀ ਅਕਲੈਂਡ ਵਿੱਚ ਕ੍ਰਿਕਟ ਵੀ ਖੇਡਦੇ ਰਹੇ।
ਉਨ੍ਹਾਂ ਨੇ ਨਿਊਜ਼ੀਲੈਂਡ ਦੇ ਮੌਜੂਦਾ ਖਿਡਾਰੀ, ਮਾਰਕ ਚੈਪਮੈਨ, ਕੌਲਿਨ ਮੁਨਰੋ, ਗਲੈਨ ਫਿਲੀਪਸ ਵਰਗੇ ਖਿਡਾਰੀਆਂ ਨਾਲ ਲਿਸਟ ਏ ਕ੍ਰਿਕਟ ਖੇਡੀ ਪਰ ਨਿਊਜ਼ੀਲੈਂਡ ਦੀ ਟੀਮ ਵਿੱਚ ਥਾਂ ਨਹੀਂ ਬਣਾ ਸਕੇ।
ਨਾਟਕੀ ਢੰਗ ਨਾਲ ਪਹੁੰਚੇ ਨੀਦਰਲੈਂਡਜ਼
ਤੇਜਾ ਨੇ ਫਿਰ 2019 ਵਿੱਚ ਨੀਂਦਰਲੈਂਡ ਦੇ ਸ਼ਹਿਰ ਯੂਟਰੈਕਟ ਦੇ ਇੱਕ ਕਲੱਬ ਲਈ ਖੇਡਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਬੇਹੱਦ ਨਾਟਕੀ ਅੰਦਾਜ਼ ਵਿੱਚ ਨੀਦਰਲੈਂਡਜ਼ ਵਿੱਚ ਹੀ ਨੌਕਰੀ ਮਿਲ ਗਈ।
ਤੇਜਾ ਦੀ ਪੜ੍ਹਾਈ ਦੇ ਕਾਰਨ ਹੀ ਉਨ੍ਹਾਂ ਨੂੰ ਨੀਂਦਰਲੈਂਡਜ਼ ਟੀਮ ਵਿੱਚ ਥਾਂ ਮਿਲੀ।
ਕ੍ਰਿਕਇਨਫੋ ਨਾਲ ਗੱਲਬਾਤ ਵਿੱਚ ਤੇਜਾ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਲਈ ਬਹੁਤ ਕੁਰਬਾਨੀ ਦਿੱਤੀ ਹੈ।
ਉਨ੍ਹਾਂ ਕਿਹਾ, “ਮੇਰੀ ਮਾਂ ਨੇ ਮੈਨੂੰ ਇਕੱਲਿਆਂ ਹੀ ਪਾਲਿਆ ਹੈ। ਉਹ ਵਾਪਸ ਭਾਰਤ ਜਾ ਕੇ ਵਸ ਗਏ ਸੀ। ਮੈਂ 16 ਸਾਲ ਦੀ ਉਮਰ ਤੋਂ ਹੀ ਨਿਊਜ਼ੀਲੈਂਡ ਵਿੱਚ ਇਕੱਲਿਆਂ ਰਹਿ ਰਿਹਾ ਸੀ।”
ਤੇਜਾ ਦੀ ਨੀਦਰਲੈਂਡਜ਼ ਦੀ ਟੀਮ ਵਿੱਚ ਪਿਛਲੇ ਸਾਲ ਮਈ ਵਿੱਚ ਚੋਣ ਹੋਈ ਸੀ। ਹੁਣ ਤੱਕ ਉਹ ਨੀਦਲੈਂਡਜ਼ ਦੇ ਲਈ 20 ਤੋਂ ਵੱਧ ਵਨਡੇਅ ਤੇ 6 ਟੀ-20 ਖੇਡ ਚੁੱਕੇ ਹਨ।
ਕੇਸ਼ਵ ਮਹਾਰਾਜ
![ਕੇਸ਼ਵ ਮਹਾਰਾਜ](https://ichef.bbci.co.uk/news/raw/cpsprodpb/fb50/live/ea27a270-6463-11ee-bca9-f9c6720e4c14.jpg)
ਕੇਸ਼ਵ ਮਹਾਰਾਜ ਦੱਖਣੀ ਅਫਰੀਕਾ ਦੀ ਟੀਮ ਵਿੱਚ ਭਾਰਤੀ ਮੂਲ ਦੇ ਖਿਡਾਰੀ ਹਨ। 33 ਸਾਲਾ ਕੇਸ਼ਵ ਮਹਾਰਾਜ ਨੇ 2014-2015 ਤੇ 2015-16 ਵਿੱਚ ਘਰੇਲੂ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਇਸ ਪ੍ਰਦਰਸ਼ਨ ਦੇ ਅਧਾਰ ਉੱਤੇ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦੀ ਨੈਸ਼ਨਲ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਛੋਟੀ ਉਮਰ ਵਿੱਚ ਕੇਸ਼ਵ ਤੇਜ਼ ਗੇਂਦਬਾਜ਼ ਸਨ ਤੇ ਬਾਅਦ ਵਿੱਚ ਉਹ ਫਿਰਕੀ ਗੇਂਦਬਾਜ਼ੀ ਵੱਲ ਮੁੜ ਗਏ।
ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਮੈਚ ਆਸਟਰੇਲੀਆ ਦੇ ਖਿਲਾਫ ਖੇਡਿਆ ਸੀ।
ਕੇਸ਼ਵ ਮਹਾਰਾਜ ਹੁਣ ਤੱਕ ਦੱਖਣੀ ਅਫਰੀਕਾ ਲਈ 49 ਟੈਸਟ ਮੈਚ ਅਤੇ 31 ਵਨਡੇਅ ਮੈਚ ਖੇਡ ਚੁੱਕੇ ਹਨ।
ਟੈਸਟ ਮੈਚਾਂ ਵਿੱਚ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਲਈ 158 ਵਿਕਟਾਂ ਲਈਆਂ ਹਨ।
ਕੇਸ਼ਵ ਮਹਾਰਾਜ ਨੂੰ ਮਾਰਚ 2023 ਵਿੱਚ ਵੈਸਟ ਇੰਡੀਜ਼ ਦੇ ਖਿਲਾਫ਼ ਇੱਕ ਵਿਕਟ ਦੀ ਖੁਸ਼ੀ ਮਨਾਉਂਦੇ ਹੋਏ ਸੱਟ ਲੱਗੀ ਸੀ। ਇਸ ਦੇ ਲਈ ਉਨ੍ਹਾਂ ਦੀ ਇੱਕ ਵੱਡੀ ਸਰਜਰੀ ਕੀਤੀ ਗਈ ਸੀ।
ਵਿਸ਼ਵ ਕੱਪ ਵਿੱਚ ਖੇਡਣਾ ਉਨ੍ਹਾਂ ਲਈ ਕਾਫੀ ਮੁਸ਼ਕਿਲ ਮੰਨਿਆ ਜਾ ਰਿਹਾ ਸੀ ਪਰ ਕੇਸ਼ਵ ਮਹਾਰਾਜ ਦੀ ਲਗਨ ਤੇ ਅਨੁਸ਼ਾਸਨ ਕਾਰਨ ਦੱਖਣੀ ਅਫਰੀਕਾ ਦੀ ਟੀਮ ਵਿੱਚ ਉਨ੍ਹਾਂ ਦੀ ਵਾਪਸੀ ਸੰਭਵ ਹੋ ਸਕੀ ਹੈ।
ਹੁਣ ਕੇਸ਼ਵ ਮਹਾਰਾਜ ਕ੍ਰਿਕਟ ਵਿਸ਼ਵ ਕੱਪ 2023 ਲਈ ਦੱਖਣੀ ਅਫ਼ਰੀਕਾ ਦੀ ਟੀਮ ਦਾ ਹਿੱਸਾ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)