ਸਿੱਕਮ ਵਿੱਚ ਇੰਨੀ ਭਾਰੀ ਤਬਾਹੀ ਆਖਿਰ ਕਿਉਂ ਹੋਈ, ਮਾਹਿਰ ਇਸ ਪਿੱਛੇ ਕੀ ਕਾਰਨ ਮੰਨਦੇ ਹਨ
Friday, Oct 06, 2023 - 08:32 PM (IST)
![ਸਿੱਕਮ ਵਿੱਚ ਇੰਨੀ ਭਾਰੀ ਤਬਾਹੀ ਆਖਿਰ ਕਿਉਂ ਹੋਈ, ਮਾਹਿਰ ਇਸ ਪਿੱਛੇ ਕੀ ਕਾਰਨ ਮੰਨਦੇ ਹਨ](https://static.jagbani.com/multimedia/2023_10image_20_31_476650585e71afa.jpg)
![ਸਿੱਕਮ ਵਿੱਚ ਤਬਾਹੀ](https://ichef.bbci.co.uk/news/raw/cpsprodpb/5e16/live/252dfe00-644b-11ee-a0c8-ab8a89e71afa.jpg)
ਭਾਰਤ ਦੇ ਉੱਤਰ-ਪੂਰਬੀ ਸੂਬੇ ਸਿੱਕਮ ਦੀ ਤੀਸਤਾ ਨਦੀ ਵਿੱਚ ਬੁੱਧਵਾਰ ਤੜਕੇ ਆਏ ਅਚਾਨਕ ਹੜ੍ਹ ਕਾਰਨ ਲੋਕਾਂ ਨੂੰ ਵੱਡੇ ਪੱਧਰ ’ਤੇ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਬਾਹੀ ਦਾ ਇਹ ਹਾਲ ਹੈ ਕਿ ਵੀਰਵਾਰ ਸ਼ਾਮ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 22 ਭਾਰਤੀ ਫ਼ੌਜ ਦੇ ਜਵਾਨਾਂ ਸਮੇਤ 102 ਲੋਕ ਅਜੇ ਵੀ ਲਾਪਤਾ ਹਨ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਹਾਲ ਦੀ ਘੜੀ ਫ਼ੌਜ, ਐੱਨਡੀਆਰਐੱਫ, ਐੱਸਡੀਆਰਐੱਫ, ਸਿੱਕਮ ਪੁਲਿਸ ਸਮੇਤ ਸੂਬਾ ਸਰਕਾਰ ਦੇ ਕਈ ਵਿਭਾਗਾਂ ਦੀਆਂ ਟੀਮਾਂ ਗੁਆਚੇ ਲੋਕਾਂ ਦੀ ਭਾਲ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।
ਇਨ੍ਹਾਂ ਹੜ੍ਹ ਨੇ 1200 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੀ ਤੀਸਤਾ ਨਦੀ ''''ਤੇ ਬਣੇ ਚੁੰਗਥਾਂਗ ਡੈਮ ਨੂੰ ਤੋੜ ਦਿੱਤਾ ਹੈ, ਜਿਸ ਦੀ ਨਿਵੇਸ਼ ਲਾਗਤ ਤਕਰੀਬਨ 25 ਹਜ਼ਾਰ ਕਰੋੜ ਰੁਪਏ ਹੈ।
ਸਿੱਕਮ ਸੂਬੇ ਦੇ ਆਪਦਾ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਹੜ੍ਹ ਨੇ ਸੂਬੇ ਦੇ 11 ਪੱਕੇ ਪੁਲ ਨਸ਼ਟ ਕਰ ਦਿੱਤੇ ਹਨ।
ਇਕੱਲੇ ਮਾਂਗਨ ਜ਼ਿਲ੍ਹੇ ਵਿੱਚ ਅੱਠ ਪੁਲ ਰੁੜ੍ਹ ਗਏ ਹਨ।
ਜਦੋਂਕਿ ਨਾਮਚੀ ਵਿੱਚ ਦੋ ਅਤੇ ਗੰਗਟੋਕ ਵਿੱਚ ਇੱਕ ਪੁਲ ਢਹਿ-ਢੇਰੀ ਹੋ ਗਿਆ ਹੈ।
ਚਾਰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਾਣੀ ਦੀਆਂ ਪਾਈਪਾਂ, ਸੀਵਰੇਜ ਲਾਈਨਾਂ ਅਤੇ ਤਕਰੀਬਨ 300 ਕੱਚੇ ਤੇ ਪੱਕੇ ਘਰ ਢਹਿ-ਢੇਰੀ ਹੋ ਗਏ ਹਨ।
ਨੈਸ਼ਨਲ ਹਾਈਵੇਅ 10 ਸਣੇ ਸੂਬੇ ਦੀਆਂ ਕਈ ਅਹਿਮ ਸੜਕਾਂ ਟੁੱਟ ਗਈਆਂ ਹਨ, ਜਿਸ ਕਾਰਨ ਕਈ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ।
![ਸਿੱਕਮ ਵਿੱਚ ਤਬਾਹੀ](https://ichef.bbci.co.uk/news/raw/cpsprodpb/2a13/live/ce078c30-644b-11ee-bf62-3360c46602f9.jpg)
22 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ ਅਤੇ ਹਾਦਸੇ ਤੋਂ ਪ੍ਰਭਾਵਿਤ ਸੈਂਕੜੇ ਲੋਕਾਂ ਨੇ ਚਾਰ ਜ਼ਿਲ੍ਹਿਆਂ ਵਿੱਚ ਬਣਾਏ ਗਏ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ।
ਸੂਬਾ ਸਰਕਾਰ ਨੇ ਇਸ ਤਬਾਹੀ ਨੂੰ ਕੁਦਰਤੀ ਆਫ਼ਤ ਕਰਾਰ ਦਿੱਤਾ ਹੈ।
ਕੁਝ ਖਬਰਾਂ ਵਿੱਚ ਇਸ ਤਬਾਹੀਕੁੰਨ ਹੜ੍ਹ ਨੂੰ ਭਾਰਤ ਅਤੇ ਨੇਪਾਲ ਵਿੱਚ ਮੰਗਲਵਾਰ ਨੂੰ ਆਏ ਭੂਚਾਲ ਨਾਲ ਜੋੜਿਆ ਜਾ ਰਿਹਾ ਹੈ, ਜਦੋਂ ਕਿ ਕਈ ਲੋਕ ਉੱਤਰੀ ਸਿੱਕਮ ਵਿੱਚ ਲੋਨਾਕ ਝੀਲ ਉੱਤੇ ਬੱਦਲ ਫਟਣ ਨੂੰ ਇਸ ਦਾ ਇੱਕ ਕਾਰਨ ਦੱਸ ਰਹੇ ਹਨ।
ਅਜਿਹੇ ਕਈ ਸਵਾਲਾਂ ਦੇ ਜਵਾਬ ਹਾਸਿਲ ਕਰਨ ਅਤੇ ਇਸ ਤਬਾਹੀ ਦੇ ਮੁੱਖ ਕਾਰਨਾਂ ਦਾ ਪਤਾ ਲਗਾਉਣ ਲਈ ਬੀਬੀਸੀ ਨੇ ਦੇਸ਼ ਦੇ ਪ੍ਰਸਿੱਧ ਗਲੇਸ਼ੀਅਰ ਵਿਗਿਆਨੀ ਅਤੇ ਵਾਤਾਵਰਨ ਕਾਰਕੁੰਨਾਂ ਅਤੇ ਜਲ ਸਰੋਤਾਂ ਦੇ ਮਾਹਰਾਂ ਨਾਲ ਵਿਸਥਾਰ ਵਿੱਚ ਗੱਲ ਕੀਤੀ।
ਪਰ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਦੱਖਣੀ ਲੋਨਾਕ ਝੀਲ ''''ਤੇ ਅਚਾਨਕ ਕੀ ਹੋਇਆ, ਜਿਸ ਕਾਰਨ ਤੀਸਤਾ ਨਦੀ ਵਿਚ ਹੜ੍ਹ ਆ ਗਿਆ।
![ਹਿਮਾਚਲ](https://ichef.bbci.co.uk/news/raw/cpsprodpb/91aa/live/03388410-6454-11ee-9b1c-9162ae851d2f.jpg)
ਕਿਵੇਂ ਮਚੀ ਇੰਨੀ ਤਬਾਹੀ
ਬੰਨ੍ਹਾਂ, ਦਰਿਆਵਾਂ ਅਤੇ ਲੋਕਾਂ ਉੱਤੇ ਕੰਮ ਕਰਦੇ ਆ ਰਹੇ ਦੱਖਣ ਏਸ਼ੀਆ ਨੈੱਟਵਰਕ ਨੇ ਆਪਣੇ ਇੱਕ ਲੇਖ ਵਿੱਚ ਦੱੱਸਿਆ ਕਿ 4 ਅਕਤੂਬਰ ਨੂੰ 2023 ਨੂੰ ਤੜਕੇ 12:40 ‘ਤੇ ਦੱਖਣੀ ਲੋਨਾਕ ਗਲੇਸ਼ਿਅਲ ਝੀਲ ਤੋਂ ਪੈਦਾ ਹੋਏ ਇੱਕ ਗਲੇਸ਼ਿਅਲ ਲੇਕ ਆਊਟਬਰਸਟ ਫ਼ਲੱਡ(ਜੀਏਐਲਓਐਫ) ਨੇ ਇਹ ਤਬਾਹੀ ਮਚਾਈ ਹੈ।
ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਇਹ ਸਿੱਕਮ ਦੀ ਸਭ ਤੋਂ ਵੱਡੀ ਪਣ ਬਿਜਲੀ ਬਣਾਉਣ ਦੀ ਯੋਜਨਾ, 1200 ਮੈਗਾਵਟ ਤੀਸਤਾ 3 ਏਐੱਚਪੀ ਦੇ 60 ਮੀਟਰ ਉੱਚੇ ਬੰਨ੍ਹ ਨੂੰ ਨਾਲ ਵਹਾ ਕੇ ਲੈ ਗਿਆ।
ਇਸ ਹੜ੍ਹ ਨੇ ਸਿੱਕਮ ਵਿੱਚ ਦਰਿਆ ਦੇ ਕਿਨਾਰੇ ਅਤੇ ਪੱਛਮੀ ਬੰਗਾਲ ਅਤੇ ਫਿਰ ਬੰਗਲਾਦੇਸ਼ ਵਿੱਚ ਥੱਲੜੇ ਪਾਸੇ ਅਜਿਹੀ ਆਫ਼ਤ ਲਿਆਂਦੀ ਹੈ ਜਿਹੋ ਜਿਹੀ ਪਹਿਲਾਂ ਕਦੇ ਨਹੀਂ ਆਈ।
ਇਲਾਕੇ ਵਿੱਚ ਲਗਾਤਾਰ ਮੀਂਹ ਜ਼ਰੂਰ ਪੈ ਰਿਹਾ ਸੀ ਪਰ ਗਲੇਸ਼ਿਅਲ ਝੀਲ ਦੇ ਫਟਣ ਨਾਲ ਸਿੱਕਮ ਵਿੱਚ ਬਹੁਤ ਤਬਾਹੀ ਹੋਈ ਹੈ।
ਹਾਲਾਂਕਿ ਕੇਂਦਰੀ ਜਲ ਆਯੋਗ ਭਾਵ ਸੀਡਬਲਯੂਸੀ ਨੇ 4 ਅਕਤੂਬਰ ਦੀ ਸਵੇਰ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਝੀਲ ਫਟਣ ਵਾਲੀ ਜਗ੍ਹਾ ਉੱਤੇ ਬਾਦਲ ਫਟਿਆ ਸੀ। ਬੱਦਲ ਫਟਣ ਦੀ ਝੀਲ ਫਟਣ ਦੀ ਘਟਨਾ ਵਿੱਚ ਭੂਮਿਕਾ ਹੋ ਸਕਦੀ ਹੈ।
![ਸਿੱਕਮ ਵਿੱਚ ਤਬਾਹੀ](https://ichef.bbci.co.uk/news/raw/cpsprodpb/0414/live/3c308c80-6450-11ee-9b1c-9162ae851d2f.jpg)
ਪਰ ਦਰਿਆਵਾਂ ਦੇ ਬੰਨ੍ਹਾਂ ਉੱਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਵਾਤਾਵਰਣ ਕਾਰਕੁਨ ਅਤੇ ਪਾਣੀਆਂ ਦੇ ਮਸਲੇ ਬਾਰੇ ਮਾਹਰ ਹਿਮਾਂਸ਼ੂ ਠੱਕਰ ਦਾ ਮੰਨਣਾ ਹੈ ਕਿ ਇਸ ਹੜ੍ਹ ਵਿੱਚ ਮੀਂਹ ਦੀ ਕੋਈ ਖ਼ਾਸ ਭੂਮਿਕਾ ਨਹੀਂ ਹੈ।
ਉਨ੍ਹਾਂ ਨੇ ਸਿੱਕਮ ਵਿੱਚ ਹੋਈ ਤਬਾਹੀ ਬਾਰੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, “ਜਿਸ ਥਾਂ ਇਹ ਹਾਦਸਾ ਹੋਇਆ ਹੈ ਉਹ ਪੰਜ ਹਜ਼ਾਰ ਮੀਟਰ ਤੋਂ ਵੱਧ ਉਚਾਈ ਉੱਤੇ ਸਥਿਤ ਹੈ ਅਤੇ ਇੱਥੇ ਬੱਦਲ ਫਟਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।”
“ਕੇਂਦਰੀ ਜਲ ਆਯੋਗ ਦੇ ਕੁਝ ਉੱਚ ਅਧਿਕਾਰਿਆਂ ਨੇ ਵੀ ਬਾਅਦ ਵਿੱਚ ਇਹ ਦੱਸਿਆ ਕਿ ਇਹ ਤਬਾਈ ਬੱਦਲ ਫਟਣ ਕਰਕੇ ਨਹੀਂ ਹੋਈ।”
“ਇਹ ਹੜ੍ਹ ਦੱਖਣੀ ਲੋਨਾਕ ਝੀਲ ਟੁੱਟਣ ਕਾਰਨ ਆਏ ਹਨ, ਕਿਉਂਕਿ ਇਹ ਝੀਲ ਕਾਫੀ ਨਾਜ਼ੁਕ ਅਤੇ ਅਸੁਰੱਖਿਅਤ ਸੀ, ਇਸਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਦੇ ਬਾਰੇ ਵਿੱਚ ਪਤਾ ਸੀ ਕਿ ਇੱਥੇ ਅਜਿਹਾ ਹੜ੍ਹ ਆ ਸਕਦਾ ਹੈ, ਇਹ ਗਲੇਸ਼ਿਅਲ ਲੇਕ ਕਰੀਬ ਤਿੰਨ ਦਹਾਕਿਆਂ ਤੋਂ ਵੱਧ ਰਹੀ ਸੀ।”
“ਇਸਦਾ ਖੇਤਰ ਪਹਿਲਾਂ ਸਿਰਫ 17 ਹੈਕਟੇਅਰ ਸੀ ਜੋ ਹੁਣ ਉਸ ਤੋਂ ਵੱਧਕੇ ਕਰੀਬ 168 ਹੈਕਟੇਅਰ ਹੋ ਚੁੱਕਿਆ ਸੀ, ਜਲਵਾਯੂ ਬਦਲਾਅ ਅਤੇ ਗਲੋਬਲ ਵਾਰਮਿੰਗ ਇਸਦੀ ਮੁੱਖ ਵਜ੍ਹਾ ਹੈ, ਮਤਲਬ ਕਿ ਗਲੇਸ਼ਿਅਰ ਪਿਘਲ ਰਿਹਾ ਸੀ ਅਤੇ ਝੀਲ ਦਾ ਵਿਸਥਾਰ ਹੋ ਰਿਹਾ ਸੀ।”
ਪਾਣੀਆਂ ਦੇ ਮਾਮਲੇ ਬਾਰੇ ਮਾਹਰ ਹਿਮਾਂਸ਼ੂ ਠੱਕਰ ਦੱਸਦੇ ਹਨ ਕਿ ਸਿੱਕਮ ਦੇ ਉੱਤਰ ਪੱਛਮੀ ਖੇਤਰ ਵਿੱਚ ਪੈਂਦੀ ਦੱਖਣ ਲੋਨਾਕ ਝੀਲ ਇੱਕ ਗਲੇਸ਼ਿਅਰ-ਮੋਰਾਇਨ-ਬੰਨ੍ਹ ਝੀਲ ਹੈ।
ਇਹ ਝੀਲ ਗਲੇਸ਼ਿਅਲ ਝੀਲ਼ ਵਿਸਫੋਟ ਹੜ੍ਹ(ਜੀਐੱਲਓਐਫ) ਦੇ ਲਈ ਅਤਿ ਸੰਵੇਦਨਸ਼ੀਲ 14 ਸੰਭਵ ਖ਼ਤਰਨਾਕ ਝੀਲਾਂ ਵਿੱਚੋਂ ਇੱਕ ਹੈ, ਜਿਸਦੀ ਪਛਾਣ ਕੀਤੀ ਗਈ ਸੀ।
![ਸਿੱਕਮ ਵਿੱਚ ਤਬਾਹੀ](https://ichef.bbci.co.uk/news/raw/cpsprodpb/036f/live/c40279a0-644d-11ee-bf62-3360c46602f9.jpg)
ਗਲੇਸ਼ਿਅਲ ਝੀਲ ਵਿਸਫੋਟ ਹੜ੍ਹ ਕੀ ਹੁੰਦਾ ਹੈ
ਗਲੇਸ਼ਿਅਲ ਲੇਕ ਆਊਟਬ੍ਰਸਟ ਹੜ੍ਹ ਇੱਕ ਕਿਸਮ ਦੇ ਤਬਾਹਕੁੰਨ ਹੜ੍ਹ ਹਨ, ਜੋ ਉਦੋਂ ਆਉਂਦੇ ਹਨ ਜਦੋਂ ਗਲੇਸ਼ਿਅਲ ਝੀਲ ਵਾਲਾ ਬੰਨ੍ਹ ਕਿਸੇ ਕਾਰਣ ਟੁੱਟ ਜਾਂਦਾ ਹੈ ਜਿਸ ਨਾਲ ਵੱਡੀ ਮਾਤਰਾ ਵਿੱਚ ਪਾਣੀ ਨਿਕਲਦਾ ਹੈ।
ਇਸ ਕਿਸਮ ਦੇ ਜੀਐੱਲਓਐਫ਼ ਬਹੁਤ ਖ਼ਤਰਨਾਕ ਹੁੰਦੇ ਹਨ, ਜੋ ਵੱਡੀ ਤਬਾਹੀ ਲਿਆਉਂਦੇ ਹਨ।
ਉਤਰਾਖੰਡ, ਗੁਜਰਾਤ ਵਿੱਚ ਆਏ ਹੜ੍ਹ ਇਸਦੀ ਮਿਸਾਲ ਹਨ। ਦਰਅਸਲ ਗਲੇਸ਼ਿਅਰ ਹੜ੍ਹ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ ਜਿਹੜਾ ਉਸ ਇਲਾਕੇ ਦੇ ਤਾਪਮਾਨ ਦੇ ਵਧਣ ਉੱੇਤੇ ਪਿਘਲਣ ਲੱਗਦਾ ਹੈ।
ਇਸ ਕਿਸਮ ਦਾ ਹੜ੍ਹ ਆਮ ਤੌਰ ਉੱਤੇ ਗਲੇਸ਼ਿਅਰਾਂ ਦੇ ਤੇਜ਼ੀ ਨਾਲ ਪਿਘਲਣ ਜਾਂ ਪਿਘਲੇ ਪਾਣੀ ਦੇ ਪ੍ਰਵਾਹ ਦੇ ਕਾਰਨ ਝੀਲ ਵਿੱਚ ਪਾਣੀ ਜਮ੍ਹਾ ਹੋਣ ਕਰਕੇ ਆਉਂਦਾ ਹੈ।
ਜੀਐੱਲਓਐੱਫ਼ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅਤੇ ਇਸਨੇ ਹਿਮਾਲਿਆ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਬਹੁਤ ਤਬਾਹੀ ਮਚਾਈ ਹੈ।
ਜੂਨ 2013 ਵਿੱਚ ਉੱਤਰਾਖੰਡ ਵਿੱਚ ਆਏ ਹੜ੍ਹਾ ਤੋਂ ਬਾਅਦ ਭਾਰਤ ਸਰਕਾਰ ਨੇ ਕਈ ਝੀਲ਼ਾਂ ਦੀ ਸਥਿਤੀ ਅਤੇ ਉਨ੍ਹਾਂ ਤੋਂ ਪੈਦਾ ਹੋ ਰਹੇ ਖ਼ਤਰਿਆਂ ਦੇ ਅਧਿਐਨ ਲਈ ਜੋ ਮਾਹਰਾਂ ਦੀ ਇੱਕ ਖ਼ਾਸ ਕਮੇਟੀ ਬਣਾਈ ਸੀ, ਉਸ ਵਿੱਚ ਮੰਨੇ-ਪ੍ਰਮੰਨੇ ਗਲੇਸ਼ਿਓਲੋਜਿਸਟ ਅਤੇ ਬੰਗਲੁਰੂ ਵਿੱਚ ਸਥਿਤ ਭਾਰਤੀ ਵਿਗਿਆਨ ਕੇਂਦਰ, ਦਿਵੇਚਾ ਜਲਵਾਯੂ ਪਰਿਵਰਤਨ ਕੇਂਦਰ ਦੇ ਵਿਗਿਆਨੀ ਡਾ ਅਨਿਲ ਕੁਲਕਰਣੀ ਵੀ ਸ਼ਾਮਲ ਸਨ।
ਸਿੱਕਮ ਦੇ ਦੱਖਣੀ ਲੋਨਾਕ ਝੀਲ ਉੱਤੇ ਲੰਬੇ ਸਮੇਂ ਤੱਕ ਅਧਿਐਨ ਕਰਨ ਵਾਲੇ ਡਾ ਕੁਲਕਰਣੀ ਨੇ ਦੱਸਿਆ ਕਿ ਇਸ ਝੀਲ ਤੋਂ ਪੈਦਾ ਹੋ ਰਹੇ ਖ਼ਤਰੇ ਬਾਰੇ 2015 ਵਿੱਚ ਹੀ ਸਰਕਾਰਾਂ ਨੂੰ ਵਿਸਥਾਰ ਵਿੱਚ ਦੱਸਿਆ ਗਿਆ ਸੀ।
ਲੋਨਾਕ ਝੀਲ ਤੋਂ ਹੋਈ ਇਸ ਤਬਾਹੀ ਬਾਰੇ ਡਾ ਕੁਲਕਰਣੀ ਨੇ ਬੀਬੀਸੀ ਨੂੰ ਦੱਸਿਆ, “ਭਾਰਤ ਵਿੱਚ ਲੋਨਾਕ ਝੀਲ ਇੱੱਕ ਅਜਿਹੀ ਝੀਲ ਹੈ ਜਿਸ ਉੱਤੇ ਸਭ ਤੋਂ ਵੱਧ ਅਧਿਐਨ ਹੋਇਆ ਹੈ।
“ਵਾਤਾਰਵਰਨ ਬਦਲਾਅ ਦੇ ਕਾਰਣ ਚਾਰ ਹਜ਼ਾਰ ਮੀਟਰ ਤੋਂ ਵੱਧ ਉਚਾਈ ਵਾਲੀ ਥਾਂ ’ਤੇ ਤਾਪਮਾਨ ਵਿੱਚ ਲੋੜ ਨਾਲੋਂ ਵੱਧ ਵਾਧਾ ਹੋ ਰਿਹਾ ਹੈ। ਜਿਸ ਦੇ ਕਾਰਣ ਗਲੇਸ਼ਿਅਰ ਸੁੰਗੜ ਰਹੇ ਹਨ ਜਦੋਂ ਗਲੇਸ਼ਿਅਰ ਆਪਣਾ ਇਲਾਕਾ ਖਾਲ੍ਹੀ ਕਰਦੇ ਹਨ, ਤਾਂ ਉੱਥੇ ਵਿਆਪਕ ਪੱਧਰ ਉੱਤੇ ਪਾਣੀ ਜਮ੍ਹਾ ਹੋਣ ਲੱਗਦਾ ਹੈ, ਜਿਸ ਨਾਲ ਗਲੇਸ਼ਿਅਰ ਝੀਲ ਬਣਦੀ ਹੈ।
“ਸਮੇਂ ਦੇ ਨਾਲ ਇਸ ਝੀਲ ਦਾ ਆਕਾਰ ਵੱਡਾ ਹੋ ਜਾਂਦਾ ਹੈ ਜਿਸ ਨਾਲ ਹੜ੍ਹ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਜਿਹਾ ਹੀ ਸਿੱਕਮ ਦੀ ਲੋਨਾਕ ਝੀਲ ਵਿੱਚ ਹੋਇਆ ਹੈ।”
![ਸਿੱਕਮ ਵਿੱਚ ਤਬਾਹੀ](https://ichef.bbci.co.uk/news/raw/cpsprodpb/45d4/live/dd3fcf30-644d-11ee-9b1c-9162ae851d2f.jpg)
ਡਾ ਕੁਲਕਰਣੀ ਦੱਸਦੇ ਹਨ ਕਿ 1990 ਵਿੱਚ ਲੋਨਾਕ ਝੀਲ ਵਿੱਚ ਪਾਣੀ ਭਰਨਾ ਸ਼ੁਰੂ ਹੋਇਆ ਸੀ ਅਤੇ ਇੰਨੇ ਸਾਲਾਂ ਵਿੱਚ ਇਹ ਬਹੁਤ ਵੱਡੀ ਹੋ ਗਈ।
ਜਿਸ ਸਮੇਂ ਲੋਨਾਕ ਝੀਲ ਟੁੱਟੀ ਸੀ, ਉਸ ਵਿੱਚ 60 ਮਿਲੀਅਨ ਕਿਉਬਿਕ ਮੀਟਰ (1 ਮਿਲੀਅਨ ਕਿਉਬਿਕ ਮੀਟਰ ਪਾਣੀ ਵਿੱਚ 100 ਕਰੋੜ ਲੀਟਰ ਪਾਣੀ ਹੁੰਦਾ ਹੈ) ਪਾਣੀ ਸੀ।
ਇਸ ਕਿਸਮ ਦੀ ਝੀਲ ਦੇ ਪਾਣੀ ਦੇ ਅੰਦਰ ਮੋਰਾਇਨ ਹੁੰਦਾ ਹੈ, ਜਿਸ ਵਿੱਚ ਬਰਫ਼ ਤੋਂ ਲੈ ਕੇ ਮਿੱਟੀ, ਪੱਥਰ ਹੁੰਦੇ ਹਨ, ਜਦੋਂ ਬਰਫ਼ ਪਿਘਲਦੀ ਹੈ ਤਾਂ ਬੰਨ੍ਹ ਥੱਲੇ ਧੱਸ ਜਾਂਦਾ ਹੈ ਅਤੇ ਇਸੇ ਕਾਰਨ ਅਚਾਨਕ ਹੜ੍ਹ ਆ ਜਾਂਦਾ ਹੈ।
ਇਸ ਤਰ੍ਹਾ ਦੀ ਝੀਲ ਦੇ ਪਾਣੀ ਦੇ ਅੰਦਰ ਮੋਰਾਇਨ ਹੁੰਦਾ ਹੈ, ਜਿਸ ਵਿੱਚ ਬਰਫ਼ ਤੋਂ ਲੈ ਕੇ ਮਿੱਟੀ, ਪੱਥਰ ਹੁੰਦੇ ਹਨ ਜਦੋਂ ਬਰਫ਼ ਪਿਘਲਦੀ ਹੈ ਤਾਂ ਬੰਨ੍ਹ ਥੱਲੇ ਧੱਸ ਜਾਂਦਾ ਹੈ ਅਤੇ ਇਸੇ ਕਾਰਨ ਅਚਾਨਕ ਹੜ੍ਹ ਆਉਂਦੇ ਹਨ।
![ਮਾਹਰ](https://ichef.bbci.co.uk/news/raw/cpsprodpb/9ea6/live/2e91c680-6454-11ee-9b1c-9162ae851d2f.jpg)
ਲੋਨਾਕ ਝੀਲ ਦੇ ਖ਼ਤਰੇ ਦੇ ਬਾਰੇ 2013 ਵਿੱਚ ਇੱਕ ਅਧਿਐਨ ਪੱਤਰ ਪ੍ਰਕਾਸ਼ਿਤ ਹੋਇਆ ਸੀ।
ਲੋਨਾਕ ਝੀਲ ਦੇ ਅੰਦਰ ਦੀ ਸਥਿਤੀ ਦਾ ਪਤਾ 10 ਸਾਲ ਪਹਿਲਾਂ ਹੀ ਲੱਗ ਚੁੱਕਿਆ ਸੀ।
ਇਸ ਬਾਰੇ ਡਾ ਕੁਲਕਰਣੀ ਕਹਿੰਦੇ ਹਨ, “2013 ਵਿੱਚ ਇੱਕ ਪੇਪਰ ਆਇਆ ਸੀ, ਉਸ ਤੋਂ ਬਾਅਦ ਅਸੀਂ ਵੀ ਲੋਨਾਕ ਝੀਲ ਉੱਤੇ ਡੂੰਘਾਈ ਨਾਲ ਅਧਿਐਨ ਕਰਕੇ ਇਸ ਬਾਰੇ ਪਤਾ ਲਗਾਇਆ ਸੀ ਕਿ ਝੀਲ ਦੇ ਅੰਦਰ ਕਿੱਥੇ-ਕਿੱਥੇ ਮੋਰਾਇਨ ਹੈ ਅਤੇ ਉਸ ਵਿੱਚ ਕਿੰਨਾ ਪਾਣੀ ਜਮ੍ਹਾ ਹੋ ਜਾਂਦਾ ਹੈ।”
“ਇਹ ਸਾਰੀ ਜਾਣਕਾਰੀ 2015 ਵਿੱਚ ਅਸੀਂ ਕੇਂਦਰ ਅਤੇ ਰਾਜ ਸਰਕਾਰ ਨੂੰ ਦਿੱਤੀ ਸੀ , ਨਾਲ ਹੀ ਇਸ ਝੀਲ ਦੇ ਖ਼ਤਰੇ ਨੂੰ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਵੀ ਦੱਸਿਆ ਸੀ, ਪਰ ਸਿੱਕਮ ਵਿੱਚ ਹੋਈ ਤਬਾਹੀ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਇਸ ਉੱਤੇ ਕੋਈ ਖ਼ਾਸ ਕੰਮ ਨਹੀਂ ਹੋਇਆ ਹੈ।”
ਸਿੱਕਮ ਡਿਸਾਸਟਰ ਮੈਨੇਜਮੈਂਟ ਅਥਾਰਟੀ ਅਤੇ ਸਿੱਕਮ ਦੇ ਵਿਗਿਆਨ, ਤਕਨੀਕ ਅਤੇ ਜਲਵਾਯੂ ਬਦਲਾਅ ਵਿਭਾਗ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਉੱਤੇ ਤੁਰੰਤ ਧਿਆਨ ਦਿੱਤਾ ਅਤੇ ਝੀਲ ਦੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ।
![ਸਿੱਕਮ ਵਿੱਚ ਤਬਾਹੀ](https://ichef.bbci.co.uk/news/raw/cpsprodpb/2b16/live/55abae60-6450-11ee-9b1c-9162ae851d2f.jpg)
ਅਧਿਕਾਰੀਆਂ ਨੇ ਪਾਣੀ ਬਾਹਰ ਕੱਢਣ ਦੇ ਲਈ ਝੀਲ ਵਿੱਚ ਤਿੰਨ ਅੱਠ ਇੰਚ ਚੌੜੇ ਅਤੇ 130 ਤੋਂ 140 ਮੀਟਰ ਲੰਬੇ ਹਾਈ ਡੈਂਸਿਟੀ ਪੋਲੀਥੀਨ ਪਾਈਪ ਲਾਏ ਸਨ।
ਪਾਣੀਆਂ ਬਾਰੇ ਮਾਹਰ ਹਿਮਾਂਸ਼ੂ ਠੱਕਰ ਦਾ ਕਹਿਣਾ ਹੈ ਕਿ ਉੱਪਰ ਝੀਲ ਦੀ ਸਥਿਤੀ ਦੀ ਨਿਗਰਾਨੀ ਰੱਖਣ ਦੇ ਲਈ ਜੋ ਪ੍ਰਬੰਧ ਹੋਣੇ ਚਾਹੀਦੇ ਹਨ ਉਸ ਵਿੱਚ ਪੂਰੀ ਕਮੀ ਨਜ਼ਰ ਆਉਂਦੀ ਹੈ।
ਲਾਚੇਨ ਘਾਟੀ ਵਿੱਚ ਬੰਨ੍ਹ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਉੱਤੇ ਸੀਡਬਲਯੂਸੀ ਦਾ ਪੂਰਬ ਅਨੁਮਾਨ ਸਟੇਸ਼ਨ ਸੀ, ਫਿਰ ਵੀ ਚੇਤਾਵਨੀ ਜਾਰੀ ਕਰਨ ਲਈ ਲੋੜੀਂਦਾ ਸਮਾਂ ਨਹੀਂ ਮਿਲ ਸਕਿਆ।
ਉੱਥੇ ਹੀ 2015 ਵਿੱਚ ਸ਼ੁਰੂ ਹੋਏ ਚੁੰਗਥਾਂਗ ਬੰਨ੍ਹ ਦੀ ਪਾਣੀ ਛੱਡਣ ਦੀ ਸਮਰੱਥਾ ਸੱਤ ਹਜ਼ਾਰ ਕਿਊਬਿਕ ਮੀਟਰ ਪ੍ਰਤੀ ਸੈਕਿੰਡ ਹੈ, ਜੋ ਕਿ ਕਾਫ਼ੀ ਨਹੀਂ ਹੈ।
ਜੇਕਰ ਉੱਪਰੀ ਧਾਰਾ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਥੱਲੇ ਰਹਿੰਦੇ ਲੋਕਾਂ ਨੂੰ ਸਮੇਂ ਉੱਤੇ ਚੇਤਾਵਨੀ ਦੇਣ ਦਾ ਠੀਕ ਪ੍ਰਬੰਧ ਹੁੰਦਾ ਤਾਂ ਸ਼ਾਇਦ ਇੰਨੀ ਤਬਾਹੀ ਨਾ ਹੁੰਦੀ।
ਜਿਵੇਂ ਇਸਰੋ ਸੈਟੇਲਾਈਟ ਰਾਹੀਂ ਨਿਗਰਾਨੀ ਰੱਖਦਾ ਹੈ, ਉਵੇਂ ਜੇਕਰ ਇਨ੍ਹਾਂ ਝੀਲਾਂ ਦੀ ਨਿਗਰਾਨੀ ਰੱਖਣ ਦਾ ਠੀਕ ਪ੍ਰਬੰਧ ਕੀਤਾ ਜਾਵੇ ਤਾਂ ਅਜਿਹੀ ਬਰਬਾਦੀ ਤੋਂ ਬਚਿਆ ਜਾ ਸਕਦਾ ਹੈ।
ਡਾ ਕੁਲਕਰਣੀ ਦਾ ਕਹਿਣਾ ਹੈ ਕਿ ਹਿਮਾਲਿਆ ਖੇਤਰ ਦੇ ਅੰਦਰ ਆਉਣ ਵਾਲੇ ਸੂਬਿਆਂ ਵਿੱਚ ਬੰਨ੍ਹ ਜਿਹੀਆਂ ਵੱਡੀਆਂ ਯੋਜਨਾਵਾਂ ਸ਼ੁਰੂ ਕਰਨ ਤੋਂ ਪਹਿਲਾਂ ‘ਜਲਵਾਯੂ ਆਕਲਨ ਰਿਪੋਰਟ’ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ।
ਕਿਉਂਕਿ ਦਰਿਆਵਾਂ ਦੇ ਵੱਡੇ ਬੰਨ੍ਹ 50 ਤੋਂ 100 ਸਾਲ ਦੇ ਲਈ ਬਣਾਏ ਜਾਂਦੇ ਹਨ ਅਤੇ ਇੰਨੇ ਲੰਬੇ ਸਮੇਂ ਵਿੱਚ ਜਲਵਾਯੂ ਬਦਲਾਅ ਦੀਆਂ ਗੱਲਾਂ ਉੱਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ, ਜਦਕਿ ਜੋਖ਼ਮ ਵਾਲੀਆਂ ਝੀਲਾਂ ਦੇ ਥੱਲੇ ਵੱਡੇ ਬੰਨ੍ਹ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ।
ਸਿੱਕਮ ਵਿੱਚ ਹਨ ਕਈ ਪਣ ਬਿਜਲੀ ਯੋਜਨਾਵਾਂ
ਹਿਮਾਲਿਆ ਤੋਂ ਨਿਕਲਣ ਵਾਲੀ ਤੀਸਤਾ ਨਦੀ ਸਿੱਕਮ ਤੋਂ ਹੁੰਦੇ ਹਏ ਪੱਛਮੀ ਬੰਗਾਲ ਦੇ ਰਸਤੇ ਬੰਗਲਾਦੇਸ਼ ਵਿੱਚ ਜਾ ਕੇ ਡਿੱਗਦੀ ਹੈ।
ਉੱਤਰੀ ਸਿੱਕਮ ਵਿੱਚ ਦੋ ਗਲੇਸ਼ੀਅਰਾਂ ਤੋਂ ਨਿਕਲਣ ਵਾਲੀਆਂ ਨਦੀਆਂ ਹਨ– ਲਾਚੁੰਗ ਅਤੇ ਲਾਚੇਨ, ਇਹ ਚੁੰਗਥਾਂਗ ਦੇ ਦੱਖਣੀ ਸਿਰੇ ਉੱਤੇ ਰਲਕੇ ਤੀਸਤਾ ਨਦੀ ਬਣਾਉਂਦੀਆਂ ਹਨ।
ਇਸੇ ਤੀਸਤਾ ਨਦੀ ਦੇ ਮੇਲ ਉੱਤੇ ਚੁੰਗਥਾਂਗ ਵਿੱਚ ਸਾਲ 2005 ਵਿੱਚ 1200 ਮੈਗਾਵਾਟ ਤੀਸਤਾ ਪਣ ਬਿਜਲੀ ਯੋਜਨਾ ਬਣਨੀ ਸ਼ੁਰੂ ਹੋਈ ਅਤੇ 2017 ਵਿੱਚ ਇੱਥੇ ਬਿਜਲੀ ਬਣਨ ਦਾ ਕੰਮ ਸ਼ੁਰੂ ਹੋ ਗਿਆ।
ਇਹ ਬੰਨ੍ਹ ਮੰਗਨ ਜ਼ਿਲ੍ਹੇ ਵਿੱਚ ਚੁੰਗਥਾਂਗ ਅਤੇ ਮੰਗਨ ਦੇ ਵਿੱਚ ਸਥਿੱਤ ਹੈ। ਇਹ ਸਿੱਕਮ ਵਿੱਚ ਸਭ ਤੋਂ ਵੱਡੀ ਪਣ ਬਿਜਲੀ ਯੋਜਨਾ ਹੈ।
ਹਾਲਾਂਕਿ ਕਈ ਸਥਾਨਕ ਲੋਕ ਜਿਨ੍ਹਾਂ ਨੇ ਇਸ ਯੋਜਨਾ ਦੀ ਸ਼ੁਰੂ ਵਿੱਚ ਹਮਾਇਤ ਕੀਤੀ ਸੀ, ਹੁਣ ਪਛਤਾਵਾ ਕਰ ਰਹੇ ਹਨ।
ਸਿੱਕਮ ਵਿੱਚ ਪਵਨ ਚਾਮਲਿੰਗ ਦੀ ਸਰਕਾਰ ਦੇ ਦੌਰਾਨ ਰਾਜ ਵਿੱਚ ਦੋ ਦਰਜਨ ਤੋਂ ਵੱਧ ਪਣ ਬਿਜਲੀ ਯੋਜਨਾਵਾਂ ਨੂੰ ਮਨਜ਼ੂਰੀ ਮਿਲੀ ਸੀ।
ਰਾਸ਼ਟਰੀ ਪਣਬਿਜਲੀ ਵਿਕਾਸ ਨਿਗਮ ਦੀਆਂ 47 ਪਣ ਬਿਜਲੀ ਯੋਜਨਾਵਾਂ ਸਿੱਕਮ ਅਤੇ ਪੱਛਮੀ ਬੰਗਾਲ ਵਿੱਚ ਤੀਸਤਾ ਨਦੀ ਉੱਤੇ ਬਣਨ ਦੇ ਵੱਖ-ਵੱਖ ਪੜਾਾਵਾਂ ਉੱਤੇ ਹਨ।
ਇਨ੍ਹਾਂ ਵਿਚੋਂ 9 ਪ੍ਰੋਜੈਕਟ ਚਾਲੂ ਹੋ ਚੁੱਕੇ ਹਨ ਅਤੇ 15 ਬੰਨ੍ਹਾਂ ਉੱਤੇ ਕੰਮ ਚੱਲ ਰਿਹਾ ਹੈ ਅਤੇ 28 ਹੋਰ ਪਾਈਪਲਾਈਨ ਵਿੱਚ ਹਨ।
ਤੀਸਤਾ ਨਦੀ ਬੇਸਿਨ ਵਿੱਚ 313 ਗਲੇਸ਼ੀਅਰ ਝੀਲਾਂ ਹਨ ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਹਮੇਸ਼ਾ ਖ਼ਤਰਾ ਰਹਿੰਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)