ਕ੍ਰਿਕਟ ਵਿਸ਼ਵ ਕੱਪ: ਪਾਕਿਸਤਾਨੀ ਮੈਚ ਦੇਖਣ ਲਈ ਕਾਹਲੇ, ਟਿਕਟ-ਹੋਟਲ-ਫਲਾਈਟ ਸਭ ਬੁੱਕ ਪਰ ਵੀਜ਼ਾ ਨਹੀਂ ਹੈ
Friday, Oct 06, 2023 - 04:32 PM (IST)
![ਕ੍ਰਿਕਟ ਵਿਸ਼ਵ ਕੱਪ: ਪਾਕਿਸਤਾਨੀ ਮੈਚ ਦੇਖਣ ਲਈ ਕਾਹਲੇ, ਟਿਕਟ-ਹੋਟਲ-ਫਲਾਈਟ ਸਭ ਬੁੱਕ ਪਰ ਵੀਜ਼ਾ ਨਹੀਂ ਹੈ](https://static.jagbani.com/multimedia/2023_10image_16_31_475818296429439.jpg)
![ਕ੍ਰਿਕਟ](https://ichef.bbci.co.uk/news/raw/cpsprodpb/0515/live/c97d94e0-6417-11ee-a7cc-ad9886429439.jpg)
‘‘ਉਂਝ ਇਹ ਤਾਂ ਨਹੀਂ ਪਤਾ ਕਿ ਭਾਰਤ ਨੂੰ ਦੇਖਣ ਦਾ ਮੌਕਾ ਕਦੋਂ ਮਿਲੇਗਾ ਅਤੇ ਜੇ ਭਾਰਤ ਵਿੱਚ ਕ੍ਰਿਕਟ ਮੈਚ ਦੇਖਣ ਨੂੰ ਮਿਲ ਜਾਵੇਂ ਤਾਂ ਫ਼ਿਰ ਤਾਂ ਗੱਲ ਹੀ ਹੋਰ ਹੈ। ਪਰ ਦਿੱਕਤ ਇਹ ਹੈ ਕਿ ਹਾਲੇ ਤੱਕ ਪਾਕਿਸਤਾਨੀਆਂ ਲਈ ਭਾਰਤ ਦਾ ਵੀਜ਼ਾ ਹੀ ਜਾਰੀ ਨਹੀਂ ਹੋਇਆ।’’
ਇਹ ਗੱਲ ਸਾਂਝੀ ਕੀਤੀ ਹੈ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਰਹਿਣ ਵਾਲੇ ਜ਼ੀਸ਼ਾਨ ਅਲੀ ਨੇ। ਉਹ ਇੱਕ ਕ੍ਰਿਕਟ ਪ੍ਰਸ਼ੰਸਕ ਹਨ ਅਤੇ ਕ੍ਰਿਕਟ ਦਾ ਵਰਲਡ ਕੱਪ ਦੇਖਣ ਲਈ ਭਾਰਤ ਜਾਣਾ ਚਾਹੁੰਦੇ ਹਨ।
ਜ਼ੀਸ਼ਾਨ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਕੁੱਲ ਤਿੰਨ ਮੈਚਾਂ ਦੀਆਂ ਟਿਕਟਾਂ ਖ਼ਰੀਦੀਆਂ ਹੋਈਆਂ ਹਨ, ਇਹਨਾਂ ਵਿੱਚ ਪਾਕਿਸਤਾਨ ਬਨਾਮ ਭਾਰਤ, ਪਾਕਿਸਤਾਨ ਬਨਾਮ ਸ਼੍ਰੀਲੰਕਾ ਅਤੇ ਪਾਕਿਸਤਾਨ ਬਨਾਮ ਅਫ਼ਗਾਨਿਸਤਾਨ ਦੇ ਮੈਚ ਸ਼ਾਮਲ ਹਨ।’’
ਜ਼ੀਸ਼ਾਨ ਹੁਣ ਇਸ ਇੰਤਜ਼ਾਰ ਵਿੱਚ ਨਿਰਾਸ਼ ਵੀ ਹੋ ਰਹੇ ਹਨ।
ਉਹ ਕਹਿੰਦੇ ਹਨ, ‘‘ਮੈਂ ਹੋਟਲ ਬੁਕਿੰਗ ਵੀ ਕਰਵਾ ਲਈ ਹੈ ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਹੁਣ ਤੱਕ ਪਾਕਿਸਤਾਨੀਆਂ ਲਈ ਵੀਜ਼ਾ ਹੀ ਨਹੀਂ ਖੋਲ੍ਹੇ ਗਏ। ਹੁਣ ਤਾਂ ਉਡੀਕ ਕਰਕੇ ਮੇਰਾ ਆਪਣਾ ਹੌਂਸਲਾ ਵੀ ਘੱਟ ਹੁੰਦਾ ਜਾ ਰਿਹਾ ਹੈ।’’
ਵਰਲਡ ਕੱਪ ਦਾ ਆਗਾਜ਼
ਕ੍ਰਿਕਟ ਵਰਲਡ ਕੱਪ ਦਾ ਆਗਾਜ਼ ਪੰਜ ਅਕਤੂਬਰ ਤੋਂ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਤੋਂ ਹੋ ਚੁੱਕਿਆ ਹੈ। ਹਰ ਚਾਰ ਸਾਲ ਬਾਅਦ ਆਉਣ ਵਾਲੇ ਕ੍ਰਿਕਟ ਵਰਲਡ ਕੱਪ ਦਾ ਸ਼ੁਰੂਆਤੀ ਮੈਚ ਵੀਰਵਾਰ (5 ਅਕਤੂਬਰ) ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਪਾਕਿਸਤਾਨ ਦਾ ਪਹਿਲਾ ਮੈਚ ਸ਼ੁੱਕਰਵਾਰ (6 ਅਕਤੂਬਰ) ਨੂੰ ਨੀਦਰਲੈਂਡਸ ਦੇ ਖ਼ਿਲਾਫ਼ ਹੈ।
ਦੂਜੇ ਪਾਸੇ ਸੈਂਕੜੇ ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੂੰ ਭਾਰਤ ਵੱਲੋਂ ਵੀਜ਼ਾ ਮਿਲਣ ਦੀ ਉਡੀਕ ਹੈ।
ਵਰਲਡ ਕੱਪ ਦਾ ਮੇਜ਼ਬਾਨ ਮੁਲਕ ਹੋਣ ਕਾਰਨ ਇਸ ਟੂਰਨਾਮੈਂਟ ਨੂੰ ਦੇਖਣ ਪੂਰੀ ਦੁਨੀਆ ਤੋਂ ਹਜ਼ਾਰਾਂ ਕ੍ਰਿਕਟ ਪ੍ਰੇਮੀ ਭਾਰਤ ਪਹੁੰਚ ਰਹੇ ਹਨ।
ਜ਼ੀਸ਼ਾਨ ਮੁਤਾਬਕ ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ ਦੀ ਇੱਕ ਟਿਕਟ 27 ਹਜ਼ਾਰ ਰੁਪਏ ਵਿੱਚ ਖ਼ਰੀਦੀ ਹੈ।
ਨਿਯਮਾਂ ਮੁਤਾਬਕ ਜੇ ਤੁਸੀਂ ਭਾਰਤ ਦਾ ਵੀਜ਼ਾ ਲੈਣ ਦੇ ਚਾਹਵਾਨ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਮੈਚ ਦਾ ਟਿਕਟ ਆਪਣੇ ਕਾਰਡ ਉੱਤੇ ਖ਼ਰੀਦਿਆ ਹੋਵੇ ਜਦਕਿ ਵੀਜ਼ਾ ਲਈ ਹੋਟਲ ਦੀ ਬੁਕਿੰਗ ਦਿਖਾਉਣੀ ਵੀ ਲਾਜ਼ਮੀ ਹੈ।
ਉਹ ਕਹਿੰਦੇ ਹਨ, ‘‘ਉਂਝ ਤਾਂ ਹਰ ਦਿਨ ਉਮੀਦ ਜਾਗਦੀ ਹੈ ਕਿ ਸ਼ਾਇਦ ਅੱਜ ਭਾਰਤ ਦਾ ਵੀਜ਼ਾ ਆ ਜਾਵੇ ਪਰ ਹੁਣ ਉਮੀਦ ਨਾ-ਉਮੀਦੀ ਵਿੱਚ ਬਦਲਦੀ ਜਾ ਰਹੀ ਹੈ।’’
ਜ਼ੀਸ਼ਾਨ ਵਰਗੇ ਕਈ ਪਾਕਿਸਤਾਨੀ ਇਸ ਉਡੀਕ ਵਿੱਚ ਹਨ ਕਿ ਕਦੋਂ ਵਰਲਡ ਕੱਪ ਦੇਖਣ ਲਈ ਭਾਰਤ ਜਾ ਸਕਣਗੇ।
ਪਾਕਿਸਤਾਨ ਦੇ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਖੇਡਾਂ ਨੂੰ ਕਵਰ ਕਰਨ ਲਈ ਜਾਣ ਵਾਲੇ ਪੱਤਰਕਾਰਾਂ ਨੂੰ ਵੀ ਹਾਲੇ ਤੱਕ ਵੀਜ਼ਾ ਜਾਰੀ ਨਹੀਂ ਕੀਤਾ ਗਿਆ ਹੈ।
ਕੀ ਵੀਜ਼ਾ ਨਾ ਦੇਣਾ ਨਿਯਮਾਂ ਖ਼ਿਲਾਫ਼ ਹੈ?
![ਕ੍ਰਿਕਟ](https://ichef.bbci.co.uk/news/raw/cpsprodpb/c4a2/live/fd19ee90-6415-11ee-8dc5-e7bfa2541c3f.jpg)
ਕ੍ਰਿਕਟ ਵਰਲਡ ਕੱਪ ਦੇਖਣ ਲਈ ਪਾਕਿਸਤਾਨੀਆਂ ਨੂੰ ਭਾਰਤ ਦਾ ਵੀਜ਼ਾ ਮਿਲੇਗਾ ਜਾਂ ਨਹੀਂ?
ਇਸ ਸਵਾਲ ਦਾ ਜਵਾਹ ਹਰ ਉਹ ਪਾਕਿਸਤਾਨੀ ਜਾਣਨਾ ਚਾਹੁੰਦਾ ਹੈ ਜੋ ਭਾਰਤ ਜਾ ਕੇ ਕ੍ਰਿਕਟ ਮੈਚ ਦੇਖਣ ਦੀ ਖ਼ਾਹਿਸ਼ ਰੱਖਦਾ ਹੈ। ਪਰ ਹਾਲੇ ਤੱਕ ਇਸ ਸਵਾਲ ਦਾ ਜਵਾਬ ਨਾ ਤਾਂ ਭਾਰਤ ਸਰਕਾਰ ਵੱਲੋਂ ਆਇਆ ਹੈ ਅਤੇ ਨਾ ਹੀ ਆਈਸੀਸੀ ਇਸ ਉੱਤੇ ਕੋਈ ਸੰਤੋਸ਼ਜਨਕ ਜਵਾਬ ਦੇ ਸਕੀ ਹੈ।
ਕੁਝ ਦਿਨ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੱਕ ਬਿਆਨ ਵਿੱਚ ਇਹ ਜ਼ਰੂਰ ਕਿਹਾ ਸੀ ਕਿ ਪਾਕਿਸਤਾਨੀ ਪੱਤਰਕਾਰਾਂ ਅਤੇ ਕ੍ਰਿਕਟ ਪ੍ਰੇਮੀਆਂ ਨੂੰ ਕਿੰਨੇ ਵੀਜ਼ਾ ਜਾਰੀ ਕੀਤੇ ਜਾਣਗੇ, ਇਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਅਤੇ ਆਈਸੀਸੀ ਵੀਜ਼ਾ ਦੀ ਗਿਣਤੀ ਉੱਤੇ ਕੰਮ ਕਰ ਰਹੇ ਹਨ।
ਬੀਸੀਸੀਆਈ ਦਾ ਕਹਿਣਾ ਸੀ, ‘‘ਅਸੀਂ ਕੁਝ ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੂੰ ਵਰਲਡ ਕੱਪ ਦੇ ਮੈਚਾਂ ਲਈ ਵੀਜ਼ਾ ਜਾਰੀ ਕਰਾਂਗੇ।’’
ਪਰ ਇਸ ਛੋਟੇ ਅਤੇ ਅਸਪਸ਼ਟ ਬਿਆਨ ਤੋਂ ਬਾਅਦ ਬੀਸੀਸੀਆਈ ਤੇ ਭਾਰਤ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਦਾ ਕੀ ਕਹਿਣਾ ਹੈ?
![ਕ੍ਰਿਕਟ](https://ichef.bbci.co.uk/news/raw/cpsprodpb/3206/live/af19cb40-6418-11ee-9b1c-9162ae851d2f.png)
ਦੂਜੇ ਪਾਸੇ ਭਾਰਤੀ ਹਾਈ ਕਮਿਸ਼ਨ ਲਈ ਪਾਕਿਸਤਾਨ ਵਿੱਚ ਵੀਜ਼ਾ ਦੀ ਅਰਜ਼ੀ ਅਤੇ ਪਾਸਪੋਰਟ ਲੈਣ ਵਾਲੀ ਕੰਪਨੀ ਮੁਤਾਬਕ ਉਨ੍ਹਾਂ ਨੂੰ ਹਾਲੇ ਤੱਕ ਭਾਰਤੀ ਹਾਈ ਕਮਿਸ਼ਨ ਵੱਲੋਂ ਕੋਈ ਨਿਰਦੇਸ਼ ਨਹੀਂ ਮਿਲੇ ਹਨ।
ਇਸ ਕਾਰਨ ਉਹ ਹਾਲੇ ਤੱਕ ਉਹ ਕਿਸੇ ਦੀ ਵੀ ਵੀਜ਼ਾ ਅਰਜ਼ੀ ਨਹੀਂ ਲੈ ਰਹੇ ਹਨ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਮਾਮਲੇ ਉੱਤੇ ਆਈਸੀਸੀ ਨੂੰ ਈਮੇਲ ਵੀ ਭੇਜਿਆ ਹੈ।
ਇਸ ਵਿੱਚ ਉਨ੍ਹਾਂ ਨੇ ਵਰਲਡ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਮੁਲਕ ਦੇ ਕੋਡ ਆਫ਼ ਕੰਡਕਟ ਦਾ ਹਵਾਲਾ ਦਿੱਤਾ ਹੈ। ਬੋਰਡ ਨੇ ਕਿਹਾ ਕਿ ਪਾਕਿਸਤਾਨੀ ਪੱਤਰਕਾਰਾਂ ਅਤੇ ਕ੍ਰਿਕਟ ਪ੍ਰੇਮੀਆਂ ਨੂੰ ਹਾਲੇ ਤੱਕ ਵੀਜ਼ਾ ਨਾ ਦੇਣਾ ਨਿਯਮਾਂ ਦਾ ਉਲੰਘਣ ਹੈ।
ਪੱਤਰਕਾਰ ਕੀ ਕਹਿ ਰਹੇ ਹਨ
ਪਾਕਿਸਤਾਨ ਦੇ ਇੱਕ ਨਿੱਜੀ ਟੀਵੀ ਚੈਨਲ ਦੇ ਖੇਡ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਵਰਲਡ ਕੱਪ ਮੈਚਾਂ ਨੂੰ ਕਵਰ ਕਰਨ ਦੀ ਪੂਰੀ ਤਿਆਰੀ ਸੀ, ਪਰ ਵੀਜ਼ਾ ਨਾ ਮਿਲਣ ਕਾਰਨ ਉਨ੍ਹਾਂ ਨੇ ਹੋਟਲ ਬੁਕਿੰਗ ਅਤੇ ਆਪਣੀ ਫਲਾਈਟ ਕੈਂਸਲ ਕਰਵਾਈ ਹੈ।
ਉਨ੍ਹਾਂ ਨੇ ਅੱਗੇ ਕਿਹਾ, ‘‘ਮੈਂ ਅੱਜ (6 ਅਕਤੂਬਰ) ਭਾਰਤ ਲਈ ਰਵਾਨਾ ਹੋਣਾ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ।’’
ਦੂਜੇ ਪਾਸੇ ਪਾਕਿਸਤਾਨ ਦੇ ਇੱਕ ਨਿੱਜੀ ਚੈਨਲ ਨਾਲ ਕੰਮ ਕਰਨ ਵਾਲੇ ਮਾਰੀਆ ਰਾਜਪੂਤ ਨੇ ਦੱਸਿਆ, ‘‘ਮੈਨੂੰ ਯਾਦ ਹੈ ਕਿ ਆਸਟਰੇਲੀਆ ਦਾ ਸਾਡਾ ਵੀਜ਼ਾ ਤਿੰਨ ਦਿਨਾਂ ਵਿੱਚ ਆ ਗਿਆ ਸੀ ਜਦਕਿ ਆਈਸੀਸੀ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ ਭਾਰਤ ਨੇ ਹਾਲੇ ਤੱਕ ਵੀਜ਼ਾ ਜਾਰੀ ਨਹੀਂ ਕੀਤਾ ਹੈ।’’
ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਤਾਂ ਪਾਕਿਸਤਾਨ ਤੋਂ ਚੁਣਿੰਦਾ ਪੱਤਰਕਾਰਾਂ ਦੇ ਨਾਮ ਹੀ ਆਈਸੀਸੀ ਨੇ ਮਨਜ਼ੂਰ ਕੀਤੇ ਹਨ। ਕਈ ਅਜਿਹੇ ਲੋਕ ਹਨ ਜਿੰਨ੍ਹਾਂ ਦਾ ਯੂ-ਟਿਊਬ ਚੈਨਲ ਜਾਂ ਡਿਜੀਟਲ ਮੀਡੀਆ ਨਾਲ ਤਾਲੁਕ ਹੈ। ਉਹ ਟਿਕਟ ਉੱਤੇ ਪੈਸੇ ਖ਼ਰਚ ਚੁੱਕੇ ਹਨ।
ਇਸ ਮਾਮਲੇ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ, ‘‘ਤੁਸੀਂ ਖ਼ੁਦ ਅੰਦਾਜ਼ਾ ਲਗਾ ਲਓ ਕਿ ਪੱਤਰਕਾਰਾਂ ਨਾਲ ਇਹ ਰਵੱਈਆ ਹੈ ਤਾਂ ਆਮ ਕ੍ਰਿਕਟ ਪ੍ਰੇਮੀ ਬਾਰੇ ਤਾਂ ਤੁਸੀਂ ਗੱਲ ਹੀ ਨਾ ਕਰੋ।’’
ਪਾਕਿਸਤਾਨ ਕ੍ਰਿਕਟ ਬੋਰਡ ਅਤੇ ਵਿਦੇਸ਼ ਮੰਤਰਾਲੇ ਦੀ ਭੂਮਿਕਾ ਉੱਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਬੰਧਿਤ ਅਧਿਕਾਰੀ ਇਸ ਮਾਮਲੇ ਵਿੱਚ ਜ਼ੋਰ ਨਹੀਂ ਲਗਾ ਰਹੇ।
‘‘ਪੱਤਰਕਾਰਾਂ ਨੇ ਵਿਦੇਸ਼ ਮੰਤਰਾਲੇ ਨੂੰ ਵੀ ਆਈਸੀਸੀ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਲਿਸਟ ਦਿੱਤੀ ਸੀ ਤਾਂ ਜੋ ਇਸ ਮਾਮਲੇ ਨੂੰ ਸਰਕਾਰੀ ਪੱਧਰ ਉੱਤੇ ਚੁੱਕਿਆ ਜਾ ਸਕੇ, ਪਰ ਇਸ ਗੱਲ ਨੂੰ ਚਾਰ-ਪੰਜ ਦਿਨ ਲੰਘ ਚੁੱਕੇ ਹਨ ਅਤੇ ਉੱਤੋਂ ਵੀ ਕੋਈ ਜਵਾਬ ਨਹੀਂ ਮਿਲ ਰਿਹਾ ਹੈ।’’
ਭਾਰਤ ਦਾ ਵੀਜ਼ਾ ਕਦੋਂ ਤੋਂ ਮਿਲੇਗਾ?
![ਕ੍ਰਿਕਟ](https://ichef.bbci.co.uk/news/raw/cpsprodpb/5291/live/df58f030-6416-11ee-9b1c-9162ae851d2f.jpg)
ਇਸ ਮਾਮਲੇ ਉੱਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਬੋਰਡ ਨੇ ਇਸ ਮਾਮਲੇ ਨੂੰ ਇੱਕ ਤੋਂ ਵੱਧ ਵਾਰ ਆਈਸੀਸੀ ਕੋਲ ਚੁੱਕਿਆ ਹੈ।
ਬੁਲਾਰੇ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਦੋ-ਤਿੰਨ ਵਾਰ ਈਮੇਲ ਵੀ ਕੀਤੇ ਹਨ ਪਰ ਹੁਣ ਸਾਨੂੰ ਇਹ ਦੱਸਿਆ ਗਿਆ ਹੈ ਕਿ ਇੱਕ-ਦੋ ਦਿਨਾਂ ਵਿੱਚ ਸਮੱਸਿਆ ਹੱਲ ਹੋ ਜਾਵੇਗੀ। ਇਸ ਤੋਂ ਬਾਅਦ ਪੱਤਰਕਾਰਾਂ ਲਈ ਭਾਰਤ ਦਾ ਵੀਜ਼ਾ ਜਾਰੀ ਹੋਣ ਸ਼ੁਰੂ ਹੋ ਜਾਵੇਗਾ।’’
ਗ਼ੌਰਤਲਬ ਹੈ ਕਿ ਕ੍ਰਿਕਟ ਪ੍ਰੇਮੀਆਂ ਲਈ ਭਾਰਤ ਦੀ ਵੀਜ਼ਾ ਪਾਲਿਸੀ ਅਜੇ ਸਾਫ਼ ਨਹੀਂ ਹੈ ਅਤੇ ਨਾ ਹੀ ਕੋਈ ਸਮਾਂ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਵੀਜ਼ਾ ਮਿਲੇਗਾ ਵੀ ਜਾਂ ਨਹੀਂ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)