ਕਪਿਲ ਸ਼ਰਮਾ ਤੇ ਰਣਬੀਰ ਕਪੂਰ ਨੂੰ ਈਡੀ ਨੇ ਪੁੱਛਗਿੱਛ ਲਈ ਸੱਦਿਆ, ਅਰਬਾਂ ਦੀ ਸੱਟੇਬਾਜ਼ੀ ਦਾ ਇਹ ਹੈ ਮਾਮਲਾ
Friday, Oct 06, 2023 - 08:02 AM (IST)
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਯਾਨਿ ਈਡੀ ਦੇ ਦਫ਼ਤਰ ਦੇ ਸਾਹਮਣੇ, ਸੜਕ ਦੇ ਦੂਜੇ ਪਾਸੇ ਫ਼ਲਾਂ ਦਾ ਰਸ ਵੇਚਣ ਵਾਲੀ ਇੱਕ ਛੋਟੀ ਜਿਹੀ ਦੁਕਾਨ ਹੈ, ਜਿਸਦਾ ਨਾਂਅ ਹੈ ਜੂਸ ਫੈਕਟਰੀ।
ਕੁਝ ਸਾਲ ਪਹਿਲਾਂ ਭਿਲਾਈ ਵਿੱਚ ਇਸੇ ਨਾਂਅ ਦੀ ਪਹਿਲੀ ਦੁਕਾਨ ਖੋਲ੍ਹੀ ਗਈ ਸੀ, ਇਸਦੇ ਮਾਲਕ ਦਾ ਨਾਂ ਸੀ ਸੌਰਭ ਚੰਦਾਰਕਰ।
ਹੁਣ ਈਡੀ 28 ਸਾਲਾ ਸੌਰਭ ਚੰਦਰਾਕਰ ਦੀ ਪਿਛਲੇ ਕਈ ਮਹੀਨਿਆਂ ਤੋਂ ਭਾਲ ਵਿੱਚ ਹੈ।
ਭਿਲਾਈ ਸ਼ਹਿਰ ਦੇ ਰਹਿਣ ਵਾਲੇ ਸੌਰਭ ਉੱਤੇ ਦੁਬਈ ਤੋਂ ਆਪਣੇ ਇੱਕ ਸਾਥੀ ਰਵੀ ਉੱਪਲ ਦੇ ਨਾਲ ਰਲਕੇ ''''ਮਹਾਦੇਵ ਗੇਮਿੰਗ ਬੈਟਿੰਗ'''' ਨਾਂਅ ਦੀ ਇੱਕ ਆਨਲਾਈਨ ਸੱਟੇਬਾਜ਼ੀ ਐਪ ਚਲਾਉਣ ਦੇ ਇਲਜ਼ਾਮ ਹਨ।
ਇਸ ਦਾ ਸਲਾਨਾ ਕਾਰੋਬਾਰ 20 ਹਜ਼ਾਰ ਕਰੋੜ ਤੋਂ ਵੱਧ ਦੱਸਿਆ ਜਾ ਰਿਹਾ ਹੈ।
ਇਸੇ ਦੇ ਚਲਦਿਆਂ ਈਡੀ ਨੇ ਅਦਾਕਾਰ ਰਣਬੀਰ ਕਪੂਰ, ਕਪਿਲ ਸ਼ਰਮਾ ਤੇ ਹੂਮਾ ਕੁਰੇਸ਼ੀ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ।
![ਰਣਬੀਰ ਕਪੂਰ](https://ichef.bbci.co.uk/news/raw/cpsprodpb/a175/live/9c25eaa0-6378-11ee-b330-9502c89ceec4.jpg)
ਈਡੀ ਦੇ ਵਕੀਲ ਸੌਰਭ ਪਾਂਡੇ ਨੇ ਦੱਸਿਆ,’’ਮਹਾਦੇਵ ਐਪ ਸੱਟੇਬਾਜ਼ੀ ਦੇ ਮਾਮਲੇ ਵਿੱਚ 4 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ। ਬਾਲੀਵੁੱਡ ਤੋਂ ਵੀ ਕਈ ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਸੈਕਸ਼ਨ 50 ਪੀਐੱਮਐੱਲਏ ਤਹਿਤ ਰਣਬੀਰ ਕਪੂਰ ਨੂੰ ਵੀ ਸੰਮਨ ਭੇਜਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਮੇਲ ਕਰਕੇ ਇੱਕ ਹਫਤੇ ਦਾ ਸਮਾਂ ਮੰਗਿਆ ਹੈ। ਜੇਕਰ ਉਹ ਵਾਰ-ਵਾਰ ਇਸ ਨੂੰ ਰੱਦ ਕਰਦੇ ਹਨ ਤਾਂ ਅਗਲੀ ਕਰਵਾਈ ਕੀਤੀ ਜਾਵੇਗੀ।‘’
ਈਡੀ ਦੇ ਇੱਕ ਅਧਿਕਾਰੀ ਦੇ ਅਨੁਸਾਰ, ਫ਼ਿਲਮ ਇੰਡਸਟਰੀ ਦੇ ਘੱਟੋ-ਘੱਟ ਦੋ ਦਰਜਨ ਚੋਟੀ ਦੇ ਕਲਾਕਾਰਾਂ ਨੂੰ ਆਉਂਦੇ ਦਿਨਾਂ ਵਿੱਚ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
ਈਡੀ ਦਾ ਛਾਪਾ
ਈਡੀ ਵੱਲੋਂ ਇਸ ਮਾਮਲੇ ਵਿੱਚ ਦੇਸ਼ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਅਤੇ ਕਈ ਸੌ ਕਰੋੜ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।
ਪੁਲਿਸ ਅਧਿਕਾਰੀਆਂ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਕਰੀਬੀ ਲੋਕਾਂ ਸਮੇਤ ਸੈਂਕੜੇ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।
ਈਡੀ ਦੀ ਜਾਂਚ ਦੇ ਦਾਇਰੇ ਵਿੱਚ ਕਈ ਚੋਟੀ ਦੇ ਪੁਲਿਸ ਅਫ਼ਸਰਾਂ ਦੇ ਨਾਲ-ਨਾਲ, ਨੌਕਰਸ਼ਾਹ, ਫ਼ਿਲਮ ਇੰਡਸਟਰੀ ਦੇ ਵੱਡੇ ਲੋਕ, ਰਾਜਨੀਤਕ ਆਗੂ, ਸਮਾਜ ਸੇਵਕ, ਮੀਡੀਆ ਵਿੱਚ ਕੰਮ ਕਰਨ ਵਾਲੇ ਅਤੇ ਵੱਖ-ਵੱਖ ਦਲਾਲ ਵੀ ਹਨ।
‘ਜੂਸ ਦੀ ਦੁਕਾਨ ਤੋਂ ਸ਼ੁਰੂ ਕੀਤਾ ਸਫ਼ਰ’
ਹਾਲਾਂਕਿ ਸੌਰਭ ਦੇ ਵਕੀਲਾਂ ਦਾ ਦਾਅਵਾ ਹੈ ਕਿ ਮਹਾਦੇਵ ਐਪ ਨੂੰ ਚਲਾਉਣ ਵਿੱਚ ਸੌਰਭ ਚੰਦਰਾਕਰ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ(ਸੌਰਭ) ਤਾਂ ਬੱਸ ਇੱਕ ਜੂਸ ਵੇਚਣ ਵਾਲੀ ਦੁਕਾਨ ਚਲਾਉਂਦੇ ਹਨ, ਉਨ੍ਹਾਂ ਵੱਲੋਂ ਅਜਿਹੀ ਇੱਕ ਦੁਕਾਨ ਤੋਂ 25 ਦੁਕਾਨਾਂ ਸਥਾਪਤ ਕਰਨ ਦੀ ਕਹਾਣੀ ਬਹੁਤ ਹੀ ''''ਪ੍ਰੇਰਣਾਮਈ'''' ਹੈ।
ਸੂਬੇ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਕਹਿਣਾ ਹੈ ਕਿ ਜੇਕਰ ਕੇਂਦਰੀ ਏਜੰਸੀਆਂ ਅਤੇ ਕੇਂਦਰ ਸਰਕਾਰ ਇਸ ਆਨਲਾਈਨ ਸੱਟੇ ਵਾਲੀ ਐਪ ਪ੍ਰਤੀ ਗੰਭੀਰ ਹਨ ਤਾਂ ਉਹ ਇਸ ਐਪ ਨੂੰ ਬਲਾਕ ਕਰਨ ਦੀ ਪਹਿਲ ਕਿਉਂ ਨਹੀਂ ਕਰ ਰਹੀਆਂ?
ਅਖ਼ੀਰ ਇਸ ਨੂੰ ਬੰਦ ਕਰਨਾ ਤਾਂ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ।
ਪਰ ਵਿਰੋਧੀ ਪਾਰਟੀ ਭਾਜਪਾ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਦਾ ਇਸ ਐਪ ਨੂੰ ਚਲਾਉਣ ਵਾਲਿਆਂ ਦੇ ਨਾਲ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਹੈ।
ਵਿਧਾਨ ਸਭਾ ਵਿੱਚ ਵਿੱਚ ਵਿਰੋਧੀ ਦਲ ਦੇ ਆਗੂ ਨਾਰਾਇਣ ਚੰਦੇਲ ਨੇ ਬੀਬੀਸੀ ਨੂੰ ਕਿਹਾ, ਈਡੀ ਵੱਲੋਂ ਜੇਕਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਬੇਕਸੂਰ ਹਨ ਤਾਂ ਭਲਾ ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਕੀ ਲੋੜ ਹੈ?
ਈਡੀ ਦੀ ਕਾਰਵਾਈ ਨਾਲ ਹੋਣ ਵਾਲੀ ਉਨ੍ਹਾਂ ਦੀ ਬੁਖਲਾਹਟ ਦੱਸਦੀ ਹੈ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ, ਜਿਸ ਤੋਂ ਉਹ ਡਰੇ ਹੋਏ ਹਨ, ਹਾਲੇ ਤਾਂ ਜਾਂਚ ਚੱਲ ਹੀ ਰਹੀ ਹੈ, ਮੁੱਖ ਮੰਤਰੀ ਜੇਕਰ ਸਹੀ ਹਨ, ਤਾਂ ਉਨ੍ਹਾਂ ਨੂੰ ਜਾਂਚ ਏਜੰਸੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
![ਛੱਤੀਸਗੜ੍ਹ ਦੀ ਪੁਲਿਸ](https://ichef.bbci.co.uk/news/raw/cpsprodpb/e774/live/969f9ee0-6379-11ee-b330-9502c89ceec4.jpg)
ਭਿਲਾਈ ਤੋਂ ਦੁਬਈ ਤੱਕ ਦਾ ਸਫ਼ਰ
ਛੱਤੀਸਗੜ੍ਹ ਦਾ ਭਿਲਾਈ ਆਪਣੇ ਸਟੀਲ ਦੇ ਪਲਾਂਟਾਂ ਲਈ ਪੂਰੇ ਦੇਸ ਵਿੱਚ ਚਰਚਿਤ ਰਿਹਾ ਹੈ। ਇੱਥੇ ਹੀ ਕੇਐੱਚ ਮੈਮੋਰੀਅਲ ਸਕੂਲ ਵਿੱਚ ਪੜ੍ਹਨ ਵਾਲੇ ਸੌਰਭ ਚੰਦਰਾਕਰ ਨੇ ਨਗਰ ਨਿਗਮ ਵਿੱਚ ਕੰਮ ਕਰਨ ਵਾਲੇ ਆਪਣੇ ਪਿਤਾ ਦੇ ਪੈਸਿਆਂ ਨਾਲ ਭਿਲਾਈ ਵਿੱਚ ਜੂਸ ਦੀ ਇੱਕ ਦੁਕਾਨ ਦੀ ਸ਼ੁਰੂਆਤ ਕੀਤੀ।
ਭਿਲਾਈ ਪੁਲਿਸ ਦਾ ਦਾਅਵਾ ਹੈ ਕਿ ਜੂਸ ਦਾ ਕਾਰੋਬਾਰ ਚਲਾਉਣ ਦੇ ਦੌਰਾਨ ਸੌਰਭ ਚੰਦਰਾਕਰ ਨੇ ਸੱਟਾ ਬਾਜ਼ਾਰ ਵਿੱਚ ਹੱਥ ਪੈਰ ਮਾਰਨਾ ਸ਼ੁਰੂ ਕੀਤਾ।
ਸਥਾਨਕ ਪੱਧਰ ਉੱਤੇ ਕੁਝ ਸਾਥੀਆਂ ਦੇ ਨਾਲ ਸੱਟੇ ਦਾ ਕੰਮ ਕਰਦੇ ਹੋਏ ਉਸ ਨੂੰ ਦੱਖਣ ਭਾਰਤ ਦੇ ਰੈੱਡੀ ਅੰਨਾ ਬਾਰੇ ਜਾਣਕਾਰੀ ਹਾਸਲ ਹੋਈ।
ਇਸ ਤੋਂ ਬਾਅਦ ਸੌਰਭ ਨੇ ਆਪਣੇ ਭਿਲਾਈ ਦੇ ਹੀ ਸਾਥੀ ਰਵੀ ਉੱਪਲ ਦੇ ਨਾਲ ਰਲ ਕੇ ਆਨਲਾਈਨ ਸੱਟਾ ਐਪ ਦੀ ਸ਼ੁਰੂਆਤ ਕੀਤੀ।
ਕਿਸੇ ਸਮੇਂ ਭਿਲਾਈ ਸਟੀਲ ਪਲਾਂਟ ਵਿੱਚ ਇੱਕ ਚੋਟੀ ਦੇ ਅਫ਼ਸਰ ਰਹੇ ਪਿਤਾ ਦੇ ਪੁੱਤਰ ਰਵੀ ਉੱਪਲ ਨਾਲ ਰਲ ਕੇ ਸੌਰਭ ਇਸ ਧੰਦੇ ਨੂੰ ਹੋਰ ਬੁਲੰਦੀ ਉੱਤੇ ਲੈ ਗਿਆ।
ਇਸ ਕਾਰੋਬਾਰ ਵਿੱਚ ਕਈ ਸਾਥੀ ਜੁੜਦੇ ਗਏ, ਇਹ ਵੀ ਇਲਜ਼ਾਮ ਹੈ ਕਿ ਵੱਡੀ ਗਿਣਤੀ ਵਿੱਚ ਸੂਬੇ ਦੇ ਪੁਲਿਸ ਮੁਲਾਜ਼ਮਾਂ ਨੇ ਨਾ ਸਿਰਫ ਇਸ ਧੰਦੇ ਨੂੰ ਸੁਰੱਖਿਆ ਦਿੱਤੀ ਸਗੋਂ ਇਸ ਕਾਰੋਬਾਰ ਦਾ ਹਿੱਸਾ ਵੀ ਬਣ ਗਏ।
ਈਡੀ ਦੇ ਅਨੁਸਾਰ 2019 ਵਿੱਚ ਸੌਰਭ ਅਤੇ ਰਵੀ ਨੇ ਆਪਣਾ ਪੂਰਾ ਕਾਰੋਬਾਰ ਦੁਬਈ ਤੋਂ ਚਲਾਉਣਾ ਸ਼ੁਰੂ ਕੀਤਾ। ਇਸ ਦੇ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਛੱਤੀਸਗੜ੍ਹ ਦੇ ਲੋਕਾਂ ਨੂੰ ਦੁਬਈ ਵਿੱਚ ਨੌਕਰੀ ਦਿੱਤੀ ਗਈ।
ਮਹਾਦੇਵ ਬੁਕ
ਇੱਧਰ ''''ਮਹਾਦੇਵ ਬੁਕ'''' ਨਾਲ ਕੁਝ ਹੀ ਮਹੀਨਿਆਂ ਦੇ ਅੰਦਰ 12 ਲੱਖ ਤੋਂ ਵੱਧ ਸੱਟੇਬਾਜ਼ ਜੁੜ ਗਏ। ਜਿਸਦਾ ਇੱਕ ਵੱਡਾ ਹਿੱਸਾ ਛੱਤੀਸਗੜ੍ਹ ਤੋਂ ਸੀ।
ਇਸ ਕਾਰੋਬਾਰ ਨੁੰ ਵਧਾਉਣ ਵਿੱਚ ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਭੂਮਿਕਾ ਰਹੀ। ਸੋਸ਼ਲ ਮੀਡੀਆ ਉੱਤੇ ਪ੍ਰਚਾਰ ਕਰਕੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਇਸਦੇ ਗਾਹਕ ਬਣਾਏ ਗਏ।
ਛੱਤੀਸਗੜ੍ਹ ਵਿੱਚ ਤਾਂ ਵੱਡੀ ਗਿਣਤੀ ਵਿੱਚ ਲੋਕ ਇਸ ਐਪ ਦੀ ਆਈਡੀ ਅਤੇ ਪਾਸਵਰਡ ਵੇਚਣ ਦੇ ਕੰਮ ਵਿੱਚ ਲੱਗ ਗਏ।
ਇਸ ਆਈਡੀ ਅਤੇ ਪਾਸਵਰਡ ਦੇ ਸਹਾਰੇ ਕ੍ਰਿਕਟ ਤੋਂ ਲੈ ਕੇ ਚੋਣਾਂ ਤੱਕ, ਹਰ ਚੀਜ਼ ਵਿੱਚ ਸੱਟਾ ਲਾਇਆ ਜਾਣ ਲੱਗਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਖੋਲ੍ਹੇ ਗਏ ਬੈਂਕ ਅਕਾਊਂਟਾਂ ਤੋਂ ਲੈਣ-ਦੇਣ ਹੁੰਦਾ ਰਿਹਾ।
ਪੁਲਿਸ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ 2020 ਵਿੱਚ ''''ਮਹਾਦੇਵ ਐਪ'''' ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਿਆ।
ਜਦੋਂ ਬਿਨਾਂ ਦਰਸ਼ਕਾਂ ਦੇ ਆਈਪੀਐਲ ਕ੍ਰਿਕਟ ਦੀ ਸ਼ੁਰੂਆਤ ਹੋਈ ਤਾਂ ਮਹਾਦੇਵ ਐਪ ਉੱਤੇ ਦੋ ਹਜ਼ਾਰ ਕਰੋੜ ਤੋਂ ਵੱਧ ਦੀ ਸੱਟੇਬਾਜ਼ੀ ਹੋਈ।
ਇਸ ਧੰਦੇ ਦੀ ਕਮਾਈ ਨਾਲ ਫ਼ਿਲਮਾਂ ਵਿੱਚ ਵੀ ਨਿਵੇਸ਼ ਹੋਇਆ।
![ਮਹਾਦੇਵ ਬੈਟਿੰਗ ਐਪ](https://ichef.bbci.co.uk/news/raw/cpsprodpb/ecb9/live/98c2fea0-637a-11ee-b330-9502c89ceec4.jpg)
ਬਾਲੀਵੁੱਡ ਦੇ ਇੱਕ ਮਸ਼ਹੂਰ ਡਾਂਸ ਡਾਇਰੈਕਟਰ ਦੀ ਮੁੱਖ ਭੂਮਿਕਾ ਵਾਲੀ ਇੱਕ ਫ਼ਿਲਮ ਵਿੱਚ ਸੌਰਭ ਦੇ ਭਰਾ ਦੇ ਵੀ ਪੈਸੇ ਲੱਗੇ ਸਨ। ਇਸ ਦੇ ਨਾਲ ਹੋਟਲ ਦੇ ਕਾਰੋਬਾਰ ਵਿੱਚ ਕੁਝ ਕਰੋੜ ਰੁਪਏ ਲਾਏ ਗਏ।
ਇੱਕ ਉੱਚੇ ਅਹੁਦੇ ''''ਤੇ ਤੈਨਾਤ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, “ਫਰਵਰੀ 2020 ਵਿੱਚ ਆਮਦਨ ਵਿਭਾਗ ਨੇ ਛੱਤੀਸਗੜ੍ਹ ਵਿੱਚ ਕਈ ਨੌਕਰਸ਼ਾਹਾਂ ਅਤੇ ਰਾਜਨੀਤਕ ਆਗੂਆਂ ਦੇ ਘਰ ਛਾਪਾ ਮਾਰਿਆ, ਉਸੇ ਸਮੇਂ ਮਹਾਦੇਵ ਐਪ ਦੀ ਚਰਚਾ ਸਾਹਮਣੇ ਆਈ।''''''''
''''''''ਪਰ ਜਦੋਂ ਦੁਬਈ ਵਿੱਚ ਹਾਈ-ਪ੍ਰੋਫਾਈਲ ਪਾਰਟੀਆਂ ਸ਼ੁਰੂ ਹੋਈਆਂ ਅਤੇ ਛੱਤੀਸਗੜ੍ਹ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਨ੍ਹਾਂ ਪਾਰਟੀਆਂ ਵਿੱਚ ਸ਼ੁਰੂ ਕੀਤਾ। ਇਸ ਮਗਰੋਂ ਈਡੀ ਨੇ ਇਸ ਵੱਲ ਧਿਆਨ ਦਿੱਤਾ।”
“ਜਦੋਂ ਈਡੀ ਨੇ ਮਹਾਦੇਵ ਐਪ ਨੂੰ ਲੈ ਕੇ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਤਾਂ ਛੱਤੀਸਗੜ੍ਹ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਣ ਲੱਗਾ।”
ਪਰ ''''ਮਹਾਦੇਵ ਐਪ'''' ਦੇ ਖ਼ਿਲਾਫ਼ ਹੋਣ ਵਾਲੀ ਕਾਰਵਾਈ ਦਾ ਸੱਚ ਇਹ ਹੈ ਕਿ ਅਖ਼ਬਾਰਾਂ ਵਿੱਚ ਇੱਕ ਪਾਸੇ ਆਨਲਾਈਨ ਜੂਏ ਅਤੇ ਸੱਟੇ ਨੂੰ ਲੈ ਕੇ ਚੇਤਾਵਨੀ ਦਿੰਦੇ ਪੁਲਿਸ ਦੇ ਇਸ਼ਤਿਹਾਰ ਛੱਪਦੇ ਰਹੇ।
ਇਸ ਨਾਲ ਜੁੜੇ ਏਜੰਟਾਂ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਛੱਪ ਰਹੀਆਂ ਸਨ, ਉੱਥੇ ਹੀ ਦੂਜੇ ਪਾਸੇ ਰਾਏਪੁਰ ਦੇ ਇੱਕ ਮਸ਼ਹੂਰ ਅਖ਼ਬਾਰ ਵਿੱਚ ਇਸ ਐਪ ਦੇ ਅੱਧੇ-ਅੱਧੇ ਪੰਨੇ ਦੇ ਇਸ਼ਤਿਹਾਰ ਛੱਪਦੇ ਰਹੇ ਸਨ।
ਜਾਣਕਾਰ ਦੱਸਦੇ ਹਨ ਕਿ ਇੱਕ ਪਾਸੇ ਸੌਰਭ ਅਤੇ ਰਵੀ ਨਾਲ ਜੁੜੇ ਲੋਕਾਂ ਵੱਲੋਂ ਹੀ ਮਹਾਦੇਵ ਐਪ ਨਾਲ ਸਬੰਧਤ ਜਾਣਕਾਰੀਆਂ ਪੁਲਿਸ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ। ਉੱਥੇ ਹੀ ਦੂਜੇ ਪਾਸੇ ਪੁਲਿਸ ਨੂੰ ਬਚਾਉਣ ਦੇ ਨਾਂਅ ਉੱਤੇ ਇਸ ਦੇ ਸੰਚਾਲਕਾਂ ਤੋਂ ਲੱਖਾਂ ਦੀ ਵਸੂਲੀ ਹੋ ਰਹੀ ਸੀ।
ਇਨ੍ਹਾਂ ਸਾਰੀਆਂ ਕਾਰਵਾਈਆਂ ਦੇ ਵਿਚਾਲੇ ਵਿੱਚ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਦੇ ਬਹੁਤੇ ਪਰਿਵਾਰਕ ਮੈਂਬਰ ਹੌਲੀ-ਹੌਲੀ ਭਾਰਤ ਛੱਡ ਕੇ ਦੁਬਈ ਚਲੇ ਗਏ।
ਵਿਆਹ, ਬਾਲੀਵੁੱਡ ਅਤੇ ਹਵਾਲਾ
ਈਡੀ ਨੇ ਇਸੇ ਸਾਲ ਅਗਸਤ ਵਿੱਚ ਮਨੀ ਲਾਂਡਰਿੰਗ ਨਾਲ ਸਬੰਧਤ ਕਾਨੂੰਨ ਦੇ ਤਹਿਤ ਛੱਤੀਸਗੜ੍ਹ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਚੰਦਰਭੂਸ਼ਣ ਵਰਮਾ, ਸਤੀਸ਼ ਚੰਦਰਾਕਰ, ਹਵਾਲਾ ਆਪਰੇਟਰ ਅਨਿਲ ਦੱਮਾਨੀ ਅਤੇ ਸੁਨੀਲ ਦੱਮਾਨੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਹਿਲੀ ਵਾਰੀ ਮਹਾਦੇਵ ਐਪ ਨਾਲ ਸਬੰਧਤ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ।
ਇਸ ਮਗਰੋਂ ਪਿਛਲੇ ਮਹੀਨੇ ਦੀ 15 ਤਰੀਕ ਨੂੰ ਇੱਕ ਬਿਆਨ ਵਿੱਚ ਈਡੀ ਨੇ ਕਿਹਾ ਕਿ ਕੋਲਕਾਤਾ, ਭੁਪਾਲ, ਮੁੰਬਈ ਸਮੇਤ 39 ਸ਼ਹਿਰਾਂ ਵਿੱਚ ਛਾਪਾਮਾਰੀ ਕਰਕੇ 417 ਕਰੋੜ ਦੀ ਨਕਦੀ, ਜਾਇਦਾਦ ਅਤੇ ਹੋਰ ਸਬੂਤ ਜ਼ਬਤ ਕੀਤੇ ਗਏ ਹਨ।
ਈਡੀ ਨੇ ਦਾਅਵਾ ਕੀਤਾ ਕਿ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਦੀ ਕੰਪਨੀ ਮੈਸਰਸ ਮਹਾਦੇਵ ਆਨਲਾਈਨ ਬੁੱਕ, ਸੰਯੁਕਤ ਅਰਬ ਅਮੀਰਾਤ ਵਿੱਚਲੇ ਇੱਕ ਕੇਂਦਰੀ ਮੁੱਖ ਦਫਤਰ ਤੋਂ ਚੱਲਦੀ ਹੈ ਅਤੇ 70:30 ਦੇ ਲਾਭ ਅਨੁਪਾਤ ਉੱਤੇ ਆਪਣੇ ਜਾਣਕਾਰ ਸਹਿਯੋਗੀ ਆਂ ਨੂੰ ''''ਪੈਨਲ ਜਾਂ ਸ਼ਾਖਾਵਾਂ'''' ਦੀ ਫ੍ਰੈਚਾਈਜ਼ੀ ਦੇ ਕੇ ਇਸ ਨੂੰ ਚਲਾਇਆ ਜਾਂਦਾ ਹੈ।
ਈਡੀ ਦੇ ਅਨੁਸਾਰ ਸੱਟੇਬਾਜ਼ੀ ਤੋਂ ਹੋਣ ਵਾਲੀ ਆਮਦਨ ਨੂੰ ਵਿਦੇਸ਼ੀ ਖਾਤਿਆਂ ਵਿੱਚ ਭੇਜਣ ਦੇ ਲਈ ਵੱਡੇ ਪੱਧਰ ਉੱਤੇ ਹਵਾਲੇ ਦੀ ਵਰਤੋਂ ਹੁੰਦੀ ਹੈ।
ਇਸਦੇ ਨਾਲ ਹੀ ਭਾਰਤ ਵਿੱਚ ਸੱਟੇਬਾਜ਼ੀ ਦੀਆਂ ਵੈਬਸਾਈਟਾਂ ਦੇ ਇਸ਼ਤਿਹਾਰ ਦੇ ਲਈ ਵੱਡੇ ਪੱਧਰ ਉੱਤੇ ਨਕਦ ਖਰਚਾ ਵੀ ਕੀਤਾ ਜਾ ਰਿਹਾ ਹੈ।
ਆਪਣੇ ਬਿਆਨ ਵਿੱਚ ਈਡੀ ਨੇ ਇਹ ਦਾਅਵਾ ਕੀਤਾ ਹੈ ਕਿ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਆਪਣੇ ਲਈ ਇੱਕ ਸਾਮਰਾਜ ਬਣਾ ਲਿਆ ਹੈ।
![ਨਕਦੀ](https://ichef.bbci.co.uk/news/raw/cpsprodpb/bbf9/live/c63cfe30-637a-11ee-bf62-3360c46602f9.jpg)
ਉਨ੍ਹਾਂ ਵੱਲੋਂ ਅਚਾਨਕ ਆਏ ਗੈਰ-ਕਾਨੂੰਨੀ ਪੈਸੇ ਦਾ ਖੁੱਲ੍ਹ ਕੇ ਦਿਖਾਵਾ ਕੀਤਾ ਜਾ ਰਿਹਾ ਹੈ।
ਫਰਵਰੀ 2023 ਵਿੱਚ ਸੌਰਭ ਚੰਦਰਾਕਰ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ-ਖੈਮਾ ਵਿੱਚ ਵਿਆਹ ਕੀਤਾ ਅਤੇ ਇਹ ਇਲਜ਼ਾਮ ਹਨ ਕਿ ਇਸ ਵਿਆਹ ਦੇ ਲਈ ਮਹਾਦੇਵ ਐਪ ਦੇ ਪ੍ਰਮੋਟਰਾਂ ਨੇ 200 ਕਰੋੜ ਰੁਪਏ ਨਕਦ ਖਰਚੇ।
ਪਰਿਵਾਰ ਦੇ ਲੋਕਾਂ ਨੂੰ ਨਾਗਪੁਰ ਤੋਂ ਸੰਯੁਕਰ ਅਰਬ ਅਮੀਰਾਤ ਤੱਕ ਲੈ ਕੇ ਜਾਣ ਦੇ ਲਈ ਨਿੱਜੀ ਜਹਾਜ਼ ਕਿਰਾਏ ਉੱਤੇ ਲਏ ਗਏ ਸਨ ਅਤੇ ਵਿਆਹ ਵਿੱਚ ਮਸ਼ਹੂਰ ਹਸਤੀਆਂ ਨੂੰ ਬੁਲਾਇਆ ਗਿਆ ਸੀ।
ਵਿਆਹ ਦਾ ਪ੍ਰਬੰਧ ਕਰਨ, ਨੱਚਣ ਅਤੇ ਸਜਾਵਟ ਦੇ ਕੰਮ ਲਈ ਲੋਕਾਂ ਨੂੰ ਮੁੰਬਈ ਤੋਂ ਬੁਲਾਇਆ ਗਿਆ ਸੀ। ਇਲਜ਼ਾਮ ਹੈ ਕਿ ਇਨ੍ਹਾਂ ਸਾਰਿਆਂ ਨੂੰ ਨਕਦ ਵਿੱਚ ਪੈਸੇ ਦੇਣ ਲਈ ਹਵਾਲਾ ਨੈੱਟਵਰਕ ਦੀ ਵਰਤੋਂ ਕੀਤੀ ਗਈ।
ਇਸ ਮਾਮਲੇ ਵਿੱਚ ਡਿਜੀਟਲ ਸਬੂਤ ਇਕੱਠੇ ਕਰਨ ਦਾ ਦਾਅਵਾ ਕਰਦੇ ਹੋਏ ਈਡੀ ਨੇ ਕਿਹਾ ਕਿ ਯੋਗੇਸ਼ ਪੋਪਟ ਦੀ ਮੈਸਰਸ ਆਰ-1 ਈਵੈਂਟਸ ਪ੍ਰਾਈਵੇਟ ਲਿਮਿਟਡ ਦੇ ਨਾਂਅ ਉੱਤੇ ਇੱਕ ਈਵੈਂਟ ਮੈਨੇਜਮੈਂਟ ਕੰਪਨੀ ਨੂੰ ਹਵਾਲੇ ਦੇ ਜ਼ਰੀਏ, ਸੰਯੁਕਤ ਅਰਬ ਅਮੀਰਾਤ ਦੇ ਦਿਰਹਮ ਵਿੱਚ 112 ਕਰੋੜ ਰੁਪਏ ਨਕਦ ਪਹੁੰਚਾਏ ਗਏ ਅਤੇ 42 ਕਰੋੜ ਰੁਪਏ ਹੋਟਲ ਬੁੱਕ ਕਰਨ ਦੇ ਭੁਗਤਾਨ ਦੇ ਲਈ ਦਿੱਤੇ ਗਏ।
ਈਡੀ ਨੇ ਪੋਪਟ, ਮਿਥਿਲੇਸ਼ ਅਤੇ ਇਸ ਨਾਲ ਜੁੜੇ ਹੋਰ ਪ੍ਰਬੰਧਕਾਂ ਦੀ ਤਲਾਸ਼ੀ ਵਿੱਚ 112 ਕਰੋੜ ਰੁਪਏ ਦਾ ਹਵਾਲੇ ਰਾਹੀਂ ਲੈਣ-ਦੇਣ ਕਰਨ ਦੇ ਸਬੂਤ ਇਕੱਠੇ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਯੋਗੇਸ਼ ਪੋਟ ਦੀ ਨਿਸ਼ਾਨਦੇਹੀ ''''ਤੇ 2.37 ਕਰੋੜ ਦੀ ਬੇਹਿਸਾਬ ਨਕਦੀ ਵੀ ਬਰਾਮਦ ਕੀਤੀ ਗਈ।
![ਜਾਇਦਾਦ ਵੀ ਜ਼ਬਤ ਕੀਤੀ ਗਈ](https://ichef.bbci.co.uk/news/raw/cpsprodpb/2df0/live/080beab0-637b-11ee-b330-9502c89ceec4.jpg)
ਚਰਚਿਤ ਹਸਤੀਆਂ ਮਹਾਦੇਵ ਐਪ ਨਾਲ
ਸੌਰਭ ਚੰਦਰਾਕਰ ਅਤੇ ਰਵੀ ਉੱਪਲ ਦੇ ਕਾਰੋਬਾਰ ਨੂੰ ਲੈ ਕੇ ਈਡੀ ਨੇ ਦਾਅਵਾ ਕੀਤਾ ਕਿ ਕਈ ਚਰਚਿਤ ਹਸਤੀਆਂ, ਸੱਟੇਬਾਜ਼ੀ ਨਾਲ ਜੁੜੀਆਂ ਇਨ੍ਹਾਂ ਸੰਸਥਾਵਾਂ ਦਾ ਸਮਰਥਨ ਕਰ ਰਹੀਆਂ ਹਨ।
ਇਹ ਵੀ ਕਿਹਾ ਗਿਆ ਕਿ ਉਹ ਇਸ ਕੰਮ ਦੇ ਬਦਲੇ ਵਿੱਚ, ਗੁਪਤ ਲੈਣ-ਦੇਣ ਦੇ ਰੂਪ ਵਿੱਚ ਮੋਟੀ ਰਕਮ ਹਾਸਲ ਕਰ ਰਹੀਆਂ ਹਨ।
ਪਰ ਇਹ ਭੁਗਤਾਨ ਆਨਲਾਈਨ ਸੱਟੇਬਾਜ਼ੀ ਦੀ ਕਮਾਈ ਨਾਲ ਹੀ ਕੀਤਾ ਜਾਂਦਾ ਹੈ।
ਈਡੀ ਨੇ ਭੁਪਾਲ ਦੇ ਧੀਰਜ ਅਹੂਜਾ ਅਤੇ ਵਿਸ਼ਾਲ ਅਹੂਜਾ ਦੀ ਮੈਸਰਸ ਰੈਪਿਡ ਟਰੈਵਲਸ ਦੀ ਤਲਾਸ਼ੀ ਵਿੱਚ ਇਹ ਸਾਹਮਣੇ ਆਇਆ ਕਿ ਇਹ ਕੰਪਨੀ ਮਹਾਦੇਵ ਐਪ ਦੇ ਪ੍ਰੋਮੋਟਰਾਂ, ਪਰਿਵਾਰ, ਇਸ ਧੰਦੇ ਦੇ ਸਹਿਯੋਗੀਆਂ ਅਤੇ ਉਨ੍ਹਾਂ ਸਾਰੀਆਂ ਚਰਚਿਤ ਹਸਤੀਆਂ ਦੇ ਲਈ ਟਿਕਟ ਕਰਾਉਣ ਦਾ ਕੰਮ ਕਰਦੀਆਂ ਸਨ।
ਜੋ ਫ਼ੇਅਰਪਲੇ ਡਾਟ ਕਾਮ, ਰੈੱਡੀ ਅੱਨਾ ਐਪ ਅਤੇ ਮਹਾਦੇਵ ਐਪ ਜਿਹੀਆਂ ਸੱਟੇਬਾਜ਼ੀ ਦੀਆਂ ਵੈੱਬਾਈਟਾਂ ਨੂੰ ਸਮਰਥਨ ਦੇ ਰਹੇ ਸਨ।
ਮਹਾਦੇਵ ਐਪ ਦੇ ਮਨੀ ਲਾਂਡਰਿੰਗ ਦੇ ਧੰਦੇ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦਾ ਦਾਅਵਾ ਕਰਦੇ ਹੋਏ ਈਡੀ ਨੇ ਕਿਹਾ ਕਿ ਕੋਲਕਾਤਾ ਦਾ ਵਿਕਾਸ ਛਾਪਰੀਆਂ, ਮਹਾਦੇਵ ਐਪ ਦੇ ਸਾਰੇ ਹਵਾਲਾ ਕਾਰੋਬਾਰ ਨੂੰ ਸੰਭਾਲ ਰਿਹਾ ਸੀ।
ਈਡੀ ਨੇ ਉਨ੍ਹਾਂ ਦੇ ਟਿਕਾਣਿਆਂ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਜਿਸ ਮਗਰੋਂ ਇਹ ਸਾਹਮਣੇ ਆਇਆ ਕਿ ਛਾਪਰੀਆ ਨੇ ਵਿਦੇਸ਼ੀ ਪੋਰਟਫੋਲਿਓ ਨਿਵੇਸ਼ ਦੇ ਨਾਲ-ਨਾਲ ਮੈਸਰਸ ਟੈਕਪ੍ਰੋ ਆਈਟੀ ਸਾਲਯੂਸ਼ਨਸ ਐੱਲਐੱਲਸੀ, ਮੈਸਰਸ ਪਰਫੈਕਟ ਪਲਾਨ ਇਨਵੈਸਟਮੈਂਟ ਐਲਐਲਪੀ ਅਤੇ ਮੈਸਰਜ਼ ਐਕਿਸਜ਼ਮ ਜਨਰਲ ਟ੍ਰੇਡਿੰਗ ਐਪਜੈਡਸੀਓ ਜਿਹੀਆਂ ਆਪਣੀਆਂ ਸੰਸਥਾਵਾਂ ਦੇ ਜ਼ਰੀਏ ਭਾਰਤੀ ਸ਼ੇਅਰ ਬਜ਼ਾਰ ਵਿੱਚ ਭਾਰੀ ਨਿਵੇਸ਼ ਕੀਤਾ।
![ਮਹਾਦੇਵ ਬੈਟਿੰਗ ਐਪ](https://ichef.bbci.co.uk/news/raw/cpsprodpb/da6d/live/28ff47d0-637b-11ee-9b1c-9162ae851d2f.jpg)
ਈਡੀ ਦਾ ਕਹਿਣਾ ਹੈ ਕਿ ਉਸਦੀ ਜਾਂਚ ਜਾਰੀ ਹੈ।
ਚੋਣਾਂ ਵਾਲੇ ਸਾਲ ਵਿੱਚ ਛੱਤੀਸਗੜ੍ਹ ਦੇ ਇਸ ਸਭ ਤੋਂ ਵੱਡੇ ਆਨਲਾਈਨ ਅਪਰਾਧ ਦੀ ਜਾਂਚ ਦੀ ਦਿਸ਼ਾ ਅਤੇ ਦਸ਼ਾ ਚਾਹੇ ਜੋ ਵੀ ਹੋਵੇ।
ਹਰ ਦਿਨ ਭਿਲਾਈ ਤੋਂ ਲੈ ਕੇ ਰਾਏਪੁਰ ਤੱਕ ਅਫ਼ਵਾਹਾਂ ਤੈਰਦੀਆਂ ਰਹਿੰਦੀਆਂ ਹਨ।
ਕਿਸੇ ਦਿਨ ਇਨ੍ਹਾਂ ਅਫ਼ਵਾਹਾਂ ਵਿੱਚ ਕਿਸੇ ਚਲਾਕ ਆਈਪੀਐੱਸ ਨੂੰ ਫੜੇ ਜਾਣ ਦੀ ਖ਼ਬਰ ਆਉਂਦੀ ਹੈ ਤਾਂ ਕਿਸੇ ਦਿਨ ਸਿੰਘਾਪੁਰ ਵਿੱਚ ਜਾ ਕੇ ਕਥਿਤ ਤੌਰ ''''ਤੇ ਇਸ ਧੰਦੇ ਵਿੱਚ ਭਾਈਵਾਲ ਬਣਨ ਦੀ ਪੇਸ਼ਕਸ਼ ਕਰਨ ਵਾਲੇ ਵਿਧਾਇਕ ਦੇ ਭਰਾ ਦੀ ਗ੍ਰਿਫ਼ਤਾਰੀ ਅਫ਼ਵਾਹ ਸਾਹਮਣੇ ਆਉਂਦੀ ਹੈ।
ਸੌਰਭ ਚੰਦਰਾਕਰ, ਰਵੀ ਉੱਪਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸ਼੍ਰੀਲੰਕਾ ਤੋਂ ਲੈ ਕੇ ਮਲੇਸ਼ੀਆਂ ਤੱਕ ਵਿੱਚ ਦੇਖੇ ਜਾਣ ਦਾ ਦਾਅਵਾ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ।
ਨਾਂਅ ਜਨਤਕ ਨਾ ਕਰਨ ਦੀ ਸ਼ਰਤ ਉੱਤੇ ਭਿਲਾਈ ਦੇ ਇੱਕ ਕਾਰੋਬਾਰੀ ਕਹਿੰਦੇ ਹਨ ਕਿ ਸੂਬੇ ਦੀ ਪੁਲਿਸ ਦੇ ਕੋਲ ਵੀ ਅਤੇ ਈਡੀ ਦੇ ਕੋਲ ਵੀ ਇਸ ਮਾਮਲੇ ਵਿੱਚ ਕਈ ਲੋਕਾਂ ਦੇ ਖ਼ਿਲਾਫ਼ ਸਾਫ-ਸਾਫ ਸਬੂਤ ਹਨ।
ਖ਼ਬਰੇ ਉਹ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ, ਕਈ ਵਾਰੀ ਤਾਂ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ।
ਬੱਸ ਇਸ ਮੁੱਦੇ ਨੂੰ ਕੁਝ ਦਿਨ ਫਾਇਲਾਂ ਅਤੇ ਖ਼ਬਰਾਂ ਵਿੱਚ ਜ਼ਿੰਦਾ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਜਾਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)