ਦਿੱਲੀ ਵਿੱਚ ਨਿਊਜ਼ ਕਲਿੱਕ ਨਾਲ ਜੁੜੇ ਕਈ ਪੱਤਰਕਾਰਾਂ ਦੇ ਘਰਾਂ ਉੱਤੇ ਛਾਪੇਮਾਰੀ

Tuesday, Oct 03, 2023 - 11:17 AM (IST)

ਦਿੱਲੀ ਵਿੱਚ ਨਿਊਜ਼ ਕਲਿੱਕ ਨਾਲ ਜੁੜੇ ਕਈ ਪੱਤਰਕਾਰਾਂ ਦੇ ਘਰਾਂ ਉੱਤੇ ਛਾਪੇਮਾਰੀ
ਦਿੱਲੀ ਪੁਲਿਸ
ANI

ਨਿਊਜ਼ ਵੈੱਬਸਾਈਟ ਨਿਊਜ਼ ਕਲਿੱਕ ਨਾਲ ਜੁੜੇ ਕਈ ਪੱਤਰਕਾਰਾਂ ਦੇ ਘਰਾਂ ਉੱਤੇ ਮੰਗਲਵਾਰ ਦੀ ਸਵੇਰ ਦਿੱਲੀ ਪੁਲਿਸ ਵੱਲੋਂ ਛਾਪੇਮਾਰੀਆਂ ਕੀਤੀਆਂ ਗਈਆਂ।

ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਕਿਹਾ, ‘‘ਪੱਤਰਕਾਰਾਂ ਅਤੇ ਨਿਊਜ਼ ਕਲਿੱਕ ਨਾਲ ਜੁੜੇ ਲੋਕਾਂ ਦੇ ਘਰਾਂ ਉੱਤੇ ਛਾਪੇਮਾਰੀ ਬੇਹੱਦ ਚਿੰਤਾਜਨਕ ਹੈ। ਅਸੀਂ ਮਾਮਲੇ ਉੱਤੇ ਨਜ਼ਰ ਬਣਾਈ ਹੋਈ ਹੈ। ਅਸੀਂ ਪੱਤਰਕਾਰਾਂ ਦੇ ਨਾਲ ਖੜ੍ਹੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹੋਰ ਜਾਣਕਾਰੀ ਦਿੱਤੀ ਜਾਵੇ।’’

ਕੁਝ ਸਮਾਂ ਪਹਿਲਾਂ ਹੀ ਇਸ ਨਿਊਜ਼ ਪੋਰਟਲ ਉੱਤੇ ਚੀਨ ਤੋਂ ਫੰਡਿੰਗ ਲੈਣ ਦੇ ਇਲਜ਼ਾਮ ਲੱਗੇ ਸਨ ਅਤੇ ਈਡੀ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਇਸ ਮਾਮਲੇ ਵਿੱਚ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਨਹੀਂ ਹੈ। ਦਿੱਲੀ ਪੁਲਿਸ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ।

ਪੱਤਰਕਾਰ ਅਭਿਸਾਰ ਸ਼ਰਮਾ ਨੇ ਇੱਕ ਟਵੀਟ ਵਿੱਚ ਕਿਹਾ, ‘‘ਦਿੱਲੀ ਪੁਲਿਸ ਮੇਰੇ ਘਰ ਪਹੁੰਚੀ ਹੈ। ਪੁਲਿਸ ਮੇਰਾ ਲੈਪਟੌਪ ਅਤੇ ਫ਼ੋਨ ਲੈ ਕੇ ਜਾ ਰਹੀ ਹੈ।’’

ਖ਼ਬਰ ਏਜੰਸੀ ਏਐੱਨਆਈ ਨੇ ਦੱਸਿਆ ਕਿ ਨਿਊਜ਼ ਕਲਿੱਕ ਨਾਲ ਜੁੜੀਆਂ 30 ਤੋਂ ਵੱਧ ਥਾਵਾਂ ਉੱਤੇ ਛਾਪੇਮਾਰੀ ਜਾਰੀ ਹੈ।

ਪੱਤਰਕਾਰ ਭਾਸ਼ਾ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ‘‘ਇਸ ਫ਼ੋਨ ਤੋਂ ਇਹ ਮੇਰਾ ਆਖ਼ਰੀ ਟਵੀਟ ਹੈ। ਦਿੱਲੀ ਪੁਲਿਸ ਨੇ ਮੇਰਾ ਫ਼ੋਨ ਜ਼ਬਤ ਕਰ ਲਿਆ ਹੈ।’’

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਗਸਤ ’ਚ ਕੀ ਕਿਹਾ ਸੀ?

ਅਗਸਤ ਵਿੱਚ ਵੀ ਇਹ ਨਿਊਜ਼ ਪੋਰਟਲ ਚਰਚਾ ਵਿੱਚ ਸੀ। ਇਸ ਵੈੱਬਸਾਈਟ ਦਾ ਹਵਾਲਾ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਸਾਧਿਆ ਸੀ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ, ‘‘ਰਾਹੁਲ ਜੀ ਦੀ ਨਕਲੀ ਮੁਹੱਬਤ ਦੀ ਦੁਕਾਨ ਵਿੱਚ ਚੀਨੀ ਸਮਾਨ ਸਾਹਮਣੇ ਆਉਣ ਲੱਗਾ ਹੈ।’’

ਕੇਂਦਰੀ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਇੱਕ ਏਜੰਡੇ ਤਹਿਤ ਭਾਰਤ ਖ਼ਿਲਾਫ਼ ਮਾੜਾ ਪ੍ਰਚਾਰ ਕੀਤਾ ਜਾਂਦਾ ਸੀ।

ਅਨੁਰਾਗ ਠਾਕੁਰ ਨੇ ਅਗਸਤ ਵਿੱਚ ਕਿਹਾ ਸੀ, ‘‘ਅਸੀਂ 2021 ਵਿੱਚ ਹੀ ਨਿਊਜ਼ ਕਲਿੱਕ ਬਾਰੇ ਖ਼ੁਲਾਸਾ ਕੀਤਾ ਕਿ ਕਿਵੇਂ ਵਿਦੇਸ਼ੀ ਹੱਥ ਭਾਰਤ ਖ਼ਿਲਾਫ਼ ਹਨ, ਕਿਵੇਂ ਵਿਦੇਸ਼ੀ ਪ੍ਰੋਪੇਗੇਂਡਾ ਭਾਰਤ ਖ਼ਿਲਾਫ਼ ਹੈ ਅਤੇ ਐਂਟੀ ਇੰਡੀਆ, ਬ੍ਰੇਕ ਇੰਡੀਆ ਕੈਂਪੇਨ ਵਿੱਚ ਕਾਂਗਰਸ ਅਤੇ ਵਿਰੋਧੀ ਦਲ ਉਨ੍ਹਾਂ ਦੇ ਸਮਰਥਨ ਵਿੱਚ ਸਾਹਮਣੇ ਆਏ।’’

ਉਨ੍ਹਾਂ ਨੇ ਉਦੋਂ ਇਲਜ਼ਾਮ ਲਗਾਇਆ ਸੀ ਕਿ ਚੀਨੀ ਕੰਪਨੀਆਂ ਨਿਊਜ਼ ਕਲਿੱਕ ਨੂੰ ਨੇਵਿਲ ਰਾਏ ਸਿੰਘਮ ਦੇ ਰਾਹੀਂ ਫੰਡ ਕਰ ਰਹੀਆਂ ਸਨ ਪਰ ਉਨ੍ਹਾਂ ਦੇ ਜੋ ਸੇਲਜ਼ਮੇਨ ਹਨ, ਉਹ ਹਿੰਦੁਸਤਾਨੀ ਹਨ। ਅਤੇ ਜਦੋਂ ਭਾਰਤ ਸਰਕਾਰ ਨੇ ਨਿਊਜ਼ ਵੈੱਬਸਾਈਟ ਖ਼ਿਲਾਫ਼ ਕਾਰਵਾਈ ਕੀਤੀ ਤਾਂ ਇਹ ਉਨ੍ਹਾਂ ਦੇ ਸਮਰਥਨ ਵਿੱਚ ਆ ਗਏ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News