ਅਲ ਚੈਪੋ : ‘ਆਲੀਸ਼ਾਨ’ ਹੋਟਲ ਵਰਗੀ ਜੇਲ੍ਹ, ਜਿੱਥੇ ਸਲਾਖਾਂ ਨਹੀਂ ਹਨ, ਪਰ ਫੇਰ ਵੀ ਕੋਈ ਕੈਦੀ ਭੱਜ ਨਹੀਂ ਸਕਦਾ
Tuesday, Sep 26, 2023 - 08:32 PM (IST)


ਕਿਸੇ ਸ਼ਾਨਦਾਰ ਹੋਟਲ ਵਰਗੀ ਨਜ਼ਰ ਆ ਰਹੀ ਇਹ ਇਮਾਰਤ ਕੁਝ ਹੋਰ ਨਹੀਂ ਸਗੋਂ ਇੱਕ ਜੇਲ੍ਹ ਹੈ।
ਮੈਕਸੀਕੋ ਦੇ ਡਰੱਗ ਤਸਕਰ ਜੋਆਕਿਨ "ਅਲ ਚੈਪੋ" ਗੁਜ਼ਮੈਨ ਦੇ ਪੁੱਤਰਾਂ ਵਿੱਚੋਂ ਇੱਕ ਓਵੀਦੀਓ ਗੁਜ਼ਮੈਨ ਨੂੰ ਇਸੇ ਜੇਲ੍ਹ ਵਿੱਚ ਕੈਦ ਰੱਖਿਆ ਹੋਇਆ ਹੈ।
ਓਵੀਦੀਓ ਗੁਜ਼ਮੈਨ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ 18 ਸਤੰਬਰ ਨੂੰ ਸੰਯੁਕਤ ਰਾਜ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਉਹ ਇੱਥੇ ਹੀ ਹੈ।
ਸਕਾਈਸਕ੍ਰੈਪਰ ਨਾਮ ਦੀ ਇਹ ਜੇਲ੍ਹ ਸ਼ਿਕਾਗੋ ਵਿੱਚ ਬਣੀ ਹੈ ਅਤੇ ਆਮ ਤੌਰ ''''ਤੇ ਇਸ ਨੂੰ ''''ਆਇਰਨ ਟ੍ਰਾਈਐਂਗਲ'''' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਇਰਨ ਟ੍ਰਾਈਐਂਗਲ ਦਾ ਮਤਲਬ ਹੋਇਆ - ਲੋਹੇ ਦੀ ਤ੍ਰਿਕੋਣ।
ਇਸ ਇਮਾਰਤ ਤ੍ਰਿਕੋਣ ਆਕਾਰ ਵਿੱਚ ਬਣੀ ਹੈ, ਭਾਵ ਤਿੰਨ ਕੋਨਿਆਂ ਵਾਲੀ ਹੈ।
ਬਿਨਾਂ ਸਲਾਖਾਂ ਵਾਲੀ ਜੇਲ੍ਹ

ਇਹ ਜੇਲ੍ਹ ਇੱਕ ਮੈਟਰੋਪੋਲੀਟਨ ਸੁਧਾਰ ਕੇਂਦਰ ਹੈ, ਜੋ ਕਿ ਅਮਰੀਕੀ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ, ਜਿਸ ਦੀਆਂ 28 ਮੰਜ਼ਿਲਾਂ ਹਨ।
ਇਸ ਇਮਾਰਤ ਨੂੰ ਆਰਕੀਟੈਕਟ ਹੈਰੀ ਵੀਜ਼ ਨੇ ਡਿਜ਼ਾਈਨ ਕੀਤਾ ਸੀ ਅਤੇ 1975 ਵਿੱਚ ਇਸ ਨੂੰ ਇਸਤੇਮਾਲ ਲਈ ਖੋਲ੍ਹ ਦਿੱਤਾ ਗਿਆ ਸੀ।
ਇਮਾਰਤ ਵਿੱਚ ਛੋਟੀਆਂ ਅਤੇ ਲੰਬਕਾਰੀ ਪਰ ਬਹੁਤ ਖ਼ਾਸ ਖਿੜਕੀਆਂ ਬਣੀਆਂ ਹੋਈਆਂ ਹਨ।
ਇਨ੍ਹਾਂ ਖਿੜਕੀਆਂ ਵਿੱਚ ਆਮ ਜੇਲ੍ਹਾਂ ਵਾਂਗ ਲੋਹੇ ਦੀਆਂ ਸਲਾਖਾਂ ਨਹੀਂ ਹਨ ਪਰ ਫਿਰ ਵੀ ਇਨ੍ਹਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਕੋਈ ਵੀ ਕੈਦੀ ਇਨ੍ਹਾਂ ਵਿੱਚੋਂ ਭੱਜਣ ਦੀ ਕੋਸ਼ਿਸ਼ ਨਹੀਂ ਕਰ ਸਕਦਾ।
ਸਥਾਨਕ ਅਖਬਾਰ ਸ਼ਿਕਾਗੋ ਟ੍ਰਿਬਿਊਨ ਦੇ ਅਨੁਸਾਰ, ਉਸ ਸਮੇਂ ਇਸ ਜੇਲ੍ਹ ਨੂੰ ਬਣਾਉਣ ਵਿੱਚ 10.2 ਮਿਲੀਅਨ ਡਾਲਰ ਦਾ ਖਰਚ ਆਇਆ ਸੀ।
ਅੱਜ ਦੇ ਹਿਸਾਬ ਨਾਲ ਇਹ ਅੰਕੜਾ ਲਗਭਗ 60 ਮਿਲੀਅਨ ਡਾਲਰ ਦੇ ਬਰਾਬਰ ਹੋਵੇਗਾ।
"ਆਲੀਸ਼ਾਨ ਜੇਲ੍ਹ"

ਇਸ ਜੇਲ੍ਹ ਦੀ ਕਲਪਨਾ 1968 ਅਤੇ 1978 ਦੇ ਵਿਚਕਾਰ ਨਵੀਆਂ ਜੇਲ੍ਹਾਂ ਬਣਾਉਣ ਲਈ ਇੱਕ ਸਰਕਾਰੀ ਪ੍ਰੋਗਰਾਮ ਦੇ ਤਹਿਤ ਕੀਤੀ ਗਈ ਸੀ।
ਇਹ ਉਨ੍ਹਾਂ ਲੋਕਾਂ ਲਈ ਇੱਕ ਵੱਖਰਾ ਨਜ਼ਰਬੰਦੀ ਕੇਂਦਰ ਮਾਡਲ ਸੀ, ਜੋ ਮੁਕੱਦਮੇ ਦੀ ਉਡੀਕ ਕਰ ਰਹੇ ਹਨ ਜਾਂ ਜਿਨ੍ਹਾਂ ਨੂੰ ਛੋਟੀ ਸਜ਼ਾ ਮਿਲੀ ਹੈ।
ਜਦੋਂ ਇਹ ਖੁੱਲ੍ਹੀ, ਤਾਂ ਇਸ ਦੇ ਪਹਿਲੇ ਨਿਰਦੇਸ਼ਕ ਵਿਲੀਅਮ ਨੈਲਸਨ ਨੇ ਕਿਹਾ ਸੀ: "ਇਹ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ, ਪਰ ਇਹ ਕੁਸ਼ਲਤਾ ਨਾਲ ਅਤੇ ਮਨੁੱਖੀ ਸਨਮਾਨ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ।"

ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਦੇ ਤਤਕਾਲੀ ਜੱਜ ਜੇਮਜ਼ ਬੀ ਪਾਰਸਨਜ਼ ਨੇ ਇਸ ਨੂੰ "ਆਲੀਸ਼ਾਨ" ਦੱਸਿਆ ਸੀ।
ਉਨ੍ਹਾਂ ਕਿਹਾ ਸੀ, “ਇੱਥੇ ਕੋਈ ਸਲਾਖਾਂ ਨਹੀਂ ਹਨ।”
''''''''ਦਰਵਾਜ਼ੇ ਆਮ ਥਾਂ ਵਾਂਗ ਖੁੱਲ੍ਹਦੇ ਅਤੇ ਬੰਦ ਹੁੰਦੇ ਹਨ। ਫਰਸ਼ਾਂ ''''ਤੇ ਕਾਰਪੇਟ ਵਿਛੇ ਹਨ। ਭੋਜਨ ਬਹੁਤ ਵਧੀਆ ਹੈ ਅਤੇ ਮਨੋਰੰਜਨ ਦੀਆਂ ਸਹੂਲਤਾਂ ਸ਼ਾਨਦਾਰ ਹਨ।"
ਉਸ ਮਹਿਲਾ ਜੱਜ ਦੀ ਇਸ ਟਿੱਪਣੀ ਨੂੰ ਸ਼ਿਕਾਗੋ ਟ੍ਰਿਬਿਊਨ ਦੇ 1995 ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ।

ਉਸ ਸਮੇਂ ਇੱਥੋਂ ਦੇ ਕੈਦੀਆਂ ਨੂੰ ਛੱਤ ''''ਤੇ ਬਣੇ ਵਿਹੜੇ ਵਿੱਚ ਹਫ਼ਤੇ ਵਿੱਚ ਦੋ ਵਾਰ ਜਾਣ ਦੀ ਆਗਿਆ ਸੀ, ਉਹ ਵੀ ਸਿਰਫ਼ ਇਸ ਲਈ ਕਿਉਂਕਿ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ 20 ਲੋਕਾਂ ਨੂੰ ਹੀ ਛੱਤ ''''ਤੇ ਰਹਿਣ/ਜਾਣ ਦੀ ਆਗਿਆ ਸੀ।
ਇਹ ਵਿਹੜਾ ਵਾੜ ਨਾਲ ਚੰਗੀ ਤਰ੍ਹਾਂ ਢਕਿਆ ਹੋਇਆ ਹੈ ਤਾਂ ਜੋ ਕਿਸੇ ਵੀ ਕੈਦੀ ਨੂੰ ਹੈਲੀਕਾਪਟਰਾਂ ਆਦਿ ਦੀ ਮਦਦ ਨਾਲ ਭਜਾਇਆ ਨਾ ਜਾ ਸਕੇ।
ਅੱਠ ਥਾਂ ''''ਤੇ ਕੈਦੀਆਂ ਦੇ ਬਾਸਕਟਬਾਲ, ਵਾਲੀਬਾਲ ਖੇਡਣ ਅਤੇ ਕਸਰਤ ਆਦਿ ਕਰਨ ਦਾ ਵੀ ਇੰਤਜ਼ਾਮ ਹੈ।
ਇਸ ਤੋਂ ਇਲਾਵਾ, ਇੱਥੇ ਕੈਦੀ ਹਫ਼ਤੇ ਵਿੱਚ ਤਿੰਨ ਵਾਰ ਲਾਇਬ੍ਰੇਰੀ, ਵੀਡੀਓ ਲਾਇਬ੍ਰੇਰੀ ਅਤੇ ਚਰਚ ਵੀ ਜਾ ਸਕਦੇ ਸਨ।
ਕਿਵੇਂ ਭੱਜੇ ਸਨ ਦੋ ਕੈਦੀ

ਹਾਲਾਂਕਿ, ਇਸ ਦੇ ਉਦਘਾਟਨ ਤੋਂ ਬਾਅਦ ਕੈਦੀਆਂ ਦੇ ਭੱਜਣ ਸਬੰਧੀ ਕੁਝ ਘਟਨਾਵਾਂ ਵੀ ਹੋਈਆਂ ਸਨ, ਜਿਨ੍ਹਾਂ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਸੀ।
ਮਿਸਾਲ ਵਜੋਂ, ਦਸੰਬਰ 2012 ਵਿੱਚ ਦੋ ਕੈਦੀ ਇੱਥੋਂ ਭੱਜ ਗਏ ਸਨ।
ਉਨ੍ਹਾਂ ਨੇ 17ਵੀਂ ਮੰਜ਼ਿਲ ਦੀ ਕੰਧ ਵਿੱਚ ਇੱਕ ਛੇਕ ਬਣਾਇਆ, ਚਾਦਰਾਂ ਅਤੇ ਦੰਦਾਂ ਦੀ ਸਫ਼ਾਈ ਵਾਲੇ ਫਲੌਸ ਤੋਂ ਬੁਣੀ ਹੋਈ ਇੱਕ ਰੱਸੀ ਨੂੰ ਸੈੱਲਾਂ ਦੇ ਬੰਕ ਬੈੱਡਾਂ ਨਾਲ ਬੰਨ੍ਹ ਕੇ, ਦੂਜਾ ਸਿਰਾਂ ਕੰਧ ਵਾਲੇ ਛੇਕ ਵਿੱਚੋਂ ਹੇਠਾਂ ਵੱਲ ਸੁੱਟ ਦਿੱਤਾ ਅਤੇ ਉਸ ਦੇ ਸਹਾਰੇ ਫਰਾਰ ਹੋ ਗਏ।
"ਲੌਸ ਚੈਪਿਟੋਸ"

ਇਸ ਨਿਗਰਾਨ ਕੇਂਦਰ ਦਾ ਪ੍ਰਬੰਧਨ ਫੈਡਰਲ ਬਿਊਰੋ ਆਫ ਪ੍ਰਿਜ਼ਨਜ਼ ਕੋਲ ਹੈ ਅਤੇ ਉਸ ਦੀ ਜਨਤਕ ਰਜਿਸਟਰੀ ਦੇ ਅਨੁਸਾਰ, 33 ਸਾਲਾ ਓਵੀਦੀਓ ਗੁਜ਼ਮੈਨ ਲੋਪੇਜ਼ ਵੀ ਇੱਥੋਂ ਦੇ ਕੁੱਲ 486 ਕੈਦੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਵਿੱਚ ਮਹਿਲਾ ਅਤੇ ਪੁਰਸ਼ ਕੈਦੀ ਦੋਵੇਂ ਸ਼ਾਮਲ ਹਨ।
ਇਸ ਜੇਲ੍ਹ ਨੂੰ ਪਹਿਲਾਂ 400 ਕੈਦੀਆਂ ਨੂੰ ਰੱਖਣ ਲਈ ਬਣਾਇਆ ਗਿਆ ਸੀ।
2016 ਵਿੱਚ "ਅਲ ਚੈਪੋ" ਗੁਜ਼ਮੈਨ ਦੀ ਗ੍ਰਿਫਤਾਰੀ ਅਤੇ ਸੰਯੁਕਤ ਰਾਜ ਵਿੱਚ ਉਸ ਦੀ ਹਵਾਲਗੀ ਤੋਂ ਬਾਅਦ, ਲੋਸ ਚੈਪਿਟੋਸ ਵਜੋਂ ਜਾਣੇ ਜਾਂਦੇ ਉਸ ਦੇ ਚਾਰੇ ਪੁੱਤਰਾਂ ਨੇ ਕਥਿਤ ਤੌਰ ''''ਤੇ ਕਾਰਟੇਲ ਵਿੱਚ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਯੂਐਸ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀਈਏ) ਦੇ ਏਜੰਟ ਕਹਿੰਦੇ ਹਨ ਕਿ ਸਿਨਾਲੋਆ ਕਾਰਟੇਲ ਸੰਯੁਕਤ ਰਾਜ ਵਿੱਚ ਤਸਕਰੀ ਨਾਲ ਆਏ ਬਹੁਤ ਸਾਰੇ ਨਾਜਾਇਜ਼ ਫੈਂਟਾਨਿਲ (ਡਰੱਗ) ਦਾ ਸਰੋਤ ਹੈ।
ਡੀਈਏ ਚੀਫ ਐਨੀ ਮਿਲਗ੍ਰਾਮ ਦੇ ਅਨੁਸਾਰ, "ਲੌਸ ਚੈਪਿਟੋਸ ਸਾਡੇ ਦੇਸ਼ ਵਿੱਚ ਹੁਣ ਤੱਕ ਦੇ ਸਭ ਤੋਂ ਘਾਤਕ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਅਤੇ ਤਸਕਰੀ ਵਿੱਚ ਮੋਹਰੀ ਸਨ।"
ਉਨ੍ਹਾਂ ਦੇ ਪਿਤਾ ਨੂੰ 2019 ਵਿੱਚ ਅਮਰੀਕਾ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਸੀ ਤੋਂ ਬਾਅਦ ਵਾਸ਼ਿੰਗਟਨ ਨੇ ਓਵੀਦੀਓ ਗੁਜ਼ਮੈਨ ਉਰਫ਼ ਐਲ ਰਟੋਨ ''''ਤੇ ਇਲਜ਼ਾਮ ਲਗਾਇਆ ਕਿ ਉਸ ਨੇ ਅਮਰੀਕਾ ਵਿੱਚ ਡਰੱਗ ਦੀ ਦਰਾਮਦ ਵਿੱਚ ਅਹਿਮ ਭੂਮਿਕਾ ਨਿਭਾਈ।
ਦਰਅਸਲ, ਪਿਤਾ ਦੀ ਸਜ਼ਾ ਤੋਂ ਬਾਅਦ ਓਵੀਦੀਓ ਗੁਜ਼ਮੈਨ ਨੂੰ ਹੀ ਸਿਨਾਲੋਆ ਕਾਰਟੇਲ ਦਾ ਮੁਖੀ ਮੰਨਿਆ ਗਿਆ।
ਹਾਲਾਂਕਿ, 5 ਸਤੰਬਰ ਨੂੰ ਸ਼ਿਕਾਗੋ ਵਿੱਚ ਇੱਕ ਜੱਜ ਦੇ ਸਾਹਮਣੇ ਆਪਣੀ ਪਹਿਲੀ ਪੇਸ਼ੀ ਵਿੱਚ ਉਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ।
ਕੌਣ ਹੈ ਅਲ ਚੈਪੋ

ਅਲ ਚੈਪੋ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਡਰੱਗ ਮਾਫ਼ੀਆ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਵੇਲੇ ਉਹ ਜੇਲ੍ਹ ਵਿੱਚ ਬੰਦ ਹੈ।
ਅਲ ਚੈਪੋ ਗੁਸਮੈਨ ਦਾ ਜਨਮ 1957 ਵਿੱਚ ਕਿਸਾਨ ਦੇ ਪਰਿਵਾਰ ਵਿੱਚ ਹੋਇਆ ਸੀ। ਅਲ ਚੈਪੋ ਗੁਸਮੈਨ ਡਰੱਗ ਤਸਕਰੀ ਨਾਲ ਉਦੋਂ ਜੁੜਿਆ ਜਦੋਂ ਉਸ ਨੇ ਅਫ਼ੀਮ ਤੇ ਭੰਗ ਦੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।
ਉਸ ਤੋਂ ਬਾਅਦ ਉਸ ਨੇ ਇੱਕ ਵੱਡੇ ਡਰੱਗ ਸਪਲਾਈ ਕਰਨ ਵਾਲੇ ਗਰੁੱਪ ਦੇ ਮੁਖੀ ਮਿਗੁਲ ਐਜਿਲ ਫਿਲੇਕਸ ਗਲਾਰਡੋ ਦੇ ਅੰਡਰ ਕੰਮ ਕਰਨਾ ਸ਼ੁਰੂ ਕੀਤਾ।
ਅਲ ਚੈਪੋ ਫਿਰ ਉਭਰਨਾ ਸ਼ੁਰੂ ਹੋ ਗਿਆ। 80ਵਿਆਂ ਦੇ ਦਹਾਕੇ ਵਿੱਚ ਉਸ ਨੇ ਆਪਣਾ ਗਰੁੱਪ ਸਿਨਾਲੋਆ ਬਣਾਇਆ। ਇਹ ਗਰੁੱਪ ਉੱਤਰ ਪੱਛਮੀ ਮੈਕਸੀਕੋ ਵਿੱਚ ਸਰਗਰਮ ਸੀ।
ਹੌਲੀ-ਹੌਲੀ ਉਹ ਅਮਰੀਕਾ ਵਿੱਚ ਡਰੱਗ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਵਿਅਕਤੀ ਬਣ ਗਿਆ। 2009 ਵਿੱਚ ਗੁਸਮੈਨ ਦਾ ਨਾਂ ਫੌਰਬਜ਼ ਦੀ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਵੀ ਆ ਗਿਆ ਸੀ।
ਉਸ ਸੂਚੀ ਵਿੱਚ ਉਸ ਦਾ ਨੰਬਰ ਦੁਨੀਆਂ ਵਿੱਚ 701 ਸੀ। 1993 ਵਿੱਚ ਇੱਕ ਦੂਸਰੇ ਗੈਂਗ ਵੱਲੋ ਹੋਏ ਹਮਲੇ ਵਿੱਚ ਅਲ ਚੈਪੋ ਵਾਲ-ਵਾਲ ਬਚਿਆ ਪਰ ਫਿਰ ਮੈਕਸੀਕੋ ਪ੍ਰਸ਼ਾਸਨ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ 20 ਸਾਲਾਂ ਦੀ ਸਜ਼ਾ ਸੁਣਾਈ ਸੀ।

ਗੁਜ਼ਮੈਨ ਸਭ ਤੋਂ ਪਹਿਲਾਂ 2001 ਵਿੱਚ ਜੇਲ੍ਹ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋਇਆ ਸੀ। ਪਿਊਨੇ ਗਰਾਂਡੇ ਇੱਕ ਅਤਿ ਸੁਰੱਖਿਆ ਵਾਲੀ ਜੇਲ੍ਹ ਸੀ ਜਿਸ ਵਿੱਚ ਗੂਸਮੈਨ ਕੈਦ ਸੀ।
ਗੁਸਮੈਨ ਜੇਲ੍ਹ ਦੇ ਭ੍ਰਿਸ਼ਟ ਗਾਰਡਾਂ ਦੀ ਮਦਦ ਨਾਲ ਲੌਂਡਰੀ ਬਾਸਕਿਟ ਵਿੱਚ ਲੁਕ ਕੇ ਜੇਲ੍ਹ ਤੋਂ ਭੱਜਣ ਵਿੱਚ ਕਾਮਯਾਬ ਹੋਇਆ ਸੀ।
ਉਸ ਤੋਂ ਬਾਅਦ ਉਹ 13 ਸਾਲਾਂ ਤੱਕ ਫਰਾਰ ਰਿਹਾ ਸੀ। ਇਸ ਵੇਲੇ ਉਸ ਨੇ ਆਪਣੇ ਸਮਰਾਜ ਨੂੰ ਮਜ਼ਬੂਤ ਕੀਤਾ।
2014 ਵਿੱਚ ਉਹ ਮੁੜ ਤੋਂ ਗ੍ਰਿਫ਼ਤਾਰ ਹੋਇਆ ਅਤੇ ਉਸ ਨੂੰ ਸੈਂਟਰਲ ਮੈਕਸੀਕੋ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।
2015 ਵਿੱਚ ਉਹ ਇਸ ਜੇਲ੍ਹ ਤੋਂ ਵੀ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਵਾਰ ਉਸ ਨੇ 1.5 ਕਿਲੋਮੀਟਰ ਲੰਬੀ ਸੁਰੰਗ ਬਣਾਈ ਸੀ ਜੋ ਉਸ ਦੇ ਕਮਰੇ ਤੋਂ ਸਿੱਧਾ ਬਾਹਰ ਨਿਕਲਦੀ ਸੀ।
ਸੁਰੰਗ ਹਵਾਦਾਰ ਸੀ, ਉਸ ਵਿੱਚ ਲਾਈਟਾਂ ਦਾ ਪ੍ਰਬੰਧ ਸੀ, ਪੌੜੀਆਂ ਸਨ ਅਤੇ ਉਸ ਦਾ ਦੂਜਾ ਮੂੰਹ ਕਿਸੇ ਉਸਾਰੀ ਅਧੀਨ ਇਮਾਰਤ ਵੱਲ ਖੁੱਲ੍ਹਦਾ ਸੀ।
ਮੈਕਸੀਕਨ ਟੀਵੀ ਚੈਨਲਾਂ ਦਿਖਾਇਆ ਸੀ ਕਿ ਕਿਵੇਂ ਗੂਸਮੈਨ ਦੇ ਕਮਰੇ ਤੋਂ ਆਉਂਦੀਆਂ ਆਵਾਜ਼ਾਂ ਦੇ ਬਾਵਜੂਦ ਗਾਰਡਾਂ ਨੂੰ ਉਸ ਦੇ ਸੁਰੰਗ ਬਣਾਉਣ ਬਾਰੇ ਪਤਾ ਨਹੀਂ ਲਗ ਸਕਿਆ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)