ਭਾਰਤੀ ਫ਼ਾਇਟਰ ਪਾਇਲਟ ਦੇ ਪਾਕਿਸਤਾਨ ਤੋਂ ਬੱਚ ਕੇ ਪੈਦਲ ਭਾਰਤ ਆਉਣ ਦੀ ਕਹਾਣੀ

Monday, Sep 25, 2023 - 12:47 PM (IST)

ਭਾਰਤੀ ਫ਼ਾਇਟਰ ਪਾਇਲਟ ਦੇ ਪਾਕਿਸਤਾਨ ਤੋਂ ਬੱਚ ਕੇ ਪੈਦਲ ਭਾਰਤ ਆਉਣ ਦੀ ਕਹਾਣੀ
ਦਾਰਾ ਫਿਰੋਜ਼ ਚਿਨੋਏ
DARA PHIROZE CHINOY
ਦਾਰਾ ਫਿਰੋਜ਼ ਚਿਨੋਏ

ਇਹ ਗੱਲ 1965 ਦੀ ਹੈ। 6 ਸਤੰਬਰ ਦੀ ਰਾਤ ਨੂੰ ਪਾਕਿਸਤਾਨੀ ਹਵਾਈ ਸੈਨਾ ਨੇ ਸੀ-130 ਹਰਕਿਊਲੀਜ਼ ਜਹਾਜ਼ ਰਾਹੀਂ ਪਠਾਨਕੋਟ, ਹਲਵਾੜਾ ਅਤੇ ਆਦਮਪੁਰ ਹਵਾਈ ਟਿਕਾਣਿਆਂ ‘ਤੇ ਹਮਲਾ ਕਰਨ ਲਈ 180 ਪੈਰਾਟਰੂਪਰਾਂ ਨੂੰ ਉਤਾਰਿਆ ਗਿਆ ਸੀ। ਪਰ ਇਨ੍ਹਾਂ ’ਚੋਂ ਜ਼ਿਆਦਾਤਰ ਸੈਨਿਕਾਂ ਨੂੰ ਭਾਰਤੀ ਫੌਜ ਨੇ ਫੜ ਲਿਆ ਸੀ।

ਇਨ੍ਹਾਂ ’ਚੋਂ 22 ਲੋਕ ਮਾਰੇ ਗਏ ਅਤੇ ਬਾਕੀ ਪਾਕਿਸਤਾਨ ਵਾਪਸ ਜਾਣ ’ਚ ਸਫ਼ਲ ਹੋ ਗਏ ਸਨ।

ਇਸੇ ਦੌਰਾਨ ਪਾਕਿਸਤਾਨ ਦੇ ਦੋ ਕੈਨਬਰਾ ਜਹਾਜ਼ਾਂ ਨੇ ਭਾਰਤ ਦੇ ਆਦਮਪੁਰ ਏਅਰਬੇਸ ’ਤੇ ਹਵਾਈ ਹਮਲਾ ਕਰ ਦਿੱਤਾ ਸੀ। ਉੱਥੇ ਤਾਇਨਾਤ ਐਂਟੀ-ਏਅਰਕ੍ਰਾਫਟ ਗੰਨਾਂ ਨੇ ਇੱਕ ਜਹਾਜ਼ ਨੂੰ ਆਪਣਾ ਨਿਸ਼ਾਨਾ ਬਣਾ ਲਿਆ, ਜੋ ਕਿ ਏਅਰਬੇਸ ਦੇ ਬਿਲਕੁਲ ਬਾਹਰ ਆ ਕੇ ਡਿੱਗਿਆ।

ਉਸ ਲੜਾਕੂ ਜਹਾਜ਼ ਦੇ ਪਾਇਲਟ ਅਤੇ ਨੈਵੀਗੇਟਰ ਨੂੰ ਫੜ ਕੇ ਆਦਮਪੁਰ ਏਅਰਬੇਸ ਦੀ ਅਫ਼ਸਰ ਮੈਸ ’ਚ ਲਿਆਂਦਾ ਗਿਆ। ਜਨੇਵਾ ਸਮਝੌਤੇ ਦੇ ਤਹਿਤ ਉਨ੍ਹਾਂ ਨਾਲ ਚੰਗਾ ਸਲੂਕ ਕੀਤਾ ਗਿਆ। ਇੱਥੋਂ ਤੱਕ ਕਿ ਉਨ੍ਹਾ ਦੀ ਇੱਛਾ ਨੂੰ ਮੁੱਖ ਰੱਖਦਿਆਂ ਪੰਜਾਬੀ ਢਾਬੇ ਤੋਂ ਤੰਦੂਰੀ ਚਿਕਨ ਅਤੇ ਬਟਰ ਨਾਨ ਵੀ ਮੰਗਵਾ ਕੇ ਖਾਣ ਨੂੰ ਦਿੱਤੇ ਗਏ।

ਅਗਲੇ ਹੀ ਦਿਨ ਇਨ੍ਹਾਂ ਜੰਗੀ ਕੈਦੀਆਂ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਭਾਰਤੀ ਫੌਜ ਦਾ ਮਕਸਦ ਅੱਗੇ ਵੱਧ ਕੇ ਲਾਹੌਰ ’ਤੇ ਕਬਜ਼ਾ ਕਰਨਾ ਸੀ, ਪਰ 1950 ਦੇ ਦਹਾਕੇ ’ਚ ਬਣਾਈ ਗਈ ਇੱਛੋਗਿਲ ਨਹਿਰ ਅੱਗੇ ਵਧਣ ’ਚ ਵੱਡੀ ਰੁਕਾਵਟ ਸਾਬਤ ਹੋ ਰਹੀ ਸੀ।

ਨਹਿਰ ਦੇ ਪਿੱਛੇ ਤੋਂ ਭਾਰਤੀ ਸੈਨਿਕਾਂ ’ਤੇ 1.55 ਐੱਮਐੱਮ ਦੀ ਹਾਵਿਟਜ਼ਰ ਨਾਲ ਲਗਾਤਾਰ ਹਮਲਾ ਕੀਤਾ ਜਾ ਰਿਹਾ ਸੀ। ਆਖ਼ਰਕਾਰ ਭਾਰਤੀ ਸੈਨਿਕਾਂ ਨੇ ਇਨ੍ਹਾਂ ਤੋਪਾਂ ਨੂੰ ਸ਼ਾਂਤ ਕਰਨ ਲਈ ਭਾਰਤੀ ਹਵਾਈ ਸੈਨਾ ਤੋਂ ਮਦਦ ਲੈਣ ਦਾ ਫ਼ੈਸਲਾ ਕੀਤਾ।

ਭਾਰਤੀ ਹਵਾਈ ਸੈਨਾ ਦਾ ਮਿਸਟੇਅਰ ਜਹਾਜ਼
BHARATRAKSHAK.COM
ਭਾਰਤੀ ਹਵਾਈ ਸੈਨਾ ਦਾ ਮਿਸਟੇਅਰ ਜਹਾਜ਼

ਭਾਰਤੀ ਸੈਨਿਕਾਂ ਦੀ ਗਲਤਫ਼ਹਿਮੀ

ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਇਨ੍ਹਾਂ ਤੋਪਾਂ ਨੂੰ ਸ਼ਾਂਤ ਕਰਨ ਲਈ ਕਈ ਉਡਾਨਾਂ ਭਰੀਆਂ। ਕਈ ਵਾਰ ਤਾਂ ਅਜਿਹਾ ਹੋਇਆ ਕਿ ਪਾਕਿਸਤਾਨੀ ਸੈਨਿਕਾਂ ਦੀਆਂ ਐਂਟੀ-ਏਅਰਕ੍ਰਾਫਟ ਗੰਨਾਂ ਰਾਹੀਂ ਦਾਗ਼ੇ ਗੋਲੇ ਅਤੇ ਮਸ਼ੀਨਗੰਨਾਂ ਰਾਹੀਂ ਚਲਾਈਆਂ ਗਈਆਂ ਗੋਲੀਆਂ ਨਾਲ ਇਨ੍ਹਾਂ ਜਹਾਜ਼ਾਂ ’ਚ ਛੇਕ ਵੀ ਹੋ ਗਏ ਸਨ।

ਭਾਰਤੀ ਹਦੂਦ ਦੇ ਅੰਦਰ ਦਾਖ਼ਲ ਹੋਣ ਤੱਕ ਉਨ੍ਹਾਂ ਦੇ ਇੰਜਣ ਫ਼ਲੇਮ ਆਊਟ ਹੋ ਜਾਂਦੇ ਸਨ ਅਤੇ ਭਾਰਤੀ ਪਾਇਲਟਾਂ ਨੂੰ ਪੈਰਾਸ਼ੂਟ ਰਾਹੀਂ ਹੇਠਾਂ ਛਾਲ ਮਾਰਨੀ ਪੈਂਦੀ ਸੀ।

ਭਾਰਤੀ ਹਵਾਈ ਸੈਨਾ ਦੇ ਮਸ਼ਹੂਰ ਪਾਇਲਟ ਰਹੇ ਗਰੁੱਪ ਕੈਪਟਨ ਦਾਰਾ ਫ਼ਿਰੋਜ਼ ਚਿਨੋਏ ਆਪਣੀ ਕਿਤਾਬ ‘ਐਸਕੇਪ ਫਰੌਮ ਪਾਕਿਸਤਾਨ ਏ ਵਾਰ ਹੀਰੋਜ਼ ਕ੍ਰੋਨਿਕਲ’ ’ਚ ਲਿਖਦੇ ਹਨ, “ਕਈ ਵਾਰ ਤਾਂ ਭਾਰਤੀ ਪਾਇਲਟਾਂ ਨੂੰ ਆਪਣੇ ਹੀ ਸੈਨਿਕਾਂ ਦੇ ਮਾੜੇ ਰਵੱਈਏ ਦਾ ਸਾਹਮਣਾ ਕਰਨਾ ਪਿਆ ਸੀ।"

"ਘੱਟ ਤੋਂ ਘੱਟ ਹਵਾਈ ਸੈਨਾ ਦੇ ਇੱਕ ਪਾਇਲਟ ਦੇ ਢਿੱਡ ’ਚ ਭਾਰਤੀ ਫੌਜ ਦੇ ਜਵਾਨ ਨੇ ਸੰਗੀਨ (ਬੰਦੂਕ ਦੇ ਅੱਗੇ ਲੱਗਿਆ ਚਾਕੂ) ਮਾਰ ਦਿੱਤਾ ਸੀ ਅਤੇ ਇੱਕ ਪਾਇਲਟ ਦੇ ਮੋਢੇ ’ਚ ਭਾਰਤੀ ਸੈਨਿਕ ਦੀ ਹੀ ਗੋਲੀ ਲੱਗ ਗਈ ਸੀ। ਇਹ ਸਭ ਇਸ ਗਲਤਫ਼ਹਿਮੀ ਕਰਕੇ ਹੋਇਆ ਕਿ ਉਹ ਪਾਕਿਸਤਾਨੀ ਪੈਰਾਟਰੂਪਰ ਹਨ।”

ਦਾਰਾ ਫਿਰੋਜ਼ ਚਿਨੋਏ ਦੀ ਆਤਮਕਥਾ
OM BOOK
ਦਾਰਾ ਫਿਰੋਜ਼ ਚਿਨੋਏ ਦੀ ਆਤਮਕਥਾ

ਫਲਾਈਟ ਲੈਫਟੀਨੈਂਟ ਦੀ ਭਾਰਤੀ ਪਿੰਡਵਾਸੀਆਂ ਨੇ ਕੀਤੀ ਕੁੱਟਮਾਰ

ਇਸੇ ਤਰ੍ਹਾਂ ਦੀ ਹੀ ਘਟਨਾ ’ਚ ਇੱਕ ਭਾਰਤੀ ਪਾਇਲਟ ਫਲਾਈਟ ਲੈਫਟੀਨੈਂਟ ਇਕਬਾਲ ਹੁਸੈਨ ਦੇ ਜਹਾਜ਼ ਦਾ ਤੇਲ ਟੈਂਕ ਪਾਕਿਸਤਾਨ ਦੀ ਐਂਟੀ-ਏਅਰਕ੍ਰਾਫਟ ਤੋਪਾਂ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਸੀ।

ਚਿਨੋਏ ਲਿਖਦੇ ਹਨ, “ਉਹ ਮੇਰੀ ਹੀ ਸਕੁਐਡਰਨ ਦੇ ਸਨ। ਉਹ ਬੰਬਾਰੀ ਕਰਕੇ ਵਾਪਸ ਭਾਰਤ ਪਰਤ ਰਹੇ ਸਨ। ਮੈਂ ਉਨ੍ਹਾਂ ਦਾ ਨੰਬਰ-2 ਸੀ, ਇਸ ਲਈ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਰਿਹਾ ਸੀ। ਜਿਵੇਂ ਹੀ ਉਹ ਬੇਸ ’ਤੇ ਪਹੁੰਚਣ ਵਾਲੇ ਸਨ, ਉਨ੍ਹਾਂ ਦਾ ਇੰਜਣ ਫਲੇਮ ਆਊਟ ਹੋ ਗਿਆ।"

"ਉਹ ਆਪਣੇ ਪੈਰਾਸ਼ੂਟ ਦੀ ਮਦਦ ਨਾਲ ਆਦਮਪੁਰ ਪਿੰਡ ਦੇ ਕੋਲ ਉਤਰੇ। ਮੈਂ ਉਪਰੋਂ ਹੀ ਵੇਖਿਆ ਕਿ ਪਿੰਡਵਾਸੀਆਂ ਨੇ ਉਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਸੀ। ਉਨ੍ਹਾਂ ਦੇ ਹੱਥਾਂ ’ਚ ਤਲਵਾਰਾਂ ਸਨ। ਮੈਂ ਉਪਰੋਂ ਹੀ ਇਹ ਸੂਚਨਾ ਕੰਟਰੋਲ ਟਾਵਰ ਨੂੰ ਦਿੱਤੀ।”

ਤੁਰੰਤ ਦੋ ਹਵਾਈ ਸੈਨਿਕਾਂ ਨੂੰ ਮੋਟਰ ਸਾਈਕਲ ’ਤੇ ਉਸ ਪਿੰਡ ਵੱਲ ਭੇਜਿਆ ਗਿਆ, ਪਰ ਜਦੋਂ ਤੱਕ ਉਹ ਉੱਥੇ ਪਹੁੰਚੇ, ਉਦੋਂ ਤੱਕ ਇਕਬਾਲ ਬੁਰੀ ਤਰ੍ਹਾਂ ਜਖ਼ਮੀ ਹਾਲਤ ’ਚ ਸਨ ਅਤੇ ਬੇਹੋਸ਼ ਗਏ ਸਨ।

ਉਨ੍ਹਾਂ ਨੂੰ ਇਸੇ ਹਾਲਤ ’ਚ ਫੌਜੀ ਹਸਪਤਾਲ ਪਹੁੰਚਾਇਆ ਗਿਆ। ਉਹ ਚਾਰ ਦਿਨਾਂ ਤੱਕ ਆਈਸੀਯੂ ’ਚ ਰਹੇ। ਜਦੋਂ ਪਿੰਡਵਾਸੀਆਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਇਕਬਾਲ ਲਈ ਖ਼ੂਨਦਾਨ ਕੀਤਾ।

ਹਵਾਈ ਸੈਨਾ ਦੇ ਜਹਾਜ਼ਾਂ ਨਾਲ ਦਾਰਾ ਫਿਰੋਜ਼ ਚਿਨੋਏ
DARA PHIROZE CHINOY
ਹਵਾਈ ਸੈਨਾ ਦੇ ਜਹਾਜ਼ਾਂ ਨਾਲ ਦਾਰਾ ਫਿਰੋਜ਼ ਚਿਨੋਏ

ਪਾਕਿਸਤਾਨ ਤੋਪਾਂ ਨੂੰ ਤਬਾਹ ਕਰਨ ਦੀ ਜ਼ਿੰਮੇਵਾਰੀ

ਇੱਕ ਸਾਲ ਬਾਅਦ ਇਸੇ ਇਕਬਾਲ ਹੁਸੈਨ ਨੇ ਆਦਮਪੁਰ ਤੋਂ ਜੰਮੂ ਤੱਕ ਇੱਕ ਜਹਾਜ਼ ’ਚ ਲਿਫ਼ਟ ਲਈ।

ਖ਼ਰਾਬ ਮੌਸਮ ਦੇ ਕਾਰਨ ਉਹ ਜਹਾਜ਼ ਜੰਮੂ ਨਜ਼ਦੀਕ ਇੱਕ ਚੱਟਾਨ ਨਾਲ ਟਕਰਾ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ।

90% ਸੜ ਜਾਣ ਦੇ ਬਾਵਜੂਦ ਇਕਬਾਲ ਨੇ ਦੋ ਸਹਿ ਯਾਤਰੀਆਂ ਨੂੰ ਸੜ ਰਹੇ ਜਹਾਜ਼ ’ਚੋਂ ਬਾਹਰ ਕੱਢਿਆ।

ਜਦੋਂ ਉਹ ਅੱਗ ਲੱਗੇ ਜਹਾਜ਼ ’ਚੋਂ ਤੀਜੇ ਯਾਤਰੀ ਨੂੰ ਕੱਢਣ ਲਈ ਕੋਸ਼ਿਸ਼ ਕਰ ਰਹੇ ਸੀ ਤਾਂ ਉਸੇ ਸਮੇਂ ਜਹਾਜ਼ ’ਚ ਧਮਾਕਾ ਹੋ ਗਿਆ ਅਤੇ ਇਕਬਾਲ ਹੁਸੈਨ ਉਸ ਧਮਾਕੇ ’ਚ ਸ਼ਹੀਦ ਹੋ ਗਏ।

1965 ਦੀ ਜੰਗ ਦੇ ਆਖ਼ਰੀ ਪੜਾਅ ’ਚ ਪਾਕਿਸਤਾਨ ਦੀਆਂ ਐੱਲ-155 ਤੋਪਾਂ ਵੱਲੋਂ ਭਾਰਤੀ ਟਿਕਾਣਿਆਂ ’ਤੇ ਭਾਰੀ ਗੋਲਾਬਾਰੀ ਕੀਤੀ ਗਈ। ਦੂਜੇ ਪਾਸੇ ਪਾਕਿਸਤਾਨੀ ਹਵਾਈ ਸੈਨਾ ਦੇ ਸੈਬਰ ਜੈੱਟ ਜਹਾਜ਼ਾਂ ਨੇ ਲਗਾਤਾਰ ਹਮਲੇ ਕਰਕੇ ਭਾਰਤੀ ਫੌਜ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ।

10 ਦਸੰਬਰ 1965 ਨੂੰ ਸਵੇਰੇ 7 ਵਜੇ ਆਦਮਪੁਰ ਹਵਾਈ ਏਅਰਬੇਸ ’ਤੇ ਜ਼ਮੀਨੀ ਸੰਪਰਕ ਅਧਿਕਾਰੀ ਨੇ ਭਾਰਤੀ ਲੜਾਕੂ ਪਾਇਲਟਾਂ ਨੂੰ ਉਨ੍ਹਾਂ ਦੇ ਅਗਲੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਪਾਕਿਸਤਾਨੀ ਫੌਜ ਦੀਆਂ ਤੋਪਾਂ ਨੂੰ ਤਬਾਹ ਕਰਨਾ ਹੈ, ਜਿਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਚਾਰੇ ਪਾਸੇ ਐਂਟੀ-ਏਅਰਕ੍ਰਾਫਟ ਤੋਪਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਭਾਰਤੀ ਜਹਾਜ਼ ਉਨ੍ਹਾਂ ’ਤੇ ਹਮਲਾ ਨਾ ਕਰ ਸਕਣ।

ਇਸ ਮਿਸ਼ਨ ਦੀ ਅਗਵਾਈ ਸਕੁਐਡਰਨ ਲੀਡਰ ਟੀਪੀਐੱਸ ਗਿੱਲ ਕਰ ਰਹੇ ਸਨ। ਫਲਾਇੰਗ ਅਫ਼ਸਰ ਦਾਰਾ ਫ਼ਿਰੋਜ਼ ਚਿਨੋਏ ਉਨ੍ਹਾਂ ਦੇ ਨੰਬਰ-2 ਸਨ। ਇਸ ਮਿਸ਼ਨ ਦੇ ਡਿਪਟੀ ਲੀਡਰ ਅਤੇ ਨੰਬਰ-3 ਫਲਾਈਟ ਲੈਫਟੀਨੈਂਟ ਰਵੀ ਕੁਮਾਰ ਸਨ। ਨੰਬਰ -4 ਦੀ ਜ਼ਿੰਮੇਵਾਰੀ ਫਲਾਈਟ ਲੈਫਟੀਨੈਂਟ ਗਿਰੀ ਰਤਨਪਾਰਖੀ ਨੂੰ ਸੌਂਪੀ ਗਈ ਸੀ।

ਟ੍ਰੇਨ ’ਤੇ ਕੀਤੇ ਹਮਲੇ ਕਰਕੇ ਬੰਬ ਹੋਏ ਖ਼ਤਮ

ਭਾਰਤੀ ਜਹਾਜ਼ਾਂ ਨੇ ਦੋ ਜੋੜਿਆਂ ’ਚ 4 ਏਸੀ ਟੈਕਨੀਕਲ ਫਾਰਮੇਸ਼ਨ ’ਚ ਉਡਾਣ ਭਰੀ। ਉਨ੍ਹਾਂ ਨੇ ਨੀਵੀਂ ਉਡਾਣ ਭਰਕੇ ਤੋਪਾਂ ਨੂੰ ਲੱਭਣ ਦਾ ਯਤਨ ਕੀਤਾ, ਪਰ ਉਹ ਕਾਮਯਾਬ ਨਾ ਹੋਏ। ਫਿਰ ਉਨ੍ਹਾਂ ਨੂੰ ਹਥਿਆਰ ਲੈ ਕੇ ਜਾ ਰਹੀ ਇੱਕ ਰੇਲਗੱਡੀ ਵਿਖਾਈ ਦਿੱਤੀ। ਇਨ੍ਹਾਂ ਜਹਾਜ਼ਾਂ ਨੇ ਉਸ ਰੇਲਗੱਡੀ ’ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਦਿੱਤਾ।

ਜਦੋਂ ਇਹ ਜਹਾਜ਼ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਨੂੰ ਪਾਕਿਸਤਾਨੀ ਤੋਪਾਂ ਵਿਖਾਈ ਦਿੱਤੀਆਂ, ਜਿਨ੍ਹਾਂ ਦੀ ਉਹ ਭਾਲ ਕਰ ਰਹੇ ਸਨ। ਪਰ ਉਹ ਉਨ੍ਹਾਂ ਤੋਪਾਂ ’ਤੇ ਬੰਬ ਨਹੀਂ ਸੁੱਟ ਸਕੇ ਕਿਉਂਕਿ ਉਨ੍ਹਾਂ ਦੇ ਸਾਰੇ ਬੰਬ ਰੇਲਗੱਡੀ ਨੂੰ ਤਬਾਹ ਕਰਨ ’ਤੇ ਲੱਗ ਗਏ ਸਨ।

ਵਾਪਸ ਪਰਤ ਕੇ ਉਨ੍ਹਾਂ ਨੇ ਜੀਐੱਲਓ ਨੂੰ ਆਪਣੀ ਰਿਪੋਰਟ ਦਿੱਤੀ। ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਜਲਦੀ ਨਾਲ ਖਾਣਾ ਖਾ ਕੇ ਬੰਬ ਲੈ ਕੇ ਮੁੜ ਉਸ ਥਾਂ ’ਤੇ ਜਾਣ ਅਤੇ ਉੱਥੇ ਬੰਬਾਰੀ ਕਰਨ।

ਫਲਾਇੰਗ ਅਫ਼ਸਰ ਚਿਨੋਏ ਜਦੋਂ ਮੈਸ ’ਚ ਖਾਣਾ ਖਾਣ ਲਈ ਪਹੁੰਚੇ ਤਾਂ ਉੱਥੇ ਅਫ਼ਸਰਾਂ ਦੀ ਭੀੜ ਲੱਗੀ ਹੋਈ ਸੀ ਅਤੇ ਖਾਣਾ ਖਵਾਉਣ ਵਾਲੇ ਲੋਕਾਂ ਨੂੰ ਸਾਰਿਆਂ ਨੂੰ ਭੋਜਨ ਪਰੋਸਣ ’ਚ ਦਿੱਕਤ ਹੋ ਰਹੀ ਸੀ।

ਚਿਨੋਏ ਨੇ ਸਵੇਰ ਦੇ ਮਿਸ਼ਨ ’ਤੇ ਜਾਣ ਤੋਂ ਪਹਿਲਾਂ ਕੁਝ ਵੀ ਨਹੀਂ ਖਾਧਾ ਸੀ। ਉਨ੍ਹਾਂ ਨੂੰ ਬਹੁਤ ਪਿਆਸ ਲੱਗ ਰਹੀ ਸੀ। ਪੂਰੇ ਮਿਸ਼ਨ ਦੌਰਾਨ ਉਨ੍ਹਾਂ ਦਾ ਬਹੁਤ ਪਸੀਨਾ ਨਿਕਲ ਗਿਆ ਸੀ, ਇਸ ਲਈ ਉਨ੍ਹਾਂ ਦੇ ਸਰੀਰ ’ਚ ਪਾਣੀ ਦੀ ਬਹੁਤ ਕਮੀ ਹੋ ਗਈ ਸੀ।

ਉਨ੍ਹਾਂ ਨੇ ਵੇਟਰ ਨੂੰ ਪਾਣੀ ਲਿਆਉਣ ਲਈ ਕਿਹਾ, ਪਰ ਉਹ ਆਪਣੇ ਕੰਮ ’ਚ ਇੰਨਾਂ ਰੁੱਝਿਆ ਹੋਇਆ ਸੀ ਕਿ ਉਸ ਨੇ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ।

ਫਿਰ ਉਹ ਚਾਲਕ ਦਲ ਦੇ ਕਮਰੇ ’ਚ ਚਲੇ ਗਏ ਜਿੱਥੇ ਫਿਲਿਪ ਰਾਜ ਕੁਮਾਰ ਬੈਠੇ ਹੋਏ ਸਨ। ਉਨ੍ਹਾਂ ਨੇ ਚਿਨੋਏ ਨੂੰ ਕਿਹਾ, “ਤੁਸੀਂ ਥੋੜ੍ਹਾ ਪਾਣੀ ਪੀ ਲਓ। ਫਿਰ ਪਤਾ ਨਹੀਂ ਕਦੋਂ ਪਾਣੀ ਨਸੀਬ ਹੋਵੇ।”

ਚਿਨੋਏ ਨੇ ਫਟਾ ਫਟ ਇੱਕ ਗਿਲਾਸ ਪਾਣੀ ਦਾ ਪੀਤਾ ਅਤੇ ਕਮਰੇ ਤੋਂ ਬਾਹਰ ਆ ਗਏ।

ਫਲਾਇੰਗ ਅਫਸਰ ਦਾਰਾ ਫਿਰੋਜ਼ ਚਿਨੋਏ ਅਤੇ ਉਨ੍ਹਾਂ ਦੀ ਪਤਨੀ ਮਾਰਗਰੇਟ
DARA PHIROZE CHINOY
ਫਲਾਇੰਗ ਅਫਸਰ ਦਾਰਾ ਫਿਰੋਜ਼ ਚਿਨੋਏ ਅਤੇ ਉਨ੍ਹਾਂ ਦੀ ਪਤਨੀ ਮਾਰਗਰੇਟ

ਚਿਨੋਏ ਦੇ ਜਹਾਜ਼ ’ਚ ਐਂਟੀ-ਏਅਰਕ੍ਰਾਫਟ ਤੋਪ ਦਾ ਗੋਲਾ ਲੱਗਿਆ

ਜਦੋਂ ਉਹ ਬੇਸ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕੇ ਉਨ੍ਹਾਂ ਦੇ ਸਾਥੀ ਪਾਇਲਟ ਆਪੋ-ਆਪਣੇ ਜਹਾਜ਼ਾਂ ਵੱਲ ਵਧ ਰਹੇ ਹਨ।

ਉਨ੍ਹਾਂ ਨੇ ਤੁਰੰਤ ਆਪਣਾ ਫਲਾਇੰਗ ਗੇਅਰ ਪਾਇਆ ਅਤੇ ਉਹ ਵੀ ਆਪਣੇ ਮਿਸਟਰੀ ਜਹਾਜ਼ ਵੱਲ ਵਧੇ। ਚਾਰੇ ਜਹਾਜ਼ਾਂ ਨੇ ਉਡਾਣ ਭਰੀ ਅਤੇ ਉਸੇ ਇਲਾਕੇ ’ਚ ਪਹੁੰਚ ਗਏ , ਜਿੱਥੇ ਉਨ੍ਹਾਂ ਨੇ ਪਾਕਿਸਤਾਨੀ ਤੋਪਾਂ ਵੇਖੀਆਂ ਸਨ।

ਜਿਵੇਂ ਹੀ ਉਹ ਉਸ ਖੇਤਰ ’ਚ ਪਹੁੰਚੇ ਤਾਂ ਪਾਕਿਸਤਾਨੀ ਐਂਟੀ-ਏਅਰਕ੍ਰਾਫਟ ਤੋਪਾਂ ਗਰਜਣ ਲੱਗੀਆਂ। ਤੇਜਾ ਗਿੱਲ ਨੇ ਰੇਡਿਓ ’ਤੇ ਕਿਹਾ, ‘ਪੁਲਿੰਗ ਅਪ ਟਾਰਗੇਟ ਲੈਫਟ, ਟੈਨ ਓ ਕਲਾਕ’। ਦੋ ਸੰਕਿਟਾਂ ਬਾਅਦ ਚਿਨੋਏ ਨੇ ਉੱਪਰ ਜਾ ਕੇ ਰੇਡਿਓ ਸੁਨੇਹਾ ਦਿੱਤਾ, “ਨੰਬਰ 2, ਕੰਨਟੈਕਟ ਟਾਰਗੇਟ ਨਾਈਨ ਓ ਕਲਾਕ ਰੋਲਿੰਗ ਇਨ’।

ਉਸੇ ਸਮੇਂ ਚਿਨੋਏ ਨੂੰ ਆਪਣੀ ਸੀਟ ਹੇਠਾਂ ਇੱਕ ਜ਼ੋਰਦਾਰ ਧੱਕਾ ਮਹਿਸੂਸ ਹੋਇਆ।

ਚਿਨੋਏ ਆਪਣੀ ਕਿਤਾਬ ’ਚ ਲਿਖਦੇ ਹਨ, “ਇਹ ਧੱਕਾ ਇੰਝ ਦਾ ਸੀ ਜਿਵੇਂ ਕਿਸੇ ਗਧੇ ਨੇ ਜ਼ੋਰ ਨਾਲ ਲੱਤ ਮਾਰੀ ਹੋਵੇ। ਉਸੇ ਸਮੇਂ ਮੇਰਾ ਇੰਜਣ ਸੀਜ਼ ਹੋ ਗਿਆ ਅਤੇ ਇੰਜਣ ਫਾਇਰ ਚੇਤਾਵਨੀ ਲਾਈਟ ਜੱਗ ਗਈ।"

"ਮੇਰੇ ਜਹਾਜ਼ ਦੀ ਗਤੀ ਤੇਜ਼ੀ ਨਾਲ ਜ਼ੀਰੋ ’ਤੇ ਆਉਣ ਲੱਗੀ। ਮੇਰਾ ਕਾਕਪਿਟ ਧੂੰਏ ਨਾਲ ਭਰ ਗਿਆ ਅਤੇ ਮੈਨੂੰ ਆਪਣੇ ਪਿੱਛੇ ਅੱਗ ਦੀ ਗਰਮੀ ਮਹਿਸੂਸ ਹੋਣ ਲੱਗੀ।”

ਉਨ੍ਹਾਂ ਨੇ ਸੁਨੇਹਾ ਭੇਜਿਆ, “ਆਈ ਐਮ ਹਿੱਟ। ਇੰਜਣ ਫਲੇਮ ਆਊਟ’। ਸੰਕਿਟਾਂ ’ਚ ਹੀ ਧੂੰਆ ਅਤੇ ਗਰਮੀ ਇੰਨੀ ਵੱਧ ਗਈ ਕਿ ਉਨ੍ਹਾਂ ਨੂੰ ਨਾ ਤਾਂ ਜਹਾਜ਼ ਦਾ ਇੰਸਟਰੂਮੈਂਟ ਪੈਨਲ ਵਿਖਾਈ ਦੇ ਰਿਹਾ ਸੀ ਅਤੇ ਨਾ ਹੀ ਬਾਹਰ ਕੁਝ ਵਿਖਾਈ ਦੇ ਰਿਹਾ ਸੀ।"

"ਜਦੋਂ ਥੋੜ੍ਹਾ ਧੂੰਆ ਘਟਿਆ ਤਾਂ ਉਨ੍ਹਾਂ ਵੇਖਿਆ ਕਿ ਇੰਜਣ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ ਅਤੇ ਧੂੰਏ ਅਤੇ ਅੱਗ ਦੀਆਂ ਲਾਟਾਂ ਮੁੜ ਪਿੱਛੇ ਤੋਂ ਕਾਕਪਿਟ ’ਚ ਦਾਖ਼ਲ ਹੋਣ ਲੱਗ ਪਈਆਂ ਸਨ।

ਚਿਨੋਏ
OM BOOK.

ਪੈਰਾਸ਼ੂਟ ਦੀ ਮਦਦ ਨਾਲ ਗੰਨੇ ਦੇ ਖੇਤ ’ਚ ਮਾਰੀ ਛਾਲ

ਚਿਨੋਏ ਦੇ ਜਹਾਜ਼ ’ਚ 2*68 ਐੱਮਐੱਮ ਦੇ ਰਾਕੇਟ ਪੌਡ ਪਏ ਹੋਏ ਸਨ ਅਤੇ ਉਨ੍ਹਾਂ ਦਾ ਤੇਲ ਟੈਂਕ ¾ ਭਰਿਆ ਹੋਇਆ ਸੀ। ਅਜਿਹੇ ’ਚ ਜੇਕਰ ਉਨ੍ਹਾਂ ਦਾ ਜਹਾਜ਼ 2 ਹਜ਼ਾਰ ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਦਾ ਤਾਂ ਉਨ੍ਹਾਂ ਦੀ ਮੌਤ ਤੈਅ ਸੀ। ਬਿਨਾਂ ਇੱਕ ਸੰਕਿਟ ਗਵਾਏ ਚਿਨੋਏ ਨੇ ਇਜੈਕਸ਼ਨ ਦਾ ਬਟਨ ਦਬਾਇਆ।

ਚਿਨੋਏ ਲਿਖਦੇ ਹਨ, “ਜਦੋਂ ਮੈਂ ਹੇਠਾਂ ਆ ਰਿਹਾ ਸੀ ਤਾਂ ਮੈਨੂੰ ਰਾਈਫਲ ਦੀਆਂ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਨਾਲ ਦੀ ਨਾਲ ਐਂਟੀ-ਏਅਰਕ੍ਰਾਫਟ ਤੋਪਾਂ ਦੇ ਗੋਲੇ ਵੀ ਮੇਰੇ ਨੇੜਿਓਂ ਲੰਘ ਰਹੇ ਸਨ।"

"ਕਈ ਗੋਲੀਆਂ ਤਾਂ ਮੇਰੇ ਪੈਰਾਸ਼ੂਟ ਦੇ ਵਿੱਚੋਂ ਲੰਘ ਗਈਆਂ। ਉਸ ਸਮੇਂ ਮੈਨੂੰ ਪਤਾ ਲੱਗਿਆ ਕਿ ਉਹ ਲੋਕ ਮੈਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।”

ਇਹ ਜਨੇਵਾ ਸਮਝੌਤੇ ਦੀਆਂ ਸ਼ਰਤਾਂ ਦੀ ਸਰਾਸਰ ਉਲੰਘਣਾ ਸੀ ਕਿਉਂਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਪੈਰਾਸ਼ੂਟ ਹੀ ਪਾਇਲਟ ਦੇ ਬਚਾਅ ਦਾ ਆਖ਼ਰੀ ਸਾਧਨ ਹੁੰਦਾ ਹੈ।

ਉਹ ਲਿਖਦੇ ਹਨ, “ਖੁਸ਼ਕਿਸਮਤੀ ਨਾਲ ਮੈਂ ਗੰਨੇ ਦੇ ਖੇਤ ’ਚ ਜਾ ਕੇ ਡਿੱਗਿਆ। ਗੰਨੇ ਦੀ ਵਾਢੀ ਅਜੇ ਨਹੀਂ ਹੋਈ ਸੀ ਇਸ ਲਈ ਮੈਨੂੰ ਲੁਕਣ ਦਾ ਮੌਕਾ ਮਿਲ ਗਿਆ। ਜਿਵੇਂ ਹੀ ਮੈਂ ਹੇਠਾਂ ਡਿੱਗਿਆ ਮੈਨੂੰ ਪਾਕਿਸਤਾਨੀ ਸੈਨਿਕਾਂ ਦੀਆਂ ਚੀਕਾਂ, ਗਾਲ੍ਹਾਂ ਅਤੇ ਆਟੋਮੈਟਿਕ ਹਥਿਆਰ ਨਾਲ ਚਲਾਈਆਂ ਗਈਆਂ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਲੱਗੀ।”

ਦਾਰਾ ਫਿਰੋਜ਼ ਚਿਨੋਏ (ਦੂਰ ਸੱਜੇ)
OM BOOK.
ਦਾਰਾ ਫਿਰੋਜ਼ ਚਿਨੋਏ (ਦੂਰ ਸੱਜੇ)

ਟੋਆ ਪੁੱਟ ਕੇ ਨਕਸ਼ਾ ਲੁਕਾਇਆ

ਚਿਨੋਏ ਨੇ ਜਿਗਜ਼ੈਗ ਸਟਾਇਲ ’ਚ ਹਿਰਨ ਵਾਂਗਰ ਗੰਨੇ ਦੇ ਖੇਤ ’ਚ ਦੌੜਨਾ ਸ਼ੁਰੂ ਕੀਤਾ। ਡਰ ਦੇ ਕਾਰਨ ਉਨ੍ਹਾਂ ਦੇ ਪੈਰਾਂ ਦੀ ਰਫ਼ਤਾਰ ਹੋਰ ਤੇਜ਼ ਹੋ ਗਈ।

ਉਨ੍ਹਾਂ ਨੇ ਤੁਰੰਤ ਦਿਮਾਗ਼ ਲਗਾਇਆ ਕਿ ਪਾਕਿਸਤਾਨੀ ਸੈਨਿਕ ਉਮੀਦ ਕਰਨਗੇ ਕਿ ਉਹ ਭਾਰਤੀ ਸਰਹੱਦ ਵੱਲ ਪੂਰਬ ਵੱਲ ਭੱਜਣਗੇ, ਪਰ ਉਨ੍ਹਾ ਨੇ ਉਸ ਦੇ ਉਲਟ ਪਛਮ ਵੱਲ ਨੂੰ ਭੱਜਣਾ ਸ਼ੁਰੂ ਕੀਤਾ।

ਹੌਲੀ-ਹੌਲੀ ਗੱਡੀਆਂ ਅਤੇ ਉਨ੍ਹਾਂ ਦਾ ਪਿੱਛਾ ਕਰ ਰਹੇ ਪਾਕਿਸਤਾਨੀ ਸੈਨਿਕਾਂ ਦੀਆਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ।

ਚਿਨੋਏ ਅੱਗੇ ਲਿਖਦੇ ਹਨ, “ਮੈਂ ਫਿਰ ਵੀ ਖੇਤਾਂ ਵਿਚਾਲੇ ਦੌੜਦਾ ਰਿਹਾ ਅਤੇ ਵੱਡੇ ਖੇਤਾਂ ’ਚ ਗੰਨੇ ਦੀ ਫ਼ਸਲ ਦੀ ਆੜ ’ਚ ਖ਼ੁਦ ਨੂੰ ਲੁਕਾਉਂਦਾ ਰਿਹਾ। ਕੁਝ ਸਮੇਂ ਬਾਅਦ ਮੈਂ ਆਪਣੇ ਭੱਜਣ ਦੀ ਦਿਸ਼ਾ ਉੱਤਰ ਵੱਲ ਨੂੰ ਕਰ ਦਿੱਤੀ।"

"2 ਘੰਟਿਆਂ ਤੱਕ ਕਦੇ ਤੇਜ਼ ਰਫ਼ਤਾਰ ਅਤੇ ਕਦੇ ਤੁਰਨ ਤੋਂ ਬਾਅਦ ਮੈਂ ਇੱਕ ਗੰਨੇ ਦੇ ਖੇਤ ’ਚ ਕੁਝ ਦੇਰ ਲਈ ਆਰਾਮ ਕੀਤਾ ਅਤੇ ਥੋੜ੍ਹੀ ਦੇਰ ਲਈ ਜ਼ਮੀਨ ’ਤੇ ਹੀ ਲੇਟ ਗਿਆ। ਮੈਂ ਆਪਣੇ ਸਾਹਾਂ ਨੂੰ ਕੰਟਰੋਲ ਕਰਨ ਦਾ ਯਤਨ ਕਰਨ ਲੱਗਾ।”

ਚਿਨੋਏ ਯਾਦ ਕਰਦੇ ਹੋਏ ਦੱਸਦੇ ਹਨ, “ਮੇਰੀ ਪੂਰੀ ਕੋਸ਼ਿਸ਼ ਸੀ ਕਿ ਮੈਂ ਬਿਲਕੁਲ ਵੀ ਨਾ ਹਿੱਲਾਂ। ਮੈਨੂੰ ਪਤਾ ਸੀ ਕਿ ਜੇਕਰ ਮੈਂ ਪਾਕਿਸਤਾਨੀ ਸੈਨਿਕਾਂ ਦੇ ਹੱਥੇ ਚੜ੍ਹ ਗਿਆ ਤਾਂ ਉਹ ਮੇਰੇ ਨਾਲ ਬਹੁਤ ਬੁਰਾ ਸਲੂਕ ਕਰਨਗੇ।"

"ਮੈਂ ਦੁਆ ਕਰਨ ਲੱਗਾ ਕਿ ਜਲਦੀ ਨਾਲ ਹਨੇਰਾ ਹੋ ਜਾਵੇ। ਜਿਵੇਂ ਹੀ ਹਨੇਰਾ ਹੋਇਆ, ਮੈਂ ਇੱਕ ਟੋਆ ਪੁੱਟਿਆ ਅਤੇ ਉਸ ’ਚ ਆਪਣਾ ਨਕਸ਼ਾ, ਰਡਾਰ ਪ੍ਰਮਾਣਿਕਤਾ ਸ਼ੀਟ ਸਮੇਤ ਉਹ ਸਾਰੀਆਂ ਚੀਜ਼ਾਂ ਮਿੱਟੀ ’ਚ ਦੱਬ ਦਿੱਤੀਆਂ ਜੋ ਕਿ ਕਿਸੇ ਵੀ ਸੂਰਤ ’ਚ ਦੁਸ਼ਮਣ ਲਈ ਫਾਇਦੇਮੰਦ ਹੋ ਸਕਦੀਆਂ ਸਨ।"

"ਫਿਰ ਮੈਂ ਆਪਣੇ ਮੂੰਹ ’ਤੇ ਚਿੱਕੜ ਲਗਾਇਆ ਤਾਂ ਜੋ ਮੈਨੂੰ ਕੋਈ ਪਛਾਣ ਨਾ ਸਕੇ। ਮੇਰਾ ਜੀ ਸੂਟ ਪੂਰੀ ਤਰ੍ਹਾਂ ਨਾਲ ਮੇਰੇ ਪਸੀਨੇ ਨਾਲ ਭਿੱਜ ਗਿਆ ਸੀ ਅਤੇ ਚਿੱਕੜ ਲੱਗਣ ਕਰਕੇ ਹੁਣ ਉਹ ਕਾਲਾ ਵਿਖਾਈ ਦੇ ਰਿਹਾ ਸੀ।”

ਚਿਨੋਏ
DARA PHIROZE CHINOY.
ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਆਖ਼ਰਕਾਰ ਚਿਨੋਏ ਨੇ ਪੂਰਬ ਵੱਲ ਵਧਣਾ ਸ਼ੁਰੂ ਕੀਤਾ

ਥਕਾਣ ਦੇ ਬਾਵਜੂਦ ਪਾਰ ਕੀਤੀ ਨਹਿਰ

ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਆਖ਼ਰਕਾਰ ਚਿਨੋਏ ਨੇ ਪੂਰਬ ਵੱਲ ਵਧਣਾ ਸ਼ੁਰੂ ਕੀਤਾ। ਉਦੋਂ ਤੱਕ ਰਾਤ ਹੋ ਗਈ ਸੀ।

ਚਿਨੋਏ ਉੱਚੇ ਘਾਹ ਅਤੇ ਗੰਨੇ ਦੇ ਖੇਤਾਂ ’ਚੋਂ ਲੰਘਦੇ ਹੋਏ ਲਗਾਤਾਰ ਅੱਗੇ ਵਧਦੇ ਰਹੇ। ਉਹ ਜਾਣ-ਬੁੱਝ ਕੇ ਪਿੰਡਾਂ ਅਤੇ ਲੋਕਾਂ ਤੋਂ ਬਚ-ਬਚਾ ਕੇ ਨਿਕਲੇ ਕਿਉਂਕਿ ਜੇਕਰ ਉਨ੍ਹਾਂ ਨੂੰ ਕਿਸੇ ਇੱਕ ਵੀ ਵਿਅਕਤੀ ਜਾਂ ਕੁੱਤੇ ਨੇ ਵੇਖ ਲਿਆ ਹੁੰਦਾ ਤਾਂ ਉਹ ਤੁਰੰਤ ਰੌਲਾ ਪਾ ਦਿੰਦੇ।

ਚਿਨੋਏ ਨੂੰ ਅਹਿਸਾਸ ਹੋਇਆ ਕਿ ਉਹ ਸਵੇਰੇ ਸਿਰਫ਼ ਇੱਕ ਕੱਪ ਚਾਹ ਦਾ ਹੀ ਪੀ ਕੇ ਨਿਕਲੇ ਸਨ ਅਤੇ ਪਿਛਲੇ 20 ਘੰਟਿਆਂ ’ਚ ਉਨ੍ਹਾਂ ਨੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਪੀਤੀ ਸੀ।

ਉਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਅਤੇ ਥਕਾਵਟ ਦੇ ਕਾਰਨ ਉਨ੍ਹਾਂ ਦੀ ਤੁਰਨ ਦੀ ਰਫ਼ਤਾਰ ਵੀ ਮੱਠੀ ਪੈ ਗਈ ਸੀ। ਗਰਮੀ, ਘਬਰਾਹਟ ਅਤੇ ਲਗਾਤਾਰ ਦੌੜਦੇ ਰਹਿਣ ਕਰਕੇ ਉਹ ਬੁਰੀ ਤਰ੍ਹਾਂ ਨਾਲ ਡੀਹਾਈਡ੍ਰੇਟ ਹੋ ਗਏ ਸਨ।

ਉਹ ਇਸ ਗੱਲ ਤੋਂ ਜਾਣੂ ਸਨ ਕਿ ਜੇਕਰ ਉਹ ਥਕਾਵਟ ਦੇ ਕਾਰਨ ਬੇਹੋਸ਼ ਹੋ ਗਏ ਅਤੇ ਪਾਕਿਸਤਾਨੀ ਸੈਨਿਕਾਂ ਦੇ ਹੱਥ ਲੱਗ ਗਏ ਤਾਂ ਉਨ੍ਹਾਂ ਦੇ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਵੇਗਾ।

ਇਹ ਵੀ ਸੰਭਵ ਹੈ ਕਿ ਉਨ੍ਹਾਂ ਨੂੰ ਵੇਖਦਿਆਂ ਹੀ ਗੋਲੀ ਮਾਰ ਦਿੱਤੀ ਜਾਵੇ। ਉਨ੍ਹਾਂ ਨੇ ਪਹਿਲਾਂ ਲੱਕ ਤੱਕ ਡੂੰਘੇ ਪਾਣੀ ਵਾਲੀ ਨਹਿਰ ਪਾਰ ਕੀਤੀ ਅਤੇ ਫਿਰ ਤੇਜ਼ ਵਹਾਅ ਵਾਲੀ ਇੱਛੋਗਿਲ ਨਹਿਰ ਨੂੰ ਪਾਰ ਕੀਤਾ।

ਇੱਛੋਗਿਲ ਨਹਿਰ
BHARATRAKSHKDAL.COM
ਇੱਛੋਗਿਲ ਨਹਿਰ

ਭਾਰਤੀ ਸੈਨਿਕਾਂ ਨੇ ਕਿਹਾ ‘ਹੈਂਡਜ਼ ਅੱਪ’

ਚਿਨੋਏ ਲਿਖਦੇ ਹਨ, “ਜਿਵੇਂ ਹੀ ਮੈਂ ਅੰਮ੍ਰਿਤਸਰ-ਬਟਾਲਾ ਰੋਡ ’ਤੇ ਪਹੁੰਚਿਆ ਤਾਂ ਮੈਨੂੰ ਲੱਗਿਆ ਕਿ ਮੈਂ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਲਈ ਹੈ। ਉੱਥੇ ਮੈਨੂੰ ਇੱਕ ਪਿੰਡ ਦੇ ਬਾਹਰ ਇੱਕ ਖੂਹ ਵਿਖਾਈ ਦਿੱਤਾ।"

"ਮੈਂ ਦੌੜ ਕੇ ਉਸ ਖੂਹ ਕੋਲ ਪਹੁੰਚਿਆ। ਮੈਂ ਉਸ ’ਚੋਂ ਇੱਕ ਬਾਲਟੀ ਪਾਣੀ ਕੱਢਿਆ ਅਤੇ ਕਾਫ਼ੀ ਪਾਣੀ ਪੀਣ ਤੋਂ ਬਾਅਦ ਜੋ ਪਾਣੀ ਬੱਚ ਗਿਆ ਸੀ ਉਸ ਨੂੰ ਆਪਣੇ ਸਿਰ ’ਤੇ ਪਾ ਲਿਆ। ਪਿਆਸ ਬੁਝਣ ਤੋਂ ਬਾਅਦ ਮੇਰਾ ਆਤਮ ਵਿਸ਼ਵਾਸ ਵੀ ਵਾਪਸ ਆ ਗਿਆ ਸੀ ਅਤੇ ਮੈਂ ਅੰਮ੍ਰਿਤਸਰ-ਬਟਾਲਾ ਰੋਡ ਦੇ ਨਾਲ-ਨਾਲ ਦੱਖਣ ਵੱਲ ਨੂੰ ਤੁਰਨ ਲੱਗ ਪਿਆ ਸੀ।”

ਉਹ ਜਾਣ-ਬੁੱਝ ਕੇ ਮੁੱਖ ਸੜਕ ਤੋਂ ਪਰਾਂ ਚੱਲ ਰਹੇ ਸਨ। ਉਦੋਂ ਤੱਕ ਸਵੇਰ ਹੋ ਚੁੱਕੀ ਸੀ। ਫਿਰ ਉਨ੍ਹਾਂ ਨੂੰ ਤਾਮਿਲ ਭਾਸ਼ਾ ਬੋਲਣ ਦੀਆਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ।

ਚਿਨੋਏ ਲਿਖਦੇ ਹਨ, “ਮੈਨੂੰ ਪਤਾ ਸੀ ਕਿ ਕਿਵੇਂ ਸਾਡੇ ਹੀ ਜਵਾਨਾਂ ਨੇ ਫਲਾਇਟ ਲੈਫਟੀਨੈਂਟ ਵਿਜੇ ਮਾਇਆਦੇਵ ਅਤੇ ਬੋ ਫਾਟਕ ਨੂੰ ਸੰਗਨੀ ਮਾਰੀ ਸੀ, ਇਸ ਲਈ ਮੈਂ ਦਲੇਰੀ ਨਾਲ ਚੀਕਿਆ, “ਉੱਥੇ ਕੌਣ ਹੈ?”

"ਮੈਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਪੜ੍ਹੇ। ਮੈਨੂੰ ਚਿੱਕੜ ਨਾਲ ਭਿੱਜਿਆ ਗੰਦਾ ਜੀ-ਸੂਟ ਪਾਏ ਹੋਏ ਵੇਖ ਕੇ ਉਹ ਸਾਰੇ ਹੈਰਾਨ ਰਹਿ ਗਏ। ਉਨ੍ਹਾਂ ’ਚੋਂ ਇੱਕ ਨੇ ਤੁਰੰਤ ਮੇਰੇ ’ਤੇ ਰਾਈਫਲ ਤਾਣ ਲਈ ਅਤੇ ਹੱਥ ਉੱਪਰ ਕਰਨ ਲਈ ਕਿਹਾ। ਮੈਂ ਗੋਡਿਆਂ ਭਾਰ ਹੋ ਗਿਆ ਅਤੇ ਆਪਣੇ ਹੱਥ ਵੀ ਉੱਪਰ ਕਰ ਲਏ।”

ਭਾਰਤੀ ਜਵਾਨ
BHARATRAKASHAK.COM

ਚਿਨੋਏ ਦੇ ਸਿਰ ਨੇੜਿਓਂ ਨਿਕਲੀ ਗੋਲੀ

ਭਾਰਤੀ ਸੈਨਿਕਾਂ ਨੇ ਦਾਰਾ ਫ਼ਿਰੋਜ਼ ਚਿਨੋਏ ਤੋਂ ਸਵਾਲ-ਜਵਾਬ ਕਰਨੇ ਸ਼ੁਰੂ ਕੀਤੇ। ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਭਾਰਤੀ ਹਵਾਈ ਫੌਜ ਦੇ ਪਾਇਲਟ ਹਨ।

ਚਿਨੋਏ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਅਫ਼ਸਰ ਨੂੰ ਬੁਲਾਉਣ। ਜਲਦੀ ਹੀ ਇੱਕ ਸੂਬੇਦਾਰ ਮੇਜਰ ਜੀਪ ਚਲਾਉਂਦੇ ਹੋਏ ਉੱਥੇ ਪਹੁੰਚੇ। ਉਨ੍ਹਾਂ ਨੇ ਵੀ ਚਿਨੋਏ ਦੀਆਂ ਗੱਲਾਂ ’ਤੇ ਵਿਸ਼ਵਾਸ ਨਾ ਕੀਤਾ।

ਉਨ੍ਹਾਂ ਨੇ ਚਿਨੌਏ ਨੂੰ ਕਿਹਾ ਕਿ ਜੀਪ ਦੀ ਪਿਛਲੀ ਸੀਟ ’ਤੇ ਬੈਠ ਜਾਓ। ਚਿਨੌਏ ਲਿਖਦੇ ਹਨ, “ਜਿਵੇਂ ਹੀ ਮੈਂ ਜੀਪ ’ਚ ਬੈਠਣ ਲੱਗਾ ਤਾਂ ਮੈਨੂੰ ਕਵਰ ਕਰ ਰਿਹਾ ਇੱਕ ਭਾਰਤੀ ਸੈਨਿਕ ਵੀ ਜੀਪ ’ਤੇ ਚੜ੍ਹਿਆ।"

"ਗ਼ਲਤੀ ਨਾਲ ਉਸ ਦੀ ਉਂਗਲੀ ਉਸ ਦੀ ਰਾਈਫਲ ਦੇ ਟ੍ਰਿਗਰ ’ਤੇ ਲੱਗ ਗਈ। ਉਸ ਦੀ ਰਾਈਫਲ ’ਚੋਂ ਗੋਲੀ ਨਿਕਲੀ ਅਤੇ ਮੇਰੇ ਸਿਰ ਦੇ ਕਰੀਬ ਇੱਕ ਇੰਚ ਦੀ ਦੂਰੀ ਤੋਂ ਨਿਕਲ ਗਈ। ਜਿੰਨੀ ਤੇਜ਼ੀ ਨਾਲ ਗੋਲੀ ਦੀ ਆਵਾਜ਼ ਸੀ, ਉਸ ਤੋਂ ਕਿਤੇ ਜ਼ਿਆਦਾ ਤੇਜ਼ ਸੂਬੇਦਾਰ ਮੇਜਰ ਦੇ ਥੱਪੜ ਦੀ ਆਵਾਜ਼ ਸੀ ਜੋ ਕਿ ਉਨ੍ਹਾਂ ਨੇ ਉਸ ਸੈਨਿਕ ਦੇ ਸਿਰ ’ਤੇ ਦੇ ਮਾਰਿਆ ਸੀ।”

ਚਿਨੋਏ ਨੂੰ ਕੈਪਟਨ ਦੇ ਕੋਲ ਲਿਆਂਦਾ ਗਿਆ। ਉਨ੍ਹਾਂ ਨੇ ਚਿਨੋਏ ਤੋਂ ਪਛਾਣ ਪੱਤਰ ਮੰਗਿਆ ਤਾਂ ਚਿਨੋਏ ਨੇ ਜਵਾਬ ਦਿੱਤਾ ਕਿ ਜਦੋਂ ਉਹ ਕਿਸੇ ਮਿਸ਼ਨ ’ਤੇ ਜਾਂਦੇ ਹਨ ਤਾਂ ਆਪਣੇ ਨਾਲ ਕੋਈ ਪਛਾਣ ਪੱਤਰ ਨਹੀਂ ਲੈ ਕੇ ਜਾਂਦੇ ਹਨ।

ਦਾਰਾ ਫਿਰੋਜ਼ ਚਿਨੋਏ
OM BOOK.
ਦਾਰਾ ਫਿਰੋਜ਼ ਚਿਨੋਏ

ਚਿਨੋਏ ਨਾਲ ਸਵਾਲ-ਜਵਾਬ

ਕੈਪਟਨ ਨੇ ਫਲਾਈਟ ਲੈਫਟੀਨੈਂਟ ਦਾਰਾ ਫ਼ਿਰੋਜ਼ ਚਿਨੋਏ ਦੀ ਯੂਨਿਟ ਦੀ ਲੁਕੇਸ਼ਨ ਅਤੇ ਉਨ੍ਹਾਂ ਦੇ ਕਮਾਂਡਰ ਦੇ ਬਾਰੇ ’ਚ ਕੁਝ ਸਵਾਲ ਕੀਤੇ। ਚਿਨੋਏ ਨੇ ਉਨ੍ਹਾਂ ਨੂੰ ਦੱਸਿਆ ਕਿ ਗਰੁੱਪ ਕੈਪਟਨ ਜੌਕ ਲੋਇਡ ਉਨ੍ਹਾਂ ਦੇ ਸਟੇਸ਼ਨ ਕਮਾਂਡਰ ਹਨ।

ਚਿਨੋਏ ਲਿਖਦੇ ਹਨ, “ਫਿਰ ਕੈਪਟਨ ਨੇ ਪੁੱਛਿਆ, ਕੀ ਤੁਸੀਂ ਕਿਸੇ ਕਹਾਈ ਨੂੰ ਜਾਣਦੇ ਹੋ? ਮੈਂ ਜਵਾਬ ਦਿੱਤਾ, ਜੀ ਹਾਂ, ਉਹ ਮੇਰੀ ਯੂਨਿਟ ’ਚ ਫਲਾਈਟ ਲੈਫਟੀਨੈਂਟ ਹਨ। ਉਨ੍ਹਾਂ ਦਾ ਅਗਲਾ ਸਵਾਲ ਸੀ।“

"ਕੀ ਉਹ ਮੋਟੇ ਅਤੇ ਮੋਨੇ ਸਿੱਖ ਹਨ?” ਮੈਂ ਜਵਾਬ ਦਿੱਤਾ, ਨਹੀਂ, ਉਹ ਦੁਬਲੇ ਪਤਲੇ ਦਾੜ੍ਹੀ ਵਾਲੇ ਸਿੱਖ ਹਨ। ਇਹ ਸੁਣਦੇ ਹੀ ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਆ ਗਈ।

ਉਨ੍ਹਾਂ ਨੇ ਮੇਰੇ ਵੱਲ ਹੱਥ ਵਧਾਉਂਦੇ ਹੋਏ ਕਿਹਾ, ਹਾਏ, ਮੈਂ ਕੈਪਟਨ ਕਹਾਈ ਹਾਂ, ਫਲਾਈਟ ਲੈਫਟੀਨੈਂਟ ਕਹਾਈ ਦਾ ਚਚੇਰਾ ਭਰਾ। ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਨਾਸ਼ਤਾ ਕਰਵਾਇਆ ਅਤੇ ਕੌਫੀ ਵੀ ਪਿਲਾਈ।”

ਚਿਨੋਏ
OM BOOK.

ਚਿਨੋਏ ਨੂੰ ਵਿਸ਼ੇਸ਼ ਸੇਵਾ ਮੈਡਲ ਨਾਲ ਨਵਾਜਿਆ ਗਿਆ

ਨਹਾਉਣ ਅਤੇ ਤਰੋ-ਤਾਜ਼ਾ ਹੋਣ ਤੋਂ ਬਾਅਦ ਕੈਪਟਨ ਨੇ ਚਿਨੋਏ ਨੂੰ ਜੀਪ ’ਚ ਬਿਠਾ ਕੇ ਏਅਰਫੋਰਸ ਸੈਂਟਰ ਅੰਮ੍ਰਿਤਸਰ ਵੱਲ ਰਵਾਨਾ ਕੀਤਾ।

ਚਿਨੋਏ ਇੰਨੇ ਥੱਕੇ ਹੋਏ ਸਨ ਕਿ ਜੀਪ ਦੇ ਚੱਲਦੇ ਹੀ ਉਹ ਗੂੜ੍ਹੀ ਨੀਂਦ ਸੋ ਗਏ। ਉਨ੍ਹਾਂ ਦੀ ਅੱਖ ਉਸ ਸਮੇਂ ਖੁੱਲ੍ਹੀ ਜਦੋਂ ਜੀਪ ਏਅਰ ਫੋਰਸ ਸੈਂਟਰ ਦੇ ਗੇਟ ’ਚ ਦਾਖ਼ਲ ਹੋ ਰਹੀ ਸੀ।

ਉਸ ਸਮੇਂ ਅਚਾਨਕ ਪਾਕਿਸਤਾਨ ਦੇ ਚਾਰ ਸੈਬਰ ਲੜਾਕੂ ਜਹਾਜ਼ਾਂ ਨੇ ਏਅਰ ਫੋਰਸ ਸੈਂਟਰ ਦੀ ਰਡਾਰ ਯੂਨਿਟ ’ਤੇ ਹਮਲਾ ਬੋਲ ਦਿੱਤਾ।

ਇੰਨ੍ਹੀਆਂ ਮੁਸ਼ਕਲਾਂ ਤੋਂ ਬਚਣ ਤੋਂ ਬਾਅਦ ਹੁਣ ਚਿਨੋਏ ਦਾ ਕਿਸੇ ਬੰਬ ਹਮਲੇ ’ਚ ਮਰਨ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਨੇ ਭੱਜ ਕੇ ਇੱਕ ਬੰਕਰ ਹੇਠ ਪਨਾਹ ਲਈ।

ਗਰੁੱਪ ਕੈਪਟਨ ਦਾਰਾ ਫਿਰੋਜ਼ ਚਿਨੋਏ
OM BOOK.
ਗਰੁੱਪ ਕੈਪਟਨ ਦਾਰਾ ਫਿਰੋਜ਼ ਚਿਨੋਏ

ਅੰਮ੍ਰਿਤਸਰ ਦੇ ਸਟੇਸ਼ਨ ਕਮਾਂਡਰ ਨੇ ਉਨ੍ਹਾਂ ਨੂੰ ਆਪਣੀ ਜੀਪ ਰਾਹੀਂ ਆਦਮਪੁਰ ਏਅਰਫੋਰਸ ਬੇਸ ਤੱਕ ਪਹੁੰਚਾਇਆ।

ਜਦੋਂ ਚਿਨੋਏ ਅਫ਼ਸਰ ਮੈਸ ’ਚ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਸਾਥੀਆਂ ਦੇ ਚਿਹਰੇ ਵੇਖਣ ਹੀ ਵਾਲੇ ਸਨ।

ਅਗਲੇ ਹੀ ਦਿਨ ਉਨ੍ਹਾਂ ਦਾ ਮੈਡੀਕਲ ਟੈਸਟ ਹੋਇਆ ਅਤੇ ਉਨ੍ਹਾਂ ਨੂੰ ਮੁੜ ਉਡਾਣ ਭਰਨ ਲਈ ਯੋਗ ਕਰਾਰ ਦਿੱਤਾ ਗਿਆ।

23 ਸਤੰਬਰ ਨੂੰ ਭਾਰਤ-ਪਾਕਿਸਤਾਨ ਦਰਮਿਆਨ ਜੰਗਬੰਦੀ ਹੋ ਗਈ। ਉਸ ਸਮੇਂ ਚਿਨੋਏ ਦੇ ਭਾਰਤ ਪਰਤਣ ਦੀ ਖ਼ਬਰ ਨੂੰ ਛੁਪਾ ਕੇ ਰੱਖਿਆ ਗਿਆ ਸੀ।

ਯੁੱਧ ਖ਼ਤਮ ਹੋਣ ਤੋਂ ਤਿੰਨ ਮਹੀਨੇ ਬਾਅਦ 1 ਜਨਵਰੀ, 1966 ਨੂੰ ਤਤਕਾਲੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਨੇ ਫਲਾਇੰਗ ਅਫ਼ਸਰ ਦਾਰਾ ਫ਼ਿਰੋਜ਼ ਚਿਨੋਏ ਨੂੰ ਪਾਕਿਸਤਾਨ ’ਚੋਂ ਬੱਚ ਕੇ ਸੁਰੱਖਿਅਤ ਭਾਰਤ ਆਉਣ ਲਈ ਵਿਸ਼ੇਸ਼ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਸੀ।

ਚਿਨੋਏ ਬਾਅਦ ’ਚ ਭਾਰਤੀ ਹਵਾਈ ਸੈਨਾ ’ਚ ਗਰੁੱਪ ਕੈਪਟਨ ਵੱਜੋਂ ਸੇਵਾਮੁਕਤ ਹੋਏ। ਮੌਜੂਦਾ ਸਮੇਂ ਉਹ ਆਪਣੀ ਪਤਨੀ ਮਾਰਗਰੇਟ ਦੇ ਨਾਲ ਬੰਗਲੌਰ ਵਿਖੇ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News