ਪੰਜਾਬ: ਗੁਰਦੁਆਰੇ ਵਿੱਚ ਦੋ ਕੁੜੀਆਂ ਦੇ ਵਿਆਹ ’ਤੇ ਛਿੜਿਆ ਵਿਵਾਦ, ਅਕਾਲ ਤਖ਼ਤ ਨੇ ਕੀਤੀ ਇਹ ਕਾਰਵਾਈ

Sunday, Sep 24, 2023 - 07:32 AM (IST)

ਪੰਜਾਬ: ਗੁਰਦੁਆਰੇ ਵਿੱਚ ਦੋ ਕੁੜੀਆਂ ਦੇ ਵਿਆਹ ’ਤੇ ਛਿੜਿਆ ਵਿਵਾਦ, ਅਕਾਲ ਤਖ਼ਤ ਨੇ ਕੀਤੀ ਇਹ ਕਾਰਵਾਈ
ਡਿੰਪਲ ਤੇ ਮਨੀਸ਼ਾ
BBC
ਡਿੰਪਲ ਅਤੇ ਮਨੀਸ਼ਾ ਨੇ 18 ਸਤੰਬਰ ਨੂੰ ਘਰ ਦਿਆਂ ਨੂੰ ਮਨਾ ਕੇ ਵਿਆਹ ਕਰਵਾਇਆ

27 ਸਾਲਾ ਡਿੰਪਲ ਤੇ ਉਸ ਦੀ 21 ਸਾਲਾ ਪ੍ਰੇਮਿਕਾ ਮਨੀਸ਼ਾ ਨੇ ਸਮਾਜਿਕ ਰੁਕਾਵਟਾਂ ਨੂੰ ਤੋੜਦੇ ਹੋਏ ਵਿਆਹ ਕਰਵਾਇਆ ਹੈ। ਡਿੰਪਲ ਤੇ ਮਨੀਸ਼ਾ ਦੋਵਾਂ ਦੇ ਪਰਿਵਾਰਾਂ ਦੀ ਇਸ ਰਿਸ਼ਤੇ ਨੂੰ ਸਹਿਮਤੀ ਇਸ ਸਮਲਿੰਗੀ ਵਿਆਹ ਨੂੰ ਵਿਲੱਖਣ ਬਣਾਉਂਦੀ ਹੈ ਕਿਉਂਕਿ ਆਮ ਤੌਰ ’ਤੇ ਪਰਿਵਾਰ ਇਸ ਦਾ ਵਿਰੋਧ ਕਰਦੇ ਹਨ।

ਡਿੰਪਲ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਮਨੀਸ਼ਾ ਬਠਿੰਡਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।

ਡਿੰਪਲ ਅਤੇ ਮਨੀਸ਼ਾ ਨੇ 18 ਸਤੰਬਰ, 2023 ਨੂੰ ਬਠਿੰਡਾ ਸ਼ਹਿਰ ਦੇ ਇੱਕ ਗੁਰਦੁਆਰੇ ਵਿੱਚ ਸਿੱਖ ਧਰਮ ਦੀਆਂ ਰਹੁ-ਰੀਤਾਂ ਅਨੁਸਾਰ ਵਿਆਹ ਕਰਵਾਇਆ। ਡਿੰਪਲ ਨੇ ਵਿਆਹ ਵਿੱਚ ਇੱਕ ਮਰਦ ਦੀ ਭੂਮਿਕਾ ਨਿਭਾਈ।

ਇੱਕ ਹੋਰ ਸਮਾਜਿਕ ਰੁਕਾਵਟ ਨੂੰ ਤੋੜਦਿਆਂ, ਇਨ੍ਹਾਂ ਦੋਵਾਂ ਕੁੜੀਆਂ ਨੇ ਅੰਤਰ ਧਰਮ ਤੇ ਅੰਤਰ- ਜਾਤੀ ਵਿਆਹ ਕਰਵਾਇਆ ਹੈ।

ਡਿੰਪਲ ਮੁਤਾਬਕ ਉਹ ਇੱਕ ਉੱਚ-ਜਾਤੀ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਹੈ, ਜਦਕਿ ਮਨੀਸ਼ਾ ਇੱਕ ਦਲਿਤ ਹਿੰਦੂ ਭਾਈਚਾਰੇ ਦੇ ਪਰਿਵਾਰ ਤੋਂ ਆਉਂਦੀ ਹੈ।

ਡਿੰਪਲ ਇਸ ਗੱਲ ''''ਤੇ ਜ਼ੋਰ ਦਿੰਦੀ ਹੈ ਕਿ ਉਨ੍ਹਾਂ ਦੇ ਪਿਆਰ ਵਿਚਾਲੇ ਜਾਤ ਅਤੇ ਧਰਮ ਦਾ ਕੋਈ ਪ੍ਰਭਾਵ ਨਹੀਂ ਹੈ।

ਹਾਲਾਂਕਿ ਹੁਣ ਇਸ ਵਿਆਹ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋ ਕੁੜੀਆਂ ਦਾ ਵਿਆਹ ਕਰਵਾਉਣ ਵਾਲੇ ਗ੍ਰੰਥੀ, ਰਾਗੀ ਜਥੇ ਤੇ ਗੁਰਦੁਆਰਾ ਕਮੇਟੀ ਉੱਤੇ ਕੰਮਕਾਜ ਲਈ ਪੂਰਨ ਰੋਕ ਲਗਾ ਦਿਤੀ ਹੈ।

ਬੀਬੀਸੀ ਪੰਜਾਬੀ ਨੇ ਡਿੰਪਲ ਤੇ ਮਨੀਸ਼ਾ ਨਾਲ ਮਾਨਸਾ ਵਿੱਚ ਗੱਲਬਾਤ ਕੀਤੀ।

ਕਿਵੇਂ ਮਨਾਏ ਪਰਿਵਾਰ

ਡਿੰਪਲ ਤੇ ਮਨੀਸ਼ਾ
BBC
ਡਿੰਪਲ ਮੁਤਾਬਕ ਉਹ ਇੱਕ ਉੱਚ-ਜਾਤੀ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਹੈ, ਜਦਕਿ ਮਨੀਸ਼ਾ ਇੱਕ ਦਲਿਤ ਹਿੰਦੂ ਭਾਈਚਾਰੇ ਦੇ ਪਰਿਵਾਰ ਤੋਂ ਆਉਂਦੀ ਹੈ।

ਡਿੰਪਲ, ਜਿਸ ਨੇ ਟੌਮਬੁਆਏ ਹੇਅਰ ਕੱਟ ਦੇ ਨਾਲ ਕਮੀਜ਼ ਅਤੇ ਪੈਂਟ ਪਹਿਨੀ ਹੋਈ ਸੀ, ਉਸ ਪਲ ਨੂੰ ਯਾਦ ਕਰਦੀ ਹੈ ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਕਿਹਾ ਸੀ ਕਿ ਉਸ ਨੂੰ ਮੁੰਡਿਆਂ ਵਿੱਚ ਕੋਈ ਦਿਲਚਸਪੀ ਨਹੀਂ, ਸਿਰਫ ਕੁੜੀਆਂ ਵਿੱਚ ਹੈ।

ਉਸ ਦੇ ਮਾਤਾ-ਪਿਤਾ ਨੇ ਉਸ ਦੀ ਖੁਸ਼ੀ ਵਿਚ ਖੁਸ਼ੀ ਜ਼ਾਹਰ ਕਰਦੇ ਹੋਏ ਉਸ ਦਾ ਸਮਰਥਨ ਕੀਤਾ।

ਉਧਰ ਮਨੀਸ਼ਾ ਕਹਿੰਦੀ ਹੈ, "ਮੈਂ ਡਿੰਪਲ ਨਾਲ ਵਿਆਹ ਕਰਨ ਦੀ ਆਪਣੀ ਇੱਛਾ ਮਾਂ ਨਾਲ ਸਾਂਝੀ ਕੀਤੀ ਸੀ, ਪਰ ਉਨ੍ਹਾਂ ਨੇ ਸ਼ੁਰੂ ਵਿੱਚ ਇਨਕਾਰ ਕਰ ਦਿੱਤਾ। ਅੰਤ ਵਿੱਚ, ਮੈਂ ਉਨ੍ਹਾਂ ਨੂੰ ਮਨਾ ਲਿਆ। ਬਾਅਦ ਵਿੱਚ, ਮੇਰੀ ਮਾਂ ਨੇ ਮੇਰੇ ਪਿਤਾ ਨਾਲ ਇਸ ਬਾਰੇ ਚਰਚਾ ਕੀਤੀ, ਜਿਨ੍ਹਾਂ ਨੇ ਆਖਰਕਾਰ ਵਿਆਹ ਲਈ ਹਾਂ ਕਰ ਦਿੱਤੀ।"

ਭਾਰਤ ਨੇ 2018 ਵਿੱਚ ਸਮਲਿੰਗੀ ਸੈਕਸ ਨੂੰ ਗੈਰ-ਅਪਰਾਧਿਤ ਕਰ ਦਿੱਤਾ ਸੀ ਪਰ ਸਮਲਿੰਗੀ ਵਿਆਹਾਂ ਨੂੰ ਅਜੇ ਵੀ ਅਧਿਕਾਰਤ ਮਾਨਤਾ ਨਹੀਂ ਹੈ।

ਸੁਪਰੀਮ ਕੋਰਟ ਨੇ ਇਸ ਸਾਲ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਕਰਨ ਦੀ ਵਕਾਲਤ ਕਰਨ ਵਾਲੀਆਂ 21 ਪਟੀਸ਼ਨਾਂ ''''ਤੇ ਵਿਚਾਰ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਆਵੇਗਾ।

2012 ਵਿੱਚ ਭਾਰਤ ਸਰਕਾਰ ਨੇ ਸਮਲਿੰਗੀਆਂ ਦੀ ਆਬਾਦੀ 25 ਲੱਖ ਦੱਸੀ ਸੀ।

ਲਾਈਨ
BBC
ਲਾਈਨ
BBC

ਡਿੰਪਲ ਤੇ ਮਨੀਸ਼ਾ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ

ਵਿਆਹ
BBC

ਡਿੰਪਲ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ।

ਉਹ ਦੱਸਦੀ ਹੈ ਕਿ ਉਸ ਦਾ ਝੁਕਾਅ ਮੁੰਡਿਆਂ ਦੀ ਬਜਾਏ ਬਚਪਨ ਤੋਂ ਹੀ ਕੁੜੀਆਂ ਵੱਲ ਸੀ।

ਉਸਦੇ ਮਾਤਾ-ਪਿਤਾ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਮਨ ਵਿੱਚ ਕਦੇ ਵੀ ਮੁੰਡਿਆਂ ਪ੍ਰਤੀ ਖਿੱਚ ਪੈਦਾ ਨਹੀਂ ਹੋਈ।

ਡਿੰਪਲ ਜ਼ੀਰਕਪੁਰ ਵਿੱਚ ਕੱਪੜੇ ਦਾ ਕਾਰੋਬਾਰ ਕਰਦੀ ਹੈ।

ਉਹ ਦੱਸਦੀ ਹੈ, "ਮੈਨੂੰ 2017 ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 12 ਕਿਲੋਮੀਟਰ ਦੀ ਦੂਰੀ ''''ਤੇ ਸਥਿਤ ਜ਼ੀਰਕਪੁਰ ਸ਼ਹਿਰ ਵਿੱਚ ਨੌਕਰੀ ਮਿਲੀ। ਉੱਥੇ ਮੈਨੂੰ ਮੇਰੇ ਬਰਾਬਰ ਵਾਲੀ ਸੋਚ ਦੇ ਦੋਸਤ ਮਿਲੇ, ਜੋ ਮੇਰੀ ਸਥਿਤੀ ਨੂੰ ਸਮਝਦੇ ਸਨ। ਮੈਂ ਯੂ-ਟਿਊਬ ਤੋਂ ਜਾਗਰੂਕਤਾ ਵਾਲੀਆਂ ਵੀਡੀਓ ਵੀ ਦੇਖ ਕੇ ਜਾਣਕਾਰੀ ਪ੍ਰਾਪਤ ਕੀਤੀ।"

ਡਿੰਪਲ ਆਪਣੇ ਮਾਪਿਆਂ ਦੀ ਇਕਲੌਤੀ ਔਲਾਤ ਹੈ। ਡਿੰਪਲ ਨੇ ਇੱਕ ਵਾਰ ਲਿੰਗ ਬਦਲਣ ਬਾਰੇ ਸੋਚਿਆ ਅਤੇ ਡਾਕਟਰ ਦੀ ਸਲਾਹ ਲਈ। ਹਾਲਾਂਕਿ, ਉਸ ਦੇ ਮਾਪੇ ਇਸ ਫੈਸਲੇ ਦੇ ਵਿਰੁੱਧ ਸਨ, ਕਿਉਂਕਿ ਭਾਰਤ ਵਿੱਚ ਇਸ ਪ੍ਰਕਿਰਿਆ ਦੇ ਨਤੀਜਿਆਂ ਬਾਰੇ ਉਹ ਚਿੰਤਤ ਸਨ।

ਡਿੰਪਲ ਯਾਦ ਕਰਦੀ ਹੈ ਕਿ, "ਮੈਂ ਇੱਕ ਕੁੜੀ ਨਾਲ ਪੰਜ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ। 2023 ਵਿੱਚ ਅਸੀਂ ਅਲੱਗ ਹੋ ਗਏ ਕਿਉਂਕਿ ਕਾਫੀ ਮੁਦਿਆਂ ’ਤੇ ਸਾਡੇ ਵਿੱਚ ਖਟਾਸ ਪੈਦਾ ਹੋ ਗਈ ਸੀ। ਮੈਂ ਤਿੰਨ ਤੋਂ ਚਾਰ ਮਹੀਨਿਆਂ ਲਈ ਕਿਸੇ ਹੋਰ ਕੁੜੀ ਨਾਲ ਰਿਸ਼ਤਾ ਜੋੜਿਆ, ਪਰ ਉਹ ਵੀ ਸਫਲ ਨਹੀਂ ਹੋਇਆ।"

ਉਸ ਨੇ ਖੁਲਾਸਾ ਕੀਤਾ ਕਿ ਮਨੀਸ਼ਾ ਉਸ ਦੇ ਨਾਲ ਕੰਮ ਕਰਦੀ ਸੀ ਅਤੇ ਅਕਸਰ ਉਸ ਦੀ ਦੂਜੀ ਪ੍ਰੇਮਿਕਾ ਨੂੰ ਮਿਲਦੀ ਸੀ। ਜਦੋਂ ਵੀ ਉਸ ਦਾ ਆਪਣੀ ਪ੍ਰੇਮਿਕਾ ਨਾਲ ਮਤਭੇਦ ਹੁੰਦਾ ਸੀ, ਮਨੀਸ਼ਾ ਹਮੇਸ਼ਾ ਦਖਲ ਦੇ ਕੇ ਮਸਲਾ ਸੁਲਝਾ ਦਿੰਦੀ ਸੀ।

ਡਿੰਪਲ ਕਹਿੰਦੀ ਹੈ, "ਉਦੋਂ ਮੈਨੂੰ ਅਹਿਸਾਸ ਹੋਇਆ ਕਿ ਮਨੀਸ਼ਾ ਮੇਰੇ ਲਈ ਇੱਕ ਬਿਹਤਰ ਸਾਥੀ ਹੋ ਸਕਦੀ ਹੈ। ਉਸ ਨੇ ਵੀ ਮੇਰੇ ਸਾਥ ਦਾ ਆਨੰਦ ਮਾਣਿਆ ਅਤੇ ਅਸੀਂ ਲੰਬੀਆਂ ਗੱਲਬਾਤਾਂ ਕੀਤੀਆਂ ਤਾਂ ਕਰਕੇ ਅਸੀਂ ਨੇੜੇ ਹੋ ਗਏ। ਮਨੀਸ਼ਾ ਅਤੇ ਮੈਂ ਇੱਕ ਮਹੀਨਾ ਪਹਿਲਾਂ ਅਧਿਕਾਰਤ ਤੌਰ ''''ਤੇ ਪ੍ਰੇਮੀ ਬਣ ਗਏ।"

ਡਿੰਪਲ ਤੇ ਮਨੀਸ਼ਾ
BBC

ਮਨੀਸ਼ਾ ਨੇ ਬੀਏ ਦੇ ਦੂਸਰੇ ਸਾਲ ਤੱਕ ਪੜ੍ਹਾਈ ਕੀਤੀ ਹੈ।

ਮਨੀਸ਼ਾ ਦੱਸਦੀ ਹੈ ਕਿ ਡਿੰਪਲ ਨੇ ਆਪਣੇ ਰਿਸ਼ਤੇ ਦੀ ਸ਼ੁਰੂਆਤ ਤੋਂ ਤਿੰਨ ਜਾਂ ਚਾਰ ਦਿਨਾਂ ਬਾਅਦ ਹੀ ਫੋਨ ''''ਤੇ ਵਿਆਹ ਦਾ ਮਤਾ ਰੱਖਿਆ ਅਤੇ ਉਸ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ।

ਮਨੀਸ਼ਾ ਅੱਗੇ ਕਹਿੰਦੀ ਹੈ, "ਇੱਕ ਕੁੜੀ ਨੂੰ ਇੱਕ ਜੀਵਨ ਸਾਥੀ ਦੀ ਲੋੜ ਹੁੰਦੀ ਹੈ ਜੋ ਉਸ ਨੂੰ ਸਮਝਦਾ ਹੋਵੇ, ਉਸ ਦਾ ਸਤਿਕਾਰ ਕਰਦਾ ਹੋਵੇ, ਉਸ ਨੂੰ ਪਿਆਰ ਕਰਦਾ ਹੋਵੇ ਅਤੇ ਉਸ ਨੂੰ ਇੱਕ ਬੱਚੇ ਵਾਂਗ ਰੱਖੇ।"

ਵਿਆਹ ਦੀ ਗੱਲ ਕਿਵੇਂ ਸ਼ੁਰੂ ਹੋਈ ?

ਲਾੜੇ ਦੀ ਭੂਮਿਕਾ ਨਿਭਾਉਣ ਵਾਲੀ ਡਿੰਪਲ ਰਵਾਇਤੀ ਮੁੰਡਾ-ਕੁੜੀ ਦੇ ਵਿਆਹ ਦੇ ਰੀਤੀ-ਰਿਵਾਜਾਂ ਅਨੁਸਾਰ ਮਨੀਸ਼ਾ ਨਾਲ ਵਿਆਹ ਕਰਨ ਲਈ ਆਪਣੀ ਬਰਾਤ ਬਠਿੰਡਾ ਲੈ ਕੇ ਆਈ ਸੀ।

ਡਿੰਪਲ ਅਤੇ ਮਨੀਸ਼ਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਸਮਾਰੋਹ ''''ਚ ਕਰੀਬ 70 ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ ਸਨ।

ਵਿਆਹ ਤੋਂ ਪਹਿਲਾਂ ਡਿੰਪਲ ਨੇ ਆਪਣੇ ਮਾਤਾ-ਪਿਤਾ ਨੂੰ ਮਨੀਸ਼ਾ ਬਾਰੇ ਜਾਣਕਾਰੀ ਦਿੱਤੀ ਅਤੇ ਇਸੇ ਤਰ੍ਹਾਂ ਮਨੀਸ਼ਾ ਨੇ ਵੀ ਆਪਣੇ ਮਾਤਾ-ਪਿਤਾ ਨੂੰ ਡਿੰਪਲ ਬਾਰੇ ਦੱਸਿਆ।

ਮਨੀਸ਼ਾ ਦੱਸਦੀ ਹੈ, "ਲਾੜਾ ਅਤੇ ਲਾੜੇ ਦੇ ਮਾਤਾ-ਪਿਤਾ ਬਾਅਦ ਵਿੱਚ ਮਾਨਸਾ ਅਤੇ ਬਠਿੰਡਾ ਸ਼ਹਿਰ ਵਿੱਚ ਇੱਕ ਦੂਜੇ ਦੇ ਘਰ ਗਏ ਅਤੇ ਵਿਆਹ ਦੀ ਤਰੀਕ ਨੂੰ ਅੰਤਿਮ ਰੂਪ ਦਿੱਤਾ। ਇਹ ਤਾਰੀਕ 18 ਸਤੰਬਰ ਸੀ।"

ਡਿੰਪਲ ਤੇ ਮਨੀਸ਼ਾ
BBC

ਡਿੰਪਲ ਦੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਕੁਲਦੀਪ ਕੌਰ ਆਪਣੀ ਧੀ ਦੇ ਫੈਸਲੇ ''''ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ।

ਉਹ ਕਹਿੰਦੇ ਹਨ ਕਿ ਅਸੀਂ ਆਪਣੀ ਬੇਟੀ ਨੂੰ ਕਦੇ ਵੀ ਉਸ ਦੀ ਇੱਛਾ ਦੇ ਵਿਰੁੱਧ ਮੁੰਡੇ ਨਾਲ ਵਿਆਹ ਕਰਨ ਲਈ ਮਜਬੂਰ ਨਹੀਂ ਕੀਤਾ, ਉਹ ਮੰਨਦੇ ਹਨ ਕਿ ਅਜਿਹਾ ਮੇਲ ਸਫਲ ਹੋਵੇਗਾ।

ਡਿੰਪਲ ਦੇ ਇੱਕ ਸਿੱਖ ਪਰਿਵਾਰ ਤੋਂ ਤਾਲੁਕ ਹੋਣ ਕਰਕੇ ਸਿੱਖੀ ਰਹੁ-ਰੀਤਾਂ ਅਨੁਸਾਰ ਆਪਣਾ ਵਿਆਹ ਕਰਾਉਣ ਦੀ ਇੱਛਾ ਸੀ। ਉਨ੍ਹਾਂ ਨੇ ਆਪਣੀ ਪਛਾਣ ਨਾ ਛੁਪਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੋਲ ਪਹੁੰਚ ਕੀਤੀ।

ਵਿਆਹ ਦੇ ਮੌਕੇ ਡਿੰਪਲ ਨੇ ਸਿੱਖ ਲਾੜੇ ਦੀ ਤਰ੍ਹਾਂ ਪਹਿਰਾਵਾ ਪਹਿਨ ਕੇ ਪੱਗ ਅਤੇ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ।

ਡਿੰਪਲ ਇਸ ਗੱਲ ''''ਤੇ ਜ਼ੋਰ ਦਿੰਦੀ ਹੈ ਕਿ ਬਹੁਤ ਸਾਰੇ ਲੋਕ ਸਵਾਲ ਕਰਦੇ ਹਨ ਕਿ ਦੋ ਕੁੜੀਆਂ ਆਪਸ ਵਿੱਚ ਕੀ ਕਰਨਗੀਆਂ?

ਡਿੰਪਲ ਕਹਿੰਦੇ ਹਨ, "ਜ਼ਿੰਦਗੀ ਵਿੱਚ ਸੈਕਸ ਸਭ ਕੁਝ ਨਹੀਂ ਹੈ, ਪਿਆਰ ਅਹਿਮ ਹੈ। ਅਸੀਂ ਬੱਚਾ ਪੈਦਾ ਕਰਨ ਜਾਂ ਗੋਦ ਲੈਣ ਲਈ ਡਾਕਟਰੀ ਵਿਕਲਪਾਂ ਦੀ ਪੜਚੋਲ ਕਰਾਂਗੇ।"

ਵਿਆਹ ਤੋਂ ਬਾਅਦ ਖੜ੍ਹਾ ਹੋਇਆ ਵਿਵਾਦ

ਡਿੰਪਲ
BBC
ਡਿੰਪਲ ਨੇ ਵਿਆਹ ਵਿੱਚ ਲਾੜੇ ਦੀ ਭੂਮਿਕਾ ਕੀਤੀ

ਜਦੋਂ ਇਹ ਵਿਆਹ ਜਨਤਕ ਹੋਇਆ ਤਾਂ ਕੁਝ ਧਾਰਮਿਕ ਆਗੂਆਂ ਨੇ ਡਿੰਪਲ ਤੇ ਮਨੀਸ਼ਾ ਦੇ ਵਿਆਹ ''''ਤੇ ਇਤਰਾਜ਼ ਕੀਤਾ ਅਤੇ ਗੁਰਦੁਆਰੇ ਦੇ ਗ੍ਰੰਥੀ ਹਰਦੇਵ ਸਿੰਘ ਨੂੰ ਸਮਲਿੰਗੀ ਵਿਆਹ ਕਰਵਾਉਣ ਲਈ ਮੁਆਫੀ ਮੰਗਣ ਲਈ ਮਜਬੂਰ ਕੀਤਾ।

ਬਾਅਦ ਵਿੱਚ ਗ੍ਰੰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਗ੍ਰੰਥੀ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਇਹ ਪਛਾਨਣ ਵਿੱਚ ਅਸਫਲ ਰਹੇ ਕਿ ਦੋਵੇਂ ਕੁੜੀਆਂ ਹਨ ਕਿਉਂਕਿ ਇੱਕ ਕੁੜੀ ਨੇ ਪੱਗ ਬੰਨ੍ਹੀ ਹੋਈ ਸੀ।

ਡਿੰਪਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਿਆਹ ਨਾਲ ਬੇਅਦਬੀ ਨਹੀਂ ਹੋਈ।

ਉਹ ਸਵਾਲ ਚੁੱਕਦੀ ਹੈ ਕਿ ਲੋਕ ਤਾਂ ਵਿਦੇਸ਼ ਜਾਣ ਦੇ ਬਹਾਨੇ ਗੁਰਦੁਆਰਿਆਂ ਵਿੱਚ ਝੂਠੇ ਵਿਆਹ ਕਰਵਾਉਂਦੇ ਹਨ, ਜਿਸ ਨੂੰ ਉਹ ਧਰਮ ਦੀ ਸੱਚੀ ਬੇਅਦਬੀ ਮੰਨਦੀ ਹੈ ਤਾਂ ਕੋਈ ਵਿਰੋਧ ਕਿਉਂ ਨਹੀਂ ਹੁੰਦਾ।

ਡਿੰਪਲੀ ਕਹਿੰਦੀ ਹੈ, ‘‘ਅਸੀਂ ਸਭ ਕੁਝ ਗੁਰਦੁਆਰਾ ਸਾਹਿਬ ਵਿਖੇ ਦੱਸਿਆ ਸੀ ਤੇ ਆਪਣੇ ਪਹਿਚਾਣ ਪੱਤਰ ਵੀ ਦਿੱਤੇ ਸਨ।’’

ਸਮਲਿੰਗੀ
Getty Images

ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਨਾ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।

ਉਹ ਕਹਿੰਦੇ ਹਨ, ‘‘ਭਾਰਤ ਦੀ ਸੁਪਰੀਮ ਕੋਰਟ ਅਨੁਸਾਰ, ਸਮਲਿੰਗੀ ਵਿਆਹ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ।’’

ਦੂਜੇ ਪਾਸੇ ਸਿੱਖ ਧਰਮ ਦੀ ਸਿਖਰਲੀ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਨਿਯਮਾਂ ਦੀ ਸੰਭਾਵਿਤ ਉਲੰਘਣਾ ਦੀ ਜਾਂਚ ਕਰ ਰਹੀ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਤਨੂੰ ਬੇਦੀ ਦਾ ਕਹਿਣਾ ਹੈ ਕਿ ਸਮਲਿੰਗੀ ਵਿਆਹ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੁੱਦਾ ਇਹ ਹੈ ਕਿ ਇਸ ਸਮੇਂ ਸਾਡੇ ਕੋਲ ਹਿੰਦੂ ਮੈਰਿਜ ਐਕਟ ਅਤੇ ਸਪੈਸ਼ਲ ਮੈਰਿਜ ਐਕਟ ਹੈ। ਇੱਕ ਵੈਧ ਵਿਆਹ ਲਈ ਸ਼ਰਤ ਹੈ ਕਿ ਇੱਕ ਵਿਅਕਤੀ ਮਰਦ ਹੋਣਾ ਚਾਹੀਦਾ ਹੈ ਜਦਕਿ ਦੂਜਾ ਔਰਤ ਹੋਣੀ ਚਾਹੀਦੀ ਹੈ। ਇਸ ਲਈ ਕੋਈ ਕਾਨੂੰਨ ਸਮਲਿੰਗੀ ਵਿਆਹ ਨੂੰ ਮਾਨਤਾ ਨਹੀਂ ਦਿੰਦਾ ਹੈ।

ਸਮਲਿੰਗੀ ਵਿਆਹ
Getty Images

ਉਨ੍ਹਾਂ ਅੱਗੇ ਕਿਹਾ, ‘‘ਉਨ੍ਹਾਂ ਦੇ ਇਕੱਠੇ ਰਹਿਣ ਜਾਂ ਸਮਲਿੰਗੀ ਵਿਆਹ ਨੂੰ ਕਾਨੂੰਨ ਦੇ ਤਹਿਤ ਮਾਨਤਾ ਪ੍ਰਾਪਤ ਨਹੀਂ ਹੈ ਇਸ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਗਰਿਕ ਅਧਿਕਾਰ ਜਿਵੇਂ ਕਿ ਪਤੀ ਅਤੇ ਪਤਨੀ ਨੂੰ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀਆਂ ਜਾਂ ਜਾਇਦਾਦ ਦੇ ਅਧਿਕਾਰ ਨਹੀਂ ਮਿਲਦੇ। ਪਰ ਇਸ ਤਰ੍ਹਾਂ ਬਾਲਗਾਂ ਲਈ ਸਮਲਿੰਗੀ ਵਿਆਹ ਕਰਵਾਉਣਾ ਕੋਈ ਅਪਰਾਧ ਨਹੀਂ ਹੈ।’’

ਉਨ੍ਹਾਂ ਮੁਤਾਬਕ ਸਮਿਲਿੰਗੀ ਵਿਆਹ ਕਰਵਾ ਕੇ ਉਹ ਕੋਈ ਅਪਰਾਧ ਨਹੀਂ ਕਰ ਰਹੇ ਹਨ।

ਤਨੂੰ ਬੇਦੀ ਕਹਿੰਦੇ ਹਨ, ‘‘ਕਿਉਂਕਿ ਦਸਤਾਵੇਜ਼ਾਂ ਵਿੱਚ ਵਿਆਹ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਰਿਸ਼ਤੇ ਵਿੱਚ ਹੋਏ ਕਿਸੇ ਅਪਰਾਧਿਕ ਅਪਰਾਧ ਦਾ ਸਾਹਮਣਾ ਕਰਨ ’ਤੇ ਕੁਝ ਨਹੀਂ ਕਰ ਸਕਦੇ ਜੋ ਇੱਕ ਕਾਨੂੰਨੀ ਪਤੀ ਪਤਨੀ ਕਰ ਸਕਦੇ ਹਨ।’’

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਲਿਵਿੰਗ ਰਿਲੇਸ਼ਨਸ਼ਿਪ ਨੂੰ ਮਾਨਤਾ ਦਿੱਤੀ ਹੈ ਅਤੇ ਕੁਝ ਅਧਿਕਾਰ ਵੀ ਦਿੱਤੇ ਹਨ ਜਿਵੇਂ ਕਿ ਰੱਖ-ਰਖਾਅ ਦੇ ਖਰਚੇ ਅਤੇ ਹੋਰ।

ਸਮਲਿੰਗੀ ਵਿਆਹ ਵਾਲੇ ਜੋੜੇ ਨੂੰ ਵੀ ਅਜਿਹੇ ਅਧਿਕਾਰ ਮਿਲ ਸਕਦੇ ਹਨ, ਜੇ ਉਹ ਕਾਨੂੰਨੀ ਚਾਰਾਜ਼ੋਈ ਕਰਦੇ ਹਨ।

ਅਕਾਲ ਤਖ਼ਤ ਦਾ ਐਕਸ਼ਨ

ਰਘੁਬੀਰ ਸਿੰਘ
BBC
ਅਕਾਲ ਤਖ਼ਤ ਦੇ ਜਥੇਦਾਰ ਰਘੁਬੀਰ ਸਿੰਘ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘੁਬੀਰ ਸਿੰਘ ਨੇ ਇਸ ਮਾਮਲੇ ਵਿੱਚ ਆਪਣਾ ਹੁਕਮ ਸੁਣਾ ਦਿੱਤਾ ਹੈ।

ਬਠਿੰਡਾ ਦੇ ਕਨਾਲ ਕਲੋਨੀ ਵਿਚਲੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਡਿੰਪਲ ਤੇ ਮਨੀਸ਼ਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਨੰਦ ਕਾਰਜ ਕਰਵਾਉਣ ਦੀ ਘਟਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਨੈਤਿਕ ਅਤੇ ਧਾਰਮਿਕ ਤੌਰ ‘ਤੇ ਘੋਰ ਉਲੰਘਣਾ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ, ‘‘ਇਸ ਅਨੰਦ ਕਾਰਜ ਵਿਚ ਸ਼ਾਮਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਸਾਰੇ ਕੰਮਕਾਜਾਂ ‘ਤੇ ਤੁਰੰਤ ਰੋਕ ਦਾ ਆਦੇਸ਼ ਹੈ।’’

ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਦੋ ਕੁੜੀਆਂ ਦਾ ਵਿਆਹ ਸਿੱਖ ਰਹਿਤ ਮਰਿਆਦਾ ਦੇ ਉਲਟ ਤਾਂ ਹੈ ਹੀ ਬਲਕਿ ਗੈਰ-ਕੁਦਰਤੀ ਵੀ ਹੈ।

ਉਨ੍ਹਾਂ ਨੇ ਸੰਸਾਰ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਨੂੰ ਇਸ ਉਲਟ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ ਸੁਚੇਤ ਰਹਿਣ ਦਾ ਆਦੇਸ਼ ਵੀ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿਚ ਸਿੱਖਾਂ ਨੂੰ ਆਪਣੇ ਸਾਰੇ ਕਾਰਜ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹੀ ਕਰਨੇ ਚਾਹੀਦੇ ਹਨ।

ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਅਕਾਲ ਤਖ਼ਤ ਦੇ ਹਰ ਫੈਸਲੇ ਨੂੰ ਪ੍ਰਵਾਨ ਕਰਨਗੇ।

ਅਕਲ ਤਖ਼ਤ ਦੇ ਜਥੇਦਾਰ ਵੱਲੋਂ ਬਠਿੰਡਾ ਵਿਚ 18 ਸਤੰਬਰ 2023 ਨੂੰ ਦੋ ਕੁੜੀਆਂ ਦੇ ਅਨੰਦ ਕਾਰਜ ਕਰਵਾਉਣ ਦੇ ਮਾਮਲੇ ਬਾਰੇ ਇੱਕ ਧਾਰਮਿਕ ਸਬ-ਕਮੇਟੀ ਬਣਾ ਕੇ ਜਲਦ ਤੋਂ ਜਲਦ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਵੀ ਕਿਹਾ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿੱਚ ਵਿਆਹ ਕਰਵਾਉਣ ਵਾਲੇ ਗ੍ਰੰਥੀ ਅਤੇ ਹੋਰਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸਜੀਪੀਸੀ ਦੇ ਮੈਨੇਜਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜਾਂਚ ਮੁਕੰਮਲ ਕਰਕੇ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਭੇਜ ਦਿੱਤੀ ਹੈ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News