ਕੈਨੇਡਾ ਵਿੱਚ ਭਾਰਤੀ ਸਫ਼ਾਰਤਖਾਨੇ ਦੀ ਵੀਜ਼ਾ ਸਰਵਿਸ ਬੰਦ ਹੋਣ ਨਾਲ ਕੀ ਹੋਵੇਗਾ - 7 ਸਵਾਲਾਂ ਦੇ ਜਵਾਬ

Friday, Sep 22, 2023 - 08:47 PM (IST)

ਕੈਨੇਡਾ ਵਿੱਚ ਭਾਰਤੀ ਸਫ਼ਾਰਤਖਾਨੇ ਦੀ ਵੀਜ਼ਾ ਸਰਵਿਸ ਬੰਦ ਹੋਣ ਨਾਲ ਕੀ ਹੋਵੇਗਾ - 7 ਸਵਾਲਾਂ ਦੇ ਜਵਾਬ
ਭਾਰਤ
Getty Images

ਕੈਨੇਡਾ ਨਾਲ ਰਿਸ਼ਤਿਆਂ ਵਿੱਚ ਵਧੀ ਕੁੜੱਤਣ ਦੇ ਮੱਦੇ ਨਜ਼ਰ ਭਾਰਤ ਸਰਕਾਰ ਨੇ ਆਰਜ਼ੀ ਤੌਰ ’ਤੇ ਕੈਨੇਡੀਅਨ ਨਾਗਰਿਕਾਂ ਲਈ ਆਪਣੀਆਂ ਵੀਜ਼ਾ ਸੇਵਾਵਾਂ ਉੱਤੇ ਆਰਜ਼ੀ ਰੋਕ ਲਗਾ ਦਿੱਤੀ ਹੈ।

ਭਾਰਤ ਸਰਕਾਰ ਦੇ ਇਸ ਫ਼ੈਸਲੇ ਦਾ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਉੱਪਰ ਕੀ ਅਸਰ ਪਵੇਗਾ?

ਕਿਉਂਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਚੱਲ ਰਹੇ ਹਨ ਤੇ ਇਸੇ ਸਿਲਸਿਲੇ ਤਹਿਤ ਕੈਨੇਡਾ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਵੀਜ਼ਾ ਸੇਵਾਵਾਂ ਉੱਪਰ ਰੋਕ ਲਗਾ ਦਿੱਤੀ ਹੈ। ਕਿਹਾ ਗਿਆ ਹੈ ਕਿ ਇਹ ਰੋਕ “ਆਪਰੇਸ਼ਨਲ ਕਾਰਨਾਂ” ਕਰਕੇ ਲਗਾਈ ਗਈ ਹੈ।

ਕੈਨੇਡਾ ਵਿੱਚ ਭਾਰਤੀ ਸਫ਼ਾਰਤਖਾਨਾ ਬੀਐੱਲਐੱਸ ਇੰਟਰਨੈਸ਼ਨਲ ਰਾਹੀਂ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ।

ਕੰਪਨੀ ਦੀ ਵੈੱਬਸਾਈਟ ’ਤੇ ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ ਫਾਰ ਕੈਨੇਡਾ ਨੇ ਕਿਹਾ ਹੈ, “ਆਪਰੇਸ਼ਨਲ ਕਾਰਨਾਂ ਕਰਕੇ 21 ਸਤੰਬਰ 2023 ਤੋਂ ਅਗਲੇ ਨੋਟਿਸ ਤੱਕ ਭਾਰਤੀ ਵੀਜ਼ਾ ਸੇਵਾਵਾ ਉੱਪਰ ਰੋਕ ਲਗਾਈ ਗਈ ਹੈ। ਕਿਰਪਾ ਕਰਕੇ ਅਗਲੀ ਜਾਣਕਾਰੀ ਲਈ ਬੀਐੱਲਐੱਸ ਦੀ ਵੈੱਬਸਾਈਟ ਚੈੱਕ ਕਰਦੇ ਰਹੋ।“

ਟਰੂਡੋ
Getty Images
ਜੀ 20 ਦੇ ਦਿੱਲੀ ਸਮਾਗਮ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਉੱਪਰ ਕੈਨੇਡੀਅਨ ਨਾਗਰਿਕ ਖ਼ਾਲਿਸਤਾਨ-ਪੱਖੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਇਸ ਮਗਰੋਂ ਭਾਰਤ ਤੇ ਕੈਨੇਡਾ ਦੇ ਦੁਵੱਲੇ ਰਿਸ਼ਤੇ ਤਣਾਅਪੂਰਨ ਹੋ ਗਏ।

ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਕੂਟਨੀਤਿਕ ਅਧਿਕਾਰੀਆਂ ਨੂੰ ਕੱਢ ਦਿੱਤਾ ਹੈ।

ਲਾਈਨ
BBC
ਲਾਈਨ
BBC

ਕੈਨੇਡਾ ਵਿੱਚ ਦਿੱਤੇ ਜਾਂਦੇ ਭਾਰਤੀ ਵੀਜ਼ੇ ਕਿਹੜੇ-ਕਿਹੜੇ

ਵੀਜ਼ਾ
Getty Images

ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਕੈਨੇਡਾ ਵਿੱਚ ਕਿੰਨੇ ਕਿਸਮ ਦੇ ਭਾਰਤੀ ਵੀਜ਼ੇ ਦਿੱਤੇ ਜਾਂਦੇ ਹਨ।

ਐਂਟਰੀ ਵੀਜ਼ਾ — ਇਹ ਵੀਜ਼ਾ ਭਾਰਤੀ ਮੂਲ ਦੇ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਤਹਿਤ ਭਾਰਤੀ ਇੱਕ ਵਾਰ ਆ ਤੇ ਜਾ ਸਕਦੇ ਹਨ।

ਬਿਜ਼ਨਸ ਵੀਜ਼ਾ — ਕਾਰੋਬਾਰੀ ਕੰਮਾਂ ਨਾਲ ਜੁੜਿਆ ਇਹ ਵੀਜ਼ਾ ਕੈਨੇਡੀਅਨ ਨਾਗਰਿਕਾਂ ਅਤੇ ਹੋਰ ਦੇਸ਼ਾਂ ਦੇ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਲੰਬੇ ਸਮੇਂ ਦੀ ਇਜਾਜ਼ਤ ਮਿਲੀ ਹੋਈ ਹੈ ਅਤੇ ਉਹ ਭਾਰਤ ਕਾਰੋਬਾਰ ਨਾਲ ਸੰਬੰਧਿਤ ਕੰਮ ਲਈ ਆਉਣਾ ਚਾਹੁੰਦੇ ਹਨ।

ਟੂਰਿਸਟ ਵੀਜ਼ਾ — ਇਹ ਵੀਜ਼ਾ ਉਨ੍ਹਾਂ ਕੈਨੇਡੀਅਨ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਸੈਰ-ਸਪਾਟੇ ਦੇ ਮੰਤਵ ਨਾਲ ਭਾਰਤ ਆਉਣਾ ਚਾਹੁੰਦੇ ਹਨ। ਸੈਲਾਨੀ ਵੀਜ਼ਾ ਤੁਹਾਨੂੰ ਕਈ ਸਾਲਾਂ ਦੇ ਸਮੇਂ ਲਈ ਵੀ ਮਿਲ ਸਕਦਾ ਹੈ।

ਇੰਪਲਾਈਮੈਂਟ ਵੀਜ਼ਾ — ਰੁਜ਼ਗਾਰ ਨਾਲ ਜੁੜਿਆ ਇਹ ਵੀਜ਼ਾ ਉਨ੍ਹਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਭਾਰਤ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ। ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਲੰਬੇ ਸਮੇਂ ਲਈ ਇਜਾਜ਼ਤ ਮਿਲੀ ਹੋਈ ਹੈ।

ਵੀਜ਼ਾ
Getty Images

ਮੈਡੀਕਲ ਵੀਜ਼ਾ — ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਭਾਰਤ ਵਿੱਚ ਇਲਾਜ ਕਰਵਾਉਣ ਦੇ ਮੰਤਵ ਨਾਲ ਆਉਣਾ ਚਾਹੁੰਦੇ ਹਨ। ਇਹ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਨਦਾਰਾਂ ਨੂੰ ਜਾਰੀ ਕੀਤਾ ਜਾਂਦਾ ਹੈ। ਮੈਡੀਕਲ ਵੀਜ਼ੇ ਨਾਲ ਤੁਸੀਂ ਭਾਰਤ ਵਿੱਚ ਤਿੰਨ ਮਹੀਨੇ ਤੱਕ ਰਹਿ ਸਕਦੇ ਹੋ।

ਫ਼ਿਲਮ ਵੀਜ਼ਾ — ਜੋ ਲੋਕ ਭਾਰਤ ਵਿੱਚ ਰਹਿ ਕੇ ਫ਼ਿਲਮਾਂ ਵਗੈਰਾ ਦੀ ਸ਼ੂਟਿੰਗ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਫ਼ਿਲਮ ਵੀਜ਼ਾ ਜਾਰੀ ਕੀਤਾ ਜਾਂਦਾ ਹੈ।

ਸਟੂਡੈਂਟ ਵੀਜ਼ਾ — ਇਸੇ ਤਰ੍ਹਾਂ ਸਟੂਡੈਂਟ ਵੀਜ਼ਾ ਭਾਰਤੀ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਵੀਜ਼ੇ ਤਹਿਤ ਪੜ੍ਹਾਈ ਪੂਰੀ ਹੋਣ ਤੱਕ ਜਿੰਨੀ ਵਾਰ ਚਾਹੇ ਆਉਣ-ਜਾਣ ਕੀਤਾ ਜਾ ਸਕਦਾ ਹੈ।

ਕਾਨਫ਼ਰੰਸ ਵੀਜ਼ਾ — ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਭਾਰਤ ਵਿੱਚ ਕਿਸੇ ਕਾਨਫ਼ਰੰਸ ਜਾਂ ਸੈਮੀਨਾਰ ਵਿੱਚ ਹਿੱਸਾ ਲੈਣ ਲ਼ਈ ਆਉਣਾ ਚਾਹੁੰਦੇ ਹਨ। ਇਸ ਵੀਜ਼ੇ ਨਾਲ ਭਾਰਤ ਵਿੱਚ ਇੱਕੋ ਵਾਰ ਸਿਰਫ਼ ਕਾਨਫ਼ਰੰਸ ਦੇ ਸਮੇਂ ਜਿੰਨੀ ਮਿਆਦ ਲਈ ਹੀ ਦਾਖਲ ਹੋਇਆ ਜਾ ਸਕਦਾ ਹੈ।

ਭਾਰਤੀ ਮੂਲ ਦੇ ਕੈਨੇਡਾਈ ਨਾਗਰਿਕਾਂ ਨੂੰ ਕੀ ਦਿੱਕਤਾਂ ਆ ਰਹੀਆਂ ਹਨ?

ਵੀਜ਼ਾ ਸੇਵਾਵਾਂ ਉੱਪਰ ਰੋਕ ਲੱਗਣ ਕਾਰਨ, ਜੋ ਲੋਕ ਭਾਰਤ ਵਿੱਚ ਨੌਕਰੀ, ਕਾਰੋਬਾਰ ਜਾਂ ਵਪਾਰ ਕਰਨ ਆਉਣਾ ਚਾਹੁੰਦੇ ਹਨ ਉਨ੍ਹਾਂ ਲੋਕਾਂ ਨੂੰ ਦਿੱਕਤਾ ਦਰਪੇਸ਼ ਆ ਰਹੀਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਜੋ ਲੋਕ ਕੈਨੇਡਾ ਗਏ ਅਤੇ ਹੁਣ ਉੱਥੋਂ ਦੇ ਨਾਗਰਿਕ ਹਨ। ਹੁਣ ਜੇ ਉਹ ਭਾਰਤ ਆਉਣਾ ਚਾਹੁਣ ਤਾਂ ਉਨ੍ਹਾਂ ਨੂੰ ਵੀਜ਼ੇ ਦੀ ਲੋੜ ਹੈ।

ਭਾਰਤ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨੂੰ ਜੋ ਅਕਸਰ ਭਾਰਤ ਆਉਂਦੇ ਰਹਿਣਾ ਚਾਹੁੰਦੇ ਹਨ, ਇੱਕ ਓਸੀਆਈ ਕਾਰਡ (ਓਵਰਸੀਜ਼ ਸਿਟਿਜਨ ਆਫ਼ ਇੰਡੀਆ) ਜਾਰੀ ਕਰਦਾ ਹੈ। ਵਿਦੇਸ਼ੀ ਨਾਗਰਿਕਤਾ ਵਾਲੇ ਭਾਰਤੀਆਂ ਨੂੰ ਇਸ ਕਾਰਡ ਲਈ ਵੱਖਰੇ ਤੌਰ ’ਤੇ ਅਰਜ਼ੀ ਦੇਣੀ ਪੈਂਦੀ ਹੈ। ਇਸ ਕਾਰਡ ਦੇ ਧਾਰਕ ਜਿੰਨੀ ਵਾਰੀ ਚਾਹੁਣ ਭਾਰਤ ਆ ਸਕਦੇ ਹਨ।

ਹਾਲਾਂਕਿ ਜਿਨ੍ਹਾਂ ਕੋਲ ਇਹ ਓਸੀਆਈ ਕਾਰਡ ਨਹੀਂ ਹੈ ਉਨ੍ਹਾਂ ਨੂੰ ਭਾਰਤ ਤੋਂ ਵੀਜ਼ਾ ਲੈਣਾ ਪੈਂਦਾ ਹੈ। ਹੁਣ ਉਨ੍ਹਾਂ ਲੋਕਾਂ ਨੂੰ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਓਸੀਆਈ ਕਾਰਡ ਕੀ ਹੈ, ਇਸ ਨੂੰ ਕਿਵੇਂ ਹਾਸਲ ਕੀਤਾ ਜਾਂਦਾ ਹੈ

ਵੀਜ਼ਾ
Getty Images

ਭਾਰਤ ਵੱਲੋਂ ਵੀਜ਼ਾ ਸੇਵਾਵਾਂ ਉੱਪਰ ਲਗਾਈ ਰੋਕ ਭਾਰਤ ਵਿੱਚ ਕਾਰੋਬਾਰ, ਸੈਰ-ਸਪਾਟੇ, ਵਪਾਰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਚਾਹਵਾਨਾਂ ਨੂੰ ਪ੍ਰਭਾਵਿਤ ਕਰੇਗੀ।

ਜਿੰਨ੍ਹਾਂ ਭਾਰਤੀਆਂ ਕੋਲ ਓਸੀਆਈ ਕਾਰਡ ਨਹੀਂ ਹਨ, ਉਨ੍ਹਾਂ ਨੂੰ ਭਾਰਤ ਆਉਣ-ਜਾਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।

ਕੈਨੇਡਾ ਰਹਿੰਦੇ ਭਾਰਤੀਆਂ ਮੁਤਾਬਕ ਜੇ ਉਹ ਓਸੀਆਈ ਕਾਰਡ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਨਹੀਂ ਮਿਲੇਗਾ।

ਕੈਨੇਡੀਅਨ ਨਾਗਰਿਕਤਾ ਮਿਲਣ ਤੋਂ ਤਿੰਨ ਮਹੀਨੇ ਦੇ ਅੰਦਰ ਭਾਰਤੀਆਂ ਨੂੰ ਆਪਣਾ ਪਾਸਪੋਰਟ ਭਾਰਤੀ ਸਫ਼ਰਾਤਖਾਨੇ ਵਿੱਚ ਜਮ੍ਹਾਂ ਕਰਵਾ ਕੇ ਰੱਦ (ਕੈਂਸਲ) ਕਰਵਾਉਣਾ ਪੈਂਦਾ ਹੈ। ਫਿਰ ਹੀ ਉਹ ਓਸੀਆਈ ਕਾਰਡ ਲਈ ਅਰਜ਼ੀ ਦੇ ਸਕਦੇ ਹਨ।

ਪਰ ਇਹ ਕਾਰਡ ਅਰਜ਼ੀ ਦੇਣ ਤੋਂ 5-7 ਮਹੀਨਿਆਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ। ਜੇ ਇਸ ਦੌਰਾਨ ਤੁਸੀਂ ਭਾਰਤ ਆਉਣਾ ਚਾਹੋਂ ਤਾਂ ਤੁਹਾਨੂੰ ਐਂਟਰੀ ਵੀਜ਼ਾ ਲੈਣਾ ਪਵੇਗਾ।

ਸਮੱਸਿਆ ਭਾਰਤੀਆਂ ਦੇ ਨਾਲ-ਨਾਲ ਕੈਨੇਡੀਅਨ ਨਾਗਰਿਕਾਂ ਲਈ ਵੀ ਹੈ। ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ਉੱਤੇ ਲਗਾਈ ਗਈ ਰੋਕ ਨੇ ਇਸ ਮਸਲੇ ਵੱਲ ਕਈਆਂ ਦਾ ਧਿਆਨ ਖਿੱਚਿਆ ਹੈ।

ਜਿਨ੍ਹਾਂ ਨੂੰ ਪਹਿਲਾਂ ਵੀਜ਼ਾ ਮਿਲ ਚੁੱਕਿਆ ਹੈ, ਉਨ੍ਹਾਂ ਦਾ ਕੀ ਹੋਵੇਗਾ?

ਪ੍ਰੋਫ਼ੈਸਰ ਗਲੈਡਸਨ ਜ਼ੇਵੀਅਰ
BBC
ਪ੍ਰੋਫ਼ੈਸਰ ਗਲੈਡਸਨ ਜ਼ੇਵੀਅਰ

ਚੇਨੰਈ ਦੇ ਲੋਯੋਲਾ ਕਾਲਜ ਵਿੱਚ ਪ੍ਰੋਫ਼ੈਸਰ ਗਲੈਡਸਨ ਜ਼ੇਵੀਅਰ ਇਸ ਮਸਲੇ ਉੱਤੇ ਆਪਣੀ ਰਾਏ ਰੱਖਦੇ ਹਨ।

ਉਹ ਕਹਿੰਦੇ ਹਨ ਕਿ ਜਦੋਂ ਦੋ ਮੁਲਕਾਂ ਵਿੱਚ ਤਣਾਅ ਹੁੰਦਾ ਹੈ ਤਾਂ ਆਪਣੀ ਨਰਾਜ਼ਗੀ ਕਈ ਤਰੀਕਿਆਂ ਨਾਲ ਜ਼ਾਹਰ ਕਰਦੇ ਹਨ।

ਉਹ ਦੱਸਦੇ ਹਨ, “ਸ਼ੁਰੂ ਵਿੱਚ ਉਹ ਇੱਕ ਅੰਬੈਸਡਰ ਨੂੰ ਵਾਪਸ ਭੇਜਣਗੇ। ਫਿਰ ਉਹ ਵੀਜ਼ਾ ਸੇਵਾਵਾਂ ਬੰਦ ਕਰਦੇ ਹਨ। ਮਾਮਲਾ ਇੱਕ ਦੂਜੇ ਦੀਆਂ ਉਡਾਣਾਂ ਰੋਕਣ ਤੱਕ ਵਧ ਸਕਦਾ ਹੈ।”

“ਕੈਨੇਡਾ ਨਾਲ ਰਿਸ਼ਤਿਆਂ ਦੇ ਸਬੰਧ ਵਿੱਚ ਉਨ੍ਹਾਂ (ਭਾਰਤ) ਨੇ ਹੁਣ ਵੀਜ਼ਾ ਜਾਰੀ ਕਰਨੇ ਬੰਦ ਕਰ ਦਿੱਤੇ ਹਨ। ਇਹ ਫ਼ੈਸਲਾ ਵੱਖੋ-ਵੱਖ ਮੰਤਵਾਂ ਲਈ ਭਾਰਤ ਆਉਣ ਦੇ ਚਾਹਵਾਨ ਕੈਨੇਡੀਅਨਾਂ ਅਤੇ ਉਨ੍ਹਾਂ ਭਾਰਤੀਆਂ ਨੂੰ ਵੀ ਪਰੇਸ਼ਾਨ ਕਰੇਗਾ ਜਿਨ੍ਹਾਂ ਨੇ ਕੈਨੇਡੀਅਨ ਨਾਗਰਿਕਤਾ ਲੈ ਰੱਖੀ ਹੈ। ਕਈਆਂ ਨੂੰ ਵੀਜ਼ਾ ਪ੍ਰਕਿਰਿਆ ਲਈ ਹੋ ਸਕਦਾ ਹੈ ਅੱਜ, ਭਲਕ ਜਾਂ ਅਗਲੇ ਹਫ਼ਤੇ ਦੀ ਤਰੀਕ ਮਿਲੀ ਹੋਵੇ। ਹੁਣ ਅਚਾਨਕ ਇਹ ਰੋਕ ਦਿੱਤੇ ਗਏ ਹਨ। ਇਹ ਉਨ੍ਹਾਂ ਲਈ ਇੱਕ ਵੱਡਾ ਸਦਮਾ ਹੋਵੇਗਾ।”

ਉਹ ਅੱਗੇ ਕਹਿੰਦੇ ਹਨ, ‘‘ਜਿਨ੍ਹਾਂ ਨੂੰ ਪਹਿਲਾਂ ਹੀ ਵੀਜ਼ਾ ਮਿਲ ਚੁੱਕਿਆ ਹੈ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਇਸ ਨੂੰ ਭਾਰਤ ਦੀ ਨਾਖੁਸ਼ੀ ਦਾ ਸੰਕੇਤ ਹੀ ਸਮਝਿਆ ਜਾਣਾ ਚਾਹੀਦਾ ਹੈ ਅਤੇ ਉਮੀਦ ਹੈ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ।’’

ਕੀ ਓਸੀਆਈ ਕਾਰਡ ਧਾਰਕਾਂ ਨੂੰ ਵੀ ਮੁਸ਼ਕਲਾਂ ਆ ਸਕਦੀਆਂ ਹਨ?

ਵੀਜ਼ਾ
Getty Images

ਕੁਝ ਲੋਕ ਸੋਸ਼ਲ ਮੀਡੀਆ ਉੱਪਰ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਹੀ ਨਹੀਂ ਸਗੋਂ ਓਸੀਆਈ ਕਾਰਡ ਧਾਰਕਾਂ ਦੇ ਵੀ ਭਾਰਤ ਦਾਖਲੇ ਉੱਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਹਨ।

ਗਲੈਡਸਨ ਕਹਿੰਦੇ ਹਨ, “ਕੁਝ ਲੋਕ ਕਹਿ ਰਹੇ ਹਨ ਕਿ ਓਸੀਆਈ ਕਾਰਡਾਂ ਉੱਪਰ ਵੀ ਰੋਕ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਮੌਜੂਦਾ ਸਮੱਸਿਆ ਨਾਲ ਕੋਈ ਲੈਣ-ਦੇਣ ਨਹੀਂ ਹੈ। ਇਸ ਲਈ ਇਸ ਮੰਗ ਦਾ ਕੋਈ ਅਧਾਰ ਨਹੀਂ ਹੈ। ਸਰਕਾਰ ਨੂੰ ਇਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ।“

ਭਾਰਤੀ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਹਨ। ਜੇ ਅਸੀਂ ਉਨ੍ਹਾਂ ਲੋਕਾਂ ਨੂੰ ਗਿਣੀਏ ਜਿੰਨ੍ਹਾਂ ਦੇ ਪੁਰਖੇ ਕੈਨੇਡਾ ਗਏ ਅਤੇ ਉੱਥੇ ਹੀ ਵਸ ਗਏ ਤਾਂ ਸਾਲ 2021 ਦੀ ਜਨਗਣਨਾ ਮੁਤਾਬਕ ਕੋਈ 18 ਲੱਖ 58 ਹਜ਼ਾਰ ਭਾਰਤੀ ਮੂਲ ਦੇ ਲੋਕ ਉੱਥੇ ਰਹਿੰਦੇ ਹਨ। ਇਹ ਗਿਣਤੀ ਕੈਨੇਡਾ ਦੀ ਕੁੱਲ ਆਬਾਦੀ ਦਾ 5.11% ਬਣਦੀ ਹੈ।

ਭਾਰਤ ਦਾ ਵੀਜ਼ਾ ਹਾਸਲ ਕਰਨ ਦਾ ਕੋਈ ਹੋਰ ਰਾਹ ਹੈ?

ਰਮਨ ਚੰਦਰਸ਼ੇਖਰ ਮੂਰਥੀ
RAMANAN CHANDRASEKARA MOORTHY
ਸੀਨੀਅਰ ਮੀਡੀਆ ਵਿਸ਼ਲੇਸ਼ਕ ਰਮਨ ਚੰਦਰਸ਼ੇਖਰ ਮੂਰਥੀ

ਕੈਨੇਡਾ ਵਿੱਚ ਮੌਜੂਦਾ ਸਥਿਤੀ ਦੇ ਪ੍ਰਭਾਵ ਦਾ ਜਾਇਜ਼ਾ ਲੈਣ ਲਈ ਬੀਬੀਸੀ ਤਾਮਿਲ ਨੇ ਰਮਨ ਚੰਦਰਸ਼ੇਖਰ ਮੂਰਥੀ ਨਾਲ ਗੱਲਬਾਤ ਕੀਤੀ। ਉਹ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਇੱਕ ਸੀਨੀਅਰ ਮੀਡੀਆ ਵਿਸ਼ਲੇਸ਼ਕ ਹਨ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, “ਕਈ ਦੇਸ਼ ਆਊਟਸੋਰਸਿੰਗ ਕੰਪਨੀਆਂ ਰਾਹੀਂ ਵੀਜ਼ਾ ਦੇ ਰਹੀਆਂ ਹਨ। ਹੁਣ ਕੈਨੇਡਾ ਉੱਪਰ ਦਬਾਅ ਪਾਉਣ ਦੇ ਇਰਾਦੇ ਨਾਲ, ਭਾਰਤੀ ਸਰਕਾਰ ਨੇ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ’ਤੇ ਰੋਕ ਲਗਾਈ ਹੈ।“

ਉਨ੍ਹਾਂ ਨੇ ਅੱਗੇ ਕਿਹਾ, ”ਬਹੁਤ ਸਾਰੀਆਂ ਕੰਪਨੀਆਂ ਜਿਵੇਂ ਟਾਟਾ ਕੰਸਲਟਿੰਗ ਭਾਰਤ ਤੋਂ ਕੈਨੇਡਾ ਵਿੱਚ ਕਾਰੋਬਾਰ ਕਰ ਰਹੀਆਂ ਹਨ। ਬਹੁਤ ਸਾਰੇ ਲੋਕ ਕੈਨੇਡਾ ਤੋਂ ਭਾਰਤ ਕਾਰੋਬਾਰ ਜਾਂ ਸੈਰ-ਸਪਾਟੇ ਲਈ ਆਉਂਦੇ ਹਨ। ਭਾਰਤ ਆਉਣ ਦੇ ਚਾਹਵਾਨਾਂ ਉੱਪਰ ਭਾਰਤ ਦੇ ਕਦਮ ਦਾ ਅਸਰ ਪਵੇਗਾ। ਫ਼ਿਲਹਾਲ ਕੈਨੇਡੀਅਨਾਂ ਅਤੇ ਭਾਰਤੀ ਮੂਲ ਦੇ ਲੋਕਾਂ ਲਈ ਭਾਰਤ ਆਉਣ ਖਾਤਰ ਵੀਜ਼ਾ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।''''''''

ਕੈਨੇਡਾ ਵਿੱਚ ਭਾਰਤੀ ਕਿੰਨੇ ਸੁਰੱਖਿਅਤ?

ਇਸ ਬਾਰੇ ਚੰਦਰਸ਼ੇਖਰ ਮੂਰਥੀ ਨੇ ਕਿਹਾ ਕਿ ਕਿਉਂਕਿ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਲੋਕ ਤਾਕਤਵਰ ਅਹੁਦਿਆਂ ’ਤੇ ਬਿਰਾਜਮਾਨ ਹਨ। ਜਿਵੇਂ ਕਿ ਰੱਖਿਆ ਮੰਤਰੀ, ਉਹ ਕੈਨੇਡਾ ਦੇ ਨੀਤੀਗਤ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਕਾਫ਼ੀ ਰਸੂਖ ਰੱਖਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ, “ਇਸ ਨੇ ਦੋਵਾਂ ਦੇਸ਼ਾ ਦੇ ਸਿਆਸੀ ਮੁੱਦਿਆਂ ਨੂੰ ਹਵਾ ਦਿੱਤੀ ਹੈ ਪਰ ਇਸਦਾ ਲੋਕਾਂ ਉੱਪਰ ਕੋਈ ਅਸਰ ਨਹੀਂ ਹੈ। ਕੈਨੇਡਾ ਵਿੱਚ ਰਹਿ ਰਹੇ ਸਿੱਖ ਭਾਰਤੀ ਸਰਕਾਰ ਨਾਲ ਖਫ਼ਾ ਹਨ ਪਰ ਉਨ੍ਹਾਂ ਨੂੰ ਇੱਥੇ ਵਸਦੇ ਭਾਰਤੀਆਂ ਨਾਲ ਕੋਈ ਗਿਲਾ ਨਹੀਂ ਹੈ। ਉੱਥੇ ਰਹਿ ਰਹੇ ਸਾਰੇ ਭਾਰਤੀ ਸੁਰੱਖਿਅਤ ਹਨ।“

(ਸਹਿਯੋਗ- ਪੀ. ਪ੍ਰਸ਼ਾਂਤ)

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News