ਭਾਰਤ-ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਾ ਉੱਥੇ ਰਹਿੰਦੇ ਭਾਰਤੀਆਂ ’ਤੇ ਕੀ ਅਸਰ ਹੋ ਸਕਦਾ ਹੈ
Thursday, Sep 21, 2023 - 04:02 PM (IST)


ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਸੀ।
ਉਨ੍ਹਾਂ ਦੇ ਇਸ ਬਿਆਨ ਮਗਰੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਤਣਾਅਪੂਰਨ ਰਿਸ਼ਤੇ ਆਪਣੇ ਸਭ ਤੋਂ ਬੁਰੇ ਦੌਰ ਵਿੱਚ ਪਹੁੰਚਦੇ ਨਜ਼ਰ ਰਹੇ ਹਨ।
ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਸਿਖਰਲੇ ਕੂਟਨੀਤਕਾਂ ਨੂੰ ਕੱਢ ਦਿੱਤਾ ਹੈ ਅਤੇ ਅਜੇ ਵੀ ਇੱਕ-ਦੂਜੇ ''''ਤੇ ਇਲਜ਼ਾਮਾਂ ਦਾ ਸਿਲਸਿਲਾ ਜਾਰੀ ਹੈ।
ਇਨ੍ਹਾਂ ਸਭ ਦੇ ਵਿਚਕਾਰ ਕੈਨੇਡਾ ਨੇ ਭਾਰਤ ਅਤੇ ਭਾਰਤ ਨੇ ਕੈਨੇਡਾ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਹੈ।
ਨਾਲ ਹੀ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਆਪਣੀਆਂ ਵੀਜ਼ਾ ਸੇਵਾਵਾਂ ''''ਤੇ ਵੀ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।

ਜਾਣਕਾਰਾਂ ਦੀ ਨਜ਼ਰ ਵਿੱਚ ਕੈਨੇਡਾ ਅਤੇ ਭਾਰਤ ਦੇ ਵਿਚਕਾਰ ਸਬੰਧਾਂ ਦੀ ਜੜ੍ਹ ਵਿੱਚ ਦੋਵੇਂ ਦੇਸ਼ਾਂ ਦੇ ਵਿਚਕਾਰ ਵਪਾਰ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਪਰਵਾਸੀ ਸਭ ਤੋਂ ਮਹੱਤਵਪੂਰਨ ਪਹਿਲੂ ਹਨ।
ਦੁਨੀਆਂ ਭਰ ਦੀ ਨਜ਼ਰ ਇਸ ਤਾਜ਼ਾ ਘਟਨਾਕ੍ਰਮ ’ਤੇ ਟਿਕੀ ਹੋਈ ਹੈ।
ਅਜਿਹੇ ਵਿੱਚ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ।
ਖ਼ਾਸ ਤੌਰ ’ਤੇ ਭਾਰਤੀ ਵਿਦਿਆਰਥੀਆਂ ਲਈ, ਜੋ ਕੈਨੇਡਾ ਦੇ ਅਲੱਗ-ਅਲੱਗ ਸੂਬਿਆਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਇਰਾਦੇ ਨਾਲ ਰਹਿ ਰਹੇ ਹਨ ਅਤੇ ਉਹ ਜੋ ਹੁਣ ਕੈਨੇਡਾ ਦੀ ਵਰਕਫੋਰਸ ਦਾ ਸਰਗਰਮ ਹਿੱਸਾ ਬਣ ਚੁੱਕੇ ਹਨ।
ਸਵਾਲ ਕੀਤਾ ਜਾ ਰਿਹਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਨਾਲ ਉੱਥੇ ਰਹਿਣ ਵਾਲੇ ਭਾਰਤੀਆਂ ’ਤੇ ਕੀ ਅਸਰ ਦੇਖਣ ਨੂੰ ਮਿਲੇਗਾ?

ਕੈਨੇਡਾ ਵਿੱਚ ਭਾਰਤੀਆਂ ਦੀ ਭੂਮਿਕਾ
ਪਿਛਲੇ ਸਾਲ ਕੈਨੇਡਾ ਨੇ ਮਰਦਮਸ਼ੁਮਾਰੀ ਦੇ ਅੰਕੜੇ ਜਾਰੀ ਕੀਤੇ ਸਨ, ਜਿਸ ਦੇ ਮੁਤਾਬਿਕ ਉੱਥੇ ਦੂਜੇ ਦੇਸ਼ਾਂ ਤੋਂ ਜਾ ਕੇ ਵੱਸਣ ਵਾਲਿਆਂ ਦੀ ਕੁੱਲ ਗਿਣਤੀ ਵਿੱਚ 18.6 ਫੀਸਦੀ ਭਾਰਤੀ ਹਨ।
ਟਾਈਮ ਮੈਗਜ਼ੀਨ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਦੇ ਬਾਅਦ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਕੈਨੇਡਾ ਵਿੱਚ ਵੱਸਦੀ ਹੈ। ਉਹ ਉੱਥੋਂ ਦੀ ਕੁੱਲ ਆਬਾਦੀ ਦਾ 2.1 ਫੀਸਦੀ ਹਿੱਸਾ ਹਨ।
ਇੰਨਾ ਹੀ ਨਹੀਂ, ਸਾਲ 2018 ਤੋਂ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਹੀ ਪਹੁੰਚ ਰਹੇ ਹਨ।
ਦਿ ਇੰਡੀਅਨ ਐਕਸਪ੍ਰੈੱਸ ਨੇ ਕੈਨੇਡਾ ਦੀ ਮਰਦਮਸ਼ੁਮਾਰੀ ਦੇ ਨਤੀਜਿਆਂ ’ਤੇ ਇੱਕ ਰਿਪੋਰਟ ਪਿਛਲੇ ਸਾਲ ਛਾਪੀ ਸੀ।
ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਭ ਤੋਂ ਜ਼ਿਆਦਾ ਭਾਰਤੀ ਪਰਵਾਸੀ ਕੈਨੇਡਾ ਦੇ ਟੋਰਾਂਟੋ, ਓਟਵਾ, ਵਾਟਰਲੂ ਅਤੇ ਬਰੈਂਪਟਨ ਸ਼ਹਿਰਾਂ ਵਿੱਚ ਵੱਸੇ ਹੋਏ ਹਨ।
ਇਨ੍ਹਾਂ ਵਿੱਚੋਂ ਟੋਰਾਂਟੋ ਭਾਰਤੀਆਂ ਦਾ ਗੜ੍ਹ ਹੈ। ਇਸ ਸ਼ਹਿਰ ਨੂੰ ਕੈਨੇਡਾ ਦੇ ਵਿਕਾਸ ਦੇ ਲਿਹਾਜ਼ ਨਾਲ ਮੋਹਰੀ ਮੰਨਿਆ ਜਾਂਦਾ ਹੈ।

ਇਨ੍ਹਾਂ ਦੇ ਇਲਾਵਾ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਭਾਰਤੀਆਂ ਦੀ ਚੰਗੀ ਗਿਣਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਵਿੱਚ ਹੀ ਹਰਦੀਪ ਸਿੰਘ ਨਿੱਝਰ ਨੂੰ ਗੋਲੀ ਮਾਰੀ ਗਈ ਸੀ।
ਖ਼ਬਰ ਏਜੰਸੀ ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਸਾਲ 2022 ਵਿੱਚ ਕੈਨੇਡਾ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਵਿੱਚ 40 ਫੀਸਦੀ ਭਾਰਤੀ ਹਨ।
ਕੈਨੇਡਾ ਦੀ ਅਰਥਵਿਵਸਥਾ ਦੇ ਲਿਹਾਜ਼ ਨਾਲ ਵੀ ਭਾਰਤੀ ਅਹਿਮੀਅਤ ਰੱਖਦੇ ਹਨ।
ਰਾਇਟਰਜ਼ ਦੀ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਵਿੱਚ ਟੀਸੀਐੱਸ, ਇਨਫੋਸਿਸ, ਵਿਪਰੋ ਵਰਗੀਆਂ 30 ਭਾਰਤੀ ਕੰਪਨੀਆਂ ਨੇ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ।

''''ਇੱਕ ਬੇਚੈਨੀ ਵਾਲਾ ਮਾਹੌਲ ਤਾਂ ਬਣ ਗਿਆ ਹੈ''''
ਹਰ ਸਾਲ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਹੀ ਉੱਥੇ ਰਹਿ ਰਹੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਰਿਸ਼ਤਿਆਂ ਦੀ ਤਾਜ਼ਾ ਗਿਰਾਵਟ ਨੇ ਭਾਰਤੀ ਭਾਈਚਾਰੇ ਵਿਚਕਾਰ ਬੇਚੈਨੀ ਵਧਾ ਦਿੱਤੀ ਹੈ।
ਗੁਰਦੀਪ ਸਿੰਘ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਠੀਕ ਇੱਕ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਇੰਟਰਵਿਊ ਕੀਤੀ ਸੀ।
ਉਹ ਕਹਿੰਦੇ ਹਨ, ‘‘ਇਸ ਸਮੇਂ ਜੋ ਭਾਰਤੀ ਲੋਕ ਕੈਨੈਡਾ ਵਿੱਚ ਹਨ, ਉਨ੍ਹਾਂ ਵਿੱਚ ਇੱਕ ਚਿੰਤਾ ਦਿਖਦੀ ਹੈ। ਉਨ੍ਹਾਂ ਨੂੰ ਇਹ ਫ਼ਿਕਰ ਹੈ ਕਿ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਜੋ ਕੁੜੱਤਣ ਪਈ ਹੈ, ਉਸ ਦਾ ਖ਼ਾਸਤੌਰ ’ਤੇ ਇਮੀਗ੍ਰੇਸ਼ਨ ’ਤੇ ਕੀ ਅਸਰ ਹੋਵੇਗਾ।’’
‘‘ਜਿਨ੍ਹਾਂ ਨੇ ਵੀਜ਼ਾ ਲੈ ਕੇ ਉੱਥੋਂ ਇੱਥੇ ਅਤੇ ਇੱਥੋਂ ਉੱਥੇ ਆਉਣਾ-ਜਾਣਾ ਹੈ, ਉਹ ਕਿੰਨਾ ਪ੍ਰਭਾਵਿਤ ਹੋਵੇਗਾ। ਕਾਰੋਬਾਰ ’ਤੇ ਕਿੰਨਾ ਅਸਰ ਪਵੇਗਾ। ਲੋਕਾਂ ਦੀਆਂ ਰਿਸ਼ਤੇਦਾਰੀਆਂ ਵੰਡੀਆਂ ਹੋਈਆਂ ਹਨ। ਕੋਈ ਉੱਥੇ ਰਹਿੰਦਾ ਹੈ, ਕੋਈ ਇੱਥੇ ਰਹਿੰਦਾ ਹੈ।’’
‘‘ਇੱਕ ਬੇਚੈਨੀ ਵਾਲਾ ਮਾਹੌਲ ਤਾਂ ਬਣ ਗਿਆ ਹੈ। ਇਸ ਬਿਆਨ ਦਾ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਅਸਰ ਪੈ ਗਿਆ ਹੈ, ਇਹ ਗੱਲ ਤਾਂ ਪੱਕੀ ਹੈ।’’

ਭਾਰਤ-ਕੈਨੇਡਾ ਤਣਾਅ: ਹੁਣ ਤੱਕ ਕੀ-ਕੀ ਹੋਇਆ?
- ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਸਰੀ ਵਿੱਚ ਹੱਤਿਆ ਹੋਈ।
- ਹੱਤਿਆ ਦੇ ਤਿੰਨ ਮਹੀਨੇ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਏਜੰਸੀਆਂ ਦੇ ਹੱਤਿਆ ਵਿੱਚ ਸ਼ਾਮਲ ਹੋਣ ਦਾ ਸ਼ੱਕ ਪ੍ਰਗਟਾਇਆ।
- ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ।
- ਕੈਨੇਡਾ ਨੇ ਭਾਰਤ ਦੇ ਸਿਖਰਲੇ ਡਿਪਲੋਮੈਟ ਨੂੰ ਕੱਢਿਆ।
- ਭਾਰਤ ਨੇ ਜਵਾਬੀ ਕਾਰਵਾਈ ਕਰਦੇ ਹੋਏ ਕੈਨੇਡਾ ਦੇ ਸਿਖਰਲੇ ਡਿਪਲੋਮੈਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ।
- ਭਾਰਤ ਅਤੇ ਕੈਨੇਡਾ ਦੋਵਾਂ ਨੇ ਆਪਣੇ-ਆਪਣੇ ਨਾਗਰਿਕਾਂ ਲਈ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ
- ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ''''ਤੇ ਅਣਮਿੱਥੇ ਸਮੇਂ ਲਈ ਰੋਕ ਲਗਾਈ।

ਤਣਾਅ ਦਾ ਭਾਰਤੀਆਂ ’ਤੇ ਕੀ ਅਸਰ ਹੋਵੇਗਾ?

ਫੋਬਰਸ ਨੇ ਇਸ ਸਾਲ ਇੱਕ ਰਿਪੋਰਟ ਛਾਪੀ, ਜਿਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ ਸਾਲ 2013 ਦੇ ਬਾਅਦ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੋ ਗਈ ਹੈ।
ਰਣਨੀਤਿਕ ਮਾਮਲਿਆਂ ਦੇ ਜਾਣਕਾਰ ਬ੍ਰਹਮ ਚੇਲਾਨੀ ਨੇ ਕੈਨੇਡਾ ਦੀ ਇੱਕ ਵੈੱਬਸਾਈਟ ਲਈ ਆਪਣੇ ਲੇਖ ਵਿੱਚ ਕਿਹਾ ਹੈ ਕਿ ਜਸਟਿਨ ਟਰੂਡੋ ਦੇ ਬਿਆਨ ਨੇ ਭਾਰਤ ਦੇ ਨਾਲ ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਭਰ ਦਿੱਤਾ ਹੈ।
ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀਆਂ ਵਿੱਚੋਂ ਇੱਕ ਵੱਡਾ ਹਿੱਸਾ ਵਿਦਿਆਰਥੀਆਂ ਦਾ ਹੈ। ਅਜਿਹੇ ਵੀ ਵਿਦਿਆਰਥੀ ਹਨ ਜੋ ਆਉਣ ਵਾਲੇ ਸਮੇਂ ਵਿੱਚ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਹਨ।
ਲਾਈਵਮਿੰਟ ਨੇ ਕੁਝ ਐਕਸਪਰਟਸ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਫਿਲਹਾਲ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਜਾਂ ਭਾਰਤ ਦੇ ਵਿਦਿਆਰਥੀਆਂ ’ਤੇ ਬਦਲਦੇ ਹਾਲਾਤ ਦਾ ਕੋਈ ਵੱਡਾ ਅਸਰ ਪੈਂਦਾ ਨਹੀਂ ਦਿਖ ਰਿਹਾ।
ਇਸ ਦੇ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਫਿਲਹਾਲ ਕੈਨੇਡਾ ਪ੍ਰਸ਼ਾਸਨ ਜਾਂ ਇਮੀਗ੍ਰੇਸ਼ਨ ਸਰਵਿਸੇਜ਼ ਵੱਲੋਂ ਅਜਿਹਾ ਕੋਈ ਅਪਡੇਟ ਨਹੀਂ ਆਇਆ, ਜੋ ਭਾਰਤੀ ਪਰਵਾਸੀਆਂ ਲਈ ਚਿੰਤਾ ਦਾ ਕਾਰਨ ਬਣੇ।
ਇੰਡੀਅਨ ਐਕਸਪ੍ਰੈੱਸ ਨੇ ਵੀਜ਼ਾ ਹਾਸਲ ਕਰਨ ਵਿੱਚ ਭਾਰਤੀਆਂ ਦੀ ਮਦਦ ਕਰਨ ਵਾਲੀਆਂ ਕੁਝ ਕੰਸਲਟੈਂਸੀ ਫਰਮਾਂ ਨਾਲ ਇਸ ਮਾਮਲੇ ’ਤੇ ਗੱਲ ਕੀਤੀ। ਇਨ੍ਹਾਂ ਸਾਰਿਆਂ ਦੀ ਨਜ਼ਰ ਵਿੱਚ ਫਿਲਹਾਲ ਭਾਰਤੀ ਵਿਦਿਆਰਥੀਆਂ ’ਤੇ ਤਣਾਅ ਦਾ ਕੋਈ ਅਸਰ ਨਹੀਂ ਦਿਖ ਰਿਹਾ।
ਇਸ ਦੇ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਕੈਨੇਡਾ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਵਿੱਚ 40 ਫੀਸਦੀ ਭਾਰਤੀ ਹਨ। ਇਸ ਦਾ ਫਾਇਦਾ ਕੈਨੇਡਾ ਨੂੰ ਹੀ ਹੈ ਅਤੇ ਇਸ ਲਈ ਉਹ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਬਚਣਾ ਚਾਹੇਗਾ।
ਤਾਜ਼ਾ ਘਟਨਾਕ੍ਰਮ ਨਾਲ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਕਿਸ ਤਰ੍ਹਾਂ ਪ੍ਰਭਾਵਿਤ ਹੋਣਗੇ, ਇਹ ਪੁੱਛੇ ਜਾਣ ’ਤੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ, ‘‘ਇਸ ਪੂਰੇ ਮਾਮਲੇ ’ਤੇ ਭਾਰਤੀ ਪਰਵਾਸੀਆਂ ਦੀ ਜੋ ਰਾਇ ਹੈ, ਉਹ ਵੰਡੀ ਹੋਈ ਹੈ।’’

ਭਾਰਤ ਅਤੇ ਕੈਨੇਡਾ ਵਿਚਕਾਰ ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਮਾਮਲੇ ''''ਤੇ ਵਧਿਆ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।
ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਇਸ ਤਣਾਅ ਦੌਰਾਨ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ''''ਤੇ ਰੋਕ ਲਗਾ ਦਿੱਤੀ।
ਖ਼ਬਰ ਏਜੰਸੀ ਏਐਨਆਈ ਮੁਤਾਬਕ, ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ- ਕੈਨੇਡਾ ਦੀ ਵੈਬਸਾਈਟ ''''ਤੇ ਦਿੱਤੀ ਗਈ ਜਾਣਕਾਰੀ ਵਿੱਚ ਲਿਖਿਆ ਗਿਆ ਸੀ ਕਿ, ''''''''ਕੁਝ ਆਪਰੇਸ਼ਨਲ ਕਾਰਨਾਂ ਕਰਕੇ, ਭਾਰਤੀ ਵੀਜ਼ਾ ਸੇਵਾਵਾਂ ''''ਤੇ ਅਗਲੀ ਸੂਚਨਾ ਤੱਕ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ 21 ਸਤੰਬਰ, 2023 ਤੋਂ ਲਾਗੂ ਹੋ ਰਹੀ ਹੈ।''''''''
ਇਸ ਦਾ ਮਤਲਬ ਹੈ ਕਿ ਜੇਕਰ ਕੋਈ ਕੈਨੇਡਾਈ ਨਾਗਰਿਕ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦਾ ਜਾਂ ਚਾਹੁੰਦੇ ਹਨ ਤਾਂ ਫਿਲਹਾਲ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ।
‘‘ਉਹ ਇੱਕ ਤਰ੍ਹਾਂ ਨਾਲ ਨਹੀਂ ਸੋਚਦੇ। ਕੁਝ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਰਿਸ਼ਤਾ ਭਾਰਤੀ ਏਜੰਸੀਆਂ ਨਾਲ ਜੋੜਿਆ।’’
‘‘ਇੱਕ ਹਿੱਸਾ ਉਹ ਵੀ ਹੈ ਜੋ ਖਾਲਿਸਤਾਨੀ ਵਿਚਾਰ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਟਰੂਡੋ ਦਾ ਜੋ ਇਹ ਬਿਆਨ ਸੀ, ਉਹ ਦੇਣ ਦੀ ਜ਼ਰੂਰਤ ਨਹੀਂ ਸੀ।’’
ਕੈਨੇਡਾ ਦੇ ਹਿੰਦੂਆਂ ਦੀ ਕੀ ਹੈ ਰਾਇ?

ਮਰਦਮਸ਼ੁਮਾਰੀ ਦੇ ਅੰਕੜਿਆਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬੀ ਦੇ ਇਲਾਵਾ ਕੈਨੇਡਾ ਵਿੱਚ ਤਮਿਲ, ਹਿੰਦੀ, ਗੁਜਰਾਤੀ, ਮਲਿਆਲਮ ਅਤੇ ਤੇਲਗੂ ਨੂੰ ਮਾਂ ਬੋਲੀ ਦੱਸਣ ਵਾਲੇ ਵੀ ਚੰਗੀ ਗਿਣਤੀ ਵਿੱਚ ਹਨ।
ਕੈਨੇਡਾ ਦੀ ਮਰਦਮਸ਼ੁਮਾਰੀ ਅਨੁਸਾਰ, ਦੇਸ਼ ਦੀ ਆਬਾਦੀ ਵਿੱਚ 2.3 ਫੀਸਦੀ ਹਿੱਸੇਦਾਰੀ ਹਿੰਦੂਆਂ ਦੀ ਹੈ ਜੋ ਸਿੱਖਾਂ ਤੋਂ ਥੋੜ੍ਹੀ ਜ਼ਿਆਦਾ ਹੈ।
ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਕੈਨੇਡਾ ਦੇ ਕਈ ਹਿੰਦੂ ਮੰਦਿਰਾਂ ’ਤੇ ਹਮਲੇ ਦੀਆਂ ਖ਼ਬਰਾਂ ਵੀ ਆਈਆਂ।
ਇਹ ਪੁੱਛੇ ਜਾਣ ’ਤੇ ਕਿ ਇਸ ਪੂਰੇ ਮਾਮਲੇ ਵਿੱਚ ਕੈਨੇਡਾ ਦੇ ਹਿੰਦੂ ਕਿੱਥੇ ਨਜ਼ਰ ਆਉਂਦੇ ਹਨ, ਗੁਰਪ੍ਰੀਤ ਸਿੰਘ ਕਹਿੰਦੇ ਹਨ, ‘‘ਹਿੰਦੂ ਸਮੁਦਾਏ ਵੀ ਉਸੇ ਤਰ੍ਹਾਂ ਨਾਲ ਅਲੱਗ-ਅਲੱਗ ਰਾਇ ਰੱਖਦਾ ਹੈ, ਜਿਵੇਂ ਕਿ ਸਿੱਖ।’’
‘‘ਸਿੱਖਾਂ ਦਾ ਇੱਕ ਹਿੱਸਾ ਖਾਲਿਸਤਾਨ ਦੇ ਪੱਖ ਵਿੱਚ ਹੈ, ਪਰ ਇੱਕ ਹਿੱਸਾ ਇਸ ਦੇ ਵਿਰੋਧ ਵਿੱਚ ਵੀ ਹੈ। ਜਦੋਂ 2015 ਵਿੱਚ ਨਰਿੰਦਰ ਮੋਦੀ ਇੱਥੇ ਆਏ ਸਨ, ਤਾਂ ਇੱਥੋਂ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ।’’
‘‘ਇਸੇ ਤਰ੍ਹਾਂ ਹਿੰਦੂਆਂ ਦਾ ਵੀ ਇੱਕ ਹਿੱਸਾ ਹੈ ਜਿਨ੍ਹਾਂ ਨੂੰ ਆਰਐੱਸਐੱਸ ਦੀ ਵਿਚਾਰਧਾਰਾ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਇੱਕ ਸੈਕੁਲਰ ਇੰਡੀਆ ਚਾਹੁੰਦੇ ਹਨ। ਪਰ ਜਿਸ ਤਰ੍ਹਾਂ ਨਾਲ ਧਰੁਵੀਕਰਨ ਦਾ ਮਾਹੌਲ ਵਧਦਾ ਜਾ ਰਿਹਾ ਹੈ, ਉਹ ਫ਼ਿਕਰ ਕਰਨ ਦੀ ਗੱਲ ਹੈ।’’
ਭਾਰਤ ਵਿੱਚ 1980 ਦੇ ਦਹਾਕੇ ਵਿੱਚ ਖਾਲਿਸਤਾਨ ਦੀ ਮੰਗ ਸਿਖਰ ’ਤੇ ਸੀ। ਪਰ ਕੈਨੇਡਾ, ਆਸਟਰੇਲੀਆ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਸਿੱਖ ਭਾਈਚਾਰੇ ਦਾ ਇੱਕ ਹਿੱਸਾ ਅਜੇ ਵੀ ਇਸ ਦੀ ਮੰਗ ਚੁੱਕਦਾ ਰਹਿੰਦਾ ਹੈ।
ਭਾਰਤ ਇਨ੍ਹਾਂ ਦੇਸ਼ਾਂ ਤੋਂ ਸਿੱਖ ਵੱਖਵਾਦੀਆਂ ’ਤੇ ਕਾਰਵਾਈ ਕਰਨ ਦੀ ਮੰਗ ਕਰਦਾ ਰਿਹਾ ਹੈ। ਇੱਥੋਂ ਤੱਕ ਕਿ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਜਦੋਂ ਜਸਟਿਨ ਟਰੂਡੋ ਭਾਰਤ ਆਏ, ਉਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਖਾਲਿਸਤਾਨ ਦੇ ਮੁੱਦੇ ''''ਤੇ ਗੱਲਬਾਤ ਕੀਤੀ।
ਏਬੀਸੀ ਨਿਊਜ਼ ਦੀ ਮੰਨੀਏ ਤਾਂ ਕੈਨੇਡਾ ਦੇ ਇੰਟਰਨੈਸ਼ਨਲ ਏਅਰ ਟਰੈਵਲ ਮਾਰਕੀਟ ਵਿੱਚ ਯੋਗਦਾਨ ਦੇ ਲਿਹਾਜ ਨਾਲ ਭਾਰਤੀ ਚੌਥੇ ਨੰਬਰ ’ਤੇ ਹਨ। ਹਾਲਾਂਕਿ, ਭਵਿੱਖ ਵਿੱਚ ਇਹ ਤਸਵੀਰ ਬਦਲੇਗੀ ਜਾਂ ਨਹੀਂ, ਇਸ ’ਤੇ ਫਿਲਹਾਲ ਕੋਈ ਸਪਸ਼ਟ ਰਾਇ ਨਹੀਂ ਹੈ।
ਪਰ ਬ੍ਰਹਮ ਚੇਲਾਨੀ ਕਹਿੰਦੇ ਹਨ ਕਿ ਟਰੂਡੋ ਦੇ ਬਿਆਨ ਨਾਲ ਭਾਰਤ ਅਤੇ ਕੈਨੇਡਾ ਦੇ ਦੁਵੱਲੇ ਰਿਸ਼ਤਿਆਂ ਨੂੰ ਜੋ ਨੁਕਸਾਨ ਪਹੁੰਚਿਆ ਹੈ, ਉਸ ਦੀ ਭਰਪਾਈ ਹੋਣ ਵਿੱਚ ਸਮਾਂ ਲੱਗੇਗਾ, ਸ਼ਾਇਦ ਕੈਨੇਡਾ ਵਿੱਚ ਸਰਕਾਰ ਬਦਲਣ ਤੋਂ ਬਾਅਦ ਹੀ ਇਸ ’ਤੇ ਕੋਈ ਪ੍ਰਗਤੀ ਦੇਖਣ ਨੂੰ ਮਿਲੇ। ਕੈਨੇਡਾ ਵਿੱਚ ਅਗਲੇ ਸਾਲ ਅਕਤੂਬਰ ਵਿੱਚ ਚੋਣਾਂ ਹੋਣੀਆਂ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)