ਹਰਦੀਪ ਨਿੱਝਰ ਦੇ ਕਤਲ ਦੇ ਇਲਜ਼ਾਮ ਤੇ ਭਾਰਤ ਨਾਲ ਸਬੰਧਾਂ ਬਾਰੇ ਕੈਨੇਡਾ ਦਾ ਮੀਡੀਆ ਕੀ ਕਹਿ ਰਿਹਾ ਹੈ
Tuesday, Sep 19, 2023 - 09:17 PM (IST)


ਭਾਰਤ ਅਤੇ ਕੈਨੇਡਾ ਵਿਚਾਲੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਤਣਾਅ ਸਿਖ਼ਰਾਂ ''''ਤੇ ਪਹੁੰਚ ਗਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਉਂਦਿਆਂ ਭਾਰਤ ਦੇ ਚੋਟੀ ਦੇ ਕੂਟਨੀਤਕ ਨੂੰ ਕੱਢ ਦਿੱਤਾ ਹੈ।
ਇਸ ਦੇ ਜਵਾਬ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਇੱਕ ਮੋਹਰੀ ਕੂਟਨੀਤਕ ਨੂੰ ਪੰਜ ਦਿਨਾਂ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ।

ਭਾਰਤ ਸਰਕਾਰ ਨਿੱਝਰ ਦੇ ਕਤਲ ਦੇ ਇਲਜ਼ਾਮਾਂ ਨੂੰ ਰੱਦ ਕਰਦੀ ਰਹੀ ਹੈ।
ਭਾਰਤ ਵਿਚਾਲੇ ਇਸ ਤਲਖ਼ੀ ''''ਤੇ ਕੈਨੇਡੀਅਨ ਮੀਡੀਆ ਅਤੇ ਉਨ੍ਹਾਂ ਦੇ ਨੇਤਾ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਕਿਹਾ ਜਾ ਰਿਹਾ ਹੈ ਕਿ ਕੈਨੇਡਾ ਭਾਰਤ ਦੇ ਖ਼ਿਲਾਫ਼ ਹੋਰ ਕਦਮ ਚੁੱਕ ਸਕਦਾ ਹੈ।
ਕੈਨੇਡਾ ਦੇ ਮੀਡੀਆ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਭਾਰਤ ''''ਤੇ ਕਾਰਵਾਈ ਤੋਂ ਪਹਿਲਾਂ ਉੱਥੋਂ ਦੇ ਖ਼ੂਫ਼ੀਆ ਅਧਿਕਾਰੀਆਂ ਤੇ ਕੌਮੀ ਸੁਰੱਖਿਆ ਸਲਾਹਕਾਰ ਤੱਕ ਇਨ੍ਹਾਂ ਇਲਜ਼ਾਮਾਂ ਦੇ ਸਿਲਸਿਲੇ ਵਿੱਚ ਭਾਰਤ ਆਏ ਸਨ।
ਇਸ ਸਾਲ 18 ਜੂਨ ਨੂੰ ਸਰੀ ਦੇ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਝਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਨਿੱਝਰ ਸਿੱਖਾਂ ਲਈ ਵੱਖਰੇ ਦੇਸ਼ ਖ਼ਾਲਿਸਤਾਨ ਦੀ ਮੰਗ ਦੇ ਜ਼ੋਰਦਾਰ ਸਮਰਥਕ ਸਨ।

ਟਰੂਡੋ ਨੇ ਜਨਤਕ ਕੀਤੀ ਜਾਂਚ?
ਜਸਟਿਨ ਟਰੂਡੋ ਨੇ ਭਾਰਤ ''''ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ, "ਪਿਛਲੇ ਕੁਝ ਹਫ਼ਤਿਆਂ ਤੋਂ, ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚਕਾਰ ਸੰਭਾਵਿਤ ਸਬੰਧਾਂ ਹੋਣ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀਆਂ ਹਨ।"
, "ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਰਮਿਆਨ ਸਬੰਧਾਂ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀਆਂ ਹਨ।"
"ਕੈਨੇਡਾ ਦੀ ਧਰਤੀ ''''ਤੇ ਉਸ ਦੇ ਕਿਸੇ ਨਾਗਰਿਕ ਦੇ ਕਤਲ ਵਿੱਚ ਵਿਦੇਸ਼ੀ ਭੂਮਿਕਾ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨਯੋਗ ਉਲੰਘਣਾ ਹੈ।"
ਟੋਰਾਂਟੋ ਸਟਾਰ ਨੇ ਇੱਕ ਵਿੱਚ ਦੇਸ਼ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਦੇ ਹਵਾਲੇ ਨਾਲ ਕਿਹਾ, "ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਅਤੇ ਖ਼ੂਫ਼ੀਆ ਸਲਾਹਕਾਰ, ਕੈਨੇਡੀਅਨ ਸੁਰੱਖਿਆ ਖ਼ੂਫੀਆ ਸੇਵਾ (ਸੀਐੱਸਆਈਐੱਸ) ਦੇ ਡਾਇਰੈਕਟਰ ਨੇ ਹਾਲ ਹੀ ਦੇ ਹਫਤਿਆਂ ਵਿੱਚ ਕਈ ਵਾਰ ਭਾਰਤ ਜਾ ਕੇ ਆਪਣੇ ਹਮਰੁਤਬਾ ਰੱਖਣ ਵਾਲਿਆਂ ਨਾਲ ਮਿਲੇ ਅਤੇ ਭਾਰਤੀ ਖ਼ੂਫ਼ੀਆ ਏਜੰਸੀਆਂ ਨਾਲ ਇਨ੍ਹਾਂ ਇਲਜ਼ਾਮਾਂ ''''ਤੇ ਸਵਾਲ ਕੀਤੇ।"
ਇਸੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟਰੂਡੋ ਵੱਲੋਂ ਇੱਕ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਵਿਦੇਸ਼ੀ ਭੂਮਿਕਾ ਨੂੰ ਜਨਤਕ ਕਰਨਾ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਲਿਬਰਲ ਪਾਰਟੀ ਦੀ ਸਰਕਾਰ ਕੈਨੇਡਾ ਵਿੱਚ ਵਿਦੇਸ਼ੀ ਦਖ਼ਲ ਦੇ ਇਲਜ਼ਾਮਾਂ ਨੂੰ ਲੈ ਕੇ ਕਿੰਨੇ ਦਬਾਅ ਹੇਠ ਹੈ।
ਇਸ ਦੇ ਨਾਲ ਹੀ, ਸੀਬੀਸੀ ਦੀ ਇੱਕ ਰਿਪੋਰਟ ਵਿੱਚ ਕੈਨੇਡਾ ਦੀ ਸਰਕਾਰ ਦੇ ਇੱਕ ਸੂਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਟਰੂਡੋ ਨੇ ਇਸ ਕਦਮ ਬਾਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਰਗੇ ਆਪਣੇ ਨੇੜਲੇ ਦੇਸ਼ਾਂ ਦੇ ਨੇਤਾਵਾਂ ਨੂੰ ਇਸ ਕਦਮ ਦੀ ਜਾਣਕਾਰੀ ਦਿੱਤੀ ਹੈ।

ਕੈਨੇਡਾ ਦੇ ਸਿੱਖ ਭਾਈਚਾਰੇ ਨੇ ਕੀ ਕਿਹਾ?
ਕੈਨੇਡਾ ‘ਚ ਸਿੱਖ ਭਾਈਚਾਰੇ ਨਾਲ ਜੁੜੇ ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਭਾਰਤ ‘ਤੇ ਲੱਗੇ ਇਲਜ਼ਾਮਾਂ ਤੋਂ ਹੈਰਾਨ ਨਹੀਂ ਹਨ।
ਨਿੱਝਰ ਦੇ ਕਤਲ ਤੋਂ ਬਾਅਦ ਵੈਨਕੂਵਰ ਦੇ ਸਿੱਖਾਂ ਨੇ ਭਾਰਤੀ ਕੌਂਸਲੇਟ (ਵਣਿਜ ਦੂਤਾਵਾਸ) ਦੇ ਸਾਹਮਣੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਨਿੱਝਰ ਦਾ ਕਤਲ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਦੁਖਦਾਈ ਮਿਸਾਲ ਹੈ।
ਸਿੱਖ ਪ੍ਰੈੱਸ ਐਸੋਸੀਏਸ਼ਨ ਦੇ ਬੁਲਾਰੇ , "ਸਾਨੂੰ ਆਸ ਹੈ ਕਿ ਇਸ ਨਾਲ ਭਾਰਤ ਵੱਲੋਂ ਕੈਨੇਡਾ ਦੇ ਹੋਰ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦੀ ਵੀ ਸਖ਼ਤ ਜਾਂਚ ਹੋਵੇਗੀ।"
ਨੇ ਕਿਹਾ ਹੈ ਕਿ ਨਿੱਝਰ ਆਪਣੇ ਕਤਲ ਤੋਂ ਪਹਿਲਾਂ ਵੀ "ਆਪਣੀ ਜਾਨ ਨੂੰ ਖ਼ਤਰੇ" ਤੋਂ ਬਚਾ ਚੁੱਕੇ ਸਨ।
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਭਾਰਤੀ ਖ਼ੂਫੀਆ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਡਬਲਿਊਐੱਸਓ ਨੇ ਕਿਹਾ ਹੈ, "ਕਈ ਹੋਰ ਕੈਨੇਡੀਅਨ ਸਿੱਖਾਂ ਦੀ ਜਾਨ ਵੀ ਖ਼ਤਰੇ ਵਿੱਚ ਹੈ ਅਤੇ ਭਾਰਤ ਦੀ ਹਿੱਟ ਲਿਸਟ ਵਿੱਚ ਹਨ।"
ਭਾਰਤ ਦੇ ਦੌਰੇ ਤੋਂ ਬਾਅਦ ਕਿਉਂ ਲਗਾਏ ਇਲਜ਼ਾਮ?
ਇਸ ਮਹੀਨੇ ਜਸਟਿਨ ਟਰੂਡੋ ਜੀ-20 ਸਿਖ਼ਰ ਸੰਮੇਲਨ ''''ਚ ਹਿੱਸਾ ਲੈਣ ਲਈ ਭਾਰਤ ਆਏ ਸਨ।
ਇਸ ਦੌਰੇ ਦੌਰਾਨ ਟਰੂਡੋ ਨਾਲ ਮੁਲਾਕਾਤ ਦੌਰਾਨ ਪੀਐੱਮ ਮੋਦੀ ਨੇ ਕੈਨੇਡਾ ਵਿੱਚ ਸਿੱਖ ਵੱਖਵਾਦੀ ਗਤੀਵਿਧੀਆਂ ਅਤੇ ਭਾਰਤੀ ਡਿਪਲੋਮੈਟਾਂ ''''ਤੇ ਹਮਲਿਆਂ ਦਾ ਮੁੱਦਾ ਚੁੱਕਿਆ ਸੀ।
ਹਾਲਾਂਕਿ, ਟਰੂਡੋ ਦੀ ਭਾਰਤ ਫੇਰੀ ਨੂੰ ਲੈ ਕੇ ਕੈਨੇਡਾ ਵਿੱਚ ਵੀ ਉਨ੍ਹਾਂ ਦੀ ਆਲੋਚਨਾ ਹੋਈ ਸੀ। ਉਸੇ ਵੇਲੇ ਕਿਹਾ ਜਾ ਰਿਹਾ ਸੀ ਕਿ ਭਾਰਤ ਸਰਕਾਰ ਨੇ ਟਰੂਡੋ ਪ੍ਰਤੀ ਉਦਾਸੀਨ ਰਵੱਈਆ ਦਿਖਾਇਆ ਹੈ।
ਪਾਕਿਸਤਾਨੀ ਮੂਲ ਦੇ ਕੈਨੇਡੀਅਨ ਪੱਤਰਕਾਰ ਤਾਹਿਰ ਗੋਰਾ ਨੇ ਨਿੱਝਰ ਦੇ ਕਤਲ ਸਬੰਧੀ ਟਰੂਡੋ ਦੇ ਦਾਅਵਿਆਂ ਦੇ ਸਮੇਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਤਾਹਿਰ ਗੋਰਾ ਨੂੰ ਭਾਰਤ ਦੇ ਸਮਰਥਕ ਵਜੋਂ ਦੇਖਿਆ ਜਾਂਦਾ ਹੈ।
ਨੇ ਇੱਕ ਮੀਡੀਆ ਹਾਊਸ ਦੇ ਵੀਡੀਓ ਚੈਟ ਸ਼ੋਅ ਵਿੱਚ ਕਿਹਾ, "ਅਸੀਂ ਸਾਰੇ ਜਾਣਦੇ ਹਾਂ ਕਿ ਟਰੂਡੋ ਦਾ ਭਾਰਤ ਦੌਰਾ ਕੁਝ ਖ਼ਾਸ ਨਹੀਂ ਰਿਹਾ। ਪਰ ਉਨ੍ਹਾਂ ਨੇ ਜੋ ਇਲਜ਼ਾਮ ਲਾਏ ਹਨ, ਉਸ ਦਾ ਸਮਾਂ ਸਾਡੇ ਸਾਰੇ ਕੈਨੇਡਾ ਵਾਸੀਆਂ ਲਈ ਹੈਰਾਨ ਕਰਨ ਵਾਲੇ ਹਨ।"
"ਇਹ ਗੱਲ ਉਹ ਦੋ ਹਫ਼ਤੇ ਪਹਿਲਾਂ ਜਾਂ ਇੱਕ ਹਫ਼ਤੇ ਬਾਅਦ ਵੀ ਆਖ ਸਕਦੇ ਸਨ।"
ਉਨ੍ਹਾਂ ਦਾ ਕਹਿਣਾ ਹੈ, "ਭਾਰਤ ਤੋਂ ਪਰਤਦਿਆਂ ਹੀ ਇਹ ਇਲਜ਼ਾਮ ਕਿਉਂ ਲਾਏ ਗਏ ਹਨ? ਆਖ਼ਰਕਾਰ ਭਾਰਤ ਕੈਨੇਡਾ ਦੇ ਲੋਕਾਂ ਦਾ ਸ਼ੁਭਚਿੰਤਕ ਹੈ ਅਤੇ ਕੈਨੇਡਾ ਵੀ ਭਾਰਤ ਦੇ ਹਿੱਤਾਂ ਬਾਰੇ ਸੋਚਦਾ ਹੈ।"
"ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਈ ਵਾਰ ਚੀਨ ਅਤੇ ਰੂਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਪਰ ਭਾਰਤ ਨੂੰ ਲੈ ਕੇ ਇੰਨੀ ਵੱਡੀ ਜਾਣਕਾਰੀ, ਨਿੱਝਰ ਦੀ ਹੱਤਿਆ ਦੇ ਤਿੰਨ ਮਹੀਨੇ ਬਾਅਦ ਦੇਣਾ ਬਹੁਤ ਹੈਰਾਨੀਜਨਕ ਹੈ।"
ਉਨ੍ਹਾਂ ਕਿਹਾ ਕਿ ਸਾਲਾਂ ਪੁਰਾਣੇ ਕੇਸਾਂ ਦੀ ਜਾਂਚ ਅੱਜ ਤੱਕ ਪੂਰੀ ਨਹੀਂ ਹੋ ਸਕੀ ਪਰ ਇਸ ਕੇਸ ਦੀ ਜਾਂਚ ਸਿਰਫ਼ ਤਿੰਨ ਮਹੀਨਿਆਂ ਵਿੱਚ ਕਿਵੇਂ ਮੁਕੰਮਲ ਹੋ ਗਈ?

ਕੈਨੇਡਾ ਨੇ ਭਾਰਤ ''''ਤੇ ਕਿਉਂ ਲਾਇਆ ਇਲਜ਼ਾਮ?
ਇਸ ਸਾਲ ਜੂਨ ਵਿੱਚ ਕੈਨੇਡਾ ਵਿੱਚ 45 ਸਾਲਾ ਖ਼ਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ।
ਇਹ ਘਟਨਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਵਾਪਰੀ ਸੀ।
ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ ਅਤੇ ਭਾਰਤ ਸਰਕਾਰ ਦੀ ''''ਵਾਂਟੇਡ'''' ਸੂਚੀ ਵਿੱਚ ਸ਼ਾਮਲ ਸਨ।
ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ।
ਭਾਰਤ ਸਰਕਾਰ ਮੁਤਾਬਕ ਨਿੱਝਰ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੈਂਬਰ ਸਨ।
ਉਹ ਖ਼ਾਲਿਸਤਾਨ ਟਾਈਗਰ ਫੋਰਸ ਨੂੰ ਆਪਰੇਸ਼ਨਾਂ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।
ਸਵਾਲ ਇਹ ਹੈ ਕਿ ਨਿੱਝਰ ਦੇ ਕਤਲ ਦੇ ਤਿੰਨ ਮਹੀਨੇ ਬਾਅਦ ਕੈਨੇਡਾ ਨੇ ਭਾਰਤ ਸਰਕਾਰ ''''ਤੇ ਇਲਜ਼ਾਮ ਕਿਉਂ ਲਾਏ ਹਨ।
ਦੇ ਇੱਕ ਸ਼ੋਅ ਵਿੱਚ ਸਾਬਕਾ ਸੀਐੱਸਆਈਐੱਸ ਵਿਸ਼ਲੇਸ਼ਕ ਜੈਸਿਕਾ ਡੇਵਿਸ ਨੇ ਇਸ ਦਾ ਕਾਰਨ ਦੱਸਿਆ ਹੈ।
ਉਹ ਕਹਿੰਦੀ ਹੈ, "ਇਹ ਅਚਾਨਕ ਨਹੀਂ ਹੋਇਆ। ਮੈਨੂੰ ਲੱਗਦਾ ਹੈ ਕਿ ਸ਼ਾਇਦ ਸਮਾਨੰਤਰ ਜਾਂਚ ਚੱਲ ਰਹੀ ਸੀ।"
"ਇੱਕ ਪਾਸੇ ਕਤਲ ਦੀ ਜਾਂਚ ਹੋ ਰਹੀ ਸੀ ਅਤੇ ਦੂਜੇ ਪਾਸੇ ਸੁਰੱਖਿਆ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਸਨ ਕਿ ਕੀ ਇਸ ਪਿੱਛੇ ਕੋਈ ਵਿਦੇਸ਼ੀ ਤਾਕਤ ਹੈ? ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ।"

ਕੈਨੇਡਾ ਦੇ ਵਿਸ਼ਲੇਸ਼ਕਾਂ ਇਹ ਵੀ ਮੰਨ ਰਹੇ ਹਨ ਕਿ ਭਾਵੇਂ ਪਿਛਲੇ ਸਮੇਂ ਵਿੱਚ ਕਈ ਦੇਸ਼ਾਂ ਦੇ ਕੂਟਨੀਤਕਾਂ ਨੂੰ ਕੱਢ ਦਿੱਤਾ ਗਿਆ ਹੋਵੇ, ਪਰ ਸੰਸਦ ਵਿੱਚ ਪ੍ਰਧਾਨ ਮੰਤਰੀ ਦਾ ਕਿਸੇ ਦੇਸ਼ ''''ਤੇ ਕਤਲ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਉਣਾ ਹੈਰਾਨ ਕਰਦਾ ਹੈ।
ਹਾਲਾਂਕਿ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਵਿਰੋਧੀ ਆਗੂਆਂ ਦਾ ਭਾਰਤ ਖ਼ਿਲਾਫ਼ ਇਸ ਕਾਰਵਾਈ ਵਿੱਚ ਸਮਰਥਨ ਮਿਲ ਰਿਹਾ ਹੈ।
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਵੇਅਰ ਅਤੇ ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਟਰੂਡੋ ਦੇ ਇਲਜ਼ਾਮਾਂ ਦਾ ਬਚਾਅ ਕੀਤਾ ਅਤੇ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ।
ਪੋਲੀਵੇਅਰ ਨੇ ਕਿਹਾ, "ਜੇਕਰ ਇਹ ਇਲਜ਼ਾਮ ਸੱਚ ਹਨ, ਤਾਂ ਇਹ ਕੈਨੇਡਾ ਦੀ ਪ੍ਰਭੂਸੱਤਾ ਦੀ ਸਖ਼ਤ ਉਲੰਘਣਾ ਹੈ। ਅਸੀਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ਕਤਲ ਦੀ ਜਾਂਚ ਵਿੱਚ ਪਾਰਦਰਸ਼ਤਾ ਨਾਲ ਸਹਿਯੋਗ ਕਰਨ, ਕਿਉਂਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਕਤਲ ਕਿਸ ਨੇ ਕਰਵਾਇਆ ਹੈ ਅਤੇ ਇਸ ਦੇ ਪਿੱਛੇ ਕੌਣ ਹੈ।"
ਉੱਥੇ ਹੀ ਐੱਨਡੀਪੀ ਨੇਤਾ ਨੇ ਭਾਰਤ ਨੂੰ ਲੈ ਕੇ ਕਈ ਦਾਅਵੇ ਕੀਤੇ ਹਨ।
ਉਨ੍ਹਾਂ ਨੇ ਕਿਹਾ, "ਮੈਂ ਅਜਿਹੀਆਂ ਕਈ ਕਹਾਣੀਆਂ ਸੁਣ ਕੇ ਵੱਡਾ ਹੋਇਆ ਹਾਂ ਕਿ ਜੇਕਰ ਕਿਸੇ ਨੇ ਭਾਰਤ ''''ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ''''ਤੇ ਚਿੰਤਾ ਪ੍ਰਗਟ ਕੀਤੀ ਤਾਂ ਹੋ ਸਕਦਾ ਹੈ ਕਿ ਉਸ ਨੂੰ ਉਥੋਂ ਦਾ ਵੀਜ਼ਾ ਨਾ ਦਿੱਤਾ ਜਾਵੇ ਅਤੇ ਜੇਕਰ ਉਹ ਭਾਰਤ ਵਾਪਸ ਚਲੇ ਗਏ ਤਾਂ ਉਨ੍ਹਾਂ ਨੂੰ ਹਿੰਸਾ, ਪਰੇਸ਼ਾਨੀ ਅਤੇ ਇੱਥੋਂ ਤੱਕ ਕਤਲ ਵੀ ਹੋ ਸਕਦਾ ਹੈ।"
"ਪਰ ਅੱਜ ਪ੍ਰਧਾਨ ਮੰਤਰੀ ਵੱਲੋਂ ਇੱਕ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਸੰਭਾਵਿਤ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਜੋ ਇਲਜ਼ਾਮ ਲਾਇਆ ਗਿਆ, ਉਹ ਮੈਂ ਕਦੇ ਸੋਚਿਆ ਵੀ ਨਹੀਂ ਸੀ। ਹੁਣ ਵੇਲਾ ਆ ਗਿਆ ਹੈ ਜਦੋਂ ਸਾਨੂੰ ਇੱਕ ਲੋਕਤੰਤਰ ਹੋਣ ਦੇ ਨਾਤੇ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ।"

ਕੈਨੇਡਾ ਤੇ ਭਾਰਤ ਨੇ ਕੀ ਕਿਹਾ?
ਸੋਮਵਾਰ ਨੂੰ ਕੈਨੇਡਾ ਸੰਸਦ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, "ਕੈਨੇਡਾ ਦੀਆਂ ਏਜੰਸੀਆਂ ਪੁਖਤਾ ਤੌਰ ''''ਤੇ ਪਤਾ ਕੀਤਾ ਹੈ ਕਿ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ।"
ਜਸਟਿਨ ਟਰੂਡੋ ਨੇ ਸੰਸਦ ਵਿੱਚ ਦੱਸਿਆ, "ਪਿਛਲੇ ਕੁਝ ਹਫ਼ਤਿਆਂ ਤੋਂ, ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚਕਾਰ ਸੰਭਾਵੀ ਸਬੰਧਾਂ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀਆਂ ਹਨ।"
"ਕੈਨੇਡਾ ਵਿੱਚ ਕਾਨੂੰਨ ਦਾ ਰਾਜ ਚੱਲਦਾ ਹੈ। ਸਾਡੇ ਨਾਗਰਿਕਾਂ ਅਤੇ ਸਾਡੀ ਪ੍ਰਭੂਸੱਤਾ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।"
ਕੈਨੇਡਾ ਦੇ ਪੀਐੱਮ ਨੇ ਕਿਹਾ ਕਿ ਉਨ੍ਹਾਂ ਨੇ ਜੀ-20 ਸੰਮੇਲਨ ਦੌਰਾਨ ਪੀਐੱਮ ਮੋਦੀ ਕੋਲ ਵੀ ਇਹ ਮੁੱਦਾ ਚੁੱਕਿਆ ਸੀ।
ਉਨ੍ਹਾਂ ਕਿਹਾ, "ਸਾਡੀਆਂ ਦੋ ਪ੍ਰਮੁੱਖ ਤਰਜੀਹਾਂ ਰਹੀਆਂ ਹਨ। ਪਹਿਲੀ, ਸਾਡੇ ਕਾਨੂੰਨ ਦੀ ਪਾਲਣਾ ਤੇ ਸੁਰੱਖਿਆ ਏਜੰਸੀਆਂ ਸਾਰੇ ਕੈਨੇਡਾ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੂਜਾ, ਕਿ ਇਸ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ।"
"ਕੈਨੇਡਾ ਨੇ ਭਾਰਤ ਦੇ ਮੋਹਰੀ ਖ਼ੂਫੀਆ ਅਤੇ ਸੁਰੱਖਿਆ ਅਧਿਆਕਾਰੀਆਂ ਨੂੰ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾ ਦਿੱਤਾ ਸੀ।"
ਟਰੂਡੋ ਨੇ ਕਿਹਾ, "ਸਾਡੇ ਦੇਸ਼ ਦੀ ਜ਼ਮੀਨ ''''ਤੇ ਕੈਨੇਡਾ ਦੇ ਨਾਗਰਿਕ ਦੇ ਕਤਲ ਪਿੱਛੇ ਕਿਸੇ ਵਿਦੇਸ਼ੀ ਸਰਕਾਰ ਦਾ ਹੱਥ ਹੋਣਾ ਅਸਵੀਕਾਰਨਯੋਗ ਹੈ ਅਤੇ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਹੈ।"
ਇਸ ਬਿਆਨ ਦੇ 24 ਘੰਟਿਆਂ ਦੇ ਅੰਦਰ ਪਹਿਲਾਂ ਕੈਨੇਡਾ ਨੇ ਭਾਰਤੀ ਕੂਟਨੀਤਕ ਨੂੰ ਕੱਢ ਦਿੱਤਾ ਅਤੇ ਫਿਰ ਭਾਰਤ ਨੇ ਕੈਨੇਡੀਅਨ ਕੂਟਨੀਤਕ ਨੂੰ ਕੱਢ ਦਿੱਤਾ।
ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ।
ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਅਸੀਂ ਜਮਹੂਰੀ ਮੁਲਕ ਹਾਂ ਅਤੇ ਕਾਨੂੰਨ ਮੁਤਾਬਕ ਚੱਲਣ ਦੀ ਸਾਡੀ ਵਚਨਬੱਧਤਾ ਹੈ।’’
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)