ਭਾਰਤ - ਕੈਨੇਡਾ ਵਿਚਾਲੇ ਵਾਰ-ਪਲਟਵਾਰ, ਜਸਟਿਨ ਟਰੂਡੋ ਅਤੇ ਪੀਐੱਮ ਮੋਦੀ ਦੇ ਕਿਹੋ-ਜਿਹੇ ਸਬੰਧ ਰਹੇ ਹਨ

Tuesday, Sep 19, 2023 - 04:32 PM (IST)

ਭਾਰਤ - ਕੈਨੇਡਾ ਵਿਚਾਲੇ ਵਾਰ-ਪਲਟਵਾਰ, ਜਸਟਿਨ ਟਰੂਡੋ ਅਤੇ ਪੀਐੱਮ ਮੋਦੀ ਦੇ ਕਿਹੋ-ਜਿਹੇ ਸਬੰਧ ਰਹੇ ਹਨ
ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ
Getty Images
ਭਾਰਤ ਅਤੇ ਕੈਨੇਡਾ ਵਿਚਾਲੇ ਪਹਿਲੀ ਵਾਰ ਤਲਖ਼ੀ ਨਜ਼ਰ ਨਹੀਂ ਆ ਰਹੀ ਹੈ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ’ਚ ਤਣਾਅ ਹੱਦ ਤੋਂ ਪਰਾਂ ਪਹੁੰਚ ਗਿਆ ਹੈ।

ਪਹਿਲਾਂ ਕੈਨੇਡੀਅਨ ਸਰਕਾਰ ਨੇ ਭਾਰਤੀ ਸਫ਼ੀਰ ਪਵਨ ਕੁਮਾਰ ਰਾਏ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ ਅਤੇ ਹੁਣ ਭਾਰਤ ਸਰਕਾਰ ਨੇ ਵੀ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਤੋਂ ਇੱਕ ਸੀਨੀਅਰ ਰਾਜਦੂਤ ਨੂੰ ਕੱਢਣ ਦਾ ਫ਼ੈਸਲਾ ਕੀਤਾ ਹੈ।

ਟਰੂਡੋ ਦੇ ਬਿਆਨ ਨੂੰ ਰੱਦ ਕਰਦਿਆਂ ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, "ਸਬੰਧਤ ਰਾਜਦੂਤ ਨੂੰ ਅਗਲੇ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ। ਇਹ ਫ਼ੈਸਲਾ ਸਾਡੇ ਅੰਦਰੂਨੀ ਮਾਮਲਿਆਂ ’ਚ ਕੈਨੇਡੀਅਨ ਰਾਜਦੂਤਾਂ ਦੀ ਦਖ਼ਲਅੰਦਾਜ਼ੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ’ਚ ਉਨ੍ਹਾਂ ਦੀ ਭਾਗੀਦਾਰੀ ’ਤੇ ਭਾਰਤ ਸਰਕਾਰ ਦੀ ਵਧ ਰਹੀ ਚਿੰਤਾ ਨੂੰ ਦਰਸਾਉਂਦਾ ਹੈ।”

ਇਸ ਤੋਂ ਪਹਿਲਾਂ ਕੈਨੇਡੀਅਨ ਸੰਸਦ ’ਚ ਟਰੂਡੋ ਨੇ ਕਿਹਾ ਸੀ, “ਸਾਡੇ ਦੇਸ਼ ਦੀ ਧਰਤੀ ’ਤੇ ਕੈਨੇਡੀਅਨ ਨਾਗਰਿਕ ਦੇ ਕਤਲ ਦੇ ਪਿੱਛੇ ਕਿਸੇ ਵਿਦੇਸ਼ੀ ਸਰਕਾਰ ਦਾ ਹੱਥ ਹੋਣਾ ਬਿਲਕੁਲ ਵੀ ਸਵੀਕਾਰਨਯੋਗ ਨਹੀਂ ਹੈ ਅਤੇ ਇਹ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਵੀ ਹੈ।”

ਇਸ ਸਾਲ 18 ਜੂਨ ਨੂੰ ਨਿੱਝਰ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਭਾਰਤ ਸਰਕਾਰ ਨਿੱਝਰ ਨੂੰ ''''ਅੱਤਵਾਦੀ'''' ਅਤੇ ''''ਵੱਖਵਾਦੀ'''' ਜਥੇਬੰਦੀਆਂ ਦਾ ਮੁਖੀ ਦੱਸਦੀ ਰਹੀ ਹੈ ਪਰ ਦੂਜੇ ਪਾਸੇ ਨਿੱਝਰ ਦੇ ਸਮਰਥਕ ਇੰਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹਨ।

ਭਾਰਤ ਅਤੇ ਕੈਨੇਡਾ ਵਿਚਾਲੇ ਇਹ ਸਥਿਤੀ ਕੋਈ ਪਹਿਲੀ ਵਾਰ ਨਹੀਂ ਬਣੀ ਹੈ, ਜਦੋਂ ਦੋਵੇਂ ਧਿਰਾਂ ਤਲਖ਼ ਵਿਖਾਈ ਦੇ ਰਹੀਆਂ ਹਨ।

ਹਰਦੀਪ ਸਿੰਘ ਨਿੱਝਰ
FB/VIRSA SINGH VALTOHA
ਹਰਦੀਪ ਸਿੰਘ ਨਿੱਝਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ) ਦੇ ਪ੍ਰਧਾਨ ਸਨ

ਮੋਦੀ ਅਤੇ ਟਰੂਡੋ ਦਾ ਸੱਤਾ ’ਚ ਆਉਣਾ

ਜਸਟਿਨ ਟਰੂਡੋ ਅਤੇ ਪੀਐੱਮ ਮੋਦੀ ਵਿਚਾਲੇ ਦੂਰੀਆਂ ਵਧਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕਿਹਾ ਜਾਂਦਾ ਹੈ ਕਿ ਦੋਵੇਂ ਮੁਲਕਾਂ ਦੇ ਮੁਖੀਆਂ ਦਰਮਿਆਨ ਸਬੰਧ ਕਦੇ ਵੀ ਸੁਖਾਲੇ ਨਹੀਂ ਰਹੇ ਹਨ।

ਮੋਦੀ ਮਈ 2014 ’ਚ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਜਸਟਿਨ ਟਰੂਡੋ ਨੇ ਅਕਤੂਬਰ 2015 ’ਚ ਪਹਿਲੀ ਵਾਰ ਦੇਸ਼ ਦੀ ਕਮਾਨ ਸੰਭਾਲੀ ਸੀ।

ਸਾਲ 2019 ’ਚ ਵੀ ਮੋਦੀ ਨੇ ਦੂਜੀ ਵਾਰ ਕਾਰਜਕਾਲ ਸੰਭਾਲਿਆ ਅਤੇ ਟਰੂਡੋ ਨੂੰ ਵੀ ਅਕਤੂਬਰ 2019 ’ਚ ਦੂਜੇ ਕਾਰਜਕਾਲ ਲਈ ਚੁਣਿਆ ਗਿਆ ਸੀ।

ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ ਆਪਣੇ ਆਪ ਨੂੰ ਉਦਾਰਵਾਦੀ ਲੋਕਤੰਤਰੀ ਦੱਸਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਭਾਜਪਾ ਦੀ ਪਛਾਣ ਹਿੰਦੂਤਵ ਅਤੇ ਸੱਜੇਪੱਖੀ ਰਾਸ਼ਟਰਵਾਦੀ ਵੱਜੋਂ ਹੁੰਦੀ ਹੈ।

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਅਪ੍ਰੈਲ 2015 ’ਚ ਕੈਨੇਡਾ ਦਾ ਦੋ ਦਿਨਾਂ ਦਾ ਦੌਰਾ ਕੀਤਾ ਸੀ। ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਨ, ਜੋ ਕਿ ਕੰਜ਼ਰਵੇਟਿਵ ਪਾਰਟੀ ਨਾਲ ਸਬੰਧ ਰੱਖਦੇ ਸਨ ।

2010 ’ਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ-20 ਸੰਮੇਲਨ ’ਚ ਸ਼ਾਮਲ ਹੋਣ ਲਈ ਕੈਨੇਡਾ ਗਏ ਸਨ। ਪਰ ਸੰਮੇਲਨ ਤੋਂ ਇਲਾਵਾ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੈਨੇਡਾ ਫੇਰੀ 42 ਸਾਲਾਂ ਬਾਅਦ ਉਸ ਸਮੇਂ ਸੰਭਵ ਹੋਈ ਜਦੋਂ ਪੀਐੱਮ ਮੋਦੀ 2015 ’ਚ ਕੈਨੇਡਾ ਦੇ ਦੌਰੇ ’ਤੇ ਗਏ ਸਨ।

ਜਦੋਂ ਦੇ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ ਹਨ ਉਦੋਂ ਤੋਂ ਪੀਐੱਮ ਮੋਦੀ ਕੈਨੇਡਾ ਨਹੀਂ ਗਏ ਹਨ।

ਜੀ-20 ਸੰਮੇਲਨ ਅਤੇ ਭਾਰਤ ਅਤੇ ਕੈਨੇਡਾ ਦਰਮਿਆਨ ਦੂਰੀਆਂ

ਦੋਵੇਂ ਮੁਲਕਾਂ ਦਰਮਿਆਨ ਤਾਜ਼ੇ ਵਿਵਾਦ ਦੀ ਸ਼ੁਰੂਆਤ ਜੀ-20 ਸੰਮੇਲਨ ਦੌਰਾਨ ਹੋ ਗਈ ਸੀ।

9-10 ਸਤੰਬਰ ਨੂੰ ਦਿੱਲੀ ’ਚ ਜੀ-20 ਸੰਮੇਲਨ ਦਾ ਆਯੋਜਨ ਹੋਇਆ ਸੀ। ਇਸ ਸੰਮੇਲਨ ’ਚ ਸ਼ਮੂਲੀਅਤ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵੀ ਦਿੱਲੀ ਆਏ ਸਨ।

ਸੰਮੇਲਨ ਦੌਰਾਨ ਅਧਿਕਾਰਤ ਸਵਾਗਤ ਦੌਰਾਨ ਟਰੂਡੋ ਨਰਿੰਦਰ ਮੋਦੀ ਨਾਲ ਹੱਥ ਮਿਲਾਉਂਦੇ ਹੋਏ ਜਲਦੀ ਨਾਲ ਉੱਥੋਂ ਨਿਕਲਦੇ ਹੋਏ ਵਿਖਾਈ ਦਿੱਤੇ।

ਇਸ ਤਸਵੀਰ ਨੂੰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਪੈਦਾ ਹੋਏ ‘ਤਣਾਅ’ ਵੱਜੋਂ ਵੇਖਿਆ ਜਾ ਰਿਹਾ ਹੈ।

ਟਰੂਡੋ ਅਤੇ ਪੀਐੱਮ ਮੋਦੀ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਈ ਸੀ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਬੈਠਕ ਵਧੇਰੇ ਕਾਰਗਰ ਸਿੱਧ ਨਹੀਂ ਹੋਈ।

ਭਾਰਤੀ ਪ੍ਰਧਾਨ ਮੰਤਰੀ ਮੋਦੀ ਕੈਨੇਡਾ ’ਚ ਸਿੱਖ ਵੱਖਵਾਦੀਆਂ ਦੇ ‘ਅੰਦੋਲਨ’ ਅਤੇ ਭਾਰਤੀ ਰਾਜਦੂਤਾਂ ਦੇ ਵਿਰੁੱਧ ਹਿੰਸਾ ਭੜਕਾਉਣ ਦੀਆਂ ਘਟਨਾਵਾਂ ਤੋਂ ਨਾਰਾਜ਼ ਸਨ। ਜਦਕਿ ਟਰੂਡੋ ਦਾ ਕਹਿਣਾ ਸੀ ਕਿ ਭਾਰਤ ਕੈਨੇਡਾ ਦੀ ਅੰਦਰੂਨੀ ਰਾਜਨੀਤੀ ’ਚ ਦਖ਼ਲਅੰਦਾਜ਼ੀ ਦੇ ਰਿਹਾ ਹੈ।

ਕੋਟ
BBC

ਭਾਰਤ ਸਰਕਾਰ ਨੇ ਇਸ ਗੱਲਬਾਤ ਤੋਂ ਬਾਅਦ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ, “ਜੀ-20 ਦੌਰਾਨ ਹੋਈ ਬੈਠਕ ’ਚ ਪੀੱਐਮ ਮੋਦੀ ਨੇ ਟਰੂਡੋ ਨੂੰ ਕਿਹਾ ਹੈ ਕਿ ਦੋਵਾਂ ਮੁਲਕਾਂ ਦੇ ਸਬੰਧਾਂ ’ਚ ਤਰੱਕੀ ਦੇ ਲਈ ‘ਆਪਸੀ ਸਨਮਾਨ ਅਤੇ ਵਿਸ਼ਵਾਸ’ ਬਹੁਤ ਜ਼ਰੂਰੀ ਹੈ।"

"ਸਿੱਖ ਅੰਦੋਲਨ ਵੱਖਵਾਦ ਨੂੰ ਉਤਸ਼ਾਹਤ ਕਰਦਾ ਹੈ ਅਤੇ ਭਾਰਤੀ ਰਾਜਦੂਤਾਂ ਦੇ ਖ਼ਿਲਾਫ਼ ਹਿੰਸਾ ਨੂੰ ਵੀ ਉਕਸਾਉਂਦਾ ਹੈ।”

ਪੀਐੱਮ ਮੋਦੀ ਨੇ ਕੈਨੇਡਾ ’ਚ ਵੱਖਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਸੀ।

ਜਸਟਿਨ ਟਰੂਡੋ ਨੇ ਕਿਹਾ ਸੀ ਕਿ ਭਾਰਤ ਕੈਨੇਡਾ ਦੀ ਘਰੇਲੂ ਸਿਆਸਤ ’ਚ ਦਖ਼ਲਅੰਦਾਜ਼ੀ ਨਾ ਦੇਵੇ।

ਟਰੂਡੋ ਨੇ ਕੈਨੇਡੀਅਨ ਸੰਸਦ ’ਚ ਕਿਹਾ ਸੀ ਕਿ ਦਿੱਲੀ ’ਚ ਉੱਚ ਪੱਧਰ ’ਤੇ ਨਿੱਝਰ ਦੇ ਕਤਲ ਮਾਮਲੇ ਨੂੰ ਚੁੱਕਿਆ ਗਿਆ ਸੀ।

ਜੀ-20 ਸੰਮੇਲਨ ਮੁਕੰਮਲ ਹੋਣ ਤੋਂ ਜਸਟਿਨ ਟਰੂਡੋ ਤੁਰੰਤ ਕੈਨੇਡਾ ਵਾਪਸ ਨਹੀਂ ਪਰਤ ਸਕੇ ਸਨ। ਦਰਅਸਲ ਉਨ੍ਹਾਂ ਦੇ ਨਿੱਜੀ ਜਹਾਜ਼ ’ਚ ਤਕਨੀਕੀ ਖ਼ਰਾਬੀ ਆ ਗਈ ਸੀ ਅਤੇ ਉਨ੍ਹਾਂ ਨੂੰ 2 ਦਿਨਾਂ ਤੱਕ ਦਿੱਲੀ ਹੀ ਰੁਕਣਾ ਪਿਆ ਸੀ।

ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਇਸ ਦੌਰਾਨ ਭਾਰਤ ਨੇ ‘ਏਅਰ ਇੰਡੀਆ ਵਨ’ ਦੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਆਪਣੇ ਜਹਾਜ਼ ਦੇ ਹੀ ਠੀਕ ਹੋਣ ਦਾ ਇੰਤਜ਼ਾਰ ਕਰਨਾ ਬਿਹਤਰ ਸਮਝਿਆ।

ਸਮਾਚਾਰ ਏਜੰਸੀ ਏਐੱਨਆਈ ’ਚ ਪ੍ਰਕਾਸ਼ਿਤ ਇੱਕ ਰਿਪੋਰਟ ’ਚ ਵੀ ਕਿਹਾ ਗਿਆ ਹੈ ਕਿ ਕੈਨੇਡਾ ਨੇ ਭਾਰਤ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਇੰਤਜ਼ਾਰ ਕਰਨ ਨੂੰ ਤਰਜੀਹ ਦਿੱਤੀ।

ਟਰੂਡੋ ਦੇ ਵਤਨ ਪਰਤਣ ਤੋਂ ਬਾਅਦ 15 ਸਤੰਬਰ ਨੂੰ ਕੈਨੇਡਾ ਨੇ ਭਾਰਤ ਦੇ ਨਾਲ ਦੁਵੱਲੇ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਰੋਕ ਦਿੱਤੀ ਸੀ।

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ
Reuters
ਸਾਲ 2019 ’ਚ ਵੀ ਮੋਦੀ ਨੇ ਦੂਜੀ ਵਾਰ ਕਾਰਜਕਾਲ ਸੰਭਾਲਿਆ ਅਤੇ ਟਰੂਡੋ ਨੂੰ ਵੀ ਅਕਤੂਬਰ 2019 ’ਚ ਦੂਜੇ ਕਾਰਜਕਾਲ ਲਈ ਚੁਣਿਆ ਗਿਆ ਸੀ

ਟਰੂਡੋ ਦਾ ਦੌਰਾ ਪਹਿਲਾਂ ਵੀ ਵਿਵਾਦਾਂ ’ਚ ਰਿਹਾ ਸੀ

ਮੋਦੀ ਦੇ ਪੀਐੱਮ ਰਹਿੰਦੇ ਹੋਏ ਜਸਟਿਨ ਟਰੂਡੋ ਸਾਲ 2018 ’ਚ ਪਹਿਲੀ ਵਾਰ ਭਾਰਤ ਆਏ ਸਨ ਅਤੇ ਉਸ ਸਮੇਂ ਵੀ ਉਨ੍ਹਾਂ ਦਾ ਦੌਰਾ ਕਾਫ਼ੀ ਵਿਵਾਦਾਂ ’ਚ ਘਿਰਿਆ ਰਿਹਾ ਸੀ।

2018 ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ 7 ਦਿਨਾਂ ਦੇ ਦੌਰੇ ’ਤੇ ਭਾਰਤ ਆਏ ਸਨ। ਉਸ ਸਮੇਂ ਵਿਦੇਸ਼ੀ ਮੀਡੀਆ ਨੇ ਆਪਣੀਆਂ ਰਿਪੋਰਟਾਂ ’ਚ ਕਿਹਾ ਸੀ ਕਿ ਟਰੂਡੋ ਦੇ ਸਵਾਗਤ ’ਚ ਭਾਰਤ ਨੇ ਉਦਾਸੀਨਤਾ ਵਿਖਾਈ ਹੈ।

ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਭਾਰਤ ਨੇ ਅਜਿਹਾ ਕੈਨੇਡਾ ਦੀ ਸਿੱਖ ਵੱਖਵਾਦੀਆਂ ਪ੍ਰਤੀ ਹਮਦਰਦੀ ਵਾਲੇ ਰਵੱਈਏ ਕਰਕੇ ਕੀਤਾ ਸੀ।

ਉਸ ਸਮੇਂ ਵੀ ਟਰੂਡੋ ਦੇ ਭਾਰਤ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ।

ਇਨ੍ਹਾਂ ਤਸਵੀਰਾਂ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਗਿਆ ਸੀ ਕਿ ਪੀਐੱਮ ਮੋਦੀ ਦਿੱਲੀ ਹਵਾਈ ਅੱਡੇ ’ਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਇਜ਼ਰਾਈਲ ਦੇ ਪੀਐੱਮ ਬੈਂਜਾਮਿਨ ਨੇਤਨਯਾਹੂ ਤੇ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਜ਼ਾਦੇ (ਕਰਾਊਨ ਪ੍ਰਿੰਸ) ਦੇ ਸਵਾਗਤ ਲਈ ਉਨ੍ਹਾਂ ਨੂੰ ਗਲੇ ਲਗਾਉਣ ਲਈ ਨਜ਼ਰ ਆਉਂਦੇ ਹਨ ਜਦਕਿ ਜਸਟਿਨ ਟਰੂਡੋ ਦੇ ਸਵਾਗਤ ਲਈ ਇੱਕ ਜੂਨੀਅਰ ਮੰਤਰੀ ਨੂੰ ਭੇਜਿਆ ਗਿਆ ਸੀ।

ਕੈਨੇਡੀਅਨ ਪੀਐੱਮ ਪਰਿਵਾਰ ਸਮੇਤ ਤਾਜ ਮਹਿਲ ਵੇਖਣ ਗਏ ਤਾਂ ਉਹ ਵੀ ਗੁੰਮਨਾਮ ਹੀ ਰਿਹਾ।

ਇਸ ਦੀ ਤੁਲਨਾ ਇਜ਼ਰਾਈਲ ਦੇ ਪੀਐੱਮ ਨੇਤਨਯਾਹੂ ਦੇ ਤਾਜ ਮਹਿਲ ਦੇ ਦੌਰੇ ਨਾਲ ਕੀਤੀ ਗਈ ਸੀ, ਜਿੰਨ੍ਹਾਂ ਦੇ ਸਵਾਗਤ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪਹੁੰਚੇ ਸਨ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਤਾਜ ਮਹਿਲ ਵੇਖਣ ਲਈ ਗਏ ਸਨ ਅਤੇ ਉਸ ਸਮੇਂ ਵੀ ਸੂਬੇ ਦੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ।

ਜਸਟਿਨ ਟਰੂਡੋ ਪਰਿਵਾਰ ਨਾਲ
EMPICS
2018 ਦੇ ਦੌਰੇ ਵਿੱਚ ਤੁਹਾਡੇ ਪਰਿਵਾਰ ਦੇ ਨਾਲ ਜਸਟਿਨ ਟਰੂਡੋ ਤਾਜਮਹਲ ਦੇਖਣ ਗਏ ਸਨ

ਟਰੂਡੋ ਦੀ ਵਜ਼ਾਰਤ ’ਚ ਸਿੱਖ ਮੰਤਰੀ

2018 ’ਚ ਜਸਟਿਨ ਟਰੂਡੋ ਦੀ ਵਜ਼ਾਰਤ ’ਚ ਤਿੰਨ ਸਿੱਖ ਮੰਤਰੀ ਸਨ। ਇਨ੍ਹਾਂ ਮੰਤਰੀਆਂ ’ਚੋਂ ਹੀ ਇੱਕ ਰੱਖਿਆ ਮੰਤਰੀ ਹਰਜੀਤ ਸੱਜਣ ਸਨ।

ਸੱਜਣ ਅਜੇ ਵੀ ਟਰੂਡੋ ਦੀ ਕੈਬਨਿਟ ਦਾ ਹਿੱਸਾ ਹਨ ਅਤੇ ਉਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਕੈਨੇਡਾ ’ਚ ਭਾਰਤ ਸਮੇਤ ਕਿਸੇ ਵੀ ਮੁਲਕ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਹਰਜੀਤ ਸੱਜਣ ਦੇ ਪਿਤਾ ਵਿਸ਼ਵ ਸਿੱਖ ਸੰਸਥਾ ਦੇ ਮੈਂਬਰ ਸਨ। ਸੱਜਣ ਨੂੰ 2017 ’ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ਾਲਿਸਤਾਨ ਸਮਰਥਕ ਕਿਹਾ ਸੀ।

ਹਾਲਾਂਕਿ ਸੱਜਣ ਨੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਿਆ ਸੀ।

ਭਾਰਤ ਨੂੰ ਉਸ ਸਮੇਂ ਵੀ ਠੀਕ ਨਹੀਂ ਲੱਗਿਆ ਸੀ ਜਦੋਂ ਓਨਟਾਰੀਓ ਅਸੈਂਬਲੀ ਨੇ ਭਾਰਤ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਦੇ ਸਬੰਧ ’ਚ ਇੱਕ ਮਤਾ ਪਾਸ ਕੀਤਾ ਸੀ।

ਕੈਨੇਡਾ ’ਚ ਖ਼ਾਲਿਸਤਾਨ ਸਮਰਥਕਾਂ ਦੀ ਯੋਜਨਾ ਆਜ਼ਾਦ ਪੰਜਾਬ ਦੇ ਹੱਕ ’ਚ ਇੱਕ ਰਾਏਸ਼ੁਮਾਰੀ ਕਰਵਾਉਣ ਦੀ ਰਹੀ ਹੈ।

ਜਸਟਿਨ ਟਰੂਡੋ ਪਰਿਵਾਰ ਦੇ ਨਾਲ
Getty Images
2018 ਦੇ ਦੌਰੇ ਦੌਰਾਨ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅੰਦਰ ਜਸਟਿਨ ਟਰੂਡੋ ਪਰਿਵਾਰ ਦੇ ਨਾਲ

ਇੰਡੋ-ਕੈਨੇਡਾ ਜੁਆਇੰਟ ਫੋਰਮ ਦੇ ਉਪ-ਪ੍ਰਧਾਨ ਫੇਜ਼ਾਨ ਮੁਸਤਫ਼ਾ ਨੇ ਟਰੂਡੋ ਦੇ ਦੌਰੇ ’ਤੇ ਮੋਦੀ ਸਰਕਾਰ ਦੇ ਰਵੱਈਏ ਬਾਰੇ ਸਾਲ 2018 ’ਚ ਬੀਬੀਸੀ ਨੂੰ ਦੱਸਿਆ ਸੀ , “ਆਮ ਤੌਰ ’ਤੇ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਕੋਈ ਰਾਸ਼ਟਰ ਮੁਖੀ ਆਉਂਦਾ ਹੈ ਤਾਂ ਉਹ ਪਹਿਲਾਂ ਦੁਵੱਲੀ ਗੱਲਬਾਤ ਨੂੰ ਅੰਜਾਮ ਦਿੰਦਾ ਹੈ ਅਤੇ ਉਸ ਤੋਂ ਬਾਅਦ ਹੀ ਉਹ ਨਿੱਜੀ ਜਾਂ ਪਰਿਵਾਰਕ ਦੌਰੇ ਨੂੰ ਤਰਜੀਹ ਦਿੰਦਾ ਹੈ।"

"ਮੇਰਾ ਮੰਨਣਾ ਹੈ ਕਿ ਟਰੂਡੋ ਜਾਂ ਉਨ੍ਹਾਂ ਦੇ ਵਿਦੇਸ਼ ਮੰਤਰਾਲੇ ਨੇ ਜਾਣ ਬੁੱਝ ਕੇ ਨਿੱਜੀ ਦੌਰੇ ਨੂੰ ਪਹਿਲ ’ਤੇ ਰੱਖਿਆ ਅਤੇ ਅਧਿਕਾਰਤ ਗੱਲਬਾਤ ਨੂੰ ਬਾਅਦ ’ਚ ਰੱਖਿਆ।”

ਜੀ-20 ਸੰਮੇਲਨ ’ਚ ਭਾਰਤ ਅਤੇ ਕੈਨੇਡਾ ਵਿਚਾਲੇ ਜਾਰੀ ਤਣਾਅ ਦੇ ਬਾਰੇ ’ਚ ਭਾਰਤੀ ਥਿੰਕ ਟੈਂਕ ਨਿਗਰਾਨ ਰਿਸਰਚ ਫਾਊਂਡੇਸ਼ਨ ਦੇ ਉਪ ਪ੍ਰਧਾਨ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਜਾਣਕਾਰ ਹਰਸ਼ ਵੀ ਪੰਤ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, “ਟਰੂਡੋ ਜਿੰਨਾਂ ਚਿਰ ਤੱਕ ਸਰਕਾਰ ’ਚ ਹਨ, ਉਦੋਂ ਤੱਕ ਹਾਲਾਤ ਸੁਧਰਦੇ ਤਾਂ ਵਿਖਾਈ ਨਹੀਂ ਦੇ ਰਹੇ ਹਨ। ਮੈਨੂੰ ਲੱਗਦਾ ਹੈ ਕਿ ਟਰੂਡੋ ਨੇ ਇਸ ਨੂੰ ਨਿੱਜੀ ਮਸਲਾ ਬਣਾ ਲਿਆ ਹੈ। ਟਰੂਡੋ ਨੂੰ ਲੱਗਦਾ ਹੈ ਕਿ ਉਨ੍ਹਾਂ ’ਤੇ ਨਿੱਜੀ ਤੌਰ ’ਤੇ ਹਮਲਾ ਕੀਤਾ ਜਾ ਰਿਹਾ ਹੈ।”

ਜਸਟਿਨ ਟਰੂਡੋ
Getty Images
ਸਾਲ 2014 ਵਿੱਚ ਜਗਮੀਤ ਸਿੰਘ ਨਾਲ ਜਸਟਿਨ ਟਰੂਡੋ

ਟਰੂਡੋ ਨੂੰ ਸਿੱਖਾਂ ਦਾ ਸਮਰਥਨ

2019 ਦੀਆਂ ਚੋਣਾਂ ’ਚ ਜਸਟਿਨ ਟਰੂਡੋ ਬਹੁਤਿਆਂ ਤੋਂ ਦੂਰ ਰਹੇ ਸਨ।

ਮੁੜ ਤੋਂ ਪ੍ਰਧਾਨ ਮੰਤਰੀ ਬਣਨ ਲਈ ਜਸਟਿਨ ਟਰੂਡੋ ਨੂੰ ਸਮਰਥਨ ਦੀ ਜ਼ਰੂਰਤ ਸੀ ਅਤੇ ਉਹ ਜਗਮੀਤ ਸਿੰਘ ਵੱਲ ਵੇਖ ਰਹੇ ਸਨ।

ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ 24 ਸੀਟਾਂ ਮਿਲੀਆਂ ਸਨ ਅਤੇ ਉਨ੍ਹਾਂ ਦੀ ਪਾਰਟੀ ਦੀ ਵੋਟ ਪ੍ਰਤੀਸ਼ਤ 15.9% ਰਹੀ ਸੀ।

ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਜਗਮੀਤ ਸਿੰਘ ਪਾਰਟੀ ਦੇ ਆਗੂ ਬਣਨ ਤੋਂ ਪਹਿਲਾਂ ਖ਼ਾਲਿਸਤਾਨ ਰੈਲੀਆਂ ’ਚ ਸ਼ਾਮਲ ਹੁੰਦੇ ਸਨ।

ਲਿਬਰਲ ਪਾਰਟੀ ਦੇ ਲਈ ਇਹ ਚੋਣ ਬਹੁਤ ਹੀ ਔਖੀ ਰਹੀ ਸੀ। ਸਿੱਖਾਂ ਦੇ ਪ੍ਰਤੀ ਉਦਾਰਤਾ ਦੇ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਜ਼ਾਕ-ਮਜ਼ਾਕ ’ਚ ਜਸਟਿਨ ‘ਸਿੰਘ’ ਟਰੂਡੋ ਵੀ ਕਿਹਾ ਜਾਂਦਾ ਹੈ।

2015 ’ਚ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਨੇ ਜਿੰਨੇ ਸਿੱਖਾਂ ਨੂੰ ਆਪਣੀ ਕੈਬਨਿਟ ’ਚ ਥਾਂ ਦਿੱਤੀ ਹੈ, ਓਨੀ ਥਾਂ ਤਾਂ ਭਾਰਤ ਨੇ ਵੀ ਆਪਣੀ ਕੈਬਨਿਟ ’ਚ ਨਹੀਂ ਦਿੱਤੀ ਹੈ।

ਕੈਨੇਡਾ ’ਚ ਭਾਰਤੀਆਂ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉੱਥੋਂ ਦੇ ਹਾਊਸ ਆਫ਼ ਕਾਮਨਜ਼ ਦੇ ਲਈ 2015 ’ਚ ਭਾਰਤੀ ਮੂਲ ਦੇ 19 ਲੋਕਾਂ ਨੂੰ ਚੁਣਿਆ ਗਿਆ ਸੀ। ਇਨ੍ਹਾਂ ’ਚੋਂ 17 ਤਾਂ ਟਰੂਡੋ ਦੀ ਲਿਬਰਲ ਪਾਰਟੀ ਦੇ ਹੀ ਸਨ।

ਸਾਲ 1974 ਵਿੱਚ ਕੈਨੇਡਾ ਵਿੱਚ ਸਿੱਖਾਂ ਦਾ ਪ੍ਰਦਰਸ਼ਨ
Getty Images
ਸਾਲ 1974 ਵਿੱਚ ਕੈਨੇਡਾ ਵਿੱਚ ਸਿੱਖਾਂ ਦਾ ਪ੍ਰਦਰਸ਼ਨ

ਪਹਿਲੀ ਵਾਰ ਸਿੱਖ ਕੈਨੇਡਾ ਕਦੋਂ ਅਤੇ ਕਿਵੇਂ ਪਹੁੰਚੇ?

1897 ’ਚ ਮਹਾਰਾਣੀ ਵਿਕਟੋਰੀਆ ਨੇ ਬ੍ਰਿਟਿਸ਼ ਭਾਰਤੀ ਸੈਨਿਕਾਂ ਦੀ ਇੱਕ ਟੁੱਕੜੀ ਨੂੰ ਡਾਇਮੰਡ ਜੁਬਲੀ ਸਮਾਗਮ ’ਚ ਸ਼ਾਮਲ ਹੋਣ ਲਈ ਲੰਡਨ ਬੁਲਾਇਆ ਸੀ।

ਉਦੋਂ ਘੋੜਸਵਾਰ ਸਿਪਾਹੀਆਂ ਦਾ ਇੱਕ ਸਮੂਹ ਭਾਰਤ ਦੀ ਮਹਾਰਾਣੀ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਰਾਸਤੇ ’ਚ ਸੀ। ਇਨ੍ਹਾਂ ਸੈਨਿਕਾਂ ’ਚੋਂ ਹੀ ਇੱਕ ਸਨ ਰਿਸਾਲੇਦਾਰ ਮੇਜਰ ਕੇਸਰ ਸਿੰਘ। ਉਹ ਕੈਨੇਡਾ ਜਾਣ ਵਾਲੇ ਪਹਿਲੇ ਸਿੱਖ ਸਨ।

ਸਿੰਘ ਦੇ ਨਾਲ ਕੁਝ ਹੋਰ ਸੈਨਿਕਾਂ ਨੇ ਵੀ ਕੈਨੇਡਾ ’ਚ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ। ਬਾਕੀ ਦੇ ਜੋ ਸੈਨਿਕ ਭਾਰਤ ਵਾਪਸ ਪਰਤੇ ਉਨ੍ਹਾਂ ਕੋਲ ਇੱਕ ਕਹਾਣੀ ਸੀ।

ਉਨ੍ਹਾਂ ਨੇ ਭਾਰਤ ਵਾਪਸ ਆ ਕੇ ਦੱਸਿਆ ਕਿ ਬ੍ਰਿਟਿਸ਼ ਸਰਕਾਰ ਉਨ੍ਹਾਂ ਨੂੰ ਉੱਥੇ ਹੀ ਵਸਾਉਣਾ ਚਾਹੁੰਦੀ ਹੈ। ਹੁਣ ਮਾਮਲਾ ਪਸੰਦ ਦਾ ਸੀ। ਇਸ ਤਰ੍ਹਾਂ ਸਿੱਖਾਂ ਦੇ ਕੈਨੇਡਾ ਜਾਣ ਦਾ ਸਿਲਸਿਲਾ ਇੱਥੋਂ ਹੀ ਸ਼ੁਰੂ ਹੋਇਆ ਸੀ।

ਫਿਰ ਕੁਝ ਹੀ ਸਾਲਾਂ ’ਚ 5 ਹਜ਼ਾਰ ਭਾਰਤੀ ਬ੍ਰਿਟਿਸ਼ ਕੋਲੰਬੀਆ ਵਿਖੇ ਪਹੁੰਚ ਗਏ, ਜਿਨ੍ਹਾਂ ’ਚ 90% ਸਿੱਖ ਹੀ ਸਨ।

ਹਾਲਾਂਕਿ, ਸਿੱਖਾਂ ਦਾ ਕੈਨੇਡਾ ’ਚ ਵਸਣਾ ਅਤੇ ਵਧਣਾ ਇਨ੍ਹਾਂ ਸੌਖਾ ਨਹੀਂ ਰਿਹਾ ਹੈ। ਇਨ੍ਹਾਂ ਦਾ ਕੈਨੇਡਾ ਆਉਣਾ ਅਤੇ ਇੱਥੇ ਨੌਕਰੀਆਂ ਕਰਨਾ ਕੈਨੇਡਾ ਦੇ ਗੋਰਿਆਂ ਨੂੰ ਬਿਲਕੁਲ ਵੀ ਰਾਸ ਨਹੀਂ ਆਇਆ ਸੀ। ਭਾਰਤੀਆਂ ਖ਼ਿਲਾਫ਼ ਵਿਰੋਧ ਹੋਣ ਲੱਗੇ।

ਇੱਥੋਂ ਤੱਕ ਕਿ ਕੈਨੇਡਾ ਦੇ ਸਭ ਤੋਂ ਲੰਬੇ ਸਮੇਂ ਲਈ ਪ੍ਰਧਾਨ ਮੰਤਰੀ ਰਹੇ ਵਿਲੀਅਮ ਮੈਕੇਂਜੀ ਨੇ ਮਜ਼ਾਕ ’ਚ ਕਿਹਾ ਸੀ, “ਹਿੰਦੂਆਂ ਨੂੰ ਇਸ ਦੇਸ਼ ਦੀ ਜਲਵਾਯੂ ਰਾਸ ਨਹੀਂ ਆ ਰਹੀ ਹੈ।”

ਨਿ਼ਝਰ ਦੇ ਕਤਲ ਮਗਰੋਂ ਕੈਨੇਡਾ ਵਿੱਚ ਵਿਰੋਧ ਪ੍ਰਦਰਸ਼ਨ
Getty Images
ਨਿ਼ਝਰ ਦੇ ਕਤਲ ਮਗਰੋਂ ਕੈਨੇਡਾ ਵਿੱਚ ਵਿਰੋਧ ਪ੍ਰਦਰਸ਼ਨ

ਕੈਨੇਡਾ ’ਚ ਭਾਰਤੀਆਂ ਦੀ ਆਮਦ ’ਤੇ ਲੱਗੀ ਰੋਕ

1907 ਤੱਕ ਭਾਰਤੀਆਂ ਵਿਰੁੱਧ ਨਸਲੀ ਹਮਲੇ ਸ਼ੁਰੂ ਹੋ ਗਏ ਸਨ। ਇਸ ਤੋਂ ਕੁਝ ਸਾਲ ਬਾਅਦ ਹੀ ਭਾਰਤ ਤੋਂ ਪਰਵਾਸੀਆਂ ਦੇ ਆਉਣ ‘ਤੇ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਇਆ ਗਿਆ ਸੀ।

ਪਹਿਲਾ ਨਿਯਮ ਇਹ ਬਣਾਇਆ ਗਿਆ ਸੀ ਕਿ ਕੈਨੇਡਾ ਆਉਂਦੇ ਸਮੇਂ ਭਾਰਤੀਆਂ ਕੋਲ 200 ਡਾਲਰ ਹੋਣਾ ਚਾਹੀਦਾ ਹੈ। ਹਾਲਾਂਕਿ, ਯੂਰਪੀਅਨਾਂ ਲਈ ਇਹ ਰਕਮ ਮਹਿਜ 25 ਡਾਲਰ ਸੀ।

ਪਰ ਉਦੋਂ ਤੱਕ ਭਾਰਤੀ ਉੱਥੇ ਵੱਸ ਚੁੱਕੇ ਸਨ। ਇਨ੍ਹਾਂ ’ਚ ਬਹੁਤੇ ਸਿੱਖ ਸਨ। ਇੰਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਹ ਆਪਣੇ ਸੁਪਨੇ ਨੂੰ ਛੱਡਣ ਲਈ ਤਿਆਰ ਨਹੀਂ ਸਨ।

ਇਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕੈਨੇਡਾ ’ਚ ਆਪਣੇ ਆਪ ਨੂੰ ਸਾਬਤ ਕੀਤਾ। ਸਿੱਖਾਂ ਨੇ ਮਜ਼ਬੂਤ ਭਾਈਚਾਰਕ ਸੱਭਿਆਚਾਰ ਕਾਇਮ ਕੀਤਾ। ਕਈ ਗੁਰਦੁਆਰਾ ਸਾਹਿਬ ਵੀ ਸਥਾਪਤ ਕੀਤੇ।

ਸਿੱਖਾਂ ਨੂੰ ਜ਼ਬਰਦਸਤੀ ਕੈਨੇਡਾ ਤੋਂ ਭਾਰਤ ਵੀ ਭੇਜਿਆ ਗਿਆ। ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨਾਲ ਭਰਿਆ ਇੱਕ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ 1914 ’ਚ ਕੋਲਕਾਤਾ ਦੇ ਬਜ-ਬਜ ਘਾਟ ’ਤੇ ਪਹੁੰਚਿਆ ਸੀ। ਇਸ ’ਚ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਸੀ।

ਭਾਰਤੀਆਂ ਨਾਲ ਭਰੇ ਇਸ ਜਹਾਜ਼ ਨੂੰ ਕੈਨੇਡਾ ’ਚ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ ਸੀ।

ਕਾਮਾਗਾਟਾ ਮਾਰੂ
VANCOUVER PUBLIC LIBRARY
ਕਾਮਾਗਾਟਾ ਮਾਰੂ ਦੀ ਘਟਣਾ ਤੋਂ ਬਾਅਦ, ਜਸਟਿਨ ਟਰੂਡੋ ਨੇ 2016 ਵਿੱਚ ਪਹਿਲੀ ਵਾਰ ਮੁਆਫ਼ੀ ਮੰਗੀ ਸੀ

ਜਹਾਜ਼ ’ਚ ਸਵਾਰ ਭਾਰਤੀਆਂ ਨੂੰ ਲੈ ਕੇ ਦੋ ਮਹੀਨੇ ਤੱਕ ਵਿਵਾਦ ਜਾਰੀ ਰਿਹਾ ਸੀ। ਇਸ ਦੇ ਲਈ ਪ੍ਰਧਾਨ ਮੰਤਰੀ ਟਰੂਡੋ ਨੇ 2016 ’ਚ ਹਾਊਸ ਆਫ਼ ਕਾਮਨਜ਼ ’ਚ ਮੁਆਫ਼ੀ ਵੀ ਮੰਗੀ ਸੀ।

1960 ਦੇ ਦਹਾਕੇ ’ਚ ਕੈਨੇਡਾ ’ਚ ਲਿਬਰਲ ਪਾਰਟੀ ਦੀ ਸਰਕਾਰ ਬਣੀ ਤਾਂ ਇਹ ਸਿੱਖਾਂ ਲਈ ਵੀ ਇਤਿਹਾਸਕ ਸਾਬਤ ਹੋਇਆ।

ਕੈਨੇਡਾ ਦੀ ਸੰਘੀ ਸਰਕਾਰ ਨੇ ਪਰਵਾਸੀ ਨਿਯਮਾਂ ’ਚ ਬਦਲਾਅ ਕੀਤੇ ਅਤੇ ਵਿਭਿੰਨਤਾ ਨੂੰ ਸਵੀਕਾਰ ਕਰਨ ਲਈ ਰਾਹ ਖੋਲ੍ਹੇ।

ਇਸ ਦਾ ਅਸਰ ਇਹ ਹੋਇਆ ਕਿ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ’ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਭਾਰਤ ਦੇ ਕਈ ਇਲਾਕਿਆਂ ਤੋਂ ਲੋਕ ਕੈਨੇਡਾ ਆਉਣ ਲੱਗੇ। ਅੱਜ ਵੀ ਭਾਰਤੀਆਂ ਦਾ ਕੈਨੇਡਾ ਆਉਣਾ ਜਾਰੀ ਹੈ।

ਅੱਜ ਦੇ ਸਮੇਂ ਭਾਰਤੀ-ਕੈਨੇਡੀਆਈ ਦੇ ਹੱਥਾਂ ’ਚ ਸੰਘੀ ਪਾਰਟੀ ਐੱਨਡੀਪੀ ਦੀ ਕਮਾਨ ਹੈ।

ਕੈਨੇਡਾ ’ਚ ਪੰਜਾਬੀ ਤੀਜੀ ਸਭ ਤੋਂ ਪ੍ਰਸਿੱਧ ਭਾਸ਼ਾ ਹੈ। ਕੈਨੇਡਾ ਦੀ ਕੁਲ ਆਬਾਦੀ ’ਚ 1.3 % ਲੋਕ ਪੰਜਾਬੀ ਸਮਝਦੇ ਹਨ ਅਤੇ ਬੋਲਦੇ ਹਨ।

ਕੈਨੇਡਾ ’ਚ 14 ਤੋਂ 18 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਪੰਜਾਬ ਤੋਂ ਇਲਾਵਾ ਸਭ ਤੋਂ ਵੱਧ ਸਿੱਖਾਂ ਦੀ ਵਸੋਂ ਕੈਨੇਡਾ ’ਚ ਹੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News