ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ: ਟਰੂਡੋ ਦੇ ਇਲਜ਼ਾਮ ਤੋਂ ਬਾਅਦ ਕੈਨੇਡਾ ਦਾ ਐਕਸ਼ਨ
Tuesday, Sep 19, 2023 - 07:02 AM (IST)


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਲਜ਼ਾਮ ਲਗਾਇਆ ਹੈ ਕਿ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ।
ਨਿੱਝਰ ਨੂੰ ਇਸੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੁਰਦੁਆਰੇ ਦੇ ਬਾਹਰ ਗੋਲ਼ੀਆਂ ਮਾਰ ਕੇ ਹਲ਼ਾਕ ਕਰ ਦਿੱਤਾ ਗਿਆ ਸੀ।
ਟਰੂਡੋ ਨੇ ਕਿਹਾ ਕਿ ਕੈਨੇਡੀਅਨ ਏਜੰਸੀਆਂ ਨੇ ਕਤਲ ਅਤੇ ਭਾਰਤ ਸਰਕਾਰ ਵਿਚਾਲੇ ‘‘ਪ੍ਰਤੱਖ਼’’ ਲਿੰਕ ਦੀ ਸ਼ਨਾਖ਼ਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੀ-20 ਸ਼ਿਖ਼ਰ ਸੰਮੇਲਨ ਦੌਰਾਨ ਉਨ੍ਹਾਂ ਨੇ ਇਹ ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਚੁੱਕਿਆ ਸੀ।


ਸੋਮਵਾਰ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ (ਸੰਸਦ) ਵਿੱਚ ਬੋਲਦਿਆਂ ਟਰੂਡੋ ਨੇ ਕਿਹਾ, ‘‘ਕੈਨੇਡੀਅਨ ਧਰਤੀ ਉੱਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੀ ਖੁਦਮੁਖਤਿਆਰੀ ਦਾ ਨਾ-ਸਹਿਣਯੋਗ ਉਲੰਘਣ ਹੈ।’’
‘‘ਇਹ ਅਜ਼ਾਦ, ਖੁੱਲ੍ਹੇ ਅਤੇ ਜਮਹੂਰੀ ਮੁੱਢਲੇ ਨਿਯਮ ਜਿਨ੍ਹਾਂ ਨਾਲ ਸਮਾਜ ਚੱਲਦਾ ਹੈ, ਉਸ ਦੇ ਵੀ ਖ਼ਿਲਾਫ਼ ਹੈ।’’
ਭਾਰਤ ਨਿੱਝਰ ਦੇ ਕੇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨੂੰ ਪਹਿਲਾ ਹੀ ਰੱਦ ਕਰ ਚੁੱਕਾ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਸੰਸਦ ਵਿੱਚ ਕੀਤੀ ਗਈ ਟਿੱਪਣੀ ਤੋਂ ਬਾਅਦ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਦੱਸਿਆ ਕਿ ਕੈਨੇਡਾ ਨੇ ਭਾਰਤੀ ਕੂਟਨੀਤਕ ਪਵਨ ਕੁਮਾਰ ਰਾਏ ਨੂੰ ਮੁਲਕ ਤੋਂ ਬਾਹਰ ਭੇਜ ਦਿੱਤਾ ਹੈ।
ਬੀਬੀਸੀ ਨੇ ਭਾਰਤੀ ਦੂਤਾਵਾਸ ਨਾਲ ਵੀ ਪ੍ਰਤੀਕਿਰਿਆ ਲਈ ਸੰਪਰਕ ਕੀਤਾ ਹੈ, ਪਰ ਹਾਲੇ ਇਸ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

ਨਿੱਝਰ ਦਾ ਕਤਲ ; ਕਦੋਂ ਤੇ ਕਿੱਥੇ ਹੋਇਆ
ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਨੇ ਕਿਹਾ ਕਿ ਨਿੱਝਰ ਕਤਲ ਕੇਸ ਦੀ ਜਾਂਚ ਚੱਲਦੀ ਹੋਣ ਕਾਰਨ ਕੈਨੇਡੀਅਨ ਅਧਿਕਾਰੀ ਜਨਤਕ ਤੌਰ ਉੱਤੇ ਸੀਮਤ ਜਾਣਕਾਰੀ ਹੀ ਸਾਂਝੀ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਜਾਂਚਕਰਤਾਵਾਂ ਨੇ 45 ਸਾਲ ਨਿੱਝਰ ਦੇ ਕਤਲ ਨੂੰ ਟਾਰਗੈੱਟ ਕਿਲਿੰਗ ਕਿਹਾ ਸੀ।
ਨਿੱਝਰ ਦਾ ਕਤਲ ਇਸੇ ਸਾਲ ਜੂਨ ਦੇ ਮੱਧ ਵਿੱਚ ਸਰੀ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਕਾਰ ਪਾਰਕਿੰਗ ਵਿੱਚ ਹੋਇਆ ਸੀ। ਇਹ ਥਾਂ ਵੈਨਕੂਵਰ ਦੇ ਪੂਰਬ ਵਿੱਚ 30 ਕਿਲੋਮੀਟਰ ਦੂਰੀ ਉੱਤੇ ਪੈਂਦੀ ਹੈ।
ਨਿੱਝਰ ਨੂੰ ਦੋ ਮਾਸਕਧਾਰੀਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।
ਨਿੱਝਰ ਬ੍ਰਿਟਿਸ਼ ਕੋਲੰਬੀਆ ਦੇ ਜਾਣੇ-ਪਛਾਣੇ ਸਿੱਖ ਆਗੂ ਸਨ ਅਤੇ ਖਾਲਿਸਤਾਨ ਦੇ ਸਮਰਥਕ ਸਨ। ਖਾਲਿਸਤਾਨ ਪੱਖ਼ੀ ਭਾਰਤੀ ਪੰਜਾਬ ਨੂੰ ਸਿੱਖਾਂ ਲ਼ਈ ਵੱਖਰੇ ਤੇ ਖੁਦਮੁਖਤਿਆਰ ਮੁਲਕ ਵਜੋਂ ਮਾਨਤਾ ਚਾਹੁੰਦੇ ਹਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਗਤੀਵਿਧੀਆ ਕਾਰਨ ਉਨ੍ਹਾਂ ਦੀ ਜਾਨ ਨੂੰ ਪਹਿਲਾਂ ਹੀ ਖ਼ਤਰਾ ਸੀ।
ਭਾਰਤ ਉਸ ਨੂੰ ‘‘ਦਹਿਸ਼ਤਗਰਦ’’ ਮੰਨਦਾ ਸੀ, ਜੋ ਇੱਕ ਅੱਤਵਾਦੀ ਗਰੁੱਪ ਦੀ ਅਗਵਾਈ ਕਰਦਾ ਸੀ। ਪਰ ਉਨ੍ਹਾਂ ਦੇ ਸਮਰਥਕ ਇਨ੍ਹਾਂ ਇਲਜ਼ਾਮਾਂ ਨੂੰ ਬੇ-ਬੁਨਿਆਦ ਦੱਸਦੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)