ਮੋਰੱਕੋ ਭੂਚਾਲ: ‘ਮੈਂ ਇੱਕ-ਇੱਕ ਕਰਕੇ ਉਨ੍ਹਾਂ ਨੂੰ ਲੱਭਿਆ ਪਰ 32ਆਂ ਵਿੱਚੋਂ ਕੋਈ ਨਾ ਬਚਿਆ’, ਆਪਣੇ ਸਾਰੇ ਵਿਦਿਆਰਥੀ ਗੁਵਾਉਣ ਵਾਲੀ ਅਧਿਆਪਕਾ ਕਿਸ ਸਦਮੇ ’ਚੋਂ ਗੁਜ਼ਰ ਰਹੀ
Monday, Sep 18, 2023 - 03:32 PM (IST)


ਮੈਂ ਆਪਣੀ ਕਲਾਸ ਦਾ ਹਾਜ਼ਰੀ ਰਜਿਸਟਰ ਚੁੱਕਿਆ ਅਤੇ ਇੱਕ ਤੋਂ ਬਾਅਦ ਇੱਕ ਵਿਦਿਆਰਥੀ ਦੇ ਨਾਂ ਉੱਤੇ ਲਾਈਨ ਮਾਰਨ ਲੱਗੀ। ਉਸ ਵੇਲੇ ਸਾਰੇ ਹੀ ਮੌਜੂਦ ਸਨ ਪਰ ਹੁਣ ਉਹ ਸਾਰੇ ਹੀ ਮਾਰੇ ਗਏ ਹਨ।"
ਨਸਰੀਨ ਅਬੂ ਐਲਫ਼ੈਡਲ, ਭੂਚਾਲ ਪ੍ਰਭਾਵਿਤ ਮਾਰਾਕੇਸ਼ ਵਿੱਚ ਅਰਬੀ ਅਤੇ ਫ਼ਰੈਂਚ ਅਧਿਆਪਕ ਵਜੋਂ ਸੇਵਾਵਾਂ ਨਿਭਾਉਂਦੇ ਸਨ। ਪਰ ਭੂਚਾਲ ਦੇ ਦਿਨ ਨੂੰ ਯਾਦ ਕਰਦਿਆਂ ਉਹ ਸਹਿਮ ਜਾਂਦੇ ਹਨ।
6.8 ਤੀਬਰਤਾ ਦਾ ਭੂਚਾਲ ਆਇਆ ਤੇ ਉਸ ਤੋਂ ਬਾਅਦ ਹਰ ਪਾਸੇ ਢਹਿ-ਢੇਰੀ ਹੋਈਆਂ ਇਮਾਰਤਾਂ ਤੇ ਉਨ੍ਹਾਂ ਦੇ ਮਲਬੇ ਹੇਠਾਂ ਦੱਬੇ ਜਾਨ ਬਚਾਉਣ ਲਈ ਤਰਲੇ ਕੱਢਦੇ ਚੀਕਦੇ ਲੋਕ ਨਜ਼ਰ ਆਉਣ ਲੱਗੇ।
ਨਸਰੀਨ ਭੂਚਾਲ ਤੋਂ ਬਾਅਦ ਮੋਰੱਕੋ ਦੇ ਉੱਚੇ ਪਹਾੜੀ ਇਲਾਕੇ ਵਿੱਚ ਵਸੇ ਪਿੰਡ ਅਦਾਸੀਲ ਪਹੁੰਚੇ ਤੇ ਆਪਣੇ ਵਿਦਿਆਰਥੀਆਂ ਦੀ ਭਾਲ ਕਰਨ ਲੱਗੇ।

ਬੱਚਿਆਂ ਦੀ ਭਾਲ
ਬੀਤੇ ਸ਼ੁੱਕਰਵਾਰ ਆਏ ਭੂਚਾਲ ਤੋਂ ਬਾਅਦ ਨਸਰੀਨ ਅਤੇ ਉਨ੍ਹਾਂ ਦੀ ਮਾਂ ਦਿਨ ਰਾਤ ਗਲ਼ੀ ਵਿੱਚ ਹੀ ਕੱਟ ਰਹੀਆਂ ਹਨ। ਉਥੇ ਹੀ ਉਨ੍ਹਾਂ ਨੂੰ ਪਹਾੜੀ ਪਿੰਡਾਂ ਵਿੱਚ ਭੂਚਾਲ ਵਲੋਂ ਮਚਾਈ ਤਬਾਹੀ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ ਸਨ।
ਨਸਰੀਨ ਉਸ ਸਕੂਲ ਬਾਰੇ ਸੋਚਣ ਲੱਗੇ ਜਿੱਥੇ ਉਹ ਪੜ੍ਹਾਉਣ ਜਾਂਦੇ ਸਨ। ਅਦਾਸੀਲ ਕੇਂਦਰੀ ਸਕੂਲ ਨਾਲ ਹੀ ਵਿਦਿਆਰਥੀਆਂ ਦਾ ਖ਼ਿਆਲ ਆਇਆ ਜਿਨ੍ਹਾਂ ਨੂੰ ਉਹ ‘ਆਪਣੇ ਬੱਚੇ’ ਕਹਿੰਦੇ ਸਨ।
ਉਹ ਦੱਸਦੇ ਹਨ, "ਮੈਂਨੂੰ ਫ਼ਿਕਰ ਹੋਈ ਤੇ ਮੈਂ ਪਿੰਡ ਜਾ ਕੇ ਆਪਣੇ ਬੱਚਿਆਂ (ਵਿਦਿਆਰਥੀਆਂ) ਬਾਰੇ ਪੁੱਛਣਾ ਸ਼ੁਰੂ ਕੀਤਾ, ਸੋਮਯਾ ਕਿੱਥੇ ਹੈ? ਯੂਸਫ਼ ਕਿੱਥੇ ਹੈ? ਇਹ ਕੁੜੀ ਕਿੱਥੇ ਹੈ? ਉਹ ਲੜਕਾ ਕਿੱਥੇ ਹੈ? ਜਵਾਬ ਘੰਟਿਆਂ ਬਾਅਦ ਆਇਆ, ''''ਉਹ ਸਾਰੇ ਮਰ ਚੁੱਕੇ ਹਨ।''''
ਇਹ ਸਭ 8 ਸਤੰਬਰ ਨੂੰ ਮੋਰੱਕੋ ਵਿੱਚ ਦਰਜ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਤਬਾਹੀਕੁੰਨ ਭੂਚਾਲ ਦਾ ਅਸਰ ਸੀ। ਇਸ ਵਿੱਚ ਤਕਰੀਬਨ 3,000 ਮੌਤਾਂ ਹੋਈਆਂ ਸਨ ਅਤੇ ਹਜ਼ਾਰਾਂ ਹੋਰ ਲੋਕ ਲਾਪਤਾ ਹੋ ਗਏ ਸਨ। ਇਹ ਬੀਤੇ ਛੇ ਦਹਾਕਿਆਂ ਵਿੱਚ ਆਏ ਭੂਚਾਲਾਂ ਵਿੱਚ ਸਭ ਤੋਂ ਵੱਧ ਘਾਤਕ ਭੂਚਾਲ ਸੀ।
ਵਧੇਰੇ ਤਬਾਹੀ ਮਾਰਾਕੇਸ਼ ਦੇ ਦੱਖਣ ਵਿੱਚ ਹੋਈ ਸੀ, ਜਿੱਥੇ ਬਹੁਤ ਸਾਰੇ ਪਹਾੜੀ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ।
ਨਸਰੀਨ ਨੂੰ ਮ੍ਰਿਤਕ ਵਿਦਿਆਰਥੀਆਂ ਵਿੱਚੋਂ ਇੱਕ ਖ਼ਦੀਜਾ ਦਾ ਪਤਾ ਲੱਗਿਆ।
ਨਸਰੀਨ ਦੱਸਦੇ ਹਨ,“ਬਚਾਅ ਅਮਲੇ ਨੇ ਛੇ ਸਾਲ ਦੀ ਇਹ ਬੱਚੀ, ਉਸਦੇ ਭਰਾ ਮੁਹੰਮਦ ਅਤੇ ਉਸ ਦੀਆਂ ਦੋ ਭੈਣਾਂ ਮੈਨਾ ਅਤੇ ਹਨਾਨ ਦੇ ਕੋਲ ਪਈ ਮਿਲੀ ਸੀ।”
“ਇਹ ਸਾਰੇ ਆਪੋ-ਆਪਣੇ ਬਿਸਤਰੇ ਵਿੱਚ ਸਨ, ਸ਼ਾਇਦ ਸੁੱਤੇ ਹੋਏ ਸਨ।”
ਨਸਰੀਨ ਖ਼ਦੀਜਾ ਨੂੰ ਯਾਦ ਕਰਦੇ ਹਨ, "ਖ਼ਦੀਜਾ ਮੇਰੀ ਮਨਪਸੰਦ ਸੀ। ਉਹ ਬਹੁਤ ਚੰਗੀ, ਚੁਸਤ, ਤੇਜ਼ ਵਿਦਿਆਰਥਣ ਸੀ ਅਤੇ ਗਾਉਣਾ ਪਸੰਦ ਕਰਦੀ ਸੀ। ਉਹ ਮੇਰੇ ਘਰ ਆਉਂਦੀ ਸੀ, ਅਤੇ ਮੈਨੂੰ ਉਸ ਨੂੰ ਪੜ੍ਹਾਉਣਾ ਤੇ ਉਸ ਨਾਲ ਗੱਲਾਂ ਕਰਨਾ ਪਸੰਦ ਸੀ।"

ਭੂਚਾਲ ਤੋਂ ਪਹਿਲਾ ਗਾਇਆ ਰਾਸ਼ਟਰੀ ਗੀਤ
ਨਸਰੀਨ ਆਪਣੇ ਵਿਦਿਆਰਥੀਆਂ ਨੂੰ ‘ਫ਼ਰਿਸ਼ਤਿਆਂ’ ਵਜੋਂ ਯਾਦ ਕਰਦੇ ਹਨ।
ਉਹ ਕਹਿੰਦੇ ਹਨ ਕਿ ਉਹ ਸਤਿਕਾਰਯੋਗ ਬੱਚੇ ਸਨ ਜੋ ਸਿੱਖਣ ਲਈ ਉਤਸੁਕ ਸਨ।
ਨਸਰੀਨ ਕਹਿੰਦੇ ਹਨ, “ਇਹ ਬਹੁਤ ਵੱਡੀ ਗੱਲ ਸੀ ਕਿ ਗਰੀਬੀ ਨਾਲ ਜੂਝਦੇ ਅਤੇ ਘੱਟ ਸਾਧਨਾਂ ਨਾਲ ਨਜਿੱਠਣ ਵਿੱਚ ਲੱਗੇ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਸਕੂਲ ਜਾਣਾ ‘ਦੁਨੀਆਂ ਦੀ ਸਭ ਤੋਂ ਅਹਿਮ ਚੀਜ਼’ ਸੀ।”
ਨਸਰੀਨ ਨੇ ਯਾਦ ਕੀਤਾ, "ਸਾਡੀ ਆਖਰੀ ਕਲਾਸ ਸ਼ੁੱਕਰਵਾਰ ਰਾਤ ਨੂੰ ਸੀ, ਭੂਚਾਲ ਆਉਣ ਤੋਂ ਠੀਕ ਪੰਜ ਘੰਟੇ ਪਹਿਲਾਂ।”
"ਅਸੀਂ ਮੋਰੋਕੋ ਦਾ ਰਾਸ਼ਟਰੀ ਗੀਤ ਸਿੱਖ ਰਹੇ ਸੀ, ਅਤੇ ਸੋਮਵਾਰ ਸਵੇਰੇ ਪੂਰੇ ਸਕੂਲ ਦੇ ਸਾਹਮਣੇ ਇਸ ਨੂੰ ਗਾਉਣ ਦੀ ਯੋਜਨਾ ਬਣਾਈ ਸੀ।"

‘ਜ਼ਿੰਦਗੀ ਕਿਵੇਂ ਜਿਉਣੀ ਹੈ’
ਨਸਰੀਨ ਦੀ ਆਵਾਜ਼ ਸ਼ਾਂਤ ਹੈ ਪਰ ਜਿਸ ਸਦਮੇ ਵਿੱਚੋਂ ਉਹ ਗੁਜ਼ਰ ਰਹੇ ਹਨ, ਉਹ ਤਕਲੀਫ਼ ਉਨ੍ਹਾਂ ਦੇ ਚਿਹਰੇ ’ਤੇ ਸਾਫ਼ ਨਜ਼ਰ ਆਉਂਦੀ ਹੈ।
ਉਹ ਹਾਲੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਉਨ੍ਹਾਂ ਦੇ ਸਾਰੇ ਦੇ ਸਾਰੇ ਵਿਦਿਆਰਥੀ ਇਸ ਕੁਦਰਤੀ ਦੀ ਕਰੋਪੀ ਦੀ ਮਾਰ ਹੇਠ ਆ ਗਏ ਹਨ।
ਉਹ ਕਹਿੰਦੇ ਹਨ, "ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਅਜੇ ਵੀ ਸਦਮੇ ਵਿੱਚ ਹਾਂ। ਲੋਕ ਮੈਨੂੰ ਖੁਸ਼ਕਿਸਮਤ ਲੋਕਾਂ ਵਿੱਚੋਂ ਇੱਕ ਸਮਝਦੇ ਹਨ, ਕਿਉਂਕਿ ਮੈਂ ਭੂਚਾਲ ਦੌਰਾਨ ਬਚ ਗਈ। ਪਰ ਮੈਨੂੰ ਨਹੀਂ ਪਤਾ ਕਿ ਇਸ ਦੁੱਖ ਨਾਲ ਮੈਂ ਆਪਣੀ ਜ਼ਿੰਦਗੀ ਕਿਵੇਂ ਜੀਵਾਂਗੀ।"
ਨਸਰੀਨ ਨੂੰ ਅਰਬੀ ਅਤੇ ਫ਼ਰੈਂਚ ਪੜ੍ਹਾਉਣਾ ਪਸੰਦ ਹੈ ਖ਼ਾਸਕਰ ਉਨ੍ਹਾਂ ਬੱਚਿਆਂ ਨੂੰ ਜੋ ਆਪਣੀ ਖੇਤਰੀ ਭਾਸ਼ਾ ਤੋਂ ਬਿਨ੍ਹਾਂ ਕੁਝ ਨਹੀਂ ਸਮਝਦੇ।
ਅਦਾਸੀਲ, ਉੱਤਰੀ ਅਫ਼ਰੀਕਾ ਦੀ ਸਵਦੇਸ਼ੀ ਅਬਾਦੀ, ਅਮੇਜ਼ੀਘ, ਜੋ ਮੁੱਖ ਤੌਰ ''''ਤੇ ਆਪਣੀ ਭਾਸ਼ਾ ਬੋਲਦੇ ਹਨ ਨਾਲ ਸਬੰਧ ਰੱਖਦੇ ਲੋਕਾਂ ਦਾ ਇਲਾਕਾ ਸੀ।
ਉਹ ਯਾਦ ਕਰਦੇ ਹਨ, "ਅਰਬੀ ਅਤੇ ਫ਼ਰੈਂਚ ਸਿੱਖਣਾ ਬਹੁਤ ਔਖਾ ਸੀ, ਪਰ ਬੱਚੇ ਬਹੁਤ ਹੁਸ਼ਿਆਰ ਸਨ, ਅਤੇ ਹੁਣ ਤੱਕ ਤਾਂ ਉਨ੍ਹਾਂ ਨੇ ਦੋਵਾਂ ਭਾਸ਼ਾਵਾਂ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ।।"

ਮੋਰੱਕੋ ਭੂਚਾਲ
- 8 ਸਤੰਬਰ ਨੂੰ ਮੋਰੱਕੋ ਵਿੱਚ ਆਏ ਭੂਚਾਲ ਤੋਂ ਬਾਅਦ ਪਹਾੜੀ ਇਲਾਕਿਆਂ ਵਿੱਚ ਜ਼ਿੰਦਗੀ ਲੀਹ ਤੋਂ ਉੱਤਰ ਗਈ ਹੈ
- ਇਹ ਭੂਚਾਲ 6.8 ਦੀ ਤੀਬਰਤਾ ਦਾ ਸੀ ਅਤੇ ਸਭ ਤੋਂ ਜ਼ਿਆਦਾ ਮੌਤਾਂ ਮਾਰਾਕੇਸ਼ ਦੇ ਦੱਖਣ ਵਾਲੇ ਸੂਬਿਆਂ ਵਿੱਚ ਹੋਈਆਂ ਹਨ
- ਭੂਚਾਲ ਕਾਰਨ ਇੱਥੋਂ ਦੇ ਲਗਭਗ 600 ਸਕੂਲ ਵੀ ਤਬਾਹ ਹੋ ਗਏ ਹਨ ਅਤੇ 7 ਅਧਿਆਪਕਾਂ ਦੀ ਮੌਤ ਦੀ ਖ਼ਬਰ ਹੈ
- ਮੋਰੱਕੋ ਸਰਕਾਰ ਮੁਤਾਬਕ ਕਿ ਉਨ੍ਹਾਂ ਨੇ ਬ੍ਰਿਟੇਨ, ਸਪੇਨ, ਕਤਰ ਅਤੇ ਯੂਏਈ ਤੋਂ ਐਮਰਜੈਂਸੀ ਮਦਦ ਸਵੀਕਾਰ ਕਰ ਲਈ ਹੈ
- ਫ਼ਿਲਹਾਲ ਲੋਕ ਸੜਕਾਂ ਅਤੇ ਅਸਥਾਈ ਟੈਂਟਾਂ ਵਿੱਚ ਰਹਿ ਰਹੇ ਹਨ ਅਤੇ ਬਚਾਅ ਕਾਰਜ ਹਾਲੇ ਵੀ ਜਾਰੀ ਹਨ


ਫ਼ਿਰ ਸਕੂਲ ਸ਼ੁਰੂ ਕਰਨ ਦੀ ਯੋਜਨਾ
ਨਸਰੀਨ ਨੇ ਅਧਿਆਪਨ ਵਿੱਚ ਆਪਣਾ ਕਰੀਅਰ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੂੰ ਆਸ ਹੈ ਕਿ ਕਿ ਭੂਚਾਲ ਦੌਰਾਨ ਢਹਿ ਚੁੱਕੇ ਅਦਾਸੀਲ ਦੇ ਸਕੂਲ ਨੂੰ ਉਹ ਦੁਬਾਰਾ ਬਣਾਉਣਗੇ ਅਤੇ ਉਥੇ ਫ਼ਿਰ ਤੋਂ ਵਿਦਿਆਰਥੀ ਪੜ੍ਹਨ ਆਉਣਗੇ।
ਅਧਿਕਾਰਤ ਬਿਆਨਾਂ ਮੁਤਾਬਕ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 530 ਵਿਦਿਅਕ ਸੰਸਥਾਵਾਂ ਨੂੰ ਵੱਖ-ਵੱਖ ਪੱਧਰ ’ਤੇ ਨੁਕਸਾਨ ਪਹੁੰਚਿਆ ਹੈ। ਕੁਝ ਸੰਸਥਾਵਾਂ ਦੀਆਂ ਇਮਾਰਤਾਂ ਬੁਰੀ ਤਰ੍ਹਾਂ ਢਹਿ ਗਈਆਂ ਹਨ ਤਾਂ ਕੁਝ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।
ਮੋਰੱਕੋ ਦੀ ਸਰਕਾਰ ਨੇ ਅਲ-ਹੌਜ਼, ਚਿਚੌਆ ਅਤੇ ਤਰੌਡੈਂਟ ਇਲਾਕੇ ਜਿਹੜੇ ਭੂਚਾਲ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਵਿੱਚ ਚੱਲ ਰਹੀਆਂ ਕਲਾਸਾਂ ਨੂੰ ਅਸਥਾਈ ਤੌਰ ''''ਤੇ ਰੋਕ ਦਿੱਤਾ ਹੈ।
ਨਸਰੀਨ ਕਹਿੰਦੇ ਹਨ, "ਹੋ ਸਕਦਾ ਹੈ ਕਿ ਇੱਕ ਦਿਨ ਜਦੋਂ ਉਹ ਸਕੂਲ ਦਾ ਮੁੜ ਨਿਰਮਾਣ ਕਰਨਗੇ ਅਤੇ ਕਲਾਸਾਂ ਦੁਬਾਰਾ ਸ਼ੁਰੂ ਹੋਣਗੀਆਂ, ਅਸੀਂ ਉਨ੍ਹਾਂ 32 ਬੱਚਿਆਂ ਨੂੰ ਯਾਦ ਕਰਾਂਗੇ ਅਤੇ ਉਨ੍ਹਾਂ ਦੀ ਕਹਾਣੀ ਆਉਣ ਵਾਲਿਆਂ ਨੂੰ ਦੱਸਾਂਗੇ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)