ਪਟਿਆਲਾ ਯੂਨੀਵਰਸਿਟੀ: ਵਿਦਿਆਰਥਣ ਦੀ ਮੌਤ ਮਗਰੋਂ ਪ੍ਰੋਫੈਸਰ ਨਾਲ ਕੁੱਟਮਾਰ ਹੋਣ ਦਾ ਕੀ ਹੈ ਪੂਰਾ ਮਾਮਲਾ
Sunday, Sep 17, 2023 - 07:32 PM (IST)


ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਬਠਿੰਡਾ ਦੀ ਇੱਕ ਵਿਦਿਆਰਥਣ ਦੀ ਮੌਤ ਅਤੇ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਹੀ ਇੱਕ ਪ੍ਰੋਫੈਸਰ ਉੱਤੇ ਹੋਏ ਹਮਲੇ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ।
ਫ਼ਿਲਹਾਲ ਯੂਨੀਵਰਸਿਟੀ ਦਾ ਮਾਹੌਲ ਸ਼ਾਂਤ ਹੈ ਅਤੇ ਸਬੰਧਤ ਪ੍ਰੋਫੈਸਰ ਸੁਰਜੀਤ ਸਿੰਘ ਦੀ ਸ਼ਿਕਾਇਤ ਉੱਤੇ ਪਟਿਆਲਾ ਪੁਲਿਸ ਨੇ ਹਮਲਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਪਾਸੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਵੱਲੋਂ ਜਸ਼ਨਦੀਪ ਕੌਰ ਨੂੰ ਮਾਨਸਿਕ ਤੌਰ ਉੱਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸਦੀ ਤਬੀਅਤ ਖ਼ਰਾਬ ਹੋਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਵਿਦਿਆਰਥਣ ਦੇ ਪਰਿਵਾਰ ਨੇ ਇਸ ਬਾਬਤ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਕੀ ਹੈ ਮਾਮਲਾ
- ਪੰਜਾਬੀ ਯੂਨੀਵਰਸਟੀ ਪਟਿਆਲਾ ਵਿੱਚ ਪੜ੍ਹਾਈ ਕਰ ਰਹੀ ਵਿਦਿਆਰਥਣ ਦੀ 14 ਸਤੰਬਰ ਨੂੰ ਉਸ ਦੇ ਘਰ ਵਿੱਚ ਮੌਤ ਹੋ ਗਈ।
- ਵਿਦਿਆਰਥਣ ਬਠਿੰਡਾ ਦੀ ਰਹਿਣ ਵਾਲੀ ਸੀ।
- ਇਸ ਤੋਂ ਬਾਅਦ ਯੂਨੀਵਰਸਟੀ ਵਿੱਚ ਵਿਦਿਆਰਥੀਆਂ ਨੇ ਇੱਕ ਪ੍ਰੋਫੈਸਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
- ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਤੇ ਸਹਿਪਾਠੀਆਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਵੱਲੋਂ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ।
- ਰੋਸ-ਮੁਜ਼ਾਹਰੇ ਦੌਰਾਨ ਵਿਦਿਆਰਥੀਆਂ ਨੂੰ ਮਿਲਣ ਆਏ ਪ੍ਰੋਫੈਸਰ ਦੀ ਵੀ ਕੁੱਟਮਾਰ ਕੀਤੀ ਗਈ।
- ਫਿਲਹਾਲ ਪੁਲਿਸ ਮਾਮਲਾ ਦਰਜ ਕੇ ਜਾਂਚ ਕਰ ਰਹੀ ਹੈ

ਕੀ ਹੈ ਪੂਰਾ ਮਾਮਲਾ
ਪਟਿਆਲਾ ਯੂਨੀਵਰਸਿਟੀ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸ (ਭਾਸ਼ਾਵਾਂ) ਦੇ ਪਹਿਲੇ ਸਾਲ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਤੋਂ ਬਾਅਦ ਇਹ ਪੂਰਾ ਮਾਮਲਾ ਗਰਮਾਇਆ ਹੈ।
ਹਾਲਾਂਕਿ ਵਿਦਿਆਰਥਣ ਦੀ ਮੌਤ ਉਸ ਦੇ ਘਰ ਵਿੱਚ ਹੋਈ ਹੈ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਮਾਨਸਿਕ ਤਣਾਅ ਕਾਰਨ ਉਸ ਦੀ ਦੀ ਮੌਤ ਹੋਈ ਹੈ।
ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪ੍ਰੋਫੈਸਰ ਸੁਰਜੀਤ ਵੱਲੋਂ ਉਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਜਸ਼ਨਪ੍ਰੀਤ ਕੌਰ ਦੇ ਭਰਾ ਸੁਖਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਾ ਤੇ ਕਿਹਾ ਕਿ ਜਦੋਂ ਵੀ ਜਸ਼ਨਦੀਪ ਕੌਰ ਯੂਨੀਵਰਸਿਟੀ ਤੋਂ ਘਰ ਆਉਂਦੀ ਤਾਂ ਪ੍ਰੋਫੈਸਰ ਸੁਰਜੀਤ ਸਿੰਘ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਾਰਨ ਉਹ ਮਾਨਸਿਕ ਤਣਾਅ ਵਿੱਚ ਰਹਿੰਦੀ ਸੀ।
ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੇ ਮੰਗਲਵਾਰ ਨੂੰ ਜਸ਼ਨਦੀਪ ਦੀਆਂ ਸਹੇਲੀਆਂ ਦਾ ਯੂਨੀਵਰਸਿਟੀ ਵਿਚੋਂ ਫ਼ੋਨ ਆਇਆ ਕਿ ਉਸ ਦੀ ਸਿਹਤ ਵਿਗੜ ਗਈ ਹੈ।

ਸੁਖਪ੍ਰੀਤ ਮੁਤਾਬਕ, "ਜਦੋਂ ਅਸੀਂ ਯੂਨੀਵਰਸਿਟੀ ਦੇ ਹੋਸਟਲ ਵਿੱਚ ਗਏ ਤਾਂ ਦੇਖਿਆ ਤਾਂ ਉਹ ਲਾਬੀ ਵਿੱਚ ਬੈਠੀ ਸੀ ਅਤੇ ਉਸ ਦੀਆਂ ਸਹੇਲੀਆਂ ਉਸ ਨੂੰ ਪਾਣੀ ਪਿਲਾ ਰਹੀਆਂ ਸਨ। ਇਸ ਤੋਂ ਬਾਅਦ ਉਸ ਨੂੰ ਯੂਨੀਵਰਸਿਟੀ ਵਿੱਚ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ ਗਈ ਸੀ।"
ਸੁਖਪ੍ਰੀਤ ਸਿੰਘ ਮੁਤਾਬਕ ਜਸ਼ਨ ਨੇ ਆਪਣੀ ਮਾਤਾ ਨੂੰ ਘਰ ਲੈ ਜਾਣ ਲਈ ਕਹਿ ਕੇ ਹਸਪਤਾਲ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਪ੍ਰੋਫੈਸਰ ਸੁਰਜੀਤ ਦੇ ਕਾਰਨ ਮਾਨਸਿਕ ਤੌਰ ''''ਤੇ ਤਣਾਅ ਵਿੱਚ ਸੀ।
ਇਸ ਤੋਂ ਬਾਅਦ ਉਸ ਨੂੰ ਬਠਿੰਡਾ ਘਰ ਵਿੱਚ ਲਿਆਂਦਾ ਗਿਆ ਜਿੱਥੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।
ਸੁਖਪ੍ਰੀਤ ਸਿੰਘ ਮੁਤਾਬਕ ਪਰਿਵਾਰ ਨੇ ਪ੍ਰੋਫੈਸਰ ਸੁਰਜੀਤ ਦੇ ਖ਼ਿਲਾਫ਼ ਪਟਿਆਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਬੰਧਤ ਪ੍ਰੋਫੈਸਰ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ।
ਪ੍ਰੋਫੈਸਰ ਦੀ ਸ਼ਿਕਾਇਤ ਉੱਤੇ ਪਰਚਾ
ਵਿਦਿਆਰਥਣ ਦੀ ਮੌਤ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਬੰਧਤ ਪ੍ਰੋਫੈਸਰ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਧਰਨਾ ਵੀ ਦਿੱਤਾ ਗਿਆ।
ਇਸ ਧਰਨੇ ਵਿੱਚ ਪ੍ਰੋਫੈਸਰ ਸੁਰਜੀਤ ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਉੱਥੇ ਮੌਜੂਦਾ ਕੁਝ ਅਨਸਰਾਂ ਵੱਲੋਂ ਪ੍ਰੋਫੈਸਰ ਸੁਰਜੀਤ ਸਿੰਘ ਉੱਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਉਹ ਜ਼ਖਮੀ ਹੋ ਗਏ।
ਪ੍ਰੋਫੈਸਰ ਸੁਰਜੀਤ ਸਿੰਘ ਦੀ ਸ਼ਿਕਾਇਤ ਉੱਤੇ ਹਮਲਾ ਕਰਨ ਵਾਲੇ ਲੋਕਾਂ ਖ਼ਿਲਾਫ਼ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਪਟਿਆਲਾ ਦੇ ਥਾਣਾ ਅਰਬਨ ਅਸਟੇਟ ਪੁਲਿਸ ਵੱਲੋਂ ਦਰਜ ਮਾਮਲੇ ਵਿੱਚ ਤਿੰਨ ਨੌਜਵਾਨਾਂ ਦੇ ਨਾਂ ਹਨ ਤੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਾ ਹੋਇਆ ਹੈ।
ਪ੍ਰੋਫੈਸਰ ਸੁਰਜੀਤ ਸਿੰਘ ਨੇ ਕੀ ਕਿਹਾ
ਪ੍ਰੋਫੈਸਰ ਸੁਰਜੀਤ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਉੱਤੇ ਹਮਲਾ ਹੋਇਆ ਹੈ ਉਸ ਦੀ ਬਕਾਇਦਾ ਉਨ੍ਹਾਂ ਨੇ ਐੱਫਆਈਆਰ ਕਰਵਾ ਦਿੱਤੀ ਹੈ।
ਆਪਣੇ ''''ਤੇ ਲੱਗੇ ਇਲਜ਼ਾਮਾਂ ਬਾਰੇ ਪੁੱਛੇ ਜਾਣ ''''ਤੇ ਉਨ੍ਹਾਂ ਨੇ ਕਿਹਾ, "ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਹ ਕੁੜੀ ਅਸਥਮਾ ਨਾਲ ਪੀੜਤ ਸੀ ਅਤੇ ਉਸ ਦੇ ਘਰਦਿਆਂ ਨੂੰ ਵੀ ਇਸ ਗੱਲ ਦਾ ਪਤਾ ਸੀ।"
"ਉਸ ਦੀ ਮੌਤ ਘਰ ਜਾ ਕੇ ਹੋਈ ਹੈ ਅਤੇ ਉਹ ਕੁਦਰਤੀ ਮੌਤ ਸੀ। ਇਸ ਦਾ ਬਕਾਇਦਾ ਮੈਡੀਕਲ ਰਿਕਾਰਡ ਵੀ ਹੈ, ਜਿਸ ਵਿੱਚ ਉਹ ਕੁੜੀ ਕਾਫੀ ਸਮੇਂ ਤੋਂ ਪੀੜਤ ਸੀ।"
ਉਨ੍ਹਾਂ ਨੇ ਕਿਹਾ ਕਿ ਉਸ ਦੀ ਮੌਤ ਦਾ ਅਫ਼ਸੋਸ ਹੈ ਅਤੇ ਉਹ ਇੱਕ ਹੋਣਹਾਰ ਵਿਦਿਆਰਥਣ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕੁਝ ਵਿਦਿਆਰਥੀ ਜਥੇਬੰਦੀਆਂ ਇਸ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਅਜੇ ਤੱਕ ਆਪਣਾ ਧਰਨਾ ਚੁੱਕਿਆ ਨਹੀਂ ਹੈ। ਉਨ੍ਹਾਂ ਨੇ ਸੋਮਵਾਰ ਤੋਂ ਫਿਰ ਬੰਦ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਨੇ ਇੱਕ ਵਾਰ ਫਿਰ ਦੁਹਰਾਇਆ, "ਮੇਰੇ ਉੱਤੇ ਲੱਗੇ ਰਹੇ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਸ ਵਿੱਚ ਕੋਈ ਸੱਚਾਈ ਨਹੀਂ ਹੈ।''''''''

ਯੂਨੀਵਰਸਿਟੀ ਦੀ ਦਲੀਲ
ਦੂਜੇ ਪਾਸੇ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਉੱਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਦੁੱਖ ਪ੍ਰਗਟ ਕੀਤਾ ਹੈ।
ਇਸ ਦੇ ਨਾਲ ਹੀ ਵਾਇਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕੈਂਪਸ ਵਿੱਚ ਪ੍ਰੋ. ਸੁਰਜੀਤ ਸਿੰਘ ਉੱਤੇ ਕੁਝ ਹੁੱਲੜਬਾਜ਼ਾਂ ਵੱਲੋਂ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਯੂਨੀਵਰਸਿਟੀ ਦੇ ਫੇਸਬੁੱਕ ਪੇਜ ਉੱਤੇ ਜਾਰੀ ਆਪਣੇ ਸੰਦੇਸ਼ ਵਿੱਚ ਪ੍ਰੋਫੈਸਰ ਅਰਵਿੰਦ ਮੁਤਾਬਕ ਵਿਦਿਆਰਥਣ ਦੀ ਮੌਤ ਤੋਂ ਬਾਅਦ ਕੁਝ ਵਿਦਿਆਰਥੀਆਂ ਵੱਲੋਂ ਧਰਨਾ ਵੀ ਦਿੱਤਾ ਗਿਆ।
''''''''ਇਸ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰ ਵੀ ਧਰਨੇ ਵਾਲੀ ਥਾਂ ਉੱਤੇ ਪਹੁੰਚੇ।''''''''
ਗੱਲਬਾਤ ਪੂਰੀ ਹੋਣ ਤੋਂ ਬਾਅਦ ਜਦੋਂ ਪ੍ਰੋਫੈਸਰ ਵਾਪਸ ਜਾ ਰਹੇ ਸਨ ਤਾਂ ਉੱਥੇ ਮੌਜੂਦਾ ਕੁਝ ਅਨਸਰਾਂ ਨੇ ਪਿੱਛਾ ਕਰ ਕੇ ਇੱਕ ਪ੍ਰੋਫੈਸਰ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਪਿਆ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਕੁਝ ਸ਼ਿਕਾਇਤ ਉਨ੍ਹਾਂ ਨੂੰ ਦਿੱਤੀਆਂ ਹਨ ਅਤੇ ਇਸ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਜਾਰੀ ਸੂਚਨਾ ਅਨੁਸਾਰ 13-09-2023 ਨੂੰ ਸਵੇਰੇ 9.20 ਵਜੇ ਦੇ ਕਰੀਬ ਵਿਦਿਆਰਥਣ ਜਸ਼ਨਦੀਪ ਕੌਰ ਨੇ ਹੋਸਟਲ ਦੇ ਸੁਰੱਖਿਆ ਕਰਮਚਾਰੀ ਨੂੰ ਆਪਣੀ ਸਿਹਤ ਖ਼ਰਾਬ ਹੋਣ ਸਬੰਧੀ ਦੱਸਿਆ।
ਮੌਕੇ ਉੱਤੇ ਹੀ ਯੂਨੀਵਰਸਿਟੀ ਹੈਲਥ ਸੈਂਟਰ ਨੂੰ ਸੂਚਨਾ ਦੇ ਕੇ ਐਂਬੂਲੈਂਸ ਦੀ ਮੰਗ ਕੀਤੀ ਗਈ।
ਕੁਝ ਸਮੇਂ ਬਾਅਦ ਵਿਦਿਆਰਥਣ ਐਂਬੂਲੈਂਸ ਵਿੱਚ ਬੈਠ ਕੇ ਯੂਨੀਵਰਸਿਟੀ ਹੈਲਥ ਸੈਂਟਰ ਜਾਂਚ ਕਰਵਾਉਣ ਲਈ ਹੋਸਟਲ ਵਿੱਚੋਂ ਚਲੀ ਗਈ।
ਵਿਦਿਆਰਥਣ ਹੈਲਥ ਸੈਂਟਰ ਵਿਖੇ ਇਲਾਜ ਕਰਵਾਉਣ ਤੋਂ ਬਾਅਦ ਲਗਭਗ 10:30 ਵਜੇ ਹੋਸਟਲ ਵਾਪਸ ਆ ਕੇ ਰੈਸਟ ਰੂਮ ਵਿੱਚ ਬੈਠ ਗਈ।
ਇਸ ਮਗਰੋਂ ਵਿਦਿਆਰਥਣ ਦੇ ਮਾਤਾ ਅਤੇ ਭਰਾ ਲਗਭਗ ਸਵਾ 12 ਵਜੇ ਹੋਸਟਲ ਵਿੱਚ ਆ ਕੇ ਹੋਸਟਲ ਦੀ ਕਾਰਵਾਈ ਕਰਨ ਉਪਰੰਤ ਵਿਦਿਆਰਥਣ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਸੀ।
ਇਸ ਤੋਂ ਬਾਅਦ 14 ਸਤੰਬਰ ਨੂੰ ਉਸ ਦੀ ਆਪਣੇ ਘਰ ਵਿੱਚ ਮੌਤ ਹੋ ਗਈ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)