ਖਾਲਿਸਤਾਨ ਮੁੱਦੇ ''''ਤੇ ਪੀਐੱਮ ਮੋਦੀ ਤੇ ਟਰੂਡੋ ਦੀ ਗੱਲਬਾਤ ਮਗਰੋਂ ਕੈਨੇਡਾ ਦਾ ਭਾਰਤ ਨੂੰ ‘ਝਟਕਾ’, ਕੀ ਸਬੰਧਾਂ ''''ਚ ਪਿਆ ਪਾੜਾ

Sunday, Sep 17, 2023 - 05:32 PM (IST)

ਖਾਲਿਸਤਾਨ ਮੁੱਦੇ ''''ਤੇ ਪੀਐੱਮ ਮੋਦੀ ਤੇ ਟਰੂਡੋ ਦੀ ਗੱਲਬਾਤ ਮਗਰੋਂ ਕੈਨੇਡਾ ਦਾ ਭਾਰਤ ਨੂੰ ‘ਝਟਕਾ’, ਕੀ ਸਬੰਧਾਂ ''''ਚ ਪਿਆ ਪਾੜਾ
ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ
Getty Images
ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ

ਕੈਨੇਡਾ ਅਤੇ ਭਾਰਤ ਦੇ ਸਬੰਧਾਂ ਦਰਮਿਆਨ ਤਣਾਅ ਆਪਣੇ ਸਿਖਰ ’ਤੇ ਪਹੁੰਚਦਾ ਵਿਖਾਈ ਦੇ ਰਿਹਾ ਹੈ।

ਜੀ-20 ਸੰਮੇਲਨ ’ਚ ਸ਼ਿਰਕਤ ਕਰਨ ਲਈ ਭਾਰਤ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਨਿੱਜੀ ਜਹਾਜ਼ ਦੇ ਖਰਾਬ ਹੋਣ ਕਰਕੇ ਦੋ ਦਿਨਾਂ ਤੱਕ ਇੱਥੇ ਹੀ ਫਸੇ ਹੋਏ ਸਨ।

ਪਰ ਉਨ੍ਹਾਂ ਦੇ ਵਤਨ ਪਰਤਦੇ ਹੀ ਖ਼ਬਰ ਆਈ ਹੈ ਕਿ ਕੈਨੇਡਾ ਨੇ ਭਾਰਤ ਦੇ ਨਾਲ ਟ੍ਰੇਡ/ਵਪਾਰ ਮਿਸ਼ਨ ਨੂੰ ਰੋਕ ਦਿੱਤਾ ਹੈ।

ਕੈਨੇਡਾ ਦੀ ਵਣਜ ਮੰਤਰੀ ਮੈਰੀ ਐਨਜੀ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੈਨੇਡਾ ਨੇ ਦੁਵੱਲੇ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਨੂੰ ਰੋਕ ਦਿੱਤਾ ਹੈ।

ਜੀ-20 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਕਥਿਤ ਤੌਰ ’ਤੇ ਤਿੱਖੀ ਗੱਲਬਾਤ ਹੋਈ ਸੀ।

ਭਾਰਤੀ ਪ੍ਰਧਾਨ ਮੰਤਰੀ ਕੈਨੇਡਾ ’ਚ ਸਿੱਖ ਵੱਖਵਾਦੀਆਂ ਦੇ ‘ਅੰਦੋਲਨ’ ਅਤੇ ਭਾਰਤੀ ਰਾਜਦੂਤਾਂ ਖ਼ਿਲਾਫ਼ ਹਿੰਸਾ ਭੜਕਾਉਣ ਵਾਲੀਆਂ ਘਟਨਾਵਾਂ ਤੋਂ ਨਾਰਾਜ਼ ਸਨ।

ਜਦਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਸੀ ਕਿ ਭਾਰਤ ਕੈਨੇਡਾ ਦੀ ਘਰੇਲੂ ਸਿਆਸਤ ’ਚ ਦਖਲ ਦੇ ਰਿਹਾ ਹੈ।

ਵੱਖਵਾਦੀ ਅੰਦੋਲਨ ਕਾਰਨ ਆਪਸੀ ਰਿਸ਼ਤਿਆਂ ’ਚ ਆਉਂਦੀ ਦੂਰੀ

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ
@NARENDRAMODI

ਦਰਅਸਲ ਪਿਛਲੇ ਕੁਝ ਸਮੇਂ ਤੋਂ ਕੈਨੇਡਾ ’ਚ ‘ਖਾਲਿਸਤਾਨ’ ਸਮਰਥਕ ਸੰਗਠਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਭਾਰਤ ਦੇ ਨਾਲ ਕੈਨੇਡਾ ਦੇ ਸਬੰਧਾਂ ਦਰਮਿਆਨ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਇਸ ਸਾਲ ਜੁਲਾਈ ਮਹੀਨੇ ਵਿੱਚ ਕੈਨੇਡਾ ’ਚ ‘ਖਾਲਿਸਤਾਨ’ ਸਮਰਥਕ ਜਥੇਬੰਦੀਆਂ ਨੇ ਕੁਝ ਭਾਰਤੀ ਰਾਜਦੂਤਾਂ ਦੇ ਪੋਸਟਰ ਲਗਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਅਪੀਲ ਕੀਤੀ ਸੀ।

ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਦੇ ਸਫੀਰ (ਰਾਜਦੂਤ) ਨੂੰ ਤਲਬ ਕਰਕੇ ਉਨਾਂ ਦੇ ਦੇਸ਼ ’ਚ ‘ਖਾਲਿਸਤਾਨ’ ਸਮਰਥਕ ਗਤੀਵਿਧੀਆਂ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀ।

ਜੂਨ 2023 ’ਚ ‘ਖਾਲਿਸਤਾਨ’ ਆਗੂ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਸਰੇਬਾਜ਼ਾਰ ਕਤਲ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਸਿੱਖ ਵੱਖਵਾਦੀਆਂ ਅਤੇ ਭਾਰਤ ਸਰਕਾਰ ਵਿਚਾਲੇ ਤਣਾਅ ਦੇ ਦ੍ਰਿਸ਼ ਹੋਰ ਕਈ ਦੇਸ਼ਾਂ ’ਚ ਵੀ ਵੇਖਣ ਨੂੰ ਮਿਲੇ।

ਖਾਲਿਸਤਾਨ ਸਮਰਥਕਾਂ ਨੇ ਨਿੱਝਰ ਦੇ ਕਤਲ ਦੇ ਖ਼ਿਲਾਫ਼ ਕੈਨੇਡਾ ਦੇ ਟੋਰਾਂਟੋ ਤੋਂ ਇਲਾਵਾ ਲੰਡਨ, ਮੈਲਬਰਨ ਅਤੇ ਸੈਨ ਫਰਾਂਸਿਸਕੋ ਸਮੇਤ ਹੋਰ ਕਈਆਂ ਸ਼ਹਿਰਾਂ ’ਚ ਪ੍ਰਦਰਸ਼ਨ ਕੀਤਾ।

ਨਿੱਝਰ ਤੋਂ ਪਹਿਲਾਂ ਭਾਰਤ ਵੱਲੋਂ ਕੱਟੜਪੰਥੀ ਐਲਾਨੇ ਗਏ ਪਰਮਜੀਤ ਸਿੰਘ ਪੰਜਵਾੜ ਦਾ ਵੀ ਮਈ ਮਹੀਨੇ ਵਿੱਚ ਲਾਹੌਰ ’ਚ ਕਤਲ ਕਰ ਦਿੱਤਾ ਗਿਆ ਸੀ।

ਖਾਲਿਸਤਾਨ ਸਮਰਥਕਾਂ ਦੀ ਮੌਤ ਅਤੇ ਭਾਰਤ ’ਤੇ ਇਲਜ਼ਾਮ

ਖਾਲਿਸਤਾਨ ਸਮਰਥਕ
Getty Images

ਜੂਨ ਮਹੀਨੇ ਬ੍ਰਿਟੇਨ ’ਚ ਅਵਤਾਰ ਸਿੰਘ ਖੰਡਾ ਦੀ ਰਹੱਸਮਈ ਹਾਲਾਤਾਂ ’ਚ ਮੌਤ ਹੋ ਗਈ ਸੀ। ਉਹ ‘ਖਾਲਿਸਤਾਨ ਲਿਬਰੇਸ਼ਨ ਫੋਰਸ’ ਦੇ ਮੁਖੀ ਦੱਸੇ ਜਾਂਦੇ ਸਨ।

ਸਿੱਖ ਵੱਖਵਾਦੀਆਂ ਵੱਲੋਂ ਇਲਜ਼ਾਮ ਆਇਦ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ।

ਵੱਖਵਾਦੀ ਸਿੱਖ ਜਥੇਬੰਦੀਆਂ ਨੇ ਇਸ ਨੂੰ ਟਾਰਗੇਟ ਕਿਲਿੰਗ ਦਾ ਨਾਮ ਦਿੱਤਾ ਹੈ। ਉਨ੍ਹਾਂ ਦਾ ਇਲਜ਼ਾਮ ਸੀ ਕਿ ਭਾਰਤ ਸਰਕਾਰ ਸਿੱਖ ਵਾਖਵਾਦੀ ਆਗੂਆਂ ਨੂੰ ਮਰਵਾ ਰਹੀ ਹੈ।

ਹਾਲਾਂਕਿ ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਭਾਰਤ ’ਚ ਸਿੱਖਾਂ ਦੀ ਆਬਾਦੀ 2% ਹੈ। ਕੁਝ ਸਿੱਖ ਵੱਖਵਾਦੀ ਸਿੱਖਾਂ ਦੇ ਲਈ ਵੱਖਰਾ ਦੇਸ਼ ‘ਖਾਲਿਸਤਾਨ’ ਬਣਾਉਣ ਦੀ ਮੰਗ ਕਰਦੇ ਰਹੇ ਹਨ।

ਭਾਰਤ ਦਾ ਇਲਜ਼ਾਮ ਹੈ ਕਿ ਕੈਨੇਡਾ ’ਚ ਸਰਗਰਮ ਸਿੱਖ ਵੱਖਵਾਦੀਆਂ ’ਤੇ ਟਰੂਡੋ ਸਰਕਾਰ ਕਾਰਵਾਈ ਕਰਨ ’ਚ ਅਸਫਲ ਰਹੀ ਹੈ।

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਹ ਵੱਖਵਾਦੀ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ’ਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।

ਲਾਈਨ
Getty Images

ਫਿਲਹਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਜੋ ਤਣਾਅ ਨਜ਼ਰ ਆ ਰਿਹਾ ਹੈ ਉਸ ਦਾ ਇੱਕ ਵੱਡਾ ਕਾਰਨ ਹੈ ਕੈਨੇਡਾ ’ਚ ਸਿੱਖ ਵੱਖਵਾਦੀਆਂ ਦੀ ਸਰਗਰਮੀ।

ਕੈਨੇਡਾ ’ਚ ‘ਖਾਲਿਸਤਾਨ’ ਪੱਖੀ ਲਹਿਰ ਇੰਨੀ ਤੇਜ਼ ਹੋ ਗਈ ਹੈ ਕਿ ਸਿੱਖਾਂ ਦੇ ਲਈ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਲੈ ਕੇ ਰਾਏਸ਼ੁਮਾਰੀ ਤੱਕ ਹੋ ਚੁੱਕੀ ਹੈ।

ਇਸ ਵਾਰ ਵੀ ਜਦੋਂ ਜੀ-20 ਸੰਮੇਲਨ ਦੌਰਾਨ ਨਵੀਂ ਦਿੱਲੀ ’ਚ ਟਰੂਡੋ ਅਤੇ ਮੋਦੀ ਦਰਮਿਆਨ ਸੰਖੇਪ ਬੈਠਕ ਹੋਈ ਤਾਂ ਉਸ ਦਿਨ ਵੀ ਕੈਨੇਡਾ ਦੇ ਵੈਨਕੂਵਰ ’ਚ ਸਿੱਖ ਵੱਖਵਾਦੀਆਂ ਨੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਲਈ ਇੱਕ ਰਾਏਸ਼ੁਮਾਰੀ ਕਰਵਾਈ।

ਜੀ-20 ਸੰਮੇਲਨ ਦੌਰਾਨ ਦੁਵੱਲੇ ਸਬੰਧਾਂ ’ਚ ਨਜ਼ਰ ਆਇਆ ਪਾੜਾ

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ
JUSTINTRUDEAU

ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਆਈ ਕੁੜੱਤਣ ਉਸ ਸਮੇਂ ਹੋਰ ਵਧ ਗਈ ਜਦੋਂ ਜੀ-20 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਵੱਖਵਾਦੀਆਂ ਦੀਆਂ ਗਤੀਵਿਧੀਆਂ ’ਤੇ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟ ਕੀਤੀ।

ਸੰਮੇਲਨ ਦੌਰਾਨ ਅਧਿਕਾਰਤ ਸਵਾਗਤ ਦੌਰਾਨ ਟਰੂਡੋ ਨਰਿੰਦਰ ਮੋਦੀ ਨਾਲ ਹੱਥ ਮਿਲਾਉਂਦੇ ਹੋਏ ਤੇਜ਼ੀ ਨਾਲ ਉੱਥੋਂ ਨਿਕਲਦੇ ਹੋਏ ਵਿਖਾਈ ਦਿੱਤੇ।

ਇਸ ਤਸਵੀਰ ਨੂੰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਪੈਦਾ ਹੋਏ ‘ਤਣਾਅ’ ਵਜੋਂ ਵੇਖਿਆ ਗਿਆ।

ਇਸ ਤੋਂ ਬਾਅਦ ਟਰੂਡੋ ਨਾਲ ਗੱਲਬਾਤ ਦੌਰਾਨ ਨਰਿੰਦਰ ਮੋਦੀ ਨੇ ਕੈਨੇਡਾ ’ਚ ਖਾਲਿਸਤਾਨ ਸਮਰਥਕ ਤੱਤਾਂ ਅਤੇ ਜਥੇਬੰਦੀਆਂ ਦੀਆਂ ਗਤੀਵਿਧੀਆਂ ਦਾ ਮੁੱਦਾ ਚੁੱਕਿਆ।

ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਪੀਐੱਮ ਮੋਦੀ ਨੇ ਇਸ ਸਬੰਧੀ ਨਾਰਾਜ਼ਗੀ ਪ੍ਰਗਟ ਕੀਤੀ ਹੈ।

ਭਾਰਤ ਤੇ ਕੈਨੇਡਾ ਦੇ ਰਿਸ਼ਤੇ
BBC

ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨੀ ਸਮਰਥਕ ਤੱਤ ਭਾਰਤੀ ਰਾਜਦੂਤਾਂ ’ਤੇ ਹਮਲੇ ਕਰਨ ਲਈ ਲੋਕਾਂ ਨੂੰ ਭੜਕਾ ਰਹੇ ਹਨ। ਉਹ ਭਾਰਤੀ ਸਫ਼ਾਰਤਖਾਨਿਆਂ ’ਤੇ ਵੀ ਹਮਲਾ ਕਰਨ ਲਈ ਲੋਕਾਂ ਨੂੰ ਭੜਕਾ ਰਹੇ ਹਨ। ਪਰ ਕੈਨੇਡਾ ਸਰਕਾਰ ਇਨ੍ਹਾਂ ਨੂੰ ਰੋਕਣ ’ਚ ਅਸਫਲ ਰਹੀ ਹੈ।

ਹਾਲਾਂਕਿ ਅਜਿਹੀਆਂ ਖ਼ਬਰਾਂ ਵੀ ਹਨ ਕਿ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਹਮੇਸ਼ਾ ਹੀ ਬੋਲਣ ਜਾਂ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਆਜ਼ਾਦੀ ਦੀ ਰੱਖਿਆ ਕਰੇਗਾ।

ਉਨ੍ਹਾਂ ਮੁਤਾਬਕ, ਇਹ ਅਜਿਹੀ ਚੀਜ਼ ਹੈ ਜੋ ਕਿ ਕੈਨੇਡਾ ਲਈ ਬਹੁਤ ਹੀ ਅਹਿਮ ਹੈ। ਕੈਨੇਡਾ ਉਸ ਸਮੇਂ ਹਿੰਸਾ ਨੂੰ ਰੋਕਣ, ਨਫ਼ਰਤ ਨੂੰ ਘੱਟ ਕਰਨ ਲਈ ਹਮੇਸ਼ਾਂ ਹੀ ਉਪਲੱਬਧ ਹੈ।

ਟਰੂਡੋ ਨੇ ਕਿਹਾ, “ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੁਝ ਲੋਕਾਂ ਦੀਆਂ ਗਤੀਵਿਧੀਆਂ ਸਮੁੱਚੇ ਕੈਨੇਡੀਅਨ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੀਆਂ ਹਨ।”

ਕੀ ਟਰੂਡੋ ਬੈਕਫੁੱਟ ’ਤੇ ਹਨ?

ਟਰੂਡੋ
Getty Images

ਟਰੂਡੋ ਵੱਲੋਂ ਦਿੱਤਾ ਗਿਆ ਇਹ ਬਿਆਨ ਭਾਰਤ ਸਰਕਾਰ ਨੂੰ ਰਾਸ ਨਹੀਂ ਆ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਬੰਧਾਂ ’ਚ ਆਈ ਕੁੜੱਤਣ ਘੱਟ ਹੁੰਦੀ ਨਜ਼ਰ ਨਹੀਂ ਆਈ।

ਸਗੋਂ ਟਰੂਡੋ ਨੇ ਭਾਰਤ ’ਤੇ ਕੈਨੇਡਾ ਦੀ ਘਰੇਲੂ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦਾ ਇਲਜ਼ਾਮ ਲਗਾਇਆ ਹੈ।

ਭਾਰਤੀ ਥਿੰਕ ਟੈਂਕ ਨਿਗਰਾਨ ਰਿਸਰਚ ਫਾਊਂਡੇਸ਼ਨ ਦੇ ਉਪ ਪ੍ਰਧਾਨ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਜਾਣਕਾਰ ਹਰਸ਼ ਵੀ ਪੰਤ ਦਾ ਕਹਿਣਾ ਹੈ, “ਇਹ ਟਰੂਡੋ ਦਾ ਜਵਾਬੀ ਹਮਲਾ ਹੈ। ਕੈਨੇਡਾ ਇਹ ਕਾਊਂਟਰ ਨੈਰੇਟਿਵ ਚਲਾਉਣਾ ਚਾਹੁੰਦਾ ਹੈ ਕਿ ਸਿਰਫ਼ ਉਸ ਨੂੰ ਹੀ ਖਾਲਿਸਤਾਨੀ ਤੱਤਾਂ ’ਤੇ ਨਕੇਲ ਕੱਸਣ ਲਈ ਕਦਮ ਚੁੱਕਣ ਦੀ ਜ਼ਰੂਰਤ ਨਹੀਂ ਹੈ। ਸਗੋਂ ਭਾਰਤ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਕੈਨੇਡਾ ’ਚ ਆਪਣੀ ਕਥਿਤ ਦਖਲਅੰਦਾਜ਼ੀ ਨੂੰ ਰੋਕੇ।”

ਅਸੀਂ ਹਰਸ਼ ਵੀ ਪੰਤ ਤੋਂ ਪੁੱਛਿਆ ਕਿ ਕੀ ਕੈਨੇਡਾ ਵੱਲੋਂ ਦੁਵੱਲੇ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਨੂੰ ਰੋਕਣਾ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਨਵੀਂ ਗਿਰਾਵਟ ਹੈ ਜਾਂ ਫਿਰ ਹਾਲਾਤ ਇਸ ਤੋਂ ਵੀ ਵੱਧ ਵਿਗੜ ਸਕਦੇ ਹਨ?

ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, “ਟਰੂਡੋ ਜਿੰਨਾਂ ਚਿਰ ਤੱਕ ਸਰਕਾਰ ’ਚ ਹਨ, ਉਦੋਂ ਤੱਕ ਹਾਲਾਤ ਸੁਧਰਦੇ ਤਾਂ ਵਿਖਾਈ ਨਹੀਂ ਦੇ ਰਹੇ ਹਨ। ਮੈਨੂੰ ਲੱਗਦਾ ਹੈ ਕਿ ਟਰੂਡੋ ਨੇ ਇਸ ਨੂੰ ਨਿੱਜੀ ਮਸਲਾ ਬਣਾ ਲਿਆ ਹੈ। ਟਰੂਡੋ ਨੂੰ ਲੱਗਦਾ ਹੈ ਕਿ ਉਨ੍ਹਾਂ ’ਤੇ ਨਿੱਜੀ ਤੌਰ ’ਤੇ ਹਮਲਾ ਕੀਤਾ ਜਾ ਰਿਹਾ ਹੈ।”

ਉਨ੍ਹਾਂ ਕਿਹਾ, “ਭਾਰਤ ਖਾਲਿਸਤਾਨ ਦੇ ਮੁੱਦੇ ’ਤੇ ਆਪਣੇ ਵਿਚਾਰ ਜ਼ੋਰਦਾਰ ਢੰਗ ਨਾਲ ਰੱਖ ਹੀ ਰਿਹਾ ਸੀ ਅਤੇ ਕਾਰੋਬਾਰ ਸਬੰਧੀ ਗੱਲਬਾਤ ਵੀ ਹੋ ਰਹੀ ਸੀ। ਪਰ ਹੁਣ ਟਰੂਡੋ ਦੇ ਨਵੇਂ ਰਵੱਈਏ ਤੋਂ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਬੈਕਫੁੱਟ ’ਤੇ ਦੇਖ ਰਹੇ ਹਨ। ਇਸ ਲਈ ਉਹ ਵੀ ਭਾਰਤ ਨਾਲ ਤਣਾਅ ਨੂੰ ਲੈ ਕੇ ਜ਼ੋਰਦਾਰ ਢੰਗ ਨਾਲ ਆਪਣੀ ਗੱਲ ਕਹਿ ਰਹੇ ਹਨ।”

ਕੀ ਐਫਟੀਏ ਸੱਚਮੁੱਚ ਆਪਸੀ ਦੂਰੀਆਂ ਦਾ ਸ਼ਿਕਾਰ ਹੋ ਰਿਹਾ ਹੈ?

ਕੈਨੇਡਾ ਦੀ ਵਣਜ ਮੰਤਰੀ ਮੈਰੀ ਐਨਜੀ
Getty Images
ਕੈਨੇਡਾ ਦੀ ਵਣਜ ਮੰਤਰੀ ਮੈਰੀ ਐਨਜੀ

ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਦਰਮਿਆਨ ਆਈ ਖੱਟਾਸ ਵਿਚਾਲੇ ਕੈਨੇਡਾ ਸਰਕਾਰ ਵੱਲੋਂ ਐਫਟੀਏ ’ਤੇ ਹੋ ਰਹੀ ਗੱਲਬਾਤ ''''ਤੇ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਹੈ।

ਲਗਭਗ ਇੱਕ ਦਹਾਕੇ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਅੱਗੇ ਵਧੀ ਸੀ। ਇਸ ਸਮਝੌਤੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ ਛੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ।

ਮਾਰਚ 2022 ’ਚ ਦੋਵਾਂ ਦੇਸ਼ਾਂ ਨੇ ਈਟੀਪੀ (ਵਪਾਰ ਸਮਝੌਤੇ ਸਬੰਧੀ ਗੱਲਬਾਤ ’ਚ ਸ਼ੁਰੂਆਤੀ ਤਰੱਕੀ) ‘ਤੇ ਅੰਤਰਿਮ ਸਮਝੌਤੇ ’ਚ ਗੱਲਬਾਤ ਮੁੜ ਸ਼ੁਰੂ ਕੀਤੀ ਸੀ।

ਇਸ ਤਰ੍ਹਾਂ ਦੇ ਸਮਝੌਤਿਆਂ ਤਹਿਤ ਦੋਵੇਂ ਦੇਸ਼ ਆਪਸੀ ਵਪਾਰ ਦੀਆਂ ਜ਼ਿਆਦਾਤਰ ਚੀਜ਼ਾਂ ’ਤੇ ਡਿਊਟੀ ਕਾਫ਼ੀ ਘੱਟ ਕਰ ਦਿੰਦੇ ਹਨ ਜਾਂ ਖ਼ਤਮ ਹੀ ਕਰ ਦਿੰਦੇ ਹਨ।

ਭਾਰਤੀ ਕੰਪਨੀਆਂ ਕੈਨੇਡਾ ਦੇ ਬਾਜ਼ਾਰਾਂ ’ਚ ਆਪਣੇ ਟੈਕਸਟਾਈਲ ਅਤੇ ਚਮੜੇ ਦੇ ਸਮਾਨਾਂ ਦੀ ਡਿਊਟੀ ਮੁਕਤ ਪਹੁੰਚ ਦੀ ਮੰਗ ਕਰ ਰਹੀਆਂ ਹਨ।

ਇਸ ਦੇ ਨਾਲ ਹੀ ਭਾਰਤ ਵੱਲੋਂ ਕੈਨੇਡਾ ’ਚ ਪੇਸ਼ੇਵਰਾਂ ਲਈ ਵੀਜ਼ਾ ਨਿਯਮਾਂ ਨੂੰ ਸਰਲ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਕੈਨੇਡਾ ਆਪਣੇ ਡੇਅਰੀ ਅਤੇ ਖੇਤੀ ਉਤਪਾਦਾਂ ਲਈ ਭਾਰਤੀ ਬਾਜ਼ਾਰ ਖੋਲ੍ਹਣ ਦੀ ਮੰਗ ਕਰ ਰਿਹਾ ਹੈ।

ਕਿੰਨਾ ਵੱਡਾ ਹੈ ਭਾਰਤ-ਕੈਨੇਡਾ ਦੁਵੱਲਾ ਵਪਾਰ

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ
Getty Images

ਸਾਲ 2022 ’ਚ ਭਾਰਤ ਕੈਨੇਡਾ ਦਾ 10ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। 2022-23 ’ਚ ਭਾਰਤ ਨੇ ਕੈਨੇਡਾ ਨੂੰ 4.10 ਅਰਬ ਡਾਲਰ ਦੀਆਂ ਚੀਜ਼ਾਂ ਦਰਾਮਦ ਕੀਤੀਆਂ ਸਨ। 2021-22 ’ਚ ਇਹ ਅੰਕੜਾ 3.76 ਅਰਬ ਡਾਲਰ ਦਾ ਸੀ।

ਦੂਜੇ ਪਾਸੇ ਕੈਨੇਡਾ ਨੇ ਸਾਲ 2022-23 ’ਚ ਭਾਰਤ ਨੂੰ 4.05 ਅਰਬ ਡਾਲਰ ਦਾ ਸਮਾਨ ਦਰਾਮਦ ਕੀਤਾ ਸੀ। 2021-22 ’ਚ ਇਹ ਅੰਕੜਾ 3.13 ਅਰਬ ਡਾਲਰ ਦਾ ਸੀ।

ਜਿੱਥੋਂ ਤੱਕ ਸਰਵਿਸ ਵਪਾਰ ਦੀ ਗੱਲ ਹੈ ਤਾਂ ਕੈਨੇਡੀਅਨ ਪੈਨਸ਼ਨ ਫੰਡਾਂ ਨੇ ਭਾਰਤ ’ਚ 55 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਕੈਨੇਡਾ ਨੇ 2000 ਤੋਂ ਲੈ ਕੇ ਹੁਣ ਤੱਕ ਭਾਰਤ ’ਚ 4.07 ਅਰਬ ਡਾਲਰ ਦਾ ਸਿੱਧਾ ਨਿਵੇਸ਼ ਕੀਤਾ ਹੈ।

ਭਾਰਤ ’ਚ ਘੱਟ ਤੋਂ ਘੱਟ 600 ਕੈਨੇਡੀਅਨ ਕੰਪਨੀਆਂ ਕੰਮ ਕਰ ਰਹੀਆਂ ਹਨ। ਜਦਕਿ 1000 ਹੋਰ ਕੰਪਨੀਆਂ ਭਾਰਤ ’ਚ ਆਪਣੇ ਕਾਰੋਬਾਰ ਲਈ ਮੌਕੇ ਲੱਭ ਰਹੀਆਂ ਹਨ।

ਦੂਜੇ ਪਾਸੇ ਭਾਰਤੀ ਕੰਪਨੀਆਂ ਕੈਨੇਡਾ ’ਚ ਆਈਟੀ, ਸਾਫਟਵੇਅਰ, ਕੁਦਰਤੀ ਸਰੋਤ ਅਤੇ ਬੈਂਕਿੰਗ ਸੈਕਟਰਾਂ ’ਚ ਸਰਗਰਮ ਹਨ।

ਭਾਰਤ ਵੱਲੋਂ ਕੈਨੇਡਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਚੀਜ਼ਾਂ ’ਚ ਗਹਿਣੇ, ਬਹੁਮੁੱਲੇ ਪੱਥਰ, ਫਾਰਮਾ ਉਤਪਾਦ, ਰੈਡੀਮੇਡ ਕੱਪੜੇ, ਜੈਵਿਕ ਰਸਾਇਣ, ਹਲਕੇ ਇੰਜੀਨੀਅਰਿੰਗ ਸਾਮਾਨ, ਲੋਹੇ ਅਤੇ ਸਟੀਲ ਦੇ ਉਤਪਾਦ ਆਦਿ ਸ਼ਾਮਲ ਹਨ।

ਜਦਕਿ ਭਾਰਤ ਕੈਨੇਡਾ ਤੋਂ ਦਾਲਾਂ, ਨਿਊਜ਼ਪ੍ਰਿੰਟ, ਵੁੱਡ ਪਲਪ, ਐਸਬੈਸਟਸ, ਪੋਟਾਸ਼, ਆਇਰਨ ਸਕ੍ਰੈਪ, ਖਣਿਜ, ਉਦਯੋਗਿਕ ਰਸਾਇਣ ਮੰਗਵਾਉਂਦਾ ਹੈ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News