ਨਸ਼ਿਆਂ ਖ਼ਿਲਾਫ਼ ਘਰ-ਘਰ ਜਾ ਕੇ ਹੋਕਾ ਦਿੰਦੀ ਬੇਬੇ: ''''ਸਾਡਾ ਘਰ ਤਾਂ ਉੱਜੜ ਗਿਆ, ਕਿਸੇ ਹੋਰ ਦਾ ਪੁੱਤ ਨਾ ਮਰੇ''''

Sunday, Sep 17, 2023 - 04:17 PM (IST)

ਨਸ਼ਿਆਂ ਖ਼ਿਲਾਫ਼ ਘਰ-ਘਰ ਜਾ ਕੇ ਹੋਕਾ ਦਿੰਦੀ ਬੇਬੇ: ''''ਸਾਡਾ ਘਰ ਤਾਂ ਉੱਜੜ ਗਿਆ, ਕਿਸੇ ਹੋਰ ਦਾ ਪੁੱਤ ਨਾ ਮਰੇ''''
ਗੁਰਮੇਲ ਕੌਰ
BBC
ਗੁਰਮੇਲ ਕੌਰ ਦੇ ਪੁੱਤਰ ਨੇ ਨਸ਼ੇ ਦੀ ਮਾਰੂ ਆਦਤ ਦੇ ਚਲਦਿਆਂ ਆਪਣੀ ਜਾਨ ਲੈ ਲਈ ਸੀ

ਖ਼ਸਤਾ ਹਾਲਤ ਵਾਲੀ ਛੱਤ ਅਤੇ ਇੱਕੋ ਕਮਰੇ ਵਾਲੇ ਘਰ ਵਿੱਚ ਬਜ਼ੁਰਗ ਗੁਰਮੇਲ ਕੌਰ ਆਪਣੇ ਪਤੀ ਅਤੇ ਅੱਠ ਸਾਲ ਦੇ ਪੋਤੇ ਨਾਲ ਰਹਿੰਦੇ ਹਨ।

ਦਰਅਸਲ, ਨਸ਼ੇ ਦੀ ਮਾਰੂ ਆਦਤ ਦੇ ਚਲਦਿਆਂ ਗੁਰਮੇਲ ਕੌਰ ਦੇ ਪੁੱਤ ਨੇ ਭਰ ਜਵਾਨੀ ਵਿੱਚ ਹੀ ਪਿੰਡ ਦੀ ਸੱਥ ਵਿੱਚ ਫਾਹਾ ਲੈ ਕੇ ਆਪਣੀ ਜਾਨ ਲੈ ਲਈ ਸੀ।

ਉਹ ਹੁਣ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ ਲੱਡੀ ਵਿੱਚ ਚੱਲ ਰਹੀ ਨਸ਼ੇ ਖ਼ਿਲਾਫ ਮੁਹਿੰਮ ਵਿੱਚ ਮੂਹਰੇ ਹੋ ਕੇ ਹਿੱਸਾ ਲੈ ਰਹੇ ਹਨ।

65 ਸਾਲ ਦੀ ਉਮਰ ਵਿੱਚ ਵੀ ਉਹ ਘਰ-ਘਰ ਜਾ ਕੇ ਲੋਕਾਂ ਨੂੰ ਆਪਣੀ ਕਹਾਣੀ ਦੱਸਦੇ ਹਨ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਹੋਕਾ ਦਿੰਦੇ ਹਨ।

ਉਹ ਕਿਸਾਨ ਜਥੇਬੰਦੀ ਦੇ ਮੈਂਬਰਾਂ ਅਤੇ ਪਿੰਡ ਦੀਆਂ ਹੋਰ ਔਰਤਾਂ ਨਾਲ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਂਦੇ ਹਨ।

ਉਹ ਕਹਿੰਦੇ ਹਨ, “ਮੈਂ ਸੋਚਦੀ ਹਾਂ ਸਾਡਾ ਤਾਂ ਘਰ ਉੱਜੜ ਗਿਆ, ਪਰ ਅਜਿਹਾ ਕਿਸੇ ਹੋਰ ਗਰੀਬ ਜਾਂ ਤੱਕੜੇ ਨਾਲ ਨਾ ਹੋਵੇ, ਕੱਲ ਨੂੰ ਕਿਸੇ ਹੋਰ ਦਾ ਪੁੱਤ ਨਾ ਮਰੇ।”

ਗੁਰਮੇਲ ਕੌਰ ਨਸ਼ੇ ਖ਼ਿਲਾਫ ਲੋਕਾਂ ਨੂੰ ਜਾਗਰੁਕ ਕਰਦੇ ਹਨ।
BBC
65 ਸਾਲ ਦੀ ਉਮਰ ਵਿੱਚ ਵੀ ਗੁਰਮੇਲ ਕੌਰ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਂਦੇ ਹਨ।

“ਪਤਾ ਹੀ ਨਹੀਂ ਲੱਗਾ ਉਹ ਕਦੋਂ ਨਸ਼ੇ ਦੀ ਦਲਦਲ ਵਿੱਚ ਫੱਸ ਗਿਆ”

ਉਨ੍ਹਾਂ ਦੇ ਪੁੱਤ ਦਾ ਨਾਂ ਬੂਟਾ ਸਿੰਘ ਸੀ ਅਤੇ ਉਸਦੀ ਉਮਰ ਤਕਰੀਬਨ 28 ਸਾਲ ਸੀ।

ਗੁਰਮੇਲ ਕੌਰ ਨੇ ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਨ੍ਹਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਜਾ ਫਸਿਆ।

ਉਹ ਦੱਸਦੇ ਹਨ ਕਿ ਇਸ ਕਰਕੇ ਘਰ ਵਿੱਚ ਕਈ ਵਾਰੀ ਲੜਾਈ ਹੁੰਦੀ ਅਤੇ ਉਹ ਪ੍ਰੇਸ਼ਾਨ ਰਹਿੰਦਾ ਸੀ।

“ਘਰਦਿਆਂ ਨੂੰ ਲੱਗਾ ਕਿ ਉਹ ਠੇਕੇ ਉੱਤੇ ਗਿਆ ਹੈ, ਪਰ ਉਸਨੇ ਜਾ ਕੇ ਫਾਹਾ ਲਾ ਲਿਆ।”

ਗੁਰਮੇਲ ਕੌਰ
BBC

ਉਨ੍ਹਾਂ ਦੱਸਿਆ, “ਅਸੀਂ ਦੋਵਾਂ ਨੇ ਆਪ ਹੀ ਉਸ ਨੂੰ ਲਾਹਿਆ, ਉਸਦੇ ਪਿਤਾ ਥੱਲੇ ਬੈਠ ਗਏ ਅਤੇ ਮੈਂ ਰੇਹੜੀ ਉੱਤੇ ਚੜ੍ਹ ਕੇ ਉਸ ਨੂੰ ਲਾਹਿਆ।”

“ਮੈਂ ਆਖਿਆ ਕਿ ਦੇਖੋ ਸੱਟ ਨਾ ਲੱਗੇ, ਪਰ ਵਿੱਚ ਤਾਂ ਕੁਝ ਹੈ ਹੀ ਨਹੀਂ ਸੀ।”

“ਫਿਰ ਅਸੀਂ ਗੁਆਂਢੀਆਂ ਦੇ ਦਰਵਾਜ਼ੇ ਖੜਕਾਏ, ਉਨ੍ਹਾਂ ਨੇ ਆ ਕੇ ਰੇਹੜੀ ਉੱਤੇ ਪੁਆ ਦਿੱਤਾ ਤੇ ਅਸੀਂ ਘਰ ਲੈ ਕੇ ਆ ਗਏ।”

“ਪੁਲਿਸ ਵਾਲਿਆਂ ਨੇ ਕਿਹਾ ਹਸਪਤਾਲ ਲੈ ਜਾਓ, ਅਸੀਂ ਫਿਰ ਉਸ ਨੂੰ ਹਸਪਤਾਲ ‘ਚ ਲੈ ਗਏ, ਉਨ੍ਹਾਂ ਨੇ ਸਾਨੂੰ ਬਾਹਰ ਹੀ ਖੜ੍ਹਾ ਕਰ ਦਿੱਤਾ।”

ਗੁਰਮੇਲ ਕੌਰ ਦੇ ਪਤੀ ਜੋਗਿੰਦਰ ਸਿੰਘ ਦੀ ਇੱਕ ਹਾਦਸੇ ਕਾਰਨ ਰੀੜ੍ਹ ਦੀ ਹੱਡੀ ਉੱਤੇ ਗਹਿਰੀ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਉਹ ਹਾਲੇ ਵੀ ਤੁਰਨ-ਫਿਰਨ ਤੋਂ ਅਸਮਰੱਥ ਹਨ।

“ਪਿਓ ਦੇ ਸੱਟ ਲੱਗਣ ਤੋਂ ਸਾਲ ਬਾਅਦ ਹੀ ਬੂਟਾ ਸਿੰਘ ਨੇ ਇਹ ਕੰਮ ਕਰ ਲਿਆ।”

ਗੁਰਮੇਲ ਕੌਰ
BBC
ਗੁਰਮੇਲ ਕੌਰ ਦੇ ਨਾਲ ਪਿੰਡ ਦੀਆਂ ਹੋਰ ਔਰਤਾਂ ਵੀ ਨਸ਼ੇ ਖ਼ਿਲਾਫ ਮੁਹਿੰਮ ਵਿੱਚ ਸ਼ਾਮਲ ਹਨ

ਅੱਤ ਦੀ ਗਰੀਬੀ

ਗੁਰਮੇਲ ਕੌਰ ਦੱਸਦੇ ਹਨ, “ਮੈਂ ਇਕੱਲੀ ਹੀ ਹਾਂ ਜੋ ਆਪਣੇ ਅੱਠ ਸਾਲਾਂ ਦੇ ਪੋਤੇ ਨੂੰ ਪਾਲ ਰਹੀਂ ਹਾਂ, ਪੜ੍ਹਾ ਰਹੀਂ ਹਾਂ।”

ਉਹ ਦੱਸਦੇ ਹਨ ਕਿ ਬਿਨਾਂ ਕਿਸੇ ਸੁਵਿਧਾ ਅਤੇ ਆਮਦਨ ਤੋਂ ਘਰ ਦਾ ਖਰਚਾ ਚਲਾਉਣਾ ਉਨ੍ਹਾਂ ਲਈ ਬਹੁਤ ਔਖਾ ਹੈ।

ਉਸ ਦੱਸਦੇ ਹਨ ਕਿ ਉਹ ਆਪ ਮਿਹਨਤ ਕਰਕੇ ਅਤੇ ਆਪਣੇ ਜਵਾਈ ਦੀ ਸਹਾਇਤਾ ਨਾਲ ਜਿਵੇਂ-ਤਿਵੇਂ ਗੁਜ਼ਰ ਬਸਰ ਕਰ ਰਹੇ ਹਨ।

“ਮੈਂ ਆਪਣਾ ਕੱਖ-ਕੰਡਾ ਵੱਢ ਲਿਆਉਂਦੀ ਹਾਂ, ਡੰਗਰਾਂ ਨੂੰ ਪਾ ਦਿੰਦੀ ਹਾਂ।”

ਭਿੱਜੀਆਂ ਹੋਈਆਂ ਅੱਖਾਂ ਨਾਲ ਉਹ ਦੱਸਦੇ ਹਨ, “ਸਾਨੂੰ ਆਪਣੇ ਪੋਤੇ ਦਾ ਬਹੁਤ ਫਿਕਰ ਹੁੰਦਾ ਹੈ, ਇਹਦੇ ਕੋਲ ਨਾ ਮਾਂ ਹੈ ਨਾਂ ਪਿਓ ਅਸੀਂ ਵੀ ਕਿੰਨਾ ਚਿਰ ਜੀਆਂਗੇ, ਖ਼ਬਰਿਆ ਇਹ ਕਿਹੜੇ ਹਾਲਾਤਾਂ ਵਿੱਚ ਪੈ ਜਾਊਗਾ।”

“ਮੇਰਾ ਛੋਟਾ ਪੋਤਾ ਆਪਣੀ ਮਾਂ ਨਾਲ ਰਹਿੰਦਾ ਹੈ ਤੇ ਵੱਡਾ ਸਾਡੇ ਕੋਲ ਹੈ।”

ਗੁਰਮੇਲ ਕੌਰ
BBC
ਗੁਰਮੇਲ ਕੌਰ ਕਹਿੰਦੇ ਹਨ ਕਿ ਸਰਕਾਰ ਨੂੰ ਨਸ਼ਾ ਬੰਦ ਕਰਨਾ ਚਾਹੀਦਾ ਹੈ

ਮੇਰੇ ਪੁੱਤ ਨੂੰ ਗਏ ਨੂੰ ਤਿੰਨ ਸਾਲ ਹੋ ਗਏ ਹਨ ਜਦੋਂ ਵੀ ਕੋਈ ਮਿਲਦਾ ਤਾਂ ਕਹਿੰਦੇ ਹਾਂ ਕਿ ਜੇ ਕਿਸੇ ਦਾ ਬੱਚਾ ਨਸ਼ਾ ਕਰਦਾ ਹੈ ਇਨ੍ਹਾਂ ਨੂੰ ਨਸ਼ੇ ਤੋਂ ਛੁਡਾਓ।

“ਆਪਣੇ ਨਾਲ ਦੇ ਲੋਕਾਂ ਨਾਲ ਪਿੰਡ ਵਿੱਚ ਜਾਂਦੇ ਹਾਂ ਤੇ ਪਿੰਡ ਦੇ ਲੋਕਾਂ ਨੂੰ ਸਮਝਾਉਂਦੇ ਹਾਂ। ਕਦੇ-ਕਦੇ ਹੋਰ ਪਿੰਡਾਂ ਵਿੱਚ ਵੀ ਜਾਂਦੇ ਹਾਂ।”

ਉਹ ਦੱਸਦੇ ਹਨ ਜਿਸ ਵੇਲੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਉਸਦੀ ਉਮਰ 28 ਸਾਲ ਦੀ ਸੀ, ਉਹ 20 ਸਾਲ ਦੀ ਉਮਰ ਤੋਂ ਹੀ ਨਸ਼ਾ ਕਰਨ ਲੱਗ ਗਿਆ ਸੀ। ਇਸਦੇ ਬਾਰੇ ਵਿਆਹ ਤੋਂ ਬਾਅਦ ਪਤਾ ਲੱਗਾ ਸੀ।

“ਉਸ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੇ ਉਸਦੇ ਪਿਤਾ ਨੇ ਵੀ ਬਹੁਤ ਵਾਰੀ ਕਿਹਾ, ਉਹ ਅੱਗੋਂ ਝੂਠ ਬੋਲ ਦਿੰਦਾ ਸੀ ਕਿ ਮੈਂ ਕਿਹੜਾ ਕੁਝ ਖਾਨਾਂ।”

ਉਨ੍ਹਾਂ ਕਿਹਾ, “ਸਾਡੀ ਸਰਕਾਰ ਨੂੰ ਇਹ ਅਪੀਲ ਹੈ ਕਿ ਨਸ਼ੇ ਨੂੰ ਬੰਦ ਕੀਤਾ ਜਾਵੇ।”

BBC
BBC

ਮੁਸ਼ਕਲ ਹਾਲਾਤਾਂ ਵਿੱਚ ਵੀ ਹੌਸਲਾ ਨਹੀਂ ਹਾਰਿਆ

  • ਗੁਰਮੇਲ ਕੌਰ ਦਾ ਪੁੱਤ 20 ਸਾਲ ਦੀ ਉਮਰ ਤੋਂ ਹੀ ਨਸ਼ੇ ਕਰਨ ਲੱਗ ਗਿਆ ਸੀ।
  • ਉਨ੍ਹਾਂ ਦੇ ਪੁੱਤ ਨੇ 28 ਸਾਲ ਦੀ ਉਮਰ ਵਿੱਚ ਫਾਹਾ ਲਾ ਕੇ ਆਪਣੀ ਜਾਨ ਲੈ ਲਈ ਸੀ।
  • ਬਜ਼ੁਰਗ ਹੋਣ ਦੇ ਬਾਵਜੂਦ ਉਹ ਘਰ-ਘਰ ਜਾ ਕੇ ਨਸ਼ੇ ਵਿਰੁੱਧ ਹੋਕਾ ਦੇ ਰਹੇ ਹਨ।
  • ਉਹ ਕਹਿੰਦੇ ਹਨ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਉਨ੍ਹਾਂ ਵਰਗਾ ਸੰਤਾਪ ਹੰਢਾਉਣਾ ਪਵੇ।
  • ਉਹ ਆਪਣੇ ਪਤੀ ਅਤੇ ਅੱਠ ਸਾਲ ਦੇ ਪੋਤੇ ਦੀ ਦੇਖਭਾਲ ਕਰਦੇ ਹਨ।
  • ਉਹ ਅੱਤ ਦੀ ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਹਨ।
BBC
BBC

“ਮੈਂ ਉਸ ਨੂੰ ਬਹੁਤ ਵਾਰੀ ਕਿਹਾ ਕਿ ਨਸ਼ਾ ਛੱਡ ਦੇ”

ਗੁਰਮੇਲ ਕੌਰ ਦੇ ਪਤੀ ਜੋਗਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪੁੱਤ ਨੁੰ ਬਹੁਤ ਵਾਰੀ ਕਿਹਾ ਕਿ ਉਹ ਨਸ਼ੇ ਦੀ ਮਾੜੀ ਆਦਤ ਛੱਡ ਦੇਵੇ।

ਉਹ ਕਹਿੰਦੇ ਹਨ ਕਿ “ਮੇਰਾ ਪੁੱਤ ਜਿਸ ਥਾਂ ‘ਤੇ ਕੰਮ ਕਰਦਾ ਸੀ ਉੱਥੋਂ ਉਸ ਨੂੰ ਨਸ਼ੇ ਦੀ ਆਦਤ ਪਈ।”

“ਮੈਂ ਉਸ ਨੂੰ ਕੰਮ ਤੋਂ ਹਟਾ ਦਿੱਤਾ ਅਤੇ ਕੰਮ ਲਈ ਰੇਹੜੀ ਲੈ ਕੇ ਦਿੱਤੀ, ਉਹ ਮੈਂਨੂੰ ਕਹਿੰਦਾ ਕਿ ਮੈਂ ਨਸ਼ਾ ਘਟਾ ਦਿੱਤਾ ਹੈ, ਪਰ ਉਸਨੇ ਨਸ਼ਾ ਨਹੀਂ ਘਟਾਇਆ।”

ਜੋਗਿੰਦਰ ਸਿੰਘ ਰੋਂਦੇ ਹੋਏ ਦੱਸਦੇ ਹਨ, “ਉਸ ਨੇ ਇਹ ਕੰਮ ਕਰਨ ਤੋਂ ਪਹਿਲਾਂ ਮੈਨੂੰ ਫੋਨ ਕੀਤਾ, ਅਸੀਂ ਉਸ ਵੇਲੇ ਕਿਸੇ ਰਿਸ਼ਤੇਦਾਰ ਕੋਲ ਸੀ, ਮੈਂ ਉਸ ਨੂੰ ਬਥੇਰਾ ਰੋਕਿਆ ਪਰ ਉਹ ਰੁਕਿਆ ਨਹੀਂ।”

ਜੋਗਿੰਦਰ ਸਿੰਘ
BBC
ਗੁਰਮੇਲ ਕੌਰ ਦੇ ਪਤੀ ਜੋਗਿੰਦਰ ਸਿੰਘ ਇੱਕ ਹਾਦਸੇ ਤੋਂ ਬਾਅਦ ਤੁਰਨ-ਫਿਰਨ ਤੋਂ ਅਸਮਰੱਥ ਹਨ

ਨਸ਼ਿਆਂ ਵਿਰੁੱਧ ਬਣ ਰਹੀਆਂ ਹਨ ‘ਨਸ਼ਾ ਵਿਰੋਧੀ ਕਮੇਟੀਆਂ’

ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਨਸ਼ੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋਈ ਹੈ।

ਕਈ ਪਿੰਡਾਂ ਵਿੱਚ ਲੋਕ ਨਸ਼ਾ ਵੇਚਣ ਵਾਲਿਆਂ ਖ਼ਿਲਾਫ ਖੁੱਲ੍ਹ ਕੇ ਸਾਹਮਣੇ ਆਏ ਹਨ।

ਸੰਗਰੂਰ, ਮਾਨਸਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਬਠਿੰਡਾ ਦੇ ਕਈ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ, ਗਰਾਮ ਪੰਚਾਇਤਾਂ ਅਤੇ ਸਥਾਨਕ ਲੋਕਾਂ ਵੱਲੋਂ ਬਣਾਈਆਂ ਨਸ਼ਾ ਵਿਰੋਧੀ ਕਮੇਟੀਆਂ ਨਸ਼ੇ ਖਿਲਾਫ਼ ਕੰਮ ਕਰ ਰਹੀਆਂ ਹਨ।

ਗੁਰਮੇਲ ਕੌਰ ਵੀ ਅਜਿਹੇ ਹੀ ਸਮੂਹ ਦਾ ਹਿੱਸਾ ਬਣੇ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੰਗਰੂਰ ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਨੇ ਕਿਹਾ, “ ਪਿਛਲੇ ਦੋ ਮਹੀਨੇ ਤੋਂ ਜਥੇਬੰਦੀ ਵੱਲੋਂ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।”

“ਇਹ ਲੜਾਈ ਦਿੱਲੀ ਦੀਆਂ ਸਰਹੱਦਾਂ ਉੱਤੇ ਚੱਲੀ ਜ਼ਮੀਨਾਂ ਦੀ ਲੜਾਈ ਤੋਂ ਵੱਡੀ ਹੈ, ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਵਿੱਚ ਹਿੱਸਾ ਲੈਣਾ ਪਵੇਗਾ।”

ਗੁਰਮੇਲ ਕੌਰ
BBC
ਪਿੰਡਾਂ ਦੇ ਲੋਕ ਨਸ਼ਿਆਂ ਖ਼ਿਲਾਫ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।

ਅਗਸਤ ਵਿੱਚ 240 ਕਿੱਲੋ ਹੈਰੋਇਨ ਕੀਤੀ ਬਰਾਮਦ – ਪੰਜਾਬ ਪੁਲਿਸ

5 ਸਤੰਬਰ ਨੂੰ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪੰਜਾਬ ਵਿੱਚੋਂ ਅਗਸਤ ਮਹੀਨੇ ਵਿੱਚ 240 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।

ਉਨ੍ਹਾਂ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਪਿਛਲੇ 14 ਮਹੀਨਿਆਂ ਵਿੱਚ ਤਕਰੀਬਨ 19,000 ਨਸ਼ਾ ਸਮੱਗਲਰ ਗਿਰਫ਼ਤਾਰ ਕੀਤੇ ਗਏ ਹਨ।

ਆਈਜੀ ਸੁਖਚੈਨ ਸਿੰਘ ਗਿੱਲ
BBC
ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ।

ਨਸ਼ੇ ਬਾਰੇ ਸਰਕਾਰੀ ਅੰਕੜੇ

ਪੰਜਾਬ ਵਿਧਾਨ ਸਭਾ ਵਿੱਚ ਮਾਰਚ 2023 ਵਿੱਚ ਨਸ਼ੇ ਉੱਤੇ ਹੋਈ ਬਹਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੰਨਿਆ ਕਿ ਸੂਬੇ ਵਿੱਚ ਕਰੀਬ ਦਸ ਲੱਖ ਲੋਕ ਨਸ਼ੇ ਤੋਂ ਗ੍ਰਸਿਤ ਹਨ।

ਉਨ੍ਹਾਂ ਆਖਿਆ ਕਿ ਇਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਸਿਰਫ਼ 1.5 ਫ਼ੀਸਦੀ ਅਤੇ ਪ੍ਰਾਈਵੇਟ ਸੈਂਟਰਾਂ ਵਿੱਚ 0.04 ਫ਼ੀਸਦੀ ਠੀਕ ਹੋਏ।

ਉਨ੍ਹਾਂ ਮੁਤਾਬਕ, "2017 ਤੋਂ 2022 ਤੱਕ ਕੁਝ ਸੈਂਟਰਾਂ ਵਿੱਚ ਤਾਂ ਇੱਕ ਮਰੀਜ਼ ਦਾ ਹੀ ਪੂਰਾ ਇਲਾਜ ਹੋਇਆ।"

ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ 102 ਕਰੋੜ ਰੁਪਏ ਹਰ ਸਾਲ ਨਸ਼ੇ ਦੀ ਰੋਕਥਾਮ ਉੱਤੇ ਖ਼ਰਚ ਹੁੰਦੇ ਹਨ ਜਿਸ ਵਿੱਚ ਨਸ਼ਾ ਛੁਡਾਓ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ, ਨਸ਼ਿਆਂ ਦੀ ਰੋਕਥਾਮ ਉੱਤੇ ਖ਼ਰਚ ਵੀ ਵੱਧ ਰਿਹਾ ਹੈ ਪਰ ਨਾਲ ਹੀ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ।

ਡਾਕਟਰ ਬਲਬੀਰ ਸਿੰਘ ਮੁਤਾਬਕ, "ਇਸੇ ਕਾਰਨ ਪੰਜਾਬ ਵਿੱਚ ਹੈਪੇਟਾਈਟਸ- ਬੀ, ਕਾਲਾ ਪੀਲੀਆ ਅਤੇ ਐੱਚਆਈਵੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News