ਸਰਹਿੰਦ ਰੋਜ਼ਾ ਸਰੀਫ਼ ਦਾ ਉਰਸ: ਜਿੱਥੇ ਪਾਕਿਸਤਾਨ ਸਣੇ ਵਿਦੇਸ਼ੀ ਮੁਸਲਮਾਨਾਂ ਦੀ ਮੇਜ਼ਬਾਨੀ ਲਈ ਸਿੱਖ ਵੀ ਪਹੁੰਚਦੇ ਹਨ

Sunday, Sep 17, 2023 - 07:32 AM (IST)

ਸਰਹਿੰਦ ਰੋਜ਼ਾ ਸਰੀਫ਼ ਦਾ ਉਰਸ: ਜਿੱਥੇ ਪਾਕਿਸਤਾਨ ਸਣੇ ਵਿਦੇਸ਼ੀ ਮੁਸਲਮਾਨਾਂ ਦੀ ਮੇਜ਼ਬਾਨੀ ਲਈ ਸਿੱਖ ਵੀ ਪਹੁੰਚਦੇ ਹਨ
ਉਰਸ
BBC
''''ਭਾਰਤ ਇੱਕ ਸੁਰੱਖਿਅਤ ਮੁਲਕ ਹੈ ਤੇ ਹਰ ਪਾਕਿਸਤਾਨੀ ਨੂੰ ਇੱਥੇ ਆਉਣਾ ਚਾਹੀਦਾ ਹੈ''''

“ਪਾਕਿਸਤਾਨ ਤੋਂ ਭਾਰਤ ਆਉਣ ਵੇਲੇ ਡਰ ਸੀ ਕਿ ਪਤਾ ਨਹੀਂ ਵਾਪਸ ਵੀ ਜਾ ਸਕਾਂਗੇ ਜਾਂ ਨਹੀਂ। ਸਿੱਧੀ ਜਿਹੀ ਗੱਲ ਹੈ ਕਿ ਸਾਨੂੰ ਬਹੁਤ ਡਰ ਲੱਗ ਰਿਹਾ ਸੀ...ਪਰਿਵਾਰ ਵਾਲਿਆਂ ਨੇ ਤਾਂ ਕਈ ਵਾਰ ਭਾਰਤ ਆਉਣ ਤੋਂ ਰੋਕਿਆ ਸੀ।”

ਇਹ ਸ਼ਬਦ ਹਨ ਪਾਕਿਸਤਾਨ ਦੇ ਕਰਾਚੀ ਤੋਂ ਕੁੱਝ ਦਿਨ ਪਹਿਲਾਂ ਹੀ ਭਾਰਤ ਆਏ ਅਰਸ਼ਦ ਅਲੀ ਦੇ।

ਅਰਸ਼ਦ ਕਹਿੰਦੇ ਹਨ ਕਿ ਮੀਡੀਆ ਵਿੱਚ ਕਈ ਤਰ੍ਹਾਂ ਦੀਂ ਗੱਲਾਂ ਸੁਣਨ ਦੇਖਣ ਨੂੰ ਮਿਲਦੀਆਂ ਹਨ।

ਜਿਸ ਨਾਲ ਪਾਕਿਸਤਾਨ ਵਿੱਚ ਰਹਿੰਦੇ ਲੋਕਾਂ ਦੇ ਜ਼ਹਿਨ ਵਿੱਚ ਭਾਰਤ ਤੇ ਇੱਥੋਂ ਦੇ ਲੋਕਾਂ ਦਾ ਇੱਕ ਵੱਖਰੀ ਕਿਸਮ ਦਾ ਅਕਸ ਬਣ ਜਾਂਦਾ ਹੈ।

ਉਹ ਕੁਝ ਤਸੱਲੀ ਨਾਲ ਕਹਿੰਦੇ ਹਨ, “ਪਰ ਜਦੋਂ ਇੱਥੇ ਆਏ ਤਾਂ ਵੇਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਡਰਿਆ ਜਾਵੇ। ਇੱਥੇ ਲੋਕਾਂ ਦੀ ਬੋਲੀ ਸਾਡੇ ਵਰਗੀ ਹੈ, ਰਹਿਣ ਸਹਿਣ ਸਾਡੇ ਵਰਗਾ ਹੈ ਤੇ ਸਾਨੂੰ ਮਿਲੇ ਵੀ ਬਹੁਤ ਪਿਆਰ ਨਾਲ ਹਨ।”

“ਅਸੀਂ ਇੱਥੇ ਬੇਫ਼ਿਕਰ ਹੋ ਘੁੰਮ ਫਿਰ ਰਹੇ ਹਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ...ਇੱਥੋਂ ਦੀ ਸਰਕਾਰ ਤੇ ਅਵਾਮ ਤੋਂ ਜੋ ਪਿਆਰ, ਆਪਣਾਪਨ ਤੇ ਇੰਤਜ਼ਾਮ ਮਿਲਿਆ ਹੈ, ਉਸ ਨੇ ਸਾਡੀ ਸਾਰੀ ਸੋਚ ਹੀ ਬਦਲ ਦਿੱਤੀ ਹੈ।”

ਸ਼ੇਰਬਾਜ਼
BBC
ਪਾਕਿਸਤਾਨ ਤੋਂ ਆਏ ਸ਼ੇਰਬਾਜ਼

ਅਰਸ਼ਦ ਅਲੀ ਪਾਕਿਸਤਾਨ ਤੋਂ 125 ਸ਼ਰਧਾਲੂਆਂ ਦੇ ਜੱਥੇ ਦਾ ਹਿੱਸਾ ਹਨ, ਜੋ ਸਰਹਿੰਦ-ਫਤਿਹਗੜ੍ਹ ਸਾਹਿਬ ਵਿਖੇ 13 ਸਤੰਬਰ ਤੋਂ ਸ਼ੁਰੂ ਹੋਏ ਸਾਲਾਨਾ ਰੋਜ਼ਾ ਸ਼ਰੀਫ਼ ਉਰਸ ''''ਚ ਸ਼ਾਮਲ ਹੋਣ ਲਈ ਪਹੁੰਚਿਆ ਹੈ।

ਅਰਸ਼ਦ ਅਲੀ ਕਹਿੰਦੇ ਹਨ ਕਿ ਇੱਥੇ ਆ ਕੇ ਦਰਸ਼ਨ ਕਰਨ ਦੀ ਦਿਲੀ ਖੁਆਹਿਸ਼ ਸੀ ਪਰ ਪਿਛਲੇ ਸਾਲ ਵੀ ਵਫ਼ਦ ਕਈ ਕਾਰਨਾਂ ਕਰ ਕੇ ਨਹੀਂ ਆ ਸਕਿਆ ਸੀ।

ਪੇਸ਼ੇ ਤੋਂ ਇੰਜੀਨੀਅਰ ਸ਼ੇਰਬਾਜ਼ ਇਸੇ ਜਥੇ ਦੇ ਉਪ ਆਗੂ ਹਨ। ਅਰਸ਼ਦ ਅਲੀ ਵਾਂਗ ਉਹ ਵੀ ਇੱਥੇ ਆਉਣ ਤੋਂ ਪਹਿਲਾਂ ਬਹੁਤ ਡਰੇ ਹੋਏ ਸਨ।

ਉਹ ਦੱਸਦੇ ਹਨ, “ਮੇਰੀ ਅੰਮੀ ਰੋ ਰਹੀ ਸੀ ਕਿ ਭਾਰਤ ਵਿੱਚ ਪਤਾ ਨਹੀਂ ਕੀ ਹੋਏਗਾ। ਉਨ੍ਹਾਂ ਨੂੰ ਲੱਗਦਾ ਸੀ, ਇਥੇ ਸਾਨੂੰ ਫੜ ਲਿਆ ਜਾਵੇਗਾ, ਅਜਿਹੇ ਹੀ ਕਈ ਡਰ ਸਨ।”

“ਪਰ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ ਤੇ ਭਾਰਤ ਬਹੁਤ ਹੀ ਸੁਰੱਖਿਅਤ ਥਾਂ ਹੈ ਤੇ ਸਾਰੇ ਪਾਕਿਸਤਾਨੀਆਂ ਨੂੰ ਇੱਥੇ ਆਉਣਾ ਚਾਹੀਦਾ ਹੈ।”

ਉਰਸ
BBC
ਸਰਹਿੰਦ ਵਿੱਚ ਰੋਜ਼ਾ ਸ਼ਰੀਫ਼ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਸਥਿਤ ਹੈ

ਹਰ ਵਰ੍ਹੇ ਪਾਕਿਸਤਾਨ ਤੋਂ ਭਾਰਤ ਆਉਂਦਾ ਸੀ ਜੱਥਾ

ਰੋਜ਼ਾ ਸ਼ਰੀਫ਼ ਉੱਤੇ ਹੋਣ ਵਾਲੇ ਸਲਾਨਾ ਉਰਸ ਵਿੱਚ ਸ਼ਮੂਲੀਅਤ ਲਈ ਹਰ ਸਾਲ ਪਾਕਿਸਤਾਨ ਤੋਂ ਫ਼ਤਿਹਗੜ੍ਹ ਲੋਕ ਆਉਂਦੇ ਹਨ।

ਪਰ ਪਹਿਲਾਂ ਕੋਰੋਨਾ ਦੌਰਾਨ ਲੌਕਡਾਊਨ ਅਤੇ ਫ਼ਿਰ ਕੁਝ ਸਿਆਸੀ ਕਾਰਨਾਂ ਕਰਕੇ ਪਿਛਲੇ ਪੰਜ ਸਾਲਾਂ ਤੋਂ ਅਜਿਹਾ ਨਹੀਂ ਸੀ ਹੋ ਸਕਿਆ ਸੀ।

ਇਸ ਸਾਲ ਅਸੀਂ ਵੀ ਪਾਕਿਸਤਾਨ ਤੋਂ ਆਏ ਸਾਥੀਆਂ ਨੂੰ ਮਿਲਣ ਇਸ ਰਾਹ ਤੁਰ ਪਏ।

ਰੋਜ਼ਾ ਸਰੀਫ਼ ਫਤਿਹਗੜ੍ਹ ਸਾਹਿਬ ਤੋ ਬਸੀ ਪਠਾਣਾ ਵੱਲ ਜਾਂਦੀ ਸੜਕ ’ਤੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਨੇੜੇ ਹੈ। ਇਸ ਨੂੰ ਸ਼ੇਖ਼ ਅਹਿਮਦ ਫਰੂਕੀ ਸਰਹਿੰਦੀ ਦੀ ਦਰਗਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਇਨ੍ਹਾਂ ਨੂੰ ਆਮ ਤੌਰ ਤੇ ਮੁਜਾਜਦਿਦ ਅਲਫ਼ ਇਸਫ਼ਾਨੀ ਕਿਹਾ ਜਾਂਦਾ ਹੈ। ਉਹ ਰਾਜਾ ਅਕਬਰ ਅਤੇ ਜਹਾਂਗੀਰ ਦੇ ਸਮੇਂ ਸੰਨ 1563 ਤੋ 1624 ਦੌਰਾਨ ਇੱਥੇ ਰਹੇ ਸਨ।

ਹਲਵਾਈ
BBC
ਉਰਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ

ਸੁੰਨੀ ਮੁਸਲਮਾਨਾਂ ਵਿੱਚ ਇਸ ਦੀ ਬਹੁਤ ਮਾਨਤਾ ਹੈ ਅਤੇ ਉਹ ਇਸ ਨੂੰ ਮੱਕੇ ਤੋ ਬਾਅਦ ਦੂਸਰਾ ਸਭ ਤੋ ਪਵਿੱਤਰ ਸਥਾਨ ਮੰਨਦੇ ਹਨ।

ਇੱਥੇ ਉਰਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਹਰ ਸਾਲ ਇਸ ਉਰਸ ਵਿੱਚ ਸ਼ਾਮਲ ਹੋਣ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਸਾਨੂੰ ਇੱਥੇ ਪਾਕਿਸਤਾਨ ਤੋਂ ਇਲਾਵਾ ਤੁਰਕੀ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਆਏ ਲੋਕ ਵੀ ਮਿਲੇ।

ਮੇਲੇ ਵਿੱਚ ਭਾਰਤ ਦੇ ਵੀ ਵੱਖ-ਵੱਖ ਸੂਬਿਆਂ ਤੋਂ ਮੁਸਲਮਾਨ ਭਾਈਚਾਰੇ ਦੇ ਲੋਕ ਪਹੁੰਚਦੇ ਹਨ।

ਪਾਕਿਸਤਾਨ ਦਾ ਜੱਥਾ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਇਆ।

ਜੱਥੇ ਦੀ ਅਗਵਾਈ ਮੁਹੰਮਦ ਅਬੂ ਬਕਰ ਚੀਮਾ ਕਰ ਰਹੇ ਹਨ।

ਜੱਥੇ ਦੇ ਇੱਕ ਹੋਰ ਮੈਂਬਰ ਸ਼ੇਰਬਾਜ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਇੱਥੇ ਆਉਣ ਦੇ ਚਾਹਵਾਨ ਹਨ, ਪਰ ਵੱਧ ਤੋਂ ਵੱਧ 200 ਲੋਕਾਂ ਨੂੰ ਹੀ ਵੀਜ਼ਾ ਮਿਲ ਸਕਦਾ ਹੈ।

ਉਰਸ
BBC
ਪਾਕਿਸਤਾਨ ਤੋਂ ਇਲਾਵਾ ਤੁਰਕੀ ਤੇ ਬੰਗਲਾ ਦੇਸ ਤੋਂ ਵੀ ਲੋਕ ਆਏ ਹੋਏ ਹਨ

ਪੰਜ ਸਾਲ ਬਾਅਦ ਮਿਲਿਆ ਵੀਜ਼ਾ

ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕੋਵਿਡ ਦੇ ਸਮੇਂ ਸਮੇਤ ਕਰੀਬ ਪੰਜ ਸਾਲਾਂ ਬਾਅਦ ਪਾਕਿਸਤਾਨ ਤੋਂ ਸ਼ਰਧਾਲੂ ਉਰਸ ਲਈ ਭਾਰਤ ਆ ਸਕੇ ਹਨ।

ਪਾਕਿਸਤਾਨੀ ਪੰਜਾਬ ਦੇ ਟੋਭਾ ਟੇਕ ਸਿੰਘ ਦੇ ਰਹਿਣ ਵਾਲੇ ਮੁਹੰਮਦ ਇਕਬਾਲ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਸਰਹਿੰਦ ਸ਼ਹਿਰ ਦੇ ਮੁਹੱਲਾ ਜੱਟਪੁਰਾ ਵਿੱਚ ਰਹਿੰਦਾ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜੱਦੀ ਘਰ ਮਨਸੂਰੀ ਟਿੱਬਾ ਨੇੜੇ ਹੁੰਦਾ ਸੀ ਪਰ 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਉਸ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ।

ਟੋਬਾ ਟੇਕ ਸਿੰਘ ਦੇ ਰਹਿਣ ਵਾਲੇ ਅਹਿਸਨ ਭੱਟੀ ਨੇ ਕਿਹਾ ਕਿ ਸਰਹੱਦ ਦੇ ਦੋਵਾਂ ਪਾਸਿਆਂ ਦੇ ਲੋਕ ਇੱਕੋ ਭਾਸ਼ਾ ਬੋਲਦੇ ਹਨ, ਲੋਕਾਂ ਵਿੱਚ ਕੋਈ ਫ਼ਰਕ ਨਹੀਂ ਹੈ।

ਉਹ ਮਹਿਮਾਨ ਨਿਵਾਜ਼ੀ ਤੋਂ ਖ਼ੁਸ਼ ਹੋ ਕਹਿੰਦੇ ਹਨ, “ਸਾਨੂੰ ਇਥੇ ਬਹੁਤ ਪਿਆਰ ਮਿਲਿਆ ਹੈ।”

ਰੋਜ਼ਾ ਸ਼ਰੀਫ਼ ਸਰਹਿੰਦ ਦੇ ਮੁਖੀ ਸਈਅਦ ਸਾਦਿਕ ਰਜ਼ਾ ਨੇ ਦੱਸਿਆ ਕਿ ਸਾਲਾਨਾ ਉਰਸ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ, ਮੈਡੀਕਲ ਟੀਮਾਂ, ਐਂਬੂਲੈਂਸਾਂ, ਸਾਫ਼-ਸਫ਼ਾਈ, ਪਾਣੀ, ਆਰਜ਼ੀ ਪਖਾਨੇ ਅਤੇ ਨਿਰਵਿਘਨ ਬਿਜਲੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਤਿੰਨ ਰੋਜ਼ਾ ਉਰਸ ਦੌਰਾਨ ਸ਼ਰਧਾਲੂਆਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੋਰ ਵੀਜ਼ੇ ਜਾਰੀ ਕਰਨ ਅਤੇ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਤਾਂ ਜੋ ਵੱਧ ਤੋਂ ਵੱਧ ਪਾਕਿਸਤਾਨੀ ਨਾਗਰਿਕ ਇੱਧਰਲੇ ਗੁਰ-ਧਾਮਾਂ ਦੇ ਦਰਸ਼ਨ ਕਰ ਸਕਣ।

ਜੱਥੇ ਦੇ ਨਾਲ ਇੱਕ ਵਿਅਕਤੀ ਨੇ ਕਿਹਾ ਕਿ ਵੀਜਾ ਮਿਲਣ ਦੀ ਜਾਣਕਾਰੀ ਸਿਰਫ਼ ਇਕ ਦਿਨ ਪਹਿਲਾਂ ਦਿੱਤੀ ਜਾਂਦੀ ਹੈ ਜਿਸ ਨਾਲ ਕਈ ਦਿੱਕਤਾਂ ਆਉਂਦੀਆਂ ਹਨ।

ਜਥੇ ਦੇ ਉਪ ਨੇਤਾ ਸ਼ੇਰਬਾਜ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਇੱਥੇ ਆਉਣ ਦੇ ਚਾਹਵਾਨ ਹਨ ਪਰ ਵੀਜ਼ਾ ਵੱਧ ਤੋਂ ਵੱਧ 200 ਲੋਕਾਂ ਨੂੰ ਹੀ ਮਿਲ ਸਕਦਾ ਹੈ।

BBC
BBC

ਪਾਕਿਸਤਾਨ ਤੋਂ ਆਏ ਮਹਿਮਾਨ

  • ਸਰਹਿੰਦ-ਫਤਿਹਗੜ੍ਹ ਸਾਹਿਬ ਵਿਖੇ 13 ਸਤੰਬਰ ਤੋਂ ਤਿੰਨ ਦਿਨਾਂ ਰੌਜ਼ਾ ਸ਼ਰੀਫ਼ ਉਰਸ ਮਨਾਇਆ ਗਿਆ
  • ਪਾਕਿਸਤਾਨ ਤੋਂ 125 ਸ਼ਰਧਾਲੂਆਂ ਦਾ ਜੱਥਾ ਉਰਸ ਵਿੱਚ ਸ਼ਾਮਲ ਹੋਣ ਆਇਆ
  • ਪਾਕਿਸਤਾਨ ਤੋਂ ਆਉਣ ਵਾਲੇ ਸ਼ਰਧਾਲੂ ਕੁਝ ਖ਼ੌਫ਼ਜ਼ਦਾ ਸਨ
  • ਪੰਜਾਬੀਆਂ ਦੀ ਮੇਜ਼ਬਾਨੀ ਤੋਂ ਸਰਹੱਦ ਪਾਰੋਂ ਆਏ ਸ਼ਰਧਾਲੂ ਇਤਮਿਨਾਨ ਮਹਿਸੂਸ ਕਰਦੇ ਹਨ
BBC
BBC
ਉਰਸ
BBC
ਜੱਥੇ ਦੇ ਨਾਲ ਇੱਕ ਵਿਅਕਤੀ ਨੇ ਕਿਹਾ ਕਿ ਵੀਜਾ ਮਿਲਣ ਦੀ ਜਾਣਕਾਰੀ ਸਿਰਫ਼ ਇਕ ਦਿਨ ਪਹਿਲਾਂ ਦਿੱਤੀ ਜਾਂਦੀ ਹੈ

ਭਾਈਚਾਰਕ ਸਾਂਝ

ਪਾਕਿਸਤਾਨ ਨਾਲ ਭਾਰਤ ਦੇ ਸਿਆਸੀ ਰਿਸ਼ਤੇ ਚਾਹੇ ਸਾਜ਼ਗਾਰ ਨਾ ਹੋਣ, ਪਰ ਗੁਆਂਢੀ ਦੇਸ਼ ਦੇ ਲੋਕਾਂ ਵਿਚਾਲੇ ਆਪਸੀ ਭਾਈਚਾਰਾ ਸਮੇਂ-ਸਮੇਂ ਦੇਖਣ ਨੂੰ ਮਿਲਦਾ ਰਹਿੰਦਾ ਹੈ।

ਇਹ ਸਥਾਨ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਨਜ਼ਦੀਕ ਹੋਣ ਕਾਰਨ ਸਿੱਖਾਂ ਤੇ ਪਾਕਿਸਤਾਨ ਤੋਂ ਆਏ ਮਹਿਮਾਨਾਂ ਵਿਚਾਲੇ ਵੀ ਆਪਸੀ ਖਿੱਚ ਤੇ ਪਿਆਰ ਸਪੱਸ਼ਟ ਨਜ਼ਰ ਆਉਂਦਾ ਹੈ।

ਫ਼ਤਿਹਗੜ੍ਹ ਵਾਸੀਆਂ ਨੇ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਦੇ ਰਹਿਣ ਦੀ ਵਿਵਸਥਾ ਤਾਂ ਕੀਤੀ ਹੀ ਉਨ੍ਹਾਂ ਨੂੰ ਸਤਿਕਾਰ ਵੀ ਪੂਰਾ ਦਿੱਤਾ।

ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਦੱਸਦੇ ਹਨ ਕਿ ਭੀੜ ਹੋਣ ਕਾਰਨ ਗੁਰਦੁਆਰੇ ਵਿਚਲੇ ਰਿਹਾਇਸ਼ੀ ਕਮਰਿਆਂ ਨੂੰ ਮਹਿਮਾਨਾਂ ਲਈ ਖੋਲ੍ਹ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਇਸੇ ਤਰਾਂ ਜੋੜ ਮੇਲੇ ਵੇਲੇ ਜਦੋਂ ਭਾਰੀ ਭੀੜ ਹੁੰਦੀ ਹੈ ਤਾਂ ਦਰਗਾਹ ਦੇ ਦਰਵਾਜ਼ੇ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਂਦੇ ਹਨ।

ਅਸਲ ਵਿੱਚ ਉਹ ਪਾਕਿਸਤਾਨ ਤੋਂ ਆਏ ਵਫ਼ਦ ਨੂੰ ਮਿਲਣ ਤੇ ਉਨ੍ਹਾਂ ਨੂੰ ਗੁਰਦੁਆਰੇ ਆਉਣ ਦਾ ਸੱਦਾ ਦੇਣ ਆਏ ਸਨ।

ਪੁੱਛਣ ਤੇ ਕਿ ਕੀ ਕਾਰਨ ਹੈ ਕਿ ਉਹ ਪਾਕਿਸਤਾਨ ਦੇ ਲੋਕਾਂ ਲਈ ਖ਼ਾਸ ਤੌਰ ’ਤੇ ਆਏ ਹਨ ਤਾਂ ਉਨ੍ਹਾਂ ਕਿਹਾ, “ਇਹ ਸਾਡਾ ਫ਼ਰਜ਼ ਹੈ। ਜਦੋਂ ਅਸੀਂ ਪਾਕਿਸਤਾਨ ਜਾਂਦੇ ਹਾਂ ਤਾਂ ਅਜਿਹੀ ਹੀ ਮੇਜ਼ਬਾਨੀ ਮਿਲਦੀ ਹੈ ਤੇ ਅਸੀਂ ਵੀ ਇਹ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਮਹਿਮਾਨ-ਨਿਵਾਜ਼ੀ ਵਿੱਚ ਵੀ ਕੋਈ ਕਮੀ ਨਾ ਰਹਿ ਜਾਵੇ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News