ਏਲੀਅਨ ਹਨ ਜਾਂ ਨਹੀਂ, ਨਾਸਾ ਦੀ ਨਵੀਂ ਰਿਪੋਰਟ ਨੇ ਇਸ ਬਾਰੇ ਇਹ ਖੁਲਾਸਾ ਕੀਤਾ
Saturday, Sep 16, 2023 - 07:47 PM (IST)


ਸੈਂਕੜੇ ਯੂਐੱਫ਼ਓ ਦੇਖੇ ਗਏ ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਨ੍ਹਾਂ ਪਿਛਲੇ ਕਾਰਨਾਂ ਨੂੰ ਸਮਝਣ ਲਈ ਜਾਂਚ ਸ਼ੁਰੂ ਕੀਤੀ। ਪਰ ਹਾਲੇ ਯੂਐੱਫ਼ਓ ਨਜ਼ਰ ਆਉਣ ਪਿੱਛੇ ਏਲੀਅਨਾਂ ਦਾ ਹੱਥ ਹੋਣ ਦਾ ਕੋਈ ਸਬੂਤ ਨਹੀਂ ਮਿਲ ਸਕਿਆ ਹੈ।
ਹਾਲਾਂਕਿ ਨਾਸਾ ਨੇ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।
ਜੇ ਇਹ ਸੱਚ ਵੀ ਹੈ ਤਾਂ ਵੀ ਨਾਸਾ ਦੀ ਜਾਂਚ ਰਿਪੋਰਟ, ਜਿਸ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਵਿੱਚ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ, ਜਿਸ ਦੇ ਆਧਾਰ ''''ਤੇ ਕੋਈ ਪੁਖ਼ਤਾ ਨਤੀਜਾ ਕੱਢਿਆ ਜਾ ਸਕੇ।
ਹਾਲਾਂਕਿ, ਨਾਸਾ ਅਨਆਈਡੈਂਟੀਫ਼ਾਈਡ ਇਨੋਮੇਲਜ਼ ਫ਼ੇਨੋਮੇਨਾ (ਯੂਏਪੀ) ਦੀ ਜਾਂਚ ਕਰੇਗਾ।
ਏਜੰਸੀ ਨੇ ਆਧੁਨਿਕ ਤਕਨੀਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਜਾਂਚ ਕਰਨ ਦੇ ਵਰਤੇ ਜਾਣ ਵਾਲੇ ਤਰੀਕਿਆਂ ਬਾਰੇ ਦੱਸਿਆ ਹੈ।
ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਦੱਸਿਆ ਕਿ ਪੁਲਾੜ ਏਜੰਸੀ ਨਾ ਸਿਰਫ਼ ਸੰਭਾਵਿਤ ਯੂਏਪੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਵਿੱਚ ਪਹਿਲ ਕਰੇਗੀ ਸਗੋਂ ਡਾਟਾ ਸ਼ੇਅਰ ਕਰਨ ਵਿੱਚ ਵੀ ਵਧੇਰੇ ਪਾਰਦਰਸ਼ਤਾ ਨਾਲ ਕੰਮ ਕਰੇਗੀ।
ਨਾਸਾ ਦੀ 36 ਪੰਨਿਆਂ ਦੀ ਇਸ ਰਿਪੋਰਟ ਵਿੱਚ ਇਸ ਮਾਮਲੇ ਨਾਲ ਸਬੰਧਤ ਕਈ ਤਕਨੀਕੀ ਅਤੇ ਵਿਗਿਆਨਕ ਟਿੱਪਣੀਆਂ ਕੀਤੀਆਂ ਗਈਆਂ ਹਨ।

ਏਲੀਅਨਜ਼ ਹੋਣ ਦੀ ਕਿੰਨੀ ਸੰਭਾਵਨਾ ਹੈ?

ਰਿਪੋਰਟ ਦੇ ਆਖਰੀ ਪੰਨੇ ਵਿੱਚ ਕਿਹਾ ਗਿਆ ਹੈ ਕਿ ਅਜਿਹਾ ''''ਸਿੱਟਾ ਕੱਢਣ ਦਾ ਕੋਈ ਕਾਰਨ ਨਹੀਂ ਹੈ'''' ਕਿ ਦੇਖੇ ਗਏ ਸੈਂਕੜੇ ਯੂਏਪੀ ਜਿਨ੍ਹਾਂ ਦੀ ਨਾਸਾ ਨੇ ਜਾਂਚ ਕੀਤੀ ਹੈ ਪਿੱਛੇ ਕਿਸੇ ਹੋਰ ਤਾਕਤ ਦਾ ਹੱਥ ਹੈ।
“ਹਾਲਾਂਕਿ, ਇੰਨਾਂ ਜ਼ਰੂਰ ਹੈ ਕਿ ਇਹ ਚੀਜ਼ਾਂ ਸਾਡੀ ਸੂਰਜੀ ਪ੍ਰਣਾਲੀ ਵਿੱਚੋਂ ਲੰਘ ਕੇ ਇੱਥੋਂ ਤੱਕ ਪਹੁੰਚੀਆਂ ਹੋਣਗੀਆਂ।"
ਉਂਝ, ਇਸ ਰਿਪੋਰਟ ਵਿੱਚ ਹੋਰ ਕਿਸੇ ਗ੍ਰਹਿ ਉੱਤੇ ਜੀਵਨ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਪਰ ਰਿਪੋਰਟ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੀ ਹੈ ਕਿ ਧਰਤੀ ਦੇ ਵਾਯੂਮੰਡਲ ਵਿੱਚ ਕੋਈ ਸੰਭਾਵਿਤ ਅਣਜਾਣ ਏਲੀਅਨ ਤਕਨਾਲੋਜੀ ਕੰਮ ਨਹੀਂ ਕਰ ਰਹੀ ਹੈ।
ਨਾਸਾ ਦੇ ਸਾਇੰਸ ਮਿਸ਼ਨ ਡਾਇਰੈਕਟੋਰੇਟ ਦੇ ਸਹਾਇਕ ਪ੍ਰਸ਼ਾਸਕ ਨਿਕੋਲਾ ਫ਼ਾਕਸ ਨੇ ਕਿਹਾ, "ਯੂਏਪੀ ਸਾਡੇ ਗ੍ਰਹਿ ਦਾ ਸਭ ਤੋਂ ਵੱਡਾ ਰਹੱਸ ਹੈ। ਪਰ ਅਜਿਹਾ ਉੱਚ ਗੁਣਵੱਤਾ ਵਾਲੇ ਡਾਟਾ ਦੀ ਘਾਟ ਕਰਕੇ ਹੈ।”

ਦਾਅਵਾ ਰੱਦ ਕੀਤਾ ਗਿਆ
ਫ਼ਾਕਸ ਨੇ ਕਿਹਾ, “ਯੂਏਪੀ ਦੇਖੇ ਜਾਣ ਦੀਆਂ ਕਈ ਘਟਨਾਵਾਂ ਦੇ ਬਾਵਜੂਦ ਇੰਨਾ ਡਾਟਾ ਨਹੀਂ ਹੈ ਕਿ ਉਸ ਆਧਾਰ ’ਤੇ ਯੂਏਪੀ ਦੀ ਪ੍ਰਕਿਰਤੀ ਅਤੇ ਮੂਲ ਬਾਰੇ ਕੋਈ ਵਿਗਿਆਨਕ ਸਿੱਟਾ ਕੱਢਿਆ ਜਾ ਸਕੇ।"
ਫ਼ਾਕਸ ਨੇ ਕਿਹਾ ਕਿ ਨਾਸਾ ਨੇ ਯੂਏਪੀ ਰਿਸਰਚ ਦਾ ਨਵਾਂ ਨਿਰਦੇਸ਼ਕ ਨਿਯੁਕਤ ਕੀਤਾ ਹੈ ਤਾਂ ਜੋ ਭਵਿੱਖ ਲਈ ਮਜ਼ਬੂਤ ਡਾਟਾਬੇਸ ਦੀ ਨੀਂਹ ਰੱਖੀ ਜਾ ਸਕੇ।
ਵਿਗਿਆਨੀ ਡਾਟਾ ਇਕੱਠਾ ਕਰਨ ਅਤੇ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਨਗੇ।
ਬੀਬੀਸੀ ਪੱਤਰਕਾਰ ਸੈਮ ਕੈਬਰਲ ਨੇ ਨਾਸਾ ਪੈਨਲ ਨੂੰ ਕਥਿਤ ਤੌਰ ’ਤੇ ਏਲੀਅਨ ਵਸਤੂਆਂ ਦੀਆਂ ਤਸਵੀਰਾਂ ਦੀ ਇੱਕ ਲੜੀ ਬਾਰੇ ਪੁੱਛਿਆ ਜੋ ਪਿਛਲੇ ਹਫ਼ਤੇ ਮੈਕਸੀਕਨ ਅਧਿਕਾਰੀਆਂ ਨੂੰ ਸੌਂਪੀ ਗਈ ਸੀ।
ਖ਼ੁਦ ਨੂੰ ਯੂਐੱਫ਼ਓ ਮਾਹਰ ਦੱਸਣ ਵਾਲੇ ਜੈਮੀ ਮਾਵਸਨ ਨੂੰ ਸੰਸਦੀ ਸੁਣਵਾਈ ਲਈ ਬੁਲਾਇਆ ਗਿਆ ਸੀ।
ਉੱਥੇ ਉਨ੍ਹਾਂ ਨੇ ਦੋ ਗ਼ੈਰ-ਮਨੁੱਖੀ ਏਲੀਅਨ ਕੰਕਾਰ ਪੇਸ਼ ਕੀਤੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ 2017 ਵਿੱਚ ਪੇਰੂ ਦੇ ਕੁਜ਼ਕੋ ਵਿੱਚ ਪਾਏ ਗਏ ਸਨ ਅਤੇ ਰੇਡੀਓਕਾਰਬਨ ਟੈਸਟਿੰਗ ਮੁਤਾਬਕ, ਇਹ 1,800 ਸਾਲ ਪੁਰਾਣੇ ਸਨ।
ਪਰ ਇਨ੍ਹਾਂ ਨਮੂਨਿਆਂ ਨੂੰ ਵਿਗਿਆਨਕ ਹਲਕਿਆਂ ਵਿੱਚ ਕਾਫ਼ੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ ਸੀ।
ਮਾਵਸਨ ਨੇ ਖ਼ੁਦ ਦੂਜੇ ਗ੍ਰਹਿਆਂ ''''ਤੇ ਜੀਵਨ ਦੀ ਹੋਂਦ ਬਾਰੇ ਦਾਅਵੇ ਕੀਤੇ ਸਨ ਪਰ ਉਨ੍ਹਾਂ ਬਾਅਦ ਵਿੱਚ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਨਾਸਾ ਦੇ ਵਿਗਿਆਨੀ ਡਾਕਟਰ ਡੇਵਿਡ ਸਪੀਗਲ ਨੇ ਬੀਬੀਸੀ ਨੂੰ ਦੱਸਿਆ, "ਪਹਿਲਾਂ ਦੁਨੀਆਂ ਦੇ ਵਿਗਿਆਨੀਆਂ ਨੂੰ ਨਮੂਨੇ ਉਪਲਬਧ ਕਰਵਾਓ। ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਸ ਵਿੱਚ ਸੱਚਾਈ ਕੀ ਹੈ।"

ਯੂਐਫ਼ਓ ਰਿਸਰਚ ਦੇ ਨਵੇਂ ਬੌਸ ਦਾ ਨਾਮ ਗੁਪਤ ਰੱਖਣਾ
ਧਮਕੀਆਂ ਦੇ ਕਾਰਨ, ਯੂਐੱਫ਼ਓ ''''ਤੇ ਖੋਜ ਕਰਨ ਵਾਲੇ ਨਵੇਂ ਮੁਖੀ ਦੀ ਪਛਾਣ ਗੁਪਤ ਰੱਖੀ ਗਈ ਹੈ।
ਅਸਲ ਵਿੱਚ ਯੂਏਪੀ ਰਿਸਰਚ ਲਈ ਇੱਕ ਨਵੇਂ ਨਿਰਦੇਸ਼ਕ ਦੀ ਨਿਯੁਕਤੀ ਕੀਤੀ ਜਾਵੇਗੀ। ਪਰ ਉਸ ਦੀ ਪਛਾਣ ਗੁਪਤ ਰੱਖੀ ਗਈ ਹੈ।
ਹਾਲਾਂਕਿ, ਨਾਸਾ ਨੇ ਯੂਏਪੀ ਰਿਸਰਚ ਦੇ ਮਾਮਲੇ ਵਿੱਚ ਵਧੇਰੇ ਪਾਰਦਰਸ਼ੀ ਰਵੱਈਆ ਅਖ਼ਤਿਆਰ ਕਰਨ ਦੀ ਗੱਲ ਆਖੀ ਹੈ ਪਰ ਨਿਰਦੇਸ਼ਕ ਦੇ ਮਾਮਲੇ ਵਿੱਚ ਕਈ ਰਹੱਸ ਬਣੇ ਹੋਏ ਹਨ।
ਉਨ੍ਹਾਂ ਦੀ ਭੂਮਿਕਾ ਕੀ ਹੋਵੇਗੀ ਅਤੇ ਉਨ੍ਹਾਂ ਨੂੰ ਕਿੰਨੀ ਤਨਖਾਹ ਦਿੱਤੀ ਜਾਵੇਗੀ, ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਗਈ ਹੈ।
ਮਾਹਰਾਂ ਦਾ ਤਰਕ ਹੈ ਕਿ ਨਾਸਾ ਨੇ ਆਪਣੀ ਯੂਏਪੀ ਸਬੰਧੀ ਖੋਜ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦਾ ਵਾਅਦਾ ਕੀਤਾ ਹੈ।
ਇਸੇ ਲਈ ਨਿਰਦੇਸ਼ਕ ਨੂੰ ਕਿਸੇ ਵੀ ਸੰਭਾਵੀ ਜਨਤਕ ਪਰੇਸ਼ਾਨੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਉਸ ਨਾਲ ਸਬੰਧਤ ਜਾਣਕਾਰੀ ਗੁਪਤ ਰੱਖੀ ਗਈ ਹੈ।
ਖੋਜ ਲਈ ਨਾਸਾ ਦੇ ਸਹਾਇਕ ਡਿਪਟੀ ਐਸੋਸੀਏਟ ਪ੍ਰਸ਼ਾਸਕ ਡਾਕਟਰ ਡੈਨੀਅਲ ਇਵਾਨਸ ਨੇ ਕਿਹਾ ਕਿ ਯੂਏਪੀ ਖੋਜ ਪੈਨਲ ਦੇ ਮੈਂਬਰਾਂ ਨੂੰ ਹਾਲ ਹੀ ਵਿੱਚ ਕਈ ਵਾਰ ਧਮਕੀਆਂ ਮਿਲੀਆਂ ਹਨ।
ਉਨ੍ਹਾਂ ਨੇ ਕਿਹਾ ਕਿ, “ਨਾਸਾ ਟੀਮ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਇਨ੍ਹਾਂ ਖ਼ਤਰਿਆਂ ਦੇ ਮੱਦੇਨਜ਼ਰ ਯੂਏਪੀ ਦੇ ਖੋਜ ਨਿਰਦੇਸ਼ਕ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ।”
ਨਾਸਾ ਨੇ ਏਆਈ ਟੂਲਸ ਦੀ ਸਿਫ਼ਾਰਿਸ਼ ਕੀਤੀ ਹੈ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਏਪੀ ਦੀ ਪਛਾਣ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਜ਼ਰੂਰੀ ਟੂਲ ਹਨ।
ਆਮ ਲੋਕਾਂ ਨੂੰ ਯੂਏਪੀ ਨੂੰ ਸਮਝਣ ਦੇ ਇੱਕ ਅਹਿਮ ਪਹਿਲੂ ਵਜੋਂ ਦੇਖਿਆ ਜਾਂਦਾ ਹੈ।
ਨਾਸਾ ਨੇ ਕਿਹਾ ਹੈ ਕਿ ਯੂਏਪੀ ਦੀ ਬਿਹਤਰ ਸਮਝ ਅਤੇ ਪਛਾਣ ਲਈ ਸਭ ਤੋਂ ਵੱਡੀ ਚੁਣੌਤੀ ਡਾਟਾ ਦੀ ਕਮੀ ਹੈ। ਨਾਸਾ ਕ੍ਰਾਊਡਸੋਰਸਿੰਗ ਟੈਕਨਾਲੋਜੀ ਦੀ ਮਦਦ ਨਾਲ ਕਮੀ ਦੀ ਭਰਪਾਈ ਕਰਨਾ ਚਾਹੁੰਦਾ ਹੈ।
ਇਨ੍ਹਾਂ ਵਿੱਚ ਓਪਨ ਸੋਰਸ-ਅਧਾਰਿਤ ਐਪਸ ਅਤੇ ਹੋਰ ਸਮਾਰਟਫ਼ੋਨ ਮੈਟਾਡਾਟਾ ਸ਼ਾਮਲ ਹਨ। ਇਹ ਮਲਟੀਪਲ ਸਿਟੀਜਨ ਨਿਰੀਖਕਾਂ ਤੋਂ ਆਉਂਦੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਆਮ-ਨਾਗਰਿਕ ਯੂਏਪੀ ਰਿਪੋਰਟਾਂ ਨੂੰ ਇੱਕ ਥਾਂ ''''ਤੇ ਇਕੱਠਾ ਕਰਨ ਅਤੇ ਸੰਗਠਿਤ ਕਰਨ ਲਈ ਕੋਈ ਮਿਆਰੀ ਪ੍ਰਣਾਲੀ ਨਹੀਂ ਹੈ।
ਇਸ ਲਈ ਲੋੜੀਂਦਾ ਡਾਟਾ ਇੱਕ ਜਗ੍ਹਾ ਨਹੀਂ ਹੈ ਅਤੇ ਇਸ ਵਿੱਚ ਕਮੀਆਂ ਵੀ ਹੁੰਦੀਆਂ ਹਨ।

ਪਰ ਇੱਕ ਸਵਾਲ ਬਰਕਰਾਰ ਹੈ- ਕੀ ਏਲੀਅਨ ਵਾਕਈ ਹਨ?
ਅਸੀਂ ਜਾਣਦੇ ਹਾਂ ਕਿ ਹੁਣ ਤੱਕ ਦੂਜੇ ਗ੍ਰਹਿ ''''ਤੇ ਜੀਵਨ ਨੂੰ ਲੈ ਕੇ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲੇ ਹਨ। ਦਹਾਕਿਆਂ ਦੀ ਖੋਜ ਤੋਂ ਬਾਅਦ ਵੀ ਇਸ ਮਾਮਲੇ ਵਿੱਚ ਅਸੀਂ ਅਜੇ ਉੱਥੇ ਹੀ ਹਾਂ ਜਿੱਥੋਂ ਤੁਰੇ ਸੀ।
ਪਰ ਇਸ ਨੂੰ ਵੱਖ ਨਜ਼ਰੀਏ ਨਾਲ ਵੀ ਦੇਖਿਆ ਜਾ ਸਕਦਾ ਹੈ। ਇਹ ਸੰਭਾਵਨਾ ਦਾ ਸਵਾਲ ਹੈ। ਬ੍ਰਹਿਮੰਡ ਵਿੱਚ ਲੱਖਾਂ ਆਕਾਸ਼ਗੰਗਾਂ ਹਨ।
ਜਿਨ੍ਹਾਂ ਵਿੱਚੋਂ ਇੱਕ ਸਾਡੀ ''''ਮਿਲਕੀ ਵੇ'''' ਹੈ ਅਤੇ ਸਾਡੀ ਆਕਾਸ਼ਗੰਗਾ ਵਿੱਚ ਵੀ ਅਰਬਾਂ ਗ੍ਰਹਿ ਹਨ।
ਇਹ ਸੰਭਵ ਹੈ ਕਿ ਧਰਤੀ ਅਜਿਹਾ ਇਕੱਲਾ ਗ੍ਰਹਿ ਨਹੀਂ ਹੋਵੇਗਾ ਜਿੱਥੇ ਜੀਵਨ ਪਣਪ ਸਕਿਆ ਹੈ। ਹੋ ਸਕਦਾ ਹੈ ਕਿ ਕਿਸੇ ਹੋਰ ਗ੍ਰਹਿ ''''ਤੇ ਵੀ ਜੀਵਨ ਹੋਵੇ ਅਤੇ ਸ਼ਾਇਦ ਸਾਡੇ ਵਰਗਾ ਹੀ ਹੋਵੇ।
ਹੋ ਸਕਦਾ ਹੈ ਕਿ ਕਿਸੇ ਦਿਨ ਅਸੀਂ ਏਲੀਅਨਜ਼ ਨੂੰ ਖੋਜ ਸਕੀਏ ਜਾਂ ਫਿਰ ਸ਼ਾਇਦ ਉਹ ਸਾਨੂੰ ਪਹਿਲਾਂ ਲੱਭ ਲੈਣ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)