ਫ਼ਿਰੋਜ਼ਪੁਰ: ਪੁਲਿਸ ਦੀ ਗੱਡੀ ਦੇ ਬੰਪਰ ’ਚੋਂ 2 ਕਿਲੋ ਹੈਰੋਇਨ ਬਰਾਮਦਗੀ ਦੇ ਵਾਇਰਲ ਵੀਡੀਓ ਦਾ ਕੀ ਹੈ ਸੱਚ
Saturday, Sep 16, 2023 - 07:32 AM (IST)


ਇੱਕ ਵਾਇਰਲ ਵੀਡੀਓ ਵਿੱਚ ਦੋ ਪੁਲਿਸ ਮੁਲਾਜ਼ਮ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਦੇ ਪਿੰਡ ਟਾਂਡੀਆਵਾਲ ਦੇ ਲੋਕਾਂ ਵਲੋਂ ਬਾਰਡਰ ਸਕਿਉਰਿਟੀ ਫੋਰਸ ਦੀ ਮੌਜੂਦਗੀ ਵਿੱਚ ਕਥਿਤ ਤੌਰ ਉੱਤੇ ਰੋਕਿਆ ਗਿਆ ਤੇ ਉਨ੍ਹਾਂ ਦੀ ਗੱਡੀ ਵਿੱਚੋਂ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ ਗਏ।
ਪਿੰਡ ਵਾਸੀਆਂ ਵਲੋਂ ਦੋਵਾਂ ਮੁਲਾਜ਼ਮਾਂ ਕੋਲ ਹੈਰੋਇਨ ਹੋਣ ਦੀ ਇਤਲਾਹ ਬੀਐੱਸਐੱਫ਼ ਨੂੰ ਦਿੱਤੀ ਗਈ ਸੀ ਅਤੇ ਉਨ੍ਹਾਂ ਦਾ ਇਲਜ਼ਾਮ ਸੀ ਕਿ ਪੁਲਿਸ ਵੀ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ।
ਭਾਵੇਕਿ ਪੁਲਿਸ ਵਲੋਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਹੈ ਅਤੇ ਇਸ ਬਰਾਮਦੀ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੀ ਸੂਬਾ ਪੱਧਰੀ ਕਾਰਵਾਈ ਦਾ ਹਿੱਸਾ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਫ਼ੌਰਨ ਬਾਅਦ ਪੰਜਾਬ ਪੁਲਿਸ ਨੇ ਵੀਡੀਓ ਬਿਆਨ ਜਾਰੀ ਕੀਤਾ ਕਿ ਸੀਮਾ ਸੁਰੱਖਿਆ ਬਲ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਫਾਜ਼ਿਲਕਾ ਦੇ ਨਾਲ ਮਿਲ ਕੇ ਜਲੰਧਰ ਦਿਹਾਤੀ ਪੁਲਿਸ ਵਲੋਂ ਸਾਂਝੇ ਕੀਤੇ ਇਨਪੁਟ ''''ਤੇ 1.710 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਪੁਲਿਸ ਨੇ ਅੱਗੇ ਦੱਸਿਆ ਕਿ ਮਲਕੀਅਤ ਕਾਲੀ (ਨਸ਼ਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ) ਅਤੇ ਉਸਦੇ ਸਾਥੀਆਂ ਤੋਂ ਹੁਣ ਤੱਕ ਕਰੀਬ 24.710 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ । ਇਸ ਬਰਾਮਦਗੀ ਦੇ ਸੰਬੰਧ ਵਿੱਚ ਸਪੈਸ਼ਲ ਸੈੱਲ ਫਾਜ਼ਿਲਕਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਪਰ ਉਪਰੋਕਤ ਘਟਨਾ ਨੇ ਕਥਿਤ ਤੌਰ ''''ਤੇ ਪੰਜਾਬ ਪੁਲਿਸ ਦੇ ਕੰਮ ਕਰਨ ਦੇ ਤਰੀਕੇ ਅਤੇ ਫ਼ੋਰਸ ਵਿਚਲੇ ਤਾਲਮੇਲ ਦੀ ਘਾਟ ਨੂੰ ਵੀ ਉਜਾਗਰ ਕੀਤਾ ਹੈ।
ਇਸ ਸਮੇਂ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਪੂਰਾ ਭੱਖਿਆ ਹੋਇਆ ਹੈ ਤੇ ਸੂਬੇ ਦੇ ਮਾਲਵਾ ਖਿੱਤੇ ''''ਚ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਗਲੇ ਸਾਲ 15 ਅਗਸਤ ਤੱਕ ਨਸ਼ਿਆਂ ਦਾ ਖ਼ਾਤਮਾ ਕਰਨ ਦਾ ਐਲਾਨ ਕੀਤਾ ਹੈ।
ਮਾਮਲਾ ਕੀ ਹੈ?
ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਮੁਖਵਿੰਦਰ ਸਿੰਘ ਭੁੱਲਰ ਨੇ ਇਸ ਘਟਨਾ ਬਾਰੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਸਾਡੀਆਂ ਟੀਮਾਂ ਪਿਛਲੇ ਇੱਕ ਮਹੀਨੇ ਤੋਂ ਨਸ਼ਿਆਂ ਖ਼ਿਲਾਫ਼ ਇੱਕ ਆਪਰੇਸ਼ਨ ਚਲਾ ਰਹੀਆਂ ਹਨ।
ਉਨ੍ਹਾਂ ਕਿਹਾ,“ਅਸੀਂ ਫਿਰੋਜ਼ਪੁਰ ਜ਼ਿਲ੍ਹੇ ’ਚ ਪੈਂਦੇ ਪਿੰਡ ਟਾਂਡੀਆਂਵਾਲ ਦੇ ਮਲਕੀਅਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਬੰਧੀ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਥਾਣੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਹੈ।”
“ਮਲਕੀਅਤ ਨੇ ਕਰੀਬ 50 ਕਿਲੋ ਹੈਰੋਇਨ ਦੀ ਤਸਕਰੀ ਕੀਤੀ ਹੈ, ਜਿਸ ਵਿੱਚੋਂ ਅਸੀਂ ਕਰੀਬ 21 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਦਕਿ 25 ਕਿਲੋ ਹੈਰੋਇਨ ਅੰਮ੍ਰਿਤਸਰ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ।”
ਭੁੱਲਰ ਮੁਤਾਬਕ, “ਵੀਰਵਾਰ ਨੂੰ ਪੰਜਾਬ ਪੁਲਿਸ ਨੇ ਜਲੰਧਰ ਤੋਂ 2 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ, ਅਤੇ ਮਲਕੀਅਤ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ ਆਪਣੇ ਪਿੰਡ ''''ਚ 2 ਕਿਲੋ ਹੈਰੋਇਨ ਜ਼ਮੀਨ ਵਿੱਚ ਦੱਬੀ ਹੋਈ ਸੀ।”
“ਇਸ ਦੇ ਨਾਲ ਹੀ ਮਲਕੀਅਤ ਸਿੰਘ ਨੇ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਇਸ ਨੂੰ ਉਸ ਦੇ ਸਾਥੀ ਨਸ਼ਾ ਤਸਕਰ ਲੈ ਜਾ ਸਕਦੇ ਸੀ।”

ਹੈਰੋਇਨ ਬਰਾਮਦੀ ਦਾ ਮਾਮਲਾ
- 8 ਸਤੰਬਰ ਨੂੰ ਪੰਜਾਬ ਪੁਲਿਸ ਦਾ ਵੀਡੀਓ ਵਾਇਰਲ ਹੋਇਆ
- ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਟਾਂਡੀਆਵਾਲ ਦੇ ਵਾਸੀਆਂ ਦੀ ਸ਼ਿਕਾਇਤ ਉੱਤੇ ਬੀਐੱਸਐੱਫ਼ ਨੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਕੋਲੋ 2 ਪੈਕੇਟ ਹੈਰੋਇਨ ਬਰਾਮਦ ਕਰਨ ਦਾ ਵੀਡੀਓ ਵਾਇਰਲ ਹੋਇਆ
- ਪੰਜਾਬ ਪੁਲਿਸ ਨੇ ਬਰਾਮਦੀ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੀ ਸੂਬਾ ਪੱਧਰੀ ਕਾਰਵਾਈ ਦਾ ਹਿੱਸਾ ਦੱਸਿਆ ਹੈ।
- ਪੰਜਾਬ ਪੁਲਿਸ ਨੇ ਵੀਡੀਓ ਬਿਆਨ ਜਾਰੀ ਕੀਤਾ ਕਿ ਸੀਮਾ ਸੁਰੱਖਿਆ ਬਲ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਫਾਜ਼ਿਲਕਾ ਦੇ ਨਾਲ ਮਿਲ ਕੇ ਜਲੰਧਰ ਦਿਹਾਤੀ ਪੁਲਿਸ ਵਲੋਂ ਸਾਂਝੇ ਕੀਤੇ ਇਨਪੁਟ ''''ਤੇ 1.710 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
- ਪਿੰਡ ਵਾਸੀ ਪੁਲਿਸ ਵੱਲੋਂ ਸਪੱਸ਼ਟੀ ਕਰਨ ਦੀ ਮੰਗ ਕਰ ਰਹੇ ਹਨ

ਭੁੱਲਰ ਨੇ ਦੱਸਿਆ ਕਿ ਇੱਕ ਹੋਰ ਮੁਲਜ਼ਮ ਦੀ ਪੜਤਾਲ ਲਈ ਪੁਲਿਸ ਦੀ ਇੱਕ ਟੀਮ ਪਹਿਲਾਂ ਹੀ ਫਿਰੋਜ਼ਪੁਰ ਵਿੱਚ ਮੌਜੂਦ ਸੀ। ਅਤੇ ਉਨ੍ਹਾਂ ਨੂੰ ਬਕਾਇਆ ਹੈਰੋਇਨ ਦੀ ਬਰਮਾਦੀ ਦੇ ਹੁਕਮ ਦਿੱਤੇ ਗਏ ਸਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਜਦੋਂ ਪੁਲਿਸ ਨੇ 2 ਕਿਲੋ ਹੈਰੋਇਨ ਬਰਾਮਦ ਕੀਤੀ ਤਾਂ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਣ ਉੱਤੇ ਰੌਲਾ ਪੈ ਗਿਆ।
ਭੁੱਲਰ ਦਾ ਦਾਅਵਾ ਹੈ, “ਪਿੰਡ ਵਾਸੀਆਂ ਨੇ ਪੁਲਿਸ ਉੱਤੇ ਹਮਲਾ ਕੀਤਾ। ਪਰ ਪੁਲਿਸ ਮੁਲਾਜ਼ਮਾਂ ਵਲੋਂ ਹੈਰੋਇਨ ਕਥਿਤ ਤੌਰ ’ਤੇ ਚੋਰੀ ਦੇ ਡਰੋਂ ਕਾਰ ਬੰਪਰ ਵਿੱਚ ਰੱਖੀ ਗਈ ਸੀ।”
ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਸੂਬੇ ਦੇ ਵਿਸ਼ੇਸ਼ ਆਪਰੇਸ਼ਨ ਸੈੱਲ ਨੂੰ ਬਰਾਮਦਗੀ ਬਾਰੇ ਸੂਚਿਤ ਕਰ ਚੁੱਕੇ ਹਾਂ।
ਭੁੱਲਰ ਦਾ ਦਾਅਵਾ ਹੈ ਕਿ ਇਹ ਵੀਡੀਓ ਸਾਰੀ ਕਾਰਵਾਈ ਦਾ ਛੋਟਾ ਜਿਹਾ ਹਿੱਸਾ ਹੈ ਜਦਕਿ ਇਸ ਨਾਲ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਇਸ ਨੂੰ ਪੰਜਾਬ ਪੁਲਿਸ ਅਤੇ ਬੀਐੱਸਐੱਫ਼ ਦੀ ਸਾਂਝੀ ਬਰਾਮਦੀ ਦੱਸਦਿਆਂ ਬੀਐੱਸਐੱਫ਼ ਦਾ ਧੰਨਵਾਦ ਵੀ ਕੀਤਾ ਹੈ।
ਭੁੱਲਰ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਗਜ਼ਟਿਡ ਰੈਂਕ ਦੇ ਅਧਿਕਾਰੀ ਦੀ ਮੌਜੂਦਗੀ ਤੋਂ ਬਿਨ੍ਹਾਂ ਬਰਾਮਦ ਕੀਤੇ ਜਾ ਸਕਦੇ ਹਨ।
ਇਸੇ ਤਰ੍ਹਾਂ ਐੱਨਡੀਪੀਐੱਸ ਐਕਟ ਅਧੀਨ ਦਰਜ ਮਾਮਲਿਆਂ ਦੇ ਸਬੰਧ ਵਿੱਚ ਜੇ ਕਿਸੇ ਵਿਅਕਤੀ ਜਾਂ ਜਗ੍ਹਾ ਦੀ ਤਲਾਸ਼ੀ ਲੈਣੀ ਹੋਵੇ ਤਾਂ ਉਸ ਸਮੇਂ ਵੀ ਸੀਨੀਅਰ ਅਧਿਕਾਰੀ ਦੀ ਮੌਜੂਦਗੀ ਦੀ ਲੋੜ ਹੁੰਦੀ ਹੈ।

ਕੀ ਹੈ ਫਿਰੋਜ਼ਪੁਰ ਪਿੰਡ ਵਾਸੀ ਦਾ ਦਾਅਵਾ?
ਪਿੰਡ ਵਾਸੀਆਂ ਦਾਅਵਾ ਹੈ ਕਿ ਉਨ੍ਹਾਂ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਕਾਰ ਵਿੱਚ ਘੁੰਮਦੇ ਦੇਖਿਆ ਗਿਆ ਸੀ। ਜਿਨ੍ਹਾਂ ਵਲੋਂ ਕਾਰ ਦੀਆਂ ਲਾਈਟਾਂ ਵੀ ਕਥਿਤ ਤੌਰ ’ਤੇ ਬੰਦ ਰੱਖੀਆਂ ਗਈਆਂ ਸਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੱਕ ਅਧੀਨ ਬਾਰਡਰ ਸਕਿਉਰਿਟੀ ਫ਼ੋਰਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਦੀ ਕਾਰ ਨੂੰ ਗੱਟੀ ਰਾਜੋਕੇ ਚੌਕੀ ''''ਤੇ ਰੋਕ ਲਿਆ ਗਿਆ। ਬਾਅਦ ਵਿੱਚ ਕਾਰ ਦੇ ਅਗਲੇ ਵਾਲੇ ਬੰਪਰ ਵਿੱਚੋਂ ਹੈਰੋਇਨ ਦੇ ਪੈਕਟ ਬਰਾਮਦ ਹੋਏ।
ਪਿੰਡ ਵਾਸੀਆਂ ਦੀ ਮੰਗ ਹੈ ਕਿ ਪੁਲਿਸ ਕਾਰ ਦੇ ਬੰਪਰ ਹੇਠ ਪੈਕੇਟ ਲੁਕਾਉਣ ਸਬੰਧੀ ਤਸੱਲੀਬਖ਼ਸ਼ ਸਪੱਸ਼ਟੀਕਰਨ ਦੇਵੇ।

ਪੁਲਿਸ ਵਿੱਚ ਤਾਲਮੇਲ ਦੀ ਕਮੀ?
ਫਿਰੋਜ਼ਪੁਰ ਪੁਲਿਸ ਦੇ ਉਪ-ਪੁਲਿਸ ਕਪਤਾਨ ਸੁਰਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਤਾਂ ਇਸ ਬਰਾਮਦੀ ਬਾਰੇ ਕੋਈ ਜਾਣਕਾਰੀ ਹੈ ਤੇ ਨਾ ਤਾਂ ਜਲੰਧਰ ਪੁਲਿਸ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ।
ਇਸੇ ਤਰ੍ਹਾਂ ਫਿਰੋਜ਼ਪੁਰ ਪੁਲਿਸ ਵਿੱਚ ਤੈਨਾਤ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜਲੰਧਰ ਪੁਲਿਸ ਵੱਲੋਂ ਰਿਕਵਰੀ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ, ਜੇਕਰ ਸੂਚਿਤ ਕੀਤਾ ਗਿਆ ਹੁੰਦਾ ਤਾਂ ਜ਼ਿਲ੍ਹਾ ਪੁਲਿਸ ਵਲੋਂ ਮਦਦ ਕੀਤੀ ਜਾਂਦੀ ਅਤੇ ਇਸ ਵਿਵਾਦ ਤੋਂ ਬਚਿਆ ਜਾ ਸਕਦਾ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ ''''ਤੇ ਜੇਕਰ ਕਿਸੇ ਪੁਲਿਸ ਨੇ ਛਾਪੇਮਾਰੀ ਕਰਨੀ ਹੁੰਦੀ ਹੈ ਜਾਂ ਅਧਿਕਾਰ ਖੇਤਰ ਤੋਂ ਬਾਹਰ ਬਰਾਮਦਗੀ ਕਰਨੀ ਹੁੰਦੀ ਹੈ ਤਾਂ ਉਹ ਪਹਿਲਾਂ ਸਥਾਨਕ ਪੁਲਿਸ ਨੂੰ ਸੂਚਿਤ ਕਰਦੇ ਹਨ।
“ਇੰਨਾਂ ਹੀ ਨਹੀਂ ਪਾਬੰਦੀਸ਼ੁਦਾ ਪਦਾਰਥ ਬਰਾਮਦ ਕਰਨ ਉਪਰੰਤ ਅਗਲੀ ਕਾਰਵਾਈ ਸਥਾਨਕ ਪੁਲਿਸ ਵਲੋਂ ਕੀਤੀ ਜਾਂਦੀ ਹੈ।”
ਜਲੰਧਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾ ਜ਼ਾਹਰ ਨਾ ਕਰਨ ਦੀ ਸ਼ਰਤ ਉੱਤੇ ਮੰਨਿਆ ਕਿ ਇਸ ਕਾਰਵਾਈ ਦੌਰਾਨ ਲੋੜੀਂਦੇ ਤਾਲਮੇਲ ਘਾਟ ਰਹੀ।
ਉਨ੍ਹਾਂ ਦਾਅਵਾ ਕੀਤਾ, “ਪੁਲਿਸ ਵਲੋਂ ਨਸ਼ਿਆਂ ਦੀ ਬਰਾਮਦਗੀ ਲਈ ਕਾਹਲੀ ਕੀਤੀ ਜਾ ਰਹੀ ਸੀ ਤਾਂ ਜੋ ਪਾਬੰਦੀਸ਼ੁਦਾ ਪਦਾਰਥ ਕਿਸੇ ਗ਼ਲਤ ਹੱਥਾਂ ਵਿੱਚ ਨਾ ਚਲੇ ਜਾਣ।”

ਬੀਬੀਸੀ ਨਿਊਜ਼ ਪੰਜਾਬੀ ਨੇ ਪੰਜਾਬ ਪੁਲਿਸ ਦੇ ਬੁਲਾਰੇ ਅਤੇ ਪੁਲਿਸ ਇੰਸਪੈਕਟਰ ਜਨਰਲ (ਆਈਜੀ) ਸੁਖਚੈਨ ਸਿੰਘ ਗਿੱਲ ਨਾਲ ਵੀ ਸੰਪਰਕ ਕੀਤਾ।
ਅਸੀਂ ਗਿੱਲ ਨੂੰ ਤਿੰਨ ਸਵਾਲ ਪੁੱਛੇ ਹਨ
- ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਰ ਬੰਪਰ ਵਿੱਚ ਛੁਪਾਉਣਾ ਕਿੰਨਾ ਕੁ ਉਚਿਤ ਹੈ?
- ਕੀ ਫਿਰੋਜ਼ਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਜਾਂ ਉਹ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ?
- ਕੀ ਜ਼ਿਲ੍ਹਾ ਪੁਲਿਸ ਵਿੱਚ ਤਾਲਮੇਲ ਦੀ ਘਾਟ ਰਹੀ?
ਗਿੱਲ ਨੇ ਜਵਾਬ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਫਿਰੋਜ਼ਪੁਰ ਦੇ ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਨਾਲ ਗੱਲ ਕੀਤੀ ਜਾਵੇ।
ਹਿਲੋਰੀ ਨਾਲ ਸੰਪਰਕ ਕੀਤੇ ਜਾਣ ਉੱਤੇ ਉਨ੍ਹਾ ਨੇ ਇਸ ਮਾਮਲੇ ''''ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੁਪਤ ਹੈ, ਇਸ ਲਈ ਕੋਈ ਟਿੱਪਣੀ ਨਹੀਂ ਕਰ ਸਕਦੇ।
ਬੀਬੀਸੀ ਨੇ ਪੰਜਾਬ ਬਾਰਡਰ ਸਕਿਉਰਿਟੀ ਫੋਰਸ ਦੇ ਡਿਪਟੀ ਇੰਸਪੈਕਟਰ ਜਨਰਲ ਕੁਲਦੀਪ ਸਿੰਘ ਨਾਲ ਇਸ ਮਾਮਲੇ ਤੇ ਗੱਲ ਕਰਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਈ ਕਾਲਾਂ ਕੀਤੇ ਜਾਣ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੱਤਾ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)