''''ਮੇਰਾ ਕੰਮ ਲਾਸ਼ ਨੂੰ ਕੁਰਸੀ ''''ਤੇ ਬਿਠਾ ਕੇ ਸਿੱਧਾ ਕਰਨਾ ਸੀ'''', ਲਾਸ਼ਾਂ ਦੀਆਂ ਤਸਵੀਰਾਂ ਖਿੱਚਦੇ ਫੋਟੋਗ੍ਰਾਫ਼ਰਾਂ ਦੇ ਕਿੱਸੇ ਹਿਲਾ ਕੇ ਰੱਖ ਦੇੇਣਗੇ
Friday, Sep 15, 2023 - 04:47 PM (IST)


ਚੇਤਾਵਨੀ – ਇਸ ਰਿਪੋਰਟ ਵਿੱਚ ਲਾਸ਼ਾਂ ਦੀਆਂ ਤਸਵੀਰਾਂ ਹਨ
"ਮੇਰਾ ਕੰਮ ਲਾਸ਼ ਨੂੰ ਕੁਰਸੀ ਉੱਤੇ ਬਿਠਾਉਣਾ ਅਤੇ ਉਸ ਨੂੰ ਸਿੱਧਾ ਕਰਨਾ ਸੀ।’’
ਰਵਿੰਦਰਨ ਆਪਣੇ ਕੰਮ ਦੇ ਪਹਿਲੇ ਦਿਨ ਦਾ ਜ਼ਿਕਰ ਕਰਦੇ ਹਨ।
"ਫਿਰ ਮੈਨੂੰ ਫੋਟੋਗ੍ਰਾਫਰ ਨੂੰ ਤਸਵੀਰ ਖਿੱਚਣ ਦੇ ਯੋਗ ਬਣਾਉਣ ਲਈ ਪਲਕਾਂ ਨੂੰ ਚੁੱਕਣਾ ਪਿਆ।"
ਉਨ੍ਹਾਂ ਦੇ ਪਿਤਾ ਸ਼੍ਰੀਨਿਵਾਸਨ, ਜੋ ਇੱਕ ਫੋਟੋਗ੍ਰਾਫਿਕ ਸਟੂਡੀਓ ਚਲਾਉਂਦੇ ਸਨ। 1972 ਵਿੱਚ ਜਦੋਂ ਰਵਿੰਦਰਨ ਸਿਰਫ਼ 14 ਸਾਲ ਦੇ ਸੀ ਤਾਂ ਪਿਤਾ ਨੇ ਉਨ੍ਹਾਂ ਨੂੰ ਇੱਕ ਅਸਾਈਨਮੈਂਟ ''''ਤੇ ਭੇਜਿਆ।
ਰਿਚਰਡ ਕੈਨੇਡੀ ਨੂੰ ਵੀ ਅਜਿਹਾ ਹੀ ਨਿਰਾਸ਼ਾਜਨਕ ਤਜਰਬਾ ਸੀ ਜਦੋਂ ਉਹ ਸਿਰਫ਼ ਨੌਂ ਸਾਲ ਦੇ ਸੀ। ਰਿਚਰਡ ਨੂੰ ਕੁਰਸੀ ਦੇ ਪਿੱਛੇ ਪਰਦੇ ਦੇ ਤੌਰ ''''ਤੇ ਲਗਾਏ ਜਾਣ ਵਾਲੇ ਚਿੱਟੇ ਕੱਪੜੇ ਨੂੰ ਫੜਨ ਲਈ ਕਿਹਾ ਗਿਆ ਸੀ, ਇਸੇ ਪਰਦੇ ਅੱਗੇ ਮਰਿਆ ਹੋਇਆ ਵਿਅਕਤੀ ਬੈਠਾ ਸੀ।
ਰਿਚਰਡ ਨੇ ਬੀਬੀਸੀ ਨੂੰ ਦੱਸਿਆ, ‘‘ਮੈਂ ਡਰਿਆ ਹੋਇਆ ਸੀ ਅਤੇ ਕੰਬ ਰਿਹਾ ਸੀ। ਉਸ ਰਾਤ ਮੈਂ ਬਿਲਕੁਲ ਨਹੀਂ ਸੌਂ ਸਕਿਆ। ਕਈ ਰਾਤਾਂ ਤੋਂ ਮੈਨੂੰ ਇੱਕ ਮਾੜਾ ਸੁਪਨਾ ਆਇਆ ਜਿਸ ਵਿੱਚ ਮਰਿਆ ਹੋਇਆ ਵਿਅਕਤੀ ਪ੍ਰਗਟ ਹੋਇਆ, ਇਹ ਭਿਆਨਕ ਸੀ।"
ਰਿਚਰਡ ਅਤੇ ਰਵਿੰਦਰਨ, ਦੋਵੇਂ ਫੋਟੋਗ੍ਰਾਫੀ ਦੇ ਕਿੱਤੇ ਵਿੱਚ ਆਏ ਕਿਉਂਕਿ ਉਨ੍ਹਾਂ ਦੇ ਪਿਤਾ ਫੋਟਗ੍ਰਾਫ਼ੀ ਸਟੂਡੀਓ ਦੇ ਮਾਲਕ ਸਨ। ਇਨ੍ਹਾਂ ਨੇ 1,000 ਤੋਂ ਵੱਧ ਮਰੇ ਹੋਏ ਲੋਕਾਂ ਦੀਆਂ ਫੋਟੋਆਂ ਖਿੱਚੀਆਂ ਹਨ।
ਇਹ ਦੋਵੇਂ ਅਜਿਹੇ ਫੋਟੋਗ੍ਰਾਫਰਾਂ ਦੀ ਘੱਟ ਰਹੀ ਗਿਣਤੀ ਵਿੱਚੋਂ ਹਨ ਜੋ ਦੱਖਣੀ ਭਾਰਤੀ ਸੂਬੇ ਤਾਮਿਲਨਾਡੂ ਵਿੱਚ ਮ੍ਰਿਤਕਾਂ ਦੀਆਂ ਫੋਟੋਆਂ ਖਿੱਚਣ ਵਿੱਚ ਮਾਹਰ ਹਨ।
ਉਨ੍ਹਾਂ ਨੇ ਬੀਬੀਸੀ ਨਾਲ ਆਪਣੇ ਅਸਾਧਾਰਨ, ਅਸਥਿਰ ਕੰਮ ਬਾਰੇ ਗੱਲ ਕੀਤੀ, ਜੋ ਕਿ 1970 ਅਤੇ 1980 ਦੇ ਦਹਾਕੇ ਵਿੱਚ ਇੱਕ ਚੰਗੀ ਕਮਾਈ ਵਾਲਾ ਕੰਮ ਸੀ।


ਡਰ ਨਾਲ ਲੜਾਈ
ਕੁਝ ਦਹਾਕੇ ਪਹਿਲਾਂ ਤੱਕ ਤਾਮਿਲਨਾਡੂ ਵਿੱਚ ਬਹੁਤ ਸਾਰੇ ਭਾਈਚਾਰਿਆਂ ਵਿੱਚ ਇਹ ਵਿਸ਼ਵਾਸ ਸੀ ਕਿ ਫੋਟੋ ਖਿੱਚਣ ਨਾਲ ਇੱਕ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ। ਇਸਦਾ ਮਤਲਬ ਇਹ ਸੀ ਕਿ ਬਹੁਤ ਸਾਰੇ ਲੋਕਾਂ ਨੇ ਆਪਣੀ ਪਹਿਲੀ ਫੋਟੋ ਮਰਨ ਤੋਂ ਬਾਅਦ ਹੀ ਲਈ ਸੀ।
ਰਵਿੰਦਰਨ ਚੇਨਈ ਤੋਂ 400 ਕਿਲੋਮੀਟਰ ਦੱਖਣ ਵਿੱਚ ਕਰਾਈਕੁਡੀ ਤੋਂ ਸਬੰਧ ਰੱਖਦੇ ਹਨ। ਇੱਕ ਅੱਲੜ੍ਹ ਉਮਰ ਦੇ ਰਵਿੰਦਰਨ ਲਈ ਇਹ ਚੰਗਾ ਕੰਮ ਨਹੀਂ ਸੀ, ਪਰ ਉਹ ਸਕੂਲ ਛੱਡਣਾ ਚਾਹੁੰਦੇ ਸੀ ਅਤੇ ਇਸੇ ਕੰਮ ਨੇ ਉਨ੍ਹਾਂ ਨੂੰ ਬਹਾਨਾ ਦੇ ਦਿੱਤਾ।
ਉਹ ਦੱਸਦੇ ਹਨ, "ਕੁਝ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ, ਮੈਂ ਮਰੇ ਹੋਏ ਲੋਕਾਂ ਦੀਆਂ ਫੋਟੋਆਂ ਲੈਣ ਲਈ ਇਕੱਲਾ ਗਿਆ।"
ਰਵਿੰਦਰਨ ਨੇ ਹੌਲੀ-ਹੌਲੀ ਆਪਣੀ ਮੁਹਾਰਤ ਵਿਕਸਿਤ ਕੀਤੀ, ਲਾਸ਼ ਦੇ ਸਿਰ ਨੂੰ ਝੁਕਣ ਤੋਂ ਰੋਕਣ ਲਈ ਉਨ੍ਹਾਂ ਨੇ ਪਿੱਛੇ ਸਰਾਹਣਾ, ਕੁਝ ਕੱਪੜੇ ਰੱਖਣੇ ਸ਼ੁਰੂ ਕੀਤੇ ਅਤੇ ਬੈਕਗਰਾਊਂਡ ਨੂੰ ਬਦਲਿਆ।
ਉਹ ਕਹਿੰਦੇ ਹਨ, ‘‘ਮੈਂ ਆਪਣੇ ਡਰ ਨਾਲ ਲੜਿਆ ਅਤੇ ਆਪਣੇ ਕੰਮ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਮੈਂ ਫੋਟੋਆਂ ਵਿੱਚ ਲਾਸ਼ਾਂ ਨੂੰ ਚੰਗਾ ਅਤੇ ਅਸਲੀ ਦਿਖਾਇਆ।"
ਦਿਲ ਦਹਿਲਾ ਦੇਣ ਵਾਲੇ ਮੌਕੇ

ਰਿਚਰਡ ਦੀ ਸ਼ੁਰੂਆਤ ਤਾਂ ਪਹਿਲਾਂ ਹੀ ਹੋ ਗਈ ਸੀ। ਉਹ ਆਪਣੇ ਪਿਤਾ ਨਾਲ ਚੇਨਈ ਤੋਂ 350 ਕਿਲੋਮੀਟਰ ਪੱਛਮ ਵੱਲ ਯੇਰਕੌਡ ਪਹਾੜੀਆਂ ਵੱਲ ਜਾਂਦੇ ਸੀ।
ਰਿਚਰਡ ਦਾ ਸਭ ਤੋਂ ਔਖਾ ਤਜਰਬਾ ਇੱਕ ਮਰੇ ਹੋਏ ਨਵਜੰਮੇ ਬੱਚੇ ਦੀ ਫੋਟੋ ਖਿੱਚਣਾ ਸ਼ਾਮਲ ਸੀ।
ਉਹ ਇਸ ਬਾਰੇ ਦੱਸਦੇ ਹਨ, ‘‘ਮਾਪੇ ਬਰਬਾਦ ਹੋ ਗਏ ਤੇ ਮਾਂ ਬੇਹੋਸ਼ੀ ਵਿੱਚ ਰੋ ਰਹੀ ਸੀ।"
ਫੋਟੋਗ੍ਰਾਫਰ ਦੇ ਆਉਣ ਤੋਂ ਬਾਅਦ ਮਾਂ ਨੇ ਬੱਚੇ ਨੂੰ ਇਸ਼ਨਾਨ ਕਰਵਾਇਆ ਅਤੇ ਉਸ ਨੂੰ ਨਵੇਂ ਕੱਪੜੇ ਪਹਿਨਾਏ ਤੇ ਥੋੜ੍ਹਾ ਮੇਕਅੱਪ ਕੀਤਾ।
ਰਿਚਰਡ ਯਾਦ ਕਰਦਿਆਂ ਦੱਸਦੇ ਹਨ, "ਬੱਚਾ ਇੱਕ ਗੁੱਡੀ ਵਰਗਾ ਲੱਗਦਾ ਸੀ। ਮਾਂ ਨੇ ਬੱਚੇ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਅਤੇ ਮੈਂ ਫੋਟੋ ਖਿੱਚ ਲਈ। ਇੰਝ ਲੱਗ ਰਿਹਾ ਸੀ ਜਿਵੇਂ ਬੱਚਾ ਸੌਂ ਰਿਹਾ ਹੋਵੇ। ਇਹ ਬਹੁਤ ਭਾਵੁਕ ਸੀ।"

ਫੋਟੋਗ੍ਰਾਫ਼ਰਾਂ ਨੇ ਸਸਕਾਰ ਜਾਂ ਦਫ਼ਨਾਉਣ ਤੋਂ ਪਹਿਲਾਂ ਲਾਸ਼ ਨੂੰ ਇਸ਼ਨਾਨ ਕਰਵਾਉਣ ਅਤੇ ਫ਼ਿਰ ਫੁੱਲਾਂ ਨਾਲ ਸਜਾਉਣ ਦੀਆਂ ਤਸਵੀਰਾਂ ਵੀ ਲਈਆਂ। ਕੁਝ ਪਰਿਵਾਰ ਇੱਕ ਦੋ ਤਸਵੀਰਾਂ ਨਾਲ ਹੀ ਖ਼ੁਸ਼ ਸਨ ਪਰ ਬਹੁਤਿਆਂ ਨੇ ਹੋਰ ਤਸਵੀਰਾਂ ਦੀ ਡਿਮਾਂਡ ਕੀਤੀ।
ਰਵਿੰਦਰਨ ਯਾਦ ਕਰਦੇ ਹਨ, ‘‘ਮੈਂ ਤਾਂ ਕਬਰਿਸਤਾਨ ਤੱਕ ਵੀ ਗਿਆ ਅਤੇ ਲਾਸ਼ ਨੂੰ ਦਫ਼ਨਾਉਣ ਦੇ ਪਲ ਕੈਮਰੇ ਵਿੱਚ ਕੈਦ ਕੀਤੇ।’’
ਫੋਟੋਗ੍ਰਾਫ਼ਰਾਂ ਕੋਲ ਬਹੁਤ ਘੱਟ ਸਮਾਂ ਹੁੰਦਾ ਸੀ ਕਿਉਂਕਿ ਤਸਵੀਰਾਂ ਦੇ ਪ੍ਰਿੰਟ ਰਾਤੋ-ਰਾਤ ਪਰਿਵਾਰਾਂ ਨੂੰ ਦੇਣੇ ਹੁੰਦੇ ਸਨ। ਇਸ ਪਿੱਛੇ ਵਜ੍ਹਾ ਅਗਲੇ ਦਿਨ ਦੀਆਂ ਰਹੁ-ਰੀਤਾਂ ਸਨ।
ਰਵਿੰਦਰਨ ਅਤੇ ਰਿਚਰਡ ਨੇ ਭਾਵੇਂ ਆਪਣੇ ਬਲੈਕ ਐਂਡ ਵ੍ਹਾਈਟ ਕੈਮਰਿਆਂ ਨਾਲ ਹੀ ਤਸਵੀਰਾਂ ਲਈਆਂ, ਪਰ ਉਨ੍ਹਾਂ ਨੇ ਆਪਣਾ ਕੰਮ ਬਖ਼ੂਬੀ ਕੀਤਾ।
ਇਨ੍ਹਾਂ ਦੇ ਬਹੁਤੇ ਗਾਹਕ ਹਿੰਦੂ ਅਤੇ ਇਸਾਈ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਅਤੇ ਕੁਝ ਪਰਿਵਾਰ ਆਪਣੇ ਪਿਆਰਿਆਂ ਦੀਆਂ ਤਸਵੀਰਾਂ ਫਰੇਮ ਵਿੱਚ ਜੜ੍ਹ ਕੇ ਪ੍ਰਾਰਥਨਾ ਵਾਲੇ ਕਮਰੇ ਵਿੱਚ ਰੱਖਦੇ ਸਨ।
ਰਵਿੰਦਰਨ ਯਾਦ ਕਰਦੇ ਹਨ ਕਿ ਉਨ੍ਹਾਂ ਨੇ ਸਿਰਫ਼ ਦੋ ਮੁਸਲਮਾਨ ਮਰਦਾਂ ਦੀਆਂ ਤਸਵੀਰਾਂ ਹੀ ਮੌਤ ਤੋਂ ਬਾਅਦ ਖਿੱਚੀਆਂ, ਹਾਲਾਂਕਿ ਰਿਚਰਡ ਦਾ ਅਜਿਹਾ ਕੋਈ ਤਜਰਬਾ ਨਹੀਂ ਰਿਹਾ।
ਬੁਰੇ ਸੁਪਨੇ
ਰਿਚਰਡ ਪੁਲਿਸ ਮਹਿਕਮੇ ਵਿੱਚ ਵੀ ਕੰਮ ਕਰ ਚੁੱਕੇ ਹਨ।
ਉਨ੍ਹਾਂ ਨੂੰ ਗ਼ੈਰ-ਕੁਦਰਤੀ ਮੌਤਾਂ ਨਾਲ ਜੁੜੀਆਂ ਤਸਵੀਰਾਂ ਵੀ ਲੈਣੀਆਂ ਪੈਂਦੀਆਂ ਸਨ – ਜਿਵੇਂ ਅਪਰਾਧ ਦੇ ਪੀੜਤ, ਖ਼ੁਦਕੁਸ਼ੀ ਅਤੇ ਸੜਕੀ ਹਾਦਸਿਆ, ਉਨ੍ਹਾਂ ਨੂੰ ਅਕਸਰ ਬੁਰੇ ਤਰੀਕੇ ਨਾਲ ਖ਼ਰਾਬ ਲਾਸ਼ਾਂ ਦੀਆਂ ਤਸਵੀਰਾਂ ਖਿੱਚਣੀਆਂ ਪੈਂਦੀਆ ਸੀ।

ਰਿਚਰਡ ਕਹਿੰਦੇ ਹਨ, ‘‘ਇਹ ਮਨ ਨੂੰ ਬਹੁਤ ਖ਼ਰਾਬ ਕਰਨ ਵਾਲਾ ਸੀ। ਕਈ ਵਾਰ ਤਾਂ ਮੈਂ ਨਾ ਖਾ ਪਾਉਂਦਾ ਸੀ ਤੇ ਨਾ ਹੀ ਸੌਂਦਾ ਸੀ।’’
ਰਿਚਰਡ ਵੱਲੋਂ ਖਿੱਚੀਆਂ ਤਸਵੀਰਾਂ ਨੂੰ ਅਦਾਲਤ ਵਿੱਚ ਸਬੂਤ ਦੇ ਤੌਰ ਉੱਤੇ ਪੇਸ਼ ਕੀਤਾ ਜਾਂਦਾ ਸੀ ਅਤੇ ਇਸ ਨਾਲ ਪਰਿਵਾਰਾਂ ਨੂੰ ਮੁਆਵਜ਼ਾ ਲੈਣ ਵਿੱਚ ਮਦਦ ਮਿਲਦੀ ਸੀ।
ਇਸ ਕੰਮ ਲਈ ਫੋਟੋਗ੍ਰਾਫ਼ਰਾਂ ਨੂੰ ਚੰਗੇ ਪੈਸੇ ਮਿਲਦੇ ਸਨ। ਉਹ ਆਮ ਤਸਵੀਰਾਂ ਖਿੱਚਣ ਲਈ ਜੋ ਪੈਸਾ ਲੈਂਦੇ ਸੀ, ਉਸ ਦੇ ਮੁਕਾਬਲੇ ਲਾਸ਼ਾਂ ਦੀਆਂ ਤਸਵੀਰਾਂ ਲਈ ਉਨ੍ਹਾਂ ਨੂੰ ਦੁੱਗਣੇ ਪੈਸੇ ਮਿਲਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਿਸ਼ਤੇਦਾਰਾਂ ਤੋਂ ਕੁਝ ਪੈਸੇ ਵੀ ਮਿਲ ਜਾਂਦੇ ਸਨ, ਪਰ ਇਸ ਤਰ੍ਹਾਂ ਦੇ ਕੰਮ ਦੇ ਨੁਕਸਾਨ ਵੀ ਸੀ।
ਰਿਚਰਡ ਕਹਿੰਦੇ ਹਨ, ‘‘ਬਹੁਤ ਸਾਰੇ ਗਾਹਕ ਮੈਨੂੰ ਕਿਸੇ ਹੋਰ ਕੰਮ ਵਿੱਚ ਲਾਉਣ ਤੋਂ ਝਿਜਕਦੇ ਸਨ।’’
ਰਵਿੰਦਰਨ ਦਾ ਹਿੰਦੂ ਪਰਿਵਾਰ ਮੌਤ ਨਾਲ ਜੁੜੀ ਕਿਸੇ ਵੀ ਥਾਂ ਨੂੰ ਅਪਵਿੱਤਰ ਮੰਨਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਘਰ ਜਾਂ ਸਟੂਡੀਓ ਵਿੱਚ ਦਾਖਲ ਹੋਣ ਤੋਂ ਪਹਿਲਾਂ ਲਾਜ਼ਮੀ ਸਫਾਈ (ਇਸ਼ਨਾਨ) ਕਰਨੀ ਪਈ।
ਰਵਿੰਦਰਨ ਦੱਸਦੇ ਹਨ, ‘‘ਮੈਨੂੰ ਹਰ ਵਾਰ ਇਸ਼ਨਾਨ ਕਰਨਾ ਪੈਂਦਾ ਸੀ। ਮੇਰਾ ਪਿਤਾ ਤਾਂ ਸਟੂਡੀਓ ਵਿੱਚ ਜਾਣ ਤੋਂ ਪਹਿਲਾਂ ਮੇਰੇ ਕੈਮਰੇ ਉੱਤੋਂ ਪਾਣੀ ਵੀ ਛਿੜਕਦੇ ਸਨ।’’
ਲਾਸ਼ਾਂ ਦੀਆਂ ਤਸਵੀਰਾਂ ਲੈਣ ਦਾ ਰੁਝਾਨ
ਪੁਰਾਣੇ ਜ਼ਮਾਨੇ ਵਿੱਚ ਕਈ ਦੇਸ਼ਾਂ ਵਿੱਚ ਮੌਤ ਤੋਂ ਬਾਅਦ ਫੋਟੋਆਂ ਖਿੱਚਣ ਦਾ ਰਿਵਾਜ ਪ੍ਰਚਲਿਤ ਸੀ।

19ਵੀਂ ਸਦੀ ਦੇ ਅੱਧ ਵਿੱਚ ਬਹੁਤ ਸਾਰੇ ਦੁਖੀ ਪਰਿਵਾਰਾਂ ਨੇ ਆਪਣੇ ਮਰੇ ਹੋਏ ਬੱਚਿਆਂ ਅਤੇ ਹੋਰ ਰਿਸ਼ਤੇਦਾਰਾਂ ਨਾਲ ਤਸਵੀਰਾਂ ਲਈਆਂ।
ਮ੍ਰਿਤਕ ਦੇਹ ਦੀ ਫੋਟੋ ਖਿੱਚਣਾ ਪਰਿਵਾਰਾਂ ਲਈ ਉਸ ਦੌਰ ਵਿੱਚ ਆਪਣੇ ਪਿਆਰਿਆਂ ਨੂੰ ਯਾਦ ਕਰਨ ਦਾ ਇੱਕ ਸੌਖਾਲਾ ਤਰੀਕਾ ਸੀ। ਉਸ ਵੇਲੇ ਫੋਟੋਆਂ ਮਹਿੰਗੀਆਂ ਹੁੰਦੀਆਂ ਸਨ ਅਤੇ ਬਹੁਤ ਸਾਰੇ ਲੋਕਾਂ ਕੋਲ ਜਿਉਂਦਿਆਂ ਦੀ ਕੋਈ ਤਸਵੀਰ ਨਹੀਂ ਹੁੰਦੀ ਸੀ।
ਅਮਰੀਕਾ ਵਿੱਚ ਫੋਟੋਆਂ ਅਕਸਰ ਘਰਾਂ ਦੇ ਅੰਦਰ ਲਈਆਂ ਜਾਂਦੀਆਂ ਸਨ, ਜਿਸ ਵਿੱਚ ਲਾਸ਼ ਨੂੰ ਬਰਫ਼ ਉੱਤੇ ਰੱਖਿਆ ਜਾਂਦਾ ਸੀ।
ਪੋਸਟਮਾਰਟਮ ਦੀਆਂ ਫੋਟੋਆਂ ਉਨ੍ਹਾਂ ਪਰਿਵਾਰਕ ਮੈਂਬਰਾਂ ਲਈ ਬਹੁਤ ਅਹਿਮ ਸਨ ਜੋ ਅੰਤਿਮ-ਸੰਸਕਾਰ ਲਈ ਯਾਤਰਾ ਨਹੀਂ ਕਰ ਸਕਦੇ ਸਨ ਜਾਂ ਸਮੇਂ ਸਿਰ ਨਹੀਂ ਪਹੁੰਚ ਸਕਦੇ ਸਨ।
ਵਿਕਟੋਰੀਅਨ ਬ੍ਰਿਟੇਨ ਵਿੱਚ ਮੌਤ ਦੀ ਤਸਵੀਰ ਵੀ ਪ੍ਰਸਿੱਧ ਸੀ।
ਖਸਰਾ, ਡਿਪਥੀਰੀਆ, ਲਾਲ ਬੁਖਾਰ, ਰੂਬੈਲਾ ਨਾਲ ਗ੍ਰਸਤ ਸ਼ਹਿਰਾਂ ਵਿੱਚ ਮੌਤ ਕਿਸੇ ਵੀ ਸਮੇਂ ਆ ਸਕਦੀ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਛੋਟੇ ਜੀਵਨ ਕਾਲ ਵਿੱਚ ਕਦੇ ਵੀ ਫੋਟੋ ਨਹੀਂ ਲਈ।

ਪਰ ਇਹ ਅਭਿਆਸ 20ਵੀਂ ਸਦੀ ਵਿੱਚ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਲੋਪ ਹੋ ਗਿਆ, ਸ਼ਾਇਦ ਸਿਹਤ ਸੰਭਾਲ ਨੇ ਜੀਵਨ ਦੀ ਸੰਭਾਵਨਾ ਵਿੱਚ ਸੁਧਾਰ ਕੀਤਾ। ਹਾਲਾਂਕਿ ਇਹ ਤਾਮਿਲਨਾਡੂ ਅਤੇ ਹੋਰ ਭਾਰਤੀ ਸੂਬਿਆਂ ਜਿਵੇਂ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਨਾਲ-ਨਾਲ ਵਾਰਾਣਸੀ ਵਿੱਚ ਲੰਬੇ ਸਮੇਂ ਤੱਕ ਚੱਲਿਆ।
ਰਿਚਰਡ ਇਨ੍ਹਾਂ ਚਿੱਤਰਾਂ ਨੂੰ ਪੇਂਟਿੰਗਾਂ ਵਿੱਚ ਪੁਰਾਣੇ ਚਿੱਤਰਾਂ ਦੇ ਇੱਕ ਤਰਕਪੂਰਨ ਵਿਸਥਾਰ ਵਜੋਂ ਦੇਖਦੇ ਹਨ।
ਉਹ ਕਹਿੰਦੇ ਹਨ, "ਫੋਟੋਗ੍ਰਾਫੀ ਦੇ ਆਉਣ ਤੋਂ ਪਹਿਲਾਂ, ਵੱਡੇ ਜ਼ਿਮੀਂਦਾਰ ਕਲਾਕਾਰਾਂ ਨੂੰ ਉਨ੍ਹਾਂ ਦੇ ਪੋਰਟਰੇਟ ਬਣਾਉਣ ਲਈ ਕਮਿਸ਼ਨ ਦਿੰਦੇ ਸਨ।"
"ਫੋਟੋਗ੍ਰਾਫੀ ਉਸ ਅਭਿਆਸ ਦਾ ਵਿਸਥਾਰ ਸੀ ਜਿਸ ਦਾ ਮਕਸਦ ਯਾਦ ਨੂੰ ਬਰਕਰਾਰ ਰੱਖਣਾ ਸੀ। ਸਿਰਫ਼ ਅਮੀਰ ਲੋਕ ਹੀ ਪੋਰਟਰੇਟ ਬਣਵਾਉਣ ਦੀ ਸਮਰੱਥਾ ਰੱਖਦੇ ਸਨ, ਪਰ ਫੋਟੋਗ੍ਰਾਫੀ ਗਰੀਬਾਂ ਲਈ ਵੀ ਕਿਫਾਇਤੀ ਸੀ।"
ਦੌਰ ਬਦਲਿਆ
ਪਰ 1980ਵਿਆਂ ਦੇ ਅਖੀਰ ਵਿੱਚ, ਘੱਟ ਕੀਮਤਾਂ ਵਾਲੇ ਕੈਮਰੇ ਆ ਗਏ ਜਿਨ੍ਹਾਂ ਦਾ ਇਸਤੇਮਾਲ ਹਰ ਕੋਈ ਕਰ ਸਕਦਾ ਸੀ।

ਰਿਚਰਡ ਨੇ ਦੱਸਿਆ, "ਕਈਆਂ ਨੇ ਛੋਟੇ ਕੈਮਰੇ ਖਰੀਦੇ ਅਤੇ ਫੋਟੋਆਂ ਕਲਿੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ।"
ਆਪਣੀਆਂ ਸੇਵਾਵਾਂ ਦੀ ਮੰਗ ਘਟਣ ਦੇ ਨਾਲ, ਰਿਚਰਡ ਨੇ ਆਪਣੀ ਆਮਦਨ ਨੂੰ ਵਧਾਉਣ ਲਈ ਚਰਚ ਦੇ ਸਮਾਗਮਾਂ ਅਤੇ ਤਿਉਹਾਰਾਂ ਨੂੰ ਕਵਰ ਕਰਨ ਵੱਲ ਰੁਖ਼ ਕੀਤੀ।
ਰਵਿੰਦਰਨ ਨੇ ਸਕੂਲ ਦੇ ਸਮਾਗਮਾਂ ਅਤੇ ਜਨਤਕ ਸਮਾਗਮਾਂ ''''ਤੇ ਧਿਆਨ ਮੋੜਿਆ। ਉਹ ਆਖਰਕਾਰ ਇੱਕ ਵਿਆਹ ਵਾਲੇ ਫੋਟੋਗ੍ਰਾਫਰ ਬਣ ਗਏ।
ਹੁਣ ਉਨ੍ਹਾਂ ਦੀ ਉਮਰ 60 ਤੋਂ ਉੱਤੇ ਦੀ ਹੋ ਗਈ ਹੈ। ਉਹ ਮਰੇ ਹੋਏ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਵਪਾਰ ਦੀ ਸਿਖਲਾਈ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਦੇ ਮੌਤ ਦੇ ਡਰ ਨੂੰ ਦੂਰ ਕੀਤਾ।
ਪਰ ਉਹ ਨਹੀਂ ਚਾਹੁੰਦੇ ਕਿ ਜਦੋਂ ਉਨ੍ਹਾਂ ਦਾ ਆਖਰੀ ਸਮਾਂ ਆਵੇ ਤਾਂ ਇਹ ਅਭਿਆਸ ਜਾਰੀ ਰਹੇ।
ਉਹ ਕਹਿੰਦੇ ਹਨ, "ਮੈਂ ਨਹੀਂ ਚਾਹੁੰਦਾ ਕਿ ਮੇਰੀ ਮੌਤ ਤੋਂ ਬਾਅਦ ਕੋਈ ਮੇਰੀ ਫੋਟੋ ਲਵੇ।"
ਰਿਚਰਡ ਨੇ ਆਪਣੇ ਦਾਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਫੋਟੋ ਲਈ ਅਤੇ ਉਨ੍ਹਾਂ ਕੋਲ ਆਪਣੇ ਪੁਰਖਿਆਂ ਦੀਆਂ ਤਿੰਨ ਪੀੜ੍ਹੀਆਂ ਦੀਆਂ ਫੋਟੋਆਂ ਹਨ।
ਦੂਜੇ ਪਾਸੇ 54 ਸਾਲ ਦੇ ਰਿਚਰਡ ਅਜੇ ਵੀ ਮ੍ਰਿਤਕਾਂ ਦੀਆਂ ਫੋਟੋਆਂ ਦਾ ਵੱਡਾ ਭੰਡਾਰ ਰੱਖਦੇ ਹਨ।
ਉਹ ਕਹਿੰਦੇ ਹਨ, "ਸਾਡੇ ਪਰਿਵਾਰ ਨੇ ਹਮੇਸ਼ਾ ਸਾਡੇ ਪੁਰਖਿਆਂ ਦੀਆਂ ਫੋਟੋਆਂ ਨੂੰ ਸੁਰੱਖਿਅਤ ਰੱਖਿਆ। ਮੈਂ ਆਪਣੇ ਸਭ ਤੋਂ ਛੋਟੇ ਬੇਟੇ ਨੂੰ ਕਿਹਾ ਕਿ ਉਹ ਮੇਰੀ ਮੌਤ ਤੋਂ ਬਾਅਦ ਇੱਕ ਫੋਟੋ ਲਵੇ ਅਤੇ ਇਹ ਫੋਟੋ ਪਰਿਵਾਰਕ ਵਿਰਾਸਤ ਦਾ ਹਿੱਸਾ ਹੋਣੀ ਚਾਹੀਦੀ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)