ਓਸਾਮਾ ਬਿਨ ਲਾਦੇਨ ਨੇ ਕਿਵੇਂ ਕਰਵਾਇਆ ਸੀ ਅਹਿਮਦ ਸ਼ਾਹ ਮਸੂਦ ਦਾ ਕਤਲ
Friday, Sep 15, 2023 - 06:47 AM (IST)


ਦੋ ਸਾਲ ਪਹਿਲਾਂ ਤੱਕ ਜੇਕਰ ਤੁਸੀਂ ਕਾਬੁਲ ਦੇ ਹਵਾਈ ਅੱਡੇ ’ਤੇ ਉਤਰਦੇ ਤਾਂ ਸਭ ਤੋਂ ਪਹਿਲਾਂ ਤੁਹਾਡੀ ਨਜ਼ਰ ਉੱਥੇ ਲੱਗੇ ਅਹਿਮਦ ਸ਼ਾਹ ਮਸੂਦ ਦੇ ਵੱਡੇ ਜਿਹੇ ਪੋਸਟਰ ’ਤੇ ਜ਼ਰੂਰ ਪੈਂਦੀ।
ਇੰਨਾ ਹੀ ਨਹੀਂ ਕਾਬੁਲ ਦੇ ਮੁੱਖ ਟ੍ਰੈਫਿਕ ਸਰਕਲ ਦਾ ਨਾਮ ਵੀ ਉਨ੍ਹਾਂ ਦੇ ਹੀ ਨਾਮ ‘ਤੇ ਰੱਖਿਆ ਗਿਆ ਸੀ। 9 ਸਤੰਬਰ ਨੂੰ ਉਨ੍ਹਾਂ ਦੀ ਬਰਸੀ ਪੂਰੇ ਅਫ਼ਗਾਨਿਸਤਾਨ ’ਚ ‘ਮਸੂਦ ਡੇਅ’ ਵੱਜੋਂ ਮਨਾਈ ਜਾਂਦੀ ਸੀ।
ਪਰ ਹੁਣ ਤਾਲਿਬਾਨ ਦੇ ਮੁੜ ਸੱਤਾ ’ਚ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ ਹੈ। ਸਭ ਤੋਂ ਪਹਿਲਾਂ ਕਾਬੁਲ ਹਵਾਈ ਅੱਡੇ ’ਤੇ ਲੱਗੀ ਉਨ੍ਹਾਂ ਦੀ ਤਸਵੀਰ ਨੂੰ ਪਾੜ ਦਿੱਤਾ ਗਿਆ ਅਤੇ ਨਾਲ ਹੀ ਜਿਹੜੀਆਂ ਥਾਵਾਂ ਦੇ ਨਾਮ ਉਨ੍ਹਾਂ ਦੇ ਨਾਮ ’ਤੇ ਸਨ, ਉਨ੍ਹਾਂ ਦੇ ਨਾਮ ਵੀ ਬਦਲ ਦਿੱਤੇ ਗਏ ਹਨ।
ਪਰ ਅਫ਼ਗਾਨਿਸਤਾਨ ਦੇ ਬਹੁਤ ਸਾਰੇ ਲੋਕਾਂ ਲਈ ਉਹ ਅੱਜ ਵੀ ਰਾਸ਼ਟਰੀ ਨਾਇਕ ਹਨ।

ਅਮਰੀਕੀ ਲੇਖਕ ਰਾਬਰਟ ਕੈਪਲਨ ਨੇ ਇੱਕ ਛਾਪਾਮਾਰ/ਗੁਰੀਲਾ ਕਮਾਂਡਰ ਵੱਜੋਂ ਉਨ੍ਹਾਂ ਦੀ ਤੁਲਨਾ ਮਾਓ ਅਤੇ ਚੇ ਗੁਵੇਰਾ ਨਾਲ ਕੀਤੀ ਸੀ।
ਹਾਲ ਹੀ ’ਚ ਪ੍ਰਕਾਸ਼ਿਤ ਉਨ੍ਹਾਂ ਦੀ ਜੀਵਨੀ ‘ਅਫ਼ਗਾਨ ਨੈਪੋਲੀਅਨ, ਦਿ ਲਾਈਫ਼ ਆਫ਼ ਅਹਿਮਦ ਸ਼ਾਹ ਮਸੂਦ’ ਦੇ ਲੇਖਕ ਸੈਂਡੀ ਗਾਲ ਲਿਖਦੇ ਹਨ, “ਉਨ੍ਹਾਂ ਦੇ ਰੂਸੀ ਵਿਰੋਧੀ ਵੀ ਆਪਣੇ ਵਿਰੋਧੀ ਦੁਸ਼ਮਣ ਦੀ ਹਿੰਮਤ ਦੀ ਦਾਦ ਦਿੰਦੇ ਸਨ, ਜਿਸ ਨੇ ਕਿ 8 ਸਾਲਾਂ ਤੱਕ ਘੱਟ ਤੋਂ ਘੱਟ 9 ਰੂਸੀ ਹਮਲਿਆਂ ਦਾ ਟਾਕਰਾ ਕੀਤਾ ਸੀ।"
"ਉਹ ਉਮਰ ਭਰ ਤਾਲਿਬਾਨ ਦੇ ਸਭ ਤੋਂ ਵੱਡੇ ਵਿਰੋਧੀ ਰਹੇ ਸਨ। ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਬੁੱਧੀਮਾਨੀ, ਨਿਮਰਤਾ, ਸਾਹਸ, ਹਿੰਮਤ ਅਤੇ ਫ਼ਾਰਸੀ ਸਾਹਿਤ ਦੇ ਉਨ੍ਹਾਂ ਦੇ ਗਿਆਨ ਦੀ ਹਮੇਸ਼ਾ ਹੀ ਸ਼ਲਾਘਾ ਕੀਤੀ। 22 ਸਾਲ ਦੀ ਉਮਰ ਤੋਂ 49 ਸਾਲ ਦੀ ਉਮਰ ਤੱਕ ਉਨ੍ਹਾਂ ਦਾ ਸਾਰਾ ਜੀਵਨ ਲੜਾਈ ਕਰਦਿਆਂ ਹੀ ਬੀਤਿਆ।”

ਤਾਲਿਬਾਨ ਦੇ ਖੇਮੇ ’ਚੋਂ ਜ਼ਿੰਦਾ ਵਾਪਸ ਪਰਤੇ
ਪਤਲੇ ਸਰੀਰ ਵਾਲੇ ਅਹਿਮਦ ਸ਼ਾਹ ਮਸੂਦ ਨੇ ਹਮੇਸ਼ਾ ਹੀ ਸਨਮਾਨਜਨਕ ਜੀਵਨ ਬਤੀਤ ਕੀਤਾ ਅਤੇ ਬਹਾਦਰੀ ਦੀਆਂ ਕਈ ਮਿਸਾਲਾਂ ਪੇਸ਼ ਕੀਤੀਆਂ।
25 ਸਾਲਾਂ ਤੱਕ ਉਨ੍ਹਾਂ ਨੇ ਦੂਜੇ ਅਫ਼ਗਾਨ ਕਮਾਂਡਰਾਂ ਦੀ ਤੁਲਨਾ ’ਚ ਅਗਵਾਈ ਅਤੇ ਸ਼ਾਸਨ ਦਾ ਕਿਤੇ ਵਧੀਆ ਨਮੂਨਾ ਪੇਸ਼ ਕੀਤਾ। ਉਨ੍ਹਾਂ ਦਾ ਨੈਤਿਕ ਚਰਿੱਤਰ ਵੀ ਦੂਜਿਆਂ ਦੀ ਤੁਲਨਾ ’ਚ ਕਿਤੇ ਵਧੀਆ ਤੇ ਉੱਚਾ ਸੀ।
ਤਾਲਿਬਾਨ ਵਾਂਗ ਹੀ ਉਨ੍ਹਾਂ ਨੇ ਵੀ ਅਲ-ਕਾਇਦਾ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ।
ਅਫ਼ਗਾਨ ਪ੍ਰਤੀਰੋਧ ਦੇ ਹੋਰ ਲੜਾਕੇ ਵਿਦੇਸ਼ੀ ਸਮਰਥਨ ਦੀ ਉਮੀਦ ’ਚ ਦੇਸ਼ ਤੋਂ ਬਾਹਰ ਜਾਂਦੇ ਰਹੇ, ਪਰ ਉਨ੍ਹਾਂ ਨੇ ਸੋਵੀਅਤ ਕਬਜ਼ੇ ਦੌਰਾਨ ਕਦੇ ਵੀ ਆਪਣਾ ਮੁਲਕ ਨਹੀਂ ਛੱਡਿਆ ਅਤੇ ਪੰਜਸ਼ੀਰ ’ਚ ਬਹੁਤ ਹੀ ਮੁਸ਼ਕਲ ਹਲਾਤਾਂ ’ਚ ਲੜਦੇ ਰਹੇ।
ਨਿੱਜੀ ਤੌਰ ’ਤੇ ਉਨ੍ਹਾਂ ਨੇ ਸਾਦਗੀ ਵਾਲਾ ਜੀਵਨ ਬਤੀਤ ਕੀਤਾ। ਉਨ੍ਹਾਂ ’ਤੇ ਕਦੇ ਵੀ ਸੱਤਾ ਦੀ ਦੁਰਵਰਤੋਂ ਜਾਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਆਇਦ ਨਹੀਂ ਹੋਏ ਸਨ। ਇੱਕ ਬ੍ਰਿਟਿਸ਼ ਅਧਿਕਾਰੀ ਨੇ ਉਨ੍ਹਾਂ ਦੀ ਤੁਲਨਾ ਯੁਗੋਸਲਾਵੀਆ ਦੀ ਲੜਾਈ ਲੜਨ ਵਾਲੇ ਮਾਰਸ਼ਲ ਟੀਟੋ ਨਾਲ ਕੀਤੀ ਸੀ।

ਸੈਂਡੀ ਗਾਲ ਲਿਖਦੇ ਹਨ, “ਜਦੋਂ ਤਾਲਿਬਾਨ ਨੇ ਕਾਬੁਲ ਵੱਲ ਰੁਖ਼ ਕੀਤਾ ਤਾਂ ਉਹ ਆਪਣੇ ਸਾਥੀਆਂ ਦੇ ਮਨਾ ਕਰਨ ਦੇ ਬਾਵਜੂਦ ਸਮਝੌਤੇ ਦੀ ਕੋਸ਼ਿਸ਼ ਕਰਨ ਲਈ ਤਾਲਿਬਾਨ ਦੇ ਖੇਮੇ ’ਚ ਚਲੇ ਗਏ।"
"ਉਨ੍ਹਾਂ ਦੇ ਸਾਥੀਆਂ ਦੇ ਮਨਾਂ ’ਚ ਡਰ ਸੀ ਕਿ ਜਿਵੇਂ ਹੀ ਉਹ ਤਾਲਿਬਾਨ ਦੇ ਕੈਂਪ ’ਚ ਜਾਣਗੇ, ਤਾਲਿਬਾਨ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਪਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਇੰਨਾ ਪ੍ਰਭਾਵ ਸੀ ਕਿ ਉਹ ਉੱਥੋਂ ਜ਼ਿੰਦਾ ਵਾਪਸ ਪਰਤ ਆਏ।”
ਅਹਿਮਦ ਸ਼ਾਹ ਮਸੂਦ ਨੂੰ ਜ਼ਿੰਦਾ ਵਾਪਸ ਪਰਤਣ ਦੇਣ ਲਈ ਮੁੱਲਾ ਉਮਰ ਨੇ ਆਪਣੇ ਕਮਾਂਡਰ ਨੂੰ ਬਰਖ਼ਾਸਤ ਕਰ ਦਿੱਤਾ ਸੀ।
ਅਹਿਮਦ ਸ਼ਾਹ ਮਸੂਦ ਨੂੰ ਪੜ੍ਹਨ ਦਾ ਇੰਨਾ ਸ਼ੌਕ ਸੀ ਕਿ ਜਦੋਂ ਉਨ੍ਹਾਂ ਨੂੰ 1996 ’ਚ ਕਾਬੁਲ ਛੱਡਣਾ ਪਿਆ ਤਾਂ ਉਹ ਉੱਥੋਂ ਆਪਣੇ ਨਾਲ 2 ਹਜ਼ਾਰ ਕਿਤਾਬਾਂ ਲੈ ਕੇ ਗਏ ਸਨ।
ਤਾਲਿਬਾਨ ਦੇ ਅੱਗੇ ਕਦੇ ਗੋਡੇ ਨਹੀਂ ਟੇਕੇ
ਰੂਸੀਆਂ ਖ਼ਿਲਾਫ਼ ਅਹਿਮਦ ਸ਼ਾਹ ਮਸੂਦ ਨੇ ਬਹੁਤ ਹੀ ਸਰਲ ਪਰ ਪ੍ਰਭਾਵਸ਼ਾਲੀ ਰਣਨੀਤੀ ਅਪਣਾਈ ਸੀ।
ਏ ਆਰ ਰੋਵਨ ਆਪਣੀ ਕਿਤਾਬ ‘ਆਨ ਦਿ ਟ੍ਰੇਲ ਆਫ਼ ਲਾਇਨ ਅਹਿਮਦ ਸ਼ਾਹ ਮਸੂਦ’ ’ਚ ਲਿਖਦੇ ਹਨ, “ਰੂਸੀਆਂ ਦੇ ਗੜ੍ਹ ’ਤੇ ਰਾਕੇਟ ਅਤੇ ਮੋਰਟਾਰ ਗੋਲੇ ਦਾਗਣ ਤੋਂ ਪਹਿਲਾਂ, ਉਹ ਉਨ੍ਹਾਂ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤਿਆਂ ’ਤੇ ਅਣਗਿਣਤ ਬਾਰੂਦੀ ਸੁਰੰਗਾਂ ਵਿਛਾ ਦਿੰਦੇ ਸਨ। ਜਿਸ ਬਾਰੇ ਉਨ੍ਹਾਂ ਦੇ ਸੈਨਿਕਾਂ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਰਹਿੰਦੀ ਸੀ।"
"ਕੁਝ ਸਮੇਂ ਤੱਕ ਗੋਲਾਬਾਰੀ ਕਰਨ ਤੋਂ ਬਾਅਦ ਉਹ ਪਹਿਲਾਂ ਤੋਂ ਵਿਛਾਈਆਂ ਬਾਰੂਦੀ ਸੁਰੰਗਾਂ ਤੋਂ ਬਚਦੇ ਬਚਾਉਂਦੇ ਹਮਲਾ ਕਰਦੇ ਸਨ। ਫਿਰ ਜਦੋਂ ਰੂਸੀ ਸੈਨਿਕ ਹਮਲੇ ਤੋਂ ਬਚਣ ਲਈ ਬਾਹਰੋਂ ਇਮਦਾਦ ਮੰਗਵਾਉਂਦੇ ਤਾਂ ਉਹ ਸਾਰੇ ਹੀ ਬਾਰੂਦੀ ਸੁਰੰਗਾਂ ਦਾ ਸ਼ਿਕਾਰ ਹੋ ਜਾਂਦੇ ਸਨ।”
ਕੁਝ ਹੀ ਮਹੀਨਿਆਂ ਦੀ ਲੜਾਈ ਤੋਂ ਬਾਅਦ ਰੂਸੀ ਫੌਜ ਨੇ ਪੰਜਸ਼ੀਰ ਘਾਟੀ ਛੱਡ ਦਿੱਤੀ ਸੀ। ਬਾਅਦ ’ਚ ਉਨ੍ਹਾਂ ਨੇ 9 ਵਾਰ ਇਸ ਘਾਟੀ ’ਤੇ ਹਮਲਾ ਕੀਤਾ ਅਤੇ ਹਰ ਵਾਰ ਮਸੂਦ ਨੇ ਉਨ੍ਹਾਂ ਨੂੰ ਵਾਪਸ ਪਰਤਣ ਲਈ ਮਜ਼ਬੂਰ ਕੀਤਾ।
ਤਾਲਿਬਾਨ ਵੀ ਪਾਕਿਸਤਾਨ ਦੀ ਮਜ਼ਬੂਤ ਹਿਮਾਇਤ ਮਿਲਣ ਅਤੇ ਉਨ੍ਹਾਂ ਤੋਂ ਤਿੰਨ ਗੁਣਾ ਹੋਣ ਦੇ ਬਾਵਜੂਦ ਵੀ ਮਸੂਦ ਨੂੰ ਕਦੇ ਵੀ ਹਰਾ ਨਹੀਂ ਸਕੇ।
ਮਸੂਦ ਨੇ ਘਾਟੀ ਦੇ ਸਭ ਤੋਂ ਸ਼ੁਰੂ ’ਚ ਸਥਿਤ ਸਾਲਾਂਗ ਸੁਰੰਗ ਨੂੰ ਡਾਇਨਾਮਾਇਟ ਨਾਲ ਉਡਾਇਆ ਅਤੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਆਪਣੇ ਹੀ ਖੇਤਰ ’ਚ ਬੰਦ ਕਰ ਲਿਆ।
ਫਿਰ ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਖੇਤਰ ਦੀ ਸੁਰੱਖਿਆ ਲਈ ਸਭ ਕੁਝ ਦੇਣ ਲਈ ਪ੍ਰੇਰਿਤ ਕੀਤਾ।

ਰੂਸੀ ਬੰਬਾਰੀ ਦੌਰਾਨ ਵੀ ਆਪਣਾ ਕੰਮ ਜਾਰੀ ਰੱਖਿਆ
ਇੱਕ ਰੂਸੀ ਹਵਾਈ ਹਮਲੇ ਦੌਰਾਨ ਸੈਂਡੀ ਗਾਲ ਅਹਿਮਦ ਸ਼ਾਹ ਮਸੂਦ ਦੇ ਕੋਲ ਬੈਠੈ ਹੋਏ ਸਨ।
ਸੈਂਡੀ ਲਿਖਦੇ ਹਨ, “ਜਦੋਂ ਮੈਂ ਮਸੂਦ ਨਾਲ ਹੱਥ ਮਿਲਾਇਆ ਤਾਂ ਸਭ ਤੋਂ ਪਹਿਲਾਂ ਮੇਰੀ ਨਜ਼ਰ ਉਨ੍ਹਾਂ ਦੀ ਅੱਖਾਂ ’ਤੇ ਗਈ। ਉਹ ਇੱਕ ਸੂਝਵਾਨ ਵਿਅਕਤੀ ਦੀਆਂ ਅੱਖਾਂ ਸਨ। ਉਸ ਸਮੇਂ ਉਨ੍ਹਾਂ ਦੇ ਚਿਹਰੇ ’ਤੇ ਜੋ ਭਰੋਸਾ ਅਤੇ ਆਤਮਵਿਸ਼ਵਾਸ ਸੀ।"
"ਉਹ 28 ਸਾਲ ਦੇ ਨੌਜਵਾਨ ’ਚ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਅਸੀਂ ਬੈਠਣ ਹੀ ਵਾਲੇ ਸੀ ਕਿ ਸਾਡੇ ਸਿਰ ’ਤੇ ਰੂਸੀ ਜਹਾਜ਼ ਉੱਡਦੇ ਵਿਖਾਈ ਦਿੱਤੇ। ਮਸੂਦ ਅਤੇ ਉਨ੍ਹਾਂ ਦੇ ਸਾਥੀ ਤੇਜ਼ੀ ਨਾਲ ਨਜ਼ਦੀਕ ਦੇ ਘਰ ਵੱਲ ਭੱਜੇ। ਉਨ੍ਹਾਂ ਨੇ ਮੈਨੂੰ ਵੀ ਪਿੱਛੇ-ਪਿੱਛੇ ਆਉਣ ਦਾ ਇਸ਼ਾਰਾ ਕੀਤਾ।”
ਸੈਂਡੀ ਗਾਲ ਅੱਗੇ ਲਿਖਦੇ ਹਨ, “ਚਾਹ ਪੀਂਦੇ ਹੋਏ ਉਸ ਬੰਬਾਰੀ ਦੌਰਾਨ ਹੀ ਮਸੂਦ ਨੇ ਉਨ੍ਹਾਂ ਲਈ ਆਈਆਂ ਚਿੱਠੀਆਂ ਨੂੰ ਪੜ੍ਹਿਆ ਅਤੇ ਉਨ੍ਹਾਂ ਦੇ ਜਵਾਬ ਵੀ ਲਿਖੇ। ਉਨ੍ਹਾਂ ਦੇ ਅੰਦਾਜ਼ ਤੋਂ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਕੋਈ ਆਦੇਸ਼, ਹੁਕਮ ਦੇ ਰਹੇ ਹੋਣ।"
"ਮੈਂ ਉਨ੍ਹਾਂ ਦੇ ਆਤਮ ਵਿਸ਼ਵਾਸ ਅਤੇ ਨਿਡਰਤਾ ਤੋਂ ਬਹੁਤ ਪ੍ਰਭਾਵਿਤ ਹੋਇਆ। ਇੰਝ ਲੱਗ ਰਿਹਾ ਸੀ ਕਿ ਜਿਵੇਂ ਹਾਲਾਤ ’ਤੇ ਉਨ੍ਹਾਂ ਦਾ ਪੂਰਾ ਕੰਟਰੋਲ ਸੀ। ਮਸੂਦ ਨੇ ਕਦੇ ਵੀ ਅੰਗਰੇਜ਼ੀ ਨਹੀਂ ਸਿੱਖੀ ਸੀ, ਪਰ ਉਹ ਫ੍ਰੈਂਚ ਬਹੁਤ ਹੀ ਚੰਗੀ ਤਰ੍ਹਾਂ ਨਾਲ ਬੋਲ ਲੈਂਦੇ ਸਨ।”
ਓਸਾਮਾ ਨੇ ਕਾਤਲਾਂ ਨੂੰ ਪੱਤਰਕਾਰ ਬਣਾ ਕੇ ਭੇਜਿਆ
ਓਸਾਮਾ ਬਿਨ ਲਾਦੇਨ ਵੀ ਸ਼ੁਰੂ ’ਚ ਉਨ੍ਹਾਂ ਦੇ ਨਾਲ ਰੂਸੀਆਂ ਦੇ ਖ਼ਿਲਾਫ਼ ਲੜਾਈ ’ਚ ਸ਼ਾਮਲ ਸਨ, ਪਰ ਬਾਅਦ ’ਚ ਮਸੂਦ ਅਤੇ ਉਨ੍ਹਾਂ ਦਰਮਿਆਨ ਡੂੰਘੇ ਮਤਭੇਦ ਹੋ ਗਏ ਅਤੇ ਉਹ ਮਤਭੇਦ ਹੀ ਉਨ੍ਹਾਂ ਦੇ ਕਤਲ ਦਾ ਕਾਰਨ ਬਣੇ।
ਅਗਸਤ 2002 ’ਚ ਅਰਬ ਦੇ 2 ਪੱਤਰਕਾਰ ਅਹਿਮਦ ਸ਼ਾਹ ਮਸੂਦ ਦੀ ਇੰਟਰਵਿਊ ਲੈਣ ਲਈ ਆਏ ਸਨ। ਉਨ੍ਹਾਂ ਕੋਲ ਬੈਲਜੀਅਮ ਦੇ ਪਾਸਪੋਰਟ ਸਨ।
ਬਾਅਦ ’ਚ ਪਤਾ ਲੱਗਿਆ ਕਿ ਉਨ੍ਹਾਂ ਨੇ ਬੈਲਜੀਅਮ ਦੂਤਾਵਾਸ ਤੋਂ ਉਹ ਪਾਸਪੋਰਟ ਚੋਰੀ ਕੀਤੇ ਸਨ। ਦਰਅਸਲ, ਉਨ੍ਹਾਂ ਨੂੰ ਮਸੂਦ ਦਾ ਕਤਲ ਕਰਨ ਲਈ ਅਲ ਕਾਇਦਾ ਨੇ ਭੇਜਿਆ ਸੀ।
ਉਨ੍ਹਾਂ ’ਚੋਂ ਇੱਕ ਦਾ ਨਾਮ ਅਬਦੇਸਤਰ ਦਹਮਾਨੇ ਸੀ ਅਤੇ ਉਸ ਦੀ ਉਮਰ 39 ਸਾਲ ਸੀ। ਦੂਜੇ ਵਿਅਕਤੀ ਦਾ ਨਾਮ ਬੋਆਰੀ-ਅਲ-ਕੁਏਰ ਸੀ ਅਤੇ ਉਸ ਦੀ ਉਮਰ 31 ਸਾਲ ਦੀ ਸੀ।
ਉਸ ਦੀ ਕੱਦ-ਕਾਠੀ ਮਜ਼ਬੂਤ ਸੀ ਅਤੇ ਉਹ ਇੱਕ ਮੁੱਕੇਬਾਜ਼ ਵਾਂਗਰ ਵਿਖਾਈ ਦੇ ਰਿਹਾ ਸੀ। ਦੋਵਾਂ ਦੇ ਦਾੜੀ ਨਹੀਂ ਸੀ ਅਤੇ ਦੋਵਾਂ ਨੇ ਹੀ ਪੈਂਟ-ਕਮੀਜ਼ ਪਾਈ ਹੋਈ ਸੀ। ਮਸੂਦ ਦੇ ਹੁਕਮਾਂ ’ਤੇ ਹੀ ਉਸ ਖੇਤਰ ਦੇ ਕਮਾਂਡਰ ਬਿਸਮਿੱਲਾ ਖ਼ਾਨ ਨੇ ਉਨ੍ਹਾਂ ਨੂੰ ਲਿਆਉਣ ਲਈ ਚੈਕ ਪੁਆਇੰਟ ’ਤੇ ਕਾਰ ਭੇਜੀ ਸੀ।
ਇਕ ਮਹੀਨਾ ਪਹਿਲਾਂ ਪਸ਼ਤੂਨ ਆਗੂ ਅਬਦੁਲ ਰਸੂਲ ਸੈਯਫ਼ ਦੇ ਕੋਲ ਉਨ੍ਹਾਂ ਦੇ ਇੱਕ ਪੁਰਾਣੇ ਮਿਸਰੀ ਮਿੱਤਰ ਅਬੂ ਹਾਨੀ ਦਾ ਫੋਨ ਆਇਆ ਸੀ ਕਿ ਉਹ ਇਨ੍ਹਾਂ ਦੋਵਾਂ ਅਰਬ ਦੋਸਤਾਂ ਨੂੰ ਕਿਸੇ ਤਰ੍ਹਾਂ ਅਹਿਮਦ ਸ਼ਾਹ ਮਸੂਦ ਦੀ ਇੰਟਰਵਿਊ ਦਵਾ ਦੇਣ।
ਇਹ ਦੋਵੇਂ ਪਹਿਲਾਂ ਲੰਡਨ ਤੋਂ ਇਸਲਾਮਾਬਾਦ ਗਏ ਅਤੇ ਫਿਰ ਉੱਥੋਂ ਕਾਬੁਲ ਪਹੁੰਚੇ। ਫਿਰ ਉਹ ਪੰਜਸ਼ੀਰ ਆਏ ਅਤੇ ਕੁਝ ਦਿਨਾਂ ਤੱਕ ਸੈਯਫ਼ ਦੇ ਮਹਿਮਾਨ ਬਣ ਕੇ ਰਹੇ।

ਖ਼ਾਮੋਸ਼ ਰਵੱਈਏ ਵਾਲੇ ਰਹੱਸਮਈ ਕਾਤਲ
ਬਾਅਦ ’ਚ ਸਕਾਟਲੈਂਡ ਯਾਰਡ ਨੂੰ ਦਿੱਤੇ ਬਿਆਨ ’ਚ ਅਮਰੁੱਲਾ ਸਾਲੇਹ ਨੇ ਦੱਸਿਆ, “ਪੰਜਸ਼ੇਰੀ ਡਰਾਇਵਰ ਨੇ ਅਫ਼ਗਾਨ ਪ੍ਰਸ਼ਾਸਨ ਨੂੰ ਦੱਸਿਆ ਕਿ ਉਹ ਦੋਵੇਂ ਉਸ ਨੂੰ ਧਿਆਨ ਨਾਲ ਗੱਡੀ ਚਲਾਉਣ ਦੀ ਹਦਾਇਤ ਕਰ ਰਹੇ ਸਨ ਕਿਉਂਕਿ ਉਨ੍ਹਾਂ ਕੋਲ ਕੁਝ ਨਾਜ਼ੁਕ ਉਪਕਰਨ ਸਨ।”
ਉਸ ਇਲਾਕੇ ਦੇ ਕਮਾਂਡਰ ਬਿਸਮਿੱਲਾ ਖ਼ਾਨ ਨੇ ਵੀ ਨੋਟ ਕੀਤਾ ਸੀ ਕਿ ਭਾਵੇਂ ਕਿ ਉਨ੍ਹਾਂ ਦੋਵਾਂ ਦੇ ਮੂੰਹ ’ਤੇ ਦਾੜੀ ਨਹੀਂ ਸੀ ਪਰ ਉਨ੍ਹਾਂ ਦੀ ਠੋਡੀ ਦੇ ਨੇੜੇ ਦੀ ਚਮੜੀ ਪੀਲੀ ਸੀ, ਜਿਸ ਤੋਂ ਇਹ ਪਤਾ ਲੱਗਦਾ ਸੀ ਕਿ ਕੁਝ ਸਮਾਂ ਪਹਿਲਾਂ ਤੱਕ ਉਨ੍ਹਾਂ ਦੀ ਵੱਡੀ ਦਾੜੀ ਰਹੀ ਹੋਵੇਗੀ, ਜਿਸ ਨੂੰ ਕਿ ਹਾਲ ’ਚ ਹੀ ਕੱਟਵਾਇਆ ਗਿਆ ਸੀ।
ਧਿਆਨ ਜਾਣ ਦੇ ਬਾਵਜੂਦ ਉਨ੍ਹਾਂ ਨੇ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਕੁਝ ਦਿਨ ਸੈਯਫ਼ ਕੋਲ ਰਹਿਣ ਤੋਂ ਬਾਅਦ ਇਨ੍ਹਾਂ ਪੱਤਰਕਾਰਾਂ ਨੂੰ ਘਾਟੀ ’ਚ ਲਿਆ ਕੇ ਅਸਤਾਨਾ ’ਚ ਮਸੂਦ ਦੇ ਗੈਸਟ ਹਾਊਸ ’ਚ ਠਹਿਰਾਇਆ ਗਿਆ ਸੀ।
ਇੱਥੇ ਹੀ ਇੱਕ ਬ੍ਰਿਟਿਸ਼ ਸੈਲਾਨੀ ਅਤੇ ਲੇਖਕ ਮੈਥਿਊ ਲੀਮਿੰਗ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ।
ਬਾਅਦ ’ਚ ਮੈਥਿਊ ਨੇ ‘ਦਿ ਸਪੈਕਟੇਟਰ’ ’ਚ ‘ਬ੍ਰੇਕਫਾਸਟ ਵਿਦ ਦਿ ਕਿਲਰਸ’ ਸਿਰਲੇਖ ਹੇਠ ਇੱਕ ਲੇਖ ’ਚ ਲਿਖਿਆ , “ਇਹ ਦੋਵੇਂ ਹੀ ਮੈਨੂੰ ਖ਼ਾਮੋਸ਼ ਸੁਭਾਅ ਦੇ ਰਹੱਸਮਈ ਲੋਕ ਮਹਿਸੂਸ ਹੋਏ ਸਨ। ਮਸੂਦ ਦੇ ਕਤਲ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਇਨ੍ਹਾਂ ਕਾਤਲਾਂ ਨਾਲ ਪੰਜ ਦਿਨ ਬਿਤਾਏ ਸਨ।"
"ਡਿਨਰ ਟੇਬਲ ’ਤੇ ਜਦੋਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੋਰੱਕੋ ਤੋਂ, ਪਰ ਉਹ ਰਹਿੰਦੇ ਬੈਲਜੀਅਮ ’ਚ ਹਨ। ਪਰ ਜਦੋਂ ਮੈਂ ਸੈਰ-ਸਪਾਟਾ ਸਥਾਨ ਵੱਜੋਂ ਮੋਰੱਕੋ ’ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੱਲਬਾਤ ’ਚ ਕੋਈ ਦਿਲਚਸਪੀ ਨਹੀਂ ਵਿਖਾਈ। ਇਸ ਦੌਰਾਨ ਉਹ ਦੋਵੇਂ ਹੀ ਬਹੁਤ ਸਾਰੇ ਚੌਲ ਅਤੇ ਮੀਟ ਖਾਂਦੇ ਰਹੇ।
ਮੈਥਿਊ ਲਿਖਦੇ ਹਨ, “ਇੱਕ-ਦੋ ਦਿਨਾਂ ਬਾਅਦ, ਜਦੋਂ ਉਹ ਮੇਰੇ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲੱਗੇ ਤਾਂ ਉਨ੍ਹਾਂ ਨੇ ਪੁੱਛਿਆ, ਕੀ ਤੁਹਾਡੇ ਕੋਲ ਜਨਰਲ ਮਸੂਦ ਦਾ ਨੰਬਰ ਹੈ? ਮੈਂ ਜਵਾਬ ’ਚ ਕਿਹਾ-ਨਹੀਂ।"
"ਮੈਨੂੰ ਨਹੀਂ ਲੱਗਦਾ ਕਿ ਉਹ ਆਪਣਾ ਨੰਬਰ ਕਿਸੇ ਨੂੰ ਦਿੰਦੇ ਹਨ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਉਨ੍ਹਾਂ ਨੂੰ ਕਿਉਂ ਮਿਲਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘ਆਪਣੀ ਟੀਵੀ ਫਿਲਮ ਲਈ’।”

ਆਖ਼ਰਕਾਰ ਬੁਲਾਵਾ ਆ ਗਿਆ
ਉਸ ਸਮੇਂ ’ਚ ਮਸੂਦ ਦੇ ਸਭ ਤੋਂ ਪੁਰਾਣੇ ਦੋਸਤ ਮਸੂਦ ਖ਼ਲੀਲੀ ਭਾਰਤ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਹੁੰਦੇ ਸਨ।
5 ਸਤੰਬਰ, 2001 ਨੂੰ ਉਨ੍ਹਾਂ ਨੇ ਕਜ਼ਾਕ ਵਿਦੇਸ਼ ਮੰਤਰੀ ਨੂੰ ਮਿਲਣ ਲਈ ਦਿੱਲੀ ਤੋਂ ਅਲਮਾਟੀ ਲਈ ਉਡਾਣ ਭਰੀ। ਮਸੂਦ ਨੇ ਉਨ੍ਹਾਂ ਨੂੰ ਫੋਨ ਕਰਕੇ ਮਿਲਣ ਲਈ ਸੱਦਾ ਦਿੱਤਾ।
7 ਸਤੰਬਰ ਨੂੰ ਖ਼ਲੀਲੀ ਨੇ ਅਲਮਾਟੀ ਤੋਂ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਭੇ ਲਈ ਉਡਾਣ ਭਰੀ। ਆਪਣੇ ਹੋਟਲ ’ਚ ਖ਼ਲੀਲੀ ਸੌਣ ਹੀ ਜਾ ਰਹੇ ਸਨ ਕਿ ਅਮਰੁੱਲਾ ਸ਼ਾਹ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਮਸੂਦ ਆ ਗਏ ਹਨ ਅਤੇ ਉਹ ਉਨ੍ਹਾਂ ਨੂੰ ਤੁਰੰਤ ਮਿਲਣਾ ਚਾਹੁੰਦੇ ਹਨ।
ਖ਼ਲੀਲੀ ਨੇ ਆਪਣੇ ਸੌਣ ਵਾਲੇ ਕੱਪੜੇ ਬਦਲੇ ਅਤੇ ਮਸੂਦ ਦੇ ਭਤੀਜੇ ਅਤੇ ਸੈਨਿਕ ਅਟੈਸ਼ੇ ਵਦੂਦ ਦੇ ਨਾਲ ਮਸੂਦ ਦੀ ਕਾਲੀ ਬੁਲੇਟਪਰੂਫ ਮਰਸਡੀਜ਼ ਕਾਰ ’ਚ ਬੈਠ ਕੇ ਉਨ੍ਹਾਂ ਦੇ ਘਰ ਪਹੁੰਚੇ।
ਖਲੀਲੀ ਨੇ ਸਕਾਟਲੈਂਡ ਯਾਰਡ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ, “ਮੈਂ ਅਤੇ ਮਸੂਦ ਕਸ਼ਮੀਰ ਅਤੇ ਭਾਰਤ ’ਚ ਅੱਤਵਾਦ ਬਾਰੇ ਗੱਲਬਾਤ ਕਰ ਰਹੇ ਸੀ। ਰਾਤ ਦੇ ਸਾਢੇ 12 ਵਜੇ ਮੈਂ ਉੱਥੋਂ ਨਿਕਲਿਆ। ਉਹ ਮੈਨੂੰ ਬਾਹਰ ਤੱਕ ਛੱਡਣ ਵੀ ਆਏ, ਜੋ ਕਿ ਆਮ ਨਹੀਂ ਸੀ।"
"ਮੈਨੂੰ ਉਨ੍ਹਾਂ ਦੇ ਲੋਕਾਂ ਨੇ ਦੱਸਿਆ ਕਿ ਅਗਲੇ ਦਿਨ 10-11 ਵਜੇ ਅਫ਼ਗਾਨਿਸਤਾਨ ਲਈ ਉਡਾਣ ਭਰਾਂਗੇ। ਖੋਜਾ ਬਹਾਉਦੀਨ ਦੀ ਉਡਾਣ ਨੇ 40 ਮਿੰਟ ਲਏ। ਇਸ ਦੌਰਾਨ ਮੈਂ ਕਮਾਂਡਰ ਦੀਆਂ ਕਈ ਤਸਵੀਰਾਂ ਖਿੱਚੀਆਂ।”
ਸ਼ਾਮ ਨੂੰ ਵਿਦੇਸ਼ ਮੰਤਰਾਲੇ ਦੇ ਪ੍ਰੋਟੋਕੋਲ ਅਫ਼ਸਰ ਅਸੀਮ ਨੇ ਆ ਕੇ ਮਸੂਦ ਤੋਂ ਪੁੱਛਿਆ, “ਕੀ ਤੁਸੀਂ ਅਰਬ ਪੱਤਰਕਾਰਾਂ ਨਾਲ ਮਿਲਣਾ ਪਸੰਦ ਕਰੋਗੇ? ਉਨ੍ਹਾਂ ਨੂੰ ਉੱਤਰੀ ਗਠਜੋੜ ਵਾਲੇ ਇਲਾਕੇ ’ਚ ਆਏ ਹੋਏ ਲਗਭਗ 1 ਮਹੀਨਾ ਹੋ ਗਿਆ ਹੈ ਅਤੇ ਉਹ ਪਿਛਲੇ 9 ਦਿਨਾਂ ਤੋਂ ਖੋਜਾ ਬਹਾਉਦੀਨ ’ਚ ਤੁਹਾਨੂੰ ਮਿਲਣ ਲਈ ਉਡੀਕ ਕਰ ਰਹੇ ਹਨ।”

ਮਸੂਦ ਨੂੰ ਪੁੱਛੇ ਜਾਣ ਵਾਲੇ ਸਵਾਲ ਪਹਿਲਾਂ ਹੀ ਦੇ ਦਿੱਤੇ
ਅਹਿਮਦ ਸ਼ਾਹ ਮਸੂਦ ਨੇ ਅਗਲੇ ਦਿਨ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ। ਉਸ ਰਾਤ ਉਹ ਅਤੇ ਖ਼ਲੀਲੀ ਇੱਕਠੇ ਰਹੇ। ਰਾਤ ਦੇ ਡੇਢ ਵਜੇ ਤੱਕ ਉਹ ਇੱਕ-ਦੂਜੇ ਨੂੰ ਨਜ਼ਮਾਂ ਸੁਣਾਉਂਦੇ ਰਹੇ। ਅਗਲੇ ਦਿਨ ਤਕਰੀਬਨ 11 ਵਜੇ ਅਹਿਮਦ ਸ਼ਾਹ ਆਪਣੇ ਦਫ਼ਤਰ ਪਹੁੰਚ ਗਏ।
ਖ਼ਲੀਲੀ ਨੇ ਸਕਾਟਲੈਂਡ ਯਾਰਡ ਨੂੰ ਦੱਸਿਆ, “ਅਹਿਮਦ ਸ਼ਾਹ ਨੇ ਖ਼ਾਕੀ ਰੰਗ ਦੀ ਕਮੀਜ਼ ਅਤੇ ਸੈਨਿਕ ਸਟਾਇਲ ਦੀ ਜੈਕੇਟ ਪਾਈ ਹੋਈ ਸੀ। ਮੈਨੂੰ ਕੁਝ ਦਿਨ ਪਹਿਲਾਂ ਹੀ ਆਪਣਾ ਨਵਾਂ ਪਾਸਪੋਰਟ ਮਿਲਿਆ ਸੀ।"
"ਜਦੋਂ ਮੈਂ ਉਹ ਉਨ੍ਹਾਂ ਨੂੰ ਵਿਖਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਆਪਣੀ ਜੇਬ ’ਚ ਰੱਖ ਲਓ ਨਹੀਂ ਤਾਂ ਇਹ ਗੁਆਚ ਜਾਵੇਗਾ। ਫਿਰ ਮਸੂਦ ਨੇ ਕਿਹਾ ਕਿ ਦੋ ਅਰਬ ਪੱਤਰਕਾਰ ਪਿਛਲੇ ਦੋ ਹਫ਼ਤਿਆਂ ਤੋਂ ਮੇਰਾ ਇੰਤਜ਼ਾਰ ਕਰ ਰਹੇ ਹਨ। ਮੈਂ ਨਹਾਉਣ ਜਾ ਰਿਹਾ ਸੀ ਪਰ ਮਸੂਦ ਨੇ ਮੈਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇਸ ਇੰਟਰਵਿਊ ਨੂੰ ਸਿਰਫ਼ 5-10 ਮਿੰਟ ਹੀ ਲੱਗਣਗੇ।”
“ਇੰਟਰਵਿਊ ਦੌਰਾਨ ਮੈਂ ਮਸੂਦ ਦੇ ਸੱਜੇ ਪਾਸੇ ਬੈਠਾ ਸੀ। ਮੈਂ ਉਨ੍ਹਾਂ ਦੇ ਇੰਨਾ ਨਜ਼ਦੀਕ ਸੀ ਕਿ ਮੇਰਾ ਮੋਢਾ ਉਨ੍ਹਾਂ ਦੇ ਮੋਢੇ ਨਾਲ ਛੁਹ ਰਿਹਾ ਸੀ। ਮੈਂ ਇੰਟਰਵਿਊ ਲੈਣ ਵਾਲੇ ਤੋਂ ਪੁੱਛਿਆ, ਤੁਸੀਂ ਕਿਹੜੇ ਅਖ਼ਬਾਰ ਤੋਂ ਹੋ ? ਉਸ ਨੇ ਜਵਾਬ ਦਿੱਤਾ, ਮੈਂ ਕਿਸੇ ਅਖ਼ਬਾਰ ਤੋਂ ਨਹੀਂ ਹਾਂ। ਮੈਂ ਯੂਰਪ ਦੇ ਇਸਲਾਮਿਕ ਸੈਂਟਰ ਤੋਂ ਹਾਂ।"
"ਮੈਂ ਮਸੂਦ ਨੂੰ ਕਿਹਾ ਕਿ ਇਹ ਪੱਤਰਕਾਰ ਨਹੀਂ ਹਨ। ਮਸੂਦ ਨੇ ਮੈਨੂੰ ਆਪਣੀ ਕੋਹਣੀ ਨਾਲ ਥੋੜ੍ਹਾ ਜਿਹਾ ਧੱਕਾ ਮਾਰਦੇ ਹੋਏ ਕਿਹਾ, ਇੰਨਾਂ ਨੂੰ ਆਪਣਾ ਕੰਮ ਕਰਨ ਦਿਓ। ਫਿਰ ਮਸੂਦ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕਿੰਨੇ ਸਵਾਲ ਪੁੱਛੋਗੇ? ਇੰਟਰਵਿਊ ਲੈਣ ਵਾਲਾ ਇੱਕ ਵਿਅਕਤੀ ਇੱਕ ਪੰਨਾ ਕੱਢ ਕੇ ਆਪਣੇ ਸਵਾਲ ਪੜ੍ਹਨ ਲੱਗਿਆ। ਉਸ ਦੇ ਕੁੱਲ 15 ਸਵਾਲ ਸਨ। ਉਸ ’ਚੋਂ 8-9 ਸਵਾਲ ਤਾਂ ਓਸਾਮਾ ਬਿਨ ਲਾਦੇਨ ਨਾਲ ਜੁੜੇ ਹੋਏ ਸਨ।”

ਕਾਤਲ ਦੀ ਬੈਲਟ ’ਚ ਛੁਪਾਇਆ ਗਿਆ ਸੀ ਬੰਬ
ਉਸ ਦਾ ਪਹਿਲਾ ਸਵਾਲ ਸੀ ਕਿ ਅਫ਼ਗਾਨਿਸਤਾਨ ’ਚ ਹੁਣ ਸਥਿਤੀ ਕਿਹੋ ਜਿਹੀ ਹੈ? ਜਿਵੇਂ ਹੀ ਖ਼ਲੀਲੀ ਨੇ ਉਸ ਦਾ ਅਨੁਵਾਦ ਕੀਤਾ ਤਾਂ ਇੱਕ ਭਿਆਨਕ ਧਮਾਕਾ ਹੋਇਆ।
ਖ਼ਲੀਲੀ ਨੇ ਦੱਸਿਆ, “ਮੈਂ ਧਮਾਕਾ ਤਾਂ ਨਹੀਂ ਸੁਣਿਆ ਪਰ ਅੱਗ ਦਾ ਇੱਕ ਨੀਲਾ ਗੋਲਾ ਆਪਣੇ ਵੱਲ ਆਉਂਦਾ ਵੇਖਿਆ। ਮੈਨੂੰ ਯਾਦ ਹੈ, ਉਦੋਂ ਤੱਕ ਮੈਂ ਹੋਸ਼ ’ਚ ਸੀ। ਮੈਂ ਆਪਣੀ ਛਾਤੀ ’ਤੇ ਇੱਕ ਹੱਥ ਨੂੰ ਮਹਿਸੂਸ ਕੀਤਾ। ਇਹ ਅਹਿਮਦ ਸ਼ਾਹ ਮਸੂਦ ਦਾ ਹੱਥ ਸੀ। ਇਸ ਤੋਂ ਬਾਅਦ ਮੈਂ ਬੇਸੁਰਤ ਹੋ ਗਿਆ।”
ਧਮਾਕੇ ਨੇ ਪੂਰੇ ਘਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਅਹਿਮਦ ਸ਼ਾਹ ਮਸੂਦ ਦੇ ਸਾਥੀ ਆਰੇਫ਼ ਅਤੇ ਜਮਸ਼ੀਦ ਨੇ ਸਮਝਿਆ ਕਿ ਤਾਲਿਬਾਨ ਨੇ ਉੱਥੇ ਹਵਾਈ ਹਮਲਾ ਬੋਲ ਦਿੱਤਾ ਹੈ।
ਅਰਬ ਕਾਤਲਾਂ ਨੇ ਕੈਮਰਾ ਬਿਲਕੁਲ ਮਸੂਦ ਦੇ ਸਾਹਮਣੇ ਰੱਖਿਆ ਸੀ ਪਰ ਅਸਲ ਬੰਬ ਇੰਟਰਵਿਊ ਲੈਣ ਵਾਲੇ ਕਾਤਲ ਦੀ ਬੈਲਟ ’ਚ ਛੁਪਾਇਆ ਗਿਆ ਸੀ।
ਮਸੂਦ ਦੇ ਸਾਰੇ ਰੱਖਿਅਕ ਭੱਜ ਕੇ ਉੱਥੇ ਪਹੁੰਚੇ। ਲਗਭਗ ਬੇਹੋਸ਼ ਪਏ ਮਸੂਦ ਨੇ ਉਨ੍ਹਾਂ ਨੂੰ ਕਿਹਾ ਕਿ ਪਹਿਲਾਂ ਖ਼ਲੀਲੀ ਨੂੰ ਚੁੱਕੋ। ਮਸੂਦ ਨੂੰ ਤੁਰੰਤ ਇੱਕ ਕਾਰ ਤੱਕ ਪਹੁੰਚਾਇਆ ਗਿਆ, ਜੋ ਉਨ੍ਹਾਂ ਨੂੰ ਲੈ ਕੇ ਤੇਜ਼ੀ ਨਾਲ ਹੈਲੀਪੈਡ ਵੱਲ ਵਧੀ।
ਮਸੂਦ ਦੇ ਗਾਰਡ ਆਰੇਫ਼ ਨੇ ਬਾਅਦ ’ਚ ਆਪਣੀ ਗਵਾਹੀ ’ਚ ਦੱਸਿਆ, “ਅਹਿਮਦ ਸ਼ਾਹ ਮਸੂਦ ਦੇ ਸਾਰੇ ਸਰੀਰ ’ਚੋਂ ਖ਼ੂਨ ਨਿਕਲ ਰਿਹਾ ਸੀ ਅਤੇ ਮੈਂ ਇਹ ਵੀ ਵੇਖਿਆ ਕਿ ਉਨ੍ਹਾਂ ਦੀ ਸੱਜੇ ਹੱਥ ਦੀ ਇੱਕ ਉਂਗਲੀ ਦਾ ਛੋਟਾ ਜਿਹਾ ਹਿੱਸਾ ਵੀ ਕੱਟ ਕੇ ਵੱਖਰਾ ਹੋ ਗਿਆ ਸੀ। ਮਸੂਦ ਅਤੇ ਖ਼ਲੀਲੀ ਸਮੇਤ ਜ਼ਖਮੀ ਹੋਏ ਹੋਰਨਾਂ ਲੋਕਾਂ ਨੂੰ ਹੈਲੀਕਾਪਟਰ ਜ਼ਰੀਏ ਤਜ਼ਾਕਿਸਤਾਨ ਦੇ ਨਜ਼ਦੀਕੀ ਸ਼ਹਿਰ ਫ਼ਰਖਰ ਪਹੁੰਚਿਆ ਗਿਆ।”

ਭਾਰਤੀ ਡਾਕਟਰ ਨੇ ਮਸੂਦ ਨੂੰ ਮ੍ਰਿਤਕ ਐਲਾਨਿਆ
ਬਾਅਦ ’ਚ ਖ਼ਲੀਲੀ ਨੇ ਯਾਦ ਕਰਦਿਆਂ ਦੱਸਿਆ, “ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਹੈਲੀਕਾਪਟਰ ’ਚ ਹਾਂ। ਮੈਂ ਤਕਰੀਬਨ 10-15 ਸਕਿੰਟਾਂ ਲਈ ਆਪਣੀਆਂ ਅੱਖਾਂ ਖੋਲ੍ਹੀਆਂ। ਮੈਂ ਮਸੂਦ ਦੇ ਚਿਹਰੇ ਅਤੇ ਵਾਲਾਂ ’ਚ ਖ਼ੂਨ ਲੱਗਿਆ ਵੇਖਿਆ।"
"ਇਸ ਤੋਂ ਬਾਅਦ ਮੈਂ ਮੁੜ ਬੇਹੋਸ਼ ਹੋ ਗਿਆ। ਮੈਨੂੰ 8 ਦਿਨਾਂ ਬਾਅਦ ਹੋਸ਼ ਆਈ। ਉਦੋਂ ਤੱਕ ਮੈਨੂੰ ਜਰਮਨੀ ਦੇ ਇੱਕ ਹਸਪਤਾਲ ’ਚ ਪਹੁੰਚਾ ਦਿੱਤਾ ਗਿਆ ਸੀ। ਮੇਰੀ ਪਤਨੀ ਨੇ ਮੈਨੂੰ ਦੱਸਿਆ ਕਿ ਅਹਿਮਦ ਸ਼ਾਹ ਮਸੂਦ ਹੁਣ ਇਸ ਦੁਨੀਆ ’ਚ ਨਹੀਂ ਰਹੇ ਹਨ।”
ਜਦੋਂ ਖ਼ਲੀਲੀ ਦੀ ਪਤਨੀ ਨੇ ਉਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਖ਼ਲੀਲੀ ਦਾ ਪਾਸਪੋਰਟ ਮਿਲਿਆ, ਜਿਸ ਨੂੰ ਅਹਿਮਦ ਸ਼ਾਹ ਮਸੂਦ ਨੇ ਜ਼ਬਰਦਸਤੀ ਉਨ੍ਹਾਂ ਦੀ ਕਮੀਜ਼ ਦੀ ਉਪਰਲੀ ਜੇਬ ’ਚ ਰੱਖਵਾਇਆ ਸੀ।
ਖ਼ਲੀਲੀ ਯਾਦ ਕਰਦੇ ਦੱਸਦੇ ਹਨ, “ਮੇਰੀ ਪਤਨੀ ਨੇ ਮੇਰਾ ਪਾਸਪੋਰਟ ਖੋਲ੍ਹਿਆ। ਉਸ ਦੇ 15ਵੇਂ ਪੰਨੇ ਤੱਕ ਕਈ ਕਿੱਲਾਂ ਧਸੀਆਂ ਹੋਈਆਂ ਸਨ। ਸ਼ਾਇਦ ਇਸੇ ਕਰਕੇ ਮੇਰੀ ਜਾਨ ਬਚ ਗਈ।"
"ਮੈਂ ਸੋਚਿਆ ਕਾਸ਼ ਕਮਾਂਡਰ ਨੇ ਉਹ ਪਾਸਪੋਰਟ ਮੇਰੀ ਬਜਾਏ ਆਪਣੀ ਜੇਬ ’ਚ ਰੱਖਿਆ ਹੁੰਦਾ। ਅਫ਼ਗਾਨਿਸਤਾਨ ਨੂੰ ਮੇਰੇ ਨਾਲੋਂ ਵਧੇਰੇ ਉਨ੍ਹਾਂ ਦੀ ਜ਼ਰੂਰਤ ਸੀ।”
ਮਸੂਦ ਦੇ ਫ਼ਰਖਰ ਪਹੁੰਚਦੇ ਹੀ ਉੱਥੇ ਮੌਜੂਦ ਇੱਕ ਭਾਰਤੀ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ। ਉਨ੍ਹਾਂ ਦੇ ਗਾਰਡਾਂ ਨੇ ਦੱਸਿਆ ਕਿ ਧਮਾਕੇ ਤੋਂ ਕੁਝ ਮਿੰਟਾਂ ਬਾਅਦ ਹੀ ਅਹਿਮਦ ਸ਼ਾਹ ਮਸੂਦ ਨੇ ਦਮ ਤੋੜ ਦਿੱਤਾ ਸੀ।

ਮਸੂਦ ਦੇ ਕਤਲ ਦੀ ਖ਼ਬਰ ਲੁਕਾਈ ਗਈ
ਇਸ ਹਾਦਸੇ ਨੂੰ ਬਾਹਰੀ ਦੁਨੀਆ ਤੋਂ ਕੁਝ ਦਿਨਾਂ ਤੱਕ ਲੁਕੋ ਕੇ ਰੱਖਿਆ ਗਿਆ ਸੀ।
ਇਸ ਦਾ ਕਾਰਨ ਇਹ ਸੀ ਕਿ ਇਸ ਸਥਿਤੀ ਦਾ ਫਾਇਦਾ ਚੁੱਕ ਕੇ ਕਿਤੇ ਤਾਲਿਬਾਨ ਉੱਤਰੀ ਮੋਰਚੇ ਦੇ ਵਿਰੁਧ ਨਵੀਂ ਸੈਨਿਕ ਮੁਹਿੰਮ ਹੀ ਨਾ ਸ਼ੁਰੂ ਕਰ ਦੇਵੇ।
ਮਸੂਦ ਦਾ ਕਤਲ 9/11 ਹਾਦਸੇ ਤੋਂ 48 ਘੰਟੇ ਪਹਿਲਾਂ ਹੋਇਆ ਸੀ, ਪਰ 9/11 ਦੇ ਕਾਰਨ ਇਸ ਘਟਨਾ ਦੀ ਵਧੇਰੇ ਚਰਚਾ ਨਹੀਂ ਹੋਈ।
ਦੋਵਾਂ ਹਾਦਸਿਆਂ ਦਾ ਸਮਾਂ ਮਹਿਜ਼ ਇਤਫ਼ਾਕ ਹੀ ਸੀ, ਕਿਉਂਕਿ ਅਲ ਕਾਇਦਾ ਦੇ ਕਾਤਲ ਕਈ ਹਫ਼ਤਿਆਂ ਤੋਂ ਅਹਿਮਦ ਸ਼ਾਹ ਮਸੂਦ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਮਸੂਦ ਖ਼ਲੀਲੀ ਦਾ ਮੰਨਣਾ ਹੈ ਕਿ ਇਸ ਕਤਲ ਪਿੱਛੇ ਅਲ ਕਾਇਦਾ ਦਾ ਹੱਥ ਸੀ।
ਉਨ੍ਹਾਂ ਨੇ ਸਕਾਟਲੈਂਡ ਯਾਰਡ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਸੀ, “ਓਸਾਮਾ ਬਿਨ ਲਾਦੇਨ ਪੂਰੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ’ਚ ਇੱਕ ਤਰ੍ਹਾਂ ਦਾ ਧਾਰਮਿਕ ਪਾੜਾ ਪੈਦਾ ਕਰਨਾ ਚਾਹੁੰਦੇ ਸਨ। ਇਹ ਕੰਮ ਅਹਿਮਦ ਸ਼ਾਹ ਮਸੂਦ ਨੂੰ ਰਸਤੇ ’ਚੋਂ ਪਰਾਂ ਕੀਤੇ ਬਿਨ੍ਹਾਂ ਸੰਭਵ ਨਹੀਂ ਸੀ।”
“ਓਸਾਮਾ ਨੂੰ ਪਤਾ ਸੀ ਕਿ ਉਹ ਨਿਊਯਾਰਕ ’ਚ ਜੋ ਕੁਝ ਕਰਨ ਜਾ ਰਿਹਾ ਸੀ, ਉਸ ਤੋਂ ਬਾਅਦ ਉਸ ਨੂੰ ਸੁਰੱਖਿਆ ਦੀ ਜ਼ਰੂਰਤ ਪਵੇਗੀ। ਕਮਾਂਡਰ ਮਸੂਦ ਦਾ ਕਤਲ ਇੱਕ ਤਰ੍ਹਾਂ ਨਾਲ ਤਾਲਿਬਾਨ ਆਗੂ ਮੁੱਲਾ ਉਮਰ ਲਈ ਤੋਹਫ਼ਾ ਸੀ ਅਤੇ ਭਵਿੱਖ ’ਚ ਜ਼ਰੂਰਤ ਪੈਣ ’ਤੇ ਉਹ ਓਸਾਮਾ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰੇਗਾ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)