ਨਾਭਾ ਦੇ ਰਾਜਾ ਰਿਪੁਦਮਨ ਸਿੰਘ ਦੀ ਕਹਾਣੀ: ਰਾਜ ਗੁਆ ਲਿਆ ਪਰ ਅਕਾਲੀਆਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ

Wednesday, Sep 13, 2023 - 02:17 PM (IST)

ਨਾਭਾ ਦੇ ਰਾਜਾ ਰਿਪੁਦਮਨ ਸਿੰਘ ਦੀ ਕਹਾਣੀ: ਰਾਜ ਗੁਆ ਲਿਆ ਪਰ ਅਕਾਲੀਆਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ
ਰਿਪੁਦਮਨ ਸਿੰਘ
Riyasat-E-NABHA/Gurjot

ਨਾਭਾ ਰਿਆਸਤ ਪੰਜਾਬ ਵਿੱਚ ਆਪਣੀ ਰੁਮਕਦੀ ਤੋਰ ਤੇ ਸ਼ਾਹੀ ਅੰਦਾਜ਼ ਲਈ ਜਾਣੀ ਜਾਂਦੀ ਹੈ। ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੇ ਜ਼ਿਕਰ ਤੋਂ ਬਿਨ੍ਹਾਂ ਸਿੱਖ ਰਾਜ ਦੀ ਗੱਲ ਮੁਕੰਮਲ ਨਹੀਂ ਹੋ ਸਕਦੀ।

9 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ 100 ਸਾਲਾ ‘ਨਾਭਾ ਦਿਵਸ’ ਮਨਾਇਆ। ਇਸ ਦੌਰਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਅਤੇ ਜੈਤੋਂ ਦੇ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਐੱਸਜੀਪੀਸੀ ਮੁਤਾਬਕ ਇਸ ਦਾ ਮੁੱਖ ਉਦੇਸ਼ ਆਪਣੇ ਮਾਣਮੱਤੇ ਇਤਹਾਸ ਪ੍ਰਤੀ ਸ਼ਰਧਾ ਦਿਖਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਇਤਿਹਾਸ ਦੇ ਅਹਿਮ ਪਾਤਰਾਂ ਤੋਂ ਜਾਣੂ ਕਰਵਾਉਣਾ ਵੀ ਸੀ।

ਮਹਾਰਾਜਾ ਪਰਿਵਾਰ ਦੀ ਮੌਜੂਦਾ ਪੀੜ੍ਹੀ ਦਾ ਕਹਿਣਾ ਹੈ, “ਅਸੀਂ ਤਾਂ ਆਪਣੇ ਪੁਰਖਿਆਂ ਦੇ ਮੁਕਾਬਲੇ ਸਮਾਜ ਲਈ ਕੁਝ ਵੀ ਨਹੀਂ ਕੀਤਾ ਪਰ ਉਨ੍ਹਾਂ ਦੀ ਸੋਚ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ।”

ਜ਼ਿਕਰਯੋਗ ਹੈ ਕਿ ਨਾਭਾ ਰਿਆਸਤ ਫੂਲਕੀਆ ਮਿਸਲ ਦੀਆਂ ਤਿੰਨ ਰਿਆਸਤਾਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਪਟਿਆਲਾ ਤੇ ਜੀਂਦ ਰਿਆਸਤਾਂ ਵੀ ਫੂਲਕੀਆਂ ਮਿਸਲ ਦਾ ਹਿੱਸਾ ਸਨ।

ਨਾਭਾ ਫੂਲਕੀਆਂ ਰਿਆਸਤਾਂ ਦੀ ਰਾਜਧਾਨੀ ਸੀ ਤੇ ਇਹ ਰਿਆਸਤ ਅੰਗਰੇਜ਼ਾਂ ਖ਼ਿਲਾਫ਼ ਖੜੇ ਹੋਣ ਕਾਰਨ ਵੀ ਬਾਕੀਆਂ ਤੋਂ ਵੱਖਰੀ ਸੀ।

ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ 1923 ਦੌਰਾਨ ਬਰਤਾਨਵੀ ਸਰਕਾਰ ਵੱਲੋਂ ਜ਼ਬਰਦਸਤੀ ਰਾਜ ਗੱਦੀ ਤੋਂ ਲਾਹ ਦਿੱਤਾ ਗਿਆ ਸੀ।

ਸਿੱਖ ਸਿਧਾਂਤ ਵਿੱਚ ਆਪਣੇ ਵਿਸ਼ਵਾਸ ਤੇ ਆਜ਼ਾਦ ਸੋਚ ਨਾਲ ਕੰਮ ਕਰਨ ਵਾਲੇ ਰਾਜਾ ਰਿਪੁਦਮਨ ਤੇ ਉਨ੍ਹਾਂ ਦੀ ਰਿਆਸਤ ਨਾਲ ਜੁੜੇ ਕੁਝ ਅਹਿਮ ਤੱਥਾਂ ਤੋਂ ਰੁਬਰੂ ਹੁੰਦੇ ਹਾਂ।

ਨਾਭਾ ਪੈਲੇਸ
Riyasat-E-NABHA/Gurjot

ਨਾਭਾ ਰਿਆਸਤ ਹੋਂਦ ਵਿੱਚ ਕਿਵੇਂ ਆਈ

ਨਾਭਾ ਰਿਆਸਤ ਦੀ ਸਥਾਪਨਾ ਰਾਜਾ ਹਮੀਰ ਸਿੰਘ ਨੇ 1755 ਈਸਵੀ ਵਿੱਚ ਕੀਤੀ ਗਈ ਸੀ।

ਅਸਲ ਵਿੱਚ ਹਮੀਰ ਸਿੰਘ ਦੇ ਦਾਦਾ ਚੌਧਰੀ ਗੁਰਦਿੱਤ ਸਿੰਘ ਨੇ ਬਡਰੁੱਖਾਂ ਕਸਬੇ ਤੋਂ ਆ ਕੇ ਜਿੱਥੇ ਰਹਾਇਸ਼ ਰੱਖੀ, ਉਸ ਜਗ੍ਹਾ ਦਾ ਨਾਂ ‘ਨਾਭਾ ਨਗਰ’ ਪੈ ਗਿਆ ਤੇ ਹੌਲੀ-ਹੌਲੀ ਇਹ ਨਗਰ ਪੂਰੀ ਤਰ੍ਹਾਂ ਵਸ ਗਿਆ।

ਪੰਥ ਰਤਨ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿਖਇਜ਼ਮ, ਪਟਿਆਲਾ ਦੇ ਨਿਰਦੇਸ਼ਕ ਡਾਕਟਰ ਚਮਕੌਰ ਸਿੰਘ ਵੱਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ, ਨਾਭਾ ਨਾਂ ਪਿੱਛੇ ਇੱਕ ਦਿਲਚਸਪ ਕਾਰਨ ਹੈ।

ਜਿਸ ਜਗ੍ਹਾ ਇਹ ਸ਼ਹਿਰ ਵਸਿਆ ਉਹ ਦਿੱਲੀ ਤੇ ਲਾਹੌਰ ਦੇ ਇੱਕਦਮ ਵਿਚਕਾਰ (ਨਾਭੀ ਵਿੱਚ) ਸੀ, ਇਸੇ ਲਈ ਇਸ ਨੂੰ ਨਾਭਾ ਕਿਹਾ ਜਾਣ ਲੱਗਿਆ।

ਹਮੀਰ ਸਿੰਘ ਨੇ ਨਾਭਾ ਦਾ ਵਿਸਥਾਰ ਵੀ ਕੀਤਾ ਸੀ।

1763-64 ਈਸਵੀ ਵਿੱਚ ਉਨ੍ਹਾਂ ਨੇ ਦਲ ਖ਼ਾਲਸਾ ਨਾਲ ਮਿਲ ਕੇ ਸਰਹਿੰਦ ਦੇ ਸੂਬੇ ਜੈਨ ਖਾਂ ਨੂੰ ਹਰਾ ਕੇ ਅਮਲੋਹ ਦਾ ਇਲਾਕਾ ਵੀ ਨਾਭਾ ਵਿੱਚ ਮਿਲਾ ਲਿਆ ਸੀ।

1783 ਈਸਵੀ ਵਿੱਚ ਹਮੀਰ ਸਿੰਘ ਦੀ ਮੌਤ ਤੋਂ ਬਾਅਦ, ਰਿਆਸਤੀ ਗੱਦੀ ਦੀ ਜ਼ਿੰਮੇਵਾਰੀ ਉਨ੍ਹਾਂ ਦੇ 8 ਸਾਲਾ ਪੁੱਤ ਜਸਵੰਤ ਸਿੰਘ ਦੇ ਮੋਢਿਆਂ ’ਤੇ ਆ ਗਈ।

ਜਸਵੰਤ ਸਿੰਘ ਲੋਕ ਹੱਕਾਂ ਦੇ ਹਤੈਸ਼ੀ ਤੇ ਧਾਰਮਿਕ ਬਿਰਤੀ ਵਾਲੇ ਰਾਜਾ ਸਾਬਤ ਹੋਏ ਸਨ।

ਉਨ੍ਹਾਂ ਤੋਂ ਬਾਅਦ 1846 ਈਸਵੀ ਵਿੱਚ ਦੇਵਿੰਦਰ ਸਿੰਘ ਗੱਦੀ ’ਤੇ ਬੈਠੇ ਪਰ ਉਹ ਇੱਕ ਕਮਜ਼ੋਰ ਰਾਜਾ ਵਜੋਂ ਵਿਚਰੇ।

ਉਨ੍ਹਾਂ ਦੇ ਸਮੇਂ ਅੰਗਰੇਜ਼ ਭਾਰਤ ’ਤੇ ਆਪਣੀ ਪਕੜ ਮਜ਼ਬੂਤ ਕਰ ਰਹੇ ਸਨ ਤੇ ਉਹ ਨਾਭਾ ਰਿਆਸਤ ਦਾ ਚੌਥਾ ਹਿੱਸਾ ਜ਼ਬਤ ਕਰਨ ਵਿੱਚ ਕਾਮਯਾਬ ਰਹੇ।

ਉਨ੍ਹਾਂ ਨੇ ਦੇਵਿੰਦਰ ਸਿੰਘ ਨੂੰ ਮਥੁਰਾ ਭੇਜ ਦਿੱਤਾ ਸੀ।

ਮਹਾਰਾਜਾ ਹੀਰਾ ਸਿੰਘ
Riyasat-E-NABHA/Gurjot
1871 ਈਸਵੀ ਨੂੰ ਨਾਭਾ ਰਿਆਸਤ ਦੀ ਵਾਗਡੋਰ ਮਹਾਰਾਜਾ ਹੀਰਾ ਸਿੰਘ ਦੇ ਹੱਥਾਂ ਵਿੱਚ ਆਈ
ਬੀਬੀਸੀ
BBC
  • ਨਾਭਾ ਰਿਆਸਤ ਦੀ ਸਥਾਪਨਾ ਰਾਜਾ ਹਮੀਰ ਸਿੰਘ ਨੇ 1755 ਈਸਵੀ ਵਿੱਚ ਕੀਤੀ ਗਈ ਸੀ।
  • ਨਾਭਾ ਰਿਆਸਤ ਫੂਲਕੀਆ ਮਿਸਲ ਦੀਆਂ ਤਿੰਨ ਰਿਆਸਤਾਂ ਵਿੱਚੋਂ ਇੱਕ ਸੀ।
  • ਨਾਭਾ ਰਿਆਸਤ ਫੂਲਕੀਆਂ ਰਿਆਸਤਾਂ ਦੀ ਰਾਜਧਾਨੀ ਸੀ।
  • ਪਟਿਆਲਾ ਤੇ ਜੀਂਦ ਰਿਆਸਤਾਂ ਵੀ ਫੂਲਕੀਆਂ ਮਿਸਲ ਦਾ ਹਿੱਸਾ ਸਨ।
  • 1783 ਵਿੱਚ ਹਮੀਰ ਸਿੰਘ ਦੀ ਮੌਤ ਮਗਰੋਂ ਗੱਦੀ ਦੀ ਜ਼ਿੰਮੇਵਾਰੀ ਉਨ੍ਹਾਂ ਦੇ 8 ਸਾਲਾ ਪੁੱਤ ਜਸਵੰਤ ਨੂੰ ਮਿਲੀ।
  • ਇਸ ਤੋਂ ਬਾਅਦ 1846 ਈਸਵੀ ਵਿੱਚ ਦੇਵਿੰਦਰ ਸਿੰਘ ਗੱਦੀ ’ਤੇ ਬੈਠੇ ਸਨ।
  • 1871 ਨੂੰ ਨਾਭਾ ਰਿਆਸਤ ਦੀ ਵਾਗਡੋਰ ਮਹਾਰਾਜਾ ਹੀਰਾ ਸਿੰਘ ਦੇ ਹੱਥਾਂ ਵਿੱਚ ਆਈ।
  • 1911 ਵਿੱਚ ਮਹਾਰਾਜਾ ਹੀਰਾ ਸਿੰਘ ਦੇ ਦੇਹਾਂਤ ਮਗਰੋਂ ਰਿਪੁਦਮਨ ਸਿੰਘ ਗੱਦੀ ''''ਤੇ ਬੈਠੇ।
  • ਬਰਤਾਨਵੀ ਸਰਕਾਰ ਵੱਲੋਂ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨੂੰ ਜ਼ਬਰਦਸਤੀ ਰਾਜ ਗੱਦੀ ਲਾਹਿਆ ਗਿਆ ਸੀ।
  • ਉਸ ਵੇਲੇ ਗੱਦੀ ਦੇ ਵਾਰਸ ਪ੍ਰਤਾਪ ਸਿੰਘ 8 ਸਾਲਾਂ ਦੇ ਸਨ ਤੇ ਅੰਗਰੇਜ਼ ਸਾਸ਼ਕ ਉਨ੍ਹਾਂ ਨੂੰ ਆਪਣੇ ਨਾਲ ਬਰਤਾਨੀਆ ਲੈ ਗਏ ਸਨ।
ਬੀਬੀਸੀ
BBC

ਮੁੰਡਿਆਂ ਤੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀ ਰਿਆਸਤ

ਸਾਡੇ ਵਿੱਚੋਂ ਬਹੁਤਿਆਂ ਦੇ ਜ਼ਹਿਨ ਵਿੱਚ ਨਾਭਾ ਦਾ ਨਾਂ ਆਉਂਦਿਆਂ ਦੀ ਉਥੋਂ ਦੇ ਸਕੂਲਾਂ ਦਾ ਖ਼ਿਆਲ ਆਉਂਦਾ ਹੈ। ਇਹ ਰਾਜਸ਼ਾਹੀ ਸ਼ਾਨੋ-ਸ਼ੌਕਤ ਵਾਲੇ ਸਕੂਲ ਵੀ ਉਥੋਂ ਦੀ ਰਿਆਸਤ ਦੀ ਹੀ ਦੇਣ ਹਨ।

1871 ਈਸਵੀ ਨੂੰ ਨਾਭਾ ਰਿਆਸਤ ਦੀ ਵਾਗਡੋਰ ਮਹਾਰਾਜਾ ਹੀਰਾ ਸਿੰਘ ਦੇ ਹੱਥਾਂ ਵਿੱਚ ਆਈ।

ਡਾਕਟਰ ਚਮਕੌਰ ਸਿੰਘ ਮੁਤਾਬਕ ਉਹ ਇੱਕ ਯੋਗ ਰਾਜਾ ਸਾਬਤ ਹੋਏ ਸਨ। ਉਨ੍ਹਾਂ ਨੇ ਵਿਦਿਆ ਦੀ ਅਹਿਮੀਅਤ ਨੂੰ ਸਮਝਿਆ ਤੇ ਆਪਣੀ ਰਿਆਸਤ ਵਿੱਚ ਸਕੂਲ ਖੁੱਲ੍ਹਵਾਏ, ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਜ਼ੀਫ਼ੇ ਦੇਣੇ ਵੀ ਸ਼ੁਰੂ ਕੀਤਾ ਸਨ।

ਉਨ੍ਹਾਂ ਦੇ ਸ਼ਾਸਨ ਵਿੱਚ ਆਮ ਲੋਕਾਂ ਨੂੰ ਨਿਆਂ ਦਿਵਾਉਣ ਲਈ ਰੋਜ਼ ਦਰਬਾਰ ਲੱਗਦਾ ਸੀ ਤੇ ਹਰ ਇੱਕ ਦੀ ਰਾਜਾ ਤੱਕ ਪਹੁੰਚ ਸੀ।

1904 ਈਸਵੀ ਦੇ ਫੂਲਕੀਆ ਸਟੇਟ ਗਜ਼ਟੀਅਰ ਮੁਤਾਬਕ ਨਾਭੇ ਵਿੱਚ ਅੰਗਰੇਜ਼ੀ, ਗੁਰਮੁਖੀ, ਫਾਰਸੀ ਅਤੇ ਸੰਸਕ੍ਰਿਤ ਦੀ ਪੜ੍ਹਾਈ ਕਰਵਾਈ ਜਾਂਦੀ ਸੀ।

ਫੂਲ ਕਸਬੇ ਵਿੱਚ ਇੱਕ ਅਜਿਹਾ ਮਿਡਲ ਸਕੂਲ ਸਥਾਪਿਤ ਕੀਤਾ ਗਿਆ ਜਿੱਥੇ ਸਿਰਫ਼ ਖੇਤੀਬਾੜੀ ਬਾਰੇ ਪੜ੍ਹਾਈ ਕਰਵਾਈ ਜਾਂਦੀ ਸੀ। ਇਹ ਸਕੂਲ ‘ਜ਼ਮੀਨਦਾਰੀ ਸਕੂਲ’ ਵਜੋਂ ਜਾਣਿਆ ਜਾਂਦਾ ਸੀ।

ਡਾਕਟਰ ਚਮਕੌਰ ਸਿੰਘ ਮੁਤਾਬਕ ਸਕੂਲ ਵਿੱਚ ਦਾਖ਼ਲਾ ਰਾਜਾ ਦੀ ਆਗਿਆ ਨਾਲ ਹੁੰਦਾ ਸੀ ਤੇ ਕਿਸੇ ਵੀ ਵਿਦਿਆਰਥੀ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਸੀ।

ਜ਼ਿਕਰਯੋਗ ਹੈ ਕਿ ਨਾਭਾ ਸਕੂਲ ਵਿੱਚ 1892 ਈਸਵੀ ਵਿੱਚ ਇੱਕ ਔਰਤ ਅਧਿਆਪਕ ਰੱਖੀ ਗਈ ਸੀ ਤਾਂ ਜੋ ਕੁੜੀਆਂ ਵੀ ਨਿਡਰ ਹੋ ਕੇ ਪੜ੍ਹਾਈ-ਲਿਖਾਈ ਕਰ ਸਕਣ।

25 ਦਸੰਬਰ, 1911 ਈਸਵੀ ਨੂੰ ਮਹਾਰਾਜਾ ਹੀਰਾ ਸਿੰਘ ਦਾ ਦੇਹਾਂਤ ਹੋ ਗਿਆ ਤੇ ਰਿਪੁਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਗੱਦੀ ਉੱਤੇ ਬਿਠਾਇਆ ਗਿਆ।

ਰਿਪੁਦਮਨ ਸਿੰਘ
Riyasat-E-NABHA/Gurjot
ਰਿਪੁਦਮਨ ਸਿੰਘ ਦਾ ਜਨਮ 4 ਮਾਰਚ 1883 ਈਸਵੀ ਨੂੰ ਹੋਇਆ ਸੀ

ਬਗ਼ਾਵਤੀ ਮਹਾਰਾਜਾ ਰਿਪੁਦਮਨ ਸਿੰਘ

ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਹੋਰ ਰਿਆਸਤਾਂ ਦੇ ਉੱਲਟ ਜਾ ਕੇ ਸਿੱਖ ਸਿਧਾਂਤ ਦੀ ਪੈਰਵੀ ਕਰਨ ਵਾਲਾ ਰਾਜਾ ਮੰਨਿਆ ਜਾਂਦਾ ਹੈ।

ਰਿਪੁਦਮਨ ਸਿੰਘ ਦਾ ਜਨਮ 4 ਮਾਰਚ 1883 ਈਸਵੀ ਨੂੰ ਹੋਇਆ ਸੀ। ਉਹ ਮਹਾਰਾਜਾ ਹੀਰਾ ਸਿੰਘ ਤੇ ਮਹਾਰਾਣੀ ਜਸਮੇਰ ਕੌਰ ਦੇ ਪੁੱਤ ਸਨ।

ਪਿਤਾ ਦੀ ਮੌਤ ਤੋਂ ਬਾਅਦ ਉਹ 28 ਸਾਲ ਦੀ ਉਮਰ ਵਿੱਚ 24 ਜਨਵਰੀ, 1912 ਨੂੰ ਰਾਜ ਗੱਦੀ ਉੱਤੇ ਬੈਠੇ।

ਰਿਪੁਦਮਨ ਫ਼ਰਾਂਸ ਤੋਂ ਵਾਪਸ ਪਰਤੇ ਸਨ। ਉਨ੍ਹਾਂ ਨੇ ਆਪਣੀ ਤਾਜਪੋਸ਼ੀ ਅੰਗਰੇਜ਼ ਸਰਕਾਰ ਦੇ ਅਧਿਕਾਰੀਆਂ ਤੋਂ ਕਰਵਾਉਣ ਦੀ ਬਜਾਇ ਸਿੱਖ ਮਰਿਯਾਦਾ ਮੁਤਾਬਕ ਕਰਵਾਈ ਸੀ।

ਇਤਿਹਾਸਕਾਰ ਡਾਕਟਰ ਮੁਹੰਮਦ ਇਦਰੀਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਰਿਪੁਦਮਨ ਸਿੰਘ ਨਿਮਰ ਸੁਭਾਅ, ਆਜ਼ਾਦ ਵਿਚਾਰ, ਅਗਾਂਹਵਧੂ ਸੋਚ ਤੇ ਸਮਾਜਿਕ ਬਰਾਬਰਤਾ ਨੂੰ ਉਤਸ਼ਾਹਿਤ ਕਰਨ ਵਾਲੇ ਸਨ।

ਉਹ ਸਿਆਸੀ ਤੌਰ ''''ਤੇ ਕੌਮੀ ਹਿੱਤਾਂ ਅਤੇ ਸੁਤੰਤਰਤਾ ਅੰਦੋਲਨ ਦਾ ਸਮਰਥਨ ਕਰਦੇ ਸਨ ਅਤੇ ਸਿੱਖ ਧਰਮ, ਗੁਰਮਤਿ ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਰਾਜਾ ਸਨ।

1906 ਤੋਂ 1908 ਤੱਕ ਉਨ੍ਹਾਂ ਨੇ ਭਾਰਤ ਦੇ ਗਵਰਨਰ ਜਨਰਲ ਦੀ ਕੌਂਸਲ ਦੇ ਐਡੀਸ਼ਨਲ ਮੈਂਬਰ ਸਮੇਂ ਸੁਤੰਤਰਤਾ ਸੰਗਰਾਮ ਦੇ ਪ੍ਰਸਿੱਧ ਕੌਮੀ ਅਗਵਾਈਕਾਰਾਂ ਮਦਨ ਮੋਹਨ ਮਾਲਵੀਆ ਅਤੇ ਕ੍ਰਿਸ਼ਨ ਗੋਪਾਲ ਗੋਖ਼ਲੇ ਵਰਗੇ ਆਗੂਆਂ ਨਾਲ ਮਿਲ ਕੇ ਭਾਰਤੀ ਪ੍ਰੈੱਸ ਬਿੱਲ ਦਾ ਵਿਰੋਧ ਕੀਤਾ ਸੀ।

ਉਹ ਪੰਜਾਬ ਵਿੱਚ ਚੱਲ ਰਹੀ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀਆਂ ਪ੍ਰਤੀ ਹਮਦਰਦੀ ਵਾਲੀ ਸੋਚ ਰੱਖਦੇ ਸਨ।

ਉਨ੍ਹਾਂ ਨੇ ਗੁਰੂ-ਕਾ-ਬਾਗ਼ ਮੋਰਚੇ ਦੀ ਹਮਾਇਤ ਕੀਤੀ ਅਤੇ ਅੰਗਰੇਜ਼ ਸਰਕਾਰ ਦੀਆਂ ਨੀਤੀਆਂ ਅਤੇ ਨਨਕਾਣਾ ਸਾਹਿਬ ਸਾਕੇ ਕਾਰਨ ਰੋਸ ਪ੍ਰਗਟ ਕਰਦੇ ਹੋਏ ਕਾਲੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਸੀ।

ਬੀਬੀਸੀ
BBC

ਰਿਪੁਦਮਨ ਦਾ ਅੰਗਰੇਜ਼ ਹਕੂਮਤ ਨਾਲ ਟੱਕਰ ਲੈਣਾ

ਰਿਪੁਦਮਨ ਨੂੰ ਅੰਗਰੇਜ਼ੀ ਸਾਮਰਾਜ ਦੀਆਂ ਨੀਤੀਆਂ ਪਸੰਦ ਨਹੀਂ ਸਨ ਤੇ ਉਨ੍ਹਾਂ ਨੇ ਆਪਣੇ ਵਿਚਾਰ ਖੁੱਲ੍ਹੇ ਤੌਰ ’ਤੇ ਪ੍ਰਗਟਾਏ।

ਉਨ੍ਹਾਂ ਦੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਆਗੂਆਂ ਅਤੇ ਅਕਾਲੀ ਆਗੂਆਂ ਨਾਲ ਵੀ ਸੁਖਾਵੇਂ ਸਬੰਧ ਸਨ, ਜਿਸ ਤੋਂ ਬਰਤਾਨਵੀ ਸਰਕਾਰ ਨਾਖੁਸ਼ ਸੀ।

ਉਨ੍ਹਾਂ ਵੱਲੋਂ ਆਨੰਦ ਮੈਰਿਜ ਐਕਟ ਬਿੱਲ ਨੂੰ ਗਵਰਨਰ ਕੌਂਸਲ ਦੀ ਮੀਟਿੰਗ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਸੀ।

1909 ਈਸਵੀ ਵਿੱਚ ਉਨ੍ਹਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਲਾਹੌਰ ਵਿੱਚ ਹੋਈ ਸੋਸ਼ਲ ਕਾਨਫ਼ਰੰਸ ਦੀ ਪ੍ਰਧਾਨਗੀ ਵੀ ਕੀਤੀ ਗਈ ਸੀ।

1914 ਈਸਵੀ ਦੌਰਾਨ ਸ਼ੁਰੂ ਹੋਈ ਗ਼ਦਰ ਲਹਿਰ ਦਾ ਵੀ ਮਹਾਰਾਜਾ ਰਿਪੁਦਮਨ ਸਿੰਘ ਵੱਲੋਂ ਨੈਤਿਕ ਤੌਰ ’ਤੇ ਸਮਰਥਨ ਕੀਤਾ ਗਿਆ ਸੀ।

ਲਾਹੌਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਹੋਣ ਵਾਲੇ ਬਗ਼ਾਵਤੀ ਜਲਸਿਆਂ, ਸੱਭਿਆਚਾਰਕ ਤਹਿਰੀਕਾਂ, ਸਮਾਜਿਕ ਤੇ ਸਿਆਸੀ ਗਤੀਵਿਧੀਆਂ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਦੀ ਗੰਭੀਰ ਦਿਲਚਸਪੀ ਹੋਣ ਕਾਰਨ ਬਰਤਾਨਵੀ ਸਰਕਾਰ ਉਨ੍ਹਾਂ ਨੂੰ ਗੱਦੀ ਤੋਂ ਲਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ।

ਆਖ਼ਿਰ 1923 ਦੌਰਾਨ ਬਰਤਾਨਵੀ ਸਰਕਾਰ ਵੱਲੋਂ ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਨੂੰ ਜ਼ਬਰਦਸਤੀ ਰਾਜ ਗੱਦੀ ਤੋਂ ਲਾਹ ਦਿੱਤਾ ਗਿਆ ਸੀ।

ਰਿਪੁਦਮਨ
Riyasat-E-NABHA/Gurjot
ਰਿਪੁਦਮਨ ਨੂੰ ਅੰਗਰੇਜ਼ੀ ਸਾਮਰਾਜ ਦੀਆਂ ਨੀਤੀਆਂ ਪਸੰਦ ਨਹੀਂ ਸਨ ਤੇ ਉਨ੍ਹਾਂ ਨੇ ਆਪਣੇ ਵਿਚਾਰ ਖੁੱਲ੍ਹੇ ਤੌਰ ’ਤੇ ਪ੍ਰਗਟਾਏ

ਮਹਾਰਾਜਾ ਨੂੰ ਗੱਦੀ ਤੋ ਹਟਾਉਣਾ

ਮੁਹੰਮਦ ਇਦਰੀਸ ਮਹਾਰਾਜਾ ਦੀਆਂ ਅਕਾਲੀ ਲਹਿਰ ਨਾਲ ਸਬੰਧਿਤ ਗਤੀਵਿਧੀਆਂ ਬਾਰੇ ਦੱਸਦੇ ਹਨ ਕਿ ਰਿਪੁਦਮਨ ਸ਼ੁਰੂ ਤੋਂ ਹੀ ਅਕਾਲੀ ਲਹਿਰ ਦੇ ਸਮਰਥਕ ਸਨ ਅਤੇ ਜਦੋਂ ਵੀ ਮੌਕਾ ਮਿਲਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਲਹਿਰ ਦੀ ਮਦਦ ਕਰਦੇ ਸਨ।

1922 ਈਸਵੀ ਦੌਰਾਨ ਬਰਤਾਨਵੀ ਅਫ਼ਸਰਾਂ ਨੇ ਅਕਾਲੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਦੌਰਾਨ 1700 ਅਕਾਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਮਹਾਰਾਜਾ ਰਿਪੁਦਮਨ ਨੂੰ ਨਾਭਾ ਰਿਆਸਤ ਵਿੱਚ ਵੀ ਅਕਾਲੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਸੀ ਕੀਤਾ।

ਪਟਿਆਲਾ ਅਤੇ ਨਾਭਾ ਰਿਆਸਤਾਂ ਦੇ ਮਹਾਰਾਜਿਆਂ ਦੇ ਆਪਸੀ ਝਗੜੇ ਨੇ ਅੰਗਰੇਜ਼ ਸਰਕਾਰ ਨੂੰ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਵਿਰੁੱਧ ਮੌਕਾ ਦਿੱਤਾ ਤੇ ਮਹਾਰਾਜਾ ਵਿਰੁੱਧ ਛੇ ਮੁਕੱਦਮੇ ਦਰਜ ਕੀਤੇ ਗਏ।

ਇਸ ਲਈ ਇਲਹਾਬਾਦ ਹਾਈ ਕੋਰਟ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਖ਼ਿਲਾਫ਼ ਤਿੰਨ ਇਲਜ਼ਾਮ ਲਾਏ ਗਏ:

  • ਮਹਾਰਾਜਾ ਰਿਪੁਦਮਨ ਸਿੰਘ ਨੇ ਨਾਭਾ ਰਿਆਸਤ ਦੇ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ।
  • ਉਨ੍ਹਾਂ ਨੇ ਰਿਆਸਤ ਦੇ ਲੋਕਾਂ ਦੀਆਂ ਦੁੱਖ-ਤਕਲੀਫਾਂ ਨਹੀਂ ਸੁਣੀਆਂ।
  • ਉਹ ਤਖ਼ਤ ਪ੍ਰਤੀ ਵਫ਼ਾਦਾਰ ਨਹੀਂ ਰਹੇ ਤੇ ਉਨ੍ਹਾਂ ਨੇ ਬਰਤਾਨਵੀ ਸਰਕਾਰ ਪ੍ਰਤੀ ਤਾਬੇਦਾਰ ਰਹੇ।

ਇਸ ਮੁਕੱਦਮੇ ਤੋਂ ਬਾਅਦ ਬਰਤਾਵਨੀ ਸਰਕਾਰ ਨੇ 9 ਜੁਲਾਈ 1923 ਈਸਵੀ ਨੂੰ ਜ਼ਬਰਦਸਤੀ ਹਟਾ ਕੇ ਦੇਹਰਾਦੂਨ ਭੇਜ ਦਿੱਤਾ ਅਤੇ ਨਾਭਾ ਰਿਆਸਤ ਨੂੰ ਇੱਕ ਅੰਗਰੇਜ਼ ਅਫ਼ਸਰ ਜਾਨਸਟਨ ਦੇ ਹਵਾਲੇ ਕਰ ਦਿੱਤਾ।

ਇਸ ਦੇ ਨਾਲ ਹੀ ਮਹਾਰਾਜਾ ਦੇ ਸਕੱਤਰ ਗੁਰਦਿਆਲ ਸਿੰਘ ਨੂੰ ਪ੍ਰਬੰਧਕ ਲਗਾ ਦਿੱਤਾ ਗਿਆ।

ਮਹਾਰਾਜਾ ਹੀਰਾ ਸਿੰਘ, ਟੀਕਾ ਰਿਪੁਦਮਨ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ
Riyasat-E-NABHA/Gurjot
ਮਹਾਰਾਜਾ ਹੀਰਾ ਸਿੰਘ, ਟੀਕਾ ਰਿਪੁਦਮਨ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ

ਜੈਤੋਂ ਮੋਰਚਾ: ਸਿੱਖਾਂ ਦਾ ਰਿਪੁਦਮਨ ਲਈ ਇੱਕਜੁੱਟ ਹੋਣਾ

ਮਹਾਰਾਜੇ ਨੂੰ ਗੱਦੀ ਤੋਂ ਹਟਾਏ ਜਾਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਲਹਿਰ ਦੇ ਸਮਰਥਕਾਂ ਵਲੋਂ ਬਦਲੇ ਦੀ ਭਾਵਨਾ ਅਧੀਨ ਕੀਤਾ ਗਿਆ ਕੰਮ ਦੱਸਿਆ ਗਿਆ।

ਮੁਹੰਮਦ ਇਦਰੀਸ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ’ਤੇ ਅਗਸਤ 1923 ਦੌਰਾਨ ਇਜਲਾਸ ਬੁਲਾ ਕੇ ਇਸ ਦਾ ਅਮਨ ਤੇ ਸ਼ਾਂਤੀ ਨਾਲ ਬਦਲਾ ਲੈਣ ਬਾਰੇ ਮਤਾ ਪਾਸ ਕੀਤਾ ਗਿਆ।

‘ਦਾ ਨੇਸ਼ਨ’ ਅਖ਼ਬਾਰ ਨੇ ਮਿਤੀ 5 ਅਗਸਤ 1923 ਨੂੰ ਲਿਖਿਆ ਕਿ ਹਿੰਦੁਸਤਾਨ ਦੇ ਇਸ ਆਜ਼ਾਦ ਖਿਆਲੀ ਮਹਾਰਾਜੇ ਨਾਲ ਸਖ਼ਤ ਬੇਇਨਸਾਫ਼ੀ ਕੀਤੀ ਗਈ ਹੈ।

ਨਤੀਜੇ ਵਜੋਂ ਅਕਾਲੀਆਂ ਵਿੱਚ ਵਿਰੋਧ ਦੀ ਭਾਵਨਾ ਹੋਰ ਵੱਧ ਗਈ।

12 ਸਤੰਬਰ 1923 ਦੇ ਸਿਵਲ ਐਂਡ ਮਿਲਟਰੀ ਗਜ਼ਟ ਮੁਤਾਬਕ ਸ਼੍ਰੋਮਣੀ ਕਮੇਟੀ ਦੀ 5 ਅਗਸਤ 1923 ਦੀ ਇਕੱਤਰਤਾ ਦੌਰਾਨ ਫ਼ੈਸਲਾ ਕੀਤਾ ਗਿਆ ਕਿ 9 ਸਤੰਬਰ 1923 ਨੂੰ ਨਾਭਾ ਦਿਵਸ ਵਜੋਂ ਮਨਾਇਆ ਜਾਵੇਗਾ।

ਜੈਤੋਂ ਦੇ ਮੋਰਚੇ ਦੌਰਾਨ ਅਕਾਲੀਆਂ ਨੂੰ ਅੰਗਰੇਜ਼ ਸਰਕਾਰ ਦੇ ਸਖ਼ਤ ਰਵੱਈਏ ਦਾ ਸਾਹਮਣਾ ਕਰਨਾ ਪਿਆ।

ਇਦਰੀਸ ਜਾਣਕਾਰੀ ਸਾਂਝੀ ਕਰਦੇ ਹਨ ਕਿ 9 ਫ਼ਰਵਰੀ 1924 ਨੂੰ 500 ਅਕਾਲੀਆਂ ਦਾ ਇੱਕ ਜੱਥਾ ਅਕਾਲ ਤਖ਼ਤ ਤੋਂ ਜੈਤੋਂ ਲਈ ਰਵਾਨਾ ਹੋਇਆ।

ਨਾਭਾ ਦੇ ਪ੍ਰਬੰਧਕ ਵਿਲਸਨ ਜਾਨਸਟਨ ਵੱਲੋਂ ਗੁਰਦੁਆਰਾ ਗੰਗਸਰ ਜੈਤੋਂ ਵੱਲ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਤੇ ਫ਼ੌਜ ਤੈਨਾਤ ਕਰ ਦਿੱਤੀ ਗਈ।

ਗੁਰਦੁਆਰੇ ਤੋਂ ਕਰੀਬ 150 ਗਜ ਦੀ ਦੂਰੀ ''''ਤੇ ਅਕਾਲੀਆਂ ਦੇ ਪਹੁੰਚਣ ਤੇ ਬਰਤਾਨਵੀ ਫ਼ੌਜ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਸਰਕਾਰੀ ਰਿਪੋਰਟਾਂ ਮੁਤਾਬਕ ਇਸ ਦੌਰਾਨ ਜਥੇ ਦੇ 21 ਮੈਂਬਰਾਂ ਦੀ ਮੌਤ ਹੋਈ ਤੇ ਕਰੀਬ 33 ਗੰਭੀਰ ਜਖ਼ਮੀ ਹੋਏ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਸੂਚੀ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 70 ਤੋਂ 150 ਦੇ ਵਿਚਕਾਰ ਸੀ।

ਨਾਭਾ ਰਿਆਸਤ ਦੇ ਰਿਕਾਰਡ ਨਾਲ ਸਬੰਧਤ ਫਾਈਲ ਨੰਬਰ 28 ਮੁਤਾਬਕ ਪ੍ਰਮੁੱਖ ਅਕਾਲੀ ਅਤੇ ਕਾਂਗਰਸੀ ਆਗੂਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪ੍ਰਤਾਪ ਸਿੰਘ
Riyasat-E-NABHA/Gurjot
ਬਰਤਾਨੀਆ ਵਿੱਚ ਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਭੈਣ-ਭਰਾਵਾਂ ਨੂੰ ਸਿੱਖੀ ਤੋਂ ਦੂਰ ਕਰਕੇ, ਇਸਾਈ ਧਰਮ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ

‘ਹੁਣ ਰਾਜਾ-ਰਾਣੀ ਤਾਂ ਕੁਝ ਨਹੀਂ ਪਰ ਲੋਕਾਂ ਦਾ ਪਿਆਰ ਸਿਰ-ਮੱਥੇ’

ਮਹਾਰਾਜਾ ਰਿਪੁਦਮਨ ਤੋਂ ਬਾਅਦ ਗੱਦੀ ਦੇ ਵਾਰਸ ਪ੍ਰਤਾਪ ਸਿੰਘ ਉਸ ਸਮੇਂ ਅੱਠ ਸਾਲਾਂ ਦੇ ਸਨ ਤੇ ਅੰਗਰੇਜ਼ ਸਾਸ਼ਕ ਉਨ੍ਹਾਂ ਨੂੰ ਆਪਣੇ ਨਾਲ ਬਰਤਾਨੀਆ ਲੈ ਗਏ ਸਨ।

ਪਰਿਵਾਰ ਦੀ ਚੋਥੀ ਪੀੜੀ ਦਾ ਹਿੱਸਾ ਪ੍ਰੀਤੀ ਸਿੰਘ ਦੱਸਦੇ ਹਨ ਕਿ ਬਰਤਾਨੀਆ ਵਿੱਚ ਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਭੈਣ-ਭਰਾਵਾਂ ਨੂੰ ਸਿੱਖੀ ਤੋਂ ਦੂਰ ਕਰਕੇ, ਇਸਾਈ ਧਰਮ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।

“ਰਿਪੁਦਮਨ ਸਿੰਘ ਦੇ ਤਿੰਨ ਬੇਟੇ ਤੇ ਇੱਕ ਧੀ ਸੀ, ਜਿਨ੍ਹਾਂ ਨੂੰ ਅੰਗਰੇਜ਼ੀ ਰੰਗ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਹੱਦ ਤੱਕ ਅਜਿਹਾ ਹੋ ਵੀ ਗਿਆ ਸੀ।”

ਪ੍ਰੀਤੀ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਦੇ ਪੜ-ਪੋਤੇ ਦੀ ਪਤਨੀ ਹੈ ਤੇ ਅੱਜ-ਕੱਲ੍ਹ ਆਪਣੇ ਬੇਟੇ ਅਭੀਉਦੈ ਸਿੰਘ ਨਾਲ ਨਾਭਾ ਦੇ ਆਪਣੇ ਵਿਰਾਸਤੀ ਮਹਿਲ ਵਿੱਚ ਰਹਿ ਰਹੇ ਹਨ।

ਪ੍ਰੀਤੀ ਦੱਸਦੇ ਹਨ, “ਮਹਾਰਾਜਾ ਰਿਪੁਦਮਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਪੀੜੀਆਂ ਤੱਕ ਕੋਈ ਮੁਕੰਮਲ ਤੌਰ ’ਤੇ ਸਿੱਖ ਨਹੀਂ ਸਜ ਸਕਿਆ। ਪਰ ਹੁਣ ਅਭੀਉਦੈ ਨੇ ਕੇਸ ਰੱਖੇ ਹਨ ਤੇ ਉਹ ਆਪਣੀ ਵਿਰਾਸਤ ਨੂੰ ਬਚਾਉਣ ਦਾ ਇਛੁੱਕ ਹੈ।”

ਉਹ ਕਹਿੰਦੇ ਹਨ, “ਅਸੀਂ ਜਦੋਂ ਇਤਿਹਾਸ ਨੂੰ ਦੇਖਦੇ ਹਾਂ ਤਾਂ ਆਪਣੇ ਪੁਰਖ਼ਿਆਂ ਉੱਤੇ ਮਾਣ ਹੁੰਦਾ ਹੈ, ਨਾਲ ਹੀ ਹੈਰਾਨੀ ਵੀ ਹੁੰਦੀ ਹੈ। ਇੰਨਾ ਕੁਝ ਕੁਰਬਾਨ ਕਰ ਦੇਣ ਲਈ ਕਿੰਨੀ ਹਿੰਮਤ ਦੀ ਲੋੜ ਹੁੰਦੀ ਹੈ।”

ਹਾਲੇ ਵੀ ਨਾਭੇ ਵਿੱਚ ਕਈ ਲੋਕ ਉਨ੍ਹਾਂ ਨੂੰ ‘ਰਾਣੀ ਪ੍ਰੀਤੀ ਸਿੰਘ’ ਕਹਿ ਕੇ ਬੁਲਾਉਂਦੇ ਹਨ। ਪ੍ਰੀਤੀ ਸਿੰਘ ਕਹਿੰਦੇ ਹਨ,“ਮੈਂ ਇੱਕ ਅਗਾਂਹਵਧੂ ਆਜ਼ਾਦ ਖ਼ਿਆਲਾਂ ਵਾਲੇ ਪਰਿਵਾਰ ਦੀ ਪੜ੍ਹੀ-ਲਿਖੀ ਨੂੰਹ ਹਾਂ।”

“ਮੈਨੂੰ ਪਤਾ ਹੈ ਕਿ ਹੁਣ ਰਾਜਸ਼ਾਹੀ ਵਰਗਾ ਕੁਝ ਨਹੀਂ ਪਰ ਲੋਕਾਂ ਦਾ ਦਿੱਤਾ ਪਿਆਰ ਬੇਸ਼ਕੀਮਤੀ ਹੈ। ਉਸ ਨੂੰ ਦਿਲੋਂ ਸਵਿਕਾਰਦੀ ਹਾਂ ਤੇ ਮਾਣਦੀ ਵੀ ਹਾਂ।”

ਆਪਣੇ ਬਾਰੇ ਦੱਸਦਿਆਂ ਉਹ ਕਹਿੰਦੇ ਹਨ, “ਮੈਂ ਵਕਾਲਤ ਕੀਤੀ ਹੈ ਤੇ ਮੈਂ ਪੜ੍ਹਾਈ ਵਿਆਹ ਤੋਂ ਬਾਅਦ ਕੀਤੀ। ਇਸ ਤਰ੍ਹਾਂ ਸ਼ਾਹੀ ਪਰਿਵਾਰ ਨਾਲ ਜੁੜਨ ’ਤੇ ਕੋਈ ਬੰਦਿਸ਼ਾਂ ਨਹੀਂ ਹਨ।”

ਪ੍ਰੀਤੀ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਹਿੰਦੇ ਹਨ, “ਅਸੀਂ ਤਾਂ ਬਿਲਕੁਲ ਆਮ ਜ਼ਿੰਦਗੀ ਜੀਵੀ ਆਪਣੇ ਲਈ, ਪਰ ਉਨ੍ਹਾਂ ਵਿੱਚ ਦੇਸ਼ ਲਈ, ਕੌਮ ਲਈ ਆਪਣਾ ਸਭ ਕੁਝ ਵਾਰ ਦੇਣ ਦਾ ਜਜ਼ਬਾ ਸੀ।”

“ਵਾਰਸਾਂ ਵਜੋਂ ਅਸੀਂ ਉਨ੍ਹਾਂ ਦੀ ਸੋਚ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਮਹਿਲ ਦੀ ਸ਼ਾਨੋ-ਸ਼ੌਕਤ ਵਾਪਸ ਲਿਆਉਣ ਦੀ ਵੀ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News