ਮਾਪਿਆਂ ਦਾ ਆਪਣੇ ਬੱਚਿਆਂ ਵਿੱਚ ਫ਼ਰਕ ਕਰਨਾ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਸਕਦਾ ਹੈ

Tuesday, Sep 12, 2023 - 08:32 AM (IST)

ਮਾਪਿਆਂ ਦਾ ਆਪਣੇ ਬੱਚਿਆਂ ਵਿੱਚ ਫ਼ਰਕ ਕਰਨਾ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਸਕਦਾ ਹੈ
ਪਰਿਵਾਰ
Getty Images
ਸੰਕੇਤਕ ਤਸਵੀਰ

ਤੁਸੀਂ ਆਪਣੇ ਪਰਿਵਾਰ, ਜਾਣ-ਪਛਾਣ ਵਾਲਿਆਂ ਜਾਂ ਗੁਆਂਢੀਆਂ ਦੇ ਕਿਸੇ ਬੱਚੇ ਕੋਲੋਂ ਇਹ ਜ਼ਰੂਰ ਸੁਣਿਆ ਹੋਵੇਗਾ ਕਿ, ‘ਮੇਰੇ ਮੰਮੀ ਜਾਂ ਪਾਪਾ ਮੈਨੂੰ ਪਿਆਰ ਨਹੀਂ ਕਰਦੇ, ਭਰਾ ਜਾਂ ਭੈਣ ਨੂੰ ਕਰਦੇ ਹਨ।’

ਇੱਕ ਤੋਂ ਵੱਧ ਬੱਚਿਆਂ ਵਾਲੇ ਵਧੇਰੇ ਪਰਿਵਾਰਾਂ ਵਿੱਚ ਘਰ ਦਾ ਕੋਈ ਨਾ ਕੋਈ ਬੱਚਾ ਦਿਲ ਵਿੱਚ ਇਸ ਕਿਸਮ ਦੀ ਸ਼ਿਕਾਇਤ ਜ਼ਰੂਰ ਰੱਖਦਾ ਹੈ।

ਦਿੱਲੀ ਵਿੱਚ ਰਹਿਣ ਵਾਲੀ 26 ਸਾਲਾ ਰਸ਼ਮੀ (ਬਦਲਿਆ ਹੋਇਆ ਨਾਮ) ਕਹਿੰਦੇ ਹਨ, “ਅਸੀਂ ਪੰਜ ਭਰਾ-ਭੈਣ ਹਾਂ, ਮੇਰੇ ਮਾਪੇ ਸਾਨੂੰ ਪਿਆਰ ਤਾਂ ਕਰਦੇ ਹਨ, ਪਰ ਉਨ੍ਹਾਂ ਦਾ ਝੁਕਾਅ ਮੇਰੇ ਵਿਚਕਾਰਲੇ ਭਰਾ ਸਾਹਿਲ ਵੱਲ ਵੱਧ ਰਹਿੰਦਾ ਹੈ, ਸਾਨੂੰ ਕੁੱਟ ਜਾਂ ਝਿੜਕਾਂ ਪੈ ਜਾਂਦੀਆਂ, ਪਰ ਮਜਾਲ ਹੈ ਕਿ ਉਹ ਕਦੇ ਸਾਹਿਲ ਨੂੰ ਘੂਰਨ ਵੀ, ਖਾਣ-ਪੀਣ, ਘੁੰਮਣਾ-ਫਿਰਨਾ ਭਾਵੇਂ ਕੋਈ ਵਜ੍ਹਾ ਹੋਵੇ ਸਾਹਿਲ ਦੀ ਹਰ ਮੰਗ ਪੂਰੀ ਹੁੰਦੀ ਹੈ।”

ਕਾਰਣ ਪੁੱਛੇ ਜਾਣ ‘ਤੇ ਰਸ਼ਮੀ ਕਹਿੰਦੇ ਹਨ, “ਬਚਪਨ ਵਿੱਚ ਮੇਰਾ ਭਰਾ ਬਹੁਤ ਬਿਮਾਰ ਰਹਿੰਦਾ ਸੀ, ਇਹੀ ਵਜ੍ਹਾ ਹੈ ਕਿ ਉਸ ਨੂੰ ਹਾਲੇ ਵੀ ਕਮਜ਼ੋਰ ਸਮਝਿਆ ਜਾਂਦਾ ਹੈ, ਇਸ ਲਈ ਘਰ ਵਿੱਚ ਹਰ ਫ਼ੈਸਲੇ ਵਿੱਚ ਸਾਹਿਲ ਦੀ ਮਰਜ਼ੀ ਜ਼ਰੂਰ ਸ਼ਾਮਿਲ ਹੁੰਦੀ ਹੈ।”

ਪਟਨਾ ਵਿੱਚ ਰਹਿਣ ਵਾਲੇ 45 ਸਾਲ ਦੇ ਸਰਵਰ ਕਹਿੰਦੇ ਹਨ, “ਮੈਂ ਅਤੇ ਮੇਰੇ ਦੋ ਭਰਾ ਪੜ੍ਹਨ ਲਿਖਣ ਵਿੱਚ ਔਸਤ ਸਨ, ਪਰ ਮੇਰੇ ਵਿਚਕਾਰਲੇ ਭਰਾ ਨੂੰ ਦੁਨੀਆਂ ਨਾਲ ਕੋਈ ਮਤਲਬ ਨਹੀਂ ਹੁੰਦਾ ਸੀ, ਉਹ ਹਰ ਵੇਲੇ ਕਿਤਾਬ ਵਿੱਚ ਵੜਿਆ ਰਹਿੰਦਾ ਸੀ, ਇਹੀ ਵਜ੍ਹਾ ਸੀ ਕਿ ਉਹ ਮੇਰੇ ਮਾਪਿਆਂ ਦਾ ਲਾਡਲਾ ਪੁੱਤ ਸੀ।"

"ਉਸਦੀ ਰਾਏ ਲੈਣਾ, ਉਸਦੇ ਖਾਣ-ਪੀਣ ਤੋਂ ਲੈ ਕੇ ਕੱਪੜੇ-ਲੱਤੇ ਸਭ ਉੱਤੇ ਮਾਪਿਆਂ ਦਾ ਪੂਰਾ ਧਿਆਨ ਰਹਿੰਦਾ ਸੀ, ਮੈਨੂੰ ਅਤੇ ਮੇਰੇ ਭਰਾਵਾਂ ਨੂੰ ਇਸ ਗੱਲ ਉੱਤੇ ਬਹੁਤ ਗੁੱਸਾ ਆਉਂਦਾ ਸੀ।”

ਪਿਆਰ
EMMANUEL LAFONT

ਇੱਕ ਬੱਚੇ ਵੱਲ ਝੁਕਾਅ ਹੁੰਦਾ ਹੈ

ਬਹੁਤੇ ਮਾਪੇ ਸ਼ਾਇਦ ਇਸ ਨੂੰ ਨਾ ਮੰਨਣ ਪਰ ਇੱਕ ਅਧਿਐਨ ਦੇ ਅਨੁਸਾਰ ਮਾਪਿਆਂ ਦਾ ਇੱਕ ਬੱਚੇ ਵੱਲ ਝੁਕਾਅ ਹੋਣਾ ਆਮ ਗੱਲ ਹੈ।

ਪਰ ਅਜਿਹਾ ਕਰਨਾ ਨਾ ਸਿਰਫ਼ ਪਰਿਵਾਰ ਵਿੱਚ ਫ਼ਰਕ ਪਾਉਂਦਾ ਹੈ ਪਰ ਕਈ ਵਾਰ ਇਹ ਹਾਨੀਕਾਰਕ ਹੋ ਸਕਦਾ ਹੈ ਅਤੇ ਇਸ ਦਾ ਅਸਰ ਲੰਬੇ ਸਮੇਂ ਤੱਕ ਦੇਖਿਆ ਜਾ ਸਕਦਾ ਹੈ।

ਇਸ ਤਰ੍ਹਾਂ ਦਾ ਵਿਵਹਾਰ ਲਗਭਗ 65 ਫ਼ੀਸਦ ਪਰਿਵਾਰਾਂ ਵਿੱਚ ਦੇਖਿਆ ਜਾਂਦਾ ਹੈ, ਕਈ ਅਲੱਗ-ਅਲੱਗ ਸੱਭਿਆਚਾਰਾਂ ਅਤੇ ਦੇਸ਼ਾਂ ਵਿੱਚ ਇਸ ਦਾ ਅਧਿਐਨ ਕੀਤਾ ਗਿਆ ਹੈ।

ਇਸ ਨੂੰ ਬੱਚਿਆਂ ਵਿੱਚ ਹੋਣ ਵਾਲੀਆਂ ਕਈ ਭਾਵਨਾਤਮਕ ਸਮੱਸਿਆਵਾਂ ਦੀ ਇੱਕ ਮਹੱਤਵਪੂਰਨ ਵਜ੍ਹਾ ਮੰਨੀ ਜਾਂਦੀ ਹੈ।

ਮਨੋਵਿਗਿਆਨਿਕਾਂ ਨੇ ਇਸ ਦਾ ਨਾਮ ਦਿੱਤਾ ਹੈ ਪੈਰੇਂਟਲ ਡਿਫ਼ਰੈਂਸ਼ਿਅਲ ਟ੍ਰੀਟਮੈਂਟ, ਇਸ ਨੂੰ ਪੀਡੀਟੀ ਵੀ ਕਿਹਾ ਜਾਂਦਾ ਹੈ।

ਪਰਿਵਾਰ
Getty Images
ਸੰਕੇਤਕ ਤਸਵੀਰ

ਬੱਚਿਆਂ ਉੱਤੇ ਅਸਰ

ਅਮਰੀਕਾ ਦੀ ਨਾਰਥ ਈਸਟਰਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪ੍ਰੋਫ਼ੈਸਰ ਲਾਰੀ ਕ੍ਰੇਮਰ ਕਹਿੰਦੇ ਹਨ, “ਇਹ ਬਹੁਤ ਲੋਕਾਂ ਦਾ ਤਜਰਬਾ ਹੈ ਕਿ ਮਾਪੇ ਉਨ੍ਹਾਂ ਦੇ ਮੁਕਾਬਲੇ ਉਨ੍ਹਾਂ ਦੇ ਦੂਜੇ ਭਰਾਵਾਂ ਜਾਂ ਭੈਣਾਂ ਨੂੰ ਵੱਧ ਪਸੰਦ ਕਰਦੇ ਹਨ।”

ਕਈ ਵਾਰ ਇੱਕ ਹੀ ਪਰਿਵਾਰ ਵਿੱਚ ਬੱਚਿਆਂ ਦਾ ਤਜਰਬਾ ਵੱਖਰਾ-ਵੱਖਰਾ ਹੁੰਦਾ ਹੈ, ਕਿਸੇ ਬੱਚੇ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਤੇ ਕਿਸੇ ਨੂੰ ਨਹੀਂ।

ਪਰ ਪਰਿਵਾਰ ਦੇ ਜਿਸ ਬੱਚੇ ਨੂੰ ਇਹ ਲੱਗਣ ਲੱਗਦਾ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਤੁਲਨਾ ਉਨ੍ਹਾ ਦੇ ਕਿਸੇ ਦੂਜੇ ਭਰਾ ਜਾ ਭੈਣ ਉੱਤੇ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਹੈ, ਇਹ ਸਾਰੀ ਜ਼ਿੰਦਗੀ ਰਹਿ ਸਕਦਾ ਹੈ।

ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਜਿਹਾ ਮਹਿਸੂਸ ਕਰਨ ਵਾਲੇ ਬੱਚਿਆਂ ਵਿੱਚ ਆਤਮਵਿਸ਼ਵਾਸ ਦੀ ਕਮੀ (ਲੋ ਸੈਲਫ਼-ਇਸਟੀਮ) ਵੇਖੀ ਜਾਂਦੀ ਹੈ। ਉਹ ਬਚਪਨ ਵਿਚ ਹੋਣ ਵਾਲੀ ਚਿੰਤਾ ਅਤੇ ਮਾਨਸਿਕ ਪਰੇਸ਼ਾਨੀ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਉਨ੍ਹਾਂ ਦਾ ਆਪਣਾ ਵਿਵਹਾਰ ਖ਼ਤਰਨਾਕ ਹੋ ਜਾਂਦਾ ਹੈ।

ਬੱਚੇ
Getty Images
ਸੰਕੇਤਕ ਤਸਵੀਰ

ਕਿਹੋ ਜਿਹਾ ਪ੍ਰਭਾਵ ਪੈਂਦਾ ਹੈ?

ਚੀਨ ਦੇ ਵਿਗਿਆਨੀਆਂ ਨੇ ਅਧਿਐਨ ਵਿੱਚ ਇਹ ਦੇਖਿਆ ਕਿ ਮਾਪਿਆਂ ਰਾਹੀਂ ਬਚਪਨ ਵਿੱਚ ਕੀਤੇ ਜਾਣ ਵਾਲੇ ਫ਼ਰਕ ਦਾ ਇੱਕ ਅਸਰ ਇਹ ਹੁੰਦਾ ਹੈ ਕਿ ਅੱਲ੍ਹੜ ਉਮਰ ਵਿੱਚ ਉਨ੍ਹਾਂ ਬੱਚਿਆਂ ਨੂੰ ਮੋਬਾਇਲ ਦੀ ਆਦਤ ਪੈ ਜਾਂਦੀ ਹੈ।

ਮਾਪਿਆਂ ਦਾ ਇਹ ਵਤੀਰਾ ਪੂਰੀ ਜ਼ਿੰਦਗੀ ਭਰਾ ਅਤੇ ਭੈਣ ਦੇ ਆਪਸੀ ਰਿਸ਼ਤੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਬਾਰੇ ਬੀਬੀਸੀ ਨੇ ਤਿੰਨ ਅਲੱਗ-ਅਲੱਗ ਮਾਹਰਾਂ ਨਾਲ ਗੱਲ ਕੀਤੀ।

ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਸਾਕੇਤ ਦੇ ਡਿਪਾਰਟਮੈਂਟ ਆਫ ਮੈਂਟਲ ਹੈਲਥ ਅਤੇ ਬਿਹੇਵੀਅਰਲ ਸਾਇੰਸਿਸ ਦੇ ਡਾਇਰੈਕਟਰ ਡਾ ਸਮੀਰ ਮਲਹੋਤਰਾ ਕਹਿੰਦੇ ਹਨ, “ਕਦੇ-ਕਦੇ ਕੁਝ ਬੱਚੇ ਬਿਮਾਰ ਰਹਿੰਦੇ ਹਨ ਤਾਂ ਮਾਪਿਆਂ ਦਾ ਵੱਧ ਧਿਆਨ ਬਿਮਾਰ ਬੱਚਿਆਂ ਵੱਲ ਹੀ ਰਹਿੰਦਾ ਹੈ।”

“ਜੇਕਰ ਬੱਚਾ ਹੋਸਟਲ ਵਿੱਚ ਰਹਿੰਦਾ ਹੈ ਅਤੇ ਬਹੁਤ ਦਿਨਾਂ ਤੋਂ ਬਾਅਦ ਘਰ ਆਉਣ ਉੱਤੇ ਮਾਪੇ ਬੱਚੇ ਦਾ ਧਿਆਨ ਰੱਖਣ ਵਿੱਚ ਰੁਝ ਜਾਂਦੇ ਹਨ ਅਤੇ ਦੂਜੇ ਬੱਚਿਆਂ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਉਨ੍ਹਾਂ ਨੂੰ ਘੱਟ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਅਜਿਹਾ ਨਹੀਂ ਹੈ, ਮਾਪਿਆਂ ਦੇ ਲਈ ਸਾਰੇ ਬੱਚੇ ਇੱਕ ਬਰਾਬਰ ਹੁੰਦੇ ਹਨ।”

ਡਾ. ਮਲਹੋਤਰਾ ਦੇ ਮੁਤਾਬਕ, ਜ਼ਿਆਦਾਤਰ ਹਾਲਾਤ ਵਿੱਚ ਇਹ ਬੱਚੇ ਦੀ ਮਨੋਸਥਿਤੀ ਉੱਤੇ ਵੀ ਨਿਰਭਰ ਕਰਦਾ ਹੈ।

ਉਹ ਕਹਿੰਦੇ ਹਨ, “ਜੇਕਰ ਇੱਕ ਬੱਚਾ ਥੋੜ੍ਹਾ ਵਿਗੜਿਆ ਹੁੰਦਾ ਹੈ, ਦੂਜਾ ਥੋੜ੍ਹਾ ਸੰਭਲਿਆ ਹੋਇਆ ਹੁੰਦਾ ਹੈ ਤਾਂ ਮਾਪੇ ਸੰਭਲੇ ਹੋਏ ਬੱਚੇ ਦੀ ਮਿਸਾਲ ਵੱਧ ਦਿੰਦੇ ਹਨ ਕਿਉਂਕਿ ਬੱਚੇ ਦਾ ਦਿਲ ਬਹੁਤ ਨਾਜ਼ੁਕ ਹੁੰਦਾ ਹੈ, ਗੁੱਸੇ ਵਿੱਚ ਮਾਪੇ ਜੇਕਰ ਕੋਈ ਅਜਿਹੀ ਗੱਲ ਕਹਿ ਦਿੰਦੇ ਹਨ ਤਾਂ ਉਹ ਬੱਚੇ ਦੇ ਦਿਲ ਉੱਤੇ ਛਾਪ-ਛੱਡ ਜਾਂਦੀ ਹੈ।”

ਬੱਚੇ
Getty Images
ਸੰਕੇਤਕ ਤਸਵੀਰ
ਬੀਬੀਸੀ
BBC

ਬੱਚਿਆਂ ਉੱਤੇ ਨਾਕਾਰਾਤਮਕ ਅਸਰ

ਡਾ. ਸਮੀਰ ਮਲਹੋਤਰਾ ਕਹਿੰਦੇ ਹਨ ਇਸ ਨਾਲ ਕਈ ਵਾਰੀ ਬੱਚਿਆਂ ਉੱਤੇ ਨਾਕਾਰਾਤਮਕ ਅਸਰ ਪੈਂਦਾ ਹੈ।

  • ਹੀਣ ਭਾਵਨਾ ਦਾ ਸ਼ਿਕਾਰ ਹੋਣਾ
  • ਨੀਂਦ ਦੀਆਂ ਗੋਲੀਆਂ ਖਾਣ ਦੇ ਆਦੀ ਹੋਣ ਦਾ ਖ਼ਦਸ਼ਾ
  • ਛੇਤੀ ਗੁੱਸਾ ਆਉਣਾ
  • ਚਿੜਚਿੜਾਪਨ ਹੋਣਾ
  • ਧਿਆਨ ਖਿੱਚਣ ਦੇ ਲਈ ਭੰਨਤੋੜ ਕਰਨਾ
  • ਮਾਨਸਿਕ ਪਰੇਸ਼ਾਨੀ ਅਤੇ ਚਿੰਤਾ ਦਾ ਸ਼ਿਕਾਰ ਹੋਣਾ
  • ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ
ਬੀਬੀਸੀ
BBC

ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਰਹਿ ਚੁੱਕੇ ਮਨੋਵਿਗਿਆਨਿਕ ਡਾ ਸ਼ੇਖ਼ ਬਸ਼ੀਰ ਕਹਿੰਦੇ ਹਨ, “ਭਾਰਤ ਇੱਕ ਮਰਦ-ਪ੍ਰਧਾਨ ਸਮਾਜ ਹੈ, ਭਾਰਤ ਵਿੱਚ ਮਾਪਿਆਂ ਦੇ ਵੱਲੋਂ ਬੱਚਿਆਂ ਵਿੱਚ ਫ਼ਰਕ ਕਰਨ ਦੀ ਸਭ ਤੋਂ ਵੱਡੀ ਵਜ੍ਹਾ ਲਿੰਗ ਭੇਦ ਹੈ, ਬਹੁਤ ਘਰਾਂ ਵਿੱਚ ਕੁੜੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਤਰਜੀਹ ਦਿੱਤੀ ਜਾਂਦੀ ਹੈ, ਲਿੰਗ ਭੇਦ ਪੜ੍ਹਨ-ਲਿਖਣ ਤੋਂ ਲੈ ਕੇ ਹਰ ਫ਼ੈਸਲੇ ਵਿੱਚ ਸ਼ਾਮਲ ਹੁੰਦਾ ਹੈ।

ਡਾ. ਸ਼ੇਖ਼ ਹਾਲਾਂਕਿ ਇਹ ਵੀ ਕਹਿੰਦੇ ਹਨ ਕਿ ਬਹੁਤ ਸਾਰੇ ਘਰਾਂ ਵਿੱਚ ਬਿਲਕੁਲ ਉਲਟਾ ਮਾਮਲਾ ਦੇਖਣ ਨੂੰ ਮਿਲਦਾ ਹੈ, ਜਿੱਥੇ ਕੁੜੀਆਂ ਦੇ ਵੱਲ ਮਾਪਿਆਂ ਦਾ ਝੁਕਾਅ ਵੱਧ ਹੁੰਦਾ ਹੈ।

ਦੂਜੇ ਕਾਰਣਾ ਦਾ ਜ਼ਿਕਰ ਕਰਦੇ ਹੋਏ, ਡਾ ਸ਼ੇਖ਼ ਕਹਿੰਦੇ ਹਨ, “ਬੱਚਿਆਂ ਵਿੱਚ ਗੈਪ ਘੱਟ ਹੋਣ ਨਾਲ ‘ਸਿਬਲਿੰਗ ਰਾਏਵਲਰੀ’ ਹੋ ਜਾਂਦੀ ਹੈ, ਅਜਿਹੇ ਵਿੱਚ ਬੱਚਿਆਂ ਨੂੰ ਇਹ ਲਗਦਾ ਹੈ ਕਿ ਅਸੀਂ ਤਾਂ ਇੱਕ ਬਰਾਬਰ ਹਾਂ ਤਾਂ ਮੇਰੇ ਉੱਤੇ ਘੱਟ ਧਿਆਨ ਕਿਉਂ ਦਿੱਤਾ ਜਾਂਦਾ ਹੈ।”

ਭਾਰਤ ਵਿੱਚ ਚਮੜੀ ਦੇ ਰੰਗ ਪ੍ਰਤੀ ਜੋ ‘ਪ੍ਰੈਜੂਡਿਸ’ ਹੈ, ਉਸਦੀ ਵਜ੍ਹਾ ਨਾਲ ਵੀ ਪੱਖਪਾਤ ਹੁੰਦਾ ਹੈ।

ਇੱਕ ਬੱਚਾ ਜੇਕਰ ਸਾਂਵਲਾ ਹੈ ਅਤੇ ਇੱਕ ਗੋਰਾ ਹੈ ਤਾਂ ਰੰਗ ਦੇ ਕਾਰਨ ਕਿਸੇ ਬੱਚੇ ਨੂੰ ਘੱਟ ਜਾਂ ਕਿਸੇ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ।

ਡਾ. ਸ਼ੇਖ਼ ਦੇ ਮੁਤਾਬਕ ‘ਫੇਵਰਿਟ ਚਾਈਲਡ’ (ਪਸੰਦੀਦਾ ਬੱਚੇ) ਨੂੰ ਅੱਗੇ ਜਾ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਹ ਕਹਿੰਦੇ ਹਨ, “ਉਹ ਬੱਚੇ ਹਮੇਸ਼ਾ ਤੋਂ ਹੀ ਪ੍ਰਸੰਸਾ ਸੁਣਨ ਦੇ ਆਦੀ ਹੁੰਦੇ ਹਨ ਪਰ ਜਦੋਂ ਉਨ੍ਹਾਂ ਨੂੰ ਬਾਅਦ ਵਿੱਚ ਇਹ ਨਹੀਂ ਮਿਲਦੀ ਤਾਂ ਉਸਦੇ ਬਹੁਤ ਸਾਰੇ ਸਾਈਡ ਇਫੈਕਟਸ (ਨੁਕਸਾਨ) ਨਜ਼ਰ ਆ ਸਕਦੇ ਹਨ, ਇਸ ਨਾਲ ਉਨ੍ਹਾਂ ਦੀ ਪਰਸਨਲ ਲਾਈਫ਼, ਲਵ ਲਾਈਫ਼ ਏਥੋਂ ਤੱਕ ਕਿ ਵਿਆਹੁਤਾ ਜ਼ਿੰਦਗੀ ਉੱਤੇ ਵੀ ਅਸਰ ਪੈ ਸਕਦਾ ਹੈ।”

ਬੀਬੀਸੀ
BBC

ਮਾਪਿਆਂ ਦੀ ਭੂਮੀਕਾ

ਪ੍ਰੋਫ਼ੈਸਰ ਲਾਰੀ ਕ੍ਰੇਮਰ ਦੇ ਮੁਤਾਬਕ ਇਸਦੇ ਲਈ ਪਰਿਵਾਰ ਵਿੱਚ ਸੰਵਾਦ ਸਭ ਤੋਂ ਵੱਧ ਜ਼ਰੂਰੀ ਹੈ।

ਉਹ ਕਹਿੰਦੇ ਹਨ ਕਿ ਜਿਵੇਂ ਹੀ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਕਿਸੇ ਬੱਚੇ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅਣਗੌਲਿਆਂ ਕਰਦੇ ਹਨ ਅਤੇ ਦੂਜੇ ਭਰਾ ਜਾਂ ਭੈਣ ਨੂੰ ਵੱਧ ਤਵੱਜੋ ਦਿੰਦੇ ਹਨ ਤਾਂ ਮਾਪਿਆਂ ਨੂੰ ਉਸ ਬੱਚੇ ਨਾਲ ਤੁਰੰਤ ਗੱਲ ਕਰਨੀ ਚਾਹੀਦੀ ਹੈ।

ਮਾਪਿਆਂ ਨੂੰ ਉਸ ਬੱਚੇ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ ਅਤੇ ਜੇਕਰ ਅਜਿਹਾ ਹੈ ਵੀ ਤਾਂ ਇਸਦੀ ਕੋਈ ਖ਼ਾਸ ਵਜ੍ਹਾ ਹੈ, ਜਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਦਾ ਕੋਈ ਭਰਾ ਜਾਂ ਭੈਣ ਕਿਸੇ ਖ਼ਾਸ ਤਰ੍ਹਾ ਦੀ ਬਿਮਾਰੀ ਦਾ ਸ਼ਿਕਾਰ ਹੋਵੇ ਅਤੇ ਉਸ ਨੂੰ ਖ਼ਾਸ ਦੇਖਭਾਲ ਦੀ ਲੋੜ ਹੋਵੇ।

ਪ੍ਰੋਫ਼ੈਸਰ ਕ੍ਰੇਮਰ ਦਾ ਮੰਨਣਾ ਹੈ ਕਿ ਸੰਵਾਦ ਕਾਇਮ ਕਰਨ ਨਾਲ ਇਸ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਹੈ।

ਬੱਚੇ
Getty Images
ਸੰਕੇਤਕ ਤਸਵੀਰ

ਪੈਰੇਂਟਸ ਏਜੂਕੇਸ਼ਨ ਉੱਤੇ ਕੰਮ ਕਰਨ ਵਾਲੀ ਰਿੱਧੀ ਦੇਵਰਾ ਕਹਿੰਦੇ ਹਨ ਕਿ ਮਾਪਿਆਂ ਨੂੰ ਕਦੇ ਵੀ ਇਸ ਜੁਮਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿ ਤੁਹਾਡਾ ਭਰਾ ਜਾਂ ਤੁਹਾਡੀ ਭੈਣ ਅਜਿਹਾ ਕਰ ਰਹੀ ਹੈ ਤਾਂ ਤੁਸੀਂ ਵੀ ਅਜਿਹਾ ਹੀ ਕਰੋ।

ਉਨ੍ਹਾਂ ਦੇ ਮੁਤਾਬਕ ਇੱਕ ਹੀ ਮਾਪਿਆਂ ਦੇ ਬੱਚਿਆਂ ਦੇ ਆਪਸੀ ਰਿਸ਼ਤੇ ਵਿੱਚ ਮਾਪਿਆਂ ਦੀ ਭੂਮਿਕਾ ਸਭ ਤੋਂ ਵੱਡੀ ਹੁੰਦੀ ਹੈ।

ਉਹ ਕਹਿੰਦੇ ਹਨ ਕਿ ਮਾਪਿਆਂ ਨੂੰ ਆਪਣੇ ਹਰ ਬੱਚੇ ਨਾਲ ਆਪਣੇ ਪਹਿਲੇ ਬੱਚੇ ਵਰਗਾ ਵਿਵਹਾਰ ਹੀ ਕਰਨਾ ਚਾਹੀਦਾ ਹੈ।

ਦੇਵਰਾ ਕਹਿੰਦੇ ਹਨ ਕਿ ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਬੱਚਾ ਆਪਣੇ ਆਪ ਵਿੱਚ ਖ਼ਾਸ ਹੁੰਦਾ ਹੈ ਉਸ ਨੂੰ ਇੱਕ ਅਲੱਗ ਇਨਸਾਨ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ ਨਾ ਕਿ ਦੂਜਿਆਂ ਦੇ ਮੁਕਾਬਲੇ।

ਉਹ ਕਹਿੰਦੇ ਹਨ, "ਵੱਡੇ ਬੱਚਿਆਂ ਨੂੰ ਇਹ ਨਾ ਸਮਝਾਓ ਕਿ ਉਹ ਵੱਡੇ ਹਨ ਤੇ ਉਨ੍ਹਾਂ ਦੇ ਉੱਤੇ ਸਾਰੀ ਜ਼ਿੰਮੇਵਾਰੀ ਪਾ ਦਿੱਤੀ ਜਾਵੇ ਕਿ ਤੁਸੀਂ ਆਪਣਾ ਸਮਾਨ ਵੰਡੋ, ਤੁਸੀਂ ਵੱਡੇ ਹੋ ਤਾਂ ਅਜਿਹਾ ਕਰੋ, ਅਜਿਹਾ ਕਰਨ ਨਾਲ ਵੱਡੇ ਬੱਚੇ ਵਿੱਚ ਇਹ ਭਾਵਨਾ ਆ ਸਕਦੀ ਹੈ ਕਿ ਮੈਨੂੰ ਹੀ ਕਿਉਂ ਦੱਬਿਆ ਜਾ ਰਿਹਾ ਹੈ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News