ਕੁੰਭ ਮੇਲੇ ''''ਚ ਲੋਕਾਂ ਨੂੰ ਬਿਨਾਂ ਲੋੜ ਦਿੱਤੇ ਜਾ ਰਹੇ ਐਂਟੀਬਾਇਓਟਿਕਸ ਕਿਵੇਂ ਖਤਰਨਾਕ ਸਾਬਿਤ ਹੋ ਰਹੇ
Sunday, Sep 10, 2023 - 10:17 AM (IST)
ਧਰਤੀ ਉੱਤੇ ਹੋਣ ਵਾਲੇ ਮਨੁੱਖਾਂ ਦੇ ਸਭ ਤੋਂ ਵੱਡੇ ਇਕੱਠ ਦਾ ਐਂਟੀਬਾਇਓਟਿਕਸ ਦਵਾਈਆਂ ਨਾਲ ਕੀ ਲੈਣਾ-ਦੇਣਾ ਹੈ? ਸਪਸ਼ਟ ਤੌਰ ’ਤੇ ਬਹੁਤ ਕੁਝ ਲੈਣਾ ਦੇਣਾ ਹੈ।
ਅਮਰੀਕਾ ਵਿਚਲੀਆਂ ਸੰਸਥਾਵਾਂ ਨਾਲ ਜੁੜੇ ਖੋਜੀਆਂ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਕੁੰਭ ਮੇਲੇ ਵਿੱਚ ਸਾਹ ਦੀ ਲਾਗ ਦੀ ਸ਼ਿਕਾਇਤ ਲੈ ਕੇ ਪਹੁੰਚਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਉੱਥੋਂ ਦੇ ਕਲੀਨਿਕਾਂ ਵੱਲੋਂ ਐਂਟੀਬਾਇਓਟਿਕਸ ਲੈਣ ਦਾ ਸੁਝਾਅ ਦਿੱਤਾ ਗਿਆ।
ਪਰ, ਇਹ ਖ਼ਤਰਨਾਕ ਹੋ ਸਕਦਾ ਹੈ।
ਇਹ ਅਧਿਐਨ ਲਕਸ਼ਮੀ ਮਿੱਤਲ ਅਤੇ ਹਾਰਵਰਡ ਯੂਨੀਵਰਸਿਟੀ ਵਿਚਲੇ ਫੈਮਿਲੀ ਸਾਊਥ ਏਸ਼ੀਆ ਇੰਸਟੀਚਿਊਟ ਅਤੇ ਯੂਨੀਸੈਫ ਨਾਲ ਜੁੜੇ ਖੋਜਾਰਥੀਆਂ ਵੱਲੋਂ ਕੀਤਾ ਗਿਆ।

ਡਾਕਟਰਾਂ ਮੁਤਾਬਕ ਐਂਟੀਬਾਇਓਟਿਕਸ ਦੀ ਵਰਤੋਂ ਜਿੰਨੀ ਵੱਧ ਕੀਤੀ ਜਾਵੇ ਓਨਾ ਹੀ “ਐਂਟੀਮਾਈਕ੍ਰੋਬਿਅਲ ਰਸਿਸਟੈਂਸ” ਵਧਣ ਦਾ ਖ਼ਤਰਾ ਹੁੰਦਾ ਹੈ।
ਇਹ ਉਦੋਂ ਹੁੰਦਾ ਹੈ ਜਦੋਂ ਬੈਕਟੀਰੀਆ ਸਮੇਂ ਦੇ ਨਾਲ ਬਦਲ ਜਾਂਦਾ ਹੈ ਅਤੇ ਇਸ ਦੇ ਇਲਾਜ ਲਈ ਬਣੀਆਂ ਦਵਾਈਆਂ ਦਾ ਇਸ ਉੱਤੇ ਅਸਰ ਹੋਣਾ ਬੰਦ ਹੋ ਜਾਂਦਾ ਹੈ।
ਡਾਕਟਰਾਂ ਮੁਤਾਬਕ ਨਤੀਜੇ ਵਜੋਂ ਅਜਿਹੀਆਂ ਐਂਟੀਬਾਇਓਟਿਕਸ ਦਾ ਅਸਰ ਨਾ ਮੰਨਣ ਵਾਲੀ (ਲਾਗ), ਜਿਸ ਨੂੰ ਕਿ ‘ਸੁਪਰਬੱਗ ਇਨਫੈਕਸ਼ਨਸ’ ਵੀ ਕਿਹਾ ਜਾਂਦਾ ਹੈ, ਵਿੱਚ ਵਾਧਾ ਹੁੰਦਾ ਹੈ।


ਇਹ ਕਿੰਨਾ ਖ਼ਤਰਨਾਕ ਹੋ ਸਕਦਾ ਹੈ?

ਵਰਲਡ ਹੈਲਥ ਆਰਗਨਾਈਜ਼ੇਸ਼ਨ (ਡਬਲਯੂਐੱਚਓ) ਮੁਤਾਬਕ ਇਹ ਐਂਟੀਬਾਇਓਟਿਕਸ ਸੰਸਾਰ ਭਰ ਵਿੱਚ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ।
ਇੱਕ ਮੈਡੀਕਲ ਜਰਨਲ ਲੈਂਸਟ ਮੁਤਾਬਕ, ਐਂਟੀਬਾਇਓਟਿਕ ਦਾ ਲਾਗ ਉੱਤੇ ਅਸਰ ਨਾ ਹੋਣ ਕਾਰਨ 2019 ਵਿੱਚ ਸਿੱਧੇ ਤੌਰ ‘ਤੇ ਸੰਸਾਰ ਭਰ ਵਿੱਚ 12.7 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਿਆ।
ਡਬਲਯੂਐੱਚਓ ਮੁਤਾਬਕ ਇਨ੍ਹਾਂ ਮੌਤਾਂ ਦੀ ਗਿਣਤੀ 2050 ਤੱਕ 10 ਮਿਲੀਅਨ (1 ਕਰੋੜ) ਵਧਣ ਦਾ ਵੀ ਖ਼ਤਰਾ ਹੈ।
ਅਜਿਹੇ ਬਹੁਤੇ ਕੇਸਾਂ ਵਿੱਚ ਐਂਟੀਬਾੲਇਓਟਿਕਸ, ਜਿਨ੍ਹਾਂ ਨੂੰ ਲਾਗ ਦੇ ਇਲਾਜ ਲਈ ਵਰਤਿਆਂ ਜਾਂਦਾ ਹੈ ਬੇਅਸਰ ਰਹੇ।
ਭਾਰਤ ਵਿੱਚ ਐਂਟੀਬਾਇਓਟਿਕਸ ਦੀ ਵਰਤੋਂ ਸੰਸਾਰ ਵਿੱਚ ਸਭ ਤੋਂ ਵੱਧ ਕੀਤੀ ਜਾਂਦੀ ਹੈ।
ਨਵਜੰਮੇ ਬੱਚਿਆਂ ਨੂੰ ਹੋਣ ਵਾਲੀ ਅਜਿਹੀ ਲਾਗ ਜਿਸ ਉੱਤੇ ਐਂਟੀਬਾਇਓਟਿਕ ਬੇਅਸਰ ਰਹਿੰਦੇ ਹਨ, ਹਰ ਸਾਲ 60,000 ਨਵਜੰਮੇ ਬੱਚਿਆਂ ਦੀ ਮੌਤ ਦਾ ਕਾਰਨ ਬਣਦੀ ਹੈ।
ਖੋਜਾਰਥੀਆਂ ਮੁਤਾਬਕ ਕੋਵਿਡ ਮਹਾਂਮਾਰੀ ਦੌਰਾਨ ਐਂਟੀਬਾਇਓਟਕਸ ਦੀ ਵਰਤੋਂ ਵਿੱਚ ਵਾਧਾ ਹੋਇਆ।
ਕੁੰਭ ਮੇਲੇ ਵਿਚਲੇ ਕਲੀਨਿਕਾਂ ਤੋਂ ਕੀ ਸਾਹਮਣੇ ਆਇਆ

ਕਈ ਹਫ਼ਤੇ ਚੱਲਣ ਵਾਲਾ ਕੁੰਭ ਮੇਲਾ ਭਾਰਤ ਦੇ ਚਾਰ ਸ਼ਹਿਰਾਂ ਵਿੱਚ ਹੁੰਦਾ ਹੈ। ਸ਼ਰਧਾਲੂ ਇਨ੍ਹਾਂ ਸ਼ਹਿਰਾਂ ਵਿੱਚੋਂ ਵਗਦੇ ਦਰਿਆ ਵਿੱਚ ਇਸ਼ਨਾਨ ਕਰਦੇ ਹਨ।
ਅਮਰੀਕੀ ਖੋਜਾਰਥੀਆਂ ਨੇ 40 ਕਲੀਨਿਕਾਂ ਤੋਂ ਅਜਿਹੇ 70,000 ਮਰੀਜ਼ਾਂ ਦੀ ਜਾਣਕਾਰੀ ਇਕੱਠੀ ਕੀਤੀ।
ਇਹ ਮਰੀਜ਼ 2013 ਅਤੇ 2015 ਵਿੱਚ ਪ੍ਰਯਾਗਰਾਜ – ਜਿਸ ਨੂੰ ਇਲਾਹਾਬਾਦ ਵੀ ਕਿਹਾ ਜਾਂਦਾ ਹੈ ਅਤੇ ਨਾਸ਼ਿਕ ਵਿੱਚ ਲੱਗੇ ਕੁੰਭ ਦੇ ਮੇਲੇ ਵਿੱਚ ਹਿੱਸਾ ਲੈਣ ਆਏ ਸਨ।
ਤਕਰੀਬਨ 10 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਇਨ੍ਹਾਂ ਦੋ ਤਿਓਹਾਰਾਂ ਵਿੱਚ ਹਿੱਸਾ ਲਿਆ।
ਪ੍ਰਯਾਗਰਾਜ ਵਿੱਚ 2013 ਵਿੱਚ ਮਰੀਜ਼ਾਂ ਦੀ ਔਸਤ ਉਮਰ 46 ਸਾਲ ਸੀ ਅਤੇ ਬਹੁਤੀ ਗਿਣਤੀ ਮਰਦਾਂ ਦੀ ਸੀ।
ਉਨ੍ਹਾਂ ਨੂੰ ਬੁਖ਼ਾਰ, ਖੰਘ, ਨੱਕ ਵਗਣ, ਮਾਸਪੇਸ਼ੀਆਂ ਵਿੱਚ ਦਰਦ ਅਤੇ ਦਸਤ ਵਰਗੀਆਂ ਮੁਸ਼ਕਲਾਂ ਆ ਰਹੀਆਂ ਸਨ।
ਖੋਜਾਰਥੀਆਂ ਦੇ ਸਾਹਮਣੇ ਇਹ ਆਇਆ ਕਿ ਮਰੀਜ਼ਾਂ ਦੀ ਕੁੱਲ ਗਿਣਤੀ ਦੇ ਤੀਜੇ ਹਿੱਸੇ ਤੋਂ ਵੀ ਵੱਧ ਲੋਕਾਂ ਨੂੰ ਐਂਟੀਬਾਇਓਟਿਕਸ ਲੈਣ ਦੀ ਸਲਾਹ ਦਿੱਤੀ ਗਈ ਸੀ।
ਪ੍ਰਯਾਗਰਾਜ ਵਿੱਚ ਉੱਪਰੀ ਸਾਹ ਦੀ ਨਾਲੀ ਦੀ ਲਾਗ ਦੀ ਪ੍ਰੇਸ਼ਾਨੀ ਨਾਲ ਆਏ ਮਰੀਜ਼ਾਂ ਵਿੱਚੋਂ 69 ਫੀਸਦੀ ਮਰੀਜ਼ਾਂ ਨੂੰ ਮੁਫ਼ਤ ਸਰਕਾਰੀ ਕਲੀਨਿਕਾਂ ਤੋਂ ਐਂਟੀਬਾਇਓਟਿਕਸ ਦਿੱਤੇ ਗਏ ਸਨ।
ਐਂਟੀਬਾਇਓਟਿਕਸ ਦੇਣ ਦੀ ਦਰ ਭਾਰਤ ਵਿੱਚ ਆਮ ਨਾਲੋਂ ਜ਼ਿਆਦਾ
ਹਾਲ ਹੀ ਵਿੱਚ ਛਾਪੇ ਗਏ ਇੱਕ ਪੇਪਰ ਵਿੱਚ ਖੋਜਾਰਥੀਆਂ ਦਾ ਕਹਿਣਾ ਹੈ, “ਇਹ ਦੇਖਦਿਆਂ ਕਿ ਲਾਗ ਦੀਆਂ ਅਜਿਹੀਆਂ ਕਿਸਮਾਂ ਜਿਹੜੀਆਂ ਸਾਹ ਦੀ ਉੱਪਰੀ ਨਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ, ਇੱਕ ਕਿਸਮ ਦਾ ਵਾਇਰਲ ਹੁੰਦੀਆਂ ਹਨ, ਇਹ ਦਰ ਬਹੁਤ ਜ਼ਿਆਦਾ ਹੈ।”
ਖੋਜਾਰਥੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਕਾਰਨ ਕਰਕੇ ਕੁੰਭ ਮੇਲੇ ਵਿਚਲੇ ਕਲੀਨਿਕ ਵਿੱਚ ਜਾਣ ਤੋਂ ਬਾਅਦ ਇਹ ਸੰਭਾਵਨਾ ਹੈ ਕਿ ਤੁਸੀਂ ਐਂਟੀਬਾਇਓਟਿਕਸ ਲੈਣ ਦੀ ਸਲਾਹ ਲੈ ਕੇ ਆਓਗੇ।
ਜੇਕਰ ਤੁਸੀਂ ਨੱਕ ਵਗਣ ਦੀ ਮੁਸ਼ਕਲ ਲਈ ਕਲੀਨਿਕ ਵਿੱਚ ਜਾਂਦੇ ਹੋ ਤਾਂ ਇਹ ਸੰਭਵ ਹੈ ਕਿ ਤਿੰਨ ਵਿੱਚੋਂ ਦੋ ਵਾਰੀ ਤੁਸੀਂ ਐਂਟੀਬਾਇਓਟਿਕਸ ਲੈ ਕੇ ਹੀ ਮੁੜੋਗੇ।
ਖੋਜਾਰਥੀਆਂ ਨੇ ਕਿਹਾ, “ਜਦੋਂ ਐਂਟੀਬਾਇਓਟਿਕਸ ਲੈਣ ਦੀ ਰਾਏ ਦਿੱਤੀ ਜਾਂਦੀ ਹੈ ਤਾਂ ਇਸਦੀ ਚੋਣ ਪਿੱਛੇ ਕੋਈ ਵਾਜਬ ਕਾਰਨ ਨਹੀਂ ਦਿੱਸਦਾ।”
ਇਹ ਨਤੀਜੇ ਪੁਰਾਣਿਆਂ ਅੰਦਾਜ਼ਿਆਂ ਨਾਲ ਮੇਲ ਖਾਂਦੇ ਹਨ, ਜਿਸ ਅਨੁਸਾਰ ਭਾਰਤ ਵਿੱਚ ਐਂਟੀਬਾਇਓਟਿਕਸ ਦੀ ਸਲਾਹ ਦੇਣ ਦੀ ਔਸਤ 39 ਤੋਂ 66 ਫੀਸਦ ਹੈ।
ਖੋਜਾਰਥੀ ਇਹ ਮੰਨਦੇ ਹਨ ਕਿ ਕੁੰਭ ਮੇਲੇ ਵਿਚਲੇ ਕਲੀਨਿਕਾਂ ਦੇ ਸਾਹਮਣੇ ਬਹੁਤ ਚੁਣੌਤੀਆਂ ਹੁੰਦੀਆਂ ਜਿਵੇਂ ਮਰੀਜ਼ਾਂ ਦੀ ਭੀੜ, ਘੱਟ ਸਮਾਂ ਅਤੇ ਮਰੀਜ਼ਾਂ ਦੀ ਸਿਹਤ ਦੀ ਸਥਿਤੀ ਬਾਰੇ ਘੱਟ ਜਾਣਕਾਰੀ।
ਬਹੁਤੇ ਮਰੀਜ਼ਾਂ ਨੂੰ ਨਹੀਂ ਹੁੰਦੀ ਡਾਕਟਰਾਂ ਦੀ ਲੋੜ

ਹਰੇਕ ਕਲੀਨਿਕ ਵਿੱਚ ਇੱਕ ਦਿਨ ਵਿੱਚ ਸੈਂਕੜੇ ਹੀ ਮਰੀਜ਼ ਆਉਂਦੇ ਹਨ, ਮਰੀਜ਼ ਅਤੇ ਡਾਕਟਰਾਂ ਦੀ ਗੱਲਬਾਤ ਸਰਸਰੀ ਜਿਹੀ ਹੁੰਦੀ ਹੈ ਅਤੇ ਮਰੀਜ਼ ਆਪਣੀ ਬੀਮਾਰੀ ਲਈ ਦਵਾਈ ਦਿੱਤੇ ਜਾਣ ਦੀ ਉਮੀਦ ਰੱਖਦੇ ਹਨ।
ਡਾਕਟਰ ਮਰੀਜ਼ਾਂ ਨਾਲ ਔਸਤਨ ਤਿੰਨ ਤੋਂ ਵੀ ਘੱਟ ਮਿੰਟ ਦਾ ਸਮਾਂ ਬਤੀਤ ਕਰਦੇ ਹਨ, ਅਤੇ “ਬਹੁਤੀ ਵਾਰੀ ਮਰੀਜ਼ਾਂ ਦੀ ਜਾਂਚ ਕੀਤੇ ਬਗੈਰ ਹੀ ਉਨ੍ਹਾਂ ਨੂੰ ਐਂਟੀਬਾਇਓਟਿਕਸ ਲੈਣ ਦੀ ਸਲਾਹ ਦਿੰਦੇ ਹਨ।” ਐਂਟੀਬਾਇਓਟਿਕਸ ਦੀ ਚੋਣ ਅਤੇ ਡੋਜ਼ ਵੀ “ਬੇਮਤਲਬ ਲੱਗਦੀ” ਹੈ।
ਅਧਿਕਾਰਤ ਪ੍ਰਕਿਰਿਆ ਮੁਤਾਬਕ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਤਿੰਨ ਦਿਨਾਂ ਦੀ ਦਵਾਈ ਦਿੱਤੀ ਜਾਂਦੀ ਹੈ ਅਤੇ ਇਹ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਮਰੀਜ਼ ਇੱਕ ਵਾਰੀ ਫੇਰ ਡਾਕਟਰ ਕੋਲ ਪ੍ਰੀਖਣ ਲਈ ਆਉਣ।
ਖੋਜਾਰਥੀਆਂ ਨੇ ਇਹ ਵੇਖਿਆ ਕਿ ਬਹੁਤੇ ਸ਼ਰਧਾਲੂ ਇੱਕ ਦਿਨ ਮੇਲੇ ਵਿੱਚ ਘੁੰਮਣ ਤੋਂ ਬਾਅਦ ਹੀ ਆਪਣੇ ਘਰ ਵਾਪਸ ਚਲੇ ਗਏ।
ਖੋਜਾਰਥੀਆਂ ਨੇ ਇਹ ਸਿਫ਼ਾਰਿਸ਼ ਕੀਤੀ ਕਿ ਮਰੀਜ਼ਾਂ ਨੂੰ ਐਂਟੀਬਾਇਓਟਿਕਸ ਲੈਣ ਦੀ ਹਦਾਇਤ ਕਰਨ ਦੀ ਦਰ ਅਗਲੇ ਤਿਓਹਾਰਾਂ ਵਿੱਚ ਘਟਾਉਣੀ ਚਾਹੀਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਲੀਨਿਕਾਂ ਵਿੱਚ ਜਾਣ ਵਾਲੇ ਬਹੁਤੇ ਲੋਕਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਹੁੰਦੀ।
ਇਸ ਲਈ ਉਹ ਕਹਿੰਦੇ ਹਨ, ਮੱਧ ਪੱਧਰ ਦੇ ਸਿਹਤ ਸਹਾਇਕ, ਵਿਦਿਆਰਥੀ ਜਾਂ ਕਮਿਊਨਿਟੀ ਹੈਲਥ ਵਰਕਰ ਅਜਿਹੇ ਮਰੀਜ਼ਾਂ ਦੀ ਪਛਾਣ ਕਰ ਸਕਦੇ ਹਨ। ਮਰੀਜ਼ ਘੱਟ ਹੋਣ ਨਾਲ ਡਾਕਟਰਾਂ ਉੱਤੇ ਵੀ ਇਲਾਜ ਦਾ ਬੋਝ ਘੱਟ ਹੋਵੇਗਾ।
ਕੀ ਹੈ ਖੋਜਾਰਥੀਆਂ ਮੁਤਾਬਕ ਹੱਲ

ਕਲੀਨਿਕਾਂ ਵਿੱਚ ਟੈਸਟ ਲਈ ਲੈਬ ਅਤੇ ਰੇਡੀਓਲੌਜੀ ਦੀ ਸੁਵਿਧਾ ਵੀ ਹੋਣੀ ਚਾਹੀਦੀ ਹੈ। ਮਰੀਜ਼ਾਂ ਦੀ ਪੂਰੀ ਜਾਂਚ ਨਾ ਹੋਣ ਕਾਰਨ ਡਾਕਟਰ ਐਂਟੀਬਾਇਓਟਿਕਸ ਉੱਤੇ ਨਿਰਭਰ ਕਰਦੇ ਹਨ।
ਇਸਦੇ ਨਾਲ ਹੀ ਡਾਕਟਰਾਂ ਨੂੰ ਵੀ ਐਂਟੀਬਾਇਓਟਿਕਸ ਦੀ ਵਰਤੋਂ ਬਾਰੇ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ਅਤੇ ਐਂਟੀਬਾਇਓਟਿਕਸ ਦੀ ਤਿੰਨ ਦਿਨਾਂ ਦੀ ਡੋਜ਼ ਬਾਰੇ ਦੁਬਾਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਸਤਚਿਤ ਬਾਲਸਰੀ ਇਸ ਅਧਿਐਨ ਵਿੱਚ ਸ਼ਾਮਲ ਖੋਜਾਰਥੀਆਂ ਵਿੱਚੋਂ ਇੱਕ ਹਨ ਅਤੇ ਹਾਰਵਰਡ ਮੈਡੀਕਲ ਸਕੂਲ ਵਿੱਚ ਐਮਰਜੈਂਸੀ ਮੈਡੀਸਿਨ ਦੇ ਸਹਾਇਕ ਪ੍ਰੋਫੈਸਰ ਹਨ। ਉਨ੍ਹਾਂ ਨੇ ਕਿਹਾ ਕਿ “ਸਰਕਾਰੀ ਸਿਹਤ ਦੇ ਪ੍ਰਬੰਧ ਅਤੇ ਕਾਰਜਸ਼ੈਲੀ ਵਿੱਚ ਕਾਫ਼ੀ ਘਾਟਾਂ ਹਨ।”
2013 ਵਿੱਚ ਪ੍ਰਯਾਗਰਾਜ ਦਾ ਤਿਓਹਾਰ ਅਜਿਹਾ ਪਹਿਲਾ ਤਿਓਹਾਰ ਸੀ ਜਿਸ ਵਿੱਚ ਬਿਮਾਰੀਆਂ ਦੀ ਰੀਅਲ-ਟਾਈਮ ਨਿਗਰਾਨੀ ਰੱਖੀ ਗਈ।
ਇਸੇ ਤਰ੍ਹਾਂ 2015 ਵਿੱਚ ਨਾਸਿਕ ਵਿੱਚ ਹੋਏ ਕੁੰਭ ਮੇਲੇ ਵਿੱਚ ਕਾਗਜ਼ੀ ਜਾਣਕਾਰੀ ਨੂੰ ਡਿਜੀਟਲ ਤਕਨੀਕ ਨਾਲ ਇਕੱਠਾ ਕੀਤਾ ਗਿਆ, ਜਿਸ ਰਾਹੀ ਬਿਮਾਰੀਆਂ ਉੱਤੇ ਲਗਾਤਾਰ ਨਿਗਰਾਨੀ ਰੱਖਣ ਦੀ ਸ਼ੁਰੂਆਤ ਹੋਈ ਸੀ।
ਪ੍ਰੋਫ਼ੈਸਰ ਬਲਸਾਰੀ ਨੇ ਦੱਸਿਆ, “ਦੋਵਾਂ ਹਾਲਾਤਾਂ ਵਿੱਚ ਇਸ ਬਾਰੇ ਵੱਡੇ ਪੱਧਰ ਉੱਤੇ ਜਾਣਕਾਰੀ ਬਹੁਤ ਘੱਟ ਸੀ ਕਿ ਸਾਰੇ ਪ੍ਰਾਇਮਰੀ ਕਲੀਨਿਕਾਂ ਵਿੱਚ ਬਦਲਾਅ ਆ ਸਕਣ ਜਾਂ ਇਸ ਦੀ ਵਰਤੋਂ ਕੋਰੋਨਾ ਮਹਾਂਮਾਰੀ ਦੌਰਾਨ ਕੀਤੀ ਜਾ ਸਕੇ।”
ਉਨ੍ਹਾਂ ਕਿਹਾ ਕਿ 2025 ਵਿੱਚ ਪ੍ਰਯਾਗਰਾਜ ਵਿੱਚ ਹੋਣ ਵਾਲਾ ਮੇਲਾ ਸਿਹਤ ਸਬੰਧੀ ਕਾਰਜਸ਼ੀਲ ਡਿਜੀਟਲ ਢਾਂਚਾ ਖੜ੍ਹਾ ਕੀਤਾ ਜਾ ਸਕੇ।
ਇਹ ਜ਼ਰੂਰੀ ਹੈ ਕਿ ਇਹ ਢਾਂਚਾ ਡਾਕਟਰੀ, ਲੈਬ ਅਧਾਰਿਤ, ਦਵਾਈਆਂ ਦੀ ਵਰਤੋਂ ਅਤੇ ਸੀਵਰੇਜ ਦੇ ਡਾਟਾ ਦੇ ਆਧਾਰ ਉੱਤੇ ਬਿਮਾਰੀਆਂ ਦੀ ਪਛਾਣ ਕਰ ਸਕੇ।
ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਐਂਟੀਬਾਇਓਟਿਕਸ ਦੀ ਰਾਏ ਦੇਣ ਦੇ ਦੁਆਲੇ ਜਿਹੜੇ ਨਿਯਮ ਹਨ ਉਨ੍ਹਾਂ ਨੂੰ ਸਖ਼ਤ ਕਰਨ ਦੀ ਲੋੜ ਹੈ ਅਤੇ ਇਸ ਨੂੰ ਸੰਸਾਰ ਦੇ ਸਭ ਤੋਂ ਵੱਡੇ ਇਕੱਠ ਤੋਂ ਸ਼ੁਰੁ ਕਰਨਾ ਇੱਕ ਚੰਗੀ ਸ਼ੁਰੂਆਤ ਹੋਵੇਗੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)