ਜੀ-20 ਸੰਮੇਲਨਾਂ ਤੋਂ ਦੁਨੀਆਂ ਨੂੰ ਪਿਛਲੇ 20 ਸਾਲਾਂ ਵਿੱਚ ਕੀ ਕੁਝ ਹਾਸਲ ਹੋਇਆ

Saturday, Sep 09, 2023 - 09:17 AM (IST)

ਜੀ-20 ਸੰਮੇਲਨਾਂ ਤੋਂ ਦੁਨੀਆਂ ਨੂੰ ਪਿਛਲੇ 20 ਸਾਲਾਂ ਵਿੱਚ ਕੀ ਕੁਝ ਹਾਸਲ ਹੋਇਆ

ਜੀ-20, ਜੀ-7, ਆਸਿਆਨ, ਬ੍ਰਿਕਸ, ਸਾਰਕ, ਸ਼ੰਘਾਈ, ਨਾਟੋ, ਓਪੇਕ ਅਤੇ ਹੋਰ ਕਈ ਅਜਿਹੇ ਕੌਮਾਂਤਰੀ ਸਮੂਹ ਹਨ ਜਿਨ੍ਹਾਂ ਦੀਆਂ ਮੀਟਿੰਗਾਂ ਹਰ ਰੋਜ਼ ਸੁਰਖੀਆਂ ਵਿੱਚ ਰਹਿੰਦੀਆਂ ਹਨ।

ਇਨ੍ਹੀਂ ਦਿਨੀਂ ਦੁਨੀਆਂ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਦੇ ਸੰਗਠਨ ਜੀ-20 ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ ਤੇ ਭਾਰਤ ਵਿੱਚ ਰਹਿੰਦਿਆਂ ਤਾਂ ਤੁਹਾਨੂੰ ਇਸ ਦੇ ਹੋਰ ਵੀ ਵਧੇਰੇ ਚਰਚੇ ਸੁਣਨ ਨੂੰ ਮਿਲੇ ਹੋਣਗੇ।

ਜੀ-20 ਦਾ 18ਵਾਂ ਸਿਖਰ ਸੰਮੇਲਨ ਇਸ ਵਾਰ ਨਵੀਂ ਦਿੱਲੀ ਵਿੱਚ ਹੋ ਰਿਹਾ ਹੈ। ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਵੀ ਪਹੁੰਚ ਚੁੱਕੇ ਹਨ।

ਹਾਲਾਂਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਵਾਰ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਉਨ੍ਹਾਂ ਦੀ ਥਾਂ ਉਨ੍ਹਾਂ ਦੇ ਨੁਮਾਇੰਦੇ ਇਸ ਵਿੱਚ ਹਿੱਸਾ ਲੈਣਗੇ।

ਕਾਨਫਰੰਸ ਦੀਆਂ ਅਹਿਮ ਮੀਟਿੰਗਾਂ 9-10 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਹੋ ਰਹੀਆਂ ਹਨ।

ਮੀਟਿੰਗ ਲਈ ਕੋਈ ਤੈਅ ਏਜੰਡਾ ਨਹੀਂ ਹੈ, ਪਰ ਫ਼ਿਰ ਵੀ ਜਲਵਾਯੂ ਤਬਦੀਲੀ, ਗਲੋਬਲ ਚੁਣੌਤੀਆਂ, ਰੂਸ-ਯੂਕਰੇਨ ਜੰਗ, ਸਵੱਛ ਊਰਜਾ ਤਬਦੀਲੀ ਅਤੇ ਗ਼ਰੀਬੀ ਵਰਗੇ ਮੁੱਦੇ ਚਰਚਾ ਦਾ ਹਿੱਸਾ ਹੋਣ ਦੀ ਸੰਭਾਵਨਾ ਹੈ।

ਜੀ 20 ਸਮੂਹ ਵਿੱਚ 19 ਦੇਸ਼ ਸ਼ਾਮਲ ਹਨ - ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫ਼ਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਰਿਪਬਲਿਕ ਆਫ਼ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ ਅਤੇ ਅਮਰੀਕਾ।

ਯੂਰਪੀਅਨ ਯੂਨੀਅਨ ਸਮੂਹ ਦਾ 20ਵਾਂ ਮੈਂਬਰ ਹੈ। ਯਾਨੀ ਯੂਰਪੀਨ ਦੇਸ਼ਾਂ ਦਾ ਮਜ਼ਬੂਤ ਸਮੂਹ।

ਹਰ ਸਾਲ, ਇੱਕ ਰੋਟੇਸ਼ਨਲ ਪ੍ਰਣਾਲੀ ਦੇ ਤਹਿਤ, ਮੈਂਬਰ ਦੇਸ਼ਾਂ ਨੂੰ ਕਾਨਫਰੰਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਦਾ ਹੈ।

ਹਰ ਸਾਲ ਮੇਜ਼ਬਾਨ ਦੇਸ਼ ਜੀ-20 ਮੀਟਿੰਗਾਂ ਦਾ ਆਯੋਜਨ ਕਰਦੇ ਹਨ। ਬੈਠਕਾਂ ਇੱਕ ਥੀਮ ਦੇ ਤਹਿਤ ਹੁੰਦੀਆਂ ਹਨ ਅਤੇ ਬਹੁਤ ਸਾਰੇ ਉਤਸ਼ਾਹ ਭਰਪੂਰ ਟੀਚੇ ਨਿਰਧਾਰਤ ਕੀਤੇ ਜਾਂਦੇ ਹਨ।

ਪਰ ਇਨ੍ਹਾਂ ਟੀਚਿਆਂ ਦਾ ਨਤੀਜਾ ਕੀ ਨਿਕਲਦਾ ਹੈ?

ਸਾਲ 2008 ਤੋਂ ਸਾਲ 2022 ਤੱਕ ਹੁਣ ਤੱਕ ਜੀ-20 ਦੀਆਂ 17 ਮੀਟਿੰਗਾਂ ਵਿੱਚੋਂ ਕੀ ਕੁਝ ਹਾਸਲ ਹੋਇਆ?

ਇਸ ਦੌਰਾਨ ਗਰੁੱਪ ਦੇ ਮੁੱਖ ਏਜੰਡੇ ਕੀ ਸਨ, ਉਨ੍ਹਾਂ ਏਜੰਡਿਆਂ ਨੂੰ ਪੂਰਾ ਕਰਨ ਲਈ ਕੀ ਕਦਮ ਚੁੱਕੇ ਗਏ ਅਤੇ ਉਨ੍ਹਾਂ ਦਾ ਨਤੀਜਾ ਕੀ ਨਿਕਲਿਆ?

ਮੋਦੀ
Getty Images
ਦਿੱਲੀ ਵਿੱਚ ਜਗ੍ਹਾ-ਜਗ੍ਹਾ ਇਸ ਤਰ੍ਹਾਂ ਦੇ ਵੱਡੇ ਪੋਸਟਰ ਲਗਾਏ ਗਏ ਹਨ

ਮਾਹਰ ਕੀ ਕਹਿੰਦੇ ਹਨ?

ਵਿਦੇਸ਼ ਮਾਮਲਿਆਂ ਦੇ ਮਾਹਰ ਹਰਸ਼ ਪੰਤ ਦਾ ਕਹਿਣਾ ਹੈ ਕਿ, “ਜੀ-20 ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ 2008 ਦੇ ਆਰਥਿਕ ਸੰਕਟ ਨਾਲ ਨਜਿੱਠਣਾ ਸੀ।''''''''

''''''''ਉਸ ਸਮੇਂ ਆਰਥਿਕ ਸੰਕਟ ਨੂੰ ਕਾਬੂ ਕਰਨ ਵਿੱਚ ਸਮੂਹ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਜੀ-20 ਨੇ ਆਈਐੱਮਐਫ਼ ਅਤੇ ਵਿਸ਼ਵ ਬੈਂਕ ਵਿੱਚ ਵੀ ਕੁਝ ਸਾਰਥਕ ਬਦਲਾਅ ਕੀਤੇ ਹਨ।”

ਉਹ ਕਹਿੰਦੇ ਹਨ, "ਤੁਹਾਨੂੰ ਜੀ-20 ਦੀਆਂ ਬਹੁਤੀਆਂ ਗਿਣਨਯੋਗ ਪ੍ਰਾਪਤੀਆਂ ਦੇਖਣ ਨੂੰ ਨਹੀਂ ਮਿਲਣਗੀਆਂ, ਪਰ ਮੈਨੂੰ ਲੱਗਦਾ ਹੈ ਕਿ ਜੀ-20 ਦਾ ਗਠਨ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ।"

“ਇਸਦੇ ਗਠਨ ਨੇ ਦਿਖਾਇਆ ਕਿ ਵਿਸ਼ਵ ਦੀ ਆਰਥਿਕ ਵਿਵਸਥਾ ਤੇਜ਼ੀ ਨਾਲ ਬਦਲ ਰਹੀ ਹੈ।”

"ਜਿਵੇਂ ਕਿ ਪਹਿਲਾਂ ਜੀ-7 ਜਾਂ ਜੀ-8 ਸਮੂਹ ਵੱਡੇ ਵਿਸ਼ਵ ਆਰਥਿਕ ਮੁੱਦਿਆਂ ''''ਤੇ ਫ਼ੈਸਲੇ ਲੈਂਦੇ ਸਨ, ਪਰ ਜਦੋਂ ਆਰਥਿਕ ਪ੍ਰਣਾਲੀ ਬਦਲਣੀ ਸ਼ੁਰੂ ਹੋਈ ਅਤੇ 2008 ਦੀ ਆਰਥਿਕ ਮੰਦੀ ਦੌਰਾਨ, ਇਨ੍ਹਾਂ ਦੇਸ਼ਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਯਾਨੀ ਪੱਛਮ ਦਾ ਦਬਦਬਾ ਹੁਣ ਪਹਿਲਾਂ ਦੀ ਵਾਂਗ ਪ੍ਰਭਾਵਸ਼ਾਲੀ ਨਹੀਂ ਰਿਹਾ।”

“ਪੁਰਾਣਾ ਢਾਂਚਾ ਉਸ ਸਮੇਂ ਜੋ ਆਰਥਿਕ ਬਦਲਾਅ ਆ ਰਹੇ ਹਨ ਉਨ੍ਹਾਂ ਨਾਲ ਨਜਿੱਠਣ ਦੇ ਯੋਗ ਨਵੀ ਨਹੀਂ ਸੀ। ਤਾਂ ਹੀ ਇਸ ਫ਼ੋਰਮ ਨੂੰ ਬਣਾਇਆ ਗਿਆ ਤਾਂ ਕਿ ਉਭਰਦੀਆਂ ਤਾਕਤਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਨੂੰ ਆਰਥਿਕ ਫ਼ੈਸਲਿਆਂ ਦਾ ਹਿੱਸਾ ਬਣਾਇਆ ਜਾ ਸਕੇ।''''''''

ਜੀ-20
Getty Images
ਜੀ-20 ਦੇ ਮੱਦੇਨਜ਼ਰ ਦਿੱਲੀ ਵਿੱਚ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ

ਪਰ ਕੀ ਚੀਨ ਅਤੇ ਰੂਸ ਦੇ ਰਾਸ਼ਟਰਪਤੀ ਦਾ ਜੀ-20 ਦੀ ਮੀਟਿੰਗ ਤੋਂ ਇਸ ਤਰ੍ਹਾਂ ਦੂਰੀ ਬਣਾ ਲੈਣਾ, ਜੀ-20 ਦੀ ਸਾਰਥਕਤਾ ''''ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ?

ਇਸ ਸਵਾਲ ਦੇ ਜਵਾਬ ਵਿੱਚ ਪੰਤ ਕਹਿੰਦੇ ਹਨ, "ਅਜਿਹੇ ਆਰਥਿਕ ਪਲੇਟਫਾਰਮ ਉਦੋਂ ਜ਼ਿਆਦਾ ਸਫਲ ਹੁੰਦੇ ਹਨ ਜਦੋਂ ਦੁਨੀਆਂ ਵਿੱਚ ਭੂ-ਰਾਜਨੀਤਿਕ ਤਣਾਅ ਘੱਟ ਹੁੰਦਾ ਹੈ।"

“ਇਸ ਵੇਲੇ ਸਥਿਤੀ ਅਜਿਹੀ ਹੈ ਕਿ ਇਹ ਤਣਾਅ ਬਹੁਤ ਪ੍ਰਤੱਖ ਹੈ। ਵੱਡੀਆਂ ਸ਼ਕਤੀਆਂ ਇੱਕ ਦੂਜੇ ਨਾਲ ਕੰਮ ਕਰਨ ਲਈ ਤਿਆਰ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਇਕੱਠੇ ਕਿਸੇ ਫ਼ੈਸਲੇ ’ਤੇ ਲਿਆਉਣਾ ਵੱਡੀ ਚੁਣੌਤੀ ਬਣ ਰਿਹਾ ਹੈ।”

“ਅਤੇ ਇਹ ਕਹਿਣਾ ਕਿ ਇਸ ਨੇ ਮਹਿਜ਼ ਜੀ-20 ਨੂੰ ਪ੍ਰਭਾਵਿਤ ਕੀਤਾ ਹੈ ਅਜਿਹਾ ਨਹੀਂ ਹੈ।”

“ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਵੀ ਡੈੱਡਲਾਕ ਹੈ ਕਿਉਂਕਿ ਰੂਸ-ਚੀਨ ਇੱਕ ਪਾਸੇ ਹਨ ਅਤੇ ਪੱਛਮੀ ਦੇਸ਼ ਇੱਕ ਪਾਸੇ ਹਨ।''''''''

''''''''ਵਿਸ਼ਵ ਸਿਹਤ ਸੰਗਠਨ ਨੇ ਕੋਵਿਡ ਦੇ ਸਮੇਂ ਕੰਮ ਨਹੀਂ ਕੀਤਾ ਕਿਉਂਕਿ ਚੀਨ ਨੇ ਅੜਿੱਕੇ ਪਾਏ ਸਨ। ਵਿਸ਼ਵ ਸਿਹਤ ਸੰਗਠਨ ਕੰਮ ਨਹੀਂ ਕਰ ਰਿਹਾ ਹੈ ਤਾਂ ਅਸੀਂ ਦੁਨੀਆਂ ਭਰ ਵਿੱਚ ਮੁਸ਼ਕਿਲਾਂ ਦੇਖ ਰਹੇ ਹਾਂ।”''''

ਜੀ-20
Getty Images

ਡੈਮਿਅਨ ਕੇਵ ਨੇ ਲੇਖ ਵਿੱਚ ਲਿਖਿਆ ਹੈ ਕਿ “ਕੁਝ ਆਲੋਚਕ ਜੀ-20 ਦੀ ਯੋਗਤਾ ''''ਤੇ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਇਸ ਸਾਲ ਸੰਮੇਲਨ ''''ਚ ਸ਼ਾਮਲ ਨਾ ਹੋਣ ਦੇ ਫ਼ੈਸਲੇ ਤੋਂ ਬਾਅਦ ਇਹ ਚਿੰਤਾ ਹੋ ਗਈ ਹੈ ਕਿ ਕੀ ਜੀ-20 ਕਮਜ਼ੋਰ ਹੋ ਗਿਆ ਹੈ।”

ਕਈ ਵਿਦੇਸ਼ ਨੀਤੀ ਮਾਹਰਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਲਿਖਿਆ ਹੈ, “ਯੋਗਤਾ ਬਣਾਈ ਰੱਖਣ ਲਈ ਜੀ-20 ਨੂੰ ਆਪਣੀ ਪੱਛਮ ਪੱਖੀ ਪਹੁੰਚ ਬਦਲਣ ਦੀ ਲੋੜ ਹੈ। ਜੇਕਰ ਪੱਛਮ ਦੀਆਂ ਨੀਤੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਮੈਂਬਰ ਦੇਸ਼ਾਂ ਦਰਮਿਆਨ ਹੋਰ ਸਹਿਮਤੀ ਨਹੀਂ ਬਣ ਸਕੇਗੀ।”

ਉਹ ਲਿਖਦੇ ਹਨ ਕਿ, “ਦਿੱਲੀ ''''ਚ ਹੋਣ ਵਾਲੀ ਬੈਠਕ ਦੇ ਏਜੰਡੇ ''''ਚ ਜਲਵਾਯੂ ਪਰਿਵਰਤਨ, ਆਰਥਿਕ ਵਿਕਾਸ ਅਤੇ ਘੱਟ ਆਮਦਨੀ ਵਾਲੇ ਦੇਸ਼ਾਂ ਸਿਰ ਕਰਜ਼ੇ ਦੇ ਬੋਝ ਨੂੰ ਘਟਾਉਣ, ਯੂਕਰੇਨ ''''ਚ ਰੂਸ ਦੀ ਜੰਗ ਨਾਲ ਵਧੀ ਮਹਿੰਗਾਈ ਵਰਗੇ ਮੁੱਦੇ ਸ਼ਾਮਲ ਹਨ।”

ਜੀ-20
Getty Images

“ਜੇਕਰ ਮੈਂਬਰ ਦੇਸ਼ ਇਨ੍ਹਾਂ ਵਿੱਚੋਂ ਕਿਸੇ ਇੱਕ ਜਾਂ ਸਾਰੇ ਵਿਸ਼ਿਆਂ ''''ਤੇ ਸਹਿਮਤੀ ਬਣਾਉਣ ਦੇ ਯੋਗ ਹੁੰਦੇ ਹਨ, ਤਾਂ ਉਹ ਅੰਤ ਵਿੱਚ ਇੱਕ ਅਧਿਕਾਰਤ ਸਾਂਝਾ ਐਲਾਨ ਕਰਨਗੇ।

''''ਪਰ ਇਸ ਐਲਾਨ ਤੋਂ ਬਾਅਦ ਕੀ? ਜਦੋਂ ਨਤੀਜਿਆਂ ਦੀ ਗੱਲ ਆਉਂਦੀ ਹੈ, ਤਾਂ ਅਕਸਰ ਕੁਝ ਵੀ ਨਜ਼ਰ ਨਹੀਂ ਆਉਂਦਾ।”

“1999 ਵਿੱਚ ਇਸ ਦੇ ਗਠਨ ਤੋਂ ਬਾਅਦ, ਸਮੂਹ ਦੇ ਜ਼ਿਆਦਾਤਰ ਸਾਂਝੇ ਬਿਆਨ ਸਿਰਫ਼ ਬਿਆਨਾਂ ਤੱਕ ਹੀ ਸੀਮਤ ਰਹੇ। ਉਦਾਹਰਨਣ ਲਈ, ਰੋਮ ਵਿੱਚ 2021 ਦੇ ਸ਼ਿਖਰ ਸੰਮੇਲਨ ਦੌਰਾਨ, ਜੀ 20 ਆਗੂਆਂ ਨੇ ਕਿਹਾ ਕਿ, “ਸਾਰਥਕ ਅਤੇ ਪ੍ਰਭਾਵੀ ਕੰਮਾਂ ਨਾਲ ਉਹ ਗਲੋਬਲ ਵਾਰਮਿੰਗ ਨੂੰ ਸੀਮਿਤ ਕਰਨਗੇ, ਵਿਦੇਸ਼ਾਂ ਵਿੱਚ ਕੋਲਾ ਬਿਜਲੀ ਪਲਾਂਟਾਂ ਦੇ ਵਿੱਤ ਨੂੰ ਸੀਮਿਤ ਕੀਤਾ ਜਾਵੇਗਾ।”

ਇਹ ਕੋਲੇ ਤੋਂ ਬਿਜਲੀ ਪੈਦਾ ਕਰਨ ਦੇ ਤਰੀਕੇ ਨੂੰ ਖ਼ਤਮ ਕਰਨਾ ਸੀ।

ਬਾਅਦ ਵਿੱਚ ਸਾਲ 2022 ਵਿੱਚ, ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਰਿਪੋਰਟ ਦਿੱਤੀ ਕਿ ਦੁਨੀਆਂ ਭਰ ਵਿੱਚ ਕੋਲਾ ਅਧਾਰਤ ਬਿਜਲੀ ਉਤਪਾਦਨ ਇੱਕ ਨਵੇਂ ਉੱਚੇ ਪੱਧਰ ''''ਤੇ ਪਹੁੰਚ ਗਿਆ ਹੈ। ਇਸ ਸਾਲ ਕੋਲੇ ''''ਚ ਨਿਵੇਸ਼ 10 ਫ਼ੀਸਦੀ ਵਧ ਕੇ 150 ਅਰਬ ਡਾਲਰ ਹੋਣ ਦੀ ਉਮੀਦ ਹੈ।

ਜੀ-20
NEW YORK TIMES
ਨਿਊਯਾਰਕ ਟਾਈਮਜ਼ ਵਿੱਚ ਜੀ-20 ਬਾਰੇ ਪ੍ਰਕਾਸ਼ਿਤ ਲੇਖ।

ਅਖਬਾਰ ਨੇ ਜੀ-20 ਦੀਆਂ ਕੁਝ ਪ੍ਰਾਪਤੀਆਂ ''''ਤੇ ਵੀ ਨਜ਼ਰ ਮਾਰੀ ਹੈ

ਅਖਬਾਰ ਦੇ ਮੁਤਾਬਕ, ਹਾਲ ਹੀ ਵਿੱਚ 2021 ਦੇ ਰੂਪ ਵਿੱਚ, ਜੀ 20 ਨੇ ਇੱਕ ਵੱਡੇ ਟੈਕਸ ਸੁਧਾਰ ਦਾ ਸਮਰਥਨ ਕੀਤਾ ਜਿਸ ਵਿੱਚ ਹਰ ਇੱਕ ਦੇਸ਼ ਲਈ ਘੱਟੋ ਘੱਟ 15 ਫ਼ੀਸਦ ਦਾ ਗਲੋਬਲ ਘੱਟੋ-ਘੱਟ ਟੈਕਸ ਸ਼ਾਮਲ ਸੀ।

ਇਸ ਨੇ ਨਵੇਂ ਨਿਯਮਾਂ ਦਾ ਵੀ ਸਮਰਥਨ ਕੀਤਾ ਜਿਸ ਵਿੱਚ ਐਮਾਜ਼ਨ ਵਰਗੇ ਵੱਡੇ ਗਲੋਬਲ ਕਾਰੋਬਾਰਾਂ ਨੂੰ ਉਨ੍ਹਾਂ ਦੇਸ਼ਾਂ ਵਿੱਚ ਟੈਕਸ ਅਦਾ ਕਰਨਾ ਪਵੇਗਾ ਜਿੱਥੇ ਉਨ੍ਹਾਂ ਦੇ ਉਤਪਾਦ ਵੇਚੇ ਜਾਂਦੇ ਹਨ, ਭਾਵੇਂ ਉਨ੍ਹਾਂ ਦੇ ਉੱਥੇ ਦਫ਼ਤਰ ਨਾ ਵੀ ਹੋਣ।

ਗਲੋਬਲ ਟੈਕਸ ਸਮਝੌਤਾ ਇੱਕ ਵੱਡਾ ਕਦਮ ਹੈ ਪਰ ਹਾਲੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ।

BBC
BBC

ਜੀ-20 ਗਰੁੱਪ ਬਾਰੇ ਖ਼ਾਸ ਗੱਲਾਂ:

  • ਜੀ-20 ਗਰੁੱਪ ਦੀ ਸਥਾਪਨਾ 1999 ਵਿੱਚ ਹੋਈ ਸੀ।
  • ਜੀ-20 ਮੈਂਬਰ ਦੇਸਾਂ ਦੀ ਕੁੱਲ ਜੀਡੀਪੀ ਦੁਨੀਆਂ ਦੀ 85 ਫੀਸਦ ਜੀਡੀਪੀ ਦੇ ਬਰਾਬਰ ਹੈ।
  • ਸਾਲ 2009 ਵਿੱਚ ਇਸ ਨੂੰ ‘ਕੌਮਾਂਤਰੀ ਆਰਥਿਕ ਸਹਿਯੋਗ ਦਾ ਪ੍ਰੀਮੀਅਮ ਫੋਰਮ’ ਕਰਾਰ ਦਿੱਤਾ ਗਿਆ।
  • ਜੀ-20 ਦੇਸ਼ਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ 9-10 ਸਤੰਬਰ ਨੂੰ ਹੋਵੇਗੀ।
  • ਸਾਲ 2024 ਲਈ ਜੀ-20 ਗਰੁੱਪ ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਦਿੱਤੀ ਗਈ ਹੈ।
BBC
BBC

ਕਾਨਫਰੰਸਾਂ ਕਦੋਂ ਅਤੇ ਕਿੱਥੇ-ਕਿੱਥੇ ਹੋਈਆਂ?

ਹਾਲਾਂਕਿ ਜੀ-20 ਦੀਆਂ ਬੈਠਕਾਂ 1999 ਤੋਂ ਹੋ ਰਹੀਆਂ ਹਨ ਪਰ ਉਸ ਸਮੇਂ ਮੈਂਬਰ ਦੇਸ਼ਾਂ ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕ ਦੇ ਗਵਰਨਰ ਇਨ੍ਹਾਂ ਮੀਟਿੰਗਾਂ ''''ਚ ਹਿੱਸਾ ਲੈਂਦੇ ਸਨ।

ਏਸ਼ੀਆ ਵਿੱਚ ਆਰਥਿਕ ਸੰਕਟ ਦੌਰਾਨ, ਉਨ੍ਹਾਂ ਨੇ ਮਿਲ ਕੇ ਇਸ ਵਿਚਾਰ ਨਾਲ ਜੀ-20 ਦਾ ਗਠਨ ਕੀਤਾ ਕਿ ਵਿਸ਼ਵ ਆਰਥਿਕ ਅਤੇ ਵਿੱਤੀ ਮੁੱਦਿਆਂ ''''ਤੇ ਚਰਚਾ ਕੀਤੀ ਜਾ ਸਕੇ।

ਪਰ 2007-08 ਵਿੱਚ ਵਿਸ਼ਵੀ ਆਰਥਿਕ ਮੰਦੀ ਤੋਂ ਬਾਅਦ ਜੀ-20 ਦੀ ਤਸਵੀਰ ਬਦਲ ਗਈ।

ਜੀ-20
Getty Images
ਸਾਲ 1999 ਵਿੱਚ ਜਰਮਨੀ ’ਚ ਜੀ-20 ਮੀਟਿੰਗ ਦੌਰਾਨ ਲਈ ਗਈ ਫੋਟੋ।

ਸਾਲ 2008, ਪਹਿਲੀ ਵਾਰ ਜੀ-20 ਮੈਂਬਰ ਦੇਸ਼ਾਂ ਦੀ ਬੈਠਕ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਹੋਈ। ਸੰਸਾਰ ਉਸ ਸਮੇਂ ਗਲੋਬਲ ਆਰਥਿਕ ਸੰਕਟ ਨਾਲ ਜੂਝ ਰਿਹਾ ਸੀ। ਅਮਰੀਕਾ ਦੇ ਦੋ ਵੱਡੇ ਬੈਂਕ ਦੀਵਾਲੀਆ ਹੋ ਗਏ ਸਨ।

ਦੁਨੀਆਂ ਦੀ ਵਿਗੜਦੀ ਆਰਥਿਕ ਸਥਿਤੀ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਹੁਣ ਜੀ-20 ਦੀ ਬੈਠਕ ''''ਚ ਮੈਂਬਰ ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਬਜਾਇ ਦੇਸ਼ ਦੇ ਮੁਖੀ ਯਾਨੀ ਮੈਂਬਰ ਦੇਸ਼ਾਂ ਦੇ ਮੁਖੀ ਹਿੱਸਾ ਲੈਣਗੇ।

ਇਸ ਕਾਨਫਰੰਸ ਨੂੰ ‘ਸਮਿਟ ਆਨ ਫਾਈਨੈਂਸ਼ੀਅਲ ਮਾਰਕਿਟ ਐਂਡ ਵਰਲਡ ਇਕਾਨਮੀ’ ਕਿਹਾ ਗਿਆ ਸੀ।

ਦੇਸ਼ਾਂ ਦੇ ਚੋਟੀ ਦੇ ਆਗੂਆਂ ਤੋਂ ਇਲਾਵਾ ਆਈਐੱਮਐੱਫ, ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਅਤੇ ਸਪੇਨ, ਨੀਦਰਲੈਂਡ ਦੇ ਮੁਖੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ।

ਕਾਨਫਰੰਸ ਦੌਰਾਨ ਆਰਥਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ ''''ਤੇ ਚਰਚਾ ਕੀਤੀ ਗਈ। ਆਗੂਆਂ ਨੇ ਇਸ ਗੱਲ ''''ਤੇ ਸਹਿਮਤੀ ਪ੍ਰਗਟਾਈ ਕਿ ਗਲੋਬਲ ਵਿੱਤੀ ਬਾਜ਼ਾਰਾਂ ਦੇ ਸੁਧਾਰ ਲਈ ਸਾਂਝੇ ਸਿਧਾਂਤ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਸਿਧਾਂਤਾਂ ਨੂੰ ਲਾਗੂ ਕਰਨ ਲਈ ਇੱਕ ਪ੍ਰੈਕਟੀਕਲ ਯੋਜਨਾ ਸ਼ੁਰੂ ਕਰਨੀ ਚਾਹੀਦੀ ਹੈ।

ਮੈਂਬਰ ਦੇਸ਼ 12 ਮਹੀਨਿਆਂ ਲਈ ਵਪਾਰ ਅਤੇ ਨਿਵੇਸ਼ ''''ਤੇ ਨਵੀਆਂ ਪਾਬੰਦੀਆਂ ਲਗਾਉਣ ਤੋਂ ਗੁਰੇਜ਼ ਕਰਨ ਲਈ ਸਹਿਮਤ ਹੋਏ ਸਨ।

ਜੀ-20
Getty Images
ਸਾਲ 2008, ਵਾਸ਼ਿੰਗਟਨ ’ਚ ਜੀ-20 ਮੈਂਬਰ ਦੇਸ਼ਾਂ ਦੇ ਮੁਖੀਆਂ ਦੀ ਪਹਿਲੀ ਮੀਟਿੰਗ।

ਸਾਲ 2009, ਬਰਤਾਨੀਆ ਦੇ ਲੰਡਨ ਵਿੱਚ ਹੋਈ ਕਾਨਫਰੰਸ ਨੂੰ ਇੱਕ ਫੌਲੋ-ਅਪ ਮੀਟਿੰਗ ਵਜੋਂ ਦੇਖਿਆ ਗਿਆ।

ਮੀਟਿੰਗ ਦਾ ਏਜੰਡਾ ‘ਵਿਸ਼ਵੀ ਵਿੱਤੀ ਸੰਕਟ’ ਹੀ ਸੀ। ਮੀਟਿੰਗ ਵਿੱਚ ਮੈਂਬਰ ਦੇਸ਼ਾਂ ਨੇ ਵਿਕਾਸਸ਼ੀਲ ਦੇਸ਼ਾਂ ਅਤੇ ਉੱਭਰਦੇ ਬਾਜ਼ਾਰਾਂ ਦੇ ਵਿਕਾਸ ਲਈ ਆਈਐੱਮਐੱਫ਼ ਦੇ ਕਰਜ਼ਾ ਦੇਣ ਦੇ ਸਾਧਨਾਂ ਨੂੰ ਵਧਾ ਕੇ 750 ਅਰਬ ਡਾਲਰ ਕਰਨ ਦਾ ਵਾਅਦਾ ਕੀਤਾ ਗਿਆ।

ਇਸ ਕਾਨਫਰੰਸ ਵਿੱਚ, ਜੀ-20 ਨੇ ਉਨ੍ਹਾਂ ਦੇਸ਼ਾਂ ਨੂੰ ਬਲੈਕਲਿਸਟ ਕਰਨ ਲਈ ਸਹਿਮਤੀ ਬਣੀ, ਜਿਨ੍ਹਾਂ ਨੇ ਟੈਕਸ ਚੋਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕੀਤਾ ਜਾਂ ਟਾਲਿਆ ਸੀ।

ਸਾਲ 2009, ਅਮਰੀਕਾ- ਲੰਡਨ ਵਿੱਚ ਹੋਈ ਮੀਟਿੰਗ ਤੋਂ ਫ਼ੌਰਨ ਬਾਅਦ, ਪੀਟਰਸਬਰਗ, ਅਮਰੀਕਾ ਵਿੱਚ ਇਸ ਮੀਟਿੰਗ ਦੀ ਯੋਜਨਾ ਬਣਾਈ ਗਈ ਸੀ। ਇਸ ਕਮੇਟੀ ਵਿੱਚ, ਜੀ-20 ਨੂੰ ਅਧਿਕਾਰਤ ਤੌਰ ''''ਤੇ ‘ਕੌਮਾਂਤਰੀ ਵਿੱਤੀ ਸਹਿਯੋਗ ਲਈ ਪ੍ਰਮੁੱਖ ਮੰਚ’ ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ।

ਸਾਲ 2010, ਕੈਨੇਡਾ - ਟੋਰਾਂਟੋ ਵਿੱਚ ਹੋਈ ਇਸ ਮੀਟਿੰਗ ਵਿੱਚ ਜੀ-20 ਦੇਸ਼ਾਂ ਨੇ ਸਹਿਮਤੀ ਪ੍ਰਗਟਾਈ ਕਿ 2008 ਦੀ ਆਰਥਿਕ ਮੰਦੀ ਤੋਂ ਬਾਅਦ ਵਿਸ਼ਵੀ ਅਰਥਚਾਰੇ ਦੀ ਹਾਲਤ ਨਾਜ਼ੁਕ ਅਤੇ ਅਸਥਿਰ ਹੋ ਗਈ ਹੈ। ਮਜ਼ਬੂਤ ਆਰਥਿਕਤਾ ਵਾਲੇ ਦੇਸ਼ਾਂ ਨੇ ਆਪਣੇ ਬਜਟ ਘਾਟੇ ਅਤੇ ਬਾਹਰੀ ਉਧਾਰ ਵਿੱਚ ਕਮੀ ਲਿਆਉਣ ਦਾ ਵਾਅਦਾ ਕੀਤਾ।

ਇਸੇ ਸਾਲ ਦੱਖਣੀ ਕੋਰੀਆ ਦੇ ਸਿਓਲ ਵਿੱਚ ਜੀ-20 ਦੀ ਮੀਟਿੰਗ ਵੀ ਬੁਲਾਈ ਗਈ ਸੀ। ਇਹ ਪਹਿਵੀ ਵਾਰ ਸੀ ਜਦੋਂ ਜੀ-8 ਦੇਸ਼ਾਂ ਤੋਂ ਇਲਾਵਾ ਕਿਸੇ ਹੋਰ ਦੇਸ਼ ਨੂੰ ਜੀ-20 ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਸੀ।

ਪਹਿਲੀ ਵਾਰ ''''ਵਿਕਾਸ ਨੀਤੀ ਦਾ ਮੁੱਦਾ'''' ਸੰਮੇਲਨ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਦੋਂ ਤੋਂ ਵਿਕਾਸ ਜੀ-20 ਦੇ ਹਰ ਸਾਲਾਨਾ ਸੰਮੇਲਨ ਦਾ ਹਿੱਸਾ ਰਿਹਾ ਹੈ।

ਸਿਯੋਲ ਜੀ-20
Getty Images

ਸਾਲ 2011, ਫਰਾਂਸ- ''''ਚ ਜੀ-20 ਦੀ ਬੈਠਕ 3 ਤੋਂ 4 ਨਵੰਬਰ ਦਰਮਿਆਨ ਫ਼ਰਾਂਸ-ਕੇਨਸ ''''ਚ ਹੋਈ ਸੀ। ਕਾਨਫਰੰਸ ਦਾ ਕੇਂਦਰੀ ਮੁੱਦਾ ਕੌਮਾਂਤਰੀ ਮੁਦਰਾ ਫੰਡ ਵਿੱਚ ਸੁਧਾਰ ਰਿਹਾ ਸੀ।

ਐਗਰੀਕਲਚਰਲ ਮਾਰਕੀਟ ਇਨਫ਼ਰਮੇਸ਼ਨ ਸਿਸਟਮ (ਏਐੱਮਆਈਐੱਸ) ਦੀ ਸਥਾਪਨਾ ਸੰਮੇਲਨ ਦੇ ਪ੍ਰਮੁੱਖ ਨਤੀਜਿਆਂ ਵਿੱਚੋਂ ਇੱਕ ਸੀ। ਏਐੱਮਆਈਐੱਸ ਦੀ ਸ਼ੁਰੂਆਤ ਖੇਤੀ ਲਈ ਕੌਮਾਂਤਰੀ ਬਾਜ਼ਾਰ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਲਈ ਕੀਤੀ ਗਈ ਸੀ।

2012 ਮੈਕਸੀਕੋ - ਲੌਸ ਕੈਬੋਸ ਵਿੱਚ ਆਯੋਜਿਤ ਕਾਨਫਰੰਸ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ, ਸਮਾਜਿਕ ਸੁਰੱਖਿਆ ਕਵਰੇਜ ਅਤੇ ਵਧੀਆ ਆਮਦਨੀ ਨਾਲ ਗੁਣਵੱਤਾ ਵਾਲੀਆਂ ਨੌਕਰੀਆਂ ਦੀ ਸਿਰਜਣਾ ’ਤੇ ਜ਼ੋਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਵਿਕਾਸ, ਖੇਤੀਬਾੜੀ ਅਤੇ ਹਰਿਆਲੀ ਵਧਾਉਣ ਨੂੰ ਵੀ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ।

ਸਾਲ 2013, ਰੂਸ - ਸੇਂਟ ਪੀਟਰਸਬਰਗ ਵਿੱਚ ਟੈਕਸ ਚੋਰੀ ਦਾ ਨਿਪਟਾਰਾ ਕਰਨ ਬਾਰੇ ਵੱਡੀਆਂ ਕੋਸ਼ਿਸਾਂ ਹੋਈਆਂ ਸਨ। ਜੀ-20 ਟੈਕਸ-ਸਬੰਧਤ ਜਾਣਕਾਰੀ ਦੇ ਆਟੋਮੈਟਿਕ ਅਦਾਨ-ਪ੍ਰਦਾਨ ਅਤੇ ਆਧਾਰ ਅਤੇ ਬੇਸ ਇਰੋਜ਼ਨ ਅਤੇ ਲਾਭ ਤਬਾਦਲੇ ਵਰਗੇ ਕੰਮਾਂ ਦੀ ਯੋਜਨਾ ਬਣਾਈ ਗਈ ਸੀ।

ਸਾਲ 2014, ਆਸਟ੍ਰੇਲੀਆ - ਬ੍ਰਿਸਬੇਨ ਵਿੱਚ ਆਗੂਆਂ ਨੇ ਜੀ 20 ਦੇਸ਼ਾਂ ਦੇ ਸਮੂਹਿਕ ਡੀਜੀਪੀ ਨੂੰ ਦੋ ਫ਼ੀਸਦ ਵਧਾਉਣ ਦਾ ਫ਼ੈਸਲਾ ਲਿਆ। ਸਾਲ 2025 ਤੱਕ ਕਿਰਤੀ ਕਾਮਿਆਂ ਦੀਆਂ ਤਨਖਾਹਾਂ ਵਿਚਲੇ ਜੈਂਡਰ ਪਾੜੇ ਨੂੰ 25 ਫ਼ੀਸਦ ਤੱਕ ਘਟਾਉਣ ਦਾ ਟੀਚਾ ਰੱਖਿਆ ਗਿਆ ਸੀ।

ਸਾਲ 2015, ਤੁਰਕੀ – ਇਸ ਬੈਠਕ ਵਿੱਚ ਪਹਿਲੀ ਵਾਰ ਜੀ-20 ਮੈਂਬਰ ਦੇਸ਼ਾਂ ਨੇ ਪ੍ਰਵਾਸ ਅਤੇ ਸ਼ਰਨਾਰਥੀ ਸੰਕਟ ''''ਤੇ ਧਿਆਨ ਕੇਂਦਰਿਤ ਕੀਤਾ। ਇਸ ਤੋਂ ਇਲਾਵਾ ਵਿੱਤੀ ਖੇਤਰ ਵਿੱਚ ਸੁਧਾਰ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਯੋਜਨਾਵਾਂ ਦੇ ਸਮਰਥਨ ''''ਤੇ ਵੀ ਸਹਿਮਤੀ ਬਣੀ। ''''ਅੱਤਵਾਦ ਵਿਰੁੱਧ ਲੜਾਈ'''' ਬਾਰੇ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ।

ਜੀ-20
Getty Images

2016, ਚੀਨ - ਕਾਨਫਰੰਸ ਦੌਰਾਨ ਹਾਂਗਜ਼ੂ ਵਿੱਚ ਦੋ ਵੱਡੀਆਂ ਚੀਜ਼ਾਂ ਵਾਪਰੀਆਂ। ਡਿਜੀਟਲ ਅਰਥਵਿਵਸਥਾ ਨੂੰ ਪਹਿਲੀ ਵਾਰ ਜੀ-20 ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਸੀ। ਦੂਜਾ, ''''ਟਿਕਾਊ ਵਿਕਾਸ ਲਈ 2030 ਏਜੰਡੇ ''''ਤੇ ਜੀ-20 ਐਕਸ਼ਨ ਪਲਾਨ'''' ਅਪਣਾਇਆ ਗਿਆ।

ਸਾਲ 2017, ਜਰਮਨੀ - ਇਹ ਮੀਟਿੰਗ ਹੈਮਬਰਗ, ਜਰਮਨੀ ਵਿੱਚ ਹੋਈ। ਸੰਮੇਲਨ ਦੌਰਾਨ ਅੱਤਵਾਦ ਵਿਰੋਧੀ ਵਿਸ਼ੇ ''''ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸੰਮੇਲਨ ਦੇ ਅੰਤ ਵਿੱਚ ਜਾਰੀ ਸਾਂਝੇ ਐਲਾਨ ਵਿੱਚ ਪੈਰਿਸ ਸਮਝੌਤੇ ਦੀ ਅਹਿਮੀਅਤ ਨੂੰ ਦੁਹਰਾਇਆ ਗਿਆ।

ਸਾਲ 2018, ਅਰਜਨਟੀਨਾ - ਬਿਊਨਸ ਆਇਰਸ ਵਿੱਚ ਇਕੱਠੇ ਹੋਏ ਆਗੂਆਂ ਨੇ ਤਿੰਨ ਮੁੱਖ ਸੁਨੇਹੇ ਦਿੱਤੇ। ਪਹਿਲਾਂ ਉਨ੍ਹਾਂ ਨੇ ਟਿਕਾਊ ਵਿਕਾਸ ਲਈ ਸੰਯੁਕਤ ਰਾਸ਼ਟਰ ਏਜੰਡਾ 2030 ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ। ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਯਤਨ ਤੇਜ਼ ਕਰਨ ਦੀ ਲੋੜ ''''ਤੇ ਜ਼ੋਰ ਦਿੱਤਾ ਗਿਆ।

ਤੀਜਾ, ਜੀ-20 ਆਗੂਆਂ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਵਪਾਰ ਅਤੇ ਸੁਧਾਰ ਲਈ ਬਹੁ-ਪੱਖੀ ਪਹੁੰਚ ਦੀ ਅਹਿਮੀਅਤ ਨੂੰ ਪਛਾਣਿਆ ਅਤੇ ਨਿਯਮਾਂ-ਅਧਾਰਿਤ ਕੌਮਾਂਤਰੀ ਵਿਵਸਥਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਸਾਲ 2019, ਜਾਪਾਨ - ਓਸਾਕਾ ਵਿੱਚ ਆਗੂਆਂ ਨੇ ਅੱਤਵਾਦ ਵਿਰੁੱਧ ਇੰਟਰਨੈਟ ਦੀ ਵਰਤੋਂ ''''ਤੇ ਧਿਆਨ ਕੇਂਦਰਿਤ ਕੀਤਾ। ਜੀ-20 ਨੇ ਆਨਲਾਈਨ ਪਲੇਟਫਾਰਮਾਂ ਨੂੰ ਅਪੀਲ ਕੀਤੀ ਕਿ ਉਹ ਅੱਤਵਾਦ ਅਤੇ ਹਿੰਸਕ ਕੱਟੜਪੰਥ ਨੂੰ ਉਤਸ਼ਾਹਿਤ ਕਰਦੇ ਵਿਚਾਰਾਂ ਨੂੰ ਜਗ੍ਹਾ ਨਾ ਦੇਣ ਅਤੇ ਅਜਿਹੀ ਸਮੱਗਰੀ ਨੂੰ ਸਟ੍ਰੀਮਿੰਗ ਅਤੇ ਅਪਲੋਡ ਕਰਨ ਤੋਂ ਗੁਰੇਜ਼ ਕਰਨ।

ਸਾਊਦੀ ਅਰਬ
Getty Images

ਸਾਲ 2020, ਸਾਊਦੀ ਅਰਬ - ਇਹ ਪਹਿਲਾ ਵਰਚੁਅਲ ਸੰਮੇਲਨ ਸੀ। ਸਾਊਦੀ ਅਰਬ ਵਿੱਚ 21 ਅਤੇ 22 ਨਵੰਬਰ ਨੂੰ ਹੋਣ ਵਾਲਾ ਜੀ-20 ਸਿਖਰ ਸੰਮੇਲਨ ਕੋਵਿਡ ਮਹਾਂਮਾਰੀ ਦੇ ਕਾਰਨ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਕੀਤਾ ਗਿਆ ਸੀ।

ਇਸ ਦੌਰਾਨ ਮਹਾਂਮਾਰੀ ''''ਤੇ ਕਾਬੂ ਪਾਉਣ, ਵਿਕਾਸ ਨੂੰ ਮੁੜ ਲੀਹ ''''ਤੇ ਲਿਆਉਣ ਅਤੇ ਇੱਕ ਹੋਰ ਸਮਾਵੇਸ਼ੀ ਭਵਿੱਖ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਗਿਆ।

ਸਾਲ 2021, ਇਟਲੀ - ਰੋਮ ਵਿੱਚ ਜੀ-20 ਦੀ 16ਵੀਂ ਮੀਟਿੰਗ ਵਿੱਚ, ਮੈਂਬਰ ਦੇਸ਼ਾਂ ਦੇ ਮੁਖੀਆਂ ਨੇ ਜਲਵਾਯੂ ਤਬਦੀਲੀ ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ।

ਇਸ ਦਾ ਟੀਚਾ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਤੱਕ ਸੀਮਤ ਕਰਨਾ ਸੀ। ਇਸ ਦੇ ਨਾਲ ਹੀ, ਆਗੂਆਂ ਨੇ ਸਦੀ ਦੇ ਮੱਧ ਤੱਕ ਸ਼ੁੱਧ ਜ਼ੀਰੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਤੱਕ ਪਹੁੰਚਣ ਦਾ ਅਹਿਦ ਲਿਆ।

ਸਾਲ 2022, ਇੰਡੋਨੇਸ਼ੀਆ - ਕੋਵਿਡ ਮਹਾਮਾਰੀ ਅਤੇ ਰੂਸ-ਯੂਕਰੇਨ ਜੰਗ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਜੀ-20 ਸੰਮੇਲਨ ਸੀ।

ਦੇਸ਼ ਦੀ ਰਾਜਧਾਨੀ ਬਾਲੀ ''''ਚ ਆਯੋਜਿਤ ਸੰਮੇਲਨ ''''ਚ ਮਹਾਮਾਰੀ ਤੋਂ ਬਾਅਦ ਸਿਹਤ ਨਾਲ ਜੁੜੇ ਗਲੋਬਲ ਹੱਲ ਅਤੇ ਅਰਥਵਿਵਸਥਾ ਨੂੰ ਲੀਹ ''''ਤੇ ਲਿਆਉਣ ਦੇ ਵਿਸ਼ੇ ''''ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਰੂਸ-ਯੂਕਰੇਨ ਜੰਗ ਨੂੰ ਵੀ ਇਸ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News