2 ਕਰੋੜ ਦੀ ਬਲੱਡ ਮਨੀ ਦੇ ਕੇ ਸਾਊਦੀ ਤੋਂ ਪੰਜਾਬ ਲਿਆਂਦਾ ਗਿਆ ਬਲਵਿੰਦਰ,''''ਮਿੱਟੀ ''''ਚ ਪਰਤ ਕੇ ਨਵਾਂ ਜਨਮ ਮਿਲਿਆ''''
Saturday, Sep 09, 2023 - 08:17 AM (IST)


‘‘ਮੈਂ ਆਖਰਕਾਰ ਆਪਣੀ ਮਿੱਟੀ ਵਿੱਚ ਪਰਤ ਆਇਆ ਹਾਂ ਤੇ ਇਹ ਇੱਕ ਤਰ੍ਹਾਂ ਨਾਲ ਮੇਰਾ ਨਵਾਂ ਜਨਮ ਹੋਇਆ ਹੈ। ਮੇਰੀ ਤਾਂ ਸਾਰੀ ਉਮੀਦ ਖ਼ਤਮ ਹੋ ਗਈ ਸੀ ਕਿ ਮੈਂ ਕਦੇ ਪੰਜਾਬ ਵਿੱਚ ਆਪਣੇ ਪਿੰਡ ਵਾਪਸ ਆਵਾਂਗਾ ਜਾਂ ਨਹੀਂ।''''''''
''''''''ਮੈਂ ਉਨ੍ਹਾਂ ਸਾਰੇ ਦਾਨੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਬਲੱਡ ਮਨੀ ਵਿੱਚ ਯੋਗਦਾਨ ਪਾਇਆ ਤੇ ਮੇਰੀ ਰਿਹਾਈ ਸੰਭਵ ਹੋਈ ਹੈ।”
ਇਹ ਸ਼ਬਦ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਹਨ, ਜੋ 2 ਕਰੋੜ ਰੁਪਏ ਦੀ ਬਲੱਡ ਮਨੀ ਦੇ ਕੇ ਸਾਊਦੀ ਅਰਬ ਤੋਂ ਸ਼ੁੱਕਰਵਾਰ ਨੂੰ ਪੰਜਾਬ ਪਰਤੇ ਹਨ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2008 ਵਿੱਚ ਨੌਕਰੀ ਲਈ ਸਾਊਦੀ ਅਰਬ ਗਏ ਸੀ।
ਉਹ ਕਹਿੰਦੇ ਹਨ ਉਨ੍ਹਾਂ ਨੇ ਆਪਣੇ ਸਾਥੀ ਦਾ ਕਤਲ ਨਹੀਂ ਕੀਤਾ ਸਗੋਂ ਉਹ ਇੱਕ ਹਾਦਸਾ ਸੀ।
ਬਲਵਿੰਦਰ ਨੇ ਕਿਹਾ, “ਮੈਂ ਕਦੇ ਵੀ ਭੱਜਣਾ ਨਹੀਂ ਚਾਹੁੰਦਾ ਸੀ ਪਰ ਮੈਨੂੰ ਮੇਰੇ ਮਾਲਕ ਨੇ ਮੈਨੂੰ ਘਟਨਾ ਵਾਲੀ ਥਾਂ ਤੋਂ ਭੱਜਣ ਲਈ ਮਜਬੂਰ ਕੀਤਾ ਸੀ। ਮੈਂ ਘਟਨਾ ਤੋਂ ਤੁਰੰਤ ਬਾਅਦ ਆਪਣੇ ਮਾਲਕ, ਪੁਲਿਸ ਅਤੇ ਹਸਪਤਾਲ ਨੂੰ ਫੋਨ ਕਰਕੇ ਸੂਚਿਤ ਵੀ ਕੀਤਾ ਸੀ।’’
ਉਨ੍ਹਾਂ ਕਿਹਾ ਕਿ ਉਹ ਖ਼ੁਦ ਪੁਲਿਸ ਸਾਹਮਣੇ ਪੇਸ਼ ਹੋਏਆ ਸੀ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਅਸਲ ਵਿੱਚ ਕੀ ਹੋਇਆ ਸੀ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਮਹੀਨੇ ਤੱਕ ਇੱਕ ਕਮਰੇ ਵਿਚ ਰੱਖਿਆ ਗਿਆ, ਬਾਅਦ ਵਿੱਚ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਢਾਈ ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਹੋਇਆ ਸੀ, ਬਾਅਦ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।



ਬਲਵਿੰਦਰ ਜੇਲ੍ਹ ਵਿੱਚ ਸਨ ਤੇ ਮਾਪੇ ਦੁਨੀਆਂ ਤੋਂ ਰੁਖ਼ਸਤ ਹੋ ਗਏ

ਜਦੋਂ ਕਤਲ ਕੇਸ ਵਿੱਚ ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਸਨ ਤਾਂ ਉਹ ਪਿੰਡ ਵੀ ਨਾ ਪਰਤ ਸਕੇ ਤੇ ਉਨ੍ਹਾਂ ਦੇ ਮਾਪੇ ਗੁਜ਼ਰ ਗਏ।
ਉਹ ਦੱਸਦੇ ਹਨ, ‘‘ਇਸ ਗੱਲ ਦਾ ਬਹੁਤ ਦੁੱਖ ਹੈ ਕਿ ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਆਪਣੀ ਮਾਂ ਤੇ ਪਿਤਾ ਨੂੰ ਆਖਰੀ ਵਾਰ ਨਹੀਂ ਦੇਖ ਸਕਿਆ, ਜਿਨ੍ਹਾਂ ਦੀ ਮੌਤ ਹੋ ਗਈ ਹੈ।''''''''
"ਮੈਂ ਉੱਥੇ ਪੈਸੇ ਕਮਾਉਣ ਗਿਆ ਸੀ ਪਰ ਹੁਣ ਮੇਰੇ ਮਾਪੇ ਇਸ ਦੁਨੀਆ ਵਿੱਚ ਨਹੀਂ ਰਹੇ ਅਤੇ ਹੁਣ ਮੈਂ ਪੈਸੇ ਦਾ ਕੀ ਕਰਾਂ।"
15 ਸਾਲ ਬਾਅਦ ਪਿੰਡ ਵਾਪਸੀ

ਪਿੰਡ ਮੱਲ੍ਹਣ ਦੇ ਬਲਵਿੰਦਰ ਸਿੰਘ ਕਰੀਬ 15 ਸਾਲ ਬਾਅਦ ਆਪਣੇ ਪਿੰਡ ਪਰਤੇ ਹਨ।
ਉਹ ਸਾਊਦੀ ਅਰਬ ਰੋਜ਼ੀ-ਰੋਟੀ ਲਈ 2008 ਵਿੱਚ ਗਏ ਸਨ ਅਤੇ ਸਾਲ 2013 ਤੋਂ ਬਲਵਿੰਦਰ ਸਿੰਘ ਇੱਕ ਕਤਲ ਦੇ ਕੇਸ ਵਿੱਚ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਸੀ।
ਬਲਵਿੰਦਰ ਸਿੰਘ ਨੂੰ ਕਤਲ ਦੇ ਕੇਸ ਵਿੱਚ ਮੌਤ ਦੀ ਸਜ਼ਾ ਹੋਈ ਸੀ ਪਰ ਉਸ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਹੋਰ ਲੋਕਾਂ ਪਾਈ-ਪਾਈ ਜੋੜ ਕੇ 2 ਕਰੋੜ ਦੀ ਬਲੱਡ ਮਨੀ ਪਿਛਲੇ ਸਾਲ ਮਈ ਵਿੱਚ ਭਾਰਤ ਸਰਕਾਰ ਦੀ ਮਦਦ ਨਾਲ ਭਰ ਦਿੱਤੀ ਸੀ।
ਬਲੱਡ ਮਨੀ ਦੇਣ ਤੋਂ ਬਾਅਦ ਵੀ 13 ਮਹੀਨੇ ਤੱਕ ਬਲਵਿੰਦਰ ਸਿੰਘ ਜੇਲ੍ਹ ਵਿੱਚ ਰਹੇ ਤੇ ਸੱਤ ਸਤੰਬਰ 2023 ਦੀ ਰਾਤ ਨੂੰ ਉਨ੍ਹਾਂ ਦੀ ਆਖ਼ਰਕਾਰ ਵਤਨ ਵਾਪਸੀ ਹੋਈ।
ਘਰ ਵਿੱਚ ਜਸ਼ਨ ਵਾਲਾ ਮਾਹੌਲ ਸੀ

ਪਿੰਡ ਅਤੇ ਕੁਝ ਰਿਸ਼ਤੇਦਾਰ ਬੀਬੀਆਂ ਬਲਵਿੰਦਰ ਸਿੰਘ ਦੇ ਆਉਣ ਦੀ ਖੁਸ਼ੀ ਵਿੱਚ ਗਿੱਧਾ ਪਾ ਰਹੀਆਂ ਸੀ। ਕੁਝ ਹੋਰ ਬੀਬੀਆਂ ਬਾਹਰੋਂ ਆਏ ਹੋਏ ਮਹਿਮਾਨਾਂ ਵਾਸਤੇ ਲੰਗਰ ਤਿਆਰ ਕਰ ਰਹੀਆਂ ਸਨ।
ਬਲਵਿੰਦਰ ਸਿੰਘ ਅੱਠ ਸਤੰਬਰ ਦੀ ਸਵੇਰ ਅੰਮ੍ਰਿਤਸਰ ਏਅਰਪੋਰਟ ਉੱਤਰੇ ਤੇ ਫਿਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਪਿੰਡ ਆਏ।
ਪਿੰਡ ਪਹੁੰਚਦੇ ਹੀ ਉਹ ਪਹਿਲਾਂ ਪਿੰਡ ਦੇ ਗੁਰਦੁਆਰੇ ਗਏ ਅਤੇ ਫਿਰ ਆਪਣੇ ਘਰ ਆਏ। ਬਲਵਿੰਦਰ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਗਲ ਵਿੱਚ ਹਾਰ ਪਾ ਕੇ ਸੁਆਗਤ ਕੀਤਾ।
ਕੀ ਕਹਿੰਦਾ ਪਰਿਵਾਰ

ਬਲਵਿੰਦਰ ਦੇ ਪਰਿਵਾਰਕ ਮੈਂਬਰ ਜਿੱਥੇ ਖ਼ੁਸ਼ ਨਜ਼ਰ ਆਏ, ਉੱਥੇ ਹੀ ਉਹ ਹਰ ਉਸ ਸ਼ਖ਼ਸ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਜਿਸ ਨੇ ਬਲੱਡ ਮਨੀ ਲਈ ਆਪਣਾ ਯੋਗਦਾਨ ਪਾਇਆ।
ਬਲਵਿੰਦਰ ਦੀ ਭੈਣ ਸੁਖਪਾਲ ਕੌਰ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਹਨ।
ਉਹ ਕਹਿੰਦੇ ਹਨ, ‘‘ਮੇਰੇ ਭਰਾ ਦਾ ਦੂਜਾ ਜਨਮ ਸੰਭਵ ਬਣਾਉਣ ਲਈ ਸਮੂਹ ਭਾਈਚਾਰੇ ਦਾ ਧੰਨਵਾਦ ਹੈ।’’
ਇਸੇ ਤਰ੍ਹਾਂ ਬਲਵਿੰਦਰ ਸਿੰਘ ਦੇ ਚਚੇਰੇ ਭਰਾ ਜੋਗਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਬਲੱਡ ਮਨੀ ਇਕੱਠੀ ਕਰਨ ਵਾਲੇ ਸਾਰੇ ਦਾਨੀਆਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਹਨ।
ਕੀ ਹੈ ਮਾਮਲਾ?

ਦਰਅਸਲ ਰੋਜ਼ੀ ਰੋਟੀ ਦੀ ਭਾਲ ਵਿੱਚ ਬਲਵਿੰਦਰ ਸਿੰਘ 2008 ਵਿੱਚ ਸਾਊਦੀ ਅਰਬ ਗਏ ਸੀ।
2013 ਵਿੱਚ ਉਨ੍ਹਾਂ ਦੀ ਮਿਸਰ ਦੇ ਇੱਕ ਨਾਗਰਿਕ ਨਾਲ ਝੜਪ ਹੋ ਗਈ ਸੀ।
ਇਸੇ ਝੜਪ ਤੋਂ ਬਾਅਦ ਉਸ ਸ਼ਖ਼ਸ ਦਾ ਕਤਲ ਹੋ ਜਾਂਦਾ ਹੈ। ਇਸੇ ਕੇਸ ਵਿੱਚ ਫ਼ਿਰ 13 ਮਈ, 2022 ਨੂੰ ਅਦਾਲਤ ਬਲਵਿੰਦਰ ਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾ ਦਿੰਦੀ ਹੈ।
ਬਲਵਿੰਦਰ ਸਿੰਘ ਵੱਲੋਂ ਰਹਿਮ ਦੀ ਅਪੀਲ ਕੀਤੀ ਗਈ ਅਤੇ ਅਦਾਲਤ ਨੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰਿਆਲ (ਭਾਰਤੀ ਕਰੰਸੀ ਵਿੱਚ ਦੋ ਕਰੋੜ) ਦੀ ਰਾਸ਼ੀ ਦੇਣ ’ਤੇ ਸਜ਼ਾ ਮੁਆਫ਼ ਕਰਨ ਦੀ ਗੱਲ ਕਹੀ।
ਇਸ ਤੋਂ ਬਾਅਦ ਦੋ ਕਰੋੜ ਰੁਪਏ ਇਕੱਠੇ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ।
ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐੱਸਪੀ ਸਿੰਘ ਓਬਰਾਏ ਨੇ ਕੁੱਲ 2 ਕਰੋੜ ਰੁਪਏ ਵਿੱਚੋਂ 20 ਲੱਖ ਰੁਪਏ ਦਾ ਯੋਗਦਾਨ ਪਾਇਆ।
ਇਸ ਤਰ੍ਹਾਂ ਬਲਵਿੰਦਰ ਸਿੰਘ ਦੀ ਰਿਹਾਈ ਸੰਭਵ ਹੋ ਪਾਈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)