ਕੈਪਸੂਲ ਗਿੱਲ: ਕੌਣ ਸਨ 65 ਜਾਨਾਂ ਬਚਾਉਣ ਵਾਲੇ ਜਸਵੰਤ ਗਿੱਲ ਜਿਨ੍ਹਾਂ ਦਾ ਕਿਰਦਾਰ ਅਕਸ਼ੇ ਕੁਮਾਰ ਨਿਭਾ ਰਹੇ
Friday, Sep 08, 2023 - 03:47 PM (IST)


ਇਹ 13 ਨਵੰਬਰ 1989 ਦੀ ਗੱਲ ਹੈ, ਜਦੋਂ ਸਵੇਰੇ ਪੱਛਮੀ ਬੰਗਾਲ ਦੇ ਰਾਣੀਗੰਜ ਦੀ ਮਹਾਬੀਰ ਕੋਲਾ ਖਾਨ ''''ਚ 65 ਮਜ਼ਦੂਰਾਂ ਦੇ ਫਸੇ ਹੋਣ ਦੀ ਖ਼ਬਰ ਆਈ ਤਾਂ ਖਾਨ ''''ਚ ਪਾਣੀ ਭਰ ਰਿਹਾ ਸੀ।
ਛੇ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ। ਵੱਖ-ਵੱਖ ਤਰੀਕਿਆਂ ਨਾਲ ਮਜ਼ਦੂਰਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ। ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਸੀ।
ਅਜਿਹੀ ਸਥਿਤੀ ਵਿੱਚ ਕੋਲ ਇੰਡੀਆ ਦੇ ਇੱਕ ਬਹਾਦਰ ਵਿਅਕਤੀ ਨੇ ਆਪਣੇ ਦਿਮਾਗ਼, ਹੁਨਰ ਅਤੇ ਬੁੱਧੀ ਨਾਲ ਇੱਕ ਅਨੋਖਾ ਵਿਚਾਰ ਸੁਝਾਇਆ, ਜੋ ਸ਼ਾਇਦ ਭਾਰਤ ਵਿੱਚ ਪਹਿਲਾਂ ਨਹੀਂ ਵਰਤਿਆ ਗਿਆ ਸੀ।
ਉਸ ਤਰਕੀਬ ਰਾਹੀਂ ਉਹ ਇਕ ਵਿਸ਼ੇਸ਼ ਕਿਸਮ ਦੇ ਕੈਪਸੂਲ ਰਾਹੀਂ ਖ਼ਤਰਨਾਕ ਸਥਿਤੀ ਵਿਚ ਇਕੱਲੇ ਹੀ ਖਾਨ ਦੇ ਅੰਦਰ ਗਏ ਅਤੇ ਇੱਕ-ਇੱਕ ਕਰਕੇ 65 ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਚੁੱਕੀ।
ਨਿਰਦੇਸ਼ਕ ਟੀਨੂੰ ਦੇਸਾਈ ਅਤੇ ਅਕਸ਼ੈ ਕੁਮਾਰ ਦੀ ਫਿਲਮ ''''ਦਿ ਗ੍ਰੇਟ ਇੰਡੀਅਨ ਰੈਸਕਿਊ'''' ਪੰਜਾਬ ਦੇ ਇਸ ਅਫ਼ਸਰ ਦੀ ਅਸਲ ਜ਼ਿੰਦਗੀ ''''ਤੇ ਆਧਾਰਿਤ ਹੈ। ਇਸ ਵਿੱਚ ਜਸਵੰਤ ਸਿੰਘ ਦਾ ਕਿਰਦਾਰ ਅਕਸ਼ੈ ਕੁਮਾਰ ਨੇ ਨਿਭਾਇਆ ਹੈ।

ਕੌਣ ਹੈ ਉਹ ਸ਼ਖਸ ਜਿਸ ਬਾਰੇ ਫ਼ਿਲਮ ਬਣ ਰਹੀ ਹੈ
ਉਸ ਸ਼ਖਸ ਦਾ ਨਾਂ ਸੀ ਜਸਵੰਤ ਸਿੰਘ ਗਿੱਲ, ਜਿਨ੍ਹਾਂ ਨੂੰ 1991 ਵਿੱਚ ਰਾਸ਼ਟਰਪਤੀ ਤੋਂ ਸਰਵਉੱਚ ਜੀਵਨ ਰੱਖਿਆ ਪਦਕ ਐਵਾਰਡ ਵੀ ਮਿਲਿਆ ਸੀ। ਜਿਸ ਖ਼ਾਸ ਸਟੀਲ ਕੈਪਸੂਲ ਦਾ ਜਸਵੰਤ ਸਿੰਘ ਗਿੱਲ ਨੇ ਇਸਤੇਮਾਲ ਕੀਤਾ ਸੀ, ਉਸ ਦੇ ਨਾਂ ''''ਤੇ ਉਹ ਕੈਪਸੂਲ ਗਿੱਲ ਵਜੋਂ ਮਸ਼ਹੂਰ ਹੋ ਗਏ।
ਉਨ੍ਹਾਂ ਦੇ ਪੁੱਤਰ ਸਰਪ੍ਰੀਤ ਸਿੰਘ ਗਿੱਲ ਅਨੁਸਾਰ ਜਸਵੰਤ ਸਿੰਘ ਗਿੱਲ ਨੇ ਇਸ ਖ਼ਤਰਨਾਕ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਪਹਿਲਕਦਮੀ ਕੁਝ ਇਸ ਤਰ੍ਹਾਂ ਕੀਤੀ, “ਜਸਵੰਤ ਜੀ ਆਪਣੇ ਚੇਅਰਮੈਨ ਕੋਲ ਗਏ ਅਤੇ ਕਿਹਾ ਕਿ ਬਚਾਅ ਕਾਰਜ ਲਈ ਖਾਨ ਵਿੱਚ ਡਿੱਗਣ ਵਾਲੇ ਵਿਅਕਤੀ ਨੂੰ ਸਰੀਰਕ, ਮਾਨਸਿਕ ਤੌਰ ''''ਤੇ ਫਿਟ ਹੋਣਾ ਚਾਹੀਦਾ ਹੈ।"
"ਕੀ ਉਸ ਨੂੰ ਕਿ ਭੀੜ ਨੂੰ ਕਿਵੇਂ ਸੰਭਾਲਣਾ ਹੈ? ਖਾਨ ਦੀ ਸਮਝ ਹੋਣੀ ਚਾਹੀਦੀ ਹੈ? ਚੇਅਰਮੈਨ ਹਾਂ-ਹਾਂ ਬੋਲਦੇ ਰਹੇ।"

"ਉਦੋਂ ਜਸਵੰਤ ਜੀ ਨੇ ਝੱਟ ਕਿਹਾ ਕਿ ਇਸ ਵੇਲੇ ਇਹ ਸਾਰੇ ਗੁਣ ਕੇਵਲ ਮੇਰੇ ਵਿੱਚ ਹਨ ਅਤੇ ਮੈਂ ਜਾ ਰਿਹਾ ਹਾਂ। ਚੇਅਰਮੈਨ ਪੂਰੀ ਤਰ੍ਹਾਂ ਹੈਰਾਨ ਰਹਿ ਗਏ ਅਤੇ ਕਿਹਾ ਕਿ ਉਹ ਇੰਨੇ ਵੱਡੇ ਸੀਨੀਅਰ ਅਧਿਕਾਰੀ ਨੂੰ ਖ਼ਤਰੇ ਵਿਚ ਨਹੀਂ ਪਾਉਣ ਇਜਾਜ਼ਤ ਨਹੀਂ ਦੇਣਗੇ। ਪਰ ਪਾਪਾ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਅਤੇ ਕਿਹਾ ਕਿ ਉਹ ਸਵੇਰੇ ਵਾਪਸ ਆ ਕੇ ਤੁਹਾਡੇ ਨਾਲ ਚਾਹ ਪੀਣਗੇ।"
ਨਿਰਦੇਸ਼ਕ ਟੀਨੂੰ ਦੇਸਾਈ ਅਤੇ ਅਕਸ਼ੈ ਕੁਮਾਰ ਦੀ ਫਿਲਮ, ‘ਰਾਣੀਗੰਜ ਮਿਸ਼ਨ ਦਿ ਗ੍ਰੇਟ ਇੰਡੀਅਨ ਰੈਸਕਿਊ’ ਪੰਜਾਬ ਦੇ ਇਸ ਬਹਾਦਰ ਅਫ਼ਸਰ ਦੀ ਅਸਲ ਜ਼ਿੰਦਗੀ ''''ਤੇ ਆਧਾਰਿਤ ਹੈ। ਇਸ ਵਿੱਚ ਜਸਵੰਤ ਸਿੰਘ ਦਾ ਕਿਰਦਾਰ ਅਕਸ਼ੈ ਕੁਮਾਰ ਨੇ ਨਿਭਾਇਆ ਹੈ।


- 22 ਨਵੰਬਰ 1939 ਨੂੰ ਜੰਮੇ ਜਸਵੰਤ ਸਿੰਘ ਗਿੱਲ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ।
- ਜਸਵੰਤ ਸਿੰਘ ਗਿੱਲ ਇੱਕ ਮਾਈਨਿੰਗ ਇੰਜੀਨੀਅਰ ਸਨ।
- 12-13 ਨੰਵਬਰ, 1989 ਦੀ ਰਾਤ ਬੰਗਾਲ ਵਿੱਚ ਇੱਕ ਕੋਲੇ ਦੀ ਖਾਨ (ਮਹਾਂਵੀਰ ਕੋਲਰੀ) ਵਿੱਚ ਵੱਡਾ ਹਾਦਸਾ ਵਾਪਰਿਆ।
- ਉਸ ਸਮੇਂ ਖਾਨ ਦੇ ਅੰਦਰ ਕਈ ਮਜ਼ਦੂਰ ਕੰਮ ਕਰ ਰਹੇ ਸਨ।
- ਜਸਵੰਤ ਸਿੰਘ ਗਿੱਲ ਨੇ ਬੰਗਾਲ ਦੀ ਕੋਲਾ ਖਦਾਨ ਵਿੱਚ ਵਾਪਰੇ ਹਾਦਸੇ ''''ਚ 65 ਲੋਕਾਂ ਨੂੰ ਬਚਾਇਆ ਸੀ।
- ਗਿੱਲ ਨੇ ਕੈਪਸੂਲ ਤਕਨੀਕ ਦਾ ਇਸਤੇਮਾਲ ਕਰਕੇ ਮਜ਼ਦੂਰਾਂ ਨੂੰ ਖਾਣ ''''ਚੋਂ ਬਾਹਰ ਕੱਢਿਆ ਸੀ।
- ਉਦੋਂ ਤੋਂ ਹੀ ਉਨ੍ਹਾਂ ਨੂੰ ਕੈਸੂਲ ਗਿੱਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।


ਜਸਵੰਤ ਸਿੰਘ ਗਿੱਲ ਹੱਸਮੁੱਖ ਕਿਸਮ ਦੇ ਇਨਸਾਨ ਸਨ
ਜਸਵੰਤ ਸਿੰਘ ਇੱਕ ਹੱਸਮੁੱਖ ਅਤੇ ਮਜ਼ਾਕੀਆ ਕਿਸਮ ਦੇ ਇਨਸਾਨ ਸਨ ਅਤੇ ਉਨ੍ਹਾਂ ਦਾ ਇਹ ਪੱਖ ਤਣਾਅ ਦੇ ਸਮੇਂ ਵਿੱਚ ਵੀ ਬਰਕਰਾਰ ਰਿਹਾ।
ਜਦੋਂ ਜਸਵੰਤ ਸਿੰਘ ਖਾਨ ਅੰਦਰ ਜਾ ਰਹੇ ਸਨ ਤਾਂ ਸਥਾਨਕ ਪੱਤਰਕਾਰ ਪੁੱਛਣ ਲੱਗੇ ਕਿ ਤੁਹਾਡਾ ਜਨਮ ਕਿੱਥੇ ਹੋਇਆ, ਪੜ੍ਹਾਈ ਕਿੱਥੋਂ ਹੋਈ ਹੈ, ਪਰਿਵਾਰ ਵਿੱਚ ਕੌਣ-ਕੌਣ ਹੈ, ਪਤਨੀ ਤੋਂ ਇਜਾਜ਼ਤ ਲਈ ਜਾਂ ਨਹੀਂ। ਤਾਂ ਜਸਵੰਤ ਸਿੰਘ ਨੇ ਮਜ਼ਾਕ ਵਿਚ ਕਿਹਾ ਕਿ ਤੁਸੀਂ ਇੰਨੀ ਜਾਣਕਾਰੀ ਲੈ ਰਹੇ ਹੋ, ਕੀ ਤੁਸੀਂ ਕੱਲ੍ਹ ਮੇਰੀ ਓਬਿਯੂਟਰੀ ਲਿਖੋਗੇ?
ਜਸਵੰਤ ਸਿੰਘ ਗਿੱਲ ਹੁਣ ਨਹੀਂ ਰਹੇ ਪਰ ਉਨ੍ਹਾਂ ਦੇ ਪੁੱਤਰ ਸਰਪ੍ਰੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਸੁਣੀਆਂ ਸਾਰੀਆਂ ਕਹਾਣੀਆਂ ਮੂੰਹ-ਜ਼ੁਬਾਨੀ ਯਾਦ ਹਨ।
ਅੰਮ੍ਰਿਤਸਰ ਦੇ ਸਠਿਆਲ ਵਿੱਚ 1939, ਵਿੱਚ ਜਨਮੇ ਜਸਵੰਤ ਸਿੰਘ ਗਿੱਲ ਨੇ 60 ਦੇ ਦਹਾਕੇ ਵਿੱਚ ਇੰਡੀਅਨ ਸਕੂਲ ਆਫ਼ ਮਾਈਨਜ਼, ਧਨਬਾਦ ਵਿੱਚ ਪੜ੍ਹਾਈ ਕੀਤੀ ਸੀ ਅਤੇ 1989 ਵਿੱਚ ਹਾਦਸੇ ਦੇ ਸਮੇਂ ਜਨਰਲ ਮੈਨੇਜਰ ਵਜੋਂ ਕੰਮ ਕਰ ਰਹੇ ਸਨ।

ਹਾਦਸੇ ਵਾਲੇ ਦਿਨ ਕੀ-ਕੀ ਵਾਪਰਿਆ
13 ਨਵੰਬਰ 1989 ਨੂੰ ਕੀ-ਕੀ ਅਤੇ ਕਿਵੇਂ ਵਾਪਰਿਆ ਸੀ, ਸਰਪ੍ਰੀਤ ਸਿੰਘ ਨੇ ਬੀਬੀਸੀ ਨਾਲ ਸਾਂਝਾ ਕੀਤਾ।
ਡਾ. ਸਰਪ੍ਰੀਤ ਸਿੰਘ ਗਿੱਲ ਦੱਸਦੇ ਹਨ, “13 ਨਵੰਬਰ 1989 ਦੀ ਸਵੇਰ ਨੂੰ ਪਾਪਾ ਨੂੰ ਹਾਦਸੇ ਬਾਰੇ ਪਤਾ ਲੱਗਾ ਅਤੇ ਉਹ ਉਸ ਖਾਨ ਵੱਲ ਚਲੇ ਗਏ ਹਾਲਾਂਕਿ ਉਹ ਉਸ ਖਾਨ ਵਿੱਚ ਕੰਮ ਨਹੀਂ ਕਰਦੇ ਸਨ।
ਜਿਸ ਖਾਨ ਵਿੱਚੋਂ ਕੋਲਾ ਕੱਢਿਆ ਗਿਆ ਸੀ, ਉਸ ਵਿੱਚ ਨੇੜੇ ਦੀ ਨਦੀ ਵਿੱਚੋਂ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀ। ਅਗਲੀ ਪਰਤ 330 ਫੁੱਟ ''''ਤੇ ਸੀ ਜਿੱਥੇ ਕਰਮਚਾਰੀ ਕੰਮ ਕਰ ਰਹੇ ਸਨ।
ਉੱਥੇ ਇੱਕ ਥੰਮ੍ਹ ਸੀ ਜਿੱਥੇ ਬਲਾਸਟ ਨਹੀਂ ਕਰਨਾ ਸੀ ਪਰ ਕਿਸੇ ਨੇ ਗ਼ਲਤੀ ਨਾਲ ਬਲਾਸਟ ਕਰ ਦਿੱਤਾ। ਧਮਾਕੇ ਤੋਂ ਬਾਅਦ ਪਿੱਲਰ ਡਿੱਗ ਗਿਆ ਅਤੇ ਸਾਰਾ ਪਾਣੀ ਖਾਨ ਵਿੱਚ ਆ ਗਿਆ। ਉਹ ਵੀ ਕਿਸੇ ਵੱਡੇ ਝਰਨੇ ਵਾਂਗ।
71 ਮਾਈਨਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੰਪ ਲਗਾ ਕੇ ਖਾਣ ਵਿੱਚੋਂ ਪਾਣੀ ਕੱਢਣ ਦੇ ਯਤਨ ਸ਼ੁਰੂ ਕੀਤੇ ਗਏ। ਦੂਜੇ ਪਾਸੇ ਚਮੜੇ ਦੀ ਮਜ਼ਬੂਤ ਬੈਲਟ ਟੰਗੀ ਹੋਈ ਸੀ ਤਾਂ ਜੋ ਬਚਾਅ ਟੀਮ ਅੰਦਰ ਜਾ ਕੇ ਲੋਕਾਂ ਨੂੰ ਬਾਹਰ ਕੱਢ ਸਕੇ। ਪਰ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਇਸ ਨੇ ਬੈਲਟ ਦੇ ਟੁਕੜੇ ਕਰ ਦਿੱਤੇ।”

ਕੀ ਆਈ ਮੁੱਖ ਮੁਸ਼ਕਲ, ਤੇ ਕਿਵੇਂ ਨਿਕਲਿਆ ਹੱਲ
ਪੱਤਰਕਾਰ ਬਿਮਲ ਦੇਵ ਗੁਪਤਾ ਉਸ ਦਿਨ ਰਾਣੀਗੰਜ ਦੀ ਉਸੇ ਖਾਨ ''''ਤੇ ਮੌਜੂਦ ਸਨ ਅਤੇ ਦੱਸਦੇ ਹਨ ਕਿ ਪੂਰੇ ਕਸਬੇ ''''ਚ ਹਫੜਾ-ਦਫੜੀ ਮਚ ਗਈ ਸੀ ਅਤੇ ਦਹਿਸ਼ਤ ਦਾ ਮਾਹੌਲ ਸੀ।
ਅਜਿਹੀ ਹਾਲਤ ਵਿੱਚ ਜਸਵੰਤ ਸਿੰਘ ਉੱਥੇ ਪਹੁੰਚ ਗਏ, ਜਿਵੇਂ ਹੀ ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇੱਕ ਨਵਾਂ ਬੋਰ ਡ੍ਰਿੱਲ ਕੀਤਾ ਜਾਵੇ। ਇਸ ਦੇ ਨਾਲ ਹੀ ਸਟੀਲ ਦਾ ਇੱਕ ਕੈਪਸੂਲ ਬਣਾਉਣ ਦੀ ਤਜਵੀਜ਼ ਆਈ ਜਿਸ ਨੂੰ ਖਾਨ ਵਿੱਚ ਸੁੱਟ ਕੇ ਇੱਕ-ਇੱਕ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਜਾਣਾ ਸੀ।

ਬਿਮਲ ਦੇਵ ਗੁਪਤਾ ਦੱਸਦੇ ਹਨ, “ਪਰ ਸਮੱਸਿਆ ਇਹ ਸੀ ਕਿ ਕਿਸੇ ਵਿਅਕਤੀ ਨੂੰ ਸਹੀ ਢੰਗ ਨਾਲ ਲੈ ਕੇ ਜਾਣ ਲਈ, ਘੱਟੋ-ਘੱਟ 22 ਇੰਚ ਦੇ ਬੋਰ ਜਾਂ ਸੁਰਾਗ਼ ਦੀ ਲੋੜ ਸੀ। ਪਰ ਡ੍ਰਿਲਿੰਗ ਲਈ ਉਪਲਬਧ ਔਜ਼ਾਰ (ਕਟਿੰਗ ਬਿੱਟ) ਸਿਰਫ਼ 8 ਇੰਚ ਤੱਕ ਸੁਰਾਗ਼ ਕਰ ਸਕਦੇ ਹਨ।"
"ਪਰ ਜਸਵੰਤ ਸਿੰਘ ਅਤੇ ਕਾਰੀਗਰਾਂ ਨੇ ਜੁਗਾੜ ਕੀਤਾ। 8 ਇੰਚ ਦੇ ਕੱਟਣ ਵਾਲੇ ਬਿੱਟ ''''ਤੇ ਵੈਲਡਿੰਗ ਕਰਕੇ ਕਈ ਵਾਰ ਨਵੇਂ ਕਟਿੰਗ ਬਿੱਟ ਜੋੜੇ। ਕਿਸੇ ਤਰ੍ਹਾਂ ਇਹ 21 ਇੰਚ ਤੱਕ ਪਹੁੰਚ ਗਿਆ।"
ਹੁਣ ਸਮੱਸਿਆ ਇਹ ਸੀ ਕਿ ਜਿਸ ਕੈਪਸੂਲ ਦੀ ਗੱਲ ਕੀਤੀ ਜਾ ਰਹੀ ਸੀ, ਉਹ ਇਸ ਵੇਲੇ ਹਰ ਕਿਸੇ ਦੀ ਕਲਪਨਾ ਵਿੱਚ ਹੀ ਸੀ।
ਸਰਪ੍ਰੀਤ ਅੱਗੇ ਦੱਸਦੇ ਹਨ, “ਕੈਪਸੂਲ ਨੂੰ ਤੁਰੰਤ ਡਿਜ਼ਾਇਨ ਕੀਤਾ ਗਿਆ ਸੀ ਅਤੇ ਇੱਕ ਨੇੜਲੀ ਫੈਕਟਰੀ ਵਿੱਚ ਭੇਜਿਆ ਗਿਆ ਸੀ। ਪਰ ਉਸ ਡਿਜ਼ਾਈਨ ਦੋ ਵਾਰ ਰੱਦ ਕੀਤਾ ਗਿਆ। ਡਿਜ਼ਾਈਨ ''''ਤੇ ਤੀਜੀ ਵਾਰ ਮੋਹਰ ਲੱਗੀ। ਇਹ ਸਭ ਕਰਦੇ ਹੋਏ 13 ਤੋਂ 15 ਨਵੰਬਰ ਦੀ ਰਾਤ ਬੀਤ ਗਈ ਅਤੇ ਜਸਵੰਤ ਸਿੰਘ ਨੇ ਖਾਨ ਵਿੱਚ ਜਾਣ ਦਾ ਜੋਖ਼ਮ ਭਰਿਆ ਫ਼ੈਸਲਾ ਲਿਆ।"

ਕੀ ਉਨ੍ਹਾਂ ਨੂੰ ਇਸ ਖ਼ਤਰਨਾਕ ਮਿਸ਼ਨ ਨੂੰ ਪੂਰਾ ਕਰਦੇ ਹੋਏ ਸੱਚਮੁੱਚ ਡਰ ਨਹੀਂ ਲੱਗਿਆ ਸੀ? ਜਸਵੰਤ ਸਿੰਘ ਇਸ ਬਾਰੇ ਕਈ ਵਾਰ ਮੀਡੀਆ ਨਾਲ ਗੱਲਬਾਤ ਕਰ ਚੁੱਕੇ ਸਨ ਅਤੇ ਸਰਪ੍ਰੀਤ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਇਹੀ ਗੱਲ ਦੁਹਰਾਈ।
ਆਪਣੇ ਪਿਤਾ ਦੇ ਸ਼ਬਦਾਂ ਦੀ ਅਲਫ਼ਾਜ਼ ਦਿੰਦਿਆਂ ਹੋਇਆ ਸਰਪ੍ਰੀਤ ਦੱਸਦੇ ਹਨ, “ਉਸ ਰਾਤ ਕੈਪਸੂਲ ਨੂੰ ਕੋਲੇ ਦੀ ਖਾਨ ਵਿੱਚ ਭੇਜਿਆ ਗਿਆ ਸੀ। ਅਚਾਨਕ ਉਹ ਕੈਪਸੂਲ ਬਹੁਤ ਤੇਜ਼ੀ ਨਾਲ ਗੋਲ-ਗੋਲ ਘੁੰਮਣ ਲੱਗਾ।"
"ਕੈਪਸੂਲ ਸਕਿੰਟ ਲਈ ਰੁਕਿਆ ਅਤੇ ਫਿਰ ਉਲਟ ਦਿਸ਼ਾ ਵਿੱਚ ਬਹੁਤ ਤੇਜ਼ੀ ਨਾਲ ਘੁੰਮਣ ਲੱਗਾ। ਉਸ ਇੱਕ ਪਲ ਮੈਂ ਸੋਚਣ ਲੱਗਾ ਕਿ ਮੈਂ ਗ਼ਲਤੀ ਕਰ ਦਿੱਤੀ ਕੀ? ਮੇਰਾ ਦਿਮਾਗ਼, ਰੀੜ੍ਹ ਦੀ ਹੱਡੀ ਸਭ ਠੰਢੀ ਹੋ ਗਈ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਕੀ ਮੈਨੂੰ ਵਾਪਸ ਜਾਣਾ ਚਾਹੀਦਾ ਹੈ? ਕੀ ਮੈਂ ਇਹ ਕਰ ਵੀ ਸਕਾਂਗਾ?”

ਉਸ ਸਮੇਂ ਇੱਥੇ ਸਿਰਫ਼ 30-35 ਫੁੱਟ ਹੀ ਸਨ ਅਤੇ ਅਸੀਂ ਅਜੇ 330 ਫੁੱਟ ਤੱਕ ਜਾਣਾ ਸੀ। ਉਨ੍ਹਾਂ ਦਿਨਾਂ ਵਿੱਚ ਮਹਾਭਾਰਤ ਟੀਵੀ ਉੱਤੇ ਪ੍ਰਸਾਰਿਤ ਹੁੰਦਾ ਸੀ। ਮੈਨੂੰ ਅਰਜੁਨ ਦਾ ਕਿੱਸਾ ਯਾਦ ਆਇਆ ਕਿ ਕਿਵੇਂ ਉਨ੍ਹਾਂ ਨੇ ਮੱਛੀ ਦੀ ਅੱਖ ''''ਤੇ ਧਿਆਨ ਲਗਾਇਆ ਸੀ।"
"ਮੈਂ ਵੀ ਧਿਆਨ ਲਗਾਉਣਾ ਸ਼ੁਰੂ ਕੀਤਾ। ਖਾਨ ਅੰਦਰ ਇੱਕ ਛੋਟੀ ਜਿਹੀ ਚਿੱਟੀ ਰੌਸ਼ਨੀ ਕਿਤਿਓਂ ਦਿਖਾਈ ਦਿੱਤੀ। ਬਸ ਇਸ ''''ਤੇ ਧਿਆਨ ਦਿੱਤਾ, ਉਸ ਤੋਂ ਬਾਅਦ ਮੈਨੂੰ ਅਹਿਸਾਸ ਨਹੀਂ ਹੋਇਆ ਕਿ ਕੈਪਸੂਲ ਘੁੰਮ ਰਿਹਾ ਸੀ ਜਾਂ ਨਹੀਂ।"
"ਰੌਸ਼ਨੀ ਨੂੰ ਦੇਖਦੇ ਹੋਏ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੈਂ ਹੇਠਾਂ ਪਹੁੰਚ ਗਿਆ। ਉਹ ਰੌਸ਼ਨੀ ਹੌਲੀ-ਹੌਲੀ ਦੂਰ ਹੋ ਗਈ। ਕੈਪਸੂਲ ਤੋਂ ਬਾਹਰ ਨਿਕਲ ਗਏ, ਉੱਥੇ ਫਸੇ ਮਜ਼ਦੂਰਾਂ ਨੂੰ ਉੱਪਰ ਭੇਜਿਆ ਗਿਆ।"

ਅੰਮ੍ਰਿਤਸਰ ਦੇ ਰਹਿਣ ਵਾਲੇ ਸਰਪ੍ਰੀਤ ਸਿੰਘ ਦਾ ਕਹਿਣਾ ਹੈ, “ਮੇਰੇ ਪਿਤਾ ਜੀ ਬੋਲੇ ਨਹੀਂ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਹਰ ਮਜ਼ਦੂਰ ਨੂੰ ਕੱਢਣ ਤੋਂ ਬਾਅਦ ਕੈਪਸੂਲ ਖਾਲੀ ਹੇਠਾਂ ਆਉਂਦਾ ਸੀ, ਅਜਿਹਾ 65 ਵਾਰ ਹੋਇਆ ਪਰ ਕਿਸੇ ਨੇ ਇਹ ਕਹਿਣ ਦੀ ਹਿੰਮਤ ਨਹੀਂ ਕੀਤੀ ਕਿ ਅਸੀਂ ਵੀ ਹੇਠਾਂ ਜਾਂਦੇ ਹਾਂ।"
"ਜਾ ਕੇ ਗਿੱਲ ਸਾਬ੍ਹ ਦੀ ਮਦਦ ਕਰਦੇ ਹਾਂ ਅਤੇ ਬਾਕੀ ਦਾ ਕੰਮ ਅਸੀਂ ਕਰ ਲੈਂਦੇ ਹਾਂ।"
"ਉਹ ਇਸ ਲਈ ਕਿਉਂਕਿ ਜਿੰਨੀ ਵਾਰ ਕੈਪਸੂਲ ਹੇਠਾਂ ਜਾ ਰਿਹਾ ਸੀ, ਖਤਰਾ ਵੱਧਦਾ ਜਾ ਰਿਹਾ ਸੀ, ਖਾਨ ਵਿੱਚ ਪਾਣੀ ਭਰ ਰਿਹਾ ਸੀ, ਅੰਦਰ ਦੀ ਹਵਾ ਘੱਟ ਰਹੀ ਸੀ, ਕਾਰਬਨ ਡਾਈਆਕਸਾਈਡ ਵੱਧ ਰਹੀ ਸੀ।"

ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਫੌਜੀ ਜੰਗ ਜਿੱਤ ਕੇ ਆਇਆ ਹੋਵੇ
ਬਿਮਲ ਦੱਸਦੇ ਹਨ, “ਜਦੋਂ ਸਵੇਰੇ 65 ਖਾਨ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੱਢਣ ਤੋਂ ਬਾਅਦ ਜਸਵੰਤ ਸਿੰਘ ਗਿੱਲ ਬਾਹਰ ਆਏ ਤਾਂ ਉੱਥੇ ਲੋਕਾਂ ਦਾ ਵੱਡਾ ਇਕੱਠ ਸੀ, ਅਜਿਹਾ ਲੱਗ ਰਿਹਾ ਸੀ ਮੰਨੋ ਜਿਵੇ ਭਾਰਤੀ ਫੌਜ ਦਾ ਫੌਜੀ ਜੰਗ ਜਿੱਤ ਕੇ ਬਾਹਰ ਆਇਆ ਹੋਵੇ। ਮਜ਼ਦੂਰਾਂ ਦੇ ਪਰਿਵਾਰ ਵਾਲੇ ਅੱਗੇ ਵੱਧ ਕੇ ਗਿੱਲ ਦੇ ਪੈਰਾਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ।”
ਸਰਪ੍ਰੀਤ ਦੇ ਮੁਤਾਬਕ ਉਨ੍ਹਾਂ ਦੇ ਪਿਤਾ ਦੱਸਦੇ ਹਨ ਕਿ ਹਾਲਾਂਕਿ ਉੱਥੇ ਸਿਰਫ ਬੰਗਾਲੀ ਲੋਕ ਸਨ ਪਰ ਲੋਕ– ਬੋਲੇ ਸੋ ਨਿਹਾਲ ਦੇ ਨਾਅਰੇ ਲਗਾ ਰਹੇ ਸਨ, ਕਈ ਲੋਕ ਗਿੱਲ ਦੇ ਨਾਂ ਦੇ ਜੈਕਾਰੇ ਲਾ ਰਹੇ ਸੀ ਅਤੇ ਫੁੱਲਾਂ ਦੇ ਹਾਰ ਉਨ੍ਹਾਂ ਦੀ ਪੱਗ ਦੇ ਉੱਪਰ ਤੱਕ ਪਹੁੰਚ ਗਏ ਸਨ। ਮੋਢਿਆਂ ‘ਤੇ ਚੁੱਕ ਕੇ ਉਨ੍ਹਾਂ ਨੂੰ ਕਾਰ ਤੱਕ ਪਹੁੰਚਾਇਆ ਗਿਆ।

ਬਿਮਲ ਦੇਵ ਗੁਪਤਾ ਨੇ ਬਚਾਅ ਕਾਰਜਾਂ ਤੋਂ ਬਾਅਦ ਹਸਪਤਾਲ ਵਿੱਚ ਮਜ਼ਦੂਰਾਂ ਦਾ ਇੰਟਰਵਿਊ ਕੀਤਾ ਸੀ ਅਤੇ ਉਨ੍ਹਾਂ ਨੇ “ਬੜ੍ਹਤੇ ਕਦਮ’ ਨਾਂ ਦੀ ਇੱਕ ਕਿਤਾਬ ਵੀ ਲਿਖੀ ਹੈ। ਆਪਣੀ ਕਿਤਾਬ ਵਿੱਚ ਉਹ ਲਿਖਦੇ ਹਨ, “ਸ਼ਾਲੀਗ੍ਰਾਮ ਸਿੰਘ ਉਹ ਪਹਿਲਾ ਮਜ਼ਦੂਰ ਸੀ ਜੋ ਬਾਹਰ ਆਇਆ, ਸ਼ਾਲੀਗ੍ਰਾਮ ਅਤੇ ਹੋਰ ਦੂਜੇ ਮਜ਼ਦੂਰਾਂ ਨੇ ਦੱਸਿਆ ਕਿ ਹਾਦਸੇ ਦੇ ਵੇਲੇ ਲੱਗਿਆ ਕਿ ਕਿਸੇ ਨੇ ਸਾਡੇ ਦਿਲ ਨੂੰ ਮੁੱਠੀ ਵਿੱਚ ਬੰਦ ਕਰ ਦਿੱਤਾ ਹੋਵੇ।”
“ਇੰਟਰਕੌਮ ਦੇ ਜ਼ਰੀਏ ਪਰਿਵਾਰ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਅਸੀਂ ਠੁਕਰਾ ਦਿੱਤੀ। ਸਾਨੂੰ ਲੱਗਾ ਕਿ ਉਨ੍ਹਾਂ ਦਾ ਰੋਣਾ ਸੁਣਕੇ ਅਸੀਂ ਕਮਜ਼ੋਰ ਪੈ ਜਾਵਾਂਗੇ। ਪਰ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਉੱਪਰ ਸਾਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜ਼ੋਰਾਂ ਨਾਲ ਜਾਰੀ ਹਨ ਤਾਂ ਅਸੀਂ ਇੱਕ ਦੂਜੇ ਦਾ ਹੌਂਸਲਾ ਵਧਾਉਣ ਲੱਗੇ।”

ਜਦੋਂ ਗਿੱਲ ਨੇ ਕਿਹਾ "ਮੈਂ ਪਿਕਨਿਕ ਮਨਾਉਣ ਆਇਆ ਹਾਂ"
ਉੱਥੇ ਹੀ ਏਬੀਪੀ ਦੀ ਇੱਕ ਇੰਟਰਵਿਊ ਵਿੱਚ ਜਸਵੰਤ ਸਿੰਘ ਗਿੱਲ ਨੇ ਇਹ ਕਿੱਸਾ ਦੱਸਿਆ ਸੀ ਜਿਸਦੀ ਤਸਦੀਕ ਸਰਪ੍ਰੀਤ ਵੀ ਕਰਦੇ ਹਨ।
ਦਰਅਸਲ ਜਦੋਂ ਜਸਵੰਤ ਸਿੰਘ ਗਿੱਲ ਮਜ਼ਦੂਰਾਂ ਦੇ ਨਾਲ ਖਾਨ ਵਿੱਚ ਸਨ ਤਾਂ ਮਜ਼ਦੂਰ ਲਗਾਤਾਰ ਪੁੱਛਦੇ ਰਹੇ ਕਿ ਤੁਸੀਂ ਕੌਣ ਹੋ – ਫੌਜ ਤੋਂ ਹੋ, ਏਅਰ ਫੋਰਸ ਤੋਂ ਹੋ, ਫਾਇਰ ਬ੍ਰਿਗੇਡ ਤੋਂ ਹੋ ਪਰ ਜਸਵੰਤ ਇਹ ਦੱਸ ਕੇ ਮਜ਼ਦੂਰਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ ਕਿ ਉਹ ਜਨਰਲ ਮੈਨੇਜਰ ਹਨ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਤੁਸੀਂ ਥੱਲੇ ਪਿਕਨਿਕ ਮਨਾ ਰਹੇ ਹੋ ਤਾਂ ਮੈਂ ਵੀ ਆ ਗਿਆ ਪਿਕਨਿਕ ਮਨਾਉਣ।
ਸਰਪ੍ਰੀਤ ਦੱਸਦੇ ਹਨ, “ਜਿਨ੍ਹਾਂ ਲੋਕਾਂ ਦੀ ਜਾਨ ਜਸਵੰਤ ਸਿੰਘ ਜੀ ਨੇ ਬਚਾਈ ਸੀ ਉਹ ਮਜ਼ਦੂਰ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਵਿੱਚ ਸਭ ਤੋ ਉੱਪਰ ਉਨ੍ਹਾਂ ਦੇ ਇਸ਼ਟ ਦੇਵਤਾ ਦੀ ਮੂਰਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਗਿੱਲ ਜੀ ਦੀ ਤਸਵੀਰ।
ਇਸੇ ਕਹਾਣੀ ਉੱਤੇ ਟੀਨੂ ਦੇਸਾਈ ਦੇ ਨਿਰਦੇਸ਼ਨ ਹੇਠ ਫ਼ਿਲਮ ਬਣਾਈ ਗਈ ਹੈ – ਰਾਣੀਗੰਜ ਮਿਸ਼ਨ-ਦ ਗ੍ਰੇਟ ਇੰਡੀਅਨ ਰੈਸਕਿਯੂ।

ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਸਰਪ੍ਰੀਤ ਦੱਸਦੇ ਹਨ, “ਪਾਪਾ ਨੂੰ ਲੱਗਿਆਂ ਕਿ ਕੋਈ ਮਜ਼ਾਕ ਕਰ ਰਿਹਾ ਹੈ, ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਕਿਹਾ ਯਾਰ ਲੋਕਾਂ ਨੇ ਮਜ਼ਾਕ ਹੀ ਸ਼ੁਰੂ ਕਰ ਦਿੱਤਾ ਹੈ ਕੋਈ ਡਾਇਰੈਕਟਰ ਫੋਨ ਉੱਤੇ ਕਹਿ ਰਿਹਾ ਹੈ ਕਿ ਮੇਰੇ ਉੱਤੇ ਫ਼ਿਲਮ ਬਣਾਏਗਾ।"
"ਮੈਂ ਨੰਬਰ ਲੈਕੇ ਟੀਨੂ ਦੇਸਾਈ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਟੀਮ ਵਾਕਈ ਅਮ੍ਰਿਤਸਰ ਪਹੁੰਚ ਗਈ, ਪੂਰੀ ਕਹਾਣੀ ਸੁਣੀ ਅਤੇ ਪਾਪ ਨੁੰ ਰਾਣੀਗੰਜ ਲੈ ਕੇ ਗਈ , ਉੱਤੇ ਉਹ ਉਨ੍ਹਾਂ ਮਜ਼ਦੂਰਾਂ ਨਾਲ ਵੀ ਮਿਲੇ ਜਿਨ੍ਹਾਂ ਦੀ ਜਾਨ ਬਚਾਈ ਸੀ ਉਹ ਪਾਪਾ ਨੂੰ ਪ੍ਰਣਾਮ ਕਰ ਰਹੇ ਸੀ।”
ਸਰਪ੍ਰੀਤ ਕਹਿੰਦੇ ਹਨ, “ਪਾਪਾ ਨੇ ਕਦੇ ਉਸ ਰੈਸਕਿਊ ਮਿਸ਼ਨ ਨੂੰ ਲੈ ਕੇ ਆਪਣੇ ਪਿੱਠ ਨਹੀਂ ਥਾਪੀ ਪਰ ਜਦੋਂ ਇਹ ਪਤਾ ਲੱਗਾ ਕਿ ਉਨ੍ਹਾਂ ਉੱਤੇ ਫ਼ਿਲਮ ਬਣ ਰਹੀ ਹੈ ਤਾਂ ਉਹ ਵਾਕਈ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੂੰ ਖ਼ੁਸ਼ੀ ਸੀ ਕਿ ਜਦੋਂ ਨਵੀਂ ਪੀੜ੍ਹੀ ਇਸ ਫ਼ਿਲਮ ਨੂੰ ਵੇਖੇਗੀ ਤਾਂ ਹੋ ਸਕਦਾ ਹੈ ਕਿ ਕੋਈ ਬੱਚਾ ਪ੍ਰੇਰਿਤ ਹੋ ਕੇ ਕਿਸੇ ਜ਼ਰੂਰਤਮੰਦ ਦੀ ਮਦਦ ਕਰਨ ਬਾਰੇ ਸੋਚੇ।"
"ਉਹ ਕਹਿੰਦੇ ਸੀ ਕਿ ਅਜਿਹਾ ਹੋਇਆ ਤਾਂ ਸਮਝੋ ਮੇਰੀ ਜ਼ਿੰਦਗੀ ਸਫ਼ਲ ਹੋ ਗਈ, ਇਸ ਉੱਤੇ ਲੋਕ ਉਨ੍ਹਾਂ ਨੂੰ ਕਹਿੰਦੇ ਸੀ ਕਿ ਅਜਿਹਾ ਹੋਇਆ ਤਾਂ ਸਮਝੋ ਮੇਰੀ ਜ਼ਿੰਦਗੀ ਸਫ਼ਲ ਹੋ ਗਈ। ਇਸ ਉੱਤੇ ਲੋਕ ਉਨ੍ਹਾਂ ਨੂੰ ਕਹਿੰਦੇ ਸੀ ਕਿ ਤੁਹਾਡੀ ਜ਼ਿੰਦਗੀ ਤਾਂ ਪਹਿਲਾਂ ਹੀ ਸਫ਼ਲ ਹੋ ਚੁੱਕੀ ਹੈ ਕਿਉਂਕਿ ਤੁਸੀਂ 65 ਲੋਕਾਂ ਦੀ ਜਾਨ ਬਚਾਈ ਹੈ।”
ਜਨਵਰੀ 2019 ਵਿੱਚ ਜਦੋਂ ਮੇਘਾਲਿਆ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਵੱਡਾ ਹਾਦਸਾ ਹੋਇਆ ਤਾਂ ਬੀਬੀਸੀ ਸਹਿਯੋਗੀ ਪੱਤਰਕਾਰ ਦਿਲੀਪ ਸ਼ਰਮਾ ਉੱਥੇ ਮੌਜੂਦ ਸਨ। ਉਹ ਦੱਸਦੇ ਹਨ, ਉਦੋਂ ਜਸਵੰਤ ਸਿੰਘ ਗਿੱਲ ਨੂੰ ਖ਼ਾਸ ਤੌਰ ਉੱਤੇ ਮਦਦ ਲਈ ਬੁਲਾਇਆ ਗਿਆ ਸੀ।

ਗਿੱਲ ਦੇ ਪਰਿਵਾਰ ਨੂੰ ਕਿਸ ਗੱਲ ਦਾ ਰੋਸ ਹੈ
ਜਸਵੰਤ ਸਿੰਘ ਦੇ ਪੁੱਤਰ ਸਰਪ੍ਰੀਤ ਸਿੰਘ ਗਿੱਲ ਨੂੰ ਇਸ ਗੱਲ ਦਾ ਰੋਸ ਹੈ ਕਿ ਪੰਜਾਬ ਅਤੇ ਪੱਛਮੀ ਬੰਗਾਲ ਦੀ ਸਰਕਾਰ ਨੇ ਜਸਵੰਤ ਸਿੰਘ ਦੀ ਬਹਾਦੁਰੀ ਨੂੰ ਸਨਮਾਨਿਤ ਨਹੀਂ ਕੀਤਾ।
ਉਹ ਆਪਣੀ ਗੱਲ ਖ਼ਤਮ ਕਰਦੇ ਹੋਏ ਕਹਿੰਦੇ ਹਨ, “ਅਸੀਂ ਪੈਸੇ ਜਾਂ ਜ਼ਮੀਨ ਦੀ ਨਹੀਂ ਸਨਮਾਨ ਦੀ ਗੱਲ ਕਰ ਰਹੇ ਹਾਂ, ਪਹਿਲਾਂ ਦੁੱਖ ਹੁੰਦਾ ਸੀ ਹੁਣ ਗੁੱਸਾ ਹੈ।”
ਦਿਲਚਸਪ ਗੱਲ ਇਹ ਹੈ ਕਿ ਜਸਵੰਤ ਸਿੰਘ ਦੇ ਪਰਿਵਾਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਬੰਗਾਲ ਵਿੱਚ ਕੋਈ ਖ਼ਤਰਨਾਕ ਮਿਸ਼ਨ ਚੱਲ ਰਿਹਾ ਹੈ। ਪਰਿਵਾਰ ਅੰਮ੍ਰਿਤਸਰ ਵਿੱਚ ਰਹਿੰਦਾ ਸੀ, ਮਿਸ਼ਨ ਤੋਂ ਬਾਅਦ ਇੱਕ ਦਿਨ ਟ੍ਰੰਕ ਕਾਲ ਆਇਆ ਕਿ ਸ਼ਾਮ ਨੂੰ ਦੂਰਦਰਸ਼ਨ ਉੱਤੇ ਬੁਲੇਟਿਨ ਦੇਖਣਾ।
ਸਰਪ੍ਰੀਤ ਹੱਸਦੇ ਹੋਏ ਦੱਸਦੇ ਹਨ, “ਜਿਵੇਂ ਹੀ ਅਸੀਂ 16 ਨਵੰਬਰ 1989 ਨੂੰ ਟੀਵੀ ਚਲਾਇਆ ਤਾਂ ਹੈਡਲਾਈਨ ਚੱਲ ਰਹੀ ਸੀ ਕਿ ਬੰਗਾਲ ਵਿੱਚ 65 ਮਜ਼ਦੂਰਾਂ ਨੂੰ ਬਚਾਇਆ ਗਿਆ, ਮੇਰੀ ਦਾਦੀ ਨੇ ਦੇਖਿਆ ਅਤੇ ਕਿਹਾ ਕਿ ਕੋਈ ਰੋਕੋ ਇਸਨੂੰ, ਮੇਰੇ ਚਾਚਾ ਜੀ ਹੱਸਦੇ ਹੋਏ ਬੋਲੇ ਕਿ ਹੁਣ ਤਾਂ ਉਹ ਕਰ ਚੁੱਕਿਆ ਹੈ ਜੋ ਇਸਨੇ ਕਰਨਾ ਸੀ।”
ਇਸ ਤਰ੍ਹਾਂ ਰਾਣੀਗੰਜ ਮਿਸ਼ਨ ਤੋਂ ਬਾਅਦ ਜਸਵੰਤ ਸਿੰਘ ਗਿੱਲ ਬਣ ਗਏ ਕੈਪਸੂਲ ਗਿੱਲ, ਜਿਨ੍ਹਾਂ ਨੇ ਆਪਣੀ ਸੂਝ-ਬੂਝ ਦਿਮਾਗ ਅਤੇ ਦਲੇਰੀ ਨਾਲ 65 ਲੋਕਾਂ ਦੀ ਜ਼ਿੰਦਗੀ ਬਚਾਈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)