ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਚਲਾਨ: ਪੀੜਤ ਵੱਲੋਂ ਬੈੱਡਰੂਮ ਦੀ ਪਛਾਣ ਸਣੇ ਇਹ 10 ਖੁਲਾਸੇ

Friday, Sep 08, 2023 - 01:47 PM (IST)

ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਚਲਾਨ: ਪੀੜਤ ਵੱਲੋਂ ਬੈੱਡਰੂਮ ਦੀ ਪਛਾਣ ਸਣੇ ਇਹ 10 ਖੁਲਾਸੇ
ਸੰਦੀਪ ਸਿੰਘ
Getty Images
ਸੰਦੀਪ ਸਿੰਘ ਨੂੰ ਮਾਮਲਾ ਦਰਜ ਹੋਣ ਤੋਂ ਬਾਅਦ ਅਹੁਦਾ ਛੱਡਣਾ ਪਿਆ ਸੀ

ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ''''ਚ ਚੰਡੀਗੜ੍ਹ ਪੁਲਿਸ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪੀੜਤ (ਇੱਕ ਮਹਿਲਾ ਜੂਨੀਅਰ ਕੋਚ) ਨੇ ਅਪਰਾਧ ਦੀ ਜਗ੍ਹਾ ਦੀ ਪਛਾਣ ਕਰਦੇ ਸਮੇਂ ਸੰਦੀਪ ਸਿੰਘ ਦੇ ਦਫ਼ਤਰ ਦੀ ਵੀ ਪਛਾਣ ਕੀਤੀ ਹੈ ਤੇ ਨਾਲ ਹੀ ਬੈੱਡ ਰੂਮ ਦੀ ਵੀ।

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਮੁੱਖ ਗਵਾਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਟਨਾ ਤੋਂ ਫ਼ੌਰਨ ਬਾਅਦ ਪੀੜਤ ਨੇ ਉਨ੍ਹਾਂ ਨੂੰ ਮੁਲਜ਼ਮ ਵੱਲੋਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਸੀ।

ਦੂਜੇ ਪਾਸੇ ਚਲਾਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਾਂਚ ਪੇਸ਼ੇਵਰ ਆਚਰਨ ਤੋਂ ਪਰ੍ਹੇ, ਮੁਲਜ਼ਮ ਅਤੇ ਪੀੜਤ ਵਿਚਕਾਰ ਗ਼ੈਰ-ਰਸਮੀ ਰਿਸ਼ਤੇ ਵੱਲ ਇਸ਼ਾਰਾ ਕਰਦੀ ਹੈ।

ਸੰਦੀਪ ਸਿੰਘ ਖ਼ਿਲਾਫ਼ ਹੋਈ ਜਾਂਚ ਦੌਰਾਨ ਇਮਾਨਦਾਰੀ ਉੱਤੇ ਵੀ ਸਵਾਲ ਚੁੱਕੇ ਗਏ ਹਨ।

ਇੱਥੋਂ ਤੱਕ ਕਿ ਮੁਲਜ਼ਮ ਨੂੰ ਸੱਚ ਝੂਠ ਦਾ ਪਤਾ ਲਗਾਉਣ ਲਈ, ‘ਲਾਈ ਡਿਟੈਕਸ਼ਨ ਟੈਸਟ’ ਕਰਵਾਉਣ ਲਈ ਕਿਹਾ ਗਿਆ ਸੀ। ਪਰ ਸੰਦੀਪ ਸਿੰਘ ਨੇ ਮੈਡੀਕਲ ਆਧਾਰ ''''ਤੇ ਇਹ ਟੈਸਟ ਕਰਾਉਣ ਤੋਂ ਇਨਕਾਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਇੱਕ ਮਹਿਲਾ ਜੂਨੀਅਰ ਕੋਚ ਦੀ ਸ਼ਿਕਾਇਤ ਉੱਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਗਈ ਸੀ।

ਚੰਡੀਗੜ੍ਹ ਪੁਲਿਸ ਵੱਲੋਂ ਦਰਜ ਕੀਤੇ ਇਸ ਮਾਮਲੇ ਵਿੱਚ ਉਨ੍ਹਾਂ ਉੱਤੇ ਪਿੱਛਾ ਕਰਨ, ਜਿਨਸੀ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦੇ ਇਲਜ਼ਾਮ ਹਨ।

ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੇ ਆਪਣੇ ਸਾਰੇ ਬਿਆਨਾਂ ਵਿੱਚ ਆਪਣੇ ਮੁੱਢਲੇ ਇਲਜ਼ਾਮਾਂ ਨੂੰ ਹੂਬਹੂ ਕਾਇਮ ਰੱਖਿਆ ਹੈ।

ਇਸ ਤੋਂ ਇਲਾਵਾ, ਗਵਾਹਾਂ ਨੇ 1 ਜੁਲਾਈ, 2022 ਦੀ ਜਿਣਸੀ ਸ਼ੋਸ਼ਣ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਪੀੜਤ ਨੂੰ ਛੱਡ ਕੇ ਕਿਸੇ ਹੋਰ ਗਵਾਹ ਨੇ 2 ਮਾਰਚ 2022 ਦੀ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ।

ਚਾਰਜਸ਼ੀਟ ਤੋਂ ਸਾਹਮਣੇ ਆਉਣ ਵਾਲੇ ਮੁੱਖ ਨੁਕਤੇ ਇਹ ਹਨ:

ਸੰਦੀਪ ਸਿੰਘ
BBC
ਸੰਦੀਪ ਸਿੰਘ ਨੇ ਦਸਬੰਰ 2022 ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਇਲਜ਼ਾਮਾਂ ਨੂੰ ਰੱਦ ਕੀਤਾ ਸੀ

1. ਬੈੱਡ ਰੂਮ ਦੀ ਪਛਾਣ

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਅਪਰਾਧ ਦੇ ਸਥਾਨ ਦੀ ਪਛਾਣ ਕਰਦੇ ਸਮੇਂ, ਪੀੜਤ ਨੇ ਮੁੱਖ ਦਫ਼ਤਰ ਅਤੇ ਨਾਲ ਜੁੜੇ ਕਮਰੇ ਦੀ ਪਛਾਣ ਕੀਤੀ ਹੈ।

ਉਸ ਨੇ ਬੈੱਡ-ਰੂਮ ਅਤੇ ਅਟੈਚਡ ਬਾਥਰੂਮ ਅਤੇ ਉਸ ਨਾਲ ਜੁੜਨ ਵਾਲੇ ਸਾਰੇ ਰਸਤਿਆਂ ਦੀ ਵੀ ਪਛਾਣ ਕੀਤੀ। ਇਹ "ਸਪੱਸ਼ਟ ਤੌਰ ''''ਤੇ ਦਰਸਾਉਂਦਾ ਹੈ ਕਿ ਪੀੜਤਾ ਨੂੰ ਉਕਤ ਕਮਰਿਆਂ ਦੀ ਪੂਰੀ ਪਛਾਣ ਸੀ।"

ਚਾਰਜ਼ਸ਼ੀਟ ਮੁਤਾਬਕ, “ਇਹ ਮੁਲਜ਼ਮ ਦੇ ਦਾਅਵਿਆਂ ਦੇ ਉਲਟ ਹੈ ਕਿ ਪੀੜਤ ਸਿਰਫ਼ ਉਸ ਦੇ ਮੁੱਖ ਦਫ਼ਤਰ ਗਈ ਸੀ ਨਾ ਕਿ ਅਟੈਚਡ ਕੈਬਿਨ ਜਾਂ ਬੈੱਡ-ਰੂਮ ਵਿੱਚ।”

ਸੰਦੀਪ ਸਿੰਘ
Getty Images
18 ਅਪ੍ਰੈਲ, 2022 ਨੂੰ ਦਰਬਾਰ ਸਾਹਿਬ ਪਹੁੰਚੇ ਸੰਦੀਪ ਸਿੰਘ

2. ਊਬਰ ਦੀ ਸਵਾਰੀ

ਊਬਰ ਰਾਈਡ ਨੇ ਅਪਰਾਧ ਵਾਲੀ ਥਾਂ ''''ਤੇ ਉਸ ਦੇ ਠਹਿਰਨ ਦੀ ਮਿਆਦ ਦੀ ਪੁਸ਼ਟੀ ਕੀਤੀ ਹੈ।

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਊਬਰ ਵੱਲੋਂ ਦਿੱਤੇ ਉਸ ਦੀ ਸਵਾਰੀ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਅਪਰਾਧ ਵਾਲੀ ਥਾਂ ਉੱਤੇ ਇੱਕ ਘੰਟੇ ਤੋਂ ਵੱਧ ਸਮੇਂ ਲਈ ਮੌਜੂਦ ਸੀ, ਨਾ ਕਿ 15 ਮਿੰਟ ਲਈ, ਜੋ ਕਿ ਮੁਲਜ਼ਮ ਦਾ ਦਾਅਵਾ ਸੀ।

ਸੰਦੀਪ ਸਿੰਘ
Getty Images

3. ਦਫ਼ਤਰੀ ਸਮੇਂ ਤੋਂ ਬਾਅਦ ਮੀਟਿੰਗ

ਪੁਲਿਸ ਰਿਪੋਰਟ ਕਹਿੰਦੀ ਹੈ ਕਿ ਮੁਲਜ਼ਮ ਇਹ ਨਹੀਂ ਦੱਸ ਸਕਿਆ ਕਿ ਉਸਨੇ ਦੇਰ ਸ਼ਾਮ, ਅਧਿਕਾਰਤ ਮੁਲਾਕਾਤ ਦੇ ਸਮੇਂ ਤੋਂ ਬਾਅਦ ਪੀੜਤਾ ਨੂੰ ਮਿਲਣ ਦੀ ਇਜਾਜ਼ਤ ਕਿਉਂ ਦਿੱਤੀ।

ਕੋਚ
Getty Images
ਸੰਦੀਪ ਸਿੰਘ ਉੱਤੇ ਇੱਕ ਮਹਿਲਾ ਕੋਚ ਵਲੋਂ ਇਲਜ਼ਾਮ ਲਗਾਏ ਗਏ ਹਨ

4. ਸਿਰ ''''ਤੇ ਸੱਟ

ਕਈ ਗਵਾਹਾਂ ਨੇ ਪੁਸ਼ਟੀ ਕੀਤੀ ਹੈ ਕਿ ਪੀੜਤਾ ਨੇ ਉਨ੍ਹਾਂ ਨੂੰ ਮੁਲਜ਼ਮ ਵੱਲੋਂ ਜਿਨਸੀ ਸ਼ੋਸ਼ਣ ਬਾਰੇ ਜਾਣਕਾਰੀ ਦਿੱਤੀ ਸੀ।

ਸ਼ਿਕਾਇਤਕਰਤਾ ਦੇ ਦਾਅਵਿਆਂ ਦੀ ਪੁਸ਼ਟੀ ਕੁਝ ਗਵਾਹਾਂ ਨੇ ਵੀ ਕੀਤੀ ਗਈ ਹੈ ਜਿਨ੍ਹਾਂ ਨੂੰ ਉਸ ਨੇ ਭਰੋਸੇ ਵਿੱਚ ਘਟਨਾ ਦਾ ਵਰਣਨ ਕੀਤਾ ਸੀ।

ਪ੍ਰਾਪਤ ਡਾਟਾ ਮੁਤਾਬਕ, ਸੀਐੱਫ਼ਐੱਸਐੱਲ ਤੋਂ, ਕੁਝ ਚੈਟ/ਵੌਇਸ ਰਿਕਾਰਡਿੰਗ/ਕਾਲ ਰਿਕਾਰਡਿੰਗ ਮਿਲੀਆਂ ਹਨ, ਜੋ ਇਸ ਤੱਥ ਵੱਲ ਇਸ਼ਾਰਾ ਕਰਦੀਆਂ ਹਨ ਕਿ ਪੀੜਤ ਨੇ ਜਿਨਸੀ ਸ਼ੋਸ਼ਣ ਦੀ ਘਟਨਾ ਬਾਰੇ ਕੁਝ ਲੋਕਾਂ ਨੂੰ ਦੱਸਿਆ ਸੀ।

16 ਜੁਲਾਈ 2022 ਨੂੰ ਰਾਜ ਮਿੱਤਨ ਅਤੇ ਪੀੜਤਾ ਵਿਚਕਾਰ ਇੱਕ ਕਾਲ ਹੋਈ ਸੀ। ਰਾਜ ਮਿੱਤਨ ਇਸ ਮਾਮਲੇ ਵਿੱਚ ਗਵਾਹ ਹਨ।

ਇੱਕ ਤਸਵੀਰ ਪੀੜਤ ਦੇ ਫ਼ੋਨ ਤੋਂ ਪ੍ਰਾਪਤ ਕੀਤੀ ਗਈ ਹੈ, ਜਿਸ ਨੂੰ ਪੀੜਤਾ ਨੇ ਮਿੱਤਨ ਨੂੰ ਭੇਜਿਆ ਸੀ, ਜਿੱਥੇ ਪੀੜਤਾ ਦੇ ਸਿਰ ''''ਤੇ ਪੱਟੀ ਬੰਨ੍ਹੀ ਹੋਈ ਹੈ।

ਇਹ ਰਾਜ ਮਿੱਤਨ ਦੇ ਬਿਆਨ ਨਾਲ ਮੇਲ ਖਾਂਦਾ ਹੈ ਕਿ ਪੀੜਤਾ ਨੇ ਉਸ ਨੂੰ ਮੰਤਰੀ ਵੱਲੋਂ ਜਿਨਸੀ ਸ਼ੋਸ਼ਣ ਕੀਤੇ ਜਾਣ ਬਾਰੇ ਦੱਸਿਆ ਸੀ ਅਤੇ ਆਪਣੇ ਜ਼ਖਮੀ ਸਿਰ ਦੀ ਫ਼ੋਟੋ ਭੇਜੀ ਸੀ।

ਘਟਨਾ ਵਾਲੀ ਥਾਂ ਤੋਂ ਭੱਜਣ ਦੀ ਕੋਸ਼ਿਸ਼ ਸਮੇਂ ਪੀੜਤਾ ਦਾ ਸਿਰ ਮੇਜ਼ ਵਿੱਚ ਵੱਜਿਆ ਸੀ।

ਪੁਲਿਸ ਨੇ ਕਿਹਾ ਹੈ ਗਵਾਹਾਂ ਦੇ ਬਿਆਨਾਂ ਤੋਂ ਪਤਾ ਲੱਗਾ ਹੈ ਕਿ ਪੀੜਤਾ ਨੇ ਖੇਡ ਮੰਤਰੀ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀਆਂ ਵੱਲੋਂ ਮਾਨਸਿਕ ਤੌਰ ''''ਤੇ ਪ੍ਰੇਸ਼ਾਨ ਕੀਤੇ ਜਾਣ ਦਾ ਜ਼ਿਕਰ ਵੀ ਕੀਤਾ ਸੀ।

ਸੰਦੀਪ ਸਿੰਘ
Getty Images
ਡਰੈਗ ਫਲਿੱਕਰ ਸੰਦੀਪ ਨੂੰ ਪੈਨਲਟੀ ਕਾਰਨਰ ਦਾ ਮਾਹਿਰ ਮੰਨਿਆ ਜਾਂਦਾ ਹੈ।

5. ਪ੍ਰਭਾਵ ਦੀ ਵਰਤੋਂ

ਪੁਲਿਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖੇਡ ਵਿਭਾਗ ਦੇ ਸਟਾਫ਼ ਦੀ ਜਾਂਚ ਅਤੇ ਸਰਕਾਰੀ ਰਿਕਾਰਡ ਦੀ ਘੋਖ ਤੋਂ ਪਤਾ ਲੱਗਦਾ ਹੈ ਕਿ ਪੀੜਤਾ ਦੀ ਨਿਯੁਕਤੀ ਵਿੱਚ ਦੇਰੀ ਅਤੇ ਪੰਚਕੂਲਾ ਤੋਂ ਉਸ ਦੇ ਜੱਦੀ ਜ਼ਿਲ੍ਹੇ ਝੱਜਰ ਵਿੱਚ ਉਸ ਦੀ ਬਦਲੀ ਵਿੱਚ ਪ੍ਰਭਾਵ ਦੀ ਵਰਤੋਂ ਕੀਤੀ ਗਈ ਹੈ।

ਪੀੜਤਾ ਦੇ ਫ਼ੋਨ ਵਿੱਚੋਂ ਬਰਾਮਦ ਹੋਈਆਂ ਸਨੈਪਚੈਟ ਗੱਲਬਾਤਾਂ ਅਤੇ ਹੋਰ ਐੱਸਐੱਲ ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਨੇ ਹਰਿਆਣਾ ਨੀਤੀ ਦੇ ਤਹਿਤ ਪੀੜਤਾ ਦੀ ਨਿਯੁਕਤੀ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਉਸ ਨੇ ਆਪਣੇ ਬਿਆਨ ਵਿੱਚ ਇਸ ਤੋਂ ਇਨਕਾਰ ਕੀਤਾ ਹੈ।

BBC
BBC

ਦਸੰਬਰ 2022: ਹਰਿਆਣਾ ਦੇ ਖੇਡ ਮੰਤਰੀ ਅਤੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਉੱਤੇ ਇੱਕ ਓਲੰਪੀਅਨ ਅਥਲੀਟ ਤੇ ਮਹਿਲਾ ਕੋਚ ਨੇ ਕਥਿਤ ਰੂਪ ਵਿੱਚ ਛੇੜਛਾੜ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।

  • ਮਹਿਲਾ ਕੋਚ ਨੇ ਚੰਡੀਗੜ੍ਹ ਵਿੱਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਇਆ ਕਿ ਸੰਦੀਪ ਸਿੰਘ ਉਸ ਨੂੰ ਪਿਛਲੇ 4-5 ਮਹੀਨਿਆਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਹਨ।
  • ਇਲਜ਼ਾਮ ਹਨ ਕਿ ਸੰਦੀਪ ਸਿੰਘ ਨੇ ਪੀੜਤਾ ਨੂੰ ਚੰਡੀਗੜ੍ਹ ਸੈਕਟਰ-7 ਦੀ ਰਿਹਾਇਸ਼ ਉੱਤੇ ਕੰਮ ਦੇ ਬਹਾਨੇ ਬੁਲਾਇਆ ਅਤੇ ਉਨ੍ਹਾਂ ਨੂੰ ਆਪਣੇ ਕੈਬਿਨ ਵਿੱਚ ਲਿਜਾ ਕੇ ਹੱਥੋਪਾਈ ਕਰਨ ਦੀ ਕੋਸ਼ਿਸ ਕੀਤੀ।
  • ਮਹਿਲਾ ਮੁਤਾਬਕ ਸੰਦੀਪ ਸਿੰਘ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਕਿਸੇ ਸਟਾਫ਼ ਨੇ ਮੇਰੀ ਕੋਈ ਮਦਦ ਨਹੀਂ ਕੀਤੀ।
  • ਮਹਿਲਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਮਾਨਸਿਕ ਤੌਰ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
  • ਸੰਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
  • ਸੰਦੀਪ ਨੇ ਕਿਹਾ, ‘‘ਉਹ ਜੂਨੀਅਰ ਕੋਚ ਹਨ ਅਤੇ ਮੈਂ ਕਈ ਵਾਰ ਉਨ੍ਹਾਂ ਦੀ ਖਿਡਾਰੀ ਦੇ ਤੌਰ ਉੱਤੇ ਮਦਦ ਵੀ ਕੀਤੀ ਹੈ।’’
  • ਇਸ ਮਾਮਲੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਹੋਇਆ ਸੀ ਤੇ ਉਨ੍ਹਾਂ ਆਪਣਾ ਅਹੁਦਾ ਛੱਡ ਦਿੱਤਾ ਸੀ।
  • ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਉੱਤੇ ਪਿੱਛਾ ਕਰਨ, ਜਿਨਸੀ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦੇ ਇਲਜ਼ਾਮ ਹੇਠ ਇੱਕ ਐੱਫਆਈਆਰ ਦਰਜ ਕੀਤੀ ਹੈ।
BBC
BBC
ਸੰਦੀਪ ਸਿੰਘ
Getty Images
ਚੰਡੀਗੜ੍ਹ ਸੰਦੀਪ ਸਿੰਘ ਦੇ ਸਰਕਾਰੀ ਰਿਹਾਇਸ਼ ਦੇ ਬਾਹਰ ਦਸੰਬਰ 2022 ਨੂੰ ਪਹੁੰਚੀ ਪੁਲਿਸ

6. ਵਿਦੇਸ਼ੀ ਟਰੇਨਿੰਗ

ਪੀੜਤਾ ਨੂੰ ਵਿਦੇਸ਼ੀ ਟਰੇਨਿੰਗ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤੇ ਜਾਣ ਪਿੱਛੇ ਸਪੱਸ਼ਟ ਕਾਰਨ ਦੱਸਣ ਦੀ ਘਾਟ ਹੈ।

ਖੇਡ ਵਿਭਾਗ ਤੋਂ ਪ੍ਰਾਪਤ ਰਿਕਾਰਡ ਦੇ ਨਾਲ-ਨਾਲ ਮੁਲਜ਼ਮ ਦੇ ਬਿਆਨਾਂ ਮੁਤਾਬਕ ਗਰੁੱਪ ਸੀ ਦੀਆਂ ਅਸਾਮੀਆਂ ਦੀ ਵਿਦੇਸ਼ੀ ਟਰੇਨਿੰਗ ਦੀ ਇਜਾਜ਼ਤ ਆਮ ਤੌਰ ''''ਤੇ ਡਾਇਰੈਕਟਰ ਸਪੋਰਟਸ ਪੱਧਰ ਉੱਤੇ ਦਿੱਤੀ ਜਾਂਦੀ ਹੈ, ਇਸ ਦੇ ਬਾਵਜੂਦ ਪੀੜਤਾ ਦੇ ਮਾਮਲੇ ਵਿੱਚ ਬਿਨਾਂ ਕਿਸੇ ਤਰਕਸੰਗਤ ਸਪੱਸ਼ਟੀਕਰਨ ਦੇ ਇਸ ਨੂੰ ਮੰਤਰੀ ਕੋਲ ਭੇਜ ਦਿੱਤਾ ਗਿਆ।

ਫਾਈਲ ਵਿੱਚ ਦਰੁਸਤੀ ਕਰਨ ਲਈ ਇੱਕ ‘ਫਲੂਡ’ (ਲਿਖੇ ਨੂੰ ਮਿਟਾਉਣ ਲਈ ਵਰਤੀ ਜਾਂਦੀ ਸਫ਼ੇਦ ਸਿਆਹੀ) ਮਾਰਕਿੰਗ ਹੈ ਜਿਸ ਤੋਂ ਬਾਅਦ ਮੰਤਰੀ ਨੂੰ ਫਾਈਲ ਮਾਰਕ ਕਰ ਦਿੱਤੀ ਗਈ ਹੈ ਅਤੇ ਡੀਲਿੰਗ ਅਸਿਸਟੈਂਟ ਅਨੁਸਾਰ ਉਨ੍ਹਾਂ ਨੇ ਡਾਇਰੈਕਟਰ ਸਪੋਰਟਸ ਨੂੰ ਫਾਈਲ ਮਾਰਕ ਕਰ ਦਿੱਤੀ ਸੀ।

ਉਹ ਇਸ ਗੱਲ ਤੋਂ ਅਣਜਾਣ ਹੈ ਕਿ ‘ਫਲੂਡ’ ਨਾਲ ਸੁਧਾਰ ਕਿਵੇਂ, ਕਿਉਂ ਅਤੇ ਕਿਸ ਦੁਆਰਾ ਕੀਤਾ ਗਿਆ ਸੀ।

ਇਸ ਤੋਂ ਇਲਾਵਾ, ਨਿਯਮ ਲਈ ਕੋਈ ਲਿਖਤੀ ਨੀਤੀ ਨਹੀਂ ਹੈ ਜਿਸ ਦੇ ਆਧਾਰ ''''ਤੇ ਪੀੜਤਾ ਦੀ ਵਿਦੇਸ਼ੀ ਟਰੇਨਿੰਗ ਦੀ ਇਜਾਜ਼ਤ ਤੋਂ ਇਨਕਾਰ ਕੀਤਾ ਗਿਆ ਸੀ।

ਇਹ ਸਥਾਪਿਤ ਨਹੀਂ ਕੀਤਾ ਗਿਆ ਹੈ ਕਿ ਇੱਕ ਗਰੁੱਪ ਸੀ ਪੋਸਟ ਦੀ ਵਿਦੇਸ਼ੀ ਟਰੇਨਿੰਗ ਦੀ ਇਜਾਜ਼ਤ ਨੂੰ ਮੰਤਰੀ ਦੇ ਪੱਧਰ ਤੱਕ ਕਿਉਂ ਭੇਜਿਆ ਗਿਆ ਸੀ।

ਸੰਦੀਪ ਸਿੰਘ
Getty Images
ਇੱਕ ਸਮਾਗਮ ਵਿੱਚ ਮੌਜੂਦ ਸੰਦੀਪ ਸਿੰਘ ਤੇ ਯੁਵਰਾਜ ਸਿੰਘ

7. ਪੀੜਤਾ ’ਤੇ ਮਾਨਸਿਕ ਤਸ਼ੱਦਦ

ਡਿਪਟੀ ਡਾਇਰੈਕਟਰ ਕਵਿਤਾ ਤੋਂ ਪੀੜਤਾ ਨਾਲ ਉਸ ਦੀ ਤਕਰਾਰ ਬਾਰੇ ਪ੍ਰਾਪਤ ਹੋਈ ਵੀਡੀਓ ਪੀੜਤਾ ਦੀ ਸ਼ਿਕਾਇਤ ਦੀ ਪੁਸ਼ਟੀ ਕਰਦੀ ਹੈ ਕਿ ਮੁਲਜ਼ਮ ਉਸ ਦੀ ਸਿਖਲਾਈ ਵਿੱਚ ਮੁਸ਼ਕਲਾਂ ਪੈਦਾ ਕਰਨ ਦੀ ਕੋਸ਼ਿਸ਼ ਕਰਕੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਸੀ।

ਇਸੇ ਤਰਾਂ ਉਸ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਜਿੱਥੇ ਉਸ ਨੂੰ ਸਹਾਇਤਾ ਲਈ ਖ਼ੁਦ ਮੁਲਜ਼ਮ ਕੋਲ ਪਹੁੰਚ ਕਰਨੀ ਪਈ, ਕਿਉਂਕਿ ਉਹ ਖੇਡਾਂ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸਨ ਅਤੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਕੋਈ ਵੀ ਗਤੀਵਿਧੀ ਉਨ੍ਹਾਂ ਦੀ ਇਜ਼ਾਜਤ ਤੋਂ ਬਗ਼ੈਰ ਨਹੀਂ ਸੀ ਹੋ ਸਕਦੀ, ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਸੀ।

ਸੰਦੀਪ ਸਿੰਘ
Getty Images
ਅਗਸਤ 2023 ਨੂੰ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸੰਦੀਪ ਸਿੰਘ

8. ਪੀੜਤਾ ਅਤੇ ਮੰਤਰੀ ਵਿਚਕਾਰ ਸਬੰਧ

ਪੀੜਤਾ ਦੇ ਮੋਬਾਈਲ ਫ਼ੋਨਾਂ ਦੀ ਜਾਂਚ ਦੇ ਸਬੰਧ ਵਿੱਚ ਸੀਐੱਫ਼ਐੱਸਐੱਲ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਮੰਤਰੀ ਅਤੇ ਪੀੜਤਾ ਇੱਕ ਦੂਜੇ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦਾ ਸਬੰਧ ਪੇਸ਼ੇਵਾਰ ਗੱਲਬਾਤ ਤੋਂ ਪਰ੍ਹੇ ਸੀ।

ਹਾਲਾਂਕਿ, ਮੁਲਜ਼ਮ ਨੇ ਇਕੱਠੇ ਕੀਤੇ ਸਬੂਤਾਂ ਦੇ ਉਲਟ ਉਸ ਨਾਲ ਕਿਸੇ ਵੀ ਤਰ੍ਹਾਂ ਦੇ ਨਿੱਜੀ ਸਬੰਧ ਹੋਣ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਸੀ।

ਕੁਝ ਗਵਾਹਾਂ ਨੇ ਇਹ ਵੀ ਦੱਸਿਆ ਹੈ ਕਿ ਮੰਤਰੀ ਅਤੇ ਪੀੜਤਾ ਵਿਚਕਾਰ ਨਜ਼ਦੀਕੀ ਸਬੰਧ ਸਨ।

ਇਸ ਤੋਂ ਇਲਾਵਾ, ਗੁਰਜਿੰਦਰ (ਮੁਲਜ਼ਮ ਦਾ ਕਰੀਬੀ ਦੋਸਤ) ਅਤੇ ਪੀੜਤ ਵਿਚਕਾਰ ਇੰਸਟਾਗ੍ਰਾਮ ਚੈਟ ਤੋਂ ਪਤਾ ਲੱਗਦਾ ਹੈ ਕਿ ਪੀੜਤਾ ਨੇ ਮੁਲਜ਼ਮ ਨੂੰ ਗੁਰਜਿੰਦਰ ਨਾਲ ਆਪਣੀ ਚੈਟਿੰਗ ਬਾਰੇ ਦੱਸਿਆ ਸੀ।

ਗੁਰਜਿੰਦਰ ਨਾਲ ਹੋਈ ਗੱਲਬਾਤ ਤੋਂ ਸਾਹਮਣੇ ਆਇਆ ਹੈ ਕਿ ਇਹ ਪਤਾ ਲੱਗਣ ''''ਤੇ ਮੁਲਜ਼ਮ ਨੇ ਉਸ ਨੂੰ ਪੀੜਤਾ ਨਾਲ ਗੱਲਬਾਤ ਬੰਦ ਕਰਨ ਲਈ ਕਿਹਾ ਸੀ, ਜੋ ਕਿ ਮੁਲਜ਼ਮ ਅਤੇ ਪੀੜਤਾ ਵਿਚਕਾਰ ਦੋਸਤੀ ਤੋਂ ਪਰ੍ਹੇ ਰਿਸ਼ਤੇ ਜਾਂ ਭਾਵਨਾ ਵੱਲ ਇਸ਼ਾਰਾ ਕਰਦਾ ਹੈ।

ਪਰ ਮੁਲਜ਼ਮ ਨੇ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਮੁਲਜ਼ਮ ਨੇ ਇਹ ਜਾਣਦੇ ਹੋਏ ਵੀ ਝੂਠ ਬੋਲਿਆ ਕਿ ਇਸ ਚੈਟ ਦੇ ਸਕਰੀਨ ਸ਼ਾਟ ਪੀੜਤਾ ਵਲੋਂ ਉਸ ਨੂੰ ਭੇਜੇ ਗਏ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ‘ਉਹ ਜਾਂਚ ਦੌਰਾਨ ਇਮਾਨਦਾਰ ਨਹੀਂ ਸੀ’।

ਸੰਦੀਪ ਸਿੰਘ
Getty Images

9. ਇੰਸਟਾਗ੍ਰਾਮ ਰਾਹੀਂ ਮਿਲੇ

ਮੁਲਜ਼ਮ ਨੇ ਕਿਹਾ ਹੈ ਕਿ ਪੀੜਤਾ ਨੇ ਉਸ ਨੂੰ ਇੱਕ ਵਾਰ ਇੰਸਟਾਗ੍ਰਾਮ ਅਤੇ ਇੱਕ ਵਾਰ ਸਨੈਪਚੈਟ ''''ਤੇ ਮਿਲਣ ਲਈ ਕਿਹਾ ਸੀ, ਜਦੋਂ ਕਿ ਉਸ ਦੇ ਆਪਣੇ ਬਿਆਨ ਅਤੇ ਉਸ ਦੇ ਸਟਾਫ਼ ਦੇ ਬਿਆਨ ਦੱਸਦੇ ਹਨ ਕਿ ਉਨ੍ਹਾਂ ਨੂੰ ਮਿਲਣ ਦੇ ਚਾਹਵਾਨ ਲੋਕਾਂ ਵੱਲੋਂ ਅਧਿਕਾਰਤ ਫ਼ੋਨ ਨੰਬਰ ਜਾਂ ਉਨ੍ਹਾਂ ਦੇ ਨਿੱਜੀ ਫ਼ੋਨ ਰਾਹੀਂ ਮੁਲਾਕਾਤ ਦਾ ਸਮਾਂ ਲਿਆ ਜਾਂਦਾ ਹੈ।

ਹਾਲਾਂਕਿ ਪੀੜਤਾ ਨੂੰ ਨਿੱਜੀ ਤੌਰ ''''ਤੇ ਬੁਲਾਇਆ ਗਿਆ ਸੀ।

ਸੰਦੀਪ ਸਿੰਘ
Getty Images

10. ਮੰਤਰੀ ਦੇ ਆਪਾ ਵਿਰੋਧੀ ਬਿਆਨ

ਮੁਲਜ਼ਮ ਨੇ ਇਮਤਿਹਾਨ ਦੌਰਾਨ ਕਥਿਤ ਤੌਰ ਤੇ ਅਜਿਹੇ ਬਿਆਨ ਦਰਜ ਕਰਵਾਏ ਜੋ ਉਸ ਦੇ ਆਪਣੇ ਹੀ ਬਿਆਨਾਂ ਨਾਲ ਮੇਲ ਨਹੀਂ ਸਨ ਖਾਂਦੇ।

ਆਪਣੇ ਬਿਆਨ ਵਿੱਚ, ਉਨ੍ਹਾਂ ਨੇ ਦੱਸਿਆ ਹੈ ਕਿ ਉਹ ਪਹਿਲੀ ਵਾਰ ਮਾਰਚ/ਅਪ੍ਰੈਲ 2022 ਵਿੱਚ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਪੀੜਤਾ ਨੂੰ ਮਿਲੇ ਸਨ, ਹਾਲਾਂਕਿ ਬਾਅਦ ਵਿੱਚ ਉਹ ਮੰਨੇ ਕਿ ਮਾਰਚ ਵਿੱਚ ਉਸਦੀ ਰਿਹਾਇਸ਼ ''''ਤੇ ਉਸ ਨੂੰ ਮਿਲਿਆ ਸੀ।

ਆਪਣੇ ਬਿਆਨ ਵਿੱਚ, ਮੁਲਜ਼ਮ ਨੇ ਦੱਸਿਆ ਹੈ ਕਿ ਪੀੜਤਾ ਨੇ 31 ਦਸੰਬਰ, 2021 ਨੂੰ ਉਨ੍ਹਾਂ ਨਿੱਜੀ ਸਕੱਤਰ ਨਾਲ ਗੱਲ ਕੀਤੀ ਸੀ, ਪਰ ਉਸਨੇ ਆਪਣੇ ਬਿਆਨ ਵਿੱਚ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।

ਮੁਲਜ਼ਮ ਨੂੰ ਲਾਈ ਡਿਟੈਕਸ਼ਨ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਉਸ ਨੇ ਮੈਡੀਕਲ ਆਧਾਰ ''''ਤੇ ਇਨਕਾਰ ਕਰ ਦਿੱਤਾ।

ਜਿਵੇਂ ਕਿ ਹਰਿਆਣਾ ਦੇ ਤਤਕਾਲੀ ਡਾਇਰੈਕਟਰ ਸਪੋਰਟਸ ਪ੍ਰਕਾਸ਼ ਨੈਨ ਵੱਲੋਂ ਪੁਸ਼ਟੀ ਕੀਤੀ ਗਈ ਕਿ ਮੁਲਜ਼ਮ ਪੀੜਤਾ ਵਿੱਚ ਅਸਾਧਾਰਨ ਦਿਲਚਸਪੀ ਲੈ ਰਿਹਾ ਸੀ ਕਿਉਂਕਿ ਉਸਨੇ ਉਸ ਦੀ ਜਿੰਮ ਦੇ ਸਹੀ ਪਹਿਰਾਵੇ ਦੀ ਘਾਟ ਵਰਗੇ ਕਾਰਨਾਂ ਕਰਕੇ 3 ਵਾਰ ਸ਼ਿਕਾਇਤ ਕੀਤੀ ਸੀ।

ਦੂਜੇ ਪਾਸੇ ਮੁਲਜ਼ਮ ਨੇ ਕਿਹਾ ਹੈ ਕਿ ਉਸ ਨੇ ਪੀੜਤਾ ਨੂੰ ਜਿੰਮ ਵਿੱਚ ਨਹੀਂ ਦੇਖਿਆ ਸੀ।

ਸੰਦੀਪ ਸਿੰਘ
Getty Images
ਸੰਦੀਪ ਸਿੰਘ ਦੀ ਅਪ੍ਰੇੈਲ 2022 ਦੀ ਇੱਕ ਤਸਵੀਰ

ਉਹ ਇਲਜ਼ਾਮ ਜੋ ਸਾਬਤ ਨਹੀਂ ਹੋਏ

1. 2 ਮਾਰਚ, 2022 ਦੀ ਘਟਨਾ ਬਾਰੇ ਕਿਸੇ ਵੀ ਗਵਾਹ ਨੇ ਪੀੜਤਾ ਦੇ ਬਿਆਨ ਨਾਲ ਮੇਲ ਖਾਂਦੀ ਗੱਲ ਨਹੀਂ ਆਖੀ।

2. ਉਹ ਗੰਭੀਰ ਮਾਨਸਿਕ ਤਣਾਅ ਵਿੱਚ ਸੀ ਜਿਵੇਂ ਕਿ ਵੱਖ-ਵੱਖ ਗਵਾਹਾਂ ਨਾਲ ਉਸ ਦੀਆਂ ਗੱਲਬਾਤ ਤੋਂ ਸੰਕੇਤ ਮਿਲਦਾ ਹੈ ਅਤੇ ਉਸ ਨੇ ਮੁਲਜ਼ਮ ''''ਤੇ ਅਸਹਿਜ ਮਾਹੌਲ ਪੈਦਾ ਕਰਨ ਦਾ ਇਲਜ਼ਾਮ ਲਗਾਇਆ ਹੈ।

ਉਸ ਨੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਅਤੇ ਉਸ ਦੇ ਤਬਾਦਲੇ ਦੇ ਆਰਡਰ ਰੱਦ ਕਰਵਾਉਣ ਲਈ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਵੀ ਕੀਤੀ।

ਜੁਲਾਈ 2022 ਵਿੱਚ ਇੱਕ ਫ਼ੋਨ ਗੱਲਬਾਤ ਵਿੱਚ, ਪੀੜਤਾ ਖੇਡ ਵਿਭਾਗ ਦੇ ਅਧਿਕਾਰੀਆਂ ਬਾਰੇ ਸ਼ਿਕਾਇਤ ਕਰ ਰਹੀ ਹੈ ਅਤੇ ਉਸ ਸਮੇਂ, ਉਨ੍ਹਾਂ ਦੀ ਗੱਲਬਾਤ ਮੰਤਰੀ ਪ੍ਰਤੀ ਬਹੁਤੀ ਨਾਰਾਜ਼ ਜਾਂ ਵਿਰੋਧੀ ਭਾਵ ਵਾਲੀ ਨਹੀਂ ਜਾਪਦੀ।

3. ਪੀੜਤਾ ਨੇ ਦੱਸਿਆ ਹੈ ਕਿ ਮੁਲਜ਼ਮ ਨੇ ਜਿਨਸੀ ਸੁਖ ਦੇਣ ਦੇ ਬਦਲੇ ਹਰਿਆਣਾ ਖੇਡ ਵਿਭਾਗ ਵਿੱਚ ਜੂਨੀਅਰ ਕੋਚ ਵਜੋਂ ਨਿਯੁਕਤੀ ਵਿੱਚ ਸਹਾਇਤਾ ਦੀ ਪੇਸ਼ਕਸ਼ ਕਰਕੇ ਉਸ ਦਾ ਵਿਸ਼ਵਾਸ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।

ਇਸ ਲਈ, ਉਸਨੇ ਇੱਕ ਗੁਪਤ ਸੂਚੀ ਦਾ ਇੱਕ ਸਕ੍ਰੀਨਸ਼ਾਟ ਜਮ੍ਹਾ ਕੀਤਾ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਉਸ ਨੂੰ ਮੁਲਜ਼ਮ ਨੇ ਭੇਜਿਆ ਸੀ।

4. ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਦੇ ਪਹਿਲਾਂ ਮੰਤਰੀ ਨਾਲ ਦੋਸਤਾਨਾ ਰਿਸ਼ਤੇ ਸਨ, ਹਾਲਾਂਕਿ, 15 ਜੁਲਾਈ 2023 ਦੀ ਘਟਨਾ ਤੋਂ ਬਾਅਦ, ਉਸ ਨੇ ਮੁਲਜ਼ਮ ਵੱਲੋਂ ਨਾਜਾਇਜ਼ ਜਿਨਸੀ ਸਬੰਧਾਂ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਸੀ।

5. ਐੱਫ਼ਆਈਆਰ ਦਰਜ ਕਰਨ ਵਿੱਚ 6 ਮਹੀਨੇ ਦੀ ਦੇਰੀ ਹੋਈ ਸੀ। ਅਤੇ ਇਸ ਲਈ ਤੁਰੰਤ ਉਕਸਾਉਣ ਦਾ ਕਾਰਨ ਉਸ ਦਾ ਪੰਚਕੂਲਾ ਤੋਂ ਝੱਜਰ ਵਿੱਚ ਤਬਾਦਲਾ, ਅਤੇ ਮੰਤਰੀ ਵੱਲੋਂ ਉਸਦਾ ਮੁੜ ਤਬਾਦਲਾ ਕਰਨ ਤੋਂ ਇਨਕਾਰ ਕਰਨਾ ਜਾਪਦਾ ਹੈ।

6. ਜਾਂਚ ਨੇ ਅੱਗੇ ਖ਼ੁਲਾਸਾ ਕੀਤਾ ਹੈ ਕਿ ਉਹ ਸਨੈਪਚੈਟ ''''ਤੇ ਇੱਕ ਦੂਜੇ ਨਾਲ ਅਕਸਰ ਗੱਲਬਾਤ ਕਰਦੇ ਸਨ, ਹਾਲਾਂਕਿ ਇਹ ਗੱਲਬਾਤ ਕਿਸੇ ਰਿਕਾਰਡਿੰਗ ਦੇ ਰੂਪ ਵਿੱਚ ਮਿਲ ਨਹੀਂ ਸਕੀ । ਇਸ ਲਈ ਪੀੜਤਾ ਵੱਲੋਂ ਲਾਏ ਗਏ ਕਈ ਇਲਜ਼ਾਮਾਂ ਨੂੰ ਤਕਨੀਕੀ ਵੇਰਵਿਆਂ ਦੀ ਘਾਟ ਕਾਰਨ ਸਾਬਤ ਨਹੀਂ ਕੀਤਾ ਜਾ ਸਕਿਆ।

24 ਅਗਸਤ ਨੂੰ ਪੁਲਿਸ ਵੱਲੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਇਹ ਚਲਾਨ ਜਮ੍ਹਾਂ ਕਰਾਇਆ ਗਿਆ ਹੈ।

ਪੁਲਿਸ ਨੇ ਸੰਦੀਪ ਸਿੰਘ ਵਿਰੁੱਧ ਧਾਰਾ 342, 354, 354-ਏ, 354-ਬੀ, 506, 509 ਆਈਪੀਸੀ ਤਹਿਤ ਅੰਤਿਮ ਰਿਪੋਰਟ ਅਦਾਲਤੀ ਫ਼ੈਸਲੇ ਲਈ ਪੇਸ਼ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News