ਰਣਮੀਕਜੋਤ ਕੌਰ: ਕੌਣ ਹੈ 20 ਸਾਲ ਦੀ ਕੁੜੀ ਜਿਸ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਮਾਰਕਾ ਮਾਰਿਆ

Friday, Sep 08, 2023 - 11:17 AM (IST)

ਰਣਮੀਕਜੋਤ ਕੌਰ: ਕੌਣ ਹੈ 20 ਸਾਲ ਦੀ ਕੁੜੀ ਜਿਸ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਮਾਰਕਾ ਮਾਰਿਆ
ਰਣਮੀਕਜੋਤ ਕੌਰ
Sath
ਰਣਮੀਕਜੋਤ ਕੌਰ ਦੀ ਉਮਰ 20 ਸਾਲ ਹੈ

ਪੰਜਾਬ ਅਤੇ ਹਰਿਆਣਾ ਦੀ ਵਿਦਿਆਰਥੀ ਰਾਜਨੀਤੀ ਦਾ ਗੜ੍ਹ ਮੰਨੀ ਜਾਂਦੀ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦੇ ਨਤੀਜੇ ਬੁੱਧਵਾਰ ਨੂੰ ਆਏ।

ਇਨ੍ਹਾਂ ਚੋਣਾਂ ਵਿੱਚ ਜਿੱਥੇ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਆਗੂ ਜੇਤੂ ਰਹੇ, ਉੱਥੇ ਹੀ ਸੱਥ ਨਾਂ ਦੀ ਇੱਕ ਨਵੀਂ ਜਥੇਬੰਦੀ ਮੀਤ ਪ੍ਰਧਾਨ ਦੀ ਚੋਣ ਜਿੱਤਣ ਕਾਰਨ ਚਰਚਾ ਵਿੱਚ ਹੈ।

ਜਥੇਬੰਦੀ ਦੀ ਉਮੀਦਵਾਰ ਰਣਮੀਕਜੋਤ ਕੌਰ ਦੀ ਉਮਰ 20 ਸਾਲ ਹੈ।

ਜਿੱਤ ਤੋਂ ਬਾਅਦ ਉਨ੍ਹਾਂ ਦੀ ਜਥੇਬੰਦੀ ਨੇ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਵਾਲਾ ਬੈਨਰ ਪੀਯੂ ਸਟੂਡੈਂਟ ਸੈਂਟਰ ਉੱਤੇ ਲਹਿਰਾਇਆ ।

ਦੂਜੀ ਵਾਰ ਚੋਣਾਂ ਵਿੱਚ ਹਿੱਸਾ ਲੈ ਰਹੀ ਇਸ ਜਥੇਬੰਦੀ ਨੇ ਆਪਣੀ ਜਿੱਤ ਮਨੁੱਖੀ ਹੱਕਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੀਤੀ ਹੈ।

ਸੱਥ ਜਥੇਬੰਦੀ
Sath
ਜਿੱਤ ਮਗਰੋਂ ਜਥੇਬੰਦੀ ਨੇ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਵਾਲਾ ਬੈਨਰ ਪੀਯੂ ਸਟੂਡੈਂਟ ਸੈਂਟਰ ਉੱਤੇ ਲਹਿਰਾਇਆ

ਕੌਣ ਹੈ ਰਣਮੀਕਜੋਤ ਕੌਰ

4084 ਵੋਟਾਂ ਹਾਸਲ ਕਰਨ ਵਾਲੀ ਰਣਮੀਕਜੋਤ ਕੌਰ ਮੋਹਾਲੀ ਦੀ ਰਹਿਣ ਵਾਲੀ ਹੈ।

ਰਣਮੀਕਜੋਤ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ ਡੈਂਟਲ ਸਾਇੰਸਸ ਐਂਡ ਹਸਪਤਾਲ ਤੋਂ ਬੀਡੀਐੱਸ ਦੀ ਪੜ੍ਹਾਈ ਕਰ ਰਹੀ ਹੈ, ਇਹ ਉਨ੍ਹਾਂ ਦਾ ਯੂਨੀਵਰਸਿਟੀ ਵਿੱਚ ਦੂਜਾ ਸਾਲ ਹੈ।

ਰਣਮੀਕਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨਵੀਂ ਹੋਣ ਕਾਰਨ ਇਸ ਬਾਰੇ ਕਈ ਪ੍ਰਚਲਿਤ ਧਾਰਨਾਵਾਂ ਸਨ, ਜਿਨ੍ਹਾਂ ਨੂੰ ਤੋੜਨਾ ਉਨ੍ਹਾਂ ਦਾ ਮੁੱਖ ਟੀਚਾ ਰਿਹਾ, ਜਿਸ ਵਿੱਚ ਉਨ੍ਹਾਂ ਨੂੰ ਕਾਮਯਾਬੀ ਹਾਸਲ ਹੋਈ ।

ਰਣਮੀਕਜੋਤ ਕੌਰ ਨੇ ਦੱਸਿਆ ਕਿ ਉਹ ਸ਼ੁਰੂਆਤ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਂਦੀ ਰਹੀ ਹੈ।

“ਮੇਰਾ ਮੰਨਣਾ ਹੈ ਕਿ ਮੈਂ ਆਪਣੀਆਂ ਤਕਰੀਰਾਂ ਅਤੇ ਆਮ ਗੱਲਬਾਤ ਰਾਹੀਂ ਵਿਦਿਆਰਥੀਆਂ ਨਾਲ ਚੰਗਾ ਸੰਪਰਕ ਬਣਾ ਸਕੀ ਅਤੇ ਵਿਦਿਆਰਥੀਆਂ ਅੱਗੇ ਆਪਣੀ ਗੱਲ ਰੱਖ ਸਕੀ, ਜਿਸਦਾ ਚੰਗਾ ਨਤੀਜਾ ਨਿਕਲਿਆ।”

ਚੋਣਾਂ ਦੌਰਾਨ ਆਈਆਂ ਮੁਸ਼ਕਲਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ, “ਸਾਡੀ ਪਾਰਟੀ ਉੱਤੇ ਇਹ ਟੈਗ ਲਾਇਆ ਜਾਂਦਾ ਸੀ ਕਿ ਅਸੀਂ ਸਿਰਫ਼ ਸਿੱਖਾਂ ਦੀ ਪਾਰਟੀ ਹਾਂ, ਇਹ ਸਾਨੂੰ ਸੀਮਤ ਕਰਦਾ ਸੀ।”

ਉਨ੍ਹਾਂ ਦੱਸਿਆ, "ਅਸੀਂ ਪ੍ਰਚਾਰ ਦੌਰਾਨ ਵੱਖ-ਵੱਖ ਵਿਭਾਗਾਂ ਵਿੱਚ ਜਾਂਦੇ ਅਤੇ ਵਿਦਿਆਰਥੀ ਜਿਹੜੀ ਭਾਸ਼ਾ ਸਮਝਦੇ ਉਸੇ ਭਾਸ਼ਾ ਵਿੱਚ ਆਪਣੇ ਬਾਰੇ ਅਤੇ ਯੂਨੀਵਰਸਿਟੀ ਦੇ ਮਸਲਿਆਂ ਬਾਰੇ ਗੱਲ ਕਰਦੇ।

“ਹੌਲੀ-ਹੌਲੀ ਅਸੀਂ ਭਰੋਸਾ ਜਿੱਤਿਆ ਅਤੇ ਗਲਤਫ਼ਹਿਮੀਆਂ ਨੂੰ ਦੂਰ ਕੀਤਾ, ਜਿਸ ਦੇ ਨਤੀਜੇ ਵਜੋਂ ਸਾਨੂੰ ਵੋਟਾਂ ਹਾਸਲ ਹੋਈਆਂ।”

ਜਤਿੰਦਰ ਸਿੰਘ
ANI
ਐੱਨਐੱਸਯੂਆਈ ਦੇ ਜਤਿੰਦਰ ਨੇ ਜਿੱਤੀ ਚੋਣ

ਕੀ ਹੈ ਰਣਮੀਕਜੋਤ ਦਾ ਟੀਚਾ

ਉਨ੍ਹਾਂ ਦੱਸਿਆ ਕਿ ਉਹ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਲਈ ਇੱਕ ‘ਗ੍ਰੀਵੈਂਸ ਸੈਲ’ ਬਣਾਉਣ ਦੀ ਕੋਸ਼ਿਸ਼ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਉਹ ਵਿਦਿਆਰਥੀਆਂ ਦੇ ਵਜੀਫ਼ੇ ਅਤੇ ਨੌਕਰੀਆਂ ਨਾਲ ਸਬੰਧਤ ਮਸਲੇ ਵੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਗੇ।

“ਸਾਡੇ ਨਾਲ ਅਸਾਮ, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਦੇ ਵਿਦਿਆਰਥੀ ਵੀ ਜੁੜੇ ਹਨ।”

ਉਨ੍ਹਾਂ ਦੱਸਿਆ ਕਿ ਸਕੂਲ ਦੀ ਪੜ੍ਹਾਈ ਖ਼ਤਮ ਕਰਕੇ ਯੂਨੀਵਰਸਿਟੀ ਆਉਣ ਤੋਂ ਬਾਅਦ ਉਨ੍ਹਾਂ ਨੇ ਇੱਥੇ ਵੀ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ।

ਉਨ੍ਹਾਂ ਮੁਤਾਬਕ, “ਜਦੋਂ ਸੱਥ ਨੇ ਵਿਦਿਆਰਥੀ ਚੋਣਾਂ ਲਈ ਉਮੀਦਵਾਰ ਵਜੋਂ ਮੇਰੀ ਚੋਣ ਕੀਤੀ ਤਾਂ ਮੈਂ ਪਹਿਲਾਂ ਇਸ ਬਾਰੇ ਆਪਣੇ ਮਾਪਿਆਂ ਨਾਲ ਸਲਾਹ ਕੀਤੀ, ਉਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ, ਜਿਸ ਮਗਰੋਂ ਮੈਂ ਮਿਹਨਤ ਨਾਲ ਪ੍ਰਚਾਰ ਵਿੱਚ ਜੁੱਟ ਗਈ।”

ਰਣਮੀਕਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸਿਵਲ ਸਰਵਸਿਸ ਦੀ ਤਿਆਰੀ ਕਰਕੇ ਅਫ਼ਸਰ ਬਣਨਾ ਹੈ ਅਤੇ ਉਹ ਪੜ੍ਹਾਈ ਦੇ ਨਾਲ-ਨਾਲ ਹੋਰ ਐਕਟੀਵਿਟੀਸ ਵਿੱਚ ਹਿੱਸਾ ਜਾਰੀ ਰੱਖੇਗੀ।

ਸੱਥ
sath
ਬੀਬੀਸੀ
BBC
  • ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਦੇ ਨਤੀਜੇ ਬੁੱਧਵਾਰ ਨੂੰ ਆਏ।
  • ਇਨ੍ਹਾਂ ਚੋਣਾਂ ਵਿੱਚ ਸੱਥ ਨਾਂ ਦੀ ਇੱਕ ਨਵੀਂ ਜਥੇਬੰਦੀ ਮੀਤ ਪ੍ਰਧਾਨ ਦੀ ਚੋਣ ਜਿੱਤਣ ਕਾਰਨ ਚਰਚਾ ਵਿੱਚ ਹੈ।
  • ਇਸ ਜਥੇਬੰਦੀ ਨੇ ਆਪਣੀ ਜਿੱਤ ਮਨੁੱਖੀ ਹੱਕਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੀਤੀ ਹੈ।
  • ਜਥੇਬੰਦੀ ਦੀ ਉਮੀਦਵਾਰ ਰਣਮੀਕਜੋਤ ਕੌਰ ਦੀ ਉਮਰ 20 ਸਾਲ ਦੇ ਕਰੀਬ ਹੈ।
  • ਸੱਥ ਪਾਰਟੀ ਦੇ ਮੌਜੂਦਾ ਪ੍ਰਧਾਨ ਜੋਧ ਸਿੰਘ ਨੇ ਦੱਸਿਆ ਕਿ ਸੱਥ 2017 ਵਿੱਚ ਇੱਕ ਵਿਚਾਰ-ਚਰਚਾ ਸਮੂਹ ਵਜੋਂ ਸ਼ੁਰੂ ਹੋਈ ਸੀ
  • ਉੇਨ੍ਹਾਂ ਕਿਹਾ ਕਿ ਸੱਥ ਨੂੰ ਕਿਸੇ ਵੀ ਰਾਜਨੀਤਕ ਜਥੇਬੰਦੀ ਦੀ ਹਮਾਇਤ ਹਾਸਲ ਨਹੀਂ ਹੈ।
ਬੀਬੀਸੀ
BBC

ਸੱਥ ਜਥੇਬੰਦੀ ਕੀ ਹੈ ਅਤੇ ਕਿਉਂ ਲਗਾਇਆ ਬੈਨਰ

ਸੱਥ ਪਾਰਟੀ ਦੇ ਮੌਜੂਦਾ ਪ੍ਰਧਾਨ ਜੋਧ ਸਿੰਘ ਨੇ ਦੱਸਿਆ ਕਿ ਸੱਥ 2017 ਵਿੱਚ ਇੱਕ ਵਿਚਾਰ-ਚਰਚਾ ਸਮੂਹ ਵਜੋਂ ਸ਼ੁਰੂ ਹੋਈ ਸੀ।

ਉਨ੍ਹਾਂ ਦੱਸਿਆ, “ਸੱਥ ਵੱਲੋਂ ਸ਼ੁਰੂ ਵਿੱਚ ਵੱਖ-ਵੱਖ ਮਾਹਰਾਂ ਦੇ ਸੈਮੀਨਾਰ ਕਰਵਾਏ ਜਾਂਦੇ ਸਨ, ਇਸੇ ਦੌਰਾਨ ਅਸੀਂ ਇਹ ਮਹਿਸੂਸ ਕੀਤਾ ਕਿ ਵਿਦਿਆਰਥੀ ਚੋਣਾਂ ਵਿੱਚ ਵਿਦਿਆਰਥੀਆਂ ਦੀ ਭਲਾਈ ਅਤੇ ਸਮੂਹਿਕ ਲੀਡਰਸ਼ਿਪ ਖੜ੍ਹੀ ਕਰਨ ਦੀ ਗੱਲ ਨਹੀਂ ਹੋ ਰਹੀ।”

ਜੋਧ ਸਿੰਘ ਨੇ 2022 ਵਿੱਚ ਸੱਥ ਵੱਲੋਂ ਪ੍ਰਧਾਨਗੀ ਦੀ ਚੋਣ ਵੀ ਲੜੀ ਸੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਅਤੇ 2022 ਵਿੱਚ ਪਹਿਲੀ ਵਾਰੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜੀ।

“ਇਨ੍ਹਾਂ ਚੋਣਾਂ ਵਿੱਚ ਸਾਨੂੰ ਲੜੀਵਾਰ 350 ਅਤੇ 1000 ਦੇ ਕਰੀਬ ਵੋਟਾਂ ਹਾਸਲ ਹੋਈਆਂ ਸਨ।”

ਇਸ ਵਾਰ ਦੀਆਂ ਚੋਣਾਂ ਵਿੱਚ ਅਸੀਂ ਸਿਰਫ ਮੀਤ ਪ੍ਰਧਾਨ ਦੇ ਅਹੁਦੇ ਲਈ ਹੀ ਚੋਣ ਲੜੀ ਕਿਉਂਕਿ ਅਸੀਂ ਇਹ ਸੋਚਿਆ ਕਿ ਇਸ ਵਿੱਚ ਅਸੀਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਾਂ।

ਉਨ੍ਹਾਂ ਦੱਸਿਆ ਕਿ ਵਿਦਿਆਰਥੀ ਚੋਣਾਂ ਵਿੱਚ ਅਕਸਰ ਸਿਆਸੀ ਦਖ਼ਲਅੰਦਾਜ਼ੀ ਹੁੰਦੀ ਹੈ ਅਤੇ ਪੈਸਿਆਂ ਦੇ ਜ਼ੋਰ ਉੱਤੇ ਦਿਖਾਵਾ ਕੀਤਾ ਜਾਂਦਾ ਹੈ।

ਉੇਨ੍ਹਾਂ ਕਿਹਾ ਕਿ ਸੱਥ ਨੂੰ ਕਿਸੇ ਵੀ ਸਿਆਸੀ ਜਥੇਬੰਦੀ ਦੀ ਹਮਾਇਤ ਹਾਸਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਚੋਣਾਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਲੜੀਆਂ।

ਉਨ੍ਹਾਂ ਦੱਸਿਆ ਕਿ ਉਹ ਸਰਬੱਤ ਦੇ ਭਲੇ ਦੇ ਸਿਧਾਂਤ ਵਿੱਚ ਯਕੀਨ ਰੱਖਦੇ ਹਨ ਅਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਵਜੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਸਤਿਕਾਰ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਕਿਉਂਕਿ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਗਿਣਤੀ ਵੱਧ ਹੈ ਅਤੇ ਰਣਮੀਕਜੋਤ ਕੌਰ ਅਗਵਾਈ ਕਰਨ ਦੀ ਕਾਬਲੀਅਤ ਰੱਖਦੇ ਹਨ, ਇਸ ਲਈ ਉਨ੍ਹਾਂ ਦੀ ਚੋਣ ਕੀਤੀ ਗਈ ਹੈ।

ਸੱਥ ਜਥੇਬੰਦੀ ਮੱਤੇਵਾੜਾ ਜੰਗਲ ਦੇ ਨੇੜੇ ਬਣਾਈ ਜਾ ਰਹੀ ਟੈਕਸਟਾਈਲ ਪਾਰਕ ਦੇ ਵਿਰੋਧ ਵਿੱਚ ਚੱਲੀ ਮੁਹਿੰਮ ਵਿੱਚ ਵੀ ਸ਼ਾਮਲ ਸੀ।

ਵਿਦਿਆਰਥੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਦਿਲਚਸਪੀ

ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਦੀ ਵੀ ਖ਼ਾਸ ਦਿਲਚਸਪੀ ਰਹਿੰਦੀ ਹੈ।

ਇਨ੍ਹਾਂ ਚੋਣਾਂ ਵਿੱਚੋਂ ਨਿਕਲੇ ਕਈ ਚਿਹਰਿਆਂ ਨੇ ਦੋਵਾਂ ਸੂਬਿਆਂ ਦੀ ਸਿਆਸਤ ਵਿੱਚ ਵੀ ਚੰਗੇ ਮੁਕਾਮ ਹਾਸਲ ਕੀਤੇ ਹਨ।

ਕਾਂਗਰਸ ਦੇ ਆਗੂ ਬਰਿੰਦਰ ਢਿੱਲੋਂ, ਦਲਵੀਰ ਸਿੰਘ ਗੋਲਡੀ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਮੇਤ ਕਈ ਆਗੂ ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲੈਂਦੇ ਰਹੇ ਹਨ।

ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਟੂਡੈਂਟ ਆਰਗਨਾਈਜ਼ੇਸ਼ਨ ਆਫ ਇੰਡੀਆ ਵੀ ਹਿੱਸਾ ਲੈਂਦੀ ਹੈ, ਇਸਦੇ ਨਾਲ ਹੀ ਸਟੂਡੈਂਟ ਆਰਗਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਅਤੇ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ(ਪੁਸੂ) ਦੇ ਵਿਦਿਆਰਥੀ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ।

ਕੀ ਕਹਿੰਦੇ ਹਨ ਨਤੀਜੇ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕਾਊਂਸਲ ਦੀ ਪ੍ਰਧਾਨਗੀ ਦੀ ਚੋਣ ਵਿੱਚ ਕਾਂਗਰਸ ਦੀ ਹਮਾਇਤ ਵਾਲੀ ਐਨਐਸਯੂਆਈ(ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ) ਨੇ ਬਾਜ਼ੀ ਮਾਰੀ ਹੈ।

ਇਸ ਵਾਰ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਹਮਾਇਤ ਵਾਲੀ ਵਿਦਿਆਰਥੀ ਜਥੇਬੰਦੀ ਛਾਤਰਾ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਕੋਈ ਮਾਰਕਾ ਨਹੀਂ ਮਾਰ ਸਕੀ।

ਪਿਛਲੀਆਂ ਚੋਣਾਂ(2022) ਵਿੱਚ ਸੀਵਾਈਐੱਸਐੱਸ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ।

ਪ੍ਰਧਾਨਗੀ ਦੀ ਚੋਣ ਵਿੱਚ ਕਾਂਗਰਸ ਦੀ ਹਮਾਇਤ ਵਾਲੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੇ ਜਤਿੰਦਰ ਸਿੰਘ ਨੇ ਕੁੱਲ 3003 ਵੋਟਾਂ ਹਾਸਲ ਕੀਤੀਆਂ ਜਦਕਿ ਸੀਵਾਈਐੱਸਐੱਸ ਦੇ ਦਿਵਿਆਂਸ਼ ਠਾਕੁਰ ਨੂੰ 603 ਵੋਟਾਂ ਮਿਲੀਆਂ।

ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੀ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਂਦੀ ਹੈ। ਏਬੀਵੀਪੀ ਦੇ ਨੁਮਾਇੰਦੇ ਨੂੰ 820 ਵੋਟਾਂ ਹਾਸਲ ਹੋਈਆਂ।

ਹਰਿਆਣਾ ਦੀ ਜਨਨਾਇਕ ਜਨਤਾ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਇੰਡੀਅਨ ਨੈਸ਼ਨਲ ਸਟੂਡੈਂਟ ਆਰਗਨਾਈਜ਼ੇਸ਼ਨ ਵੱਲੋਂ ਦੀਪਕ ਗੋਇਤ ਨੇ ਸੈਕਰੇਟਰੀ ਦੇ ਅਹੁਦੇ ਲਈ ਜਿੱਤ ਹਾਸਲ ਕੀਤੀ।

ਗੌਰਵ ਚਾਹਲ ਜੋ ਪੰਜਾਬ ਯੂਨੀਵਰਸਿਟੀ ਹੈਲਪਿੰਗ ਹੈਂਡ ਅਤੇ ਏਬੀਵੀਪੀ ਦੇ ਸਾਂਝੇ ਉਮੀਦਵਾਰ ਸਨ ਨੇ ਜੋਇੰਟ ਸੈਕਰੇਟਰੀ ਦੇ ਅਹੁਦੇ ਲਈ ਜਿੱਤ ਹਾਸਲ ਕੀਤੀ।

ਸੱਥ
Sath

ਸੱਥ ਦਾ ਜਿੱਤਣਾ ਕੀ ਦੱਸਦਾ ਹੈ?

ਉੱਘੇ ਸਿਆਸੀ ਮਾਹਰ ਪ੍ਰੋ ਮੁਹੰਮਦ ਖ਼ਾਲਿਦ ਨੇ ਦੱਸਿਆ ਕਿ ਵਿਦਿਆਰਥੀ ਰਾਜਨੀਤੀ ਵਿੱਚ ਇਹ ਰੁਝਾਨ ਰਿਹਾ ਹੈ ਕਿ ਵਿਦਿਆਰਥੀ ਕਿਸੇ ਇੱਕ ਪਾਰਟੀ ਨੂੰ ਜ਼ਿਆਦਾ ਦੇਰ ਤੱਕ ਸਪੋਰਟ ਨਹੀਂ ਕਰਦੇ।

ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੇਵਲ ਪ੍ਰਧਾਨ ਦੀ ਚੋਣ ਹੀ ਜਿੱਤਿਆ ਸੀ ਜਦਕਿ ਬਾਕੀ ਅਹੁਦਿਆਂ ਅਤੇ ਚੰਡੀਗੜ੍ਹ ਦੇ ਹੋਰ ਕਾਲਜਾਂ ਵਿੱਚ ਪਾਰਟੀ ਕੁਝ ਖ਼ਾਸ ਨਹੀਂ ਕਰ ਸਕੀ ਸੀ।

“ਇਸ ਵਾਰ ਐੱਨਐੱਸਯੂਆਈ ਨੇ ਧੜ੍ਹਿਆਂ ਨੂੰ ਇਕੱਠੇ ਕਰਕੇ ਪ੍ਰਧਾਨਗੀ ਹਾਸਲ ਕਰਨ ਲਈ ਜ਼ੋਰ ਲਾਇਆ ਅਤੇ ਕਾਮਯਾਬ ਰਹੀ।”

ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਇਸ ਤਰੀਕੇ ਵੀ ਵੇਖਿਆ ਜਾ ਸਕਦਾ ਹੈ ਕਿ ਕਈ ਧੜਿਆਂ ਨੇ ਰਲ ਕੇ ਭਾਜਪਾ ਦੀ ਜਥੇਬੰਦੀ ਏਬੀਵੀਪੀ ਨੂੰ ਢਾਹ ਲਾਈ ਹੈ, ਜੋ ਖਿੱਤੇ ਦੀ ਸਿਆਸਤ ਦੇ ਸੰਦਰਭ ਬਾਰੇ ਵੀ ਬਹੁਤ ਕੁਝ ਦੱਸਦਾ ਹੈ।

ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ, “ਕਿਉਂਕਿ 60 ਫ਼ੀਸਦ ਵੋਟਰ ਕੁੜੀਆਂ ਹਨ, ਇਸ ਲਈ ਜਿਸ ਉਮੀਦਵਾਰ ਨੂੰ ਕੁੜੀਆਂ ਦੀਆਂ ਵੱਧ ਵੋਟਾਂ ਮਿਲਦੀਆਂ ਹਨ ਉਹ ਜਿੱਤ ਜਾਂਦਾ ਹੈ।”

ਯੂਨੀਵਰਸਿਟੀ ਦੇ ਦੱਖਣ ਵਿੱਚ ਯੂਨੀਵਰਸਿਟੀ ਸਕੂਲ ਆਫ ਇੰਜੀਨਅਰਿੰਗ ਐਂਡ ਟੈਕਨਾਲਜੀ ਹੈ ਅਤੇ ਹੋਰ ਕਈ ਅਜਿਹੇ ਡਿਪਾਰਟਮੈਂਟ ਹਨ ਜਿਨ੍ਹਾਂ ਦੀਆਂ ਵੋਟਾਂ ਹੋਰਾਂ ਦੇ ਮੁਕਾਬਲੇ ਜ਼ਿਆਦਾ ਹਨ, ਇੱਥੇ ਮਕਬੂਲੀਅਤ ਹਾਸਲ ਕਰਨ ਵਾਲੇ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਸੱਥ ਦੀ ਜਿੱਤ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸੱਥ ਦਾ ਹਾਲੇ ਕੋਈ ਇਤਿਹਾਸ ਨਹੀਂ ਹੈ, ਵਿਦਿਆਰਥੀ ਰਾਜਨੀਤੀ ਵਿੱਚ ਸਮੇਂ-ਸਮੇਂ ਤੇ ਨਵੇਂ ਗਰੁੱਪ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਰਣਮੀਕਜੋਤ ਕੌਰ ਦੀ ਜਿੱਤ ਵਿੱਚ ਉਨ੍ਹਾਂ ਦਾ ਇੱਕ ਕੁੜੀ ਹੋਣਾ ਵੀ ਵੱਡਾ ਫੈਕਟਰ ਰਿਹਾ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News