''''ਮੈਂ ਮਰ ਜਾਵਾਂਗੀ, ਪਰ ਭੱਜਾਂਗੀ ਨਹੀ...''''ਹਾਈਜੈਕਰਾਂ ਹੱਥੋਂ 300 ਤੋਂ ਵੱਧ ਜਾਨਾਂ ਬਚਾਉਣ ਵਾਲੀ ਨੀਰਜਾ ਭਨੋਟ

Thursday, Sep 07, 2023 - 10:17 AM (IST)

''''ਮੈਂ ਮਰ ਜਾਵਾਂਗੀ, ਪਰ ਭੱਜਾਂਗੀ ਨਹੀ...''''ਹਾਈਜੈਕਰਾਂ ਹੱਥੋਂ 300 ਤੋਂ ਵੱਧ ਜਾਨਾਂ ਬਚਾਉਣ ਵਾਲੀ ਨੀਰਜਾ ਭਨੋਟ

‘ਬਾਬੂਮੋਸ਼ਾਏ ਜ਼ਿੰਦਗੀ ਬੜੀ ਹੋਨੀ ਚਾਹੀਏ, ਲੰਬੀ ਨਹੀਂ...’

ਅਕਸਰ ਰਾਜੇਸ਼ ਖੰਨਾ ਦਾ ਇਹ ਡਾਇਲਾਗ ਬੋਲਣ ਵਾਲੀ ਉਨ੍ਹਾਂ ਦੀ ਫੈਨ ਨੀਰਜਾ ਭਨੋਟ ਨੇ ਸਿਰਫ਼ 23 ਸਾਲ ਦੀ ਉਮਰ ਵਿੱਚ ਅਜਿਹੀ ਬਹਾਦਰੀ ਦਿਖਾਈ ਕਿ ਅੱਜ ਦੁਨੀਆਂ ਉਨ੍ਹਾਂ ਨੂੰ ‘ਹੀਰੋਇਨ ਆਫ ਦਿ ਹਾਈਜੈਕਿੰਗ’ ਦੇ ਨਾਂ ਨਾਲ ਜਾਣਦੀ ਹੈ।

ਸਤੰਬਰ 1986 ਵਿੱਚ ਹੋਏ ਜਹਾਜ਼ ਹਾਈਜੈਕ ਵਿੱਚ ਉਨ੍ਹਾਂ ਨੇ ਆਪਣੀ ਸਮਝਦਾਰੀ ਨਾਲ 300 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਸੀ।

ਨੀਰਜਾ ਭਨੋਟ ਦੀ ਬਹਾਦਰੀ ਦੇ ਕਿੱਸੇ ਤੁਹਾਨੂੰ ਹਰ ਥਾਂ ਸੁਣਨ-ਪੜ੍ਹਨ ਨੂੰ ਮਿਲ ਜਾਣਗੇ, ਪਰ ਇੰਨੀ ਹਿੰਮਤ ਨਾਲ ਡਟ ਕੇ ਹਾਈਜੈਕਰਾਂ ਦਾ ਸਾਹਮਣਾ ਕਰਨ ਵਾਲੇ ਨੀਰਜਾ ਨਿੱਜੀ ਜ਼ਿੰਦਗੀ ਵਿੱਚ ਕਿਹੋ ਜਿਹੇ ਸਨ।

ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਕਈ ਅਹਿਮ ਤੇ ਦਿਲਚਸਪ ਕਿੱਸੇ ਦੱਸਾਂਗੇ ਤੇ 1986 ਦੇ ਉਸ ਹਾਈਜੈਕ ਹਾਦਸੇ ਦੀ ਵੀ ਗੱਲ ਕਰਾਂਗੇ।

ਨੀਰਜਾ ਭਨੋਟ ਨੇ 1986 ਵਿੱਚ ਜਦੋਂ ਹਾਈਜੈਕਰਾਂ ਦਾ ਡਟ ਕੇ ਕੀਤਾ ਸਾਹਮਣਾ

5 ਸਤੰਬਰ 1986 ਨੂੰ ‘ਪੈਨ ਅਮਰੀਕਨ ਵਰਲਡ ਏਅਰਵੇਜ਼ ਫਲਾਈਟ 73’ ਮੁੰਬਈ ਤੋਂ ਕਰਾਚੀ ਅਤੇ ਫਰੈਂਕਫਰਟ ਹੁੰਦੇ ਹੋਏ ਨਿਊਯਾਰਕ ਜਾ ਰਹੀ ਸੀ। ਰਸਤੇ ਵਿੱਚ ਇਸ ਨੂੰ ਕਰਾਚੀ ਵਿੱਚ ਅਗਵਾ ਕਰ ਲਿਆ ਗਿਆ ਸੀ।

ਹਾਈਜੈਕ ਵਿੱਚ ਸ਼ਾਮਲ 4 ਅਗਵਾਕਾਰਾਂ ਨੇ ਖ਼ੁਦ ਨੂੰ ਅਤੇ ਜਹਾਜ਼ ਨੂੰ ਉਡਾਉਣ ਦੀ ਯੋਜਨਾ ਬਣਾਈ ਸੀ। ਪਰ 16 ਘੰਟੇ ਬਾਅਦ ਜਹਾਜ਼ ਵਿੱਚ ਤੇਲ ਖ਼ਤਮ ਹੋ ਗਿਆ ਤੇ ਬਿਜਲੀ ਕੱਟ ਹੋ ਗਈ ਜਿਸ ਕਾਰਨ ਉਹ ਅਜਿਹਾ ਨਾ ਕਰ ਸਕੇ।

ਨੀਰਜਾ ਭਨੋਟ ਉਸ ਜਹਾਜ਼ ਵਿੱਚ ਸੀਨੀਅਰ ਫਲਾਈਟ ਪਰਸਰ ਸਨ। ਉਨ੍ਹਾਂ ਨੇ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਪਹਿਲਾਂ ਜਹਾਜ਼ ਦੇ ਪਲਾਇਟਾਂ ਨੂੰ ਇਸਦੀ ਜਾਣਕਾਰੀ ਦਿੱਤੀ।

ਨੀਰਜਾ ਦੀ ਇਸ ਕਾਲ ਤੋਂ ਬਾਅਦ ਜਹਾਜ਼ ਦੇ ਪਾਇਲਟ, ਕੋ-ਪਾਇਲਟ ਅਤੇ ਫਲਾਈਟ ਇੰਜੀਨੀਅਰ ਐਮਰਜੈਂਸੀ ਰਸਤੇ ਤੋਂ ਭੱਜ ਗਏ।

ਅਗਵਾਕਾਰਾਂ ਨਾਲ 16 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਨੀਰਜਾ ਨੇ ਹਨੇਰਾ ਹੁੰਦਿਆਂ ਹੀ ਜਹਾਜ਼ ਦੀ ਐਮਰਜੈਂਸੀ ਖਿੜਕੀ ਖੋਲ੍ਹ ਦਿੱਤੀ ਤੇ ਯਾਤਰੀ ਬਾਹਰ ਨਿਕਲਣ ਲੱਗੇ।

ਲਗਭਗ ਸਾਰੇ ਯਾਤਰੀ ਜਹਾਜ਼ ਵਿੱਚੋਂ ਬਾਹਰ ਨਿਕਲ ਚੁੱਕੇ ਸਨ ਪਰ ਤਿੰਨ ਛੋਟੇ ਬੱਚੇ ਜਹਾਜ਼ ਦੇ ਅੰਦਰ ਹੀ ਫਸੇ ਹੋਏ ਸਨ।

ਨੀਰਜਾ ਜਦੋਂ ਉਨ੍ਹਾਂ ਬੱਚਿਆਂ ਨੂੰ ਜਹਾਜ਼ ਤੋਂ ਬਾਹਰ ਕੱਢ ਰਹੇ ਸਨ, ਉਸ ਵੇਲੇ ਅਗਵਾਕਾਰਾਂ ਦੀ ਨਜ਼ਰ ਨੀਰਜਾ ਉੱਤੇ ਪਈ।

ਇਸ ਦੌਰਾਨ ਬੱਚੇ ਤਾਂ ਬਚ ਗਏ ਪਰ ਹਾਈਜੈਕਰਾਂ ਦੀਆਂ ਗੋਲੀਆਂ ਤੋਂ ਨੀਰਜਾ ਨਾ ਬਚ ਸਕੇ।

ਇਸ ਫਲਾਈਟ ਵਿੱਚ ਕੁੱਲ 360 ਯਾਤਰੀ ਤੇ 19 ਕਰੂ ਮੈਂਬਰ ਸਨ। ਜਿਨ੍ਹਾਂ ਵਿੱਚੋਂ 22 ਲੋਕਾਂ ਦੀ ਜਾਨ ਚਲੀ ਗਈ ਤੇ 150 ਲੋਕ ਜ਼ਖ਼ਮੀ ਹੋਏ ਸਨ।

ਹਾਈਜੈਕਰ ਫਲਸਤੀਨੀ ਮੁਸਲਿਮ ਲੜਾਕੇ ਸਨ ਅਤੇ ਇਨ੍ਹਾਂ ਵਿੱਚ ਮੁੱਖ ਹਾਈਜੈਕਰ ਜ਼ਾਇਦ ਹਸਨ ਅਬਦ ਅਲ ਲਤੀਫ਼ ਮਸੂਦ ਅਲ-ਸਾਫਾਰੀਨੀ ਸੀ, ਜਿਸ ਨੂੰ ਪਾਕਿਸਤਾਨ ਨੇ 2001 ਵਿੱਚ ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਇਨਵੈਸਟੀਗੇਸ਼ਨ ਨੂੰ ਸੌਂਪ ਦਿੱਤਾ। ਉਸ ਨੂੰ ਅਮਰੀਕਾ ਲਿਜਾਇਆ ਗਿਆ ਜਿੱਥੇ ਉਸ ਨੂੰ 160 ਸਾਲ ਦੀ ਸਜ਼ਾ ਸੁਣਾਈ ਗਈ।

ਨੀਰਜਾ ਆਪਣੇ ਪਿਤਾ ਵਾਂਗ ਨਿਡਰ ਸੀ

ਸਾਲ 1987 ਵਿੱਚ ਨੀਰਜਾ ਨੂੰ ਉਨ੍ਹਾਂ ਦੀ ਇਸ ਬਹਾਦਰੀ ਲਈ ਭਾਰਤ ਸਰਕਾਰ ਵੱਲੋਂ ਅਸ਼ੋਕ ਚੱਕਰ, ਪਾਕਿਸਤਾਨ ਸਰਕਾਰ ਵੱਲੋਂ ਤਮਗਾ-ਏ-ਪਾਕਿਸਤਾਨ ਅਤੇ ਅਮਰੀਕੀ ਸਰਕਾਰ ਵੱਲੋਂ ਹੀਰੋਇਜ਼ਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

2016 ਵਿੱਚ ਨੀਰਜਾ ਫ਼ਿਲਮ ਵੀ ਆਈ ਸੀ, ਜਿਸ ਵਿੱਚ ਸੋਨਮ ਕਪੂਰ ਨੇ ਨੀਰਜਾ ਭਨੋਟ ਦਾ ਕਿਰਦਾਰ ਅਦਾ ਕੀਤਾ ਹੈ।

ਸਾਲ 2016 ਵਿੱਚ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਸੋਨਮ ਕਪੂਰ ਨੇ ਕਿ ਨੀਰਜਾ ਦੀ ਮਾਂ ਨੇ ਉਨ੍ਹਾਂ ਨੂੰ ਇੱਕ ਕਿੱਸਾ ਸੁਣਾਇਆ ਸੀ।

ਨੀਰਜਾ ਦੀ ਮਾਂ ਰਮਾ ਭਨੋਟ ਜਦੋਂ ਅਸ਼ੋਕ ਚੱਕਰ ਲੈਣ ਗਏ ਤਾਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਕਿਹਾ ਕਿ ਤੁਸੀਂ ਰੋ ਕਿਉਂ ਰਹੇ ਹੋ, ਤੁਹਾਨੂੰ ਤਾਂ ਅਜਿਹੀ ਔਲਾਦ ਮਿਲਣ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।

ਨੀਰਜਾ ਦੇ ਵੱਡੇ ਭਰਾ ਅਖਿਲ ਭਨੋਟ ਬੀਬੀਸੀ ਨਾਲ ਗੱਲਬਾਤ ਵਿੱਚ ਨੀਰਜਾ ਦੇ ਹਿੰਮਤ ਦੇ ਕਿੱਸੇ ਯਾਦ ਕਰਦੇ ਹਨ।

ਅਖਿਲ ਭਨੋਟ ਦੱਸਦੇ ਹਨ,’’ਨੀਰਜਾ ਕਿਸੇ ਕੋਲੋਂ ਡਰਦੀ ਨਹੀਂ ਸੀ, ਉਹ ਆਪਣੀ ਸੋਚ ਉੱਤੇ ਅੜੀ ਰਹਿੰਦੀ ਸੀ। ਉਹ ਸਾਡੇ ਪਿਤਾ ਵਾਂਗ ਨਿਡਰ ਸੀ ਤੇ ਉਨ੍ਹਾਂ ਤੋਂ ਹੀ ਪ੍ਰੇਰਿਤ ਸੀ।‘’

ਉਹ ਇੱਕ ਵਾਰ ਦਾ ਕਿੱਸਾ ਸੁਣਾਉਂਦਿਆ ਦੱਸਦੇ ਹਨ,’’ਇੱਕ ਵਾਰ ਨੀਰਜਾ ਮੇਰੇ ਨਾਲ ਸਕੂਟਰ ਉੱਤੇ ਕਾਲਜ ਜਾ ਰਹੀ ਸੀ ਤੇ ਰਸਤੇ ਵਿੱਚ ਇੱਕ ਆਦਮੀ ਆਪਣੀ ਪਤਨੀ ਨਾਲ ਕੁੱਟਮਾਰ ਕਰ ਰਿਹਾ ਸੀ, ਨੀਰਜਾ ਨੇ ਉੱਥੇ ਹੀ ਸਕੂਟਰ ਰੁਕਵਾਇਆ ਤੇ ਜਾ ਕੇ ਉਸ ਆਦਮੀ ਦਾ ਹੱਥ ਫੜ ਲਿਆ।‘’

‘’ਹਾਲਾਂਕਿ ਉਸ ਔਰਤ ਨੇ ਨੀਰਜਾ ਨੂੰ ਪਿੱਛੇ ਹਟਣ ਲਈ ਕਿਹਾ ਕਿ ਇਹ ਉੁਨ੍ਹਾਂ ਦਾ ਨਿੱਜੀ ਮਾਮਲਾ ਹੈ, ਫਿਰ ਵੀ ਨੀਰਜਾ ਹਟੀ ਨਹੀਂ ਤੇ ਅਸੀਂ ਬੜੀ ਮੁਸ਼ਕਿਲ ਨਾਲ ਸਮਝਾ ਕੇ ਉਸ ਨੂੰ ਘਰ ਲਿਆਏ।‘’

‘’ਉਸ ਵੇਲੇ ਨੀਰਜਾ ਨੇ ਝੁਟਕੀ ਮਾਰ ਕੇ ਕਿਹਾ ਸੀ, ਇਸ ਜ਼ਿੰਦਗੀ ਨੇ ਲੰਘ ਜਾਣਾ ਹੈ ਤੇ ਪਤਾ ਵੀ ਨਹੀਂ ਲੱਗਣਾ। ਮੈਂ ਆਪਣੇ ਸਿਧਾਂਤਾ ਨਾਲ ਕਦੇ ਸਮਝੌਤਾ ਨਹੀਂ ਕਰਾਂਗੀ, ਉੱਥੇ ਜੋ ਹੋ ਰਿਹਾ ਸੀ ਉਹ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ।‘’

ਏਅਰਹੋਸਟਸ ਦੇ ਨਾਲ-ਨਾਲ ਇੱਕ ਕਾਮਯਾਬ ਮਾਡਲ ਵੀ

7 ਸਤੰਬਰ 1963 ਨੂੰ ਜੰਮੇ ਨੀਰਜਾ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਪਿਆਰ ਨਾਲ ਲਾਡੋ ਕਹਿ ਕੇ ਬੁਲਾਉਂਦਾ ਸੀ।

ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਹਰੀਸ਼ ਭਨੋਟ, ਮਾਂ ਰਮਾ ਭਨੋਟ ਤੇ ਦੋ ਵੱਡੇ ਭਰਾ ਅਨੀਸ਼ ਤੇ ਅਖਿਲ ਭਨੋਟ ਸਨ।

ਉਨ੍ਹਾਂ ਦੇ ਪਿਤਾ ਹਰੀਸ਼ ਭਨੋਟ ਹਿੰਦੁਸਤਾਨ ਟਾਈਮਜ਼ ਵਿੱਚ ਬਤੌਰ ਪੱਤਰਕਾਰ ਨੌਕਰੀ ਕਰਦੇ ਸਨ। ਨੀਰਜਾ ਅਜੇ ਛੇਵੀਂ ਕਲਾਸ ਵਿੱਚ ਹੀ ਪੜ੍ਹਦੇ ਸਨ ਕਿ ਉਨ੍ਹਾਂ ਦੇ ਪਿਤਾ ਦੀ ਟਰਾਂਸਫਰ ਮੁੰਬਈ ਹੋ ਗਈ।

ਮੁੰਬਈ ਵਿੱਚ ਹੀ ਉਨ੍ਹਾਂ ਨੇ ਆਪਣੀ ਅੱਗੇ ਦੀ ਸਕੂਲੀ ਪੜ੍ਹਾਈ ਕੀਤੀ। ਉਹ ਬੌਂਬੇ ਸਕੋਟਿਸ਼ ਸਕੂਲ ਵਿੱਚ ਪੜ੍ਹੇ ਤੇ ਫਿਰ ਜ਼ੇਵੀਅਰ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।

ਪੜ੍ਹਾਈ ਦੇ ਨਾਲ- ਨਾਲ ਹੀ ਨੀਰਜਾ ਮਾਡਲਿੰਗ ਵੀ ਕਰਨ ਲੱਗ ਗਏ ਸਨ। ਉਨ੍ਹਾਂ ਦਾ ਮਾਡਲਿੰਗ ਕਰੀਅਰ ਵੀ ਕਾਫ਼ੀ ਚੰਗਾ ਚੱਲ ਰਿਹਾ ਸੀ।

ਨੀਰਜਾ ਨੇ 80 ਦੇ ਦੌਰ ਦੀਆਂ ਕਈ ਮਸ਼ਹੂਰ ਕੰਪਨੀਆਂ ਲਈ ਇਸ਼ਤਿਹਾਰ ਕੀਤੇ।

ਉਨ੍ਹਾਂ ਦੇ ਭਰਾ ਅਖਿਲ ਦੱਸਦੇ ਹਨ ਕਿ ਨੀਰਜਾ ਨੇ ਸਿਰਫ਼ 19 ਸਾਲ ਦੀ ਉਮਰ ਵਿੱਚ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

ਅਖਿਲ ਭਨੋਟ ਉਨ੍ਹਾਂ ਦੇ ਮਾਡਲ ਬਣਨ ਦਾ ਕਿੱਸਾ ਵੀ ਸੁਣਾਉਂਦੇ ਹਨ।

ਉਹ ਕਹਿੰਦੇ ਹਨ, ‘’ਨੀਰਜਾ ਇੱਕ ਵਾਰ ਆਪਣੇ ਦੋਸਤਾਂ ਨਾਲ ਕਾਲਜ ਦੇ ਬਾਹੜ ਖੜ੍ਹੇ ਸਨ ਤੇ ਉਸ ਵੇਲੇ ਬੌਂਬੇ ਨਾਮ ਦੀ ਮੈਗਜ਼ੀਨ ਗਰਲਜ਼ ਨੈਕਸਟ ਡੋਰ ਨਾਮ ਦਾ ਆਰਟੀਕਲ ਕਰ ਰਹੀ ਸੀ, ਉਸਦੇ ਲਈ ਉਨ੍ਹਾਂ ਨੇ ਨੀਰਜਾ ਦੀ ਫੋਟੋ ਖਿੱਚ ਲਈ।‘’

‘’ਜਦੋਂ ਉਹ ਫੋਟੋ ਮੈਗਜ਼ੀਨ ਵਿੱਚ ਛਪੀ ਤਾਂ ਇਹ ਦੇਖ ਕੇ ਉਨ੍ਹਾਂ ਨੂੰ ਕਈ ਮਸ਼ਹੂਰ ਕੰਪਨੀਆਂ ਦੇ ਇਸ਼ਤਿਹਾਰ ਲਈ ਆਫਰ ਆਉਣ ਲੱਗੇ।‘’

ਨੀਰਜਾ ਨੇ ਵੱਖੋ-ਵੱਖ ਕੰਪਨੀਆਂ ਲਈ 70 ਤੋਂ 80 ਇਸ਼ਤਿਹਾਰ ਕੀਤੇ ਸਨ।

ਹਰ ਵੇਲੇ ਹੱਸਣ ਵਾਲੀ ਨੀਰਜਾ ਦੀ ਜ਼ਿੰਦਗੀ ’ਚ ਇੱਕ ਦੁਖ ਵੀ ਆਇਆ

ਨੀਰਜਾ ਬਾਰੇ ਉਨ੍ਹਾਂ ਦੇ ਭਰਾ ਦੱਸਦੇ ਹਨ ਕਿ ਉਹ ਇੱਕ ਜ਼ਿੰਦਾ ਦਿਲ ਕੁੜੀ ਸੀ, ਮਿਊਜ਼ਿਕ ਨਾਲ ਉਸ ਨੂੰ ਬਹੁਤ ਪਿਆਰ ਸੀ ਤੇ ਹਮੇਸ਼ਾ ਸਭ ਨੂੰ ਹਸਾਉਂਦੀ ਸੀ।

ਅਖਿਲ ਭਨੋਟ ਦੱਸਦੇ ਹਨ ਕਿ ਨੀਰਜਾ ਇੱਕ ਵਾਰ ਹੱਸਣਾ ਸ਼ੁਰੂ ਹੁੰਦੀ ਤੇ ਫਿਰ ਰੁਕਦੀ ਨਹੀਂ ਸੀ। ਹੱਸ-ਹੱਸ ਕੇ ਉਸਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸੀ ਪਰ ਉਹ ਹੱਸਣੋ ਨਹੀਂ ਸੀ ਹਟਦੀ।

‘’ਜੇਕਰ ਪਰਿਵਾਰ ਵਿੱਚ ਕੋਈ ਰੋਂਦਾ ਜਾਂ ਉਦਾਸ ਹੁੰਦਾ ਤਾਂ ਉਸਦਾ ਇੱਕ ਹੀ ਡਾਇਲਾਗ ਹੁੰਦਾ ਸੀ, ਪੁਸ਼ਪਾ ਆਈ ਹੇਟ ਟੇਅਰਸ’।‘’

ਨੀਰਜਾ ਭਨੋਟ ਰਾਜੇਸ਼ ਖੰਨਾ ਦੇ ਬਹੁਤ ਵੱਡੇ ਫੈਨ ਸਨ ਤੇ ਅਕਸਰ ਉਨ੍ਹਾਂ ਦੇ ਡਾਇਲਾਗ ਬੋਲਦੇ ਸਨ।

ਅਖਿਲ ਭਨੋਟ ਦੱਸਦੇ ਹਨ,’’ ਨੀਰਜਾ ਬਹੁਤ ਵਾਰ ਰਾਜੇਸ਼ ਖੰਨਾ ਦਾ ਡਾਇਲਾਗ ‘ਬਾਬੂਮੋਸ਼ਾਏ ਜ਼ਿੰਦਗੀ ਬੜੀ ਹੋਨੀ ਚਾਹੀਏ, ਲੰਬੀ ਨਹੀਂ...’ ਬੋਲਦੇ ਸਨ।‘’

ਅਖਿਲ ਭਨੋਟ ਦੱਸਦੇ ਹਨ ਕਿ ਨੀਰਜਾ ਆਪਣੇ ਪਿਤਾ ਨੂੰ ਬਹੁਤ ਮੰਨਦੀ ਸੀ ਤੇ ਕਦੇ ਵੀ ਉਨ੍ਹਾਂ ਦਾ ਕਿਹਾ ਨਹੀਂ ਮੋੜਦੀ ਸੀ।

1985 ਵਿੱਚ ਉਨ੍ਹਾਂ ਦੇ ਪਿਤਾ ਉਨ੍ਹਾਂ ਲਈ ਰਿਸ਼ਤਾ ਲੈ ਕੇ ਆਏ। ਵਿਆਹ ਨਾ ਕਰਵਾਉਣ ਦੀ ਇੱਛਾ ਰੱਖਣ ਵਾਲੇ ਨੀਰਜਾ ਨੇ ਆਪਣੇ ਪਿਤਾ ਦਾ ਕਿਹਾ ਨਾ ਮੋੜਿਆ ਤੇ ਉਨ੍ਹਾਂ ਦੀ ਖੁਸ਼ੀ ਲਈ ਵਿਆਹ ਕਰਵਾ ਲਿਆ।

ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੀਰਜਾ ਨੂੰ ਆਪਣੇ ਨਾਲ ਸ਼ਾਰਜਾਂ ਲੈ ਗਏ।

ਅਖਿਲ ਭਨੋਟ ਮੁਤਾਬਕ ਨੀਰਜਾ ਸਿਰਫ਼ ਉੱਥੇ ਦੋ ਮਹੀਨੇ ਹੀ ਰਹੇ। ਉਨ੍ਹਾਂ ਦੇ ਪਤੀ ਵੱਲੋਂ ਉਨ੍ਹਾਂ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ।

ਜਿਸ ਸਭ ਤੋਂ ਦੁਖੀ ਨੀਰਜਾ ਕਿਸੇ ਬਹਾਨੇ ਮੁੰਬਈ ਪਰਤ ਆਈ ਤੇ ਫਿਰ ਕਦੇ ਵਾਪਿਸ ਨਹੀਂ ਗਈ।

ਨੀਰਜਾ ਦੀ ਏਅਰਹੋਸਟਸ ਬਣਨ ਦੀ ਇੱਛਾ ਵੀ ਨਹੀਂ ਸੀ

ਸ਼ਾਰਜਾਂ ਤੋਂ ਮੁੰਬਈ ਪਰਤਣ ਤੋਂ ਬਾਅਦ ਨੀਰਜਾ ਨੇ ਮੁੜ ਆਪਣੇ ਮਾਡਲਿੰਗ ਕਰੀਅਰ ਨੂੰ ਜਾਰੀ ਕੀਤਾ।

ਉਨ੍ਹਾਂ ਦੀ ਇੱਕ ਸਹੇਲੀ ਨੇ ਏਅਰਲਾਈਨ ‘ਪੈਨ ਐਮ’ ਵਿੱਚ ਏਅਰਹੋਸਟਸ ਦੀ ਨੌਕਰੀ ਲਈ ਅਪਲਾਈ ਕੀਤਾ ਸੀ।

ਅਖਿਲ ਭਨੋਟ ਦੱਸਦੇ ਹਨ ਕਿ ਉਨ੍ਹਾਂ ਦੀ ਸਹੇਲੀ ਨੇ ਨੀਰਜਾ ਨੂੰ ਬੇਨਤੀ ਕੀਤੀ ਕਿ ਉਹ ਇੰਟਰਵਿਊ ਵੇਲੇ ਉਨ੍ਹਾਂ ਦੇ ਨਾਲ ਚੱਲੇ ਤੇ ਮੇਕਅਪ ਵਿੱਚ ਉਨ੍ਹਾਂ ਦੀ ਮਦਦ ਕਰੇ।

ਇਸ ਦੌਰਾਨ ਹੀ ਨੀਰਜਾ ਨੂੰ ਵੇਖ ਏਅਰਲਾਈਨ ਦੇ ਕਿਸੇ ਸ਼ਖ਼ਸ ਨੇ ਸਲਾਹ ਦਿੱਤੀ ਕਿ ਉਹ ‘ਪੈਨ ਐਮ’ ਵਿੱਚ ਭਰਤੀ ਲਈ ਅਪਲਾਈ ਕਰਨ।

ਨੀਰਜਾ ਭਨੋਟ
BBC

ਨੀਰਜਾ ਨੂੰ ਏਅਰਹੋਸਟਸ ਦੇ ਲਈ ਚੁਣ ਲਿਆ ਗਿਆ ਤੇ ਟ੍ਰੇਨਿੰਗ ਲਈ ਮਿਆਮੀ ਭੇਜਿਆ ਗਿਆ।

ਮਿਆਮੀ ਵਿੱਚ ਹੀ ਟ੍ਰੇਨਿੰਗ ਦੌਰਾਨ ਨੀਰਜਾ ਨੂੰ ਪਰਸਰ ਵਜੋਂ ਪ੍ਰਮੋਟ ਕਰ ਦਿੱਤਾ ਗਿਆ।

ਨੀਰਜਾ 1986 ਵਿੱਚ ਹੀ ‘ਪੈਨ ਐਮ’ ਵਿੱਚ ਭਰਤੀ ਹੋਏ ਸਨ। ਜਿਸ ਦਿਨ ਉਨ੍ਹਾਂ ਦਾ ਜਹਾਜ਼ ਹਾਈਜੈਕ ਹੋਇਆ, ਉਸ ਦਿਨ ਇਹ ਉਨ੍ਹਾਂ ਦੀ ਸਤਵੀਂ ਯਾਤਰਾ ਸੀ।

ਹਾਈਜੈਕ ਵਾਲੇ ਦਿਨ ਛੁੱਟੀ ਦੇ ਬਾਵਜੂਦ ਡਿਊਟੀ ਗਈ ਨੀਰਜਾ

5 ਸਤੰਬਰ 1986 ਨੂੰ ਜਿਸ ਦਿਨ ਕਰਾਚੀ ਵਿੱਚ ‘ਪੈਨ ਐਮ’ ਜਹਾਜ਼ ਹਾਈਜੈਕ ਕੀਤਾ ਗਿਆ, ਉਸ ਦਿਨ ਨੀਰਜਾ ਦੀ ਛੁੱਟੀ ਸੀ।

ਉਨ੍ਹਾਂ ਦੇ ਕਰੂ ਵਿੱਚੋਂ ਕਿਸੇ ਹੋਰ ਦੀ ਡਿਊਟੀ ਸੀ।

ਅਖਿਲ ਭਨੋਟ ਦੱਸਦੇ ਹਨ,’’ਉਸ ਦਿਨ ਜਿਸਦੀ ਡਿਊਟੀ ਸੀ, ਉਸ ਵੱਲੋਂ ਸੰਦੇਸ਼ ਆਇਆ ਕਿ ਸਿਹਤ ਖ਼ਰਾਬ ਹੋਣ ਕਰਕੇ ਉਹ ਡਿਊਟੀ ਨਹੀਂ ਦੇ ਸਕਗੀ।‘’

‘’ਫਿਰ ਨੀਰਜਾ ਨੂੰ ਬੇਨਤੀ ਕੀਤੀ ਗਈ ਤੇ ਉਹ ਜਾਣ ਲਈ ਤਿਆਰ ਹੋ ਗਈ।‘’

ਇੱਕ ਹਫਤਾ ਪਹਿਲਾਂ ਹੀ ਹੋਈ ਸੀ ਐਂਟੀ ਹਾਈਜੈਕ ਟ੍ਰੇਨਿੰਗ

ਇਸ ਹਾਦਸੇ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਐਂਟੀ ਹਾਈਜੈਕ ਟ੍ਰੇਨਿੰਗ ਲੈ ਕੇ ਨੀਰਜਾ ਲੰਡਨ ਤੋਂ ਪਰਤੇ ਸਨ।

ਨੀਰਜਾ ਨੇ ਜਦੋਂ ਘਰ ਆ ਕੇ ਇਸ ਟ੍ਰੇਨਿੰਗ ਦਾ ਆਪਣੇ ਪਰਿਵਾਰ ਸਾਹਮਣੇ ਜ਼ਿਕਰ ਕੀਤਾ ਤਾਂ ਉਨ੍ਹਾਂ ਦਾ ਪਰਿਵਾਰ ਬਹੁਤ ਡਰ ਗਿਆ ਸੀ, ਖਾਸ ਕਰਕੇ ਉਨ੍ਹਾਂ ਦੀ ਮਾਂ।

ਅਖਿਲ ਭਨੋਟ ਦੱਸਦੇ ਹਨ ਕਿ ਉਸ ਵੇਲੇ ਮੇਰੀ ਮਾਂ ਨੇ ਕਿਹਾ ਸੀ ਕਿ ਇਹ ਬਹੁਤ ਔਖਾ ਕੰਮ ਹੈ, ਇਸ ਨੂੰ ਛੱਡ ਦੇ। ਤਾਂ ਅੱਗੋ ਨੀਰਜਾ ਦਾ ਜਵਾਬ ਸੀ ਔਖੇ ਕੰਮ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਛੱਡ ਦਿੱਤਾ ਜਾਵੇ।

ਅਖਿਲ ਭਨੋਟ ਕਹਿੰਦੇ ਹਨ, ਮੇਰੀ ਮਾਂ ਨੇ ਕਿਹਾ ਸੀ ਕਿ ਜੇਕਰ ਕਦੇ ਹਾਈਜੈਕਿੰਗ ਹੋ ਜਾਵੇ ਤਾਂ ਤੂੰ ਉੱਥੋਂ ਦੌੜ ਜਾਵੀਂ।‘’

ਅਖਿਲ ਕਹਿੰਦੇ ਹਨ ਨੀਰਜਾ ਨੇ ਅੱਗੋਂ ਕਿਹਾ ਸੀ,’’ਜੇ ਸਾਰੇ ਮਾਪੇ ਅਜਿਹੀਆਂ ਗੱਲਾਂ ਸੋਚਣਗੇ ਤਾਂ ਦੇਸ਼ ਦਾ ਕੀ ਬਣੇਗਾ, ਮੈਂ ਮਰ ਜਾਵਾਂਗੀ ਪਰ ਕਦੇ ਵੀ ਦੌੜਾਂਗੀ ਨਹੀਂ।‘’

ਜਨਮ ਦਿਨ ਵਾਲੇ ਦਿਨ ਘਰ ਆਈ ਲਾਸ਼

ਅਖਿਲ ਭਨੋਟ ਦੱਸਦੇ ਹਨ ਕਿ ਉਸ ਦਿਨ ਡਿਊਟੀ ’ਤੇ ਜਾਣ ਤੋਂ ਪਹਿਲਾਂ ਨੀਰਜਾ ਇੱਕ ਇਸ਼ਤਿਹਾਰ ਲਈ ਸ਼ੂਟ ਕਰਕੇ ਰਾਤ ਕਰੀਬ 8 ਵਜੇ ਘਰ ਪਹੁੰਚੀ ਸੀ।

ਆਪਣੇ ਉਸ ਸ਼ੂਟ ਬਾਰੇ ਉਸ ਨੇ ਪਰਿਵਾਰ ਨਾਲ ਗੱਲਾਂ ਸਾਂਝੀਆਂ ਕੀਤੀਆਂ।

ਫਿਰ ਉਸ ਦੇ ਜਨਮ ਦਿਨ ਬਾਰੇ ਚਰਚਾ ਹੋਣ ਲੱਗੀ ਤਾਂ ਉਸਦਾ ਕਹਿਣਾ ਸੀ ਕਿ ਉਹ ਇਸ ਵਾਰ ਦੋਸਤਾਂ ਨਾਲ ਨਹੀਂ ਸਗੋਂ ਸਿਰਫ਼ ਪਰਿਵਾਰ ਨਾਲ ਹੀ ਜਨਮ ਦਿਨ ਮਨਾਵੇਗੀ।

ਅਖਿਲ ਭਨੋਟ ਕਹਿੰਦੇ ਹਨ,’’ ਪਰ... ਜਨਮ ਦਿਨ ਵਾਲੇ ਦਿਨ ਹੀ ਉਸਦੀ ਲਾਸ਼ ਘਰ ਆਈ।‘’

‘ਉਸ ਨੇ ਵਾਪਿਸ ਨਹੀਂ ਆਉਣਾ...’

ਅਖਿਲ ਭਨੋਟ ਕਹਿੰਦੇ ਹਨ,’’ਜਦੋਂ ਹਾਈਜੈਕਿੰਗ ਬਾਰੇ ਸਾਡੇ ਘਰ ਵਿੱਚ ਪਤਾ ਲੱਗਿਆ ਤਾਂ ਮੇਰੇ ਪਿਤਾ ਨੇ ਕਿਹਾ ਕਿ ਉਸ ਨੇ ਵਾਪਿਸ ਨਹੀਂ ਆਉਣਾ। ਮੇਰੀ ਮਾਂ ਨੇ ਵੀ ਅੰਦਰੋਂ ਕਿਤੇ ਨਾ ਕਿਤੇ ਹਿੰਮਤ ਛੱਡ ਦਿੱਤੀ ਸੀ।‘’

‘’ਮੇਰੇ ਪਿਤਾ ਇੱਕ ਪੱਤਰਕਾਰ ਸਨ ਤੇ ਉਨ੍ਹਾਂ ਨੂੰ ਸਾਰੇ ਅਪਡੇਟਸ ਮਿਲ ਰਹੇ ਸਨ।‘’

‘’ਪਰਿਵਾਰ ਦਾ ਮੰਨਣਾ ਸੀ ਕਿ ਜਹਾਜ਼ ਵਿੱਚ ਹਥਿਆਰਾਂ ਨਾਲ ਲੈਸ 4 ਹਾਈਜੈਕਰਸ ਹਨ ਤੇ ਨੀਰਜਾ ਡਰਨ ਵਾਲੀ ਨਹੀਂ ਹੈ, ਉਸ ਨੇ ਵਾਪਿਸ ਨਹੀਂ ਆਉਣਾ।‘’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)



Related News