ਜੀ-20 ਸੰਮੇਲਨ ਵਿੱਚ ਸ਼ੀ ਜਿਨਪਿੰਗ ਦੀ ਗ਼ੈਰ-ਮੌਜੂਦਗੀ ਦੇ ਇਹ ਸਿਆਸੀ ਮਾਅਨੇ ਹਨ
Wednesday, Sep 06, 2023 - 08:32 PM (IST)


ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ-20 ਸੰਮੇਲਨ ''''ਚ ਹਿੱਸਾ ਨਹੀਂ ਲੈਣਗੇ।
ਜਿਨਪਿੰਗ ਦੀ ਥਾਂ ''''ਤੇ ਚੀਨੀ ਪ੍ਰਧਾਨ ਮੰਤਰੀ ਲੀ ਚਿਆਂਗ ਸੰਮੇਲਨ ''''ਚ ਸ਼ਿਰਕਤ ਕਰਨਗੇ। ਭਾਰਤ ਵਿੱਚ ਜੀ-20 ਸਿਖਰ ਸੰਮੇਲਨ 9-10 ਸਤੰਬਰ ਨੂੰ ਹੋਵੇਗਾ।
ਚੀਨ ਦੇ ਇਸ ਕਦਮ ''''ਤੇ ਅਮਰੀਕਾ ਨੇ ਨਿਰਾਸ਼ਾ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਚੀਨ ਦੇ ਇਸ ਕਦਮ ਤੋਂ ਉਹ ਨਿਰਾਸ਼ ਹਨ।
ਉਨ੍ਹਾਂ ਕਿਹਾ ਕਿ ਉਹ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲਣ ਜਾ ਰਹੇ ਹਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਜਿਨਪਿੰਗ ਨੂੰ ਕਦੋਂ ਮਿਲਣਗੇ।
ਸ਼ੀ ਜਿਨਪਿੰਗ ਅਤੇ ਜੋ ਬਾਇਡਨ ਆਖ਼ਰੀ ਵਾਰ ਪਿਛਲੇ ਸਾਲ ਇੰਡੋਨੇਸ਼ੀਆ ਵਿੱਚ ਜੀ-20 ਸੰਮੇਲਨ ਵਿੱਚ ਮਿਲੇ ਸਨ।

ਕਿਹੋ-ਜਿਹੇ ਹਨ ਚੀਨ ਅਤੇ ਅਮਰੀਕਾ ਦੇ ਰਿਸ਼ਤੇ
ਅਮਰੀਕਾ ਅਤੇ ਚੀਨ ਦੇ ਰਿਸ਼ਤੇ ਅਜੇ ਵੀ ਤਣਾਅਪੂਰਨ ਹੀ ਹਨ। ਇਸ ਨੂੰ ਆਮ ਬਣਾਉਣ ਲਈ ਇਸ ਸਾਲ ਹੁਣ ਤੱਕ ਕਈ ਅਮਰੀਕੀ ਡਿਪਲੋਮੈਟ ਚੀਨ ਦਾ ਦੌਰਾ ਕਰ ਚੁੱਕੇ ਹਨ।
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਐੱਸਡੀ ਮੁਨੀ ਇਸ ਨੂੰ ਅਚਾਨਕ ਪੁੱਟਿਆ ਗਿਆ ਕਦਮ ਨਹੀਂ ਮੰਨਦੇ।
ਉਹ ਕਹਿੰਦੇ ਹਨ, "ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆ ਰਹੇ ਹਨ। ਉਨ੍ਹਾਂ ਦੇ ਭਾਰਤ ਦੌਰੇ ਦਾ ਮਕਸਦ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਆਸ ਵੀ ਸੀ।"
ਪ੍ਰੋਫੈਸਰ ਮੁਨੀ ਕਹਿੰਦੇ ਹਨ, "ਅਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਅਮਰੀਕੀ ਅਧਿਕਾਰੀ ਚੀਨ ਦਾ ਦੌਰਾ ਕਰ ਰਹੇ ਹਨ। ਅਸਲ ਵਿੱਚ ਅਮਰੀਕਾ ਦੀ ਕੋਸ਼ਿਸ਼ ਚੀਨ ਤੋਂ ਸੰਕਟ ਟਾਲਣ ਦੀ ਹੈ। ਜੇਕਰ ਭਾਰਤ ਵਿੱਚ ਬਾਇਡਨ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਹੁੰਦੀ ਹੈ ਤਾਂ ਇਹ ਅਮਰੀਕੀ ਜਨਤਾ ਲਈ ਚੰਗਾ ਸੰਦੇਸ਼ ਹੋਵੇਗਾ।"


ਜੀ-20 ਗਰੁੱਪ ਬਾਰੇ ਖ਼ਾਸ ਗੱਲਾਂ:
- ਜੀ-20 ਗਰੁੱਪ ਦੀ ਸਥਾਪਨਾ 1999 ਵਿੱਚ ਹੋਈ ਸੀ।
- ਜੀ-20 ਮੈਂਬਰ ਦੇਸਾਂ ਦੀ ਕੁੱਲ ਜੀਡੀਪੀ ਦੁਨੀਆਂ ਦੀ 85 ਫੀਸਦ ਜੀਡੀਪੀ ਦੇ ਬਰਾਬਰ ਹੈ।
- ਸਾਲ 2009 ਵਿੱਚ ਇਸ ਨੂੰ ‘ਕੌਮਾਂਤਰੀ ਆਰਥਿਕ ਸਹਿਯੋਗ ਦਾ ਪ੍ਰੀਮੀਅਮ ਫੋਰਮ’ ਕਰਾਰ ਦਿੱਤਾ ਗਿਆ।
- ਜੀ-20 ਦੇਸ਼ਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ 9-10 ਸਤੰਬਰ ਨੂੰ ਹੋਵੇਗੀ।
- ਸਾਲ 2024 ਲਈ ਜੀ-20 ਗਰੁੱਪ ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਦਿੱਤੀ ਗਈ ਹੈ।

ਕਿਹੋ-ਜਿਹੇ ਹਨ ਭਾਰਤ ਅਤੇ ਚੀਨ ਦੇ ਸੰਬੰਧ
ਰਾਸ਼ਟਰਪਤੀ ਜਿਨਪਿੰਗ ਦੇ ਭਾਰਤ ਨਾ ਜਾਣ ਦੀ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਅਤੇ ਚੀਨ ਦੇ ਸੰਬੰਧ ਆਮ ਨਹੀਂ ਚੱਲ ਰਹੇ ਹਨ। ਸਰਹੱਦੀ ਵਿਵਾਦ ਨੂੰ ਲੈ ਕੇ ਦੋਵੇਂ ਆਹਮੋ-ਸਾਹਮਣੇ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਦੀ ਆਖ਼ਰੀ ਮੁਲਾਕਾਤ 24 ਅਗਸਤ ਨੂੰ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿੱਚ ਬ੍ਰਿਕਸ ਦੀ ਮੀਟਿੰਗ ਦੌਰਾਨ ਹੋਈ ਸੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਸਰਹੱਦੀ ਵਿਵਾਦ ''''ਤੇ ਵੀ ਚਰਚਾ ਕੀਤੀ ਸੀ। ਇਸ ਮੁਲਾਕਾਤ ਨੂੰ ਲੈ ਕੇ ਭਾਰਤ ਅਤੇ ਚੀਨ ਨੇ ਵੱਖ-ਵੱਖ ਦਾਅਵੇ ਕੀਤੇ ਸਨ।
ਭਾਰਤ ਨੇ ਕਿਹਾ ਸੀ ਕਿ ਇਸ ਮੁਲਾਕਾਤ ਲਈ ਸੱਦਾ ਚੀਨ ਤੋਂ ਆਇਆ ਸੀ। ਇਸ ਦੇ ਨਾਲ ਹੀ ਚੀਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ ਕਿ ਬੈਠਕ ਲਈ ਗੁਜਾਰਿਸ਼ ਭਾਰਤੀ ਪੱਖ ਨੇ ਕੀਤੀ ਸੀ।
ਦੱਖਣੀ ਅਫਰੀਕਾ ''''ਚ ਹੋਈ ਇਸ ਬੈਠਕ ਤੋਂ ਬਾਅਦ ਚੀਨ ਨੇ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚੀਨ ਨੂੰ ਆਪਣੀ ਸਰਹੱਦ ਦੇ ਅੰਦਰ ਦਿਖਾਉਂਦੇ ਹੋਏ ਨਵਾਂ ਨਕਸ਼ਾ ਜਾਰੀ ਕੀਤਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ''''ਚ ਹੋਰ ਖਟਾਸ ਆ ਗਈ ਹੈ।

ਕੀ ਬੋਲਿਆ ਭਾਰਤ
ਜਦੋਂ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਪੁੱਛਿਆ ਗਿਆ ਸੀ ਕਿ ਜੀ-20 ਸੰਮੇਲਨ ''''ਚ ਪੁਤਿਨ ਅਤੇ ਜਿਨਪਿੰਗ ਦੇ ਭਾਰਤ ਨਾ ਆਉਣ ਦਾ ਕੀ ਅਸਰ ਹੋਵੇਗਾ?
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਜੀ-20 ''''ਚ ਵੱਖ-ਵੱਖ ਮੌਕਿਆਂ ''''ਤੇ ਕੁਝ ਅਜਿਹੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਰਹੇ ਹਨ, ਜੋ ਕਿਸੇ ਕਾਰਨ ਸੰਮੇਲਨ ''''ਚ ਹਿੱਸਾ ਲੈਣ ਲਈ ਨਹੀਂ ਪਹੁੰਚੇ।"
"ਪਰ ਉਸ ਦੇਸ਼ ਦੇ ਪ੍ਰਤੀਨਿਧੀ ਬੈਠਕ ''''ਚ ਆਪਣਾ ਪੱਖ ਦੱਸਦੇ ਸਨ। ਮੈਨੂੰ ਲਗਦਾ ਹੈ ਕਿ ਸਾਰੇ ਡੈਲੀਗੇਟ ਮੀਟਿੰਗ ਵਿੱਚ ਬਹੁਤ ਗੰਭੀਰਤਾ ਨਾਲ ਸ਼ਾਮਲ ਹੋ ਰਹੇ ਹਨ।"
ਜੈਸ਼ੰਕਰ ਨੇ ਕਿਹਾ, “ਮੈਂ ਕਹਿਣਾ ਚਾਹਾਂਗਾ ਕਿ ਮੁੱਦੇ ਪਹਿਲਾਂ ਹੀ ਮੌਜੂਦ ਹਨ। ਇਹ ਮੁੱਦੇ ਅੱਜ ਸਵੇਰੇ ਸਾਹਮਣੇ ਨਹੀਂ ਲਿਆਂਜੇ ਗਏ। ਅੱਠ-ਨੌਂ ਮਹੀਨਿਆਂ ਵਿੱਚ ਮੰਤਰੀਆਂ ਤੇ ਅਫ਼ਸਰਾਂ ਦੇ ਪੱਧਰ ’ਤੇ ਮੁੱਦਿਆਂ ’ਤੇ ਸਹਿਮਤੀ ਬਣ ਜਾਂਦੀ ਹੈ। ਇੱਕ ਲੰਬੀ ਪ੍ਰਕਿਰਿਆ ਤੋਂ ਬਾਅਦ ਇੱਕ ਕਾਨਫਰੰਸ ਹੁੰਦੀ ਹੈ।"
ਕੀ ਜਿਨਪਿੰਗ ਅਤੇ ਪੁਤਿਨ ਜੀ-20 ਸੰਮੇਲਨ ''''ਚ ਸ਼ਾਮਲ ਨਾ ਹੋਣ ਦਾ ਕਾਰਨ ਭਾਰਤ ਤੋਂ ਨਾਰਾਜ਼ਗੀ ਹੈ?
ਜੈਸ਼ੰਕਰ ਨੇ ਜਵਾਬ ਦਿੱਤਾ, "ਮੈਨੂੰ ਨਹੀਂ ਲੱਗਦਾ ਕਿ ਇਸਦਾ ਭਾਰਤ ਨਾਲ ਕੋਈ ਲੈਣਾ ਦੇਣਾ ਹੈ।" ਉਨ੍ਹਾਂ ਨੇ ਜੋ ਫ਼ੈਸਲਾ ਲਿਆ ਹੈ, ਉਸ ਬਾਰੇ ਉਹ ਬਿਹਤਰ ਜਾਣਦੇ ਹੋਣਗੇ।

ਚੀਨ ਦੀ ਘਰੇਲੂ ਰਾਜਨੀਤੀ
ਸ਼ੀ ਜਿਨਪਿੰਗ ਦੇ ਭਾਰਤ ਦੌਰੇ ਦੇ ਸਵਾਲ ''''ਤੇ ਪ੍ਰੋਫ਼ੈਸਰ ਮੁਨੀ ਕਹਿੰਦੇ ਹਨ, "ਸ਼ੀ ਜਿਨਪਿੰਗ ਦੇ ਘਰ ਵਿੱਚ ਆਪਣੀ ਆਰਥਿਕਤਾ ਦੀਆਂ ਕਈ ਸਮੱਸਿਆਵਾਂ ਹਨ। ਉਨ੍ਹਾਂ ਕੋਲ ਘਰੇਲੂ ਸਿਆਸੀ ਸਮੱਸਿਆਵਾਂ ਵੀ ਹਨ। ਇਸੇ ਕਰਕੇ ਉਹ ਇੰਡੋਨੇਸ਼ੀਆ ਵਿੱਚ ਹੋਣ ਵਾਲੇ ਈਸਟ ਏਸ਼ੀਆ ਸੰਮੇਲਨ ਵਿੱਚ ਵੀ ਨਹੀਂ ਜਾ ਰਹੇ ਹਨ। ਉਹ ਭਾਰਤ ''''ਚ ਜੀ-20 ਸੰਮੇਲਨ ''''ਚ ਵੀ ਨਹੀਂ ਆ ਰਹੇ ਹਨ।
ਉਹ ਕਹਿੰਦੇ ਹਨ, "ਆਪਣੀਆਂ ਘਰੇਲੂ ਸਮੱਸਿਆਵਾਂ ਦੇ ਨਾਲ-ਨਾਲ ਜਿਨਪਿੰਗ ਕੋਲ ਦੋ ਹੋਰ ਚੀਜ਼ਾਂ ਹਨ। ਅਸਲ ਵਿੱਚ, ਉਹ ਇੱਕ ਤੀਰ ਨਾਲ ਦੋ ਨਿਸ਼ਾਲੇ ਸਾਧਣਾ ਚਾਹੁੰਦੇ ਹਨ। ਜੀ-20 ਵਿੱਚ ਹਿੱਸਾ ਨਾ ਲੈ ਕੇ ਉਹ ਇੱਕ ਪਾਸੇ ਅਮਰੀਕਾ ਨੂੰ ਆਪਣਾ ਆਕੜ ਦਿਖਾਉਣਾ ਚਾਹੁੰਦੇ ਹਨ ਤਾਂ ਦੂਜੇ ਪਾਸੇ ਭਾਰਤ ਨੂੰ।"
ਜਿਨਪਿੰਗ ਅਤੇ ਬਾਇਡਨ ਇਸ ਸਾਲ ਨਵੰਬਰ ''''ਚ ਮੁਲਾਕਾਤ ਕਰ ਸਕਦੇ ਹਨ।
ਦੋਵਾਂ ਨੇਤਾਵਾਂ ਨੂੰ ਸੈਨ ਫਰਾਂਸਿਸਕੋ ''''ਚ ਹੋਣ ਵਾਲੀ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਗਠਨ ਦੀ ਬੈਠਕ ''''ਚ ਮਿਲਣ ਦਾ ਮੌਕਾ ਮਿਲ ਸਕਦਾ ਹੈ।

ਭਾਰਤ ਵਿੱਚ ਜੀ-20 ਸੰਮੇਲਨ ਅਤੇ ਚੀਨੀ ਰੁਖ਼
ਭਾਰਤ ''''ਚ ਹੋ ਰਹੇ ਜੀ-20 ਸੰਮੇਲਨ ''''ਤੇ ਚੀਨ ਦੇ ਰੁਖ਼ ਦੇ ਸਵਾਲ ''''ਤੇ ਪ੍ਰੋਫੈਸਰ ਮੁਨੀ ਕਹਿੰਦੇ ਹਨ, "ਜੀ-20 ''''ਚ ਭਾਰਤ ਦੇ ਪ੍ਰਸਤਾਵਾਂ ''''ਤੇ ਚੀਨ ਲਗਾਤਾਰ ਕਿਸੇ ਨਾ ਕਿਸੇ ਰੂਪ ''''ਚ ਅੜਚਨ ਪੈਦਾ ਕਰ ਰਿਹਾ ਹੈ। ਸੰਮੇਲਨ ਆਯੋਜਿਤ ਕਰਨ ਤੋਂ ਬਾਅਦ ਭਾਰਤ ਇਸ ਨੂੰ ਆਪਣੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਸਫ਼ਲਤਾ ਵਜੋਂ ਪੇਸ਼ ਕਰੇਗਾ। ਚੀਨ ਦੀ ਕੋਸ਼ਿਸ਼ ਭਾਰਤ ਦੀ ਇਸ ਸਫ਼ਲਤਾ ''''ਚ ਕੁਝ ਲੂਣ-ਮਿਰਚ ਪਾਉਣ ਵਾਲੀ ਹੈ।"
ਉਹ ਕਹਿੰਦੇ ਹਨ, "ਦਰਅਸਲ ਵਿੱਚ ਚੀਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਆਪਣੀਆਂ ਸ਼ਰਤਾਂ ''''ਤੇ ਕੰਮ ਕਰਨ ਲਈ ਤਿਆਰ ਹੈ ਨਾ ਕਿ ਕਿਸੇ ਹੋਰ ਦੀਆਂ ਸ਼ਰਤਾਂ ''''ਤੇ। ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਅਮਰੀਕਾ ਸਬੰਧਾਂ ਨੂੰ ਸੁਧਾਰਨ ਲਈ ਆਪਣੇ ਅਧਿਕਾਰੀਆਂ ਨੂੰ ਚੀਨ ਭੇਜ ਰਿਹਾ ਹੈ ਪਰ ਚੀਨ ਤੋਂ ਕੋਈ ਅਧਿਕਾਰੀ ਅਮਰੀਕਾ ਨਹੀਂ ਆਇਆ।"
"ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਚੀਨ ਆਪਣੀ ਗੱਲ ਨੂੰ ਆਪਣੀਆਂ ਸ਼ਰਤਾਂ ''''ਤੇ ਮਨਵਾਉਣਾ ਚਾਹੁੰਦਾ ਹੈ।"
ਪ੍ਰੋਫੈਸਰ ਮੁਨੀ ਕਹਿੰਦੇ ਹਨ, "ਚੀਨ ਨੂੰ ਗੁੱਸਾ ਹੈ ਕਿ ਭਾਰਤ ਅਮਰੀਕਾ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜਾ, ਚੀਨ ਇਕੱਲੇ ਭਾਰਤ ਨੂੰ ਵੱਡੀ ਚੁਣੌਤੀ ਨਹੀਂ ਮੰਨ ਰਿਹਾ ਹੈ।"
ਉਹ ਕਹਿੰਦੇ ਹਨ, "ਉਸ ਦਾ ਇਹ ਮੰਨਣਾ ਹੈ ਕਿ ਭਾਰਤ ਅਮਰੀਕਾ ਦੀ ਮਦਦ ਨਾਲ ਉਸ ਨੂੰ ਰੋਕਣਾ ਚਾਹੁੰਦਾ ਹੈ। ਚੀਨ ਨੂੰ ਇਹ ਪਸੰਦ ਨਹੀਂ ਹੈ। ਇਸ ਲਈ ਭਾਰਤ-ਚੀਨ ਵਿਵਾਦ ਸਿਰਫ਼ ਸਰਹੱਦੀ ਵਿਵਾਦ ਨਹੀਂ ਹੈ, ਇਹ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਵੀ ਉਲਝਿਆ ਹੋਇਆ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)